ਿਨੱਕੇ ਆਕਾਰ ਦੀਆਂ ਪੁਸਤਕਾਂ ਦਾ ਮਨਮੋਹਣਾ ਸੰਸਾਰ
ਬਰਤਾਨੀਆ ਵਿਚ ਜਾਗਰੂਕ ਬਣੋ! ਦੇ ਪੱਤਰਕਾਰ ਦੁਆਰਾ
ਅਨੋਖੀਆਂ ਚੀਜ਼ਾਂ ਦਿਲਚਸਪ ਹੁੰਦੀਆਂ ਹਨ—ਸਭ ਤੋਂ ਉੱਚਾ ਪਹਾੜ, ਸਭ ਤੋਂ ਡੂੰਘਾ ਮਹਾਂਸਾਗਰ, ਸਭ ਤੋਂ ਉੱਚੀ ਇਮਾਰਤ, ਸਭ ਤੋਂ ਲੰਬੀ ਸੁਰੰਗ—ਤਾਂ ਫਿਰ, ਸਭ ਤੋਂ ਛੋਟੀ ਪੁਸਤਕ ਬਾਰੇ ਕੀ ਕਿਹਾ ਜਾ ਸਕਦਾ ਹੈ? ਿਨੱਕੇ ਆਕਾਰ ਦੀਆਂ ਪੁਸਤਕਾਂ ਮਨਮੋਹਣੀਆਂ ਹੁੰਦੀਆਂ ਹਨ! ਘੱਟੋ-ਘੱਟ 20 ਭਾਸ਼ਾਵਾਂ ਵਿਚ ਅਤੇ ਹਰ ਕਲਪਨਾਯੋਗ ਵਿਸ਼ੇ ਉੱਤੇ ਇਹ ਲੱਖਾਂ ਦੀ ਗਿਣਤੀ ਵਿਚ ਛਾਪੀਆਂ ਜਾ ਚੁੱਕੀਆਂ ਹਨ। ਜੇਕਰ ਤੁਸੀਂ ਇਨ੍ਹਾਂ ਦੇ ਸੰਸਾਰ ਵਿਚ ਕਦੇ ਪ੍ਰਵੇਸ਼ ਨਹੀਂ ਕੀਤਾ ਹੈ, ਤਾਂ ਆਓ ਹੁਣ ਜ਼ਰਾ ਇਕ ਨਜ਼ਰ ਮਾਰੀਏ।
ਅਸੀਂ ਿਨੱਕੇ ਆਕਾਰ ਦੀ ਪੁਸਤਕ ਦੀ ਪਰਿਭਾਸ਼ਾ ਕਿਵੇਂ ਦਿੰਦੇ ਹਾਂ? ਇਕ ਆਮ ਨਿਯਮ ਇਹ ਹੈ ਕਿ ਇਸ ਦੀ ਲੰਬਾਈ ਜਾਂ ਚੌੜਾਈ 76 ਮਿਲੀਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਇਸ ਮਾਪ ਵਿਚ ਜਿਲਦ ਵੀ ਮਿਣੀ ਗਈ ਹੈ, ਹਾਲਾਂਕਿ ਕੁਝ ਸਾਵਧਾਨ ਸੰਗ੍ਰਹਿਕਰਤਾ ਪੁਸਤਕ ਦੇ ਕੇਵਲ ਸਫ਼ਿਆਂ ਨੂੰ ਹੀ ਮਿਣਨਾ ਪਸੰਦ ਕਰਦੇ ਹਨ। ਇਹ ਿਨੱਕੇ ਆਕਾਰ ਦੀਆਂ ਪੁਸਤਕਾਂ ਕਿਉਂ ਛਾਪੀਆਂ ਗਈਆਂ ਸਨ?
ਇਸ ਕਲਾ ਦੇ ਪਹਿਲੂ
ਆਮ ਖ਼ਿਆਲਾਂ ਦੇ ਉਲਟ, ਜ਼ਿਆਦਾਤਰ ਿਨੱਕੇ ਆਕਾਰ ਦੀਆਂ ਪੁਸਤਕਾਂ ਕਾਫ਼ੀ ਪੜ੍ਹਨਯੋਗ ਹੁੰਦੀਆਂ ਹਨ। ਨਿੱਕੀਆਂ ਜੰਤਰੀਆਂ, ਕਲਾਸਿਕੀ ਪੁਸਤਕਾਂ, ਨਾਵਲ, ਨਾਟਕ, ਸ਼ਬਦ-ਕੋਸ਼, ਅਤੇ ਪਵਿੱਤਰ ਲਿਖਤਾਂ ਆਸਾਨੀ ਨਾਲ ਆਪਣੇ ਨਾਲ ਲਿਜਾਈਆਂ ਅਤੇ ਵਰਤੀਆਂ ਜਾ ਸਕਦੀਆਂ ਹਨ। ਭਾਵੇਂ ਕਿ ਕਈ ਸਾਲ ਪਹਿਲਾਂ ਅਜਿਹੀਆਂ ਛੋਟੀਆਂ ਪੁਸਤਕਾਂ ਰੱਖਣ ਦਾ ਇਹੀ ਇਕ ਮੁੱਖ ਕਾਰਨ ਹੁੰਦਾ ਸੀ, ਪਰ ਆਧੁਨਿਕ ਸੰਗ੍ਰਹਿਕਰਤਾ ਿਨੱਕੇ ਆਕਾਰ ਦੀਆਂ ਪੁਸਤਕਾਂ ਦੇ ਇਕ ਹੋਰ ਪਹਿਲੂ ਵਿਚ ਜ਼ਿਆਦਾ ਦਿਲਚਸਪੀ ਰੱਖਦਾ ਹੈ: ਇਨ੍ਹਾਂ ਪੁਸਤਕਾਂ ਨੂੰ ਛਾਪਣ ਵਾਲਿਆਂ ਅਤੇ ਜਿਲਦ ਚੜ੍ਹਾਉਣ ਵਾਲਿਆਂ ਦੀ ਕਾਰੀਗਰੀ।
ਛਾਪਕਾਂ ਨੂੰ ਛਾਪੇ ਦੇ ਅਜਿਹੇ ਅੱਖਰ ਡੀਜ਼ਾਈਨ ਕਰਨ ਅਤੇ ਬਣਾਉਣ ਵਿਚ ਅਨੇਕ ਤਕਨੀਕੀ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ ਜੋ ਵੱਡਦਰਸ਼ੀ ਸ਼ੀਸ਼ੇ ਦੀ ਸਹਾਇਤਾ ਨਾਲ ਜਾਂ ਉਸ ਤੋਂ ਬਿਨਾਂ ਪੜ੍ਹੇ ਜਾ ਸਕਣ। ਉਨ੍ਹਾਂ ਦੇ ਕੰਮ ਦਾ ਨਤੀਜਾ ਨਿਕਲਿਆ ਹੈ ਅਤਿ ਸੁੰਦਰ ਪੁਸਤਕਾਂ। ਇਹ ਨਿਸ਼ਚਿਤ ਕਰਨ ਲਈ ਕਿ ਛਾਪੇ ਗਏ ਸਫ਼ੇ ਸਾਫ਼-ਸਾਫ਼ ਪੜ੍ਹੇ ਜਾ ਸਕਣ, ਕਾਗਜ਼ ਅਤੇ ਸਿਆਹੀ ਬਣਾਉਣ ਵਾਲਿਆਂ ਨੇ ਵੀ ਆਪਣੀ ਮਾਹਰਤਾ ਸਾਂਝੀ ਕੀਤੀ।
ਪੁਸਤਕ ਦੀ ਛਪਾਈ ਤੋਂ ਬਾਅਦ, ਇਸ ਉੱਤੇ ਜਿਲਦ ਚੜ੍ਹਾਈ ਜਾਂਦੀ ਹੈ; ਅਤੇ ਿਨੱਕੇ ਆਕਾਰ ਦੀਆਂ ਪੁਸਤਕਾਂ ਦੀਆਂ ਜਿਲਦਾਂ ਬਹੁਤ ਹੀ ਕਮਾਲ ਦੀਆਂ ਹੋ ਸਕਦੀਆਂ ਹਨ। ਕਾਰੀਗਰਾਂ ਦੀ ਮਹਾਰਤ ਨਕਾਸ਼ੀਦਾਰ ਚਮੜੇ, ਸੋਨੇ ਜਾਂ ਚਾਂਦੀ ਦੀ ਤਾਰਕਸ਼ੀ, ਕੱਛੂਕੁੰਮੇ ਦੇ ਖੋਲ, ਜਾਂ ਸਜਾਵਟੀ ਝਾਲ ਨਾਲ ਬਣਾਈਆਂ ਗਈਆਂ ਨਿੱਕੀਆਂ ਜਿਲਦਾਂ ਵਿਚ ਦਿਸਦੀ ਹੈ। ਦੂਜੀਆਂ ਜਿਲਦਾਂ ਰੇਸ਼ਮ ਜਾਂ ਮਖਮਲ ਦੀਆਂ ਬਣੀਆਂ ਹੁੰਦੀਆਂ ਹਨ ਜਾਂ ਉਨ੍ਹਾਂ ਉੱਤੇ ਕਢਾਈ ਕੀਤੀ ਹੁੰਦੀ ਹੈ ਜਾਂ ਉਹ ਮੋਤੀਆਂ ਅਤੇ ਸਿਤਾਰਿਆਂ ਨਾਲ ਸਜਾਈਆਂ ਗਈਆਂ ਹੁੰਦੀਆਂ ਹਨ, ਅਤੇ ਉਨ੍ਹਾਂ ਨੂੰ ਸੰਭਾਲ ਕੇ ਰੱਖਣ ਲਈ ਕਈਆਂ ਪੁਸਤਕਾਂ ਨਾਲ ਛੋਟੇ ਬਕਸੇ ਹੁੰਦੇ ਹਨ।
ਪੁਸਤਕਾਂ ਦੇ ਪਾਠਾਂ ਨੂੰ ਤਸਵੀਰਾਂ ਨਾਲ ਦਰਸਾਉਣ ਵਾਲਿਆਂ ਨੇ ਹੈਰਾਨਕੁਨ ਤਰੀਕੇ ਨਾਲ ਵਿਸਤ੍ਰਿਤ ਤਸਵੀਰਾਂ ਬਣਾਈਆਂ, ਜਿਨ੍ਹਾਂ ਨੂੰ ਬਣਾਉਣ ਲਈ ਉਨ੍ਹਾਂ ਨੇ ਅਕਸਰ ਸਫ਼ੇ ਦਾ ਸੱਤ ਵਰਗ ਸੈਂਟੀਮੀਟਰ ਤੋਂ ਵੀ ਘੱਟ ਹਿੱਸਾ ਵਰਤਿਆ! 1890 ਦੇ ਦਹਾਕੇ ਵਿਚ ਛਾਪੀ ਗਈ, 368 ਸਫ਼ਿਆਂ ਵਾਲੀ ਬ੍ਰਾਈਸਿਜ਼ ਥੰਮ ਇੰਗਲਿਸ਼ ਡਿਕਸ਼ਨਰੀ ਵਿਚ ਅੰਗ੍ਰੇਜ਼ੀ ਕੋਸ਼ਕਾਰ ਡਾ. ਸੈਮਯੂਲ ਜੌਨਸਨ ਦੀ ਤਸਵੀਰ ਇਸ ਕਾਰੀਗਰੀ ਦੀ ਇਕ ਉਦਾਹਰਣ ਹੈ; ਇਕ ਹੋਰ ਉਦਾਹਰਣ, ਸ਼ੇਕਸਪੀਅਰ ਦੀ ਕਿੰਗ ਰਿਚਰਡ III ਨਾਮਕ ਪੁਸਤਕ ਦੇ ਪਹਿਲੇ ਸਫ਼ੇ ਦੇ ਸਾਮ੍ਹਣੇ ਵਾਲੇ ਸਫ਼ੇ ਤੇ ਦਿੱਤੀ ਗਈ ਤਸਵੀਰ, ਜੋ 1909 ਵਿਚ ਅੰਗ੍ਰੇਜ਼ੀ ਅਭਿਨੇਤਰੀ ਐਲਨ ਟੈਰੀ ਨੂੰ ਸਮਰਪਿਤ ਕੀਤੀ ਗਈ ਸੀ।
ਪੈਰਿਸ ਵਿਚ ਪ੍ਰਕਾਸ਼ਿਤ ਬੀਬਲੀਓਟੇਕ ਪੌਰਟੇਟੀਵ ਡੁ ਵੌਏਜ਼ੋਰ ਇਕ ਨਿੱਕੀ ਲਾਇਬ੍ਰੇਰੀ ਹੈ। ਇਹ ਵਿਚਾਰ ਕੀਤਾ ਜਾਂਦਾ ਹੈ ਕਿ ਨੈਪੋਲੀਅਨ ਬੋਨਾਪਾਰਟ ਆਪਣੀਆਂ ਫ਼ੌਜੀ ਕਾਰਵਾਈਆਂ ਦੌਰਾਨ ਇਸ ਨੂੰ ਆਪਣੇ ਨਾਲ ਲਿਜਾਂਦਾ ਸੀ। ਇਸ ਦੀਆਂ 49 ਫਰਾਂਸੀਸੀ ਕਲਾਸਿਕੀ ਪੁਸਤਕਾਂ ਇਕ ਚਮੜੇ ਦੇ ਡੱਬੇ ਵਿਚ ਰੱਖੀਆਂ ਜਾਂਦੀਆਂ ਹਨ ਜੋ ਬੰਦ ਕੀਤੇ ਜਾਣ ਤੇ 30 ਕੁ ਸੈਂਟੀਮੀਟਰ ਦੀ ਇਕ ਵੱਡੀ ਪੁਸਤਕ ਵਾਂਗ ਜਾਪਦਾ ਹੈ।
ਥੰਮ ਬਾਈਬਲਾਂ
ਜ਼ਰੂਰੀ ਨਹੀਂ ਕਿ ਥੰਮ ਬਾਈਬਲਾਂ ਪੂਰੀਆਂ ਬਾਈਬਲਾਂ ਹੋਣ। ਕਈਆਂ ਵਿਚ ਕੇਵਲ “ਨਵਾਂ ਨੇਮ” ਹੀ ਹੁੰਦਾ ਹੈ। ਦੂਜੀਆਂ ਵਿਚ ਬਾਈਬਲ ਕਹਾਣੀਆਂ ਦਾ ਨਿਚੋੜ ਹੁੰਦਾ ਹੈ ਜਾਂ ਕੁਝ 7,000 ਸ਼ਬਦਾਂ ਵਿਚ ਬਾਈਬਲ ਦਾ ਪੂਰਾ ਇਤਿਹਾਸ ਲਿਖਿਆ ਹੁੰਦਾ ਹੈ, ਅਤੇ ਉਹ ਖ਼ਾਸ ਕਰਕੇ ਬੱਚਿਆਂ ਦੇ ਪੜ੍ਹਨ ਲਈ ਬਣਾਈਆਂ ਗਈਆਂ ਸਨ। ਉਨ੍ਹਾਂ ਦੇ ਅਜਿਹੇ ਸਿਰਲੇਖ ਹਨ ਜਿਵੇਂ ਕਿ ਿਨੱਕੇ ਆਕਾਰ ਦੀ ਬਾਈਬਲ, ਪਵਿੱਤਰ ਬਾਈਬਲ ਦਾ ਇਤਿਹਾਸ, ਅਤੇ ਬੱਚੇ ਦੀ ਬਾਈਬਲ (ਸਭ ਅੰਗ੍ਰੇਜ਼ੀ)।
ਥੰਮ ਬਾਈਬਲ ਦਾ ਨਾਂ ਕਿਵੇਂ ਪਿਆ? ਸ਼ਾਇਦ ਇਸ ਕਰਕੇ ਕਿ ਅਜਿਹੀ ਬਾਈਬਲ ਮਾਨਵ ਅੰਗੂਠੇ ਦੇ ਉਪਰਲੇ ਹਿੱਸੇ ਨਾਲੋਂ ਥੋੜ੍ਹੀ ਹੀ ਵੱਡੀ ਹੁੰਦੀ ਹੈ। ਪਰ ਥੰਮ ਬਾਈਬਲਾਂ ਦੀਆਂ ਤਿੰਨ ਸਦੀਆਂ (ਅੰਗ੍ਰੇਜ਼ੀ) ਨਾਮਕ ਪੁਸਤਕ ਇਹ ਸੁਝਾਅ ਦਿੰਦੀ ਹੈ ਕਿ ਇਹ ਨਾਂ ਸ਼ਾਇਦ ਪ੍ਰਸਿੱਧ ਅਮਰੀਕੀ ਬੌਣੇ ਚਾਰਲਜ਼ ਸਟ੍ਰੈਟਨ, ਜੋ ਜਰਨੈਲ ਟੌਮ ਥੰਮ ਦੇ ਨਾਂ ਤੋਂ ਬਿਹਤਰ ਜਾਣਿਆ ਜਾਂਦਾ ਹੈ, ਦੀ ਇੰਗਲੈਂਡ ਯਾਤਰਾ ਤੋਂ ਬਾਅਦ ਘੜਿਆ ਗਿਆ ਸੀ। ਇਸ ਦਾਅਵੇ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੁੰਦੀ ਹੈ ਕਿ ਟੌਮ ਥੰਮ ਨੇ 1844 ਵਿਚ ਇੰਗਲੈਂਡ ਦੀ ਸੈਰ ਕੀਤੀ ਅਤੇ ਇਵੇਂ ਜਾਪਦਾ ਹੈ ਕਿ ਇਹ ਨਾਂ “ਥੰਮ ਬਾਈਬਲ” ਲੰਡਨ ਵਿਚ ਪਹਿਲੀ ਵਾਰ 1849 ਵਿਚ ਵਰਤਿਆ ਗਿਆ ਸੀ।
ਬਾਈਬਲ ਦੇ ਅਸਾਧਾਰਣ ਖੰਡ
ਨਿੱਕੀਆਂ ਬਾਈਬਲਾਂ ਦੇ ਸੰਸਾਰ ਵਿਚ ਇਕ ਹੋਰ ਅਨੋਖੀ ਬਾਈਬਲ ਹੈ ਦ ਫ਼ਿੰਗਰ ਨਿਊ ਟੈਸਟਾਮੈਂਟ, ਜੋ 20ਵੀਂ ਸਦੀ ਦੇ ਸ਼ੁਰੂ ਵਿਚ ਛਾਪੀ ਗਈ ਸੀ। ਇਹ ਸਿਰਫ਼ ਤਿੰਨ ਸੈਂਟੀਮੀਟਰ ਚੌੜੀ ਅਤੇ ਨੌਂ ਸੈਂਟੀਮੀਟਰ ਲੰਬੀ ਹੈ—ਉਂਗਲ ਜਿੰਨੀ ਲੰਬੀ—ਜਿਸ ਕਰਕੇ ਇਸ ਦਾ ਇਹ ਨਾਂ ਪਿਆ। ਪਰੰਤੂ, ਕਿਉਂਕਿ ਇਹ 76 ਮਿਲੀਮੀਟਰ ਤੋਂ ਲੰਬੀ ਹੈ, ਇਸ ਲਈ ਇਹ ਪੱਕੇ ਤੌਰ ਤੇ ਇਕ ਿਨੱਕੇ ਆਕਾਰ ਦੀ ਪੁਸਤਕ ਨਹੀਂ ਹੈ, ਭਾਵੇਂ ਕਿ ਇਹ ਆਮ ਤੌਰ ਤੇ ਅਜਿਹੀਆਂ ਬਾਈਬਲਾਂ ਵਿਚ ਗਿਣੀ ਜਾਂਦੀ ਹੈ। ਇਸ ਨਿੱਕੀ ਪੁਸਤਕ ਵਿਚ ਵਰਤੇ ਗਏ 4-ਪੁਆਇੰਟ ਟਾਈਪ ਵਾਲੇ ਅੱਖਰ ਬਹੁਤ ਸਪੱਸ਼ਟ ਹਨ ਅਤੇ ਕਈ ਵਿਅਕਤੀ ਇਸ ਪੁਸਤਕ ਨੂੰ ਵੱਡਦਰਸ਼ੀ ਸ਼ੀਸ਼ੇ ਤੋਂ ਬਿਨਾਂ ਸੌਖਿਆਂ ਹੀ ਪੜ੍ਹ ਸਕਦੇ ਹਨ।
ਇਕ ਅਸਾਧਾਰਣ ਪੁਸਤਕ ਦਾ ਸਿਰਲੇਖ ਹੈ ਸਚਿੱਤ੍ਰਿਤ ਬਾਈਬਲ (ਅੰਗ੍ਰੇਜ਼ੀ)। ਇਸ ਵਿਚ ਦਿੱਤੀ ਗਈ ਕਵਿਤਾ ਦਾ ਸਿਰਲੇਖ ਹੈ ਸਵਰਗ ਨੂੰ ਜਾਂਦੀ ਪਟੜੀ। ਇਹ ਪੁਸਤਕ 50 ਸਾਲਾਂ ਤੋਂ ਜ਼ਿਆਦਾ ਸਮੇਂ ਤਕ ਛੱਪਦੀ ਰਹੀ ਜਦੋਂ ਬਰਤਾਨੀਆ ਵਿਚ ਰੇਲ-ਗੱਡੀਆਂ ਪਹਿਲਾਂ-ਪਹਿਲ ਚੱਲੀਆਂ ਸਨ। ਇਸ ਦੇ ਲੇਖਕ ਨੇ ਦੋ ਸਫ਼ਿਆਂ ਦੀ ਇਕ ਕਵਿਤਾ ਲਿਖੀ ਜਿਸ ਨੇ ਉਸ ਸਮੇਂ ਦੀਆਂ ਰੇਲ-ਗੱਡੀਆਂ ਦਾ ਪੂਰਾ ਲਾਭ ਉਠਾਇਆ। ਉਸ ਨੇ ਇਸ ਦਾ ਨਾਂ ਰੱਖਿਆ, “ਤੁਹਾਨੂੰ ਦੂਜੀ ਪਟੜੀ ਤੇ ਪਾਉਣ ਲਈ।” ਉਸ ਦੂਜੀ ਪਟੜੀ ਦੀ ਪਛਾਣ “ਯਿਸੂ ਮਸੀਹ, ਯਹੋਵਾਹ ਦੇ ਪੁੱਤਰ” ਵਜੋਂ ਕੀਤੀ ਗਈ ਹੈ। ਕਵਿਤਾ ਇਵੇਂ ਸਮਾਪਤ ਹੁੰਦੀ ਹੈ: “ਰੱਬ ਨੇ ਆਖਿਆ, ਹੇ ਪੁੱਤ, ਆਪਣਾ ਦਿਲ ਕਰ ਨਾਂ ਮੇਰੇ। ਛੇਤੀ ਕਰ—ਨਹੀਂ ਤਾਂ ਗੱਡੀ ਚਲੀ ਜਾਵੇਗੀ ਬਿਨ ਤੇਰੇ।”
ਸਾਲ 1900 ਵਿਚ ਛਪੀ ਮੇਰਾ ਸਵੇਰ ਦਾ ਉਪਦੇਸ਼ਕ (ਅੰਗ੍ਰੇਜ਼ੀ) ਪੁਸਤਕ ਵੀ ਨਿਰਾਲੀ ਹੈ। ਇਸ ਵਿਚ ਪ੍ਰਤਿਦਿਨ ਲਈ ਇਕ ਬਾਈਬਲ ਪਾਠ ਦਿੱਤਾ ਗਿਆ ਹੈ, ਅਤੇ ਹਰ ਮਹੀਨੇ ਦੇ ਸ਼ੁਰੂ ਵਿਚ ਈਸ਼ਵਰੀ ਨਾਂ ਦਾ ਕੋਈ-ਨ-ਕੋਈ ਰੂਪ ਦਿਖਾਇਆ ਗਿਆ ਹੈ। ਉਦਾਹਰਣ ਲਈ, ਫਰਵਰੀ ਲਈ “ਯਹੋਵਾਹ-ਸ਼ਲੋਮ” ਰੂਪ ਦਿਖਾਇਆ ਗਿਆ ਹੈ। ਇਹ ਪੁਸਤਕ ਅਤੇ ਪਹਿਲਾਂ ਜ਼ਿਕਰ ਕੀਤੀ ਗਈ ਸਚਿੱਤ੍ਰਿਤ ਬਾਈਬਲ, ਦੋਵੇਂ ਇਹ ਦਿਖਾਉਂਦੀਆਂ ਹਨ ਕਿ ਬਰਤਾਨੀਆ ਵਿਚ ਸੌ ਸਾਲ ਪਹਿਲਾਂ, ਪਰਮੇਸ਼ੁਰ ਦਾ ਨਾਂ, ਯਹੋਵਾਹ, ਆਮ ਵਰਤਿਆ ਜਾਂਦਾ ਸੀ।
ਸਭ ਤੋਂ ਛੋਟੀ?
ਸਦੀਆਂ ਦੇ ਦੌਰਾਨ ਬਹੁਤ ਲੋਕਾਂ ਨੇ ਸਭ ਤੋਂ ਛੋਟੀ ਪੁਸਤਕ ਛਾਪਣ ਦੇ ਦਾਅਵੇ ਕੀਤੇ ਹਨ। ਪਹਿਲਾ ਜਾਇਜ਼ ਦਾਅਵਾ 1674 ਵਿਚ ਕੀਤਾ ਗਿਆ ਸੀ ਜਦੋਂ ਸੀ. ਫ਼ਾਨ ਲਾਂਗੇ ਦੁਆਰਾ ਬਲੂਮ-ਹੌਫ਼ਯੇ ਪੁਸਤਕ, ਿਨੱਕੇ ਟਾਈਪ ਵਿਚ ਛਾਪੀ ਗਈ ਸੀ। ਿਨੱਕੇ ਆਕਾਰ ਦੀਆਂ ਪੁਸਤਕਾਂ (ਅੰਗ੍ਰੇਜ਼ੀ) ਇਸ ਨੂੰ “ਉਂਗਲ ਦੇ ਨਹੁੰ ਜਿੰਨੀ” ਦੱਸਦੀ ਹੈ, ਅਤੇ ਇਸ ਨੇ ਇਕ ਰਿਕਾਰਡ ਕਾਇਮ ਕੀਤਾ ਜੋ 200 ਤੋਂ ਵੱਧ ਸਾਲਾਂ ਤਕ ਬਣਿਆ ਰਿਹਾ।
ਦਾਂਤੇ ਦੀ ਲਾ ਡੀਵੀਨਾ ਕੌਮੇਡੀਆ ਪ੍ਰਸਿੱਧ ਸੰਸਕਰਣ 2-ਪੁਆਇੰਟ ਟਾਈਪ ਵਾਲੇ ਅੱਖਰਾਂ ਨਾਲ ਛਾਪਿਆ ਗਿਆ ਸੀ। ਇਹ ਵਿਚਾਰ ਕੀਤਾ ਜਾਂਦਾ ਹੈ ਕਿ ਇਹ ਸਭ ਤੋਂ ਛੋਟਾ ਟਾਈਪ ਹੈ ਜੋ ਕਦੇ ਵੀ ਵਰਤਿਆ ਗਿਆ ਹੈ ਅਤੇ ਨੰਗੀਆਂ ਅੱਖਾਂ ਨਾਲ ਮਸਾਂ ਹੀ ਪੜ੍ਹਿਆ ਜਾਂਦਾ ਹੈ। ਇਹ ਪੁਸਤਕ 1878, ਪਡੂਆ ਨਾਮਕ ਸ਼ਹਿਰ, ਇਟਲੀ ਵਿਚ ਬਣਾਈ ਗਈ ਸੀ। 30 ਸਫ਼ਿਆਂ ਨੂੰ ਛਾਪਣ ਲਈ ਇਕ ਮਹੀਨਾ ਲੱਗਾ, ਅਤੇ ਹਰ ਨਵੇਂ ਫਰਮੇ ਲਈ ਨਵੇਂ ਟਾਈਪ ਦੀ ਜ਼ਰੂਰਤ ਪਈ। ਇਸ ਦੇ ਬਾਵਜੂਦ, 1,000 ਕਾਪੀਆਂ ਛਾਪੀਆਂ ਗਈਆਂ।
ਆਕਾਰ ਘਟਾਉਣ ਦਾ ਕੰਮ ਜਾਰੀ ਰਿਹਾ। 1978 ਵਿਚ ਪੇਜ਼ਲੀ, ਸਕਾਟਲੈਂਡ, ਵਿਖੇ ਗਲੈਨੀਫ਼ਰ ਪ੍ਰੈੱਸ ਤੇ ਛਾਪੀ ਗਈ ਬੱਚਿਆਂ ਦੀ ਕਵਿਤਾ ਤਿੰਨ ਅੰਨ੍ਹੇ ਚੂਹੇ (Three Blind Mice) “ਸੰਸਾਰ ਦੀ ਸਭ ਤੋਂ ਛੋਟੀ ਪੁਸਤਕ” ਬਣੀ। 1985 ਵਿਚ ਉਨ੍ਹਾਂ ਹੀ ਛਾਪਕਾਂ ਨੇ ਇਸ ਸੀਮਿਤ ਸੰਸਕਰਣ ਤੋਂ ਪਾਰ ਲੰਘ ਕੇ ਬੱਚਿਆਂ ਦੀ ਇਕ ਹੋਰ ਕਵਿਤਾ ਬੁੱਢਾ ਰਾਜਾ ਕੋਲ! (Old King Cole!) ਦੀਆਂ 85 ਕਾਪੀਆਂ ਛਾਪੀਆਂ। ਹਰੇਕ ਕਾਪੀ ਦੀ ਲੰਬਾਈ ਅਤੇ ਚੌੜਾਈ ਇਕ ਮਿਲੀਮੀਟਰ ਹੈ। ਇਸ ਦੇ ਸਫ਼ੇ—ਸੂਈ ਦੀ ਸਹਾਇਤਾ ਨਾਲ ਪਲਟਾਏ ਜਾ ਸਕਦੇ ਹਨ!
ਇੰਨੀਆਂ ਨਿੱਕੀਆਂ ਪੁਸਤਕਾਂ, ਜਿਨ੍ਹਾਂ ਨੂੰ ਲੂਇਸ ਬੌਂਡੀ ਨੇ “ਧੂੜ ਦਾ ਕਿਣਕਾ” ਕਿਹਾ, ਬੇਹਿਸਾਬ ਧੀਰਜ ਅਤੇ ਕਾਰੀਗਰੀ ਦਾ ਸਬੂਤ ਦਿੰਦੀਆਂ ਹਨ। ਪਰੰਤੂ, ਇਹ ਅਤਿ ਛੋਟੀਆਂ ਪੁਸਤਕਾਂ ਉਨ੍ਹਾਂ ਿਨੱਕੇ ਆਕਾਰ ਦੀਆਂ ਪੁਸਤਕਾਂ ਦੇ ਮੁਢਲੇ ਮਕਸਦ ਤੋਂ ਪਾਰ ਲੰਘ ਗਈਆਂ ਹਨ। ਮੁਢਲਾ ਮਕਸਦ ਇਹ ਸੀ ਕਿ ਅਜਿਹੀਆਂ ਪੁਸਤਕਾਂ ਉਤਪੰਨ ਕੀਤੀਆਂ ਜਾਣ ਜੋ ਸੌਖਿਆਂ ਹੀ ਪੜ੍ਹੀਆਂ ਅਤੇ ਵਰਤੀਆਂ ਜਾ ਸਕਣ।
ਇਨ੍ਹਾਂ ਿਨੱਕੇ ਆਕਾਰ ਦੀਆਂ ਸੁੰਦਰ ਪੁਸਤਕਾਂ ਦੇ ਵਧੀਆ ਸੰਗ੍ਰਹਿ ਮਿਊਜ਼ੀਅਮਾਂ ਵਿਚ ਦੇਖੇ ਜਾ ਸਕਦੇ ਹਨ ਅਤੇ ਬਹੁਤ ਸਾਰੀਆਂ ਪੁਸਤਕਾਂ ਲੋਕਾਂ ਦੀ ਨਿੱਜੀ ਅਮਾਨਤ ਹਨ। ਜੇਕਰ ਤੁਸੀਂ ਕਦੇ ਇਸ ਮਨਮੋਹਣੇ ਸੰਸਾਰ ਵਿਚ ਪ੍ਰਵੇਸ਼ ਕਰੋ, ਤਾਂ ਯਾਦ ਰੱਖੋ ਕਿ ਇਹ ਨਿੱਕੀਆਂ-ਨਿੱਕੀਆਂ ਪੁਸਤਕਾਂ ਹੱਥਾਂ ਵਿਚ ਬਹੁਤ ਧਿਆਨ ਨਾਲ ਫੜੀਆਂ ਜਾਣੀਆਂ ਚਾਹੀਦੀਆਂ ਹਨ। ਇਹ ਵਾਕਈ ਹੀ ਬੇਮਿਸਾਲ ਕਲਾਕਾਰੀ ਦੇ ਕੰਮ ਹਨ!
[ਸਫ਼ੇ 23 ਉੱਤੇ ਡੱਬੀ/ਤਸਵੀਰ]
ਫੋਟੋਮਕੈਨੀਕਲ ਜ਼ਰੀਏ ਆਕਾਰ ਘਟਾਉਣਾ
ਛਾਪਿਆ ਗਿਆ ਸਭ ਤੋਂ ਛੋਟਾ “ਨਵਾਂ ਨੇਮ,” 1895 ਵਿਚ ਸਕਾਟਲੈਂਡ ਵਿਚ ਗਲਾਸਗੋ ਦੇ ਡੇਵਿਡ ਬ੍ਰਾਈਸ ਨੇ ਬਣਾਇਆ ਸੀ। ਇਸ ਦਾ ਮਾਪ 1.9 ਸੈਂਟੀਮੀਟਰ ਗੁਣਾ 1.6 ਸੈਂਟੀਮੀਟਰ ਹੈ ਅਤੇ ਇਹ ਪੁਸਤਕ ਸਿਰਫ਼ 0.8 ਸੈਂਟੀਮੀਟਰ ਮੋਟੀ ਹੈ! ਇਸ ਨੂੰ ਛਾਪਣਾ ਕਿਵੇਂ ਸੰਭਵ ਹੋਇਆ? ਲੂਇਸ ਬੌਂਡੀ ਿਨੱਕੇ ਆਕਾਰ ਦੀਆਂ ਪੁਸਤਕਾਂ ਵਿਚ ਵਿਆਖਿਆ ਕਰਦਾ ਹੈ: “ਇਸ ਦਾ ਆਕਾਰ ਫੋਟੋਮਕੈਨੀਕਲ ਜ਼ਰੀਏ ਘਟਾ ਕੇ ਇਹ ਬਾਰੀਕ ਅਤੇ ਸਾਫ਼-ਸਾਫ਼ ਛਾਪੀ ਗਈ।” ਸੌ ਸਾਲ ਪਹਿਲਾਂ ਇਹ ਕੋਈ ਛੋਟੀ-ਮੋਟੀ ਪ੍ਰਾਪਤੀ ਨਹੀਂ ਸੀ ਜਦੋਂ ਫੋਟੋਗ੍ਰਾਫੀ ਅਜੇ ਆਪਣੇ ਮੁਢਲੇ ਪੜਾਅ ਵਿਚ ਹੀ ਸੀ।
ਇਹੋ ਢੰਗ ਵਰਤਦਿਆਂ ਡੇਵਿਡ ਬ੍ਰਾਈਸ ਨੇ ਕਈ ਥੰਮ ਬਾਈਬਲਾਂ ਵੀ ਛਾਪੀਆਂ। ਉਨ੍ਹਾਂ ਵਿਅਕਤੀਆਂ ਲਈ ਜਿਨ੍ਹਾਂ ਨੂੰ ਬਾਰੀਕ ਅੱਖਰ ਪੜ੍ਹਨੇ ਮੁਸ਼ਕਲ ਲੱਗਦੇ ਹਨ, ਹਰੇਕ ਬਾਈਬਲ ਦੀ ਜਿਲਦ ਦੇ ਅੰਦਰ ਇਕ ਵੱਡਦਰਸ਼ੀ ਸ਼ੀਸ਼ਾ ਰੱਖਿਆ ਹੁੰਦਾ ਹੈ। ਇਸ ਦੀ ਮਦਦ ਨਾਲ, ਮਿਹਨਤੀ ਪਾਠਕਾਂ ਲਈ ਇਸ ਨੂੰ ਪੜ੍ਹਨਾ ਸੰਭਵ ਹੈ।
ਇਹ ਗੱਲ ਧਿਆਨਯੋਗ ਹੈ ਕਿ ਵਿਸ਼ਵ ਯੁੱਧ II ਦੌਰਾਨ ਯਹੋਵਾਹ ਦੇ ਗਵਾਹਾਂ ਨੇ ਨਾਜ਼ੀ ਅਤੇ ਬਾਅਦ ਵਿਚ ਕਮਿਊਨਿਸਟਾਂ ਦੇ ਸਮੇਂ ਆਪਣੀ ਸਤਾਹਟ ਦੌਰਾਨ, ਫੋਟੋਗ੍ਰਾਫੀ ਦੇ ਜ਼ਰੀਏ ਆਕਾਰ ਵਿਚ ਛੋਟੇ ਕੀਤੇ ਗਏ ਪ੍ਰਕਾਸ਼ਨਾਂ ਦੀ ਚੰਗੀ ਵਰਤੋਂ ਕੀਤੀ। ਨਾਲ ਦੀਆਂ ਤਸਵੀਰਾਂ ਵਿਚ ਇਸੇ ਢੰਗ ਨਾਲ ਛਾਪੀ ਗਈ ਇਕ ਬਾਈਬਲ ਅਧਿਐਨ ਸਹਾਇਕ ਪੁਸਤਕ ਦਿਖਾਈ ਗਈ ਹੈ। ਇਹ ਤੀਲਾਂ ਦੀ ਇਕ ਡੱਬੀ ਵਿਚ ਲੁਕਾ ਕੇ, ਇਕ ਨਾਜ਼ੀ ਨਜ਼ਰਬੰਦੀ-ਕੈਂਪ ਵਿਚ ਯਹੋਵਾਹ ਦੇ ਗਵਾਹਾਂ ਕੋਲ ਚੋਰੀ ਲਿਜਾਈ ਗਈ ਸੀ।
ਇਹ ਇਕ ਤੀਲਾਂ ਦੀ ਡੱਬੀ ਵਿਚ ਫਿਟ ਹੋਈ ਅਤੇ ਇਕ ਨਾਜ਼ੀ ਨਜ਼ਰਬੰਦੀ-ਕੈਂਪ ਵਿਚ ਚੋਰੀ ਲਿਜਾਈ ਗਈ ਸੀ
[ਸਫ਼ੇ 22 ਉੱਤੇ ਤਸਵੀਰ]
ਭਾਵੇਂ ਕਿ ਛੋਟੀਆਂ ਹਨ, ਪਰ ਿਨੱਕੇ ਆਕਾਰ ਦੀਆਂ ਪੁਸਤਕਾਂ ਪੜ੍ਹਨਯੋਗ ਹਨ
[ਸਫ਼ੇ 24 ਉੱਤੇ ਤਸਵੀਰ]
ਿਨੱਕੇ ਆਕਾਰ ਦੀਆਂ ਪੁਸਤਕਾਂ ਦੀ ਇਕ ਲਾਇਬ੍ਰੇਰੀ