ਨੌਜਵਾਨ ਪੁੱਛਦੇ ਹਨ . . .
ਮੈਂ ਧਿਆਨ ਕਿਉਂ ਨਹੀਂ ਲਗਾ ਸਕਦਾ?
“ਕਦੇ-ਕਦੇ ਇਹ ਐਵੇਂ ਹੀ ਹੁੰਦਾ ਹੈ। ਕਲੀਸਿਯਾ ਸਭਾ ਤੇ ਮੈਂ ਸੁਣਦਾ ਹੁੰਦਾ, ਤਾਂ ਅਚਾਨਕ ਹੀ ਮੇਰਾ ਮਨ ਕਿਤੇ ਹੋਰ ਹੀ ਚਲਾ ਜਾਂਦਾ ਹੈ ਤਾਂ ਦਸਾਂ ਕੁ ਮਿੰਟਾਂ ਬਾਅਦ ਮੇਰਾ ਧਿਆਨ ਵਾਪਸ ਆਉਂਦਾ ਹੈ।”—ਜੈਸੀ।
“ਬੇ! ਧਿਆਨ ਦੇ!” ਕੀ ਤੁਸੀਂ ਇਹ ਸ਼ਬਦ ਆਪਣੇ ਅਧਿਆਪਕਾਂ ਜਾਂ ਮਾਪਿਆਂ ਤੋਂ ਅਕਸਰ ਸੁਣਦੇ ਹੋ? ਜੇ ਸੁਣਦੇ ਹੋ, ਤਾਂ ਤੁਹਾਨੂੰ ਧਿਆਨ ਲਗਾਉਣਾ ਸ਼ਾਇਦ ਔਖਾ ਲੱਗਦਾ ਹੈ। ਨਤੀਜੇ ਵਜੋਂ, ਸਕੂਲ ਦੀ ਪੜ੍ਹਾਈ ਵਿਚ ਸ਼ਾਇਦ ਤੁਹਾਨੂੰ ਘੱਟ ਨੰਬਰ ਮਿਲਦੇ ਹੋਣ। ਅਤੇ ਤੁਸੀਂ ਸ਼ਾਇਦ ਇਹ ਪਾਉਂਦੇ ਹੋ ਕਿ ਦੂਸਰੇ ਤੁਹਾਨੂੰ ਗ਼ਲਤ ਵਿਚਾਰਦੇ ਹਨ, ਤਾਂ ਤੁਹਾਨੂੰ ਬੁੱਧੂ ਜਾਂ ਬਦਤਮੀਜ਼ ਹੀ ਸਮਝਦੇ ਹਨ।
ਇਸ ਤੋਂ ਜ਼ਿਆਦਾ ਮਹੱਤਵਪੂਰਣ ਇਹ ਹੈ ਕਿ ਧਿਆਨ ਲਗਾਉਣ ਦੀ ਅਯੋਗਤਾ ਤੁਹਾਡੀ ਅਧਿਆਤਮਿਕਤਾ ਉੱਤੇ ਬੁਰਾ ਅਸਰ ਪਾ ਸਕਦੀ ਹੈ। ਆਖ਼ਰਕਾਰ, ਬਾਈਬਲ ਆਪ ਹੁਕਮ ਦਿੰਦੀ ਹੈ: “ਚੌਕਸ ਰਹੋ ਜੋ ਕਿਸ ਤਰਾਂ ਸੁਣਦੇ ਹੋ।” (ਲੂਕਾ 8:18) ਦਰਅਸਲ, ਮਸੀਹੀਆਂ ਨੂੰ ਅਧਿਆਤਮਿਕ ਗੱਲਾਂ ਉੱਤੇ ‘ਹੋਰ ਵੀ ਧਿਆਨ ਦੇਣ’ ਦਾ ਹੁਕਮ ਦਿੱਤਾ ਜਾਂਦਾ ਹੈ। (ਇਬਰਾਨੀਆਂ 2:1) ਅਤੇ ਜੇ ਤੁਹਾਨੂੰ ਧਿਆਨ ਲਗਾਉਣਾ ਔਖਾ ਲੱਗਦਾ ਹੈ, ਤਾਂ ਸ਼ਾਇਦ ਇਹ ਸਲਾਹ ਲਾਗੂ ਕਰਨੀ ਵੀ ਔਖੀ ਲੱਗੇ।
ਇਸ ਦਾ ਕਾਰਨ ਕੀ ਹੋ ਸਕਦਾ ਹੈ? ਕੁਝ ਮਾਮਲਿਆਂ ਵਿਚ ਧਿਆਨ ਦੇਣ ਦੀ ਘਾਟ ਸ਼ਾਇਦ ਕਿਸੇ ਸਰੀਰਕ ਸਮੱਸਿਆ ਦੇ ਨਤੀਜੇ ਵਜੋਂ ਹੋਵੇ। ਉਦਾਹਰਣ ਲਈ, ਕੁਝ ਖੋਜਕਾਰ ਮੰਨਦੇ ਹਨ ਕਿ ਘੱਟ ਧਿਆਨ ਦੇ ਸਕਣ ਦੀ ਬੀਮਾਰੀ (Attention Deficit Disorder) ਦਿਮਾਗ਼ ਦੇ ਤੰਤਵੀ ਘੱਲਣ ਦੇ ਤੰਤਰ ਵਿਚ ਨੁਕਸ ਦੇ ਕਾਰਨ ਹੁੰਦੀ ਹੈ।a ਕੁਝ ਨੌਜਵਾਨਾਂ ਦੀਆਂ ਨਾ ਪਛਾਣੀਆਂ ਗਈਆਂ ਸਮੱਸਿਆਵਾਂ ਹਨ, ਜਿਵੇਂ ਸੁਣਨ ਜਾਂ ਦੇਖਣ ਵਿਚ ਨੁਕਸ। ਇਨ੍ਹਾਂ ਕਰਕੇ ਵੀ ਇਕ ਵਿਅਕਤੀ ਦੇ ਧਿਆਨ ਲਗਾਉਣ ਦੀ ਯੋਗਤਾ ਵਿਚ ਰੁਕਾਵਟ ਪੈ ਸਕਦੀ ਹੈ। ਖੋਜਕਾਰਾਂ ਨੇ ਦੇਖਿਆ ਹੈ ਕਿ ਸਿਆਣਿਆਂ ਨਾਲੋਂ ਆਮ ਤੌਰ ਤੇ ਨੌਜਵਾਨਾਂ ਨੂੰ ਧਿਆਨ ਲਗਾਉਣ ਵਿਚ ਜ਼ਿਆਦਾ ਮੁਸ਼ਕਲ ਹੁੰਦੀ ਹੈ। ਇਸ ਲਈ ਨੌਜਵਾਨਾਂ ਵਿਚ ਬੇਧਿਆਨੀ ਆਮ ਹੈ, ਲੇਕਿਨ ਆਮ ਤੌਰ ਤੇ ਇਹ ਬੀਮਾਰੀ ਦੇ ਨਤੀਜੇ ਵਜੋਂ ਨਹੀਂ ਹੁੰਦੀ।
ਤੁਹਾਡੇ ਬਦਲਦੇ ਹੋਏ ਸੋਚਣ ਦੇ ਤਰੀਕੇ
ਜੇ ਤੁਹਾਨੂੰ ਧਿਆਨ ਲਗਾਉਣ ਵਿਚ ਮੁਸ਼ਕਲ ਹੁੰਦੀ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਕੇਵਲ ਵਧਣ ਦੀਆਂ ਪੀੜਾਂ ਸਹਿ ਰਹੇ ਹੋ। ਪੌਲੁਸ ਰਸੂਲ ਨੇ ਲਿਖਿਆ: “ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਙੁ ਬੋਲਦਾ, ਨਿਆਣੇ ਵਾਂਙੁ ਸਮਝਦਾ ਅਤੇ ਨਿਆਣੇ ਵਾਂਙੁ ਜਾਚਦਾ ਸਾਂ। ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ।” (1 ਕੁਰਿੰਥੀਆਂ 13:11) ਜੀ ਹਾਂ, ਜਿਉਂ-ਜਿਉਂ ਤੁਸੀਂ ਵੱਡੇ ਹੁੰਦੇ ਹੋ, ਤੁਹਾਡੇ ਸੋਚਣ ਦੇ ਤਰੀਕੇ ਬਦਲ ਜਾਂਦੇ ਹਨ। ਕਿਸ਼ੋਰ ਵਿਕਾਸ (ਅੰਗ੍ਰੇਜ਼ੀ) ਪੁਸਤਕ ਦੇ ਅਨੁਸਾਰ, “ਕਿਸ਼ੋਰ-ਅਵਸਥਾ ਦੇ ਆਰੰਭ ਵਿਚ . . . ਸੋਚਣ ਦੀਆਂ ਨਵੀਆਂ ਯੋਗਤਾਵਾਂ ਪ੍ਰਗਟ ਹੁੰਦੀਆਂ ਹਨ।” ਤੁਸੀਂ ਖ਼ਿਆਲੀ ਸੋਚਾਂ ਅਤੇ ਧਾਰਣਾਵਾਂ ਨੂੰ ਸਮਝਣ ਅਤੇ ਜਾਂਚਣ ਦੀ ਯੋਗਤਾ ਵਧਾ ਰਹੇ ਹੋ। ਤੁਹਾਨੂੰ ਨੈਤਿਕ, ਸਦਾਚਾਰਕ, ਅਤੇ ਦੂਸਰੀਆਂ ਆਮ ਗੱਲਾਂ ਬਾਰੇ ਜ਼ਿਆਦਾ ਸਮਝ ਲੱਗਣ ਲੱਗ ਪੈਂਦੀ ਹੈ। ਤੁਸੀਂ ਇਕ ਬਾਲਗ ਵਜੋਂ ਆਪਣੇ ਭਵਿੱਖ ਬਾਰੇ ਸੋਚਣ ਲੱਗ ਪੈਂਦੇ ਹੋ।
ਕਿਹੜੀ ਸਮੱਸਿਆ ਖੜ੍ਹੀ ਹੋ ਸਕਦੀ ਹੈ? ਤੁਹਾਡੇ ਦਿਮਾਗ਼ ਵਿਚ ਇਨ੍ਹਾਂ ਸਾਰਿਆਂ ਨਵਿਆਂ ਖ਼ਿਆਲਾਂ, ਵਿਚਾਰਾਂ, ਅਤੇ ਧਾਰਣਾਵਾਂ ਦੇ ਘੁੰਮਣ ਕਰਕੇ ਤੁਹਾਡਾ ਧਿਆਨ ਉਖੜ ਸਕਦਾ ਹੈ। ਤੁਸੀਂ ਹੁਣ ਇਕ ਬੱਚੇ ਵਾਂਗ ਸਾਦੀ ਤਰ੍ਹਾਂ ਨਹੀਂ ਸੋਚਦੇ। ਤੁਹਾਡਾ ਦਿਮਾਗ਼ ਹੁਣ ਤੁਹਾਨੂੰ ਉਸ ਬਾਰੇ ਜਾਂਚ ਕਰਨ ਅਤੇ ਸਵਾਲ ਪੁੱਛਣ ਲਈ ਮਜਬੂਰ ਕਰਦਾ ਹੈ ਜੋ ਤੁਸੀਂ ਦੇਖਦੇ ਅਤੇ ਸੁਣਦੇ ਹੋ। ਕਿਸੇ ਅਧਿਆਪਕ ਜਾਂ ਲੈਕਚਰਾਰ ਦੁਆਰਾ ਕਹੀ ਕੋਈ ਗੱਲ ਇਕ ਦਿਲਚਸਪ ਮਾਨਸਿਕ ਯਾਤਰਾ ਸ਼ੁਰੂ ਕਰ ਸਕਦੀ ਹੈ। ਲੇਕਿਨ ਜੇਕਰ ਤੁਸੀਂ ਆਪਣੀਆਂ ਆਵਾਰਾ ਸੋਚਾਂ ਨੂੰ ਕੰਟ੍ਰੋਲ ਕਰਨਾ ਨਾ ਸਿੱਖਿਆ, ਤਾਂ ਤੁਸੀਂ ਕੀਮਤੀ ਜਾਣਕਾਰੀ ਹਾਸਲ ਕਰਨ ਦੇ ਮੌਕੇ ਨੂੰ ਖੋਹ ਦੇਵੋਗੇ। ਦਿਲਚਸਪੀ ਦੀ ਗੱਲ ਹੈ, ਬਾਈਬਲ ਅਨੁਸਾਰ ਧਰਮੀ ਮਨੁੱਖ ਇਸਹਾਕ ਚੁੱਪ ਚਾਪ ਮਨਨ ਕਰਨ ਲਈ ਸਮਾਂ ਬਿਤਾਉਂਦਾ ਸੀ। (ਉਤਪਤ 24:63) ਸ਼ਾਇਦ ਹਰ ਦਿਨ ਆਰਾਮ ਨਾਲ ਮਨਨ ਕਰਨ ਅਤੇ ਮਾਮਲਿਆਂ ਬਾਰੇ ਸੋਚਣ ਲਈ ਕੁਝ ਸਮਾਂ ਕੱਢਣਾ, ਦੂਜਿਆਂ ਸਮਿਆਂ ਤੇ ਜ਼ਿਆਦਾ ਧਿਆਨ ਲਗਾਉਣ ਵਿਚ ਤੁਹਾਡੀ ਮਦਦ ਕਰੇ।
ਭਾਵਨਾਵਾਂ ਅਤੇ ਹਾਰਮੋਨ
ਤੁਹਾਡੀਆਂ ਭਾਵਨਾਵਾਂ ਦੇ ਕਾਰਨ ਵੀ ਤੁਹਾਡਾ ਧਿਆਨ ਹੋਰ ਪਾਸੇ ਲੱਗ ਸਕਦਾ ਹੈ। ਤੁਸੀਂ ਪੜ੍ਹਦੇ ਹੋਏ ਜਾਂ ਸੁਣਦੇ ਹੋਏ ਧਿਆਨ ਲਗਾਉਣ ਦੀ ਕੋਸ਼ਿਸ਼ ਕਰਦੇ ਹੋ ਲੇਕਿਨ ਤੁਸੀਂ ਆਪਣੇ ਆਪ ਨੂੰ ਹੋਰ ਹੀ ਗੱਲਾਂ ਬਾਰੇ ਸੋਚਦੇ ਹੋਏ ਪਾਉਂਦੇ ਹੋ। ਤੁਹਾਡੀਆਂ ਭਾਵਨਾਵਾਂ ਅਕੇਵੇਂ ਅਤੇ ਜੋਸ਼ ਜਾਂ ਉਦਾਸੀ ਅਤੇ ਖ਼ੁਸ਼ੀ ਦੇ ਵਿਚਕਾਰ ਬਦਲਦੀਆਂ ਹਨ। ਫ਼ਿਕਰ ਨਾ ਕਰੋ! ਤੁਸੀਂ ਪਾਗਲ ਨਹੀਂ ਹੋ ਰਹੇ। ਇਹ ਸੰਭਵ ਹੈ ਕਿ ਤੁਹਾਡੇ ਹਾਰਮੋਨ ਕੇਵਲ ਭੜਥੂ ਪਾ ਰਹੇ ਹਨ। ਤੁਸੀਂ ਚੜ੍ਹਦੀ ਜਵਾਨੀ ਦੀ ਅਵਸਥਾ ਦੀਆਂ ਤਬਦੀਲੀਆਂ ਅਨੁਭਵ ਕਰ ਰਹੇ ਹੋ।
ਕੈਥੀ ਮਕੋਈ ਅਤੇ ਚਾਰਲਸ ਵਿਬਲਸਮਨ ਲਿਖਦੇ ਹਨ: “ਕਿਸ਼ੋਰ ਸਾਲਾਂ ਵਿਚ ਜਜ਼ਬਾਤ ਭਰਪੂਰ ਹੁੰਦੇ ਹਨ। . . . ਇਹ ਮਨੋ-ਦਸ਼ਾ, ਕੁਝ ਹੱਦ ਤਕ, ਇਕ ਕਿਸ਼ੋਰ ਹੋਣ ਦਾ ਹਿੱਸਾ ਹੈ। ਇਸ ਵਿਚ ਤਣਾਅ ਵੀ ਸ਼ਾਮਲ ਹੈ ਜੋ ਉਨ੍ਹਾਂ ਸਾਰੀਆਂ ਤਬਦੀਲੀਆਂ ਦੇ ਕਾਰਨ ਆਉਂਦਾ ਹੈ ਜੋ ਤੁਸੀਂ ਹੁਣ ਅਨੁਭਵ ਕਰ ਰਹੇ ਹੋ।” ਇਸ ਤੋਂ ਇਲਾਵਾ, ਤੁਸੀਂ ਚੜ੍ਹਦੀ ਜਵਾਨੀ ਦੀ ਉਸ ਅਵਸਥਾ ਤਕ ਪਹੁੰਚ ਰਹੇ ਹੋ ਜਦੋਂ ਲਿੰਗੀ ਇੱਛਾਵਾਂ ਆਪਣੀ ਸਿਖਰ ਤੇ ਹੁੰਦੀਆਂ ਹਨ। (1 ਕੁਰਿੰਥੀਆਂ 7:36) ਲੇਖਕਾ ਰੂਥ ਬੈੱਲ ਕਹਿੰਦੀ ਹੈ: “ਚੜ੍ਹਦੀ ਜਵਾਨੀ ਦੀ ਅਵਸਥਾ ਦੀਆਂ ਤਬਦੀਲੀਆਂ ਅਕਸਰ ਜ਼ਿਆਦਾ ਜ਼ੋਰਦਾਰ ਲਿੰਗੀ ਭਾਵਨਾਵਾਂ ਲਿਆਉਂਦੀਆਂ ਹਨ। ਤੁਸੀਂ ਸ਼ਾਇਦ ਆਪਣੇ ਆਪ ਨੂੰ ਕਾਮੁਕਤਾ ਬਾਰੇ ਜ਼ਿਆਦਾ ਸੋਚਦੇ, ਲਿੰਗੀ ਤੌਰ ਤੇ ਜਲਦੀ ਹੀ ਉਤੇਜਿਤ ਹੁੰਦੇ, ਅਤੇ ਇੱਥੋਂ ਤਕ ਕਦੀ-ਕਦੀ ਕਾਮੁਕਤਾ ਨਾਲ ਮਗਨ ਹੁੰਦੇ ਪਾਉਂਦੇ ਹੋ।”b
ਜੈਸੀ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਸੀ, ਮਾਨਸਿਕ ਆਵਾਰਾਗਰਦੀ, ਜੋ ਨੌਜਵਾਨਾਂ ਵਿਚ ਆਮ ਹੈ, ਅਨੁਭਵ ਕਰਦਾ ਹੈ: “ਕਦੀ-ਕਦੀ ਮੈਂ ਕੁੜੀਆਂ ਬਾਰੇ ਸੋਚਦਾ ਹਾਂ ਜਾਂ ਆਪਣੀ ਕਿਸੇ ਚਿੰਤਾ ਬਾਰੇ ਜਾਂ ਉਸ ਬਾਰੇ ਜੋ ਮੈਂ ਬਾਅਦ ਵਿਚ ਕਰਨਾ ਹੈ।” ਆਖ਼ਰਕਾਰ, ਭਾਵਨਾਵਾਂ ਦਾ ਤੂਫ਼ਾਨ ਸ਼ਾਂਤ ਹੋ ਜਾਵੇਗਾ। ਇਸ ਸਮੇਂ ਦੌਰਾਨ, ਆਪਣੇ ਉੱਤੇ ਕਾਬੂ ਪਾਉਣਾ ਸਿੱਖੋ। ਪੌਲੁਸ ਰਸੂਲ ਨੇ ਲਿਖਿਆ: “[ਮੈਂ] ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ।” (1 ਕੁਰਿੰਥੀਆਂ 9:27) ਜਿੰਨਾ ਜ਼ਿਆਦਾ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕੰਟ੍ਰੋਲ ਵਿਚ ਰੱਖਣਾ ਸਿੱਖੋਗੇ, ਉੱਨਾ ਹੀ ਜ਼ਿਆਦਾ ਤੁਸੀਂ ਧਿਆਨ ਲਗਾ ਸਕੋਗੇ।
ਨੀਂਦ
ਸਰੀਰਕ ਵਿਕਾਸ ਵਾਸਤੇ ਤੁਹਾਡੇ ਵੱਧ ਰਹੇ ਸਰੀਰ ਨੂੰ ਚੋਖੀ ਨੀਂਦ ਦੀ ਜ਼ਰੂਰਤ ਹੈ। ਅਤੇ ਨੀਂਦ ਦੌਰਾਨ ਤੁਹਾਡੇ ਦਿਮਾਗ਼ ਨੂੰ ਉਨ੍ਹਾਂ ਨਵੀਆਂ ਧਾਰਣਾਵਾਂ ਅਤੇ ਭਾਵਨਾਵਾਂ ਨੂੰ ਜਿਨ੍ਹਾਂ ਦਾ ਤੁਸੀਂ ਹਰ ਦਿਨ ਸਾਮ੍ਹਣਾ ਕਰਦੇ ਹੋ, ਥਾਂ ਟਿਕਾਣੇ ਰੱਖਣ ਲਈ ਮੌਕਾ ਮਿਲੇਗਾ। ਲੇਕਿਨ, ਕਈ ਨੌਜਵਾਨ ਆਪਣੇ ਕੰਮਾਂ ਵਿਚ ਇੰਨੇ ਰੁੱਝੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਸੌਣ ਲਈ ਘੱਟ ਸਮਾਂ ਬਚਦਾ ਹੈ। ਇਕ ਨਸਤੰਤਰ-ਵਿਗਿਆਨੀ ਟਿੱਪਣੀ ਕਰਦਾ ਹੈ: “ਸਰੀਰ ਉਨ੍ਹਾਂ ਨੀਂਦ ਦਿਆਂ ਘੰਟਿਆਂ ਨੂੰ ਨਹੀਂ ਭੁੱਲੇਗਾ ਜਿਸ ਦਾ ਉਹ ਹੱਕਦਾਰ ਹੈ। ਇਸ ਦੇ ਉਲਟ, ਉਹ ਹਮੇਸ਼ਾ ਯਾਦ ਰੱਖੇਗਾ ਅਤੇ ਅਚਾਨਕ ਹੀ ਸਾਨੂੰ ਕਰਜ਼ਾ ਚੁਕਾਉਣਾ ਪਵੇਗਾ। ਅਤੇ ਇਹ ਕਰਜ਼ਾ ਯਾਦਾਸ਼ਤ ਵਿਚ ਭੁੱਲਾਂ, ਧਿਆਨ ਲਗਾਉਣ ਵਿਚ ਮੁਸ਼ਕਲਾਂ, ਅਤੇ ਸੁਸਤੀ ਦੁਆਰਾ ਚੁਕਾਇਆ ਜਾਂਦਾ ਹੈ।”
ਕੁਝ ਖੋਜਕਾਰ ਮੰਨਦੇ ਹਨ ਕਿ ਹਰ ਦਿਨ ਆਮ ਨਾਲੋਂ ਇਕ ਹੋਰ ਘੰਟਾ ਜਾਂ ਉਸ ਤੋਂ ਵੱਧ ਸੌਣਾ ਤੁਹਾਡੇ ਧਿਆਨ ਲਗਾਉਣ ਦੀ ਯੋਗਤਾ ਉੱਤੇ ਬਹੁਤ ਹੀ ਚੰਗਾ ਅਸਰ ਪਾ ਸਕਦਾ ਹੈ। ਇਹ ਸੱਚ ਹੈ ਕਿ ਬਾਈਬਲ ਨੀਂਦ ਨਾਲ ਪ੍ਰੀਤ ਅਤੇ ਆਲਸ ਨੂੰ ਰੱਦ ਕਰਦੀ ਹੈ। (ਕਹਾਉਤਾਂ 20:13) ਲੇਕਿਨ, ਚੰਗੀ ਤਰ੍ਹਾਂ ਕੰਮ ਕਰਨ ਵਾਸਤੇ ਚੋਖਾ ਆਰਾਮ ਕਰਨਾ ਬੁੱਧੀ ਦੀ ਗੱਲ ਹੈ।—ਉਪਦੇਸ਼ਕ ਦੀ ਪੋਥੀ 4:6.
ਖ਼ੁਰਾਕ ਅਤੇ ਧਿਆਨ ਲਗਾਉਣਾ
ਖ਼ੁਰਾਕ ਇਕ ਹੋਰ ਸਮੱਸਿਆ ਹੋ ਸਕਦੀ ਹੈ। ਕਿਸ਼ੋਰ ਤਲੀਆਂ ਹੋਈਆਂ ਅਤੇ ਮਿੱਠੀਆਂ ਚੀਜ਼ਾਂ ਪਸੰਦ ਕਰਦੇ ਹਨ। ਖੋਜਕਾਰ ਕਹਿੰਦੇ ਹਨ ਕਿ ਭਾਵੇਂ ਜੰਕ ਫੂਡ ਸੁਆਦਲੇ ਹੋਣ, ਉਹ ਮਨ ਦੀ ਚੁਸਤੀ ਨੂੰ ਘਟਾਉਂਦੇ ਜਾਪਦੇ ਹਨ। ਅਧਿਐਨ ਇਹ ਵੀ ਦਿਖਾਉਂਦੇ ਹਨ ਕਿ ਰੋਟੀ, ਅਨਾਜ, ਜਾਂ ਚੌਲ਼ ਵਰਗੇ ਕਾਰਬੋਹਾਈਡ੍ਰੇਟ ਵਾਲੇ ਭੋਜਨ ਖਾਣ ਤੋਂ ਬਾਅਦ, ਮਨ ਦੀ ਕਾਬਲੀਅਤ ਘੱਟ ਜਾਂਦੀ ਹੈ। ਇਹ ਸ਼ਾਇਦ ਇਸ ਲਈ ਹੈ ਕਿਉਂਕਿ ਕਾਰਬੋਹਾਈਡ੍ਰੇਟ ਦਿਮਾਗ਼ ਵਿਚ ਸੇਰੋਟੋਨਿਨ ਨਾਮਕ ਰਸਾਇਣਕ ਪਦਾਰਥ ਵਧਾਉਂਦੇ ਹਨ ਅਤੇ ਵਿਅਕਤੀ ਨੂੰ ਸੁਸਤ ਕਰਦੇ ਹਨ। ਇਸ ਲਈ ਕੁਝ ਖ਼ੁਰਾਕ ਦੇ ਮਾਹਰ ਸਲਾਹ ਦਿੰਦੇ ਹਨ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ, ਜੋ ਮਨ ਦੀ ਚੁਸਤੀ ਲੋੜਦਾ ਹੋਵੇ, ਜ਼ਿਆਦਾ ਪ੍ਰੋਟੀਨ ਵਾਲੇ ਭੋਜਨ ਖਾਣੇ ਚਾਹੀਦੇ ਹਨ।
ਟੀ. ਵੀ. ਅਤੇ ਕੰਪਿਊਟਰ ਤੇ ਪਲ਼ੀ ਔਲਾਦ
ਸਾਲਾਂ ਤੋਂ ਸਿੱਖਿਅਕਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਟੀ. ਵੀ. ਅਤੇ ਉਸ ਦੀਆਂ ਤੇਜ਼ ਚੱਲ ਰਹੀਆਂ ਤਸਵੀਰਾਂ ਨੇ ਨੌਜਵਾਨਾਂ ਦੀ ਧਿਆਨ ਦੇਣ ਦੀ ਯੋਗਤਾ ਘਟਾ ਦਿੱਤੀ ਹੈ, ਅਤੇ ਹੁਣ ਕੁਝ ਅਜਿਹਾ ਕਸੂਰ ਕੰਪਿਊਟਰ ਦੇ ਮੱਥੇ ਵੀ ਮਾਰਦੇ ਹਨ। ਜਦ ਕਿ ਨੌਜਵਾਨਾਂ ਉੱਤੇ ਅੱਜ-ਕੱਲ੍ਹ ਦੀਆਂ ਤਕਨਾਲੋਜੀਆਂ ਦੇ ਅਸਲੀ ਅਸਰ ਬਾਰੇ ਮਾਹਰਾਂ ਦਰਮਿਆਨ ਬਹੁਤ ਬਹਿਸ ਹੋ ਰਹੀ ਹੈ, ਫਿਰ ਵੀ ਟੀ. ਵੀ. ਦੇਖਣ ਜਾਂ ਕੰਪਿਊਟਰ ਖੇਡਾਂ ਖੇਡਣ ਵਿਚ ਬਹੁਤ ਜ਼ਿਆਦਾ ਸਮਾਂ ਲਗਾਉਣਾ ਲਾਭਦਾਇਕ ਨਹੀਂ ਹੋ ਸਕਦਾ। ਇਕ ਨੌਜਵਾਨ ਸਵੀਕਾਰ ਕਰਦਾ ਹੈ: “ਵਿਡਿਓ ਗੇਮਾਂ, ਕੰਪਿਊਟਰ, ਅਤੇ ਇੰਟਰਨੈੱਟ ਵਰਗੀਆਂ ਚੀਜ਼ਾਂ ਦੇ ਕਾਰਨ, ਅਸੀਂ ਬੱਚੇ ਜਲਦੀ ਹੀ ਚੀਜ਼ਾਂ ਹਾਸਲ ਕਰਨ ਦੇ ਆਦੀ ਹੋ ਗਏ ਹਾਂ।”
ਮੁਸ਼ਕਲ ਇਹ ਹੈ ਕਿ ਜ਼ਿੰਦਗੀ ਵਿਚ ਬਹੁਤ ਸਾਰੀਆਂ ਚੀਜ਼ਾਂ ਸਿਰਫ਼ ਜਤਨ ਕਰਨ, ਲਗਨ ਨਾਲ, ਅਤੇ ਧੀਰਜ ਰੱਖਣ ਦੁਆਰਾ ਹੀ ਹਾਸਲ ਕੀਤੀਆਂ ਜਾ ਸਕਦੀਆਂ ਹਨ। (ਇਬਰਾਨੀਆਂ 6:12 ਦੀ ਤੁਲਨਾ ਕਰੋ; ਯਾਕੂਬ 5:7.) ਸੋ ਕਦੀ ਇਹ ਨਾ ਸੋਚੋ ਕਿ ਚੀਜ਼ਾਂ ਨੂੰ ਲਾਭਦਾਇਕ ਹੋਣ ਲਈ ਉਨ੍ਹਾਂ ਨੂੰ ਤੇਜ਼ ਜਾਂ ਮਨੋਰੰਜਕ ਹੋਣਾ ਚਾਹੀਦਾ ਹੈ। ਭਾਵੇਂ ਕਿ ਟੀ. ਵੀ. ਦੇਖਣਾ ਅਤੇ ਕੰਪਿਊਟਰ ਖੇਡਾਂ ਖੇਡਣੀਆਂ ਮਨੋਰੰਜਕ ਹੋ ਸਕਦਾ ਹੈ, ਕਿਉਂ ਨਾ ਤਸਵੀਰ ਬਣਾਉਣੀ ਜਾਂ ਕੋਈ ਵਾਜਾ ਵਜਾਉਣਾ ਸਿੱਖੋ? ਅਜਿਹੀਆਂ ਕਾਰੀਗਰੀਆਂ ਤੁਹਾਡੇ ਧਿਆਨ ਲਗਾਉਣ ਦੀ ਸ਼ਕਤੀ ਨੂੰ ਜ਼ਰੂਰ ਵਧਾਉਣਗੀਆਂ!
[ਫੁਟਨੋਟ]
a ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਨਵੰਬਰ 22, 1994, ਸਫ਼ੇ 3-12; ਜੂਨ 22, 1996, ਸਫ਼ੇ 11-13; ਅਤੇ ਫਰਵਰੀ 22, 1997, ਸਫ਼ੇ 5-10, ਅੰਕ ਦੇਖੋ।
b ਅਗਸਤ 8, 1994, ਦੇ ਸਾਡੇ ਅੰਕ ਵਿਚ “ਨੌਜਵਾਨ ਪੁੱਛਦੇ ਹਨ . . . ਮੈਂ ਆਪਣਾ ਮਨ ਦੂਸਰੇ ਲਿੰਗ ਤੋਂ ਕਿਸ ਤਰ੍ਹਾਂ ਹਟਾ ਸਕਦਾ ਹਾਂ?” (ਅੰਗ੍ਰੇਜ਼ੀ) ਦਾ ਲੇਖ ਦੇਖੋ।
[ਸਫ਼ੇ 20 ਉੱਤੇ ਸੁਰਖੀ]
ਖੋਜਕਾਰ ਕਹਿੰਦੇ ਹਨ ਕਿ ਜੰਕ ਫੂਡ ਚੁਸਤੀ ਨੂੰ ਘਟਾਉਂਦੇ ਜਾਪਦੇ ਹਨ
[ਸਫ਼ੇ 20 ਉੱਤੇ ਸੁਰਖੀ]
“ਕਦੀ-ਕਦੀ ਮੈਂ ਕੁੜੀਆਂ ਬਾਰੇ ਸੋਚਦਾ ਹਾਂ ਜਾਂ ਆਪਣੀ ਕਿਸੇ ਚਿੰਤਾ ਬਾਰੇ”
[ਸਫ਼ੇ 19 ਉੱਤੇ ਤਸਵੀਰ]
ਕੀ ਤੁਹਾਨੂੰ ਕਲਾਸ ਵਿਚ ਧਿਆਨ ਲਗਾਉਣਾ ਅਕਸਰ ਔਖਾ ਲੱਗਦਾ ਹੈ?