4 “ਹਰਾਮਕਾਰੀ”—ਹਰ ਤਰ੍ਹਾਂ ਦੇ ਨਾਜਾਇਜ਼ ਸਰੀਰਕ ਸੰਬੰਧ
ਮੱਤੀ 5:32—ਯੂਨਾਨੀ, πορνεία (“ਪੋਰਨੀਆ”); ਲਾਤੀਨੀ, “ਫੋਰਨੀਕੇਟੀਓ”
ਯੂਨਾਨੀ ਸ਼ਬਦ “ਪੋਰਨੀਆ” ਕਈ ਤਰ੍ਹਾਂ ਦੇ ਨਾਜਾਇਜ਼ ਸੰਬੰਧਾਂ ਲਈ ਵਰਤਿਆ ਜਾਂਦਾ ਹੈ। ਇਕ ਡਿਕਸ਼ਨਰੀ ਮੁਤਾਬਕ “ਪੋਰਨੀਆ” ਦਾ ਮਤਲਬ ਹੈ “ਵੇਸਵਾਪੁਣਾ, ਅਸ਼ੁੱਧਤਾ, ਹਰਾਮਕਾਰੀ, ਹਰ ਤਰ੍ਹਾਂ ਦਾ ਨਾਜਾਇਜ਼ ਸਰੀਰਕ ਸੰਬੰਧ।”—ਨਵਾਂ ਨੇਮ ਅਤੇ ਹੋਰ ਮੁਢਲੇ ਮਸੀਹੀ ਸਾਹਿੱਤ ਦੀ ਯੂਨਾਨੀ-ਅੰਗ੍ਰੇਜ਼ੀ ਡਿਕਸ਼ਨਰੀ (ਅੰਗ੍ਰੇਜ਼ੀ), ਸਫ਼ਾ 693, ਐੱਫ਼. ਡਬਲਯੂ. ਗਿੰਗਰਿਚ ਅਤੇ ਐੱਫ਼. ਡਬਲਯੂ. ਡੈਂਕਰ, ਸ਼ਿਕਾਗੋ ਅਤੇ ਲੰਡਨ (1979) ਦੁਆਰਾ।
ਇਕ ਹੋਰ ਡਿਕਸ਼ਨਰੀ ਨੇ ਮੱਤੀ 5:32 ਅਤੇ 19:9 ਵਿਚ ਯਿਸੂ ਦੇ ਸ਼ਬਦਾਂ ਉੱਤੇ ਟਿੱਪਣੀ ਕਰਦੇ ਹੋਏ ਕਿਹਾ: “πορνεία [“ਪੋਰਨੀਆ”] ਸ਼ਬਦ ਉਦੋਂ ਵਰਤਿਆ ਜਾਂਦਾ ਹੈ ਜਦੋਂ ਵਿਆਹੁਤਾ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸਰੀਰਕ ਸੰਬੰਧਾਂ ਦੀ ਗੱਲ ਕੀਤੀ ਗਈ ਹੋਵੇ।” (ਨਵਾਂ ਨੇਮ ਦੇ ਸ਼ਬਦਾਂ ਦੀ ਡਿਕਸ਼ਨਰੀ, ਖੰਡ 6, ਸਫ਼ਾ 592) ਇਸ ਲਈ ਬਾਈਬਲ ਵਿਚ “ਪੋਰਨੀਆ” ਸ਼ਬਦ ਨੂੰ ਵਿਆਹੇ ਲੋਕਾਂ ਦੇ ਸੰਬੰਧ ਵਿਚ ਵਰਤਿਆ ਜਾਂਦਾ ਹੈ। ਇਸੇ ਡਿਕਸ਼ਨਰੀ ਨੇ ਸਫ਼ਾ 594 ਉੱਤੇ ਅਫ਼ਸੀਆਂ 5:3, 5 ਬਾਰੇ ਕਿਹਾ ਕਿ ਪੌਲੁਸ ਨੂੰ “ਇਸ ਗੱਲ ਦਾ ਪਤਾ ਸੀ ਕਿ ਸਰੀਰਕ ਸੰਬੰਧਾਂ ਦੇ ਮਾਮਲੇ ਵਿਚ ਹਰ ਕੋਈ ਆਪਣੇ ਉੱਤੇ ਕਾਬੂ ਨਹੀਂ ਰੱਖ ਸਕਦਾ, 1 ਕੁਰਿੰ. 7:7. ਇਸ ਲਈ ਜਿਹੜਾ [ਕੁਆਰਾ] ਆਦਮੀ ਆਪਣੇ ਉੱਤੇ [ਕਾਬੂ] ਨਹੀਂ ਰੱਖ ਸਕਦਾ ਹੈ, ਉਸ ਨੂੰ ਹਰਾਮਕਾਰੀ ਵਰਗੇ ਬੁਰੇ ਕੰਮ ਤੋਂ ਬਚਣ ਲਈ ਕਾਨੂੰਨੀ ਤੌਰ ਤੇ ਵਿਆਹ ਕਰਾ ਲੈਣਾ ਚਾਹੀਦਾ ਹੈ। ਇਹ ਪਰਮੇਸ਼ੁਰ ਦਾ ਪ੍ਰਬੰਧ ਹੈ, 1 ਕੁਰਿੰ. 7:2.” ਇਸ ਲਈ ਬਾਈਬਲ ਵਿਚ “ਪੋਰਨੀਆ” ਸ਼ਬਦ ਨੂੰ ਅਣਵਿਆਹੇ ਲੋਕਾਂ ਲਈ ਵੀ ਵਰਤਿਆ ਗਿਆ ਹੈ ਜੋ ਨਾਜਾਇਜ਼ ਸਰੀਰਕ ਸੰਬੰਧ ਬਣਾਉਂਦੇ ਹਨ ਜਾਂ ਹੋਰ ਗੰਦੇ ਕੰਮ ਕਰਦੇ ਹਨ। 1 ਕੁਰਿੰਥੀਆਂ 6:9 ਦੇਖੋ। ਇਨ੍ਹਾਂ ਕੰਮਾਂ ਵਿਚ ਮੌਖਿਕ ਤੇ ਗੁੱਦਾ ਸੰਭੋਗ ਅਤੇ ਪਰਾਏ ਮਰਦ ਜਾਂ ਔਰਤ ਦੇ ਗੁਪਤ ਅੰਗਾਂ ਨੂੰ ਪਲੋਸਣਾ ਸ਼ਾਮਲ ਹੈ।
ਵੈੱਸਕੌਟ ਅਤੇ ਹੌਰਟ ਦੇ ਯੂਨਾਨੀ ਖਰੜੇ ਦੇ ਸਹਿ-ਸੰਪਾਦਕ ਬੀ. ਐੱਫ਼. ਵੈੱਸਕੌਟ ਨੇ ਆਪਣੀ ਇਕ ਕਿਤਾਬ ਵਿਚ ਅਫ਼ਸੀਆਂ 5:3 ਵਿਚ “ਪੋਰਨੀਆ” ਦੇ ਕਈ ਅਰਥਾਂ ਉੱਤੇ ਟਿੱਪਣੀ ਕਰਦੇ ਹੋਏ ਕਿਹਾ: “ਹਰ ਤਰ੍ਹਾਂ ਦੇ ਨਾਜਾਇਜ਼ ਸੰਬੰਧਾਂ ਨੂੰ ਦਰਸਾਉਣ ਲਈ ਇਹ ਇਕ ਆਮ ਸ਼ਬਦ ਹੈ, (1) ਵਿਆਹੁਤਾ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਸਰੀਰਕ ਸੰਬੰਧ: ਹੋਸ਼ੇ. 2:2, 4 (ਸੈਪਟੁਜਿੰਟ); ਮੱਤੀ 5:32; 19:9; (2) ਗ਼ੈਰ-ਕਾਨੂੰਨੀ ਵਿਆਹ, 1 ਕੁਰਿੰ. 5:1; (3) ਹਰਾਮਕਾਰੀ ਜਿਸ ਦਾ ਆਮ ਅਰਥ ਇਸ ਆਇਤ ਤੋਂ ਸਮਝਿਆ ਜਾਂਦਾ ਹੈ [ਅਫ਼ਸੀਆਂ 5:3]।” ਇੱਥੇ “ਆਮ ਅਰਥ” ਕਹਿਣ ਦਾ ਭਾਵ ਹੈ ਕਿ ਅੱਜ-ਕੱਲ੍ਹ ਲੋਕ ਆਮ ਕਰਕੇ ਅਣਵਿਆਹੇ ਲੋਕਾਂ ਵਿਚਕਾਰ ਸੰਬੰਧਾਂ ਨੂੰ ਹੀ ਹਰਾਮਕਾਰੀ ਕਹਿੰਦੇ ਹਨ।—ਅਫ਼ਸੀਆਂ ਨੂੰ ਸੰਤ ਪੌਲੁਸ ਦੀ ਚਿੱਠੀ (ਅੰਗ੍ਰੇਜ਼ੀ), ਲੰਡਨ ਅਤੇ ਨਿਊਯਾਰਕ, 1906, ਸਫ਼ਾ 76.
ਇਸ ਅਰਥ ਤੋਂ ਇਲਾਵਾ, ਯੂਨਾਨੀ ਲਿਖਤਾਂ ਵਿਚ ਕਈ ਜਗ੍ਹਾ “ਪੋਰਨੀਆ” ਸ਼ਬਦ ਨੂੰ ਇਕ ਹੋਰ ਅਰਥ ਵਿਚ ਵੀ ਵਰਤਿਆ ਗਿਆ ਹੈ। ਇਸ ਅਰਥ ਬਾਰੇ ਇਕ ਕਿਤਾਬ ਕਹਿੰਦੀ ਹੈ: “ਮਸੀਹੀ ਰਾਹ ਨੂੰ ਪੂਰੀ ਤਰ੍ਹਾਂ ਜਾਂ ਕੁਝ ਹੱਦ ਤਕ ਤਿਆਗਣਾ, ਇੱਕੋ-ਇਕ ਸੱਚੇ ਪਰਮੇਸ਼ੁਰ ਜਾਹਵੇ ਨੂੰ ਛੱਡ ਕੇ ਹੋਰ ਦੇਵੀ-ਦੇਵਤਿਆਂ ਦੀ ਭਗਤੀ ਕਰਨੀ [4 ਰਾਜ 9:22; ਯਿਰ 3:2, 9; ਹੋਸ਼ੇ 6:10, ਆਦਿ; ਕਿਉਂਕਿ ਪਰਮੇਸ਼ੁਰ ਦੇ ਆਪਣੇ ਲੋਕਾਂ ਨਾਲ ਰਿਸ਼ਤੇ ਨੂੰ ਇਕ ਤਰ੍ਹਾਂ ਨਾਲ ਵਿਆਹੁਤਾ ਰਿਸ਼ਤਾ ਸਮਝਿਆ ਜਾਂਦਾ ਸੀ]: ਪ੍ਰਕਾਸ਼ ਦੀ ਕਿਤਾਬ 14:8; 17:2, 4; 18:3; 19:2.” (ਬ੍ਰੈਕਟਾਂ ਅਤੇ ਟੇਢੇ ਅੱਖਰ ਲੇਖਕ ਵੱਲੋਂ ਹਨ; ਸੈਪਟੁਜਿੰਟ ਵਿਚ 4 ਰਾਜਿਆਂ ਦੀ ਕਿਤਾਬ ਮਸੋਰਾ ਮੂਲ-ਪਾਠ ਵਿਚ 2 ਰਾਜਿਆਂ ਦੀ ਕਿਤਾਬ ਹੈ।)— ਨਵੇਂ ਨੇਮ ਦਾ ਯੂਨਾਨੀ ਸ਼ਬਦ-ਕੋਸ਼, ਤੀਜਾ ਐਡੀਸ਼ਨ, 1961, ਕਾਲਮ 1106, ਐੱਫ਼. ਜ਼ੋਰੈਲ ਦੁਆਰਾ।
ਯੂਨਾਨੀ ਲਿਖਤਾਂ ਵਿਚ “ਪੋਰਨੀਆ” ਇਨ੍ਹਾਂ 25 ਥਾਵਾਂ ʼਤੇ ਆਉਂਦਾ ਹੈ: ਮੱਤੀ 5:32; 15:19; 19:9; ਮਰਕੁਸ 7:21; ਯੂਹੰਨਾ 8:41; ਰਸੂਲਾਂ ਦੇ ਕੰਮ 15:20, 29; 21:25; 1 ਕੁਰਿੰਥੀਆਂ 5:1, 1; 6:13, 18; 7:2; 2 ਕੁਰਿੰਥੀਆਂ 12:21; ਗਲਾਤੀਆਂ 5:19; ਅਫ਼ਸੀਆਂ 5:3; ਕੁਲੁੱਸੀਆਂ 3:5; 1 ਥੱਸਲੁਨੀਕੀਆਂ 4:3; ਪ੍ਰਕਾਸ਼ ਦੀ ਕਿਤਾਬ 2:21; 9:21; 14:8; 17:2, 4; 18:3; 19:2.
“ਪੋਰਨੀਆ” ਤੋਂ ਬਣੀ ਕ੍ਰਿਆ “ਪੋਰਨੂਓ” ਨੂੰ ਨਵੀਂ ਦੁਨੀਆਂ ਅਨੁਵਾਦ ਵਿਚ ਇਨ੍ਹਾਂ 8 ਥਾਵਾਂ ʼਤੇ ‘ਹਰਾਮਕਾਰੀ ਕਰਨੀ’ ਅਨੁਵਾਦ ਕੀਤਾ ਗਿਆ ਹੈ: 1 ਕੁਰਿੰਥੀਆਂ 6:18; 10:8, 8; ਪ੍ਰਕਾਸ਼ ਦੀ ਕਿਤਾਬ 2:14, 20; 17:2; 18:3, 9.
ਇਕ ਹੋਰ ਕ੍ਰਿਆ, “ਏਕਪੋਰਨੂਓ,” ਨੂੰ ਨਵੀਂ ਦੁਨੀਆਂ ਅਨੁਵਾਦ ਵਿਚ “ਕਾਮ-ਵਾਸ਼ਨਾ ਵਿਚ ਡੁੱਬੇ ਹੋਏ” ਅਨੁਵਾਦ ਕੀਤਾ ਗਿਆ ਹੈ ਜੋ ਸਿਰਫ਼ ਯਹੂਦਾਹ 7 ਵਿਚ ਹੀ ਆਉਂਦਾ ਹੈ।
“ਪੋਰਨੀਆ” ਨਾਲ ਸੰਬੰਧਿਤ ਨਾਂਵ “ਪੋਰਨੇ” ਨੂੰ ਨਵੀਂ ਦੁਨੀਆਂ ਅਨੁਵਾਦ ਵਿਚ ਇਨ੍ਹਾਂ 12 ਥਾਵਾਂ ʼਤੇ “ਵੇਸਵਾ” ਜਾਂ “ਕੰਜਰੀ” ਅਨੁਵਾਦ ਕੀਤਾ ਗਿਆ ਹੈ: ਮੱਤੀ 21:31, 32; ਲੂਕਾ 15:30; 1 ਕੁਰਿੰਥੀਆਂ 6:15, 16; ਇਬਰਾਨੀਆਂ 11:31; ਯਾਕੂਬ 2:25; ਪ੍ਰਕਾਸ਼ ਦੀ ਕਿਤਾਬ 17:1, 5, 15, 16; 19:2.
ਇਕ ਹੋਰ ਨਾਂਵ, “ਪੋਰਨੋਸ,” ਨੂੰ ਨਵੀਂ ਦੁਨੀਆਂ ਅਨੁਵਾਦ ਵਿਚ ਇਨ੍ਹਾਂ 10 ਥਾਵਾਂ ʼਤੇ “ਹਰਾਮਕਾਰ” ਅਨੁਵਾਦ ਕੀਤਾ ਗਿਆ ਹੈ: 1 ਕੁਰਿੰਥੀਆਂ 5:9, 10, 11; 6:9; ਅਫ਼ਸੀਆਂ 5:5; 1 ਤਿਮੋਥਿਉਸ 1:10; ਇਬਰਾਨੀਆਂ 12:16; 13:4; ਪ੍ਰਕਾਸ਼ ਦੀ ਕਿਤਾਬ 21:8; 22:15. ਇਕ ਹੋਰ ਡਿਕਸ਼ਨਰੀ ਵਿਚ ਇਸ ਸ਼ਬਦ ਦੇ ਇਹ ਮਤਲਬ ਦਿੱਤੇ ਗਏ ਹਨ: “ਮੁੰਡੇਬਾਜ਼ ਦੁਆਰਾ ਰੱਖਿਆ ਮੁੰਡਾ, ਮੁੰਡੇਬਾਜ਼, ਹਰਾਮਕਾਰ, ਮੂਰਤੀ-ਪੂਜਕ।”— ਯੂਨਾਨੀ-ਅੰਗ੍ਰੇਜ਼ੀ ਸ਼ਬਦ-ਕੋਸ਼, ਐੱਚ. ਲਿਡਲ ਅਤੇ ਆਰ. ਸਕੌਟ, 1968, ਸਫ਼ਾ 1450.