ਕੀ ਅਫ਼ਰੀਕੀ ਢੋਲ ਸੱਚ-ਮੁੱਚ ਬੋਲਦੇ ਹਨ?
ਨਾਈਜੀਰੀਆ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਸੰਨ 1876-77 ਵਿਚ ਕਾਂਗੋ ਨਦੀ ਤੇ ਆਪਣੇ ਸਫ਼ਰ ਦੌਰਾਨ, ਖੋਜੀ ਹੈਨਰੀ ਸਟੈਨਲੀ ਨੂੰ ਸਥਾਨਕ ਢੋਲ ਵਜਾਉਣ ਦੀ ਕਲਾ ਦੀਆਂ ਖੂਬੀਆਂ ਉੱਤੇ ਗੌਰ ਕਰਨ ਦਾ ਥੋੜ੍ਹਾ ਹੀ ਮੌਕਾ ਮਿਲਿਆ। ਉਸ ਲਈ ਅਤੇ ਉਸ ਦੇ ਸੰਗੀ ਯਾਤਰੀਆਂ ਲਈ, ਢੋਲਾਂ ਦਾ ਸੰਦੇਸ਼ ਅਕਸਰ ਇਕ ਸ਼ਬਦ ਵਿਚ ਪ੍ਰਗਟ ਕੀਤਾ ਜਾ ਸਕਦਾ ਸੀ: ਯੁੱਧ। ਉਨ੍ਹਾਂ ਦੁਆਰਾ ਸੁਣੀ ਗਈ ਧੀਮੀ ਡਮ-ਡਮ ਦੀ ਆਵਾਜ਼ ਦਾ ਇਹ ਮਤਲਬ ਸੀ ਕਿ ਉਨ੍ਹਾਂ ਉੱਤੇ ਬਰਛਿਆਂ ਨਾਲ ਹਥਿਆਰਬੰਦ ਜੰਗਲੀ ਯੋਧਿਆਂ ਦੁਆਰਾ ਹਮਲਾ ਹੋਣ ਵਾਲਾ ਸੀ।
ਸਿਰਫ਼ ਬਾਅਦ ਦੇ, ਜ਼ਿਆਦਾ ਸ਼ਾਂਤਮਈ ਸਮਿਆਂ ਵਿਚ ਹੀ ਸਟੈਨਲੀ ਨੇ ਸਿੱਖਿਆ ਕਿ ਢੋਲ ਯੁੱਧ ਲਈ ਤਿਆਰ ਹੋਣ ਦਾ ਸੱਦਾ ਦੇਣ ਤੋਂ ਇਲਾਵਾ ਹੋਰ ਕਿੰਨਾ ਜ਼ਿਆਦਾ ਪ੍ਰਗਟ ਕਰ ਸਕਦੇ ਸਨ। ਕਾਂਗੋ ਦੇ ਕਿਨਾਰੇ ਰਹਿਣ ਵਾਲੇ ਇਕ ਨਸਲੀ ਸਮੂਹ ਦਾ ਵਰਣਨ ਕਰਦੇ ਹੋਏ, ਸਟੈਨਲੀ ਨੇ ਲਿਖਿਆ: “[ਉਨ੍ਹਾਂ ਨੇ] ਹਾਲੇ ਬਿਜਲਈ ਸੰਕੇਤਾਂ ਨੂੰ ਨਹੀਂ ਅਪਣਾਇਆ ਹੈ ਲੇਕਿਨ ਫਿਰ ਵੀ, ਉਨ੍ਹਾਂ ਦੇ ਕੋਲ ਉੱਨਾ ਹੀ ਪ੍ਰਭਾਵਕਾਰੀ ਸੰਚਾਰ ਦਾ ਤਰੀਕਾ ਹੈ। ਉਨ੍ਹਾਂ ਦੇ ਵਿਸ਼ਾਲ ਢੋਲ, ਵੱਖਰੇ-ਵੱਖਰੇ ਹਿੱਸਿਆਂ ਤੋਂ ਵਜਾਏ ਜਾਣ ਤੇ, ਅਜਿਹੀ ਭਾਸ਼ਾ ਸੰਚਾਰਿਤ ਕਰਦੇ ਹਨ ਜੋ ਢੋਲਾਂ ਦੀ ਭਾਸ਼ਾ ਦੇ ਗਿਆਨੀਆਂ ਵਾਸਤੇ ਜ਼ਬਾਨੀ ਭਾਸ਼ਾ ਦੀ ਤਰ੍ਹਾਂ ਸਪੱਸ਼ਟ ਹੈ।” ਸਟੈਨਲੀ ਨੇ ਅਹਿਸਾਸ ਕੀਤਾ ਕਿ ਢੋਲ ਵਜਾਉਣ ਵਾਲੇ ਇਕ ਬਿਗਲ ਜਾਂ ਇਕ ਸਾਇਰਨ ਦੇ ਸੰਕੇਤ ਤੋਂ ਕਿਤੇ ਹੀ ਜ਼ਿਆਦਾ ਸੰਦੇਸ਼ ਭੇਜਦੇ ਸਨ; ਢੋਲ ਵਿਸ਼ਿਸ਼ਟ ਸੰਦੇਸ਼ ਭੇਜ ਸਕਦੇ ਸਨ।
ਅਜਿਹੇ ਸੰਦੇਸ਼ ਪਿੰਡੋ-ਪਿੰਡ ਭੇਜੇ ਜਾ ਸਕਦੇ ਸਨ। ਕੁਝ ਢੋਲ ਸੱਤ ਤੋਂ ਗਿਆਰਾਂ ਕਿਲੋਮੀਟਰ ਦੀ ਦੂਰੀ ਤੇ ਸੁਣਾਈ ਦਿੰਦੇ ਸਨ, ਖ਼ਾਸ ਕਰਕੇ ਜੇ ਉਹ ਰਾਤ ਨੂੰ ਇਕ ਤਰਦੀ ਬੇੜੀ ਜਾਂ ਇਕ ਪਹਾੜੀ ਦੀ ਟੀਸੀ ਤੋਂ ਵਜਾਏ ਜਾਂਦੇ ਸਨ। ਦੂਰ ਦੇ ਢੋਲੀ ਸੰਦੇਸ਼ਾਂ ਨੂੰ ਸੁਣਦੇ, ਸਮਝਦੇ, ਅਤੇ ਉਨ੍ਹਾਂ ਨੂੰ ਦੂਜਿਆਂ ਤਕ ਅੱਗੇ ਘੱਲਦੇ ਸਨ। ਅੰਗ੍ਰੇਜ਼ ਯਾਤਰੀ ਏ. ਬੀ. ਲਾਇਡ ਨੇ 1899 ਵਿਚ ਲਿਖਿਆ: “ਮੈਨੂੰ ਦੱਸਿਆ ਗਿਆ ਸੀ ਕਿ 150 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੇ, ਇਕ ਪਿੰਡ ਤੋਂ ਦੂਜੇ ਪਿੰਡ ਤਕ ਸੰਦੇਸ਼ ਦੋ ਘੰਟਿਆਂ ਤੋਂ ਘੱਟ ਸਮੇਂ ਵਿਚ ਭੇਜਿਆ ਜਾ ਸਕਦਾ ਸੀ, ਅਤੇ ਮੈਂ ਤਾਂ ਵਿਸ਼ਵਾਸ ਕਰਦਾ ਹਾਂ ਕਿ ਇਸ ਤੋਂ ਵੀ ਘੱਟ ਸਮੇਂ ਵਿਚ ਸੰਦੇਸ਼ ਭੇਜਣਾ ਮੁਮਕਿਨ ਹੈ।”
ਵੀਹਵੀਂ ਸਦੀ ਵਿਚ ਕਾਫ਼ੀ ਚਿਰ ਤਕ, ਢੋਲਾਂ ਨੇ ਜਾਣਕਾਰੀ ਪਹੁੰਚਾਉਣ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਨੀ ਜਾਰੀ ਰੱਖੀ। 1965 ਵਿਚ ਪ੍ਰਕਾਸ਼ਿਤ ਕੀਤੀ ਗਈ ਕਿਤਾਬ, ਅਫ਼ਰੀਕਾ ਦੇ ਸਾਜ਼ (ਅੰਗ੍ਰੇਜ਼ੀ), ਨੇ ਬਿਆਨ ਕੀਤਾ: “ਵਾਰਤਾਲਾਪੀ ਢੋਲ, ਟੈਲੀਫ਼ੋਨਾਂ ਅਤੇ ਟੈਲੀਗ੍ਰਾਫਾਂ ਵਾਂਗ ਇਸਤੇਮਾਲ ਕੀਤੇ ਜਾਂਦੇ ਹਨ। ਹਰ ਪ੍ਰਕਾਰ ਦੇ ਸੰਦੇਸ਼ ਭੇਜੇ ਜਾਂਦੇ ਹਨ—ਜਨਮ, ਮੌਤ, ਅਤੇ ਵਿਆਹ; ਖੇਡ-ਮੁਕਾਬਲੇ, ਨਾਚ-ਗਾਣੇ, ਅਤੇ ਦੀਖਿਆ ਰਸਮ; ਸਰਕਾਰੀ ਸੰਦੇਸ਼, ਅਤੇ ਯੁੱਧ ਦੇ ਐਲਾਨ ਕਰਨ ਲਈ। ਕਦੀ-ਕਦਾਈਂ ਢੋਲ ਗੱਪਸ਼ੱਪ ਵੀ ਫੈਲਾਉਂਦੇ ਹਨ ਜਾਂ ਚੁਟਕਲੇ ਵੀ ਭੇਜਦੇ ਹਨ।”
ਲੇਕਿਨ ਢੋਲ ਕਿਸ ਤਰ੍ਹਾਂ ਸੰਚਾਰ ਕਰਦੇ ਸਨ? ਯੂਰਪ ਅਤੇ ਹੋਰ ਥਾਵਾਂ ਵਿਚ, ਸੰਦੇਸ਼ ਟੈਲੀਗ੍ਰਾਫ ਤਾਰਾਂ ਦੇ ਰਾਹੀਂ ਬਿਜਲਈ ਤਰੰਗਾਂ ਦੁਆਰਾ ਭੇਜੇ ਜਾਂਦੇ ਸਨ। ਵਰਣਮਾਲਾ ਦੇ ਹਰੇਕ ਅੱਖਰ ਲਈ ਉਸ ਦੀ ਆਪੋ-ਆਪਣੀ ਕੋਡ ਨਿਯਤ ਕੀਤੀ ਗਈ ਸੀ ਤਾਂਕਿ ਸ਼ਬਦ ਅਤੇ ਵਾਕ ਇਕ ਇਕ ਅੱਖਰ ਕਰ ਕੇ ਲਿਖੇ ਜਾ ਸਕਦੇ ਸਨ। ਲੇਕਿਨ, ਮੱਧ ਅਫ਼ਰੀਕਾ ਦੇ ਲੋਕਾਂ ਦੀ ਕੋਈ ਲਿਖਤੀ ਭਾਸ਼ਾ ਨਹੀਂ ਸੀ, ਇਸ ਲਈ ਢੋਲ ਸ਼ਬਦਾਂ ਨੂੰ ਇਕ-ਇਕ ਅੱਖਰ ਕਰ ਕੇ ਨਹੀਂ ਉਚਾਰਦੇ ਸਨ। ਅਫ਼ਰੀਕੀ ਢੋਲੀ ਇਕ ਵੱਖਰਾ ਤਰੀਕਾ ਇਸਤੇਮਾਲ ਕਰਦੇ ਸਨ।
ਢੋਲ ਦੀ ਭਾਸ਼ਾ
ਅਫ਼ਰੀਕੀ ਭਾਸ਼ਾਵਾਂ ਨੂੰ ਜਾਣਨਾ ਹੀ ਢੋਲ-ਸੰਚਾਰ ਨੂੰ ਸਮਝਣ ਦੀ ਕੁੰਜੀ ਹੈ। ਮੱਧ ਅਤੇ ਪੱਛਮੀ ਅਫ਼ਰੀਕਾ ਦੀਆਂ ਅਨੇਕ ਭਾਸ਼ਾਵਾਂ ਲਾਜ਼ਮੀ ਤੌਰ ਤੇ ਦੋ ਸੁਰਾਂ ਵਾਲੀਆਂ ਹਨ—ਹਰੇਕ ਬੋਲੇ ਗਏ ਸ਼ਬਦ ਦੇ ਹਰ ਉਚਾਰ-ਖੰਡ ਦੀ ਦੋ ਮੂਲ ਸੁਰਾਂ ਵਿੱਚੋਂ ਇਕ ਸੁਰ ਹੁੰਦੀ ਹੈ, ਭਾਵੇਂ ਇਹ ਉੱਚੀ ਸੁਰ ਹੋਵੇ ਜਾਂ ਧੀਮੀ ਸੁਰ। ਸੁਰਾਂ ਦਾ ਬਦਲਣਾ ਸ਼ਬਦ ਨੂੰ ਬਦਲ ਦਿੰਦਾ ਹੈ। ਉਦਾਹਰਣ ਲਈ, ਜ਼ੇਅਰ ਦੀ ਕੇਲੀ ਭਾਸ਼ਾ ਦੇ ਸ਼ਬਦ ਲੀਸਾਕਾ ਤੇ ਵਿਚਾਰ ਕਰੋ। ਜਦੋਂ ਤਿੰਨੇ ਉਚਾਰ-ਖੰਡਾਂ ਨੂੰ ਇਕ ਧੀਮੀ ਸੁਰ ਵਿਚ ਉਚਾਰਿਆ ਜਾਂਦਾ ਹੈ, ਤਾਂ ਸ਼ਬਦ ਦਾ ਅਰਥ “ਗਾਰਾ ਜਾਂ ਦਲਦਲ” ਹੁੰਦਾ ਹੈ; ਉਚਾਰ-ਖੰਡਾਂ ਦਾ ਧੀਮੇ-ਧੀਮੇ-ਉੱਚੇ ਉਚਾਰਣ ਦਾ ਅਰਥ ਹੈ “ਵਾਅਦਾ”; ਇਕ ਧੀਮੀ-ਉੱਚੀ-ਉੱਚੀ ਸੁਰ-ਲਹਿਰ ਦਾ ਅਰਥ “ਜ਼ਹਿਰ” ਹੁੰਦਾ ਹੈ।
ਸੰਦੇਸ਼ ਪਹੁੰਚਾਉਣ ਲਈ ਇਸਤੇਮਾਲ ਕੀਤੇ ਜਾਂਦੇ ਚੀਰੇ ਵਾਲੇ ਅਫ਼ਰੀਕੀ ਢੋਲਾਂ ਦੀਆਂ ਵੀ ਦੋ ਸੁਰਾਂ ਹੁੰਦੀਆਂ ਹਨ, ਉੱਚੀ ਅਤੇ ਧੀਮੀ। ਇਸੇ ਤਰ੍ਹਾਂ, ਜਦੋਂ ਚੰਮ ਮੜ੍ਹੇ ਢੋਲ ਕੋਈ ਸੰਦੇਸ਼ ਭੇਜਦੇ ਹਨ, ਤਾਂ ਉਹ ਜੋੜਿਆਂ ਵਿਚ ਇਸਤੇਮਾਲ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇਕ ਢੋਲ ਉੱਚੀ ਸੁਰ ਵਾਲਾ ਅਤੇ ਦੂਜਾ ਧੀਮੀ ਸੁਰ ਵਾਲਾ ਹੁੰਦਾ ਹੈ। ਇਸ ਤਰ੍ਹਾਂ, ਇਕ ਮਾਹਰ ਢੋਲੀ, ਜ਼ਬਾਨੀ ਭਾਸ਼ਾ ਦੇ ਸ਼ਬਦਾਂ ਦੇ ਸੁਰ-ਨਮੂਨੇ ਦੀ ਨਕਲ ਕਰਨ ਦੁਆਰਾ ਸੰਚਾਰ ਕਰਦਾ ਹੈ। ਅਫ਼ਰੀਕਾ ਦੇ ਵਾਰਤਾਲਾਪੀ ਢੋਲ (ਅੰਗ੍ਰੇਜ਼ੀ) ਕਿਤਾਬ ਬਿਆਨ ਕਰਦੀ ਹੈ: “ਢੋਲ ਦੀ ਇਹ ਅਖਾਉਤੀ ਭਾਸ਼ਾ, ਅਸਲ ਵਿਚ ਕਬੀਲੇ ਦੀ ਜ਼ਬਾਨੀ ਭਾਸ਼ਾ ਵਾਂਗ ਹੀ ਹੈ।”
ਨਿਸ਼ਚੇ ਹੀ, ਦੋ ਸੁਰਾਂ ਵਾਲੀ ਇਕ ਭਾਸ਼ਾ ਦੇ ਆਮ ਤੌਰ ਤੇ ਅਨੇਕ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਇਕਸਮਾਨ ਸੁਰ ਅਤੇ ਉਚਾਰ-ਖੰਡ ਹੁੰਦੇ ਹਨ। ਉਦਾਹਰਣ ਲਈ, ਕੇਲੀ ਭਾਸ਼ਾ ਵਿਚ, ਤਕਰੀਬਨ 130 ਨਾਵਾਂ ਦਾ ਸੁਰ-ਨਮੂਨਾ, ਸ਼ਾਂਗੋ (ਪਿਤਾ) ਦੇ ਸੁਰ-ਨਮੂਨੇ (ਉੱਚੀ-ਉੱਚੀ) ਵਾਂਗ ਹੁੰਦੇ ਹਨ। 200 ਤੋਂ ਜ਼ਿਆਦਾ ਸ਼ਬਦਾਂ ਦਾ ਨਮੂਨਾ, ਨਯਾਂਗੋ (ਮਾਤਾ) ਦੇ ਨਮੂਨੇ (ਧੀਮੀ-ਉੱਚੀ) ਵਾਂਗ ਹੁੰਦੇ ਹਨ। ਉਲਝਣ ਤੋਂ ਬਚਣ ਲਈ, ਢੋਲੀ ਅਜਿਹੇ ਸ਼ਬਦਾਂ ਲਈ ਇਕ ਪ੍ਰਸੰਗ ਪੇਸ਼ ਕਰਦੇ ਹਨ, ਉਨ੍ਹਾਂ ਨੂੰ ਇਕ ਛੋਟੇ ਜਾਣੇ-ਪਛਾਣੇ ਵਾਕਾਂਸ਼ ਵਿਚ ਸੰਮਿਲਿਤ ਕਰਦੇ ਹੋਏ ਜਿਸ ਵਿਚ ਚੋਖੀ ਭਿੰਨਤਾ ਹੁੰਦੀ ਹੈ ਤਾਂਕਿ ਸੁਣਨ ਵਾਲਾ ਵਿਅਕਤੀ ਕਹੀ ਗਈ ਗੱਲ ਨੂੰ ਸਮਝ ਸਕੇ।
ਚੀਰ ਵਾਲੇ ਢੋਲਾਂ ਦੁਆਰਾ ਬੋਲਣਾ
ਵਾਰਤਾਲਾਪੀ ਢੋਲ ਦੀ ਇਕ ਕਿਸਮ ਲੱਕੜ ਦਾ ਚੀਰ ਵਾਲਾ ਢੋਲ ਹੈ। (ਸਫ਼ਾ 16 ਉੱਤੇ ਤਸਵੀਰ ਦੇਖੋ।) ਅਜਿਹੇ ਢੋਲ, ਸੁੱਕੇ ਦਰਖ਼ਤ ਦੇ ਇਕ ਟੁਕੜੇ ਨੂੰ ਅੰਦਰੋਂ ਖੋਖਲਾ ਕਰ ਕੇ ਬਣਾਏ ਜਾਂਦੇ ਹਨ। ਢੋਲ ਦੇ ਦੋਵੇਂ ਪਾਸੇ ਚਮੜੇ ਦਾ ਪਰਦਾ ਨਹੀਂ ਹੁੰਦਾ ਹੈ। ਭਾਵੇਂ ਕਿ ਤਸਵੀਰ ਵਿਚ ਦਿਖਾਏ ਗਏ ਢੋਲ ਵਿਚ ਦੋ ਚੀਰ ਹਨ, ਅਨੇਕਾਂ ਵਿਚ ਸਿਰਫ਼ ਇਕ ਹੀ ਲੰਬਾ ਚੀਰ ਹੁੰਦਾ ਹੈ। ਚੀਰੇ ਦੇ ਇਕ ਕੰਢੇ ਉੱਤੇ ਡੱਗਾ ਮਾਰਨ ਨਾਲ ਉੱਚੀ ਸੁਰ ਉਤਪੰਨ ਹੁੰਦੀ ਹੈ; ਦੂਜੇ ਕੰਢੇ ਉੱਤੇ ਡੱਗਾ ਮਾਰਨ ਨਾਲ ਧੀਮੀ ਸੁਰ ਉਤਪੰਨ ਹੁੰਦੀ ਹੈ। ਚੀਰ ਵਾਲੇ ਢੋਲ ਆਮ ਤੌਰ ਤੇ ਤਕਰੀਬਨ ਇਕ ਮੀਟਰ ਲੰਬੇ ਹੁੰਦੇ ਹਨ, ਭਾਵੇਂ ਕਿ ਇਹ ਅੱਧਾ ਮੀਟਰ ਛੋਟੇ ਜਾਂ ਦੋ ਮੀਟਰ ਲੰਬੇ ਵੀ ਹੋ ਸਕਦੇ ਹਨ। ਉਸ ਦਾ ਵਿਆਸ ਵੀਹ ਸੈਂਟੀਮੀਟਰ ਤੋਂ ਲੈ ਕੇ ਇਕ ਮੀਟਰ ਤਕ ਹੋ ਸਕਦਾ ਹੈ।
ਚੀਰੇ ਵਾਲੇ ਢੋਲ ਸਿਰਫ਼ ਪਿੰਡੋ-ਪਿੰਡ ਸੰਦੇਸ਼ ਭੇਜਣ ਤੋਂ ਇਲਾਵਾ ਹੋਰ ਵੀ ਮਕਸਦਾਂ ਲਈ ਇਸਤੇਮਾਲ ਕੀਤੇ ਜਾਂਦੇ ਸਨ। ਕੈਮਰੂਨ ਦੇ ਲੇਖਕ ਫ਼ਰਾਂਸਿਸ ਬੈਬੇ ਨੇ ਘੋਲ ਮੁਕਾਬਲਿਆਂ ਵਿਚ ਇਨ੍ਹਾਂ ਢੋਲਾਂ ਦੀ ਭੂਮਿਕਾ ਦਾ ਵਰਣਨ ਕੀਤਾ। ਜਿਉਂ ਹੀ ਦੋ ਵਿਰੋਧੀ ਟੋਲੀਆਂ ਪਿੰਡ ਦੇ ਚੌਂਕ ਵਿਚ ਮਿਲਣ ਲਈ ਤਿਆਰ ਹੁੰਦੀਆਂ ਹਨ, ਪਹਿਲਵਾਨ ਚੀਰੇ ਵਾਲੇ ਢੋਲਾਂ ਦੇ ਤਾਲ ਤੇ ਨੱਚਦੇ ਹਨ ਅਤੇ ਢੋਲ ਉਨ੍ਹਾਂ ਦੇ ਗੁਣ ਗਾਉਂਦੇ ਹਨ। ਇਕ ਪਾਸੇ ਦਾ ਢੋਲ ਸ਼ਾਇਦ ਇਹ ਐਲਾਨ ਕਰੇ: “ਪਹਿਲਵਾਨਾ, ਕੀ ਤੇਰੀ ਬਰਾਬਰੀ ਦਾ ਕੋਈ ਹੈ? ਤੇਰਾ ਕੌਣ ਮੁਕਾਬਲਾ ਕਰ ਸਕਦਾ ਹੈ, ਸਾਨੂੰ ਦੱਸ ਕੌਣ? ਇਹ ਬੇਚਾਰੇ . . . ਸੋਚਦੇ ਹਨ ਕਿ ਉਹ ਪਹਿਲਵਾਨ ਅਖਵਾਉਣ ਵਾਲੇ ਕਿਸੇ ਬੇਚਾਰੇ [ਬੰਦੇ] ਰਾਹੀਂ ਤੈਨੂੰ ਹਰਾ ਸਕਦੇ ਹਨ . . . , ਲੇਕਿਨ ਤੈਨੂੰ ਕਦੀ ਕੋਈ ਵੀ ਨਹੀਂ ਹਰਾ ਸਕਦਾ।” ਵਿਰੋਧੀ ਪੱਖ ਦੇ ਸੰਗੀਤਕਾਰ ਮਜ਼ਾਕ ਵਿਚ ਮਾਰੇ ਗਏ ਇਨ੍ਹਾਂ ਤਾਅਨਿਆਂ ਨੂੰ ਸਮਝਦੇ ਹੋਏ ਫਟਾਫਟ ਜਵਾਬ ਵਿਚ ਇਕ ਅਖਾਣ ਬੋਲਣਗੇ: “ਛੋਟਾ ਬਾਂਦਰ . . . ਛੋਟਾ ਬਾਂਦਰ . . . ਉਹ ਦਰਖ਼ਤ ਤੇ ਚੜ੍ਹਨਾ ਚਾਹੁੰਦਾ ਹੈ ਲੇਕਿਨ ਸਾਰੇ ਸੋਚਦੇ ਹਨ ਕਿ ਉਹ ਡਿਗ ਪਵੇਗਾ। ਲੇਕਿਨ ਉਹ ਛੋਟਾ ਬਾਂਦਰ ਜ਼ਿੱਦੀ ਹੈ, ਉਹ ਦਰਖ਼ਤ ਤੋਂ ਨਹੀਂ ਡਿਗੇਗਾ, ਇਹ ਛੋਟਾ ਬਾਂਦਰ ਤਾਂ ਸਿਰੇ ਤਕ ਚੜ੍ਹੇਗਾ।” ਘੋਲ ਮੁਕਾਬਲੇ ਦੌਰਾਨ ਇਹ ਢੋਲ ਦਿਲ ਬਹਿਲਾਉਣਾ ਜਾਰੀ ਰੱਖਣਗੇ।
ਉਹ ਢੋਲ ਜੋ ਸਭ ਤੋਂ ਵਧੀਆ ਢੰਗ ਨਾਲ ਬੋਲਦੇ ਹਨ
ਦਬਾਉ ਵਾਲੇ ਢੋਲ ਇਕ ਕਦਮ ਅੱਗੇ ਹਨ। ਜਿਹੜਾ ਢੋਲ ਤੁਸੀਂ ਸੱਜੇ ਪਾਸੇ ਦੀ ਤਸਵੀਰ ਵਿਚ ਦੇਖਦੇ ਹੋ, ਉਸ ਨੂੰ ਇਕ ਡੂਨਡੂਨ ਸੱਦਿਆ ਜਾਂਦਾ ਹੈ; ਇਹ ਨਾਈਜੀਰੀਆ ਦਾ ਪ੍ਰਸਿੱਧ ਯੋਰੱਬਾ ਵਾਰਤਾਲਾਪੀ ਢੋਲ ਹੈ। ਇਸ ਢੋਲ ਦੀ ਸ਼ਕਲ ਇਕ ਰੇਤ-ਘੜੀ ਵਾਂਗ ਹੈ, ਉਸ ਦੇ ਦੋਵੇਂ ਪਾਸੇ ਬੱਕਰੀ ਦੀ ਪਤਲੀ, ਰੰਗੀ ਹੋਈ ਚਮੜੀ ਤੋਂ ਬਣੇ ਪਰਦੇ ਹਨ। ਪਰਦੇ ਚਮੜੇ ਦੀਆਂ ਤਣੀਆਂ ਨਾਲ ਜੋੜੇ ਜਾਂਦੇ ਹਨ। ਜਦੋਂ ਤਣੀਆਂ ਕੱਸੀਆਂ ਜਾਂਦੀਆਂ ਹਨ, ਤਾਂ ਪਰਦਾ ਹੋਰ ਕੱਸਿਆ ਜਾਂਦਾ ਹੈ ਜਿਸ ਕਰਕੇ ਉਹ ਸਰਗਮ ਦੇ ਅੱਠ ਜਾਂ ਜ਼ਿਆਦਾ ਸੁਰਾਂ ਨੂੰ ਉਤਪੰਨ ਕਰ ਸਕਦਾ ਹੈ। ਇਕ ਵਿੰਗੇ ਡੱਗੇ ਨੂੰ ਇਸਤੇਮਾਲ ਕਰਨ ਦੁਆਰਾ ਅਤੇ ਆਵਾਜ਼ਾਂ ਦੀ ਸੁਰ ਅਤੇ ਤਾਲ ਨੂੰ ਬਦਲਣ ਦੁਆਰਾ, ਇਕ ਮਾਹਰ ਢੋਲੀ ਮਾਨਵੀ ਆਵਾਜ਼ ਦੇ ਉਤਾਰ-ਚੜ੍ਹਾ ਦੀ ਨਕਲ ਕਰ ਸਕਦਾ ਹੈ। ਇਸ ਤਰ੍ਹਾਂ ਢੋਲੀ ਦੂਜੇ ਢੋਲੀਆਂ ਨਾਲ “ਵਾਰਤਾਲਾਪ” ਕਰ ਸਕਦੇ ਹਨ ਜੋ ਢੋਲ ਦੀ ਭਾਸ਼ਾ ਨੂੰ ਸਮਝਦੇ ਹਨ ਅਤੇ ਇਸ ਨੂੰ ਵਜਾ ਸਕਦੇ ਹਨ।
ਮਈ 1976 ਵਿਚ ਇਕ ਯੋਰੱਬਾ ਪ੍ਰਧਾਨ ਦੇ ਦਰਬਾਰੀ ਸੰਗੀਤਕਾਰਾਂ ਨੇ ਢੋਲੀ ਦੀ ਢੋਲਾਂ ਦੁਆਰਾ ਸੰਚਾਰ ਕਰਨ ਦੀ ਮਾਅਰਕੇ ਦੀ ਯੋਗਤਾ ਪ੍ਰਦਰਸ਼ਿਤ ਕੀਤੀ ਸੀ। ਸਰੋਤਿਆਂ ਵਿੱਚੋਂ ਸਵੈ-ਇੱਛੁਕ ਵਿਅਕਤੀਆਂ ਨੇ ਕਈ ਹਿਦਾਇਤਾਂ ਪ੍ਰਧਾਨ ਢੋਲੀ ਦੇ ਕੰਨ ਵਿਚ ਦੱਸੀਆਂ ਜਿਸ ਨੇ ਢੋਲ ਦੁਆਰਾ ਉਹ ਹਿਦਾਇਤਾਂ ਇਕ ਦੂਜੇ ਸੰਗੀਤਕਾਰ ਨੂੰ ਸੰਚਾਰਿਤ ਕੀਤੀਆਂ ਜੋ ਵਿਹੜੇ ਤੋਂ ਦੂਰ ਸੀ। ਢੋਲ ਦੁਆਰਾ ਭੇਜੀਆਂ ਗਈਆਂ ਹਿਦਾਇਤਾਂ ਦੇ ਅਨੁਸਾਰ, ਉਹ ਸੰਗੀਤਕਾਰ ਇਕ ਸਥਾਨ ਤੋਂ ਦੂਜੇ ਸਥਾਨ ਗਿਆ ਅਤੇ ਜੋ ਵੀ ਕਾਰਜ ਉਸ ਨੂੰ ਕਰਨ ਲਈ ਕਿਹਾ ਗਿਆ ਉਸ ਨੇ ਕੀਤਾ ਸੀ।
ਢੋਲ ਦੁਆਰਾ ਸੰਦੇਸ਼ਾਂ ਨੂੰ ਭੇਜਣ ਦੀ ਕਲਾ ਸਿੱਖਣੀ ਸੌਖੀ ਨਹੀਂ ਹੈ। ਲੇਖਕ ਆਈ. ਲਾਓਈ ਨੇ ਟਿੱਪਣੀ ਕੀਤੀ: “ਯੋਰੱਬਾ ਢੋਲ ਵਜਾਉਣ ਦੀ ਕਲਾ ਇਕ ਗੁੰਝਲਦਾਰ ਅਤੇ ਔਖੀ ਕਲਾ ਹੈ ਜਿਸ ਲਈ ਅਨੇਕ ਸਾਲਾਂ ਦੇ ਅਧਿਐਨ ਦੀ ਜ਼ਰੂਰਤ ਹੁੰਦੀ ਹੈ। ਢੋਲੀ ਕੋਲ ਨਾ ਸਿਰਫ਼ ਹੱਥਾਂ ਦੀ ਅਧਿਕ ਕੁਸ਼ਲਤਾ ਅਤੇ ਤਾਲ ਦਾ ਗਿਆਨ ਹੋਣਾ ਚਾਹੀਦਾ ਹੈ, ਪਰ ਸ਼ਾਇਰੀ ਲਈ ਅਤੇ ਉਸ ਨਗਰ ਦੇ ਇਤਿਹਾਸ ਲਈ ਇਕ ਚੰਗੀ ਯਾਦਾਸ਼ਤ ਵੀ ਹੋਣੀ ਚਾਹੀਦੀ ਹੈ।”
ਹਾਲ ਹੀ ਦੇ ਦਹਾਕਿਆਂ ਵਿਚ ਅਫ਼ਰੀਕੀ ਢੋਲ ਇੰਨਾ ਨਹੀਂ ਬੋਲਦੇ ਹਨ ਜਿੰਨਾ ਕਿ ਉਹ ਪਹਿਲਾਂ ਬੋਲਦੇ ਹੁੰਦੇ ਸਨ, ਪਰ ਹਾਲੇ ਵੀ ਸੰਗੀਤ ਵਿਚ ਉਨ੍ਹਾਂ ਦੀ ਇਕ ਮਹੱਤਵਪੂਰਣ ਭੂਮਿਕਾ ਹੈ। ਅਫ਼ਰੀਕਾ ਦੇ ਸਾਜ਼ ਕਿਤਾਬ ਕਹਿੰਦੀ ਹੈ: “ਢੋਲਾਂ ਦੁਆਰਾ ਸੰਦੇਸ਼ਾਂ ਨੂੰ ਭੇਜਣ ਦੀ ਕਲਾ ਨੂੰ ਸਿੱਖਣਾ ਬਹੁਤ ਹੀ ਔਖਾ ਹੈ; ਇਸ ਲਈ, ਇਹ ਕਲਾ ਤੇਜ਼ੀ ਨਾਲ ਅਫ਼ਰੀਕਾ ਵਿਚ ਖ਼ਤਮ ਹੋ ਰਹੀ ਹੈ।” ਸੰਚਾਰ ਮਾਧਿਅਮ ਦੇ ਮਾਹਰ ਰੌਬਰਟ ਨਿੱਕਲਸ ਨੇ ਅੱਗੇ ਕਿਹਾ: “ਅਤੀਤ ਦੇ ਵਿਸ਼ਾਲ ਢੋਲਾਂ, ਜਿਨ੍ਹਾਂ ਦੀਆਂ ਆਵਾਜ਼ਾਂ ਮੀਲਾਂ ਤਕ ਗੂੰਜਦੀਆਂ ਸਨ ਅਤੇ ਜਿਨ੍ਹਾਂ ਦਾ ਮੁੱਖ ਮਕਸਦ ਸੰਦੇਸ਼ ਸੰਚਾਰਿਤ ਕਰਨਾ ਸੀ, ਦਾ ਲੁਪਤ ਹੋਣਾ ਅਟੱਲ ਹੈ।” ਅੱਜ-ਕੱਲ੍ਹ ਜ਼ਿਆਦਾਤਰ ਲੋਕਾਂ ਲਈ ਟੈਲੀਫ਼ੋਨ ਇਸਤੇਮਾਲ ਕਰਨਾ ਜ਼ਿਆਦਾ ਆਸਾਨ ਹੈ।
[ਸਫ਼ੇ 16 ਉੱਤੇ ਤਸਵੀਰ]
ਚੀਰ ਵਾਲਾ ਢੋਲ
[ਸਫ਼ੇ 16 ਉੱਤੇ ਤਸਵੀਰ]
ਯੋਰੱਬਾ ਵਾਰਤਾਲਾਪੀ ਢੋਲ