9 “ਗ਼ਹੈਨਾ”—ਸਰਬਨਾਸ਼ ਦੀ ਨਿਸ਼ਾਨੀ
ਯੂਨਾਨੀ γέεννα (“ਗ਼ੇਏਨਾ”); ਲਾਤੀਨੀ “ਗ਼ਹੈਨਾ”; ਇਬਰਾਨੀ הנם גי (“ਗ਼ੇਹ ਹਿੰਨੋਮ” ਯਾਨੀ “ਹਿੰਨੋਮ ਦੀ ਵਾਦੀ”)
“ਗ਼ਹੈਨਾ” ਦਾ ਮਤਲਬ ਹੈ “ਹਿੰਨੋਮ ਦੀ ਵਾਦੀ” ਕਿਉਂਕਿ ਯੂਨਾਨੀ ਸ਼ਬਦ ਇਬਰਾਨੀ ਸ਼ਬਦ “ਗ਼ੇਹ ਹਿੰਨੋਮ” ਤੋਂ ਆਇਆ ਹੈ। ਯਹੋਸ਼ੁਆ 18:16 ਵਿਚ ਜਿੱਥੇ “ਹਿੰਨੋਮ ਦੀ ਵਾਦੀ” ਆਉਂਦਾ ਹੈ, ਉੱਥੇ ਸੈਪਟੁਜਿੰਟ ਵਿਚ “ਗ਼ਹੈਨਾ” ਵਰਤਿਆ ਗਿਆ ਹੈ। ਇਹ ਯੂਨਾਨੀ ਲਿਖਤਾਂ ਵਿਚ ਪਹਿਲੀ ਵਾਰ ਮੱਤੀ 5:22 ਵਿਚ ਅਤੇ ਕੁੱਲ ਮਿਲਾ ਕੇ 12 ਵਾਰ ਆਉਂਦਾ ਹੈ। ਨਵੀਂ ਦੁਨੀਆਂ ਅਨੁਵਾਦ ਵਿਚ ਹਰ ਜਗ੍ਹਾ ਇਸ ਨੂੰ “ਗ਼ਹੈਨਾ” ਹੀ ਅਨੁਵਾਦ ਕੀਤਾ ਗਿਆ ਹੈ: ਮੱਤੀ 5:22, 29, 30; 10:28; 18:9; 23:15, 33; ਮਰਕੁਸ 9:43, 45, 47; ਲੂਕਾ 12:5; ਯਾਕੂਬ 3:6.
ਹਿੰਨੋਮ ਦੀ ਵਾਦੀ ਪੁਰਾਣੇ ਯਰੂਸ਼ਲਮ ਦੇ ਪੱਛਮ-ਦੱਖਣ ਵੱਲ ਹੁੰਦੀ ਸੀ। (ਯਹੋਸ਼ੁਆ 15:8; 18:16; ਯਿਰਮਿਯਾਹ 19:2, 6) ਯਹੂਦਾਹ ਦੇ ਅਖ਼ੀਰਲੇ ਰਾਜਿਆਂ ਦੇ ਰਾਜ ਦੌਰਾਨ ਇੱਥੇ ਗ਼ੈਰ-ਯਹੂਦੀ ਕੌਮਾਂ ਦੇ ਦੇਵਤਾ ਮੋਲਕ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਉਸ ਅੱਗੇ ਬਲ਼ੀਆਂ ਚੜ੍ਹਾਉਣ ਲਈ ਇਨਸਾਨਾਂ ਨੂੰ ਅੱਗ ਵਿਚ ਸਾੜਿਆ ਜਾਂਦਾ ਸੀ। (2 ਇਤਹਾਸ 28:3; 33:6; ਯਿਰਮਿਯਾਹ 7:31, 32; 32:35) ਇਸ ਜਗ੍ਹਾ ਵਿਚ ਅਜਿਹੀ ਪੂਜਾ ਨੂੰ ਰੋਕਣ ਵਾਸਤੇ ਵਫ਼ਾਦਾਰ ਰਾਜਾ ਯੋਸੀਯਾਹ ਨੇ ਇਸ ਵਾਦੀ ਨੂੰ, ਖ਼ਾਸ ਕਰਕੇ ਇਸ ਦੇ ਤੋਫਥ ਨਾਂ ਦੇ ਹਿੱਸੇ ਨੂੰ, ਭ੍ਰਿਸ਼ਟ ਕਰਾ ਦਿੱਤਾ ਸੀ।—2 ਰਾਜਿਆਂ 23:10.
ਯਹੂਦੀ ਵਿਦਵਾਨ ਡੇਵਿਡ ਕਿਮਹੀ (1160?-1235?) ਨੇ ਜ਼ਬੂਰ 27:13 ਬਾਰੇ ਟਿੱਪਣੀ ਕਰਦਿਆਂ “ਗ਼ੇਹਿੰਨੋਮ” ਦੇ ਇਤਿਹਾਸ ਬਾਰੇ ਇਹ ਜਾਣਕਾਰੀ ਦਿੱਤੀ: “ਇਹ ਯਰੂਸ਼ਲਮ ਦੇ ਨਾਲ ਲੱਗਦੀ ਜਗ੍ਹਾ ਸੀ। ਇਹ ਬਹੁਤ ਹੀ ਘਿਣਾਉਣੀ ਜਗ੍ਹਾ ਸੀ ਅਤੇ ਲੋਕ ਇੱਥੇ ਗੰਦ-ਮੰਦ ਅਤੇ ਲਾਸ਼ਾਂ ਸੁੱਟਦੇ ਸਨ। ਗੰਦ-ਮੰਦ ਅਤੇ ਲਾਸ਼ਾਂ ਦੀਆਂ ਹੱਡੀਆਂ ਨੂੰ ਸਾੜਨ ਲਈ ਇੱਥੇ ਹਰ ਵੇਲੇ ਅੱਗ ਬਲ਼ਦੀ ਰਹਿੰਦੀ ਸੀ। ਇਸ ਲਈ ਮਿਸਾਲ ਦੇ ਤੌਰ ਤੇ ਦੁਸ਼ਟਾਂ ਨੂੰ ਮਿਲਣ ਵਾਲੀ ਸਜ਼ਾ ਨੂੰ ਗ਼ੇਹਿੰਨੋਮ ਦੀ ਸਜ਼ਾ ਕਿਹਾ ਜਾਂਦਾ ਹੈ।”
ਹਿੰਨੋਮ ਦੀ ਵਾਦੀ ਵਿਚ ਯਰੂਸ਼ਲਮ ਦਾ ਕੂੜਾ-ਕਰਕਟ ਸਾੜਿਆ ਜਾਂਦਾ ਸੀ। ਇੱਥੇ ਅੱਗ ਵਿਚ ਜਾਨਵਰਾਂ ਦੀਆਂ ਲਾਸ਼ਾਂ ਨੂੰ ਸੜਨ ਲਈ ਸੁੱਟਿਆ ਜਾਂਦਾ ਸੀ ਅਤੇ ਅੱਗ ਬਲ਼ਦੀ ਰੱਖਣ ਲਈ ਗੰਧਕ ਇਸਤੇਮਾਲ ਕੀਤਾ ਜਾਂਦਾ ਸੀ। ਜਿਨ੍ਹਾਂ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਮਿਲਦੀ ਸੀ ਤੇ ਜਿਨ੍ਹਾਂ ਨੂੰ ਦਫ਼ਨਾਏ ਜਾਣ ਦੇ ਲਾਇਕ ਨਹੀਂ ਸਮਝਿਆ ਜਾਂਦਾ ਸੀ, ਉਨ੍ਹਾਂ ਦੀਆਂ ਲਾਸ਼ਾਂ ਵੀ ਇੱਥੇ ਸੁੱਟੀਆਂ ਜਾਂਦੀਆਂ ਸਨ। ਜੇ ਇਹ ਲਾਸ਼ਾਂ ਅੱਗ ਵਿਚ ਡਿਗ ਜਾਂਦੀਆਂ, ਤਾਂ ਇਹ ਸੜ ਜਾਂਦੀਆਂ ਸਨ, ਪਰ ਜੇ ਲਾਸ਼ਾਂ ਅੱਗ ਤੋਂ ਬਾਹਰ ਡਿਗਦੀਆਂ ਸਨ, ਤਾਂ ਇਨ੍ਹਾਂ ਵਿਚ ਕੀੜੇ ਪੈ ਜਾਂਦੇ ਸਨ ਜਿਹੜੇ ਉਦੋਂ ਤਕ ਨਹੀਂ ਮਰਦੇ ਸਨ ਜਦੋਂ ਤਕ ਉਹ ਸਾਰਾ ਮਾਸ ਖਾ ਕੇ ਪਿੰਜਰ ਨਹੀਂ ਛੱਡ ਦਿੰਦੇ ਸਨ। ਇਸ ਲਈ ਕਿਸੇ ਦੀ ਲਾਸ਼ ਨੂੰ “ਗ਼ਹੈਨਾ” ਵਿਚ ਸੁੱਟਿਆ ਜਾਣਾ ਬੁਰੀ ਤੋਂ ਬੁਰੀ ਸਜ਼ਾ ਮੰਨੀ ਜਾਂਦੀ ਸੀ। “ਗ਼ਹੈਨਾ” ਇਕ ਅਸਲੀ ਜਗ੍ਹਾ ਸੀ ਅਤੇ ਇਹ ਜਿਸ ਚੀਜ਼ ਨੂੰ ਦਰਸਾਉਂਦੀ ਸੀ, ਉਸ ਤੋਂ “ਗੰਧਕ ਨਾਲ ਬਲ਼ਦੀ ਅੱਗ ਦੀ ਝੀਲ” ਦਾ ਭਾਵ ਲਿਆ ਗਿਆ ਹੈ।—ਪ੍ਰਕਾਸ਼ ਦੀ ਕਿਤਾਬ 19:20; 20:10, 14, 15; 21:8.
ਕਿਸੇ ਵੀ ਜੀਉਂਦੇ ਜਾਨਵਰ ਜਾਂ ਇਨਸਾਨ ਨੂੰ ਸਾੜਨ ਜਾਂ ਤੜਫ਼ਾਉਣ ਲਈ “ਗ਼ਹੈਨਾ” ਵਿਚ ਨਹੀਂ ਸੁੱਟਿਆ ਜਾਂਦਾ ਸੀ। ਇਸ ਲਈ ਇਹ ਜਗ੍ਹਾ ਨਰਕ ਨਾਂ ਦੀ ਜਗ੍ਹਾ ਨੂੰ ਨਹੀਂ ਦਰਸਾ ਸਕਦੀ ਜਿੱਥੇ ਮੰਨਿਆ ਜਾਂਦਾ ਹੈ ਕਿ ਇਨਸਾਨਾਂ ਨੂੰ ਅੱਗ ਵਿਚ ਹਮੇਸ਼ਾ-ਹਮੇਸ਼ਾ ਲਈ ਤੜਫ਼ਾਇਆ ਜਾਂਦਾ ਹੈ ਜਾਂ ਫਿਰ ਜਿੱਥੇ ਉਨ੍ਹਾਂ ਨੂੰ ਕੀੜੇ ਖਾਂਦੇ ਹਨ। ਕਬਰ ਵਿਚ ਦਫ਼ਨਾਇਆ ਜਾਣਾ ਇਸ ਗੱਲ ਦੀ ਨਿਸ਼ਾਨੀ ਹੁੰਦੀ ਸੀ ਕਿ ਜੋ ਇਨਸਾਨ ਮਰ ਚੁੱਕਾ ਹੈ ਉਸ ਨੂੰ ਇਕ ਦਿਨ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਪਰ ਅਪਰਾਧੀਆਂ ਨੂੰ ਦਫ਼ਨਾਏ ਜਾਣ ਦੇ ਲਾਇਕ ਨਹੀਂ ਸਮਝਿਆ ਜਾਂਦਾ ਸੀ। ਇਸ ਲਈ ਯਿਸੂ ਅਤੇ ਉਸ ਦੇ ਚੇਲਿਆਂ ਦੁਆਰਾ “ਗ਼ਹੈਨਾ” ਸ਼ਬਦ ਵਰਤਣ ਦਾ ਮਤਲਬ ਸੀ ਹਮੇਸ਼ਾ-ਹਮੇਸ਼ਾ ਲਈ ਵਿਨਾਸ਼, ਪਰਮੇਸ਼ੁਰ ਦੇ ਬ੍ਰਹਿਮੰਡ ਵਿੱਚੋਂ ਖ਼ਾਤਮਾ ਜਾਂ “ਦੂਸਰੀ ਮੌਤ” ਯਾਨੀ ਹਮੇਸ਼ਾ ਲਈ ਖ਼ਤਮ ਹੋਣਾ। ਇਸ ਤੋਂ ਪਤਾ ਲੱਗਦਾ ਹੈ ਕਿ ਨਰਕ ਯੂਨਾਨੀ ਸ਼ਬਦ “ਗ਼ਹੈਨਾ” ਦਾ ਗ਼ਲਤ ਅਨੁਵਾਦ ਹੈ।
“ਗ਼ਹੈਨਾ” ਬਾਰੇ ਇਹ ਸਾਰੀਆਂ ਗੱਲਾਂ ਯਹੋਵਾਹ ਦੇ ਨਿਆਂ ਅਤੇ ਪਿਆਰ ਦੇ ਗੁਣਾਂ ਨਾਲ ਮੇਲ ਖਾਂਦੀਆਂ ਹਨ।—ਕੂਚ 34:6, 7; 1 ਯੂਹੰਨਾ 4:8 ਵੀ ਦੇਖੋ।