ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g98 4/8 ਸਫ਼ੇ 18-19
  • ਕੀ ਪਿਸ਼ਾਚ ਅਸਲੀ ਹਨ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਪਿਸ਼ਾਚ ਅਸਲੀ ਹਨ?
  • ਜਾਗਰੂਕ ਬਣੋ!—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਢਿੱਲਾ ਰਵੱਈਆ
  • ਅਵਿਸ਼ਵਾਸ ਇਕ ਮੁਸ਼ਕਲ ਖੜ੍ਹੀ ਕਰਦਾ ਹੈ
  • ਦੁਸ਼ਟ ਧੋਖੇਬਾਜ਼
  • ਦੂਤ ਕੌਣ ਹਨ ਅਤੇ ਉਹ ਕੀ ਕਰਦੇ ਹਨ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਅਸੀਂ ਬੁਰੇ ਦੂਤਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਕੀ ਦੂਤ ਸਾਡੀ ਜ਼ਿੰਦਗੀ ਉੱਤੇ ਅਸਰ ਪਾਉਂਦੇ ਹਨ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
ਹੋਰ ਦੇਖੋ
ਜਾਗਰੂਕ ਬਣੋ!—1998
g98 4/8 ਸਫ਼ੇ 18-19

ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਪਿਸ਼ਾਚ ਅਸਲੀ ਹਨ?

ਸਤਾਰ੍ਹਵੀਂ ਅਤੇ ਅਠਾਰ੍ਹਵੀਂ ਸਦੀ ਦੇ ਦੌਰਾਨ, ਤਕਰੀਬਨ ਸਾਰੇ ਯੂਰਪ ਵਿਚ ਟੂਣੇਹਾਰੀਆਂ ਦੇ ਵਿਰੁੱਧ ਜ਼ੋਰਦਾਰ ਸਤਾਹਟ ਉਕਸਾਈ ਗਈ। ਅਨੇਕ ਅਖਾਉਤੀ ਟੂਣੇਹਾਰੀਆਂ ਨੇ ਭਿਆਨਕ ਤਸੀਹੇ ਸਹੇ। ਜਿਨ੍ਹਾਂ ਉੱਤੇ ਟੂਣਾ ਕਰਨ ਦਾ ਝੂਠਾ ਦੋਸ਼ ਲਾਇਆ ਗਿਆ ਸੀ, ਉਨ੍ਹਾਂ ਵਿੱਚੋਂ ਕਈਆਂ ਨੇ ਕੇਵਲ ਤਸੀਹਿਆਂ ਤੋਂ ਬਚਣ ਲਈ ਹੀ ਦੋਸ਼ ਦਾ ਇਕਬਾਲ ਕਰ ਲਿਆ। ਅਣਗਿਣਤ ਵਿਅਕਤੀਆਂ ਨੂੰ ਸੁਣੀ ਸੁਣਾਈ ਗੱਲ ਜਾਂ ਸ਼ੱਕ ਦੇ ਆਧਾਰ ਤੇ ਮਾਰਿਆ ਗਿਆ।

ਭਾਵੇਂ ਕਿ ਪਿਸ਼ਾਚਵਾਦ ਦੇ ਇਸ ਰੂਪ ਦੇ ਵਿਰੁੱਧ ਇਹ ਕਾਰਵਾਈ ਦਿਖਾਵਟੀ ਤੌਰ ਤੇ ਬਾਈਬਲ ਉੱਤੇ ਆਧਾਰਿਤ ਸੀ, ਇਹ ਬਿਲਕੁਲ ਹੱਦੋਂ ਵੱਧ ਸੀ। ਮਸੀਹੀਆਂ ਨੂੰ ਇਹ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਕਿ ਉਹ ਟੂਣੇਹਾਰੀਆਂ ਜਾਂ ਪ੍ਰੇਤਵਾਦ ਦਾ ਅਭਿਆਸ ਕਰਨ ਵਾਲੇ ਕਿਸੇ ਵਿਅਕਤੀ ਨੂੰ ਤਸੀਹੇ ਦੇਣ ਜਾਂ ਮਾਰ ਦੇਣ। (ਰੋਮੀਆਂ 12:19) ਅੱਜ-ਕੱਲ੍ਹ ਆਮ ਰਵੱਈਆ ਕੀ ਹੈ?

ਇਕ ਢਿੱਲਾ ਰਵੱਈਆ

ਅੱਜ-ਕੱਲ੍ਹ ਈਸਾਈ-ਜਗਤ ਵਿਚ ਜ਼ਿਆਦਾਤਰ ਲੋਕ ਪ੍ਰੇਤਵਾਦ ਬਾਰੇ ਗੰਭੀਰਤਾ ਨਾਲ ਨਹੀਂ ਸੋਚਦੇ ਹਨ। ਜਿਗਿਆਸੂ ਹੋ ਕੇ, ਕੁਝ ਸ਼ਾਇਦ ਜੋਤਸ਼-ਵਿਦਿਆ, ਜਾਦੂ, ਫਾਲ, ਅਤੇ ਟੂਣੇ ਨੂੰ ਅਜ਼ਮਾਉਣ, ਲੇਕਿਨ ਉਹ ਇਨ੍ਹਾਂ ਰਹੱਸਮਈ ਅਭਿਆਸਾਂ ਨੂੰ ਪਿਸ਼ਾਚਵਾਦ ਨਹੀਂ ਸਮਝਦੇ ਹਨ। ਕਦੀ-ਕਦੀ, ਕਲਾਕਾਰ, ਮਸ਼ਹੂਰ ਖਿਡਾਰੀ, ਅਤੇ ਸਿਆਸਤਦਾਨ ਖੁੱਲ੍ਹੇ-ਆਮ ਕਬੂਲ ਕਰਦੇ ਹਨ ਕਿ ਉਹ ਰਹੱਸਮਈ ਅਭਿਆਸਾਂ ਵਿਚ ਭਾਗ ਲੈਂਦੇ ਹਨ। ਇਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ਕੁਝ ਕਿਤਾਬਾਂ ਅਤੇ ਫ਼ਿਲਮਾਂ ਟੂਣੇਹਾਰੀਆਂ ਅਤੇ ਟੂਣੇਹਾਰਾਂ ਨੂੰ “ਆਕਰਸ਼ਕ, ਜ਼ਰਾ ਕੁ ਅਸਾਧਾਰਣ ਵਿਅਕਤੀਆਂ” ਵਜੋਂ ਦਰਸਾਉਂਦੀਆਂ ਹਨ, “ਜਿਨ੍ਹਾਂ ਦੇ ਕਰਾਮਾਤੀ ਕੰਮ ਕਿਸੇ ਨੂੰ ਹਾਨੀ ਨਹੀਂ ਪਹੁੰਚਾਉਂਦੇ ਹਨ।” ਬੱਚਿਆਂ ਦੇ ਮਨੋਰੰਜਨ ਅਤੇ ਸਿੱਖਿਆ ਵਾਸਤੇ ਡੀਜ਼ਾਈਨ ਕੀਤੀ ਗਈ ਸਾਮੱਗਰੀ ਸ਼ਾਇਦ ਰਹੱਸਮਈ ਵਿਸ਼ਿਆਂ ਨੂੰ ਹੱਲਾਸ਼ੇਰੀ ਦੇਵੇ।

ਪਿਸ਼ਾਚਵਾਦ ਪ੍ਰਤੀ ਅਜਿਹਾ ਢਿੱਲਾ ਅਤੇ ਲਾਪਰਵਾਹ ਰਵੱਈਆ ਪਿਸ਼ਾਚਾਂ ਦੀ ਹੋਂਦ ਬਾਰੇ ਅਵਿਸ਼ਵਾਸ ਪੈਦਾ ਕਰ ਸਕਦਾ ਹੈ। ਕੀ ਤੁਸੀਂ ਮੰਨਦੇ ਹੋ ਕਿ ਪਿਸ਼ਾਚ ਹੋਂਦ ਵਿਚ ਹਨ ਅਤੇ ਸਾਨੂੰ ਹਾਨੀ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ? ਆਖ਼ਰ, ਅੱਜ-ਕੱਲ੍ਹ ਜ਼ਿਆਦਾਤਰ ਲੋਕ ਇਹ ਕਹਿਣਗੇ ਕਿ ਉਨ੍ਹਾਂ ਨੇ ਪਿਸ਼ਾਚਾਂ ਨਾਲ ਕਦੇ ਵੀ ਸੰਪਰਕ ਅਨੁਭਵ ਨਹੀਂ ਕੀਤਾ ਹੈ ਜਾਂ ਉਨ੍ਹਾਂ ਦੇ ਕੰਮ ਨਹੀਂ ਦੇਖੇ ਹਨ। ਕੀ ਪਿਸ਼ਾਚ ਅਸਲੀ ਹਨ?

ਅਵਿਸ਼ਵਾਸ ਇਕ ਮੁਸ਼ਕਲ ਖੜ੍ਹੀ ਕਰਦਾ ਹੈ

ਜਿਹੜੇ ਲੋਕ ਬਾਈਬਲ ਨੂੰ ਸਵੀਕਾਰ ਕਰਨ ਦਾ ਦਾਅਵਾ ਕਰਦੇ ਹਨ ਪਰ ਪਿਸ਼ਾਚਾਂ ਦੀ ਅਸਲੀਅਤ ਉੱਤੇ ਸ਼ੱਕ ਕਰਦੇ ਹਨ, ਉਨ੍ਹਾਂ ਵਾਸਤੇ ਇਕ ਮੁਸ਼ਕਲ ਖੜ੍ਹੀ ਹੁੰਦੀ ਹੈ। ਜੇਕਰ ਉਹ ਵਿਸ਼ਵਾਸ ਨਹੀਂ ਕਰਦੇ ਕਿ ਪਿਸ਼ਾਚ ਅਸਲੀ ਹਨ, ਤਾਂ ਉਹ ਕੁਝ ਹੱਦ ਤਕ ਬਾਈਬਲ ਵਿਚ ਅਵਿਸ਼ਵਾਸ ਪ੍ਰਗਟ ਕਰ ਰਹੇ ਹੁੰਦੇ ਹਨ। ਕਿਉਂ? ਕਿਉਂਕਿ ਅਲੌਕਿਕ ਸ਼ਕਤੀਆਂ ਵਾਲੇ ਦੁਸ਼ਟ ਆਤਮਿਕ ਪ੍ਰਾਣੀਆਂ ਦੀ ਧਾਰਣਾ ਪਰਮੇਸ਼ੁਰ ਦੇ ਬਚਨ, ਬਾਈਬਲ, ਵਿਚ ਸਿਖਾਈ ਜਾਂਦੀ ਹੈ।

ਬਾਈਬਲ ਦੀ ਪਹਿਲੀ ਪੁਸਤਕ, ਉਤਪਤ, ਬਿਆਨ ਕਰਦੀ ਹੈ ਕਿ ਕਿਵੇਂ ਇਕ ਅਕਲਮੰਦ ਪ੍ਰਾਣੀ ਨੇ ਇਕ ਸੱਪ ਦਾ ਇਸਤੇਮਾਲ ਕਰ ਕੇ ਹੱਵਾਹ ਨੂੰ ਭਰਮਾਇਆ ਅਤੇ ਉਸ ਨੂੰ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕਰਨ ਲਈ ਉਕਸਾਇਆ। (ਉਤਪਤ 3:1-5) ਬਾਈਬਲ ਦੀ ਆਖ਼ਰੀ ਪੁਸਤਕ, ਪਰਕਾਸ਼ ਦੀ ਪੋਥੀ, ਇਸ ਦੁਸ਼ਟ ਚਾਲਬਾਜ਼, ਯਾਨੀ ਕਿ ‘ਪੁਰਾਣੇ ਸੱਪ’ ਦੀ ਉਸ ਵਿਅਕਤੀ ਵਜੋਂ ਪਛਾਣ ਕਰਦੀ ਹੈ “ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ।” (ਪਰਕਾਸ਼ ਦੀ ਪੋਥੀ 12:9) ਸ਼ਤਾਨ ਦੂਜਿਆਂ ਦੂਤਾਂ ਨੂੰ ਬਗਾਵਤ ਕਰਨ ਲਈ ਭਰਮਾਉਣ ਵਿਚ ਸਫ਼ਲ ਹੋਇਆ। (ਯਹੂਦਾਹ 6) ਬਾਈਬਲ ਵਿਚ ਇਨ੍ਹਾਂ ਪਤਿਤ ਦੂਤਾਂ ਨੂੰ ਪਿਸ਼ਾਚ ਕਿਹਾ ਜਾਂਦਾ ਹੈ। ਉਹ ਧਰਤੀ ਉੱਤੇ ਕੰਮ ਕਰਦੇ ਹਨ ਅਤੇ ਪਰਮੇਸ਼ੁਰ ਨਾਲ ਅਤੇ ਉਸ ਦੀ ਸੇਵਾ ਕਰਨ ਵਾਲਿਆਂ ਨਾਲ ਬਹੁਤ ਹੀ ਕ੍ਰੋਧਿਤ ਹਨ।—ਪਰਕਾਸ਼ ਦੀ ਪੋਥੀ 12:12.

ਸ਼ਤਾਨ ਅਤੇ ਪਿਸ਼ਾਚਾਂ ਕੋਲ ਮਨੁੱਖਾਂ ਉੱਤੇ ਪ੍ਰਭਾਵ ਪਾਉਣ, ਉਨ੍ਹਾਂ ਨੂੰ ਹਾਨੀ ਪਹੁੰਚਾਉਣ, ਅਤੇ ਉਨ੍ਹਾਂ ਨਾਲ ਗੱਲ-ਬਾਤ ਕਰਨ ਦੀ ਸ਼ਕਤੀ ਹੈ। (ਲੂਕਾ 8:27-33) ਉਨ੍ਹਾਂ ਨੇ ਹਜ਼ਾਰਾਂ ਹੀ ਸਾਲਾਂ ਤੋਂ ਮਾਨਵੀ ਸੁਭਾਅ ਦਾ ਅਧਿਐਨ ਕੀਤਾ ਹੈ। ਉਹ ਮਾਨਵੀ ਕਮਜ਼ੋਰੀਆਂ ਦਾ ਫ਼ਾਇਦਾ ਉਠਾਉਣਾ ਜਾਣਦੇ ਹਨ। ਬਾਈਬਲ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਕਰਦੀ ਹੈ ਜਿੱਥੇ ਉਹ ਆਦਮੀਆਂ, ਔਰਤਾਂ, ਅਤੇ ਬੱਚਿਆਂ ਨੂੰ ਚਿੰਬੜੇ ਸਨ, ਜਾਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਆਪਣੇ ਵੱਸ ਵਿਚ ਕੀਤਾ ਸੀ। (ਮੱਤੀ 15:22; ਮਰਕੁਸ 5:2) ਉਹ ਅੰਨ੍ਹੇਪਨ ਵਰਗੇ ਰੋਗ ਲੱਗਾ ਸਕਦੇ ਹਨ। (ਅੱਯੂਬ 2:6, 7; ਮੱਤੀ 9:32, 33; 12:22; 17:14-18) ਉਹ ਲੋਕਾਂ ਦੇ ਮਨਾਂ ਨੂੰ ਵੀ ਅੰਨ੍ਹਾ ਕਰ ਸਕਦੇ ਹਨ। (2 ਕੁਰਿੰਥੀਆਂ 4:4) ਪਿਸ਼ਾਚ ਹਮੇਸ਼ਾ ਆਪਣੇ ਕੰਮਾਂ ਵਿਚ ਲੱਗੇ ਰਹਿੰਦੇ ਹਨ ਜਿਵੇਂ ਉਨ੍ਹਾਂ ਦਾ ਆਗੂ, ਸ਼ਤਾਨ ਲੱਗਾ ਰਹਿੰਦਾ ਹੈ ਜੋ ਇਕ ‘ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵੇ।’ (1 ਪਤਰਸ 5:8) ਬਾਈਬਲ ਵਿਚ ਪਿਸ਼ਾਚ ਸੰਬੰਧੀ ਅਨੇਕ ਬਿਰਤਾਂਤ ਹਨ। ਜੇਕਰ ਤੁਸੀਂ ਬਾਈਬਲ ਵਿਚ ਵਿਸ਼ਵਾਸ ਕਰਦੇ ਹੋ, ਤਾਂ ਫਿਰ ਤੁਸੀਂ ਅਦ੍ਰਿਸ਼ਟ ਦੁਸ਼ਟ ਪ੍ਰਾਣੀਆਂ ਦੀ ਅਸਲੀਅਤ ਨੂੰ ਵੀ ਸਵੀਕਾਰ ਕਰਦੇ ਹੋ।

ਦੁਸ਼ਟ ਧੋਖੇਬਾਜ਼

ਲੇਕਿਨ ਇਹ ਕਿਵੇਂ ਸੰਭਵ ਹੈ ਕਿ ਅੱਜ ਸ਼ਕਤੀਸ਼ਾਲੀ ਪਿਸ਼ਾਚ ਮੌਜੂਦ ਹੋਣ ਅਤੇ ਸੰਸਾਰ ਉੱਤੇ ਲਗਾਤਾਰ ਭੈ ਨਾ ਛਾਇਆ ਹੋਵੇ? ਉਨ੍ਹਾਂ ਦੀ ਮੌਜੂਦਗੀ ਅਤੇ ਕਾਰਜ ਹੋਰ ਜ਼ਾਹਰ ਕਿਉਂ ਨਹੀਂ ਹਨ? ਬਾਈਬਲ ਜਵਾਬ ਦਿੰਦੀ ਹੈ: “ਸ਼ਤਾਨ . . . ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ।” (2 ਕੁਰਿੰਥੀਆਂ 11:14) ਇਬਲੀਸ ਇਕ ਧੋਖੇਬਾਜ਼ ਹੈ। ਪਿਸ਼ਾਚੀ ਕਾਰਵਾਈ ਨੂੰ ਅਕਸਰ ਨੁਕਸਾਨ ਰਹਿਤ ਜਾਂ ਇੱਥੋਂ ਤਕ ਕਿ ਲਾਭਦਾਇਕ ਵੀ ਦਿਖਾਇਆ ਜਾਂਦਾ ਹੈ। ਇਸ ਲਈ, ਇਸ ਨੂੰ ਪਛਾਣਨਾ ਮੁਸ਼ਕਲ ਹੈ।

ਸ਼ਤਾਨ ਅਤੇ ਉਸ ਦੇ ਪਿਸ਼ਾਚ ਅਜੇ ਵੀ ਲੋਕਾਂ ਨੂੰ ਵੱਖਰੇ-ਵੱਖਰੇ ਤਰੀਕਿਆਂ ਨਾਲ ਸਤਾਉਂਦੇ ਹਨ, ਜਿਵੇਂ ਉਹ ਬਾਈਬਲ ਸਮਿਆਂ ਵਿਚ ਕਰਦੇ ਸਨ। ਕੁਝ ਜੋ ਹੁਣ ਅਸਲੀ ਮਸੀਹੀ ਹਨ, ਇਕ ਸਮੇਂ ਤੇ ਰਹੱਸਮਈ ਅਭਿਆਸਾਂ ਵਿਚ ਹਿੱਸਾ ਲੈਂਦੇ ਸਨ; ਉਹ ਪਿਸ਼ਾਚਾਂ ਦੇ ਖ਼ੌਫ਼ਨਾਕ ਹਮਲਿਆਂ ਬਾਰੇ ਗਵਾਹੀ ਦੇ ਸਕਦੇ ਹਨ। ਅੱਜ, ਸ਼ਾਇਦ ਪਹਿਲਾਂ ਨਾਲੋਂ ਹੋਰ ਵੱਡੇ ਪੈਮਾਨੇ ਤੇ, ਪਿਸ਼ਾਚ ਲੋਕਾਂ ਨੂੰ ਸਿੱਧੇ ਤੌਰ ਤੇ ਰਹੱਸਮਈ ਅਭਿਆਸਾਂ ਵਿਚ ਫਸਾਉਣ ਲਈ ਆਪਣੀਆਂ ਅਲੌਕਿਕ ਸ਼ਕਤੀਆਂ ਨੂੰ ਵਰਤ ਰਹੇ ਹਨ। ਉਨ੍ਹਾਂ ਦੀ ਸ਼ਕਤੀ ਦਾ ਘੱਟ ਅੰਦਾਜ਼ਾ ਨਹੀਂ ਲਗਾਉਣਾ ਚਾਹੀਦਾ ਹੈ। ਮਗਰ, ਉਹ ਲੋਕਾਂ ਨੂੰ ਡਰਾਉਣ ਦੀ ਬਜਾਇ, ਉਨ੍ਹਾਂ ਨੂੰ ਵਰਗਲਾ ਕੇ ਪਰਮੇਸ਼ੁਰ ਤੋਂ ਦੂਰ ਲੈ ਜਾਣ ਦੁਆਰਾ ਜ਼ਿਆਦਾ ਸਫ਼ਲ ਹੁੰਦੇ ਹਨ। ਬਾਈਬਲ ਕਹਿੰਦੀ ਹੈ ਕਿ ਸ਼ਤਾਨ ਅਤੇ ਪਿਸ਼ਾਚ ‘ਸਾਰੇ ਜਗਤ ਨੂੰ ਭਰਮਾਉਂਦੇ ਹਨ।’ (ਪਰਕਾਸ਼ ਦੀ ਪੋਥੀ 12:9) ਉਹ ਚਲਾਕ, ਧੋਖੇਬਾਜ਼ ਤਰੀਕਿਆਂ ਨਾਲ ਅਧਿਆਤਮਿਕਤਾ ਨੂੰ ਕਮਜ਼ੋਰ ਕਰਨ ਉੱਤੇ ਤੁਲੇ ਹੋਏ ਹਨ।

ਪਿਸ਼ਾਚ ਅਸਲੀ ਹਨ। ਨਹੀਂ ਤਾਂ ਅੱਜ-ਕੱਲ੍ਹ ਦੇ ਲੋਕਾਂ ਵਿਚ ਦੇਖੀ ਜਾਂਦੀ ਖ਼ੂਨ ਅਤੇ ਵਿਨਾਸ਼ ਲਈ ਨਾ ਬੁੱਝਣ ਵਾਲੀ ਪਿਆਸ ਦਾ ਹੋਰ ਕੀ ਕਾਰਨ ਹੋ ਸਕਦਾ ਹੈ? ਕੁਦਰਤੀ ਤੌਰ ਤੇ ਇਨਸਾਨ ਸ਼ਾਂਤੀ ਅਤੇ ਖ਼ੁਸ਼ੀ ਵਿਚ ਰਹਿਣਾ ਚਾਹੁੰਦੇ ਹਨ। ਲੇਕਿਨ ਪਿਸ਼ਾਚ ਦੁਸ਼ਟਤਾ ਨੂੰ ਅੱਗੇ ਵਧਾਉਂਦੇ ਹਨ ਅਤੇ ਉਨ੍ਹਾਂ ਕੋਲ ਮਨੁੱਖੀ ਮਨ ਉੱਤੇ ਪ੍ਰਭਾਵ ਪਾਉਣ ਅਤੇ ਇਸ ਨੂੰ ਭ੍ਰਿਸ਼ਟ ਕਰਨ ਦੀ ਸ਼ਕਤੀ ਹੈ।

ਫਿਰ ਵੀ, ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ—ਪਿਸ਼ਾਚਾਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ। ਉਹ “ਸ਼ਤਾਨ ਦੇ ਛਲ ਛਿੱਦ੍ਰਾਂ” ਵਿਰੁੱਧ ਆਪਣੀ ਸ਼ਕਤੀ ਅਤੇ ਸੁਰੱਖਿਆ ਪੇਸ਼ ਕਰਦਾ ਹੈ। (ਅਫ਼ਸੀਆਂ 6:11-18) ਸਾਨੂੰ ਪਿਸ਼ਾਚਾਂ ਦਾ ਖ਼ੌਫ਼ ਰੱਖਣ ਦੀ ਕੋਈ ਲੋੜ ਨਹੀਂ, ਕਿਉਂਕਿ ਪਰਮੇਸ਼ੁਰ ਵਾਅਦਾ ਕਰਦਾ ਹੈ: “ਤੁਸੀਂ ਪਰਮੇਸ਼ੁਰ ਦੇ ਅਧੀਨ ਹੋਵੋ। ਪਰ ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।”—ਯਾਕੂਬ 4:7.

[ਸਫ਼ੇ 18 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Sipa Icono

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ