ਕਲਪਨਾ ਤੋਂ ਬਾਹਰ ਤਸੀਹੇ ਦੇ ਯੰਤਰ
ਕੀ “ਬੇੜੀ,” “ਤਸੀਹਾ” ਅਤੇ “ਫਾਂਸੀ” ਜਿਹੇ ਸ਼ਬਦ ਤੁਹਾਨੂੰ ਡਰਾਉਂਦੇ ਹਨ? ਯੂਰਪ ਵਿਚ (13ਵੀਂ ਅਤੇ 19ਵੀਂ ਸਦੀ ਦੇ ਵਿਚਕਾਰ) ਧਰਮ-ਅਧਿਕਰਣ ਅਤੇ ਚੜੇਲਾਂ ਦੇ ਮੁਕੱਦਮਿਆਂ ਦੇ ਸ਼ਿਕਾਰ ਹੋਏ ਲੋਕਾਂ ਲਈ, ਇਹ ਦਰਦਨਾਕ ਅਸਲੀਅਤ ਸਨ। ਇੱਥੇ ਦਿਖਾਏ ਗਏ ਯੰਤਰ ਉਸੇ ਸਮੇਂ ਦੇ ਹਨ, ਅਤੇ ਜਰਮਨੀ ਵਿਚ, ਰਾਈਨ ਨਦੀ ਤੇ ਸਥਿਤ ਰੂਡਿਸਹਾਇਮ ਨਾਮਕ ਕਸਬੇ ਦੇ ਇਕ ਮਿਊਜ਼ੀਅਮ ਦੀ ਸੰਪਤੀ ਹਨ। ਇਹ ਸਾਨੂੰ ਤਸੀਹੇ ਝੱਲਣ ਵਾਲੇ ਵਿਅਕਤੀਆਂ ਦੇ ਦੁੱਖਾਂ ਦੀ ਥੋੜ੍ਹੀ ਜਿਹੀ ਝਲਕ ਦਿੰਦੇ ਹਨ।
ਬੇਚਾਰਾ ਵਿਅਕਤੀ ਬਿਆਨੋਂ ਬਾਹਰ ਕਸ਼ਟ ਦਾ ਸਾਮ੍ਹਣਾ ਕਰਦਾ ਸੀ। ਉਸ ਨੂੰ ਪੁੱਛ-ਪੜਤਾਲ ਲਈ ਨੰਗਾ ਕਰ ਕੇ ਇਨਕਵੀਜ਼ੀਸ਼ਨ ਕੁਰਸੀ ਉੱਤੇ ਬਿਠਾਇਆ ਜਾਂਦਾ ਸੀ। ਉਸ ਕੁਰਸੀ ਤੇ ਤਿੱਖੇ ਕੰਡੇ ਲੱਗੇ ਹੋਏ ਸਨ। ਗੋਡਿਆਂ ਦੇ ਪੇਚਾਂ ਦੁਆਰਾ ਵਿਅਕਤੀ ਦੀਆਂ ਬਾਹਾਂ, ਲੱਤਾਂ, ਜਾਂ ਜੋੜਾਂ ਨੂੰ ਪਾੜ ਕੇ ਅਲੱਗ ਕੀਤਾ ਜਾਂ ਨਕਾਰਾ ਕੀਤਾ ਜਾਂਦਾ ਸੀ। ਮਾਸ ਦੇ ਚੀਥੜੇ ਕਰਨ ਲਈ ਬਿੱਲੀ ਦਾ ਪੰਜਾ ਇਸਤੇਮਾਲ ਕੀਤਾ ਜਾਂਦਾ ਸੀ; ਸਰੀਰ ਦਾ ਕੋਈ ਵੀ ਹਿੱਸਾ ਨਹੀਂ ਛੱਡਿਆ ਜਾਂਦਾ ਸੀ। ਕੰਡੇਦਾਰ ਕਾਲਰ ਵਿਅਕਤੀ ਦੀ ਗਰਦਨ, ਮੋਢੇ, ਅਤੇ ਜਬਾੜੇ ਨੂੰ ਗੈਂਗਰੀਨ ਦਾ ਸ਼ਿਕਾਰ ਬਣਾ ਦਿੰਦਾ ਸੀ, ਜਿਸ ਦੇ ਨਤੀਜੇ ਵਜੋਂ ਖ਼ੂਨ ਵਿਚ ਤੇਜ਼ੀ ਨਾਲ ਜ਼ਹਿਰ ਫੈਲ ਕੇ ਮੌਤ ਹੋ ਜਾਂਦੀ ਸੀ।
ਰੋਮਨ ਕੈਥੋਲਿਕ ਚਰਚ ਦੁਆਰਾ ਨਿਯੁਕਤ ਕੀਤੇ ਗਏ ਜਾਂਚ-ਅਧਿਕਾਰੀ, ਆਪਣੇ ਨਾਲ ਅਸਹਿਮਤ ਹੋਣ ਵਾਲੇ ਲੋਕਾਂ ਨਾਲ ਨਿਪਟਣ ਲਈ ਇਹ ਅਤੇ ਇਨ੍ਹਾਂ ਵਰਗੇ ਯੰਤਰ ਵਰਤਦੇ ਸਨ। ਉਹ ਜ਼ਿਆਦਾਤਰ ਆਮ ਲੋਕ ਸਨ ਜਿਨ੍ਹਾਂ ਉੱਤੇ ਇਲਜ਼ਾਮ ਲਗਾਇਆ ਗਿਆ ਸੀ ਅਤੇ ਜਿਨ੍ਹਾਂ ਨੂੰ ਤਸੀਹੇ ਦੁਆਰਾ “ਇਕਬਾਲ” ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਚਰਚ ਦੁਆਰਾ ਵਾਲਡੈਂਸੀਜ਼ ਦੇ ਧਰਮ-ਅਧਿਕਰਣ ਦੌਰਾਨ, ਤਸੀਹੇ ਦੇ ਯੰਤਰਾਂ ਉੱਤੇ ਪਵਿੱਤਰ ਪਾਣੀ ਵੀ ਛਿੜਕਿਆ ਗਿਆ ਸੀ।
ਈਸਾਈ-ਜਗਤ ਉੱਤੇ ਧਰਮ-ਅਧਿਕਰਣ ਦੇ ਦੋਸ਼ ਦਾ ਇਕ ਬਹੁਤ ਭਾਰਾ ਬੋਝ ਹੈ। ਇਤਿਹਾਸਕਾਰ ਵਾਲਟਰ ਨਿਗ ਸਮਝਾਉਂਦਾ ਹੈ: “ਈਸਾਈ-ਜਗਤ ਹੋਰ ਕੋਈ ਵੀ ਬਰਕਤ ਅਨੁਭਵ ਨਹੀਂ ਕਰੇਗਾ ਜਦੋਂ ਤਕ ਉਹ ਆਖ਼ਰਕਾਰ—ਖੁੱਲ੍ਹੇ-ਆਮ ਅਤੇ ਗਹਿਰੇ ਵਿਸ਼ਵਾਸ ਨਾਲ—ਧਰਮ-ਅਧਿਕਰਣ ਵਿਚ ਕੀਤੇ ਗਏ ਅਪਰਾਧਾਂ ਦਾ ਇਕਬਾਲ ਨਹੀਂ ਕਰਦਾ, ਅਤੇ ਉਹ ਧਰਮ ਸੰਬੰਧੀ ਹਰ ਪ੍ਰਕਾਰ ਦੀ ਹਿੰਸਾ ਨੂੰ ਸੱਚੇ ਦਿਲੋਂ ਅਤੇ ਬਿਨਾਂ ਸ਼ਰਤੋਂ ਤਿਆਗ ਨਹੀਂ ਦਿੰਦਾ।”
[ਸਫ਼ੇ 31 ਉੱਤੇ ਤਸਵੀਰਾਂ]
ਇਨਕਵੀਜ਼ੀਸ਼ਨ ਕੁਰਸੀ
ਗੋਡਿਆਂ ਦੇ ਪੇਚ
ਬਿੱਲੀ ਦਾ ਪੰਜਾ
ਕੰਡੇਦਾਰ ਕਾਲਰ
[ਕ੍ਰੈਡਿਟ ਲਾਈਨ]
ਸਾਰੀਆਂ ਤਸਵੀਰਾਂ: Mittelalterliches Foltermuseum Rüdesheim/Rhein