8 “ਹੇਡੀਜ਼,” “ਸ਼ੀਓਲ”—ਕਬਰ ਜਿੱਥੇ ਮਰਨ ਤੋਂ ਬਾਅਦ ਸਾਰੇ ਇਨਸਾਨ ਜਾਂਦੇ ਹਨ
ਯੂਨਾਨੀ, ᾅδης (“ਹੇਡੇਸ”); ਲਾਤੀਨੀ, “ਇਨਫਰਨੱਸ”; ਇਬਰਾਨੀ שאול (“ਸ਼ੀਓਲ”); ਆਰਾਮੀ, “ਸ਼ੀਉਲ”
“ਪਤਾਲ” ਸ਼ਬਦ “ਹੇਡੀਜ਼” ਅਤੇ “ਸ਼ੀਓਲ” ਦਾ ਸਹੀ ਅਨੁਵਾਦ ਨਹੀਂ ਹੈ।
“ਹੇਡੀਜ਼” ਸ਼ਬਦ ਦਸ ਥਾਵਾਂ ʼਤੇ ਆਉਂਦਾ ਹੈ
“ਹੇਡੀਜ਼” ਦਾ ਸ਼ਾਇਦ ਮਤਲਬ ਹੈ “ਅਣਦੇਖੀ ਜਗ੍ਹਾ।” ਇਹ ਸ਼ਬਦ ਅੰਗ੍ਰੇਜ਼ੀ ਦੀ ਪਵਿੱਤਰ ਬਾਈਬਲ—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ (ਨਵੀਂ ਦੁਨੀਆਂ ਅਨੁਵਾਦ) ਵਿਚ 10 ਵਾਰ ਆਉਂਦਾ ਹੈ। ਇਸ ਬਾਈਬਲ ਦੇ ਪੰਜਾਬੀ ਅਨੁਵਾਦ ਵਿਚ ਮੱਤੀ 11:23; 16:18 (ਫੁਟਨੋਟ); ਲੂਕਾ 10:15; 16:23; ਰਸੂਲਾਂ ਦੇ ਕੰਮ 2:27, 31; ਪ੍ਰਕਾਸ਼ ਦੀ ਕਿਤਾਬ 1:18; 6:8; 20:13, 14 ਵਿਚ ਇਸ ਨੂੰ “ਕਬਰ” ਅਨੁਵਾਦ ਕੀਤਾ ਗਿਆ ਹੈ।
ਇਬਰਾਨੀ ਲਿਖਤਾਂ ਵਿਚ “ਹੇਡੀਜ਼” ਲਈ ਇਬਰਾਨੀ ਸ਼ਬਦ “ਸ਼ੀਓਲ” ਵਰਤਿਆ ਗਿਆ ਹੈ ਅਤੇ ਅੰਗ੍ਰੇਜ਼ੀ ਦੇ ਨਵੀਂ ਦੁਨੀਆਂ ਅਨੁਵਾਦ ਵਿਚ ਇਹ 66 ਵਾਰ ਆਉਂਦਾ ਹੈ। ਰਸੂਲਾਂ ਦੇ ਕੰਮ 2:27 ਵਿਚ ਪਤਰਸ ਨੇ ਜ਼ਬੂਰ 16:10 ਦਾ ਹਵਾਲਾ ਦਿੱਤਾ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ “ਹੇਡੀਜ਼” ਅਤੇ “ਸ਼ੀਓਲ” ਦੋਵਾਂ ਦਾ ਮਤਲਬ ਕਬਰ ਹੈ ਜਿੱਥੇ ਮਰਨ ਤੋਂ ਬਾਅਦ ਸਾਰੇ ਇਨਸਾਨ ਜਾਂਦੇ ਹਨ। (ਕਿਸੇ ਇਕ ਜਣੇ ਦੀ ਕਬਰ ਲਈ ਯੂਨਾਨੀ ਸ਼ਬਦ “ਟਾਫੋਸ” ਵਰਤਿਆ ਜਾਂਦਾ ਹੈ)। “ਹੇਡੀਜ਼” ਲਈ ਲਾਤੀਨੀ ਸ਼ਬਦ “ਇਨਫਰਨੱਸ” (ਕਦੀ-ਕਦੀ “ਇਨਫਰੱਸ”) ਵਰਤਿਆ ਜਾਂਦਾ ਹੈ। “ਇਨਫਰਨੱਸ” ਦਾ ਮਤਲਬ ਹੈ “ਉਹ ਜੋ ਥੱਲੇ ਹੈ; ਹੇਠਲੀ ਜਗ੍ਹਾ” ਅਤੇ ਇਸ ਦਾ ਸਹੀ-ਸਹੀ ਅਨੁਵਾਦ ਹੈ “ਕਬਰ।” ਇਸ ਲਈ ਇਹ ਯੂਨਾਨੀ ਅਤੇ ਇਬਰਾਨੀ ਸ਼ਬਦਾਂ ਦਾ ਢੁਕਵਾਂ ਅਨੁਵਾਦ ਹੈ।
ਬਾਈਬਲ ਵਿਚ “ਹੇਡੀਜ਼” ਅਤੇ “ਸ਼ੀਓਲ” ਸ਼ਬਦਾਂ ਨੂੰ ਮੌਤ ਅਤੇ ਮਰੇ ਹੋਏ ਲੋਕਾਂ ਦੇ ਸੰਬੰਧ ਵਿਚ ਵਰਤਿਆ ਗਿਆ ਹੈ, ਨਾ ਕਿ ਜ਼ਿੰਦਗੀ ਅਤੇ ਜੀਉਂਦੇ ਲੋਕਾਂ ਦੇ ਸੰਬੰਧ ਵਿਚ। (ਪ੍ਰਕਾਸ਼ ਦੀ ਕਿਤਾਬ 20:13) ਇਹ ਸ਼ਬਦ ਖ਼ੁਸ਼ੀ ਜਾਂ ਦਰਦ ਦਾ ਕੋਈ ਅਰਥ ਨਹੀਂ ਦਿੰਦੇ।
ਇਬਰਾਨੀ ਲਿਖਤਾਂ ਵਿਚ “ਸ਼ੀਓਲ”
ਇਸ ਬਾਰੇ ਕਈ ਵੱਖੋ-ਵੱਖਰੇ ਵਿਚਾਰ ਹਨ ਕਿ “ਸ਼ੀਓਲ” ਸ਼ਬਦ ਦਾ ਮੂਲ ਰੂਪ ਕੀ ਹੈ, ਪਰ ਇਵੇਂ ਲੱਗਦਾ ਹੈ ਇਹ ਇਬਰਾਨੀ ਕ੍ਰਿਆ שׁאל (“ਸ਼ਾਅਲ”) ਤੋਂ ਬਣਿਆ ਹੈ ਅਤੇ ਇਸ ਦਾ ਮਤਲਬ ਹੈ “ਮੰਗਣਾ।” ਇਸ ਤੋਂ ਪਤਾ ਲੱਗਦਾ ਹੈ ਕਿ “ਸ਼ੀਓਲ” ਅਜਿਹੀ ਜਗ੍ਹਾ ਹੈ ਜੋ ਬਿਨਾਂ ਪੱਖਪਾਤ ਕੀਤਿਆਂ ਸਾਰੇ ਲੋਕਾਂ ਨੂੰ ਆਪਣੇ ਕੋਲ ਆਉਣ ਦੀ ਮੰਗ ਕਰਦੀ ਹੈ ਜਾਂ ਆਪਣੀ ਗੋਦ ਵਿਚ ਸਮਾ ਲੈਂਦੀ ਹੈ। (ਨਵੀਂ ਦੁਨੀਆਂ ਅਨੁਵਾਦ ਰੈਫ਼ਰੈਂਸ ਬਾਈਬਲ ਵਿਚ ਉਤਪਤ 37:35 ਅਤੇ ਯਸਾਯਾਹ 7:11 ਦੇ ਫੁਟਨੋਟ ਦੇਖੋ।) ਇਹ ਜਗ੍ਹਾ ਧਰਤੀ ਵਿਚ ਹੈ ਅਤੇ ਇਸ ਦਾ ਸੰਬੰਧ ਹਮੇਸ਼ਾ ਮਰੇ ਹੋਏ ਲੋਕਾਂ ਦੇ ਨਾਲ ਜੋੜਿਆ ਜਾਂਦਾ ਹੈ। ਸੋ “ਸ਼ੀਓਲ” ਦਾ ਮਤਲਬ ਹੈ ਕਬਰ ਜਿੱਥੇ ਮਰਨ ਤੋਂ ਬਾਅਦ ਸਾਰੇ ਇਨਸਾਨ ਜਾਂਦੇ ਹਨ ਅਤੇ ਇਹ ਜ਼ਮੀਨ ਦੇ ਹੇਠਾਂ ਹੈ (ਨਾ ਕਿ ਸਮੁੰਦਰ ਦੇ ਵਿਚ)। ਇਸ ਤੋਂ ਇਲਾਵਾ, ਇਬਰਾਨੀ ਸ਼ਬਦ “ਕੇਵੇਰ” ਦਾ ਮਤਲਬ ਹੈ ਕਿਸੇ ਇਕ ਇਨਸਾਨ ਦੀ ਕਬਰ ਜਿੱਥੇ ਉਸ ਨੂੰ ਦਫ਼ਨਾਇਆ ਜਾਂਦਾ ਹੈ।—ਉਤਪਤ 23:4, 6, 9, 20.