ਦਿਲ ਦਾ ਸਰਜਨ ਜਾਗਰੂਕ ਬਣੋ! ਨੂੰ ਵਧਾਈ ਦਿੰਦਾ ਹੈ
ਦਸੰਬਰ 8, 1996, ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਨੇ “ਦਿਲ ਦਾ ਦੌਰਾ—ਕੀ ਕੀਤਾ ਜਾ ਸਕਦਾ ਹੈ?” ਨਾਮਕ ਲੇਖ-ਮਾਲਾ ਪੇਸ਼ ਕੀਤੀ ਸੀ। ਛਾਤੀ, ਦਿਲ, ਅਤੇ ਰੱਤ-ਨਾੜ ਸਰਜਰੀ ਵਿਭਾਗ ਦੇ ਮੁਖੀ ਅਤੇ ਜਰਮਨੀ ਦੇ ਇਕ ਮੁੱਖ ਹਾਰਟ-ਟ੍ਰਾਂਸਪਲਾਂਟ ਸਰਜਨ, ਪ੍ਰੋਫ਼ੈਸਰ ਟੋਮਾਸ ਸਟੇਗਮਾਨ ਨੇ ਇਹ ਲੇਖ ਪੜ੍ਹੇ ਅਤੇ ਪ੍ਰਕਾਸ਼ਕਾਂ ਨੂੰ ਲਿਖਿਆ:
“ਮੈਂ ਸ਼ੌਕ ਨਾਲ ਦਿਲ ਦੀ ਬੀਮਾਰੀ ਅਤੇ, ਖ਼ਾਸ ਕਰਕੇ, ਦਿਲ ਦੇ ਦੌਰਿਆਂ ਦੇ ਵਿਸ਼ੇ ਉੱਤੇ ਤੁਹਾਡੀ ਰਿਪੋਰਟ ਪੜ੍ਹੀ। ਇਸ ਖੇਤਰ ਵਿਚ ਇਕ ਮਾਹਰ ਹੋਣ ਕਾਰਨ, ਮੈਂ ਤੁਹਾਨੂੰ ਦੱਸਣ ਲਈ ਪ੍ਰੇਰਿਤ ਹੋਇਆ ਕਿ ਦਿਲ ਦੇ ਦੌਰਿਆਂ ਬਾਰੇ ਤੁਹਾਡੀ ਵਿਆਖਿਆ ਅਤੇ ਇਸ ਵਿਸ਼ੇ ਉੱਤੇ ਤੁਹਾਡੀ ਜਾਣਕਾਰੀ ਬਹੁਤ ਵਧੀਆ ਸੀ—ਤੁਸੀਂ ਇਕ ਪਾਸੇ ਦਿਲ ਦੀ ਬੀਮਾਰੀ ਦੇ ਮਰੀਜ਼ ਲਈ ਬਹੁਤ ਹੀ ਹਮਦਰਦੀ ਦਿਖਾਈ ਅਤੇ, ਦੂਜੇ ਪਾਸੇ ਡਾਕਟਰੀ ਹਕੀਕਤਾਂ ਦਾ ਇਕ ਸਹੀ ਵਰਣਨ ਕੀਤਾ। ਇਹ ਵਿਆਖਿਆ ਕਾਫ਼ੀ ਸੂਚਨਾਤਮਕ ਸੰਖੇਪ ਅਤੇ ਸਹੀ ਜਾਣਕਾਰੀ ਦਿੰਦੀ ਹੈ। ਤੁਸੀਂ ਦਿਲ ਦੇ ਦੌਰੇ ਦੇ ਲੱਛਣਾਂ ਦੀ ਜਲਦੀ ਪਛਾਣ ਕਰਨ ਉੱਤੇ ਖ਼ਾਸ ਮਹੱਤਤਾ ਦਿੱਤੀ। ਇਹ ਗੱਲ ਵੀ ਜ਼ਰੂਰੀ ਸੀ।
“ਡਾਕਟਰੀ ਵਿਗਿਆਨ ਅਤੇ ਆਮ ਸਮਾਜ ਦੇ ਸਾਂਝੇ ਜਤਨਾਂ ਦੇ ਬਾਵਜੂਦ, ਲਹੂ-ਨਾੜੀ ਅਕੜਾਉ (arteriosclerosis)—ਅਤੇ ਖ਼ਾਸ ਕਰਕੇ ਦਿਲ ਦਾ ਦੌਰਾ—ਪੱਛਮੀ ਦੇਸ਼ਾਂ ਵਿਚ ਮੌਤ ਦਾ ਮੁੱਖ ਕਾਰਨ ਹੈ। ਦਿਲ ਦੇ ਇਕ ਸਰਜਨ ਵਜੋਂ ਮੈਂ ਰੋਜ਼ਾਨਾ ਹਿਰਦੇ-ਸੰਬੰਧੀ ਲਹੂ-ਨਾੜੀ ਅਕੜਾਉ ਵਿਚ ਗੰਭੀਰ ਤਬਦੀਲੀਆਂ (ਲਹੂ-ਨਾੜੀ ਦਾ ਆਕੜਨਾ, ਕੱਸਣਾ, ਬੰਦ ਹੋਣਾ) ਨਾਲ ਨਿਪਟਦਾ ਹਾਂ। ਮੈਂ ਵਿਭਿੰਨ ਤਰੀਕਿਆਂ ਦੀ ਦਿਲ ਦੀ ਸਰਜਰੀ ਦੁਆਰਾ ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਦਾ ਹਾਂ। ਮੈਂ ਜਾਣਦਾ ਹਾਂ ਕਿ ਲੋਕਾਂ ਲਈ—ਅਤੇ ਸੰਭਾਵੀ ਮਰੀਜ਼ ਲਈ ਵੀ—ਹਕੀਕੀ ਅਤੇ ਠੋਸ ਆਧਾਰ ਵਾਲੀ ਵਿਆਖਿਆ ਕਿੰਨੀ ਮਹੱਤਵਪੂਰਣ ਹੈ।
“ਇਸ ਵਿਸ਼ੇ ਸੰਬੰਧੀ ਤੁਹਾਡੀ ਵਿਆਖਿਆ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ—ਇਸ ਉਮੀਦ ਦੇ ਨਾਲ ਕਿ ਤੁਹਾਡਾ ਲੇਖ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਲਈ ਉਪਲਬਧ ਕੀਤਾ ਜਾਵੇਗਾ।”
ਜੇਕਰ ਤੁਸੀਂ ਜਾਗਰੂਕ ਬਣੋ! ਨੂੰ ਨਿਯਮਿਤ ਤੌਰ ਤੇ ਪੜ੍ਹਨਾ ਚਾਹੋ ਜਾਂ ਚਾਹੋ ਕਿ ਕੋਈ ਵਿਅਕਤੀ ਇਕ ਮੁਫ਼ਤ ਬਾਈਬਲ ਅਧਿਐਨ ਕਰਨ ਲਈ ਤੁਹਾਨੂੰ ਮਿਲਣ ਆਵੇ, ਤਾਂ Watch Tower, The Ridgeway, London, NW7 1RN, ਨੂੰ ਜਾਂ ਸਫ਼ਾ 5 ਉੱਤੇ ਦਿੱਤੇ ਗਏ ਉਪਯੁਕਤ ਪਤੇ ਤੇ ਲਿਖੋ।