10 “ਪੁਰਾਣਾ ਨੇਮ” ਅਤੇ “ਨਵਾਂ ਨੇਮ”
ਬਾਈਬਲ ਦਾ ਪਹਿਲਾ ਹਿੱਸਾ ਇਬਰਾਨੀ ਅਤੇ ਆਰਾਮੀ ਭਾਸ਼ਾ ਵਿਚ ਲਿਖਿਆ ਗਿਆ ਸੀ ਅਤੇ ਉਸ ਨੂੰ ਅੱਜ ਆਮ ਤੌਰ ਤੇ “ਪੁਰਾਣਾ ਨੇਮ” ਕਿਹਾ ਜਾਂਦਾ ਹੈ। ਇਹ 2 ਕੁਰਿੰਥੀਆਂ 3:14 ਉੱਤੇ ਆਧਾਰਿਤ ਹੈ ਜਿਸ ਵਿਚ ਲਿਖਿਆ ਹੈ: “ਪਰ ਉਨ੍ਹਾਂ ਦੇ ਮਨਾਂ ਉੱਤੇ ਪਰਦਾ ਪਿਆ ਹੋਇਆ ਸੀ। ਅੱਜ ਵੀ ਜਦੋਂ ਪੁਰਾਣਾ ਇਕਰਾਰ ਪੜ੍ਹਿਆ ਜਾਂਦਾ ਹੈ, ਤਾਂ ਇਹ ਪਰਦਾ ਉਨ੍ਹਾਂ ਦੇ ਮਨਾਂ ʼਤੇ ਪਿਆ ਰਹਿੰਦਾ ਹੈ ਕਿਉਂਕਿ ਇਹ ਪਰਦਾ ਸਿਰਫ਼ ਮਸੀਹ ਦੇ ਰਾਹੀਂ ਹੀ ਹਟਾਇਆ ਜਾ ਸਕਦਾ ਹੈ।”
ਪਰ ਇੱਥੇ ਪੌਲੁਸ ਰਸੂਲ ਇਬਰਾਨੀ ਤੇ ਆਰਾਮੀ ਭਾਸ਼ਾ ਵਿਚ ਲਿਖੀਆਂ ਸਾਰੀਆਂ ਕਿਤਾਬਾਂ ਦੀ ਗੱਲ ਨਹੀਂ ਕਰ ਰਿਹਾ ਸੀ ਤੇ ਨਾ ਹੀ ਉਹ ਇਹ ਕਹਿ ਰਿਹਾ ਸੀ ਕਿ ਮਸੀਹ ਤੋਂ ਬਾਅਦ ਲਿਖੀਆਂ ਗਈਆਂ ਕਿਤਾਬਾਂ “ਨਵਾਂ ਇਕਰਾਰ” ਜਾਂ “ਨਵਾਂ ਨੇਮ” ਸੀ। ਪੌਲੁਸ ਰਸੂਲ ਇੱਥੇ ਮੂਸਾ ਦੁਆਰਾ ਲਿਖੇ ਪੁਰਾਣੇ ਕਾਨੂੰਨ ਦੀ ਗੱਲ ਕਰ ਰਿਹਾ ਸੀ ਜੋ ਕਿ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਵਿਚ ਦਰਜ ਹੈ। ਇਸੇ ਕਰਕੇ ਉਸ ਨੇ ਅਗਲੀ ਆਇਤ ਵਿਚ ਕਿਹਾ: “ਜਦੋਂ ਮੂਸਾ ਦੀਆਂ ਲਿਖਤਾਂ ਪੜ੍ਹੀਆਂ ਜਾਂਦੀਆਂ ਹਨ।” ਮੂਸਾ ਦੀਆਂ ਲਿਖਤਾਂ ਬਾਈਬਲ ਦੇ ਪਹਿਲੇ ਭਾਗ ਦਾ ਛੋਟਾ ਜਿਹਾ ਹਿੱਸਾ ਹਨ।
ਇਸ ਕਰਕੇ ਇਬਰਾਨੀ ਤੇ ਆਰਾਮੀ ਭਾਸ਼ਾ ਵਿਚ ਲਿਖੇ ਗਏ ਹਿੱਸੇ ਨੂੰ “ਪੁਰਾਣਾ ਨੇਮ” ਅਤੇ ਯੂਨਾਨੀ ਲਿਖਤਾਂ ਨੂੰ “ਨਵਾਂ ਨੇਮ” ਕਹਿਣ ਦਾ ਕੋਈ ਆਧਾਰ ਨਹੀਂ ਹੈ। ਯਿਸੂ ਮਸੀਹ ਨੇ ਤਾਂ ਸਾਰੀਆਂ ਪਵਿੱਤਰ ਲਿਖਤਾਂ ਨੂੰ “ਧਰਮ-ਗ੍ਰੰਥ” ਕਿਹਾ ਸੀ। (ਮੱਤੀ 21:42; ਮਰਕੁਸ 14:49; ਯੂਹੰਨਾ 5:39) ਪੌਲੁਸ ਨੇ ਪਵਿੱਤਰ ਲਿਖਤਾਂ ਨੂੰ “ਪਵਿੱਤਰ ਧਰਮ-ਗ੍ਰੰਥ,” “ਧਰਮ-ਗ੍ਰੰਥ” ਅਤੇ “ਪਵਿੱਤਰ ਲਿਖਤਾਂ” ਕਿਹਾ ਸੀ। (ਰੋਮੀਆਂ 1:2; 15:4; 2 ਤਿਮੋਥਿਉਸ 3:15) ਇਸ ਲਈ ਇਨ੍ਹਾਂ ਨੂੰ ਸਹੀ ਤੌਰ ਤੇ “ਇਬਰਾਨੀ ਲਿਖਤਾਂ” ਅਤੇ “ਯੂਨਾਨੀ ਲਿਖਤਾਂ” ਕਿਹਾ ਜਾਣਾ ਚਾਹੀਦਾ ਹੈ।