ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g98 7/8 ਸਫ਼ੇ 28-29
  • ਸੰਸਾਰ ਉੱਤੇ ਨਜ਼ਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੰਸਾਰ ਉੱਤੇ ਨਜ਼ਰ
  • ਜਾਗਰੂਕ ਬਣੋ!—1998
  • ਸਿਰਲੇਖ
  • ਤੁਰਨਾ ਸ਼ਾਇਦ ਜ਼ਿੰਦਗੀ ਦੀ ਲੰਬਾਈ ਵਧਾਵੇ
  • ਤਮਾਖੂ-ਸੰਬੰਧੀ ਮੌਤਾਂ
  • ਬੱਚਿਆਂ ਉੱਤੇ ਟੀ. ਵੀ. ਦਾ ਅਸਰ
  • ਸੰਗੀਤ ਬੱਚਿਆਂ ਦੀ ਮਦਦ ਕਰਦਾ ਹੈ
  • ਦੁਨੀਆਂ ਦੀ ਭੋਜਨ ਥਾਲ਼ੀ
  • ਅੰਗ ਦਾਨ ਕਰਨ ਵਾਲੇ
  • ਜੋਤਸ਼ੀਆਂ ਲਈ ਇਕ ਭੈੜਾ ਸਾਲ
  • ਮਿਟ ਰਹੇ ਜੰਗਲ
  • ਵਿਸ਼ਵ-ਵਿਆਪੀ ਖ਼ੁਰਾਕ ਦੀ ਕਮੀ ਦਾ ਅੰਦਾਜ਼ਾ
ਜਾਗਰੂਕ ਬਣੋ!—1998
g98 7/8 ਸਫ਼ੇ 28-29

ਸੰਸਾਰ ਉੱਤੇ ਨਜ਼ਰ

ਤੁਰਨਾ ਸ਼ਾਇਦ ਜ਼ਿੰਦਗੀ ਦੀ ਲੰਬਾਈ ਵਧਾਵੇ

ਏਸ਼ੀਆਵੀਕ ਕਹਿੰਦਾ ਹੈ ਕਿ ਹਰ ਦਿਨ ਤੁਰਨਾ ਤੁਹਾਡੀ ਜ਼ਿੰਦਗੀ ਦੀ ਲੰਬਾਈ ਨੂੰ ਕਾਫ਼ੀ ਵਧਾ ਸਕਦਾ ਹੈ। ਇਕ 12 ਸਾਲ ਦੇ ਅਧਿਐਨ ਨੇ 61 ਤੋਂ 81 ਸਾਲਾਂ ਦੀ ਉਮਰ ਦੇ ਉਨ੍ਹਾਂ 707 ਸਿਗਰਟ ਨਾ ਪੀਣ ਵਾਲੇ ਆਦਮੀਆਂ ਤੇ ਧਿਆਨ ਕੇਂਦ੍ਰਿਤ ਕੀਤਾ ਜੋ ਤੁਰ ਸਕਦੇ ਸਨ। ‘ਹਰ ਦਿਨ ਸਿਰਫ਼ 3.2 ਕਿਲੋਮੀਟਰ (ਦੋ ਮੀਲ) ਤੁਰਨ ਵਾਲਿਆਂ ਨੇ ਸਾਰਿਆਂ ਕਾਰਨਾਂ ਤੋਂ ਆਪਣੀ ਮੌਤ ਦਾ ਖ਼ਤਰਾ 50% ਘਟਾਇਆ—ਭਾਵੇਂ ਉਹ ਆਰਾਮ ਨਾਲ ਹੀ ਤੁਰਦੇ ਸਨ,’ ਰਿਪੋਰਟ ਨੋਟ ਕਰਦੀ ਹੈ। ਉਨ੍ਹਾਂ ਨਾਲੋਂ ਜੋ ਰੋਜ਼ ਘੱਟ ਤੋਂ ਘੱਟ ਦੋ ਮੀਲ ਤੁਰਦੇ ਸਨ ਨਾ ਤੁਰਨ ਵਾਲਿਆਂ ਲਈ ਹਰ ਕਿਸਮ ਦੇ ਕੈਂਸਰ ਤੋਂ ਮਰਨਾ 2.5 ਗੁਣਾ ਜ਼ਿਆਦਾ ਸੰਭਵ ਸੀ। ਦ ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ ਵਿਚ ਛਾਪੇ ਗਏ ਇਸ ਅਧਿਐਨ ਨੇ ਪਤਾ ਲਗਾਇਆ ਕਿ ਰੋਜ਼ ਕੇਵਲ ਅੱਧਾ ਹੀ ਮੀਲ ਤੁਰਨ ਨੇ ਮੌਤਾਂ ਦੀ ਗਿਣਤੀ ਘਟਾਈ ਹੈ। ਪਹਿਲਾਂ, ਕਸਰਤ ਅਤੇ ਤੰਦਰੁਸਤੀ ਦੇ ਮਾਹਰਾਂ ਨੂੰ ਅਜਿਹੀ ਘੱਟ-ਸਖ਼ਤੀ ਵਾਲੀ ਕਸਰਤ ਬਾਰੇ ਸ਼ੱਕ ਸੀ। ਹੁਣ, ਇਹ ਨਵਾਂ ਅਧਿਐਨ ਸਿੱਟਾ ਕੱਢਦਾ ਹੈ: “ਵੱਡੀ ਉਮਰ ਦੇ ਲੋਕਾਂ ਨੂੰ ਤੁਰਨ ਦੀ ਸਲਾਹ ਦੇਣੀ ਉਨ੍ਹਾਂ ਦੀ ਸਿਹਤ ਲਈ ਲਾਭਦਾਇਕ ਹੋ ਸਕਦਾ ਹੈ।”

ਤਮਾਖੂ-ਸੰਬੰਧੀ ਮੌਤਾਂ

ਪ੍ਰੋਫ਼ੈਸਰ ਜੂਡਿਥ ਮਕੇ, ਜੋ ਤਮਾਖੂ ਕੰਟ੍ਰੋਲ ਦੀ ਏਸ਼ੀਆਈ ਏਜੰਸੀ ਤੋਂ ਹੈ, ਕਹਿੰਦੀ ਹੈ ਕਿ ਲਗਭਗ 1.1 ਅਰਬ ਲੋਕ ਤਮਾਖੂ ਪੀਂਦੇ ਹਨ। ਤਮਾਖੂ ਅਤੇ ਸਿਹਤ ਬਾਰੇ ਦੁਨੀਆਂ ਦੀ ਦਸਵੀਂ ਕਾਨਫ਼ਰੰਸ ਤੇ, ਜਿਸ ਤਰ੍ਹਾਂ ਬ੍ਰਿਟਿਸ਼ ਮੈਡੀਕਲ ਜਰਨਲ ਵਿਚ ਰਿਪੋਰਟ ਕੀਤਾ ਗਿਆ ਸੀ, ਅੰਦਾਜ਼ੇ ਅਨੁਸਾਰ 1990 ਵਿਚ ਤਮਾਖੂ-ਸੰਬੰਧੀ 30 ਲੱਖ ਮੌਤਾਂ ਹੋਈਆਂ ਸਨ। 2025 ਅਤੇ 2030 ਦੇ ਸਾਲਾਂ ਦਰਮਿਆਨ ਇਸ ਡਾਢੀ ਕੀਮਤ ਦਾ ਇਕ ਕਰੋੜ ਤਕ ਪਹੁੰਚਣ ਦਾ ਅਨੁਮਾਨ ਲਗਾਇਆ ਜਾਂਦਾ ਹੈ। ਜਰਨਲ ਕਹਿੰਦਾ ਹੈ ਕਿ ਅਗਲੇ ਤਿੰਨ ਦਹਾਕਿਆਂ ਦੌਰਾਨ, ਵਿਕਸਿਤ ਕੌਮਾਂ ਨਾਲੋਂ ਵਿਕਾਸਸ਼ੀਲ ਕੌਮਾਂ ਵਿਚ ਤਮਾਖੂਨੋਸ਼ੀ-ਸੰਬੰਧੀ ਮੌਤਾਂ ਵਿਚ ਵਾਧਾ ਹੋਵੇਗਾ। ਆਕਸਫ਼ੋਰਡ ਯੂਨੀਵਰਸਿਟੀ ਵਿਚ ਮੈਡੀਕਲ ਅੰਕੜਿਆਂ ਦੇ ਪ੍ਰੋਫ਼ੈਸਰ ਰਿਚਰਡ ਪੀਟੋ ਅਨੁਸਾਰ, “ਹੋਰ ਕਿਸੇ ਦੇਸ਼ ਨਾਲੋਂ ਚੀਨ ਵਿਚ ਪਹਿਲਾਂ ਹੀ ਸਭ ਤੋਂ ਜ਼ਿਆਦਾ ਤਮਾਖੂ-ਸੰਬੰਧੀ ਮੌਤਾਂ ਹੋਈਆਂ ਹਨ।”

ਬੱਚਿਆਂ ਉੱਤੇ ਟੀ. ਵੀ. ਦਾ ਅਸਰ

“ਛੇ ਤੋਂ ਬਾਰਾਂ ਸਾਲ ਦੀ ਉਮਰ ਦੇ ਬੱਚਿਆਂ ਦੇ ਚਾਲ-ਚੱਲਣ ਉੱਤੇ ਕਾਰਟੂਨ ਅਤੇ ਵਿਡਿਓ ਖੇਡਾਂ ਸਕੂਲ ਨਾਲੋਂ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ, ਕਿਉਂ ਜੋ ਉਹ ਕਲਾਸ ਵਿਚ ਲਗਾਏ ਗਏ 23 ਘੰਟਿਆਂ ਦੀ ਤੁਲਨਾ ਵਿਚ ਟੀ. ਵੀ. ਦੇਖਣ ਲਈ 38 ਘੰਟੇ ਲਗਾਉਂਦੇ ਹਨ,” ਮੈਕਸੀਕੋ ਦਾ ਅਖ਼ਬਾਰ ਐੱਲ ਊਨੀਵਰਸਲ ਰਿਪੋਰਟ ਕਰਦਾ ਹੈ। ਖੋਜਕਾਰ ਓਮਾਰ ਟੌਰੇਬਲਾਂਕਾ ਨੇ ਨੋਟ ਕੀਤਾ ਕਿ ਟੀ. ਵੀ. ਬੱਚਿਆਂ ਨੂੰ ਇਹ ਸਿਖਾਉਂਦਾ ਹੈ ਕਿ ਖ਼ਾਸ ਮੌਕਿਆਂ ਤੇ ਕਿਹੋ ਜਿਹੇ ਰਵੱਈਏ ਅਪਣਾਉਣੇ ਚਾਹੀਦੇ ਹਨ—ਲੇਕਿਨ ਬੱਚੇ ਇਹ ਨਹੀਂ ਜਾਣਦੇ ਕਿ ਇਹ ਰਵੱਈਏ ਠੀਕ ਹਨ ਜਾਂ ਗ਼ਲਤ। ਉਸ ਨੇ ਸਮਝਾਇਆ: “ਜੇਕਰ ਬੱਚਾ ਕਾਰਟੂਨ ਜਾਂ ਫ਼ਿਲਮ ਵਿਚ ਕਿਸੇ ਨੂੰ ਸਫ਼ਲਤਾ ਨਾਲ ਬੰਨ੍ਹਿਆ ਜਾਂਦਾ ਦੇਖਦਾ ਹੈ, ਤਾਂ ਬੱਚਾ ਵੀ ਸ਼ਾਇਦ ਇਸ ਦੀ ਰੀਸ ਕਰੇ।” ਟੌਰੇਬਲਾਂਕਾ ਦੇ ਜਾਂਚ-ਪੜਤਾਲ ਨੇ ਸੰਕੇਤ ਕੀਤਾ ਕਿ “ਨਿਆਣੇ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਟੀ. ਵੀ. ਤੋਂ ਰੋਜ਼ ਸਿੱਖੀਆਂ ਚੀਜ਼ਾਂ ਲਾਗੂ ਕਰਦੇ ਹਨ ਪਰ ਸਕੂਲ ਵਿਚ ਸਿੱਖੀਆਂ ਗੱਲਾਂ ਨਹੀਂ, ਕਿਉਂ ਜੋ ਉਹ ਸਕੂਲ ਨੂੰ ਸਿਰਫ਼ ਇਕ ਫ਼ਰਜ਼ ਸਮਝਦੇ ਹਨ।”

ਸੰਗੀਤ ਬੱਚਿਆਂ ਦੀ ਮਦਦ ਕਰਦਾ ਹੈ

ਅਰਵਾਇਨ ਸ਼ਹਿਰ ਵਿਚ, ਕੈਲੇਫ਼ੋਰਨੀਆ ਦੀ ਯੂਨੀਵਰਸਿਟੀ ਦੇ ਭੌਤਿਕ-ਵਿਗਿਆਨ ਦਾ ਪ੍ਰੋਫ਼ੈਸਰ, ਗੌਰਡਨ ਸ਼ੌ ਕਹਿੰਦਾ ਹੈ ਕਿ ਤਿੰਨ ਜਾਂ ਚਾਰ ਸਾਲ ਦੀ ਉਮਰ ਦੇ ਬੱਚਿਆਂ ਨੂੰ ਸੰਗੀਤ ਦੀ ਤਾਲੀਮ ਦੇਣੀ, ਤਰਕ ਕਰਨ ਅਤੇ ਸੋਚਣ ਵਿਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਇਸ ਛੋਟੀ ਉਮਰ ਤੇ, ਦਿਮਾਗ਼ ਦੇ ਤੰਤਵੀ ਮੇਲ ਸੌਖਿਆਂ ਹੀ ਬਣ ਜਾਂਦੇ ਹਨ, ਅਤੇ ਖੋਜਕਾਰਾਂ ਨੇ ਸਬੂਤ ਪੇਸ਼ ਕੀਤਾ ਹੈ ਕਿ ਰੋਜ਼ ਸਿਰਫ਼ ਦਸਾਂ ਮਿੰਟਾਂ ਲਈ ਵੀ ਬਾਕਾਇਦਾ ਅਭਿਆਸ ਕਰਨਾ “ਇਕ ਬੱਚੇ ਦੇ ਤਰਕ ਕਰਨ ਅਤੇ ਸੋਚਣ ਦੇ ਤਰੀਕੇ ਵਿਚ ਲੰਮੇ ਸਮੇਂ ਵਾਸਤੇ ਬਿਹਤਰੀ” ਲਿਆਉਣ ਵਿਚ ਮਦਦ ਕਰਦਾ ਹੈ। ਇਕ ਨੌਂ ਮਹੀਨੇ ਦੀ ਪਰੀਖਿਆ ਵਿਚ, ਉਨ੍ਹਾਂ ਬੱਚਿਆਂ ਦੀ ਤੁਲਨਾ ਜਿਨ੍ਹਾਂ ਨੇ ਪਿਆਨੋ ਵਜਾਉਣ ਲਈ ਟਿਊਸ਼ਨ ਲਈ ਸੀ, ਜਾਂ ਤਾਂ ਉਨ੍ਹਾਂ ਸਮੂਹਾਂ ਨਾਲ ਕੀਤੀ ਗਈ ਸੀ ਜਿਨ੍ਹਾਂ ਨੇ ਕੰਪਿਊਟਰ ਟ੍ਰੇਨਿੰਗ ਲਈ ਸੀ ਜਾਂ ਜਿਨ੍ਹਾਂ ਨੇ ਕਿਸੇ ਤਰ੍ਹਾਂ ਦੀ ਸਿਖਲਾਈ ਨਹੀਂ ਲਈ ਸੀ। ਪਿਆਨੋ ਵਜਾਉਣਾ ਸਿੱਖਣ ਵਾਲਿਆਂ ਨੇ ਆਪਣੇ ਬੁੱਧੀ ਪਰੀਖਿਆ ਦੇ ਨੰਬਰਾਂ ਵਿਚ 35 ਫੀ ਸਦੀ ਬਿਹਤਰੀ ਕੀਤੀ ਸੀ, ਜਦ ਕਿ ਦੂਸਰੇ ਦੋਹਾਂ ਸਮੂਹਾਂ ਨੇ ਘੱਟ ਜਾਂ ਕੋਈ ਤਰੱਕੀ ਨਹੀਂ ਦਿਖਾਈ, ਲੰਡਨ ਦਾ ਸੰਡੇ ਟਾਈਮਜ਼ ਰਿਪੋਰਟ ਕਰਦਾ ਹੈ।

ਦੁਨੀਆਂ ਦੀ ਭੋਜਨ ਥਾਲ਼ੀ

ਕੀ ਤੁਸੀਂ ਕਦੀ ਸੋਚਿਆ ਹੈ ਕਿ ਦੁਨੀਆਂ ਦੀ ਜਨਸੰਖਿਆ ਰੋਜ਼ ਕਿੰਨਾ ਖਾਂਦੀ ਹੈ? ਰੋਜ਼ਾਨਾ ਖਾਧੀ ਗਈ ਖ਼ੁਰਾਕ ਬਾਰੇ ਯੂਨਾਨੀ ਅਖ਼ਬਾਰ ਟੌ ਵੀਮ ਨੇ ਕੁਝ ਹੈਰਾਨ ਕਰਨ ਵਾਲੇ ਅੰਕੜੇ ਰਿਪੋਰਟ ਕੀਤੇ। ਦੁਨੀਆਂ-ਭਰ, ਦੋ ਅਰਬ ਅੰਡੇ ਦਿੱਤੇ ਅਤੇ ਖਾਧੇ ਜਾਂਦੇ ਹਨ—ਸਾਈਪ੍ਰਸ ਦੇ ਟਾਪੂ ਜਿੱਡਾ ਆਮਲੇਟ ਬਣਾਉਣ ਜੋਗੇ! ਦੁਨੀਆਂ 16 ਲੱਖ ਟਨ ਮੱਕੀ ਖਾਂਦੀ ਹੈ। ਆਲੂ ਵੀ ਪਸੰਦ ਕੀਤੇ ਜਾਂਦੇ ਹਨ—7,27,000 ਟਨ! ਦੁਨੀਆਂ ਦੀ ਵੱਡੀ ਜਨਸੰਖਿਆ ਦੀ ਮੁੱਲ ਖ਼ੁਰਾਕ ਚੌਲ਼ ਹੈ, ਅਤੇ ਰੋਜ਼ 15 ਲੱਖ ਟਨ ਉਪਜਾਏ ਜਾਂਦੇ ਹਨ। ਇਸ ਵਿੱਚੋਂ, ਚੀਨ ਦੇ ਲੋਕ 3,65,000 ਟਨ ਖਾਂਦੇ ਹਨ। ਚਾਹ-ਪੱਤੀ ਦੇ 7,000 ਟਨਾਂ ਨਾਲ ਤਿੰਨ ਅਰਬ ਕੱਪ ਬਣਾਏ ਜਾਂਦੇ ਹਨ। ਦੁਨੀਆਂ ਦੇ ਅਮੀਰ ਲੋਕ ਕੈਵੀਆਰ ਦੇ 2.7 ਟਨਾਂ ਦਾ ਮਜ਼ਾ ਲੈਂਦੇ ਹਨ। ਪੱਛਮੀ ਦੁਨੀਆਂ ਦਾ ਆਮ ਇਨਸਾਨ ਰੋਜ਼ 4,000 ਕੈਲੋਰੀਆਂ ਖਾਂਦਾ ਹੈ, ਜਦ ਕਿ ਉਸ ਨੂੰ ਸਲਾਹ ਅਨੁਸਾਰ ਸਿਰਫ਼ 2,500 ਕੈਲੋਰੀਆਂ ਖਾਣੀਆਂ ਚਾਹੀਦੀਆਂ ਹਨ। ਦੂਜੇ ਪਾਸੇ, ਅਫ਼ਰੀਕਾ ਵਿਚ ਆਮ ਇਨਸਾਨ ਸਿਰਫ਼ 1,800 ਕੈਲੋਰੀਆਂ ਖਾਂਦਾ ਹੈ।

ਅੰਗ ਦਾਨ ਕਰਨ ਵਾਲੇ

ਤੁਹਾਡੇ ਮਰ ਜਾਣ ਤੇ, ਕੀ ਤੁਸੀਂ ਚਾਹੁੰਦੇ ਹੋ ਕਿ ਕੋਈ ਹੋਰ ਤੁਹਾਡੇ ਅੰਗਾਂ ਨੂੰ ਲਵੇ? 1, ਜਨਵਰੀ, 1998 ਤੋਂ, ਜਦੋਂ ਦਾ ਇਕ ਨਵਾਂ ਕਾਨੂੰਨ ਸ਼ੁਰੂ ਹੋਇਆ, ਬ੍ਰਾਜ਼ੀਲ ਦੇ ਵਾਸੀ ਇਸ ਸਵਾਲ ਦਾ ਸਾਮ੍ਹਣਾ ਕਰ ਰਹੇ ਹਨ। ਕਾਨੂੰਨ ਅਨੁਸਾਰ 18 ਸਾਲ ਦੀ ਉਮਰ ਤੋਂ ਉੱਪਰ ਬ੍ਰਾਜ਼ੀਲ ਦੇ ਸਾਰੇ ਵਾਸੀ ਖ਼ੁਦ-ਬ-ਖ਼ੁਦ ਅੰਗ ਦਾਤੇ ਬਣ ਜਾਣਗੇ ਜੇ ਉਹ ਮੁਕਤ ਹੋਣ ਲਈ ਦਸਤਾਵੇਜ਼ਾਂ ਤੇ ਦਸਤਖਤ ਨਾ ਕਰਨ। ਲੇਕਿਨ “ਕਾਫ਼ੀ ਸਬੂਤ ਹਨ ਕਿ ਮਰਨ ਤੋਂ ਬਾਅਦ ਬ੍ਰਾਜ਼ੀਲ ਦੇ ਬਹੁਤੇਰੇ ਵਾਸੀ ਸਾਬਤ ਰਹਿਣਾ ਚਾਹੁਣਗੇ” ਮਾਇਐਮੀ ਹੈਰਲਡ ਰਿਪੋਰਟ ਕਰਦਾ ਹੈ। “ਪਿੱਛਲੇ ਛੇ ਮਹੀਨਿਆਂ ਵਿਚ, ਕਾਰ ਚਲਾਉਣ ਲਈ ਲਸੰਸ ਲੈਣ ਵਾਲੇ ਚਾਰ ਵਿੱਚੋਂ ਤਿੰਨ ਜਣਿਆਂ ਨੇ ਅੰਗ ਦਾਨ ਕਰਨ ਤੋਂ ਇਨਕਾਰ ਕੀਤਾ ਹੈ।” ਇਹ ਕਿਉਂ? ਕੁਝ ਲੋਕ ਡਰਦੇ ਹਨ ਕਿ ਸ਼ਾਇਦ ਡਾਕਟਰ ਇਹ ਕਹਿਣ ਦੇ ਦਬਾਉ ਥੱਲੇ ਆਉਣ ਕਿ ਮਰੀਜ਼ ਦਾ ਦਿਮਾਗ਼ ਜੀਉਂਦਾ ਨਹੀਂ ਹੈ ਤਾਂਕਿ ਉਸ ਦੇ ਅੰਗ ਕਿਸੇ ਹੋਰ ਵਿਚ ਲਗਾਏ ਜਾ ਸਕਣ।

ਜੋਤਸ਼ੀਆਂ ਲਈ ਇਕ ਭੈੜਾ ਸਾਲ

ਫ੍ਰੈਂਕਫਟ ਦਾ ਨਾਸੋਇਸ਼ੇ ਨੌਏ ਪ੍ਰੈਸੇ ਰਿਪੋਰਟ ਕਰਦਾ ਹੈ ਕਿ 1997 ਵਿਚ ਜਰਮਨੀ ਦੇ ਸਾਰੇ ਜੋਤਸ਼ੀ “ਅੰਨ੍ਹੇ” ਹੋ ਗਏ ਸਨ। ਅਲੌਕਿਕ ਇਲਮ ਦੇ ਵਿਗਿਆਨਕ ਰਿਸਰਚ ਦੇ ਸੰਘ (GWUP) ਨੇ ਜਿਨ੍ਹਾਂ 70 ਕੁ ਭਵਿਖਬਾਣੀਆਂ ਦੀ ਜਾਂਚ ਕੀਤੀ, ਉਨ੍ਹਾਂ ਵਿੱਚੋਂ ਇਕ ਵੀ ਸਹੀ ਨਹੀਂ ਨਿਕਲ਼ੀ। 1997 ਦੀਆਂ ਸਭ ਤੋਂ ਹੈਰਾਨਕੁਨ ਗੱਲਾਂ ਜੋਤਸ਼ ਲਾਉਣ ਵਾਲਿਆਂ ਤੋਂ ਗੁਪਤ ਰਹੀਆਂ ਸਨ। ਮਿਸਾਲ ਦੇ ਤੌਰ ਤੇ, ਕਿਸੇ ਵੀ ਜੋਤਸ਼ੀ ਨੇ ਸ਼ਹਿਜ਼ਾਦੀ ਡਿਆਨਾ ਦੀ ਮੌਤ ਬਾਰੇ ਨਹੀਂ ਦੱਸਿਆ। ਕਈ ਜੋਤਸ਼ੀ ਤਾਂ ਇੰਨੇ ਚੌਕਸ ਬਣ ਗਏ ਹਨ ਕਿ ਉਹ ਸਿਰਫ਼ ਚੱਲਣ ਵਾਲੇ ਨਵੇਂ ਝੁਕਾਵਾਂ ਬਾਰੇ ਭਵਿੱਖਬਾਣੀ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਵੇਂ ਕਿ ਆਰਥਿਕ ਅਤੇ ਰਾਜਨੀਤਿਕ ਗੜਬੜ। GWUP ਦਾ ਐਡਗਰ ਵੁੰਡਰ ਕਹਿੰਦਾ ਹੈ ਕਿ ਅਜਿਹੀਆਂ “ਗੱਲਾਂ ਹਰ ਅਖ਼ਬਾਰ ਪੜ੍ਹਨ ਵਾਲੇ ਬੰਦੇ ਨੂੰ ਆਪ ਹੀ ਸੁੱਝ ਸਕਦੀਆਂ ਸੀ।”

ਮਿਟ ਰਹੇ ਜੰਗਲ

ਕੁਦਰਤ ਲਈ ਵਿਸ਼ਵ ਵਿਆਪੀ ਫ਼ੰਡ (WWF) ਕਹਿੰਦਾ ਹੈ ਕਿ ਜਿਹੜੇ ਜੰਗਲ ਮਨੁੱਖਾਂ ਦੇ ਹਮਲੇ ਤੋਂ ਪਹਿਲਾਂ ਧਰਤੀ ਉੱਤੇ ਸਨ, ਉਨ੍ਹਾਂ ਵਿੱਚੋਂ ਤਕਰੀਬਨ ਦੋ ਤਿਹਾਈ ਹੁਣ ਮਿਟ ਗਏ ਹਨ। ਲੋਕਾਂ ਨੂੰ ਇਸ ਮਸਲੇ ਬਾਰੇ ਸਚੇਤ ਕਰਨ ਦੇ ਸਖ਼ਤ ਜਤਨ ਦੇ ਬਾਵਜੂਦ ਵੀ, ਇਸ ਦਹਾਕੇ ਵਿਚ ਜੰਗਲ ਕਟਾਈ ਇਸ ਹੱਦ ਤਕ ਵੱਧ ਗਈ ਹੈ ਕਿ ਜਲਦੀ ਹੀ ਕੁਝ ਦੇਸ਼ ਕੁਦਰਤੀ ਜੰਗਲ ਤੋਂ ਬਗੈਰ ਹੋ ਸਕਦੇ ਹਨ। ਲੱਕੜੀ ਅਤੇ ਖੇਤੀਯੋਗ ਜ਼ਮੀਨ ਦੇ ਪ੍ਰਬੰਧ ਲਈ ਜੰਗਲੀ ਇਲਾਕਿਆਂ ਨੂੰ ਪੱਧਰਾ ਕਰਨਾ ਪੌਦਿਆਂ ਅਤੇ ਪਸ਼ੂਆਂ ਦੀਆਂ ਵੱਖਰੀਆਂ ਕਿਸਮਾਂ ਨੂੰ ਖ਼ਤਮ ਕਰਦਾ ਹੈ। ਇਸ ਦੇ ਇਲਾਵਾ, ਦਰਖ਼ਤਾਂ ਨੂੰ ਜਲਾਉਣਾ ਧਰਤੀ ਦੇ ਹਵਾਮੰਡਲ ਵਿਚ ਕਾਰਬਨ ਡਾਈਆਕਸਾਈਡ ਛੱਡਦਾ ਹੈ। ਇਸ ਕਰਕੇ ਕਈਆਂ ਨੂੰ ਫ਼ਿਕਰ ਹੈ ਕਿ ਇਹ ਧਰਤੀ ਦੇ ਤਾਪਮਾਨ ਦੇ ਵਾਧੇ ਵੱਲ ਲੈ ਜਾਵੇਗਾ। ਲੰਡਨ ਦਾ ਗਾਰਡੀਅਨ ਅਖ਼ਬਾਰ ਰਿਪੋਰਟ ਕਰਦਾ ਹੈ ਕਿ WWF ਸਾਲ 2000 ਤਕ ਪੂਰੀ ਦੁਨੀਆਂ ਦੇ ਹਰ ਕਿਸਮ ਦੇ ਜੰਗਲਾਂ ਵਿੱਚੋਂ ਘੱਟ ਤੋਂ ਘੱਟ 10 ਫੀ ਸਦੀ ਦੀ ਰੱਖਿਆ ਕਰਨ ਲਈ ਜ਼ੋਰ ਦਿੰਦਾ ਹੈ।

ਵਿਸ਼ਵ-ਵਿਆਪੀ ਖ਼ੁਰਾਕ ਦੀ ਕਮੀ ਦਾ ਅੰਦਾਜ਼ਾ

ਜਾਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਇਕ ਅਧਿਐਨ ਅਨੁਸਾਰ, “ਜੇਕਰ ਜਨਸੰਖਿਆ ਦੇ ਵਾਧੇ ਵਿਚ ਘਾਟਾ ਅਤੇ ਖੇਤੀ-ਬਾੜੀ ਦੀ ਉਪਜ ਵਿਚ ਕਾਫ਼ੀ ਵਾਧਾ ਨਾ ਹੋਇਆ, ਤਾਂ 2025 ਤਕ ਅਨੁਮਾਨ ਅਨੁਸਾਰ ਦੁਨੀਆਂ ਦੇ 8 ਅਰਬ ਭੁੱਖੇ ਪੇਟਾਂ ਲਈ ਚੋਖਾ ਭੋਜਨ ਨਹੀਂ ਹੋਵੇਗਾ,” ਅਸੋਸੀਏਟਿਡ ਪ੍ਰੈੱਸ ਦਾ ਲਿਖਤੀ ਸਮਾਚਾਰ ਰਿਪੋਰਟ ਕਰਦਾ ਹੈ। ਖੋਜਕਾਰ ਪੂਰਵ ਅਨੁਮਾਨ ਲਗਾਉਂਦੇ ਹਨ ਕਿ “ਜੇ ਜਨਮ-ਦਰ ਤਕਰੀਬਨ ਹਰ ਔਰਤ ਦੇ ਦੋ ਬੱਚਿਆਂ ਤਕ ਨਾ ਘਟਾਇਆ ਗਿਆ,” ਤਾਂ 2025 ਤਕ ਖ਼ੁਰਾਕ ਦੇ ਉਤਪਾਦਨ ਨੂੰ ਦੁਗਣਾ ਹੋਣਾ ਪਵੇਗਾ ਤਾਂਕਿ ਲੋਕਾਂ ਦੇ ਸਿਹਤਮੰਦ ਰਹਿਣ ਲਈ “ਚੋਖਾ ਪੌਸ਼ਟਿਕ ਭੋਜਨ” ਮੁਹੱਈਆ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪਾਣੀ ਦੀ ਕਮੀ, ਜ਼ਮੀਨ ਦਾ ਪ੍ਰਦੂਸ਼ਣ, ਉਪਰਲੀ-ਮਿੱਟੀ ਦਾ ਸਹਿਜੇ-ਸਹਿਜੇ ਖੁਰਦੇ ਜਾਣਾ, ਅਤੇ ਮੌਸਮ ਵਿਚ ਤਬਦੀਲੀਆਂ ਹੋਰ ਮਸਲੇ ਹਨ। ਅੱਜ-ਕੱਲ੍ਹ ਵੀ, ਹਰ ਸਾਲ ਤਕਰੀਬਨ 180 ਲੱਖ ਭੁੱਖ ਨਾਲ ਮਰ ਜਾਂਦੇ ਹਨ, ਹਾਲਾਂਕਿ ਧਰਤੀ ਉੱਤੇ ਹੁਣ ਜੀ ਰਹੇ 6 ਅਰਬ ਇਨਸਾਨਾਂ ਲਈ ਕਾਫ਼ੀ ਅਨਾਜ ਉਪਜਾਇਆ ਜਾਂਦਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ