ਸੰਸਾਰ ਉੱਤੇ ਨਜ਼ਰ
ਬੱਚੇ ਦਾ ਲਿੰਗ ਪੂਰਵ-ਨਿਸ਼ਚਿਤ ਕਰਨਾ
ਪੌਪੁਲਰ ਸਾਇੰਸ ਰਸਾਲੇ ਦੇ ਅਨੁਸਾਰ, “ਪਿਤਾ ਦੇ ਸ਼ੁਕਰਾਣੂ ਨੂੰ ਵੱਖ ਕਰਨ ਦੁਆਰਾ ਬੱਚੇ ਦਾ ਲਿੰਗ ਪੂਰਵ-ਨਿਸ਼ਚਿਤ ਕਰਨਾ ਹੁਣ ਮੁਮਕਿਨ ਹੈ, ਕਿਉਂ ਜੋ ਸ਼ੁਕਰਾਣੂ ਦੀ ਕਿਸਮ ਲਿੰਗ ਨੂੰ ਨਿਰਧਾਰਿਤ ਕਰਦੀ ਹੈ।” ਪਹਿਲਾਂ, ਸ਼ੁਕਰਾਣੂ ਨੂੰ ਇਕ ਪ੍ਰਤਿਦੀਪਤ ਡਾਈ ਨਾਲ ਰੰਗਿਆ ਜਾਂਦਾ ਹੈ। ਫਿਰ, X (ਨਾਰੀ) ਸ਼ੁਕਰਾਣੂ ਤੋਂ Y (ਨਰ) ਸ਼ੁਕਰਾਣੂ ਦੀ ਪਛਾਣ ਕਰਨ ਲਈ ਇਕ ਲੇਜ਼ਰ ਬੀਮ ਇਸਤੇਮਾਲ ਕੀਤੀ ਜਾਂਦੀ ਹੈ। ਇਕ ਕੰਪਿਊਟਰ ਫ਼ਰਕ ਨੂੰ ਨੋਟ ਕਰਦਾ ਹੈ, ਅਤੇ ਇਕ ਲੈਬਾਰਟਰੀ ਸੰਦ ਜੋ ਆਮ ਤੌਰ ਤੇ ‘ਖ਼ੂਨ ਟੈੱਸਟ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ, X ਸ਼ੁਕਰਾਣੂ ਨੂੰ ਧਨਾਤਮਕ ਬਿਜਲਈ ਚਾਰਜ ਦਿੰਦਾ ਹੈ ਅਤੇ Y ਸ਼ੁਕਰਾਣੂ ਨੂੰ ਰਿਣਾਤਮਕ ਚਾਰਜ ਦਿੰਦਾ ਹੈ। ਫਿਰ ਸ਼ੁਕਰਾਣੂਆਂ ਤੇ ਖਿਚ ਪਾਉਣ ਲਈ ਉਲਟ ਬਿਜਲਈ ਚਾਰਜਾਂ ਦੇ ਸਿਰਿਆਂ ਨੂੰ ਇਸਤੇਮਾਲ ਕਰ ਕੇ ਉਨ੍ਹਾਂ ਨੂੰ ਵੱਖ ਕੀਤਾ ਜਾਂਦਾ ਹੈ।’ ਉਸ ਵਿਗਿਆਨੀ ਦੇ ਅਨੁਸਾਰ ਜਿਸ ਨੇ ਮੁੱਢ ਵਿਚ ਇਸ ਤਕਨੀਕ ਨੂੰ ਪਸ਼ੂ-ਧਨ ਉਦਯੋਗ ਲਈ ਵਿਕਸਿਤ ਕੀਤਾ ਸੀ, ਇਹ ਛੰਟਾਈ ਤਕਰੀਬਨ 90 ਫੀ ਸਦੀ ਠੀਕ ਹੁੰਦੀ ਹੈ। ਉਸ ਦੇ ਮਗਰੋਂ, ਚੋਣਵੇਂ ਸ਼ੁਕਰਾਣੂ, ਅੰਡਾਣੂਆਂ ਨੂੰ ਉਪਜਾਊ ਬਣਾਉਣ ਲਈ ਇਸਤੇਮਾਲ ਕੀਤੇ ਜਾਂਦੇ ਹਨ, ਅਤੇ “ਫਿਰ ਇੱਛਿਤ ਲਿੰਗ ਦੇ ਭਰੂਣ ਕੁੱਖ ਵਿਚ ਪਾਏ ਜਾਂਦੇ ਹਨ।” ਫਿਰ ਵੀ, ਇਸ ਸਮੇਂ ਤਕ, ਇਸ ਪ੍ਰਕ੍ਰਿਆ ਤੋਂ ਸਿਰਫ਼ ਇਕ ਹੀ ਮਾਨਵੀ ਜਨਮ ਪਰਿਣਿਤ ਹੋਇਆ ਹੈ।
ਨੁਕਸਾਨਦੇਹ ਤੋਤਲੀ ਜ਼ਬਾਨ
ਬੱਚਿਆਂ ਦੇ ਬੋਲਣ ਦੇ ਮੁਢਲੇ ਜਤਨਾਂ ਨੂੰ ਅਕਸਰ ਮਨਮੋਹਕ ਸਮਝਿਆ ਜਾਂਦਾ ਹੈ, ਅਤੇ ਅਨੇਕ ਮਾਪੇ ਆਪਣੀ ਖ਼ੁਦ ਦੀ ਤੋਤਲੀ ਜ਼ਬਾਨ ਨਾਲ ਸਨੇਹਪੂਰਵਕ ਪ੍ਰਤਿਕ੍ਰਿਆ ਦਿਖਾਉਂਦੇ ਹਨ। ਲੇਕਿਨ, ਇਹ ਸ਼ਾਇਦ ਬੱਚੇ ਦੀ ਬੋਲੀ ਦੇ ਵਿਕਾਸ ਨੂੰ ਖ਼ਤਰੇ ਵਿਚ ਪਾਵੇਗਾ, ਵੇਜ਼ਾ ਰਸਾਲੇ ਵਿਚ ਬੋਲੀ ਦੀ ਵਿਸ਼ੇਸ਼ੱਗ ਬ੍ਰਾਜ਼ੀਲੀ ਏਲੀਐਨੀ ਰਜੀਨਾ ਕਾਰਾਸਕੂ ਲਿਖਦੀ ਹੈ। ਕਾਰਾਸਕੂ ਕਹਿੰਦੀ ਹੈ ਕਿ ਜਦੋਂ ਮਾਪੇ ਬੱਚੇ ਦੇ ਗ਼ਲਤ ਉਚਾਰਣਾਂ ਨੂੰ ਦੁਹਰਾਉਂਦੇ ਹਨ, ਤਾਂ ਇਹ “ਇਕ ਅਜਿਹੇ ਨਮੂਨੇ ਨੂੰ ਪੱਕਾ ਕਰਦਾ ਹੈ ਜੋ ਸਹੀ ਨਹੀਂ ਹੈ।” ਉਹ ਕਹਿੰਦੀ ਹੈ ਕਿ ਇਹ ਸ਼ਾਇਦ ਬੋਲਣ ਵਿਚ ਸਮੱਸਿਆਵਾਂ ਪੈਦਾ ਕਰੇ। ਇਹ ਬੱਚੇ ਦੇ ਸਮਾਜਕ ਸੰਬੰਧਾਂ ਤੇ ਵੀ ਪ੍ਰਭਾਵ ਪਾ ਸਕਦਾ ਹੈ, ਉਹ ਅੱਗੇ ਕਹਿੰਦੀ ਹੈ। “ਅਕਸਰ ਅਜਿਹੇ ਬੱਚੇ ਅੱਡਰੇ, ਡਰਾਕਲ, ਅਤੇ ਅਸੁਰੱਖਿਅਤ ਹੋ ਜਾਂਦੇ ਹਨ, ਅਤੇ ਉਨ੍ਹਾਂ ਸਥਿਤੀਆਂ ਤੋਂ ਪਰਹੇਜ਼ ਕਰਦੇ ਹਨ ਜਿਨ੍ਹਾਂ ਵਿਚ ਉਨ੍ਹਾਂ ਨੂੰ [ਮਖੌਲ] ਦਾ ਸਾਮ੍ਹਣਾ ਕਰਨਾ ਪੈਂਦਾ ਹੈ।” ਕਾਰਾਸਕੂ ਦੱਸਦੀ ਹੈ ਕਿ ਸ਼ਬਦਾਂ ਨੂੰ ਗ਼ਲਤ ਉਚਾਰਨਾ ਛੋਟੇ ਬੱਚਿਆਂ ਲਈ ਆਮ ਗੱਲ ਹੈ, ਅਤੇ ਉਨ੍ਹਾਂ ਨੂੰ ਲਗਾਤਾਰ ਸੁਧਾਰਨ ਦੀ ਜ਼ਰੂਰਤ ਨਹੀਂ। ਪਰੰਤੂ ਉਨ੍ਹਾਂ ਨਾਲ ਸਹੀ ਢੰਗ ਨਾਲ ਬੋਲਣਾ ਅਤੇ ਇਹ ਯਾਦ ਰੱਖਣਾ ਆਵੱਸ਼ਕ ਹੈ ਕਿ “ਉਹ ਬੁੱਧੀਮਾਨ ਹਨ ਅਤੇ ਉਨ੍ਹਾਂ ਕੋਲ ਸਿੱਖਣ ਦੀ ਯੋਗਤਾ ਹੈ।”
ਚੀਨ ਪਾਣੀ ਪ੍ਰਦੂਸ਼ਣ ਘਟਾਉਣ ਲਈ ਕਦਮ ਚੁੱਕ ਰਿਹਾ ਹੈ
ਚੀਨ ਦੇ ਰਾਸ਼ਟਰੀ ਵਾਤਾਵਰਣ ਰੱਖਿਆ ਵਿਭਾਗ ਦਾ ਇਕ ਬੁਲਾਰਾ ਕਹਿੰਦਾ ਹੈ: “ਚੀਨ ਵਿਚ ਪਾਣੀ ਪ੍ਰਦੂਸ਼ਣ ਇਕ ਬਹੁਤ ਵੱਡੀ ਸਮੱਸਿਆ ਹੈ, ਅਤੇ ਪਾਣੀ ਪ੍ਰਦੂਸ਼ਣ ਨੂੰ ਘਟਾਉਣਾ ਇਕ ਅਤਿ-ਆਵੱਸ਼ਕ ਕਾਰਜ ਹੈ।” ਚਾਈਨਾ ਟੂਡੇ ਰਸਾਲਾ ਰਿਪੋਰਟ ਕਰਦਾ ਹੈ ਕਿ ਇਸੇ ਕਰਕੇ ਚੀਨੀ ਸਰਕਾਰ ਚੀਨ ਦੀਆਂ ਸਭ ਤੋਂ ਪ੍ਰਦੂਸ਼ਿਤ ਨਦੀਆਂ ਅਤੇ ਝੀਲਾਂ ਵਿਚ ਪ੍ਰਦੂਸ਼ਣ ਨੂੰ ਘਟਾਉਣ ਲਈ ਕਦਮ ਚੁੱਕ ਰਹੀ ਹੈ। ਉਦਾਹਰਣ ਲਈ, ਦੇਸ਼ ਦੀ ਇਕ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਨਦੀ, ਅਰਥਾਤ ਹੂਆਈ ਨਦੀ ਵਿਚ ਜਾਂਦੇ ਗੰਦ-ਮੰਦ ਨੂੰ ਰੋਕਣ ਲਈ, ਸਰਕਾਰ ਨੇ “ਹੂਆਈ ਦੀ ਵਾਦੀ ਵਿਚ ਕਾਗਜ਼ ਬਣਾਉਣ ਵਾਲੇ 999 ਲਘੂ ਕਾਰਖ਼ਾਨਿਆਂ ਨੂੰ ਬੰਦ ਕਰ ਦਿੱਤਾ ਹੈ।” ਲਗਭਗ 15 ਕਰੋੜ 40 ਲੱਖ ਲੋਕ ਹੂਆਈ ਵਾਦੀ ਵਿਚ ਰਹਿੰਦੇ ਹਨ, ਜੋ ਕਿ ਚੀਨ ਵਿਚ ਅਨਾਜ ਅਤੇ ਊਰਜਾ ਉਤਪੰਨ ਕਰਨ ਵਾਲਾ ਇਕ ਮੁੱਖ ਇਲਾਕਾ ਹੈ।
ਪਠਨ ਪ੍ਰੋਗ੍ਰਾਮ ਅਪਰਾਧ ਨੂੰ ਘਟਾਉਣ ਵਿਚ ਮਦਦ ਕਰਦਾ ਹੈ
ਬਰਤਾਨਵੀ ਅਖ਼ਬਾਰ ਦੀ ਇੰਡੀਪੇਨਡੰਟ ਰਿਪੋਰਟ ਕਰਦਾ ਹੈ ਕਿ ਬਰੈਡਫ਼ਰਡ, ਇੰਗਲੈਂਡ, ਵਿਚ ਸਰਕਾਰੀ ਸਰਪਰਸਤੀ ਹੇਠ ਇਕ ਪ੍ਰੋਗ੍ਰਾਮ ਜੋ ਸਕੂਲ ਬੱਚਿਆਂ ਦੀ ਪਠਨ ਯੋਗਤਾ ਨੂੰ ਸੁਧਾਰਨ ਲਈ ਤਿਆਰ ਕੀਤਾ ਗਿਆ ਹੈ, ਸਿਰਕੱਢਵੇਂ ਨਤੀਜੇ ਪਾ ਰਿਹਾ ਹੈ। ਇਸ ਪਠਨ ਪ੍ਰੋਗ੍ਰਾਮ ਨੇ ਨਾ ਕੇਵਲ ਪਠਨ ਕੁਸ਼ਲਤਾ ਨੂੰ ਬਿਹਤਰ ਬਣਾਉਣ ਵਿਚ ਮਦਦ ਕੀਤੀ ਹੈ ਪਰ ਇਸ ਨੇ ਅਪਰਾਧ ਨੂੰ ਘਟਾਉਣ ਵਿਚ ਮਦਦ ਕਰਨ ਲਈ ਵੀ ਵਡਿਆਈ ਪ੍ਰਾਪਤ ਕੀਤੀ ਹੈ! ਜੌਨ ਵਾਟਸਨ, ਬਿਹਤਰ ਪਠਨ ਭਾਈਵਾਲੀ ਦਾ ਪ੍ਰਧਾਨ ਕਹਿੰਦਾ ਹੈ: “ਅਸੀਂ ਘਰਾਂ ਵਿਚ ਸੰਨ੍ਹ ਮਾਰਨ ਵਾਲੇ ਜਵਾਨ ਲੋਕਾਂ ਦੀ ਗਿਣਤੀ ਅਤੇ ਸਕੂਲ ਤੋਂ ਗ਼ੈਰ-ਹਾਜ਼ਰੀ ਦੀ ਦਰ ਵਿਚਕਾਰ ਸਿੱਧਾ ਸੰਬੰਧ ਦੇਖਿਆ ਹੈ। ਜੇਕਰ ਬੱਚਿਆਂ ਨੂੰ ਪੜ੍ਹਨਾ ਆਉਂਦਾ ਹੋਵੇ ਤਾਂ ਜ਼ਿਆਦਾ ਸੰਭਵ ਹੈ ਕਿ ਉਹ ਸਕੂਲ ਵਿਚ ਹੋ ਰਹੇ ਕੰਮਾਂ ਵਿਚ ਦਿਲਚਸਪੀ ਲੈਣਗੇ ਅਤੇ ਸਕੂਲੋਂ ਗ਼ੈਰ-ਹਾਜ਼ਰ ਹੋਣ ਦਾ ਘੱਟ ਝੁਕਾਉ ਰੱਖਣਗੇ। ਕਿਉਂਕਿ ਉਹ ਸੜਕਾਂ ਤੇ ਨਹੀਂ ਘੁੰਮਦੇ ਉਨ੍ਹਾਂ ਦੁਆਰਾ ਘਰਾਂ ਵਿਚ ਸੰਨ੍ਹ ਮਾਰਨ ਦੀ ਘੱਟ ਸੰਭਾਵਨਾ ਹੋਵੇਗੀ।”
ਓਲੰਪਕ ਖੇਡਾਂ ਅਤੇ ਗ਼ਰੀਬੀ
“ਓਲੰਪਕ ਖੇਡਾਂ ਵਿਚ ਕੁਝ ਦੇਸ਼ਾਂ ਦੁਆਰਾ ਜਿੱਤੇ ਗਏ ਮੈਡਲਾਂ ਦੀ ਗਿਣਤੀ ਅਤੇ ਉਹ ਰੁਪਇਆ ਜੋ ਖੇਡਾਂ ਵਿਚ ਸਹੂਲਤਾਂ ਅਤੇ ਨਿਗਮੀ ਸਰਪਰਸਤੀ ਉੱਤੇ ਲਗਾਇਆ ਜਾਂਦਾ ਹੈ, ਗ਼ਰੀਬੀ ਨੂੰ ਅੰਤ ਕਰਨ ਪ੍ਰਤੀ ਦੁਨੀਆਂ ਦੀ ਵਚਨਬੱਧਤਾ ਬਾਰੇ ਸਵਾਲ ਉਠਾਉਂਦਾ ਹੈ,” ਸਵਿਟਜ਼ਰਲੈਂਡ ਦਾ ਈ ਐੱਨ ਆਈ ਬੁਲੇਟਿਨ ਰਿਪੋਰਟ ਕਰਦਾ ਹੈ। “ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਉੱਤਮਤਾਈਆਂ ਨੂੰ ਵਡਿਆਉਣਾ ਨਹੀਂ ਚਾਹੀਦਾ ਹੈ ਜਾਂ ਮਾਨਵੀ ਕੁਸ਼ਲਤਾ ਅਤੇ ਸਮਰਥਾ ਦੇ ਅਸਾਧਾਰਣ ਕਾਰਨਾਮਿਆਂ ਦੀ ਸ਼ਲਾਘਾ ਨਹੀਂ ਕਰਨੀ ਚਾਹੀਦੀ ਹੈ,” ਆਸਟ੍ਰੇਲੀਆ ਦੀ ਵਰਲਡ ਵਿਜ਼ਨ ਏਜੰਸੀ ਤੋਂ ਗ੍ਰੈਗ ਫੁੱਟ ਕਹਿੰਦਾ ਹੈ। “ਪਰੰਤੂ,” ਉਹ ਅੱਗੇ ਕਹਿੰਦਾ ਹੈ, “ਸਾਨੂੰ ਇਹ ਪੁੱਛਣ ਦੀ ਲੋੜ ਹੈ ਕਿ ਕੀ ਅਸੀਂ ਸਹੀ ਸੰਤੁਲਨ ਰੱਖਦੇ ਹਾਂ ਜਦੋਂ ਅਸੀਂ ਆਪਣੇ ਸ੍ਰੇਸ਼ਟ ਖਿਡਾਰੀਆਂ ਦੀ ਖ਼ੁਰਾਕ ਨੂੰ ਸੰਪੂਰਣ ਬਣਾਉਣ ਉੱਤੇ ਇੰਨਾ ਖ਼ਰਚ ਕਰ ਰਹੇ ਹਾਂ ਜਦ ਕਿ ਸਾਡੇ ਲੱਖਾਂ ਹੀ ਗੁਆਂਢੀਆਂ ਕੋਲ ਕੇਵਲ ਤੁਰ ਫਿਰਨ ਦੇ ਯੋਗ ਹੋਣ ਲਈ ਮਸਾਂ ਹੀ ਖਾਣ ਨੂੰ ਰੋਟੀ ਹੁੰਦੀ ਹੈ।” ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਉਨ੍ਹਾਂ ਦੋ ਹਫ਼ਤਿਆਂ ਦੌਰਾਨ ਜਦੋਂ ਐਟਲਾਂਟਾ ਵਿਚ ਓਲੰਪਕ ਖੇਡਾਂ ਆਯੋਜਿਤ ਕੀਤੀਆਂ ਗਈਆਂ ਸਨ, ਸੰਸਾਰ ਭਰ ਵਿਚ 4,90,000 ਬੱਚੇ ਭੁੱਖ ਅਤੇ ਬਚਣਯੋਗ ਬੀਮਾਰੀਆਂ ਤੋਂ ਮਰ ਗਏ।
ਕੌਕਰੋਚ ਅਲਰਜੀ
ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਐੱਟ ਬਾਰਕਲੀ ਵੈੱਲਨੇਸ ਲੈੱਟਰ ਦੇ ਅਨੁਸਾਰ, ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਸੰਯੁਕਤ ਰਾਜ ਵਿਚ 1 ਕਰੋੜ ਅਤੇ 1.5 ਕਰੋੜ ਦੇ ਦਰਮਿਆਨ ਲੋਕਾਂ ਨੂੰ ਕੌਕਰੋਚਾਂ ਤੋਂ ਅਲਰਜੀ ਹੈ। ਅਲਰਜੀ ਦਾ ਸ਼ਿਕਾਰ ਵਿਅਕਤੀ ਜਦੋਂ ਕੌਕਰੋਚਾਂ ਦੇ ਸੰਪਰਕ ਵਿਚ ਲਿਆਇਆ ਜਾਂਦਾ ਹੈ, ਸ਼ਾਇਦ “ਚਮੜੀ ਦੀ ਜਲਣ, ਪਰਾਗ-ਤਾਪ, ਜਾਂ ਦਮੇ ਦੀਆਂ ਨਿਸ਼ਾਨੀਆਂ” ਅਨੁਭਵ ਕਰੇ। ਇਸ ਸਮਾਚਾਰ-ਪੱਤ੍ਰਿਕਾ ਨੇ ਨੋਟ ਕੀਤਾ ਕਿ “ਦਮੇ ਤੋਂ ਪੀੜਿਤ ਸਾਰੇ ਬੱਚਿਆਂ ਵਿੱਚੋਂ ਤਕਰੀਬਨ 80 ਫੀ ਸਦੀ ਬੱਚੇ ਕੌਕਰੋਚਾਂ ਦੇ ਪ੍ਰਤੀ ਸੰਵੇਦੀ ਹਨ।” ਜ਼ਰੂਰੀ ਨਹੀਂ ਕਿ ਕੌਕਰੋਚ ਇਕ ਗੰਦੀ ਰਸੋਈ ਦੀ ਨਿਸ਼ਾਨੀ ਹਨ। ਵੈੱਲਨੇਸ ਲੈੱਟਰ ਦਾਅਵਾ ਕਰਦੀ ਹੈ ਕਿ “ਸਭ ਤੋਂ ਸਾਫ਼ ਸੁਥਰੀ ਰਸੋਈ [ਵੀ] ਇਨ੍ਹਾਂ ਨੂੰ ਪਨਾਹ ਦੇ ਸਕਦੀ ਹੈ।” ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਰ ਇਕ ਦੇਖੇ ਗਏ ਕੌਕਰੋਚ ਲਈ, ਤਕਰੀਬਨ 1,000 ਅਣਦੇਖੇ ਕੌਕਰੋਚ ਘਰ ਵਿਚ ਇਧਰ-ਉਧਰ ਫਿਰਦੇ ਹੋ ਸਕਦੇ ਹਨ। ਕੌਕਰੋਚਾਂ ਦਾ ਇਕ ਜੋੜਾ ਕੇਵਲ ਇਕ ਸਾਲ ਵਿਚ ਲਗਭਗ 1,00,000 ਔਲਾਦ ਪੈਦਾ ਕਰ ਸਕਦਾ ਹੈ।
ਗ਼ਰੀਬੀ ਦਾ ਵਾਧਾ
ਸੰਸਾਰ ਭਰ ਵਿਚ ਹੁਣ ਪੂਰਣ ਗ਼ਰੀਬੀ ਵਿਚ ਜੀ ਰਹੇ ਲੋਕਾਂ ਦੀ ਗਿਣਤੀ—ਜਿਨ੍ਹਾਂ ਦੀ ਕਮਾਈ ਪ੍ਰਤੀ ਸਾਲ 370 ਡਾਲਰ ਤੋਂ ਘੱਟ ਦੱਸੀ ਗਈ ਹੈ—ਤਕਰੀਬਨ 1.3 ਅਰਬ ਹੈ, ਲਗਭਗ ਦੁਨੀਆਂ ਦੀ ਆਬਾਦੀ ਦਾ ਇਕ ਚੁਥਾਈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਵਿਕਾਸਸ਼ੀਲ ਦੇਸ਼ਾਂ ਵਿਚ ਰਹਿੰਦੇ ਹਨ। ਆਮ ਤੌਰ ਤੇ, ਇਨ੍ਹਾਂ ਲੋਕਾਂ ਨੂੰ ਚੋਖੀ ਖ਼ੁਰਾਕ, ਸਾਫ਼ ਪਾਣੀ, ਸਿਹਤ-ਸੰਭਾਲ, ਚੰਗਾ ਘਰ, ਸਿੱਖਿਆ ਅਤੇ ਨੌਕਰੀ ਪ੍ਰਾਪਤ ਨਹੀਂ ਹੁੰਦੀ ਹੈ। ਜ਼ਿਆਦਾਤਰ ਮਾਮਲਿਆਂ ਵਿਚ, ਉਹ ਉਨ੍ਹਾਂ ਸਮਾਜਾਂ ਵਿਚ ਘਟੀਆ ਸਮਝੇ ਜਾਂਦੇ ਹਨ ਜਿਨ੍ਹਾਂ ਵਿਚ ਉਹ ਰਹਿੰਦੇ ਹਨ ਅਤੇ ਆਪਣੀਆਂ ਹਾਲਤਾਂ ਵਿਚ ਤਬਦੀਲੀ ਲਿਆਉਣ ਲਈ ਅਸਮਰਥ ਹਨ। ਸੰਯੁਕਤ ਰਾਸ਼ਟਰ-ਸੰਘ ਵਿਕਾਸ ਪ੍ਰੋਗ੍ਰਾਮ ਦੇ ਅਨੁਸਾਰ, ਪੂਰਣ ਗ਼ਰੀਬੀ ਵਿਚ ਜੀ ਰਹੇ ਲੋਕਾਂ ਦੀ ਗਿਣਤੀ ਹਰ ਸਾਲ ਲਗਭਗ 2.5 ਕਰੋੜ ਵੱਧ ਰਹੀ ਹੈ।
ਰੋਜ਼ਾਨਾ ਫਲ ਖਾਓ
ਬ੍ਰਿਟਿਸ਼ ਮੈਡੀਕਲ ਜਰਨਲ ਵਿਚ ਪ੍ਰਕਾਸ਼ਿਤ ਕੀਤੇ ਗਏ 11,000 ਵਿਅਕਤੀਆਂ ਦੇ ਇਕ 17-ਸਾਲਾ ਅਧਿਐਨ ਦੇ ਅਨੁਸਾਰ, ਰੋਜ਼ਾਨਾ ਤਾਜ਼ਾ ਫਲ ਖਾਣਾ, ਦਿਲ ਦੀ ਬੀਮਾਰੀ ਦੇ ਖ਼ਤਰੇ ਦੇ ਘੱਟਣ ਨਾਲ ਸੰਬੰਧ ਰੱਖਦਾ ਹੈ। ਇਸ ਅਧਿਐਨ ਵਿਚ ਜੋ ਹਰ ਰੋਜ਼ ਤਾਜ਼ਾ ਫਲ ਖਾਂਦੇ ਸਨ, ਉਨ੍ਹਾਂ ਵਿਚਕਾਰ ਦਿਲ ਦੇ ਦੌਰਿਆਂ ਕਾਰਨ ਮੌਤਾਂ ਦੀ ਗਿਣਤੀ 24 ਫੀ ਸਦੀ ਘੱਟ ਅਤੇ ਸਟ੍ਰੋਕਾਂ ਤੋਂ ਮੌਤਾਂ ਦੀ ਗਿਣਤੀ 32 ਫੀ ਸਦੀ ਘੱਟ ਸੀ। ਜੋ ਘੱਟ ਫਲ ਖਾਂਦੇ ਸਨ ਉਨ੍ਹਾਂ ਦੀ ਤੁਲਨਾ ਵਿਚ ਰੋਜ਼ਾਨਾ ਫਲ ਖਾਣ ਵਾਲਿਆਂ ਵਿਚ ਮੌਤ ਦੀ ਗਿਣਤੀ 21 ਫੀ ਸਦੀ ਘੱਟ ਸੀ। ਬਰਤਾਨਵੀ ਅਤੇ ਸਪੇਨੀ ਸਾਇੰਸਦਾਨਾਂ ਦੇ ਇਕ ਸਮੂਹ ਨੇ ਨੋਟ ਕੀਤਾ ਕਿ ਅਜਿਹੀ ਖ਼ੁਰਾਕ ਜਿਸ ਵਿਚ ਤਾਜ਼ੇ ਫਲਾਂ ਦੀ ਕਮੀ ਹੈ, ਸ਼ਾਇਦ ਕੁਝ ਆਬਾਦੀਆਂ ਵਿਚ ਵਾਹਿਕਾ-ਸੰਬੰਧੀ ਬੀਮਾਰੀਆਂ, ਜਿਵੇਂ ਕਿ ਸਟ੍ਰੋਕ ਅਤੇ ਦਿਲ ਦੀ ਬੀਮਾਰੀ, ਦੇ ਵਾਧੇ ਨੂੰ ਯੋਗਦਾਨ ਦੇਵੇ। ਸਭ ਤੋਂ ਜ਼ਿਆਦਾ ਸਿਹਤ ਲਾਭ ਲਈ, ਖੋਜਕਾਰ ਹੁਣ ਸਲਾਹ ਦਿੰਦੇ ਹਨ ਕਿ ਹਰ ਦਿਨ ਘਟੋ-ਘੱਟ ਪੰਜ ਵਾਰ ਸਬਜ਼ੀਆਂ ਅਤੇ ਫਲ ਖਾਣੇ ਚਾਹੀਦੇ ਹਨ। ਬ੍ਰਿਟਿਸ਼ ਮੈਡੀਕਲ ਜਰਨਲ ਦੇ ਅਨੁਸਾਰ, ਜੇਕਰ ਤਾਜ਼ੇ ਫਲ ਅਤੇ ਸਬਜ਼ੀਆਂ ਉਪਲਬਧ ਨਾ ਹੋਣ, ਤਾਂ ਬਰਫ਼ ਵਿਚ ਸਾਂਭੇ ਗਏ ਫਲ ਅਤੇ ਸਬਜ਼ੀਆਂ ਸ਼ਾਇਦ ਉਸੇ ਤਰ੍ਹਾਂ ਦਾ ਲਾਭ ਮੁਹੱਈਆ ਕਰ ਸਕਣ।
ਜੀਵਨ ਭਰ ਦਾ ਮਿੱਤਰ
ਨੈਸੋਇਸ਼ੀ ਨੋਈ ਪ੍ਰੈਸੇ ਰਿਪੋਰਟ ਕਰਦਾ ਹੈ ਕਿ ਜਰਮਨੀ ਵਿਚ, 10 ਵਿੱਚੋਂ 9 ਵਿਅਕਤੀ ਕਹਿੰਦੇ ਹਨ ਕਿ ਉਨ੍ਹਾਂ ਕੋਲ ਇਕ ਜੀਵਨ ਭਰ ਦਾ ਮਿੱਤਰ ਹੈ। ਇਹ ਇਕ ਸਰਵੇਖਣ ਦੁਆਰਾ ਪ੍ਰਗਟ ਕੀਤਾ ਗਿਆ ਸੀ ਜੋ ਵਿਗਿਆਨਕ ਅਨੁਭਵ-ਸਿੱਧ ਸਮਾਜਕ ਖੋਜ ਸੰਸਥਾ ਦੁਆਰਾ ਕੀਤਾ ਗਿਆ ਸੀ, ਜਿਸ ਨੇ 16 ਅਤੇ 60 ਸਾਲਾਂ ਦੀ ਉਮਰ ਦੇ ਦਰਮਿਆਨ 1,000 ਤੋਂ ਜ਼ਿਆਦਾ ਲੋਕਾਂ ਨੂੰ ਪ੍ਰਸ਼ਨ ਪੁੱਛੇ। ਇਕ ਸਥਾਈ ਮਿੱਤਰਤਾ ਦੇ ਕਾਰਨਾਂ ਵਿੱਚੋਂ ਸੰਚਾਰ ਅਤੇ ਈਮਾਨਦਾਰੀ ਸਭ ਤੋਂ ਮਹੱਤਵਪੂਰਣ ਸਮਝੇ ਜਾਂਦੇ ਸਨ। ਤਕਰੀਬਨ ਸਾਰੇ ਇੰਟਰਵਿਊ ਦੇਣ ਵਾਲੇ ਸਹਿਮਤ ਹੋਏ ਕਿ ਬੇਵਫ਼ਾਈ ਅਤੇ ਧੋਖਾ ਅਜਿਹੀ ਮਿੱਤਰਤਾ ਨੂੰ ਨਿਸ਼ਚਿਤ ਹੀ ਖ਼ਤਮ ਕਰ ਦੇਵੇਗਾ। ਉਸ ਅਖ਼ਬਾਰ ਦੇ ਅਨੁਸਾਰ, “ਸਿਰਫ਼ 16 ਫੀ ਸਦੀ ਹੀ ਇਕ ਚੰਗੇ ਮਿੱਤਰ ਤੋਂ ਆਸ ਰੱਖਦੇ ਹਨ ਕਿ ਉਹ ਸੰਕਟ ਦੇ ਸਮੇਂ ਵਿਚ [ਉਨ੍ਹਾਂ ਨੂੰ] ਪੈਸੇ ਉਧਾਰ ਦੇਵੇਗਾ।” ਦੂਜੇ ਪਾਸੇ, ਵੱਡੀ ਪ੍ਰਤਿਸ਼ਤਤਾ ਨੇ ਬੀਮਾਰੀ ਦੇ ਸਮਿਆਂ ਵਿਚ ਇਕ ਮਿੱਤਰ ਦਾ ਸਹਾਰਾ ਹਾਸਲ ਕਰਨਾ ਬਹੁਤ ਹੀ ਮਹੱਤਵਪੂਰਣ ਸਮਝਿਆ।
ਤਮਾਖੂਨੋਸ਼ੀ ਨਾਲੋਂ ਜ਼ਿਆਦਾ ਖ਼ਤਰਨਾਕ?
ਦ ਮੈਡਿਕਲ ਪੋਸਟ ਰਿਪੋਰਟ ਕਰਦਾ ਹੈ ਕਿ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, “ਇਕ ਸੁਸਤ ਜੀਵਨ-ਢੰਗ ਤਮਾਖੂਨੋਸ਼ੀ ਨਾਲੋਂ ਸਿਹਤ ਲਈ ਦੁੱਗਣੇ ਤੋਂ ਜ਼ਿਆਦਾ ਖ਼ਤਰਾ ਪੇਸ਼ ਕਰਦਾ ਹੈ।” ਜਦ ਕਿ ਕੁਝ ਸੱਤਰ ਲੱਖ ਕੈਨੇਡਾ ਵਾਸੀ ਤਮਾਖੂਨੋਸ਼ੀ ਦੇ ਕਾਰਨ ਸ਼ਾਇਦ ਗੰਭੀਰ ਸਿਹਤ ਸਮੱਸਿਆਵਾਂ ਅਤੇ ਸਮੇਂ ਤੋਂ ਪਹਿਲਾਂ ਮੌਤ ਨੂੰ ਅਨੁਭਵ ਕਰਨ, ਕਸਰਤ ਦੀ ਕਮੀ ਦੇ ਨਤੀਜੇ ਵਜੋਂ 1.4 ਕਰੋੜ ਤੋਂ 1.7 ਕਰੋੜ ਲੋਕ ਉਸੇ ਤਰ੍ਹਾਂ ਦੇ ਸਿਹਤ ਖ਼ਤਰਿਆਂ ਦਾ ਸਾਮ੍ਹਣਾ ਕਰ ਰਹੇ ਹਨ। ਸਮੇਂ, ਤਾਕਤ, ਅਤੇ ਪ੍ਰੇਰਣਾ ਦੀ ਕਮੀ ਅਜਿਹੇ ਮੁੱਖ ਕਾਰਨ ਵਜੋਂ ਦੱਸੇ ਗਏ ਹਨ ਜੋ ਨਿਯਮਿਤ ਕਸਰਤ ਕਰਨ ਵਿਚ ਦਖ਼ਲਅੰਦਾਜ਼ੀ ਕਰਦੇ ਹਨ। ਸੁਸਤ ਵਿਅਕਤੀਆਂ ਵਲੋਂ ਜ਼ਿਆਦਾ ਚਰਬੀ ਅਤੇ ਘੱਟ ਫਲ ਤੇ ਸਬਜ਼ੀਆਂ ਖਾਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਪੋਸਟ ਕਹਿੰਦਾ ਹੈ: “ਲੋਕਾਂ ਤੋਂ ਘਟੋ-ਘੱਟ ਹਰ ਦੂਜੇ ਦਿਨ ਦਰਮਿਆਨੀ ਜਾਂ ਵਧੇਰੀ ਤੀਬਰਤਾ ਨਾਲ ਘਟੋ-ਘੱਟ 30 ਮਿੰਟਾਂ ਲਈ ਕਸਰਤ ਕਰਵਾਉਣੀ, ਦਿਲ ਲਈ ਅਧਿਕਤਮ ਲਾਭ ਹਾਸਲ ਕਰਨ ਪੱਖੋਂ, ਇਕ ਵਰਤਮਾਨ ਟੀਚਾ ਹੈ।”