ਸੰਸਾਰ ਉੱਤੇ ਨਜ਼ਰ
ਗੰਗਾ ਕਿਨਾਰੇ ਮੇਲਾ
ਅਪ੍ਰੈਲ ਵਿਚ ਜਿਉਂ-ਜਿਉਂ ਕੁੰਭ ਮੇਲਾ ਆਪਣੀ ਸਿਖਰ ਤੇ ਪਹੁੰਚਿਆ, ਲੱਖਾਂ ਹਿੰਦੂ ਲੋਕਾਂ ਨੇ ਗੰਗਾ ਵਿਚ ਇਸ਼ਨਾਨ ਕੀਤਾ। ਤਿੰਨ ਮਹੀਨਿਆਂ ਤਕ ਚੱਲਣ ਵਾਲਾ ਕੁੰਭ ਮੇਲਾ ਹਿੰਦੂ ਲੋਕਾਂ ਦਾ ਇਕ ਤਿਉਹਾਰ ਹੈ ਜੋ ਅਮਰਤਾ ਦੀ ਦਾਤ ਕਰਕੇ ਮਨਾਇਆ ਜਾਂਦਾ ਹੈ। ਇਹ ਮੇਲਾ ਹਰ ਤਿੰਨ ਸਾਲ ਬਾਅਦ ਲੱਗਦਾ ਹੈ ਅਤੇ ਭਾਰਤ ਦੇ ਚਾਰ ਸ਼ਹਿਰਾਂ ਵਿਚ ਵਾਰੀ-ਵਾਰੀ ਮਨਾਇਆ ਜਾਂਦਾ ਹੈ। ਲੋਕ-ਕਥਾ ਦੇ ਮੁਤਾਬਕ ਧਰਤੀ ਉੱਤੇ ਇਨ੍ਹਾਂ ਸ਼ਹਿਰਾਂ ਵਿਚ ਅਮਰਤਾ ਦਾ ਅੰਮ੍ਰਿਤ ਡਿੱਗਿਆ ਸੀ ਜਦੋਂ ਸਵਰਗ ਵਿਚ ਦੇਵਤੇ ਅਤੇ ਰਾਖਸ਼ ਇਸ ਨੂੰ ਪਾਉਣ ਲਈ ਇਕ ਦੂਜੇ ਨਾਲ ਲੜੇ ਸਨ। ਬੀਤੇ ਸਮਿਆਂ ਵਿਚ, ਭਾਰਤ ਦੇ ਇਸ ਪਵਿੱਤਰ ਪਾਣੀ ਵਿਚ ਨਹਾਉਣ ਲਈ ਭਾਜੜਾਂ ਪੈਣ ਕਾਰਨ ਕਈਆਂ ਲੋਕਾਂ ਦੀ ਮੌਤ ਹੋਈ ਹੈ।
ਜਨਮ ਪੱਤਰ ਤੋਂ ਬਿਨਾਂ ਬੱਚੇ
ਦ ਨਿਊਯਾਰਕ ਟਾਈਮਜ਼ ਰਿਪੋਰਟ ਕਰਦਾ ਹੈ ਕਿ “ਤਮਾਮ ਬੱਚਿਆਂ ਵਿੱਚੋਂ ਸ਼ਾਇਦ ਇਕ ਤਿਹਾਈ ਬੱਚਿਆਂ ਦਾ ਜਨਮ ਪੱਤਰ ਨਹੀਂ ਬਣਾਇਆ ਜਾਂਦਾ। ਇਸ ਕਾਰਨ ਸਰਕਾਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ ਅਤੇ ਉਹ ਪੜ੍ਹਾਈ ਕਰਨ ਦੇ ਮੌਕੇ ਅਤੇ ਸਿਹਤ ਦੀ ਦੇਖ-ਭਾਲ ਗੁਆ ਸਕਦੇ ਹਨ।” ਜਨਮ ਪੱਤਰ ਬਣਾਉਣ ਦੀ ਸਭ ਤੋਂ ਘੱਟ ਗਿਣਤੀ ਅਫ਼ਰੀਕਾ ਦੇ ਸਹਾਰਾ ਰੇਗਿਸਤਾਨ ਨੇੜੇ ਅਤੇ ਏਸ਼ੀਆ ਦੇ ਕੁਝ ਦੇਸ਼ਾਂ ਵਿਚ ਹੈ, ਜਿਵੇਂ ਕਿ ਕੰਬੋਡੀਆ, ਭਾਰਤ, ਮਿਆਨਮਾਰ, ਅਤੇ ਵੀਅਤਨਾਮ। ਇਹ ਸਰਵੇਖਣ ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ ਦੁਆਰਾ ਸਾਰੀ ਦੁਨੀਆਂ ਵਿਚ ਕੀਤਾ ਗਿਆ ਸੀ। ਇਸ ਦੀ ਪ੍ਰਬੰਧਕੀ ਡਾਇਰੈਕਟਰ, ਕੈਰਲ ਬੈਲਮੀ ਨੇ ਕਿਹਾ ਕਿ “ਜਨਮ ਪੱਤਰ ਨਾ ਹੋਣ ਦਾ ਮਤਲਬ ਪੈਦਾ ਨਾ ਹੋਣ ਦੇ ਬਰਾਬਰ ਹੀ ਸਮਝਿਆ ਜਾ ਸਕਦਾ ਹੈ।” ਕਈਆਂ ਦੇਸ਼ਾਂ ਵਿਚ ਬੱਚਿਆਂ ਦੀ ਸਿਹਤ ਦੀ ਦੇਖ-ਭਾਲ ਕਰਨ ਵਾਲੇ ਕੇਂਦਰਾਂ ਵਿਚ ਇਲਾਜ ਕਰਨ ਤੋਂ ਪਹਿਲਾਂ ਜਾਂ ਸਕੂਲ ਵਿਚ ਦਾਖ਼ਲ ਕਰਨ ਦੇ ਵੇਲੇ ਜਨਮ ਪੱਤਰ ਦੀ ਲੋੜ ਪੈਂਦੀ ਹੈ। ਜਿਨ੍ਹਾਂ ਬੱਚਿਆਂ ਦੇ ਜਨਮ ਪੱਤਰ ਨਹੀਂ ਬਣੇ ਹੁੰਦੇ, ਉਨ੍ਹਾਂ ਦਾ ਸੰਭਵ ਤੌਰ ਤੇ ਬਾਲ ਮਜ਼ਦੂਰ ਜਾਂ ਬਾਲ ਵੇਸਵਾ ਵਜੋਂ ਸ਼ੋਸ਼ਣ ਕੀਤਾ ਜਾਵੇਗਾ। ਇਹ ਲੇਖ ਅੱਗੇ ਕਹਿੰਦਾ ਹੈ: “ਸਰਵੇਖਣ ਮੁਤਾਬਕ ਇਹ ਸੱਚ ਨਹੀਂ ਹੈ ਕਿ ਸਿਰਫ਼ ਗ਼ਰੀਬੀ ਕਾਰਨ ਜਨਮ ਪੱਤਰ ਨਹੀਂ ਬਣਾਏ ਜਾਂਦੇ, ਕਿਉਂਕਿ ਲਾਤੀਨੀ ਅਮਰੀਕਾ, ਮੱਧ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਵਿਚ ਕਾਫ਼ੀ ਹੱਦ ਤਕ ਜਨਮ ਪੱਤਰ ਬਣਾਏ ਜਾਂਦੇ ਹਨ।”
ਬੱਚੇ ਛੋਟੇ-ਛੋਟੇ ਮਜ਼ੇ ਲੈਣੇ ਪਸੰਦ ਕਰਦੇ ਹਨ
ਆਪਣੇ ਬੱਚਿਆਂ ਦੀਆਂ ਨਜ਼ਰਾਂ ਵਿਚ ਤੁਸੀਂ ਇਕ ਚੰਗੀ ਮਾਂ ਕਿਵੇਂ ਬਣ ਸਕਦੇ ਹੋ? ਵਰਲਪੂਲ ਸੰਸਥਾ ਨੇ 6 ਤੋਂ 17 ਸਾਲ ਦੀ ਉਮਰ ਦੇ 1,000 ਅਮਰੀਕੀ ਬੱਚਿਆਂ ਦਾ ਸਰਵੇਖਣ ਕੀਤਾ। ਇਸ ਦੇ ਅਨੁਸਾਰ, ਜ਼ਿਆਦਾਤਰ ਬੱਚੇ ਆਪਣੀਆਂ ਮਾਵਾਂ ਨਾਲ ਰੋਜ਼ਾਨਾ ਦੇ ਸਾਧਾਰਣ ਜਿਹੇ ਕੰਮ ਕਰਨੇ ਪਸੰਦ ਕਰਦੇ ਹਨ। ਉਹ ਉਨ੍ਹਾਂ ਦੇ “ਨਾਲ ਰਹਿਣਾ” ਚਾਹੁੰਦੇ ਹਨ। ਬੱਚਿਆਂ ਦਾ ਸਭ ਤੋਂ ਮਨਭਾਉਂਦਾ ਕੰਮ ਆਪਣੀਆਂ ਮਾਵਾਂ ਨਾਲ “ਇਕੱਠੇ ਰੋਟੀ ਖਾਣੀ” ਹੈ। ਇਸ ਤੋਂ ਬਾਅਦ, ਇਹ ਦੋ ਕੰਮ ਪਸੰਦ ਕਰਦੇ ਹਨ “ਖਾਣਾ ਖਾਣ ਲਈ ਇਕੱਠੇ ਬਾਹਰ ਜਾਣਾ” ਅਤੇ “ਇਕੱਠੇ ਬਾਜ਼ਾਰ ਜਾਣਾ।” ਇਸ ਦੇ ਨਾਲ-ਨਾਲ ਬੱਚੇ “ਇਕੱਠੇ ਬੈਠ ਕੇ ਗੱਲ-ਬਾਤ ਕਰਨੀ,” ਪਸੰਦ ਕਰਦੇ ਸਨ। ਬੱਚਿਆਂ ਦਾ ਆਪਣੀਆਂ ਮਾਵਾਂ ਦਾ ਸ਼ੁਕਰੀਆ ਕਰਨ ਦਾ ਪਹਿਲਾ ਮਨਪਸੰਦ ਤਰੀਕਾ ਵੀ ਸਾਧਾਰਣ ਸੀ। ਸੱਤਰ ਫੀ ਸਦੀ ਬੱਚਿਆਂ ਨੇ ਕਿਹਾ ਕਿ ਉਹ ਅਕਸਰ ਆਪਣੀ ਮਾਂ ਨੂੰ “ਜੱਫੀ ਪਾ ਕੇ ਪੱਪੀ ਦਿੰਦੇ ਹਨ।” ਅਗਲੇ ਮਨਪਸੰਦ ਤਰੀਕੇ ਸਨ ਇਹ ਕਹਿਣਾ ਕਿ “ਤੁਸੀਂ ਕਿੰਨੇ ਚੰਗੇ ਹੋ” ਅਤੇ “ਸ਼ੁਕਰੀਆ।”
ਔਰਤਾਂ ਅਤੇ ਦਿਲ ਦੀ ਬਿਮਾਰੀ
ਵੇਜ਼ਾ ਰਸਾਲਾ ਰਿਪੋਰਟ ਕਰਦਾ ਹੈ ਕਿ 1960 ਦੇ ਦਹਾਕੇ ਤਕ, ਬ੍ਰਾਜ਼ੀਲ ਵਿਚ ਦਿਲ ਸੰਬੰਧੀ ਬੀਮਾਰੀਆਂ ਮੁੱਖ ਤੌਰ ਤੇ ਆਦਮੀਆਂ ਦੀ ਸਿਹਤ ਦੀ ਸਮੱਸਿਆ ਹੁੰਦੀ ਸੀ। ਲੇਕਿਨ, ਜਦੋਂ ਔਰਤਾਂ ਨੌਕਰੀ ਕਰਨ ਲੱਗੀਆਂ, ਤਾਂ ਉਦੋਂ ਕਈ ਤਬਦੀਲੀਆਂ ਵੀ ਆਉਣ ਲੱਗੀਆਂ। ਜਦੋਂ ਔਰਤਾਂ ਨੇ ਆਦਮੀਆਂ ਦੀ ਤਰ੍ਹਾਂ ਕੰਮ ਤੇ ਉਹੀ ‘ਤਣਾਅ ਮਹਿਸੂਸ ਕਰਨਾ ਸ਼ੁਰੂ ਕੀਤਾ, ਸਿਗਰਟਾਂ ਪੀਤੀਆਂ ਅਤੇ ਬਣਿਆ-ਬਣਾਇਆ ਖਾਣਾ ਖਾਧਾ,’ ਤਾਂ ਜ਼ਿਆਦਾਤਰ ਔਰਤਾਂ ਨੂੰ ਦਿਲ ਦੀ ਬਿਮਾਰੀ ਲੱਗ ਗਈ। ਭਾਵੇਂ ਕੁਝ ਲੋਕ ਮੰਨਦੇ ਹਨ ਕਿ ਔਰਤਾਂ ਦੇ ਸਰੀਰਾਂ ਵਿਚ ਦਿਲ ਦੇ ਰੋਗਾਂ ਤੋਂ ਬਚਾਅ ਕਰਨ ਵਾਲੇ ਹਾਰਮੋਨ ਹੁੰਦੇ ਹਨ, ਇਹ ਰਸਾਲਾ ਕਹਿੰਦਾ ਹੈ ਕਿ “35 ਸਾਲ ਦੀ ਉਮਰ ਤੋਂ ਬਾਅਦ, ਬਚਾਅ ਕਰਨ ਵਾਲੇ ਹਾਰਮੋਨ ਘਟਣੇ ਸ਼ੁਰੂ ਹੋ ਜਾਂਦੇ ਹਨ, ਅਤੇ ਔਰਤਾਂ ਨੂੰ ਆਦਮੀਆਂ ਜਿੰਨਾ ਖ਼ਤਰਾ ਹੋ ਜਾਂਦਾ ਹੈ।” 1995 ਵਿਚ, ਦਿਲ ਦੇ ਦੌਰੇ ਨਾਲ ਮਰਨ ਵਾਲੀਆਂ ਬ੍ਰਾਜ਼ੀਲੀ ਔਰਤਾਂ ਦੀ ਗਿਣਤੀ ਛਾਤੀ ਦੇ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਨਾਲ ਮਰਨ ਵਾਲੀਆਂ ਔਰਤਾਂ ਦੀ ਕੁੱਲ ਗਿਣਤੀ ਨਾਲੋਂ ਦੁੱਗਣੀ ਸੀ।
ਮੁਟਿਆਰਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ
ਨਾਨਦੋ ਟਾਈਮਜ਼ ਰਿਪੋਰਟ ਕਰਦਾ ਹੈ ਕਿ ਅਮੀਰ ਦੇਸ਼ਾਂ ਵਿਚ, ਟੀ. ਬੀ. ਅਕਸਰ 65 ਸਾਲ ਦੀ ਉਮਰ ਦੇ ਆਦਮੀਆਂ ਨੂੰ ਹੁੰਦੀ ਹੈ। ਪਰ ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ ਇਕ ਰਿਪੋਰਟ ਕਹਿੰਦੀ ਹੈ ਕਿ ਦੁਨੀਆਂ ਭਰ ਵਿਚ, ਟੀ. ਬੀ. ਮੁਟਿਆਰਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਗਈ ਹੈ। ਦੁਨੀਆਂ ਵਿਚ WHO ਦੇ ਟੀ. ਬੀ. ਪ੍ਰਬੰਧ ਦੇ ਡਾ. ਪੌਲ ਡੋਲਿਨ ਨੇ ਕਿਹਾ ਕਿ “ਪਤਨੀਆਂ, ਮਾਵਾਂ ਅਤੇ ਰੋਜ਼ੀ-ਰੋਟੀ ਕਮਾਉਣ ਵਾਲੀਆਂ ਔਰਤਾਂ ਆਪਣੀ ਜਵਾਨੀ ਦੇ ਦਿਨਾਂ ਵਿਚ ਮਰ ਰਹੀਆਂ ਹਨ।” ਹਾਲ ਹੀ ਦੇ ਸਮੇਂ ਵਿਚ ਗੋਟੇਬੋਰਗ, ਸਵੀਡਨ ਵਿਚ ਹੋਏ ਇਕ ਡਾਕਟਰੀ ਸੈਮੀਨਾਰ ਵਿਚ ਮਾਹਰਾਂ ਨੇ ਕਿਹਾ ਕਿ ਸੰਸਾਰ ਭਰ ਵਿਚ 90 ਕਰੋੜ ਔਰਤਾਂ ਨੂੰ ਟੀ. ਬੀ. ਦੀ ਬੀਮਾਰੀ ਲੱਗੀ ਹੋਈ ਹੈ। ਇਨ੍ਹਾਂ ਵਿੱਚੋਂ ਤਕਰੀਬਨ 10 ਲੱਖ ਔਰਤਾਂ ਹਰ ਸਾਲ ਮਰ ਜਾਣਗੀਆਂ ਅਤੇ ਆਮ ਤੌਰ ਤੇ ਇਨ੍ਹਾਂ ਦੀ ਉਮਰ 15 ਤੋਂ 44 ਸਾਲ ਦੀ ਹੋਵੇਗੀ। ਬ੍ਰਾਜ਼ੀਲ ਦੇ ਅਖ਼ਬਾਰ ਔ ਏਸਟਾਡੌ ਡੇ ਸਾਓ ਪੌਲੇ ਅਨੁਸਾਰ ਇਸ ਮੌਤ-ਦਰ ਦਾ ਇਕ ਕਾਰਨ ਇਹ ਹੈ ਕਿ ਬੀਮਾਰੀ ਦਾ ਪੂਰਾ ਇਲਾਜ ਹੋਣ ਤੋਂ ਪਹਿਲਾਂ ਹੀ ਕਈ ਔਰਤਾਂ ਦਵਾਈਆਂ ਲੈਣੀਆਂ ਛੱਡ ਦਿੰਦੀਆਂ ਹਨ।
“ਮੁੱਖ ਪੂਰਵਜ”?
ਹਾਲ ਹੀ ਦੇ ਸਮੇਂ ਵਿਚ ਸਾਰੇ ਏਸ਼ੀਆ ਤੋਂ ਬਿਸ਼ਪ ਵੈਟੀਕਨ ਸ਼ਹਿਰ ਵਿਚ ਇਕੱਠੇ ਹੋਏ ਤਾਂਕਿ ਉਹ ਏਸ਼ੀਆਈ ਦੇਸ਼ਾਂ ਵਿਚ ਕੈਥੋਲਿਕ ਮਤ ਫੈਲਾਉਣ ਦੇ ਤਰੀਕਿਆਂ ਬਾਰੇ ਚਰਚਾ ਕਰ ਸਕਣ। ਸ੍ਰੀ ਲੰਕਾ ਦਾ ਮਾਨੀਸੀਨਓਰ ਔਸਵਲਡ ਗੋਮਿਜ਼ ਕਹਿੰਦਾ ਹੈ ਕਿ “ਕਈਆਂ ਏਸ਼ੀਆਈ ਦੇਸ਼ਾਂ ਵਿਚ, ਈਸਾਈ ਧਰਮ ਇਕ ਪੱਛਮੀ ਧਰਮ ਹੈ ਜੋ ਬਸਤੀਵਾਦ ਨਾਲ ਆਇਆ।” ਇਸ ਲਈ, ਮੁਸ਼ਕਲ ਗੱਲ ਇਹ ਹੈ ਕਿ “ਯਿਸੂ ਨੂੰ ਏਸ਼ੀਆਈ ਰੂਪ ਵਿਚ ਕਿਵੇਂ ਪੇਸ਼ ਕੀਤਾ ਜਾਵੇ,” ਅਸੋਸੀਏਟਿਡ ਪ੍ਰੈਸ ਰਿਪੋਰਟ ਕਰਦਾ ਹੈ। “ਬਿਸ਼ਪਾਂ ਨੇ ਗੱਲ-ਬਾਤ ਕੀਤੀ ਕਿ ਰੋਮਨ ਕੈਥੋਲਿਕ ਚਰਚ ਨੂੰ ਸਥਾਨਕ ਰੀਤੀ-ਰਿਵਾਜਾਂ ਅਤੇ ਭਾਸ਼ਾਵਾਂ ਅਨੁਸਾਰ ਬਦਲਿਆ ਜਾਵੇ ਜਾਂ ਇਨ੍ਹਾਂ ਰੀਤੀ-ਰਿਵਾਜਾਂ ਅਤੇ ਭਾਸ਼ਾਵਾਂ ਨੂੰ ਚਰਚ ਦੇ ਅਨੁਸਾਰ ਬਦਲਿਆ ਜਾਵੇ।” ਇਕ ਮਿਸਾਲ ਜੋ ਦਿੱਤੀ ਗਈ ਸੀ ਉਹ ਪੂਰਵਜ-ਪੂਜਾ ਦੀ ਸੀ। ਹਾਂਗ ਕਾਂਗ ਦੇ ਮਾਨੀਸੀਨਓਰ ਜੌਨ ਟੋਂਗ ਹਾਂਨ ਨੇ ਸਲਾਹ ਦਿੱਤੀ ਕਿ ਇਸ ਪੁਰਾਣੀ ਰੀਤ ਵਿਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਮਨਾਉਣ ਲਈ ਕੈਥੋਲਿਕਾਂ ਨੂੰ “ਈਸਾਈਅਤ” ਦੇ ਰੱਬ ਦੀ ਸਿੱਖਿਆ ਇਕ “ਮੁੱਖ ਪੂਰਵਜ” ਵਜੋਂ ਸਹਿਜੇ-ਸਹਿਜੇ ਪੇਸ਼ ਕਰਨੀ ਚਾਹੀਦੀ ਹੈ।
ਖਾਣਾ ਪਕਾਉਂਦੇ ਸਮੇਂ ਸਾਵਧਾਨੀਆਂ
ਟੱਫਸ ਯੂਨੀਵਰਸਿਟੀ ਦੀ ਸਿਹਤ ਅਤੇ ਖ਼ੁਰਾਕ ਬਾਰੇ ਚਿੱਠੀ (ਅੰਗ੍ਰੇਜ਼ੀ) ਨੇ ਕਿਹਾ ਕਿ 1990 ਤੋਂ 1994 ਤਕ, ਮੈਸੇਚਿਉਸੇਟਸ ਜਨਰਲ ਹਸਪਤਾਲ ਦੇ ਸਮਨਰ ਰੈੱਡਸਟੋਨ ਜਲਣ ਕੇਂਦਰ ਵਿਚ, ਅੱਗ ਨਾਲ ਜਲ ਕੇ ਮਰਨ ਵਾਲੀਆਂ ਔਰਤਾਂ ਦੀ ਮੌਤ ਦਾ ਸਭ ਤੋਂ ਆਮ ਕਾਰਨ ਸੀ ਖਾਣਾ ਪਕਾਉਂਦੇ ਸਮੇਂ ਉਨ੍ਹਾਂ ਦੇ ਕੱਪੜਿਆਂ ਨੂੰ ਅੱਗ ਲੱਗਣੀ। ਅਕਸਰ, ਇਨ੍ਹਾਂ ਔਰਤਾਂ ਦੀ ਉਮਰ 60 ਸਾਲ ਜਾਂ ਇਸ ਤੋਂ ਵੱਧ ਸੀ ਅਤੇ ਜਦੋਂ ਉਹ ਸਟੋਵ ਦੇ ਲਾਗੇ ਰੱਖੀ ਚਾਹਦਾਨੀ ਨੂੰ ਚੁੱਕਣ ਲਗੀਆਂ, ਤਾਂ ਉਨ੍ਹਾਂ ਦੇ ਕੱਪੜਿਆਂ ਦੀਆਂ ਖੁੱਲ੍ਹੀਆਂ ਬਾਹਾਂ ਨੂੰ ਸਟੋਵ ਨਾਲ ਅੱਗ ਲੱਗ ਗਈ। ਬੁਰੀ ਤਰ੍ਹਾਂ ਜਲਣ ਤੋਂ ਬਚਣ ਲਈ ਲੋਕਾਂ ਨੂੰ ਅੱਗੇ ਕੁਝ ਸੁਝਾਅ ਦਿੱਤੇ ਗਏ ਸਨ। ਖਾਣਾ ਪਕਾਉਂਦੇ ਸਮੇਂ, (1) ਡ੍ਰੈਸਿੰਗ ਗਾਊਨ ਜਾਂ ਹੋਰ ਖੁੱਲ੍ਹੇ ਤੇ ਢਿੱਲੇ ਕੱਪੜੇ ਨਾ ਪਹਿਨੋ, (2) ਪਤੀਲੇ ਜਾਂ ਕੜਾਹੀਆਂ ਚੁੱਕਣ ਲੱਗਿਆ ਜਲਣ ਦੀ ਸੰਭਾਵਨਾ ਨੂੰ ਘਟਾਉਣ ਲਈ ਸਟੋਵ ਦਾ ਮੋਹਰਲਾ ਹਿੱਸਾ ਵਰਤੋ, ਅਤੇ (3) ਉਹ ਕੱਪੜੇ ਪਹਿਨੋ ਜਿਨ੍ਹਾਂ ਨੂੰ ਜਲਦੀ ਅੱਗ ਨਹੀਂ ਲੱਗਦੀ।
ਡਿਪਰੈਸ਼ਨ ਦੀ ਵੱਡੀ ਕੀਮਤ
ਬ੍ਰਾਜ਼ੀਲੀ ਅਖ਼ਬਾਰ ਔ ਗਲੋਬੋ ਕਹਿੰਦਾ ਹੈ ਕਿ “ਸਰੀਰਕ ਬੀਮਾਰੀਆਂ ਨਾਲੋਂ ਜ਼ਿਆਦਾ, ਡਿਪਰੈਸ਼ਨ ਦਾ ਰੋਗ ਦੁਨੀਆਂ ਵਿਚ ਨੌਕਰੀ ਤੇ ਗ਼ੈਰਹਾਜ਼ਰੀ ਅਤੇ ਘਟੀਆ ਜਾਂ ਥੋੜ੍ਹਾ ਕੰਮ ਕਰਨ ਦਾ ਮੁੱਖ ਕਾਰਨ ਹੈ।” ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਦਿਖਾਉਂਦੀ ਹੈ ਕਿ 1997 ਵਿਚ ਮਾਨਸਿਕ ਰੋਗ 2,00,000 ਮੌਤਾਂ ਲਈ ਜ਼ਿੰਮੇਵਾਰ ਸਨ। ਇਸ ਤੋਂ ਇਲਾਵਾ, ਮੂਡ ਬਦਲਣ ਵਰਗੇ ਛੋਟੇ ਮਾਨਸਿਕ ਰੋਗਾਂ ਨੇ ਦੁਨੀਆਂ ਭਰ ਵਿਚ 14 ਕਰੋੜ, 60 ਲੱਖ ਲੋਕਾਂ ਦੇ ਕੰਮ ਉੱਤੇ ਬੁਰਾ ਅਸਰ ਪਾਇਆ ਹੈ। ਇਹ ਗਿਣਤੀ ਉਨ੍ਹਾਂ 12 ਕਰੋੜ, 30 ਲੱਖ ਲੋਕਾਂ ਦੀ ਗਿਣਤੀ ਨਾਲੋਂ ਜ਼ਿਆਦਾ ਸੀ ਜਿਨ੍ਹਾਂ ਨੂੰ ਘੱਟ ਸੁਣਦਾ ਸੀ, ਅਤੇ ਉਨ੍ਹਾਂ 2 ਕਰੋੜ, 50 ਲੱਖ ਲੋਕਾਂ ਦੀ ਗਿਣਤੀ ਨਾਲੋਂ ਵੀ ਜ਼ਿਆਦਾ ਸੀ ਜਿਨ੍ਹਾਂ ਨਾਲ ਕੰਮ ਕਰਦੇ ਸਮੇਂ ਕੋਈ ਹਾਦਸਾ ਹੋਇਆ। ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਗਾਈ ਗੁਡਵਿਨ ਦੇ ਇਕ ਅਧਿਐਨ ਅਨੁਸਾਰ, ਡਿਪਰੈਸ਼ਨ ਦਾ ਰੋਗ ਆਉਣ ਵਾਲੇ ਸਾਲਾਂ ਵਿਚ ਵਧਦਾ ਜਾਵੇਗਾ, ਜਿਸ ਦੇ ਨਤੀਜੇ ਵਜੋਂ ਕੰਮ ਘਟੀਆ ਜਾਂ ਥੋੜ੍ਹਾ ਹੋਵੇਗਾ ਅਤੇ ਇਲਾਜ ਦੇ ਖ਼ਰਚੇ ਵਧਣਗੇ ਜਿਸ ਕਾਰਨ ਸਮਾਜ ਉੱਤੇ ਬਹੁਤ ਜ਼ਿਆਦਾ ਬੋਝ ਪਵੇਗਾ। ਇਕੱਲੇ ਸੰਯੁਕਤ ਰਾਜ ਅਮਰੀਕਾ ਵਿਚ ਹੀ, ਡਿਪਰੈਸ਼ਨ ਦੇ ਕਾਰਨ ਇਕ ਸਾਲ ਵਿਚ ਹੋਏ ਨੁਕਸਾਨ ਦਾ ਖ਼ਰਚਾ ਕੁਝ 53 ਅਰਬ ਡਾਲਰ ਹੁੰਦਾ ਹੈ।
ਪਰਿਵਾਰ ਨਾਲ ਰੋਟੀ ਖਾਣੀ
ਕੈਨੇਡਾ ਦਾ ਅਖ਼ਬਾਰ ਦ ਟੋਰੌਂਟੋ ਸਟਾਰ ਕਹਿੰਦਾ ਹੈ ਕਿ ਕੁਝ 527 ਕਿਸ਼ੋਰਾਂ ਦੇ ਸਰਵੇਖਣ ਨੇ ਦਿਖਾਇਆ ਕਿ ਆਪਣੇ ਪਰਿਵਾਰਾਂ ਨਾਲ ਇਕੱਠੇ ਬੈਠ ਕੇ ਹਫ਼ਤੇ ਵਿਚ ਘੱਟੋ-ਘੱਟ ਪੰਜ ਵਾਰੀ ਰੋਟੀ ਖਾਣ ਵਾਲੇ ਕਿਸ਼ੋਰ “ਸ਼ਾਇਦ ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਘੱਟ ਕਰਨਗੇ ਜਾਂ ਘੱਟ ਉਦਾਸ ਹੋਣਗੇ, ਸਕੂਲ ਵਿਚ ਤਰੱਕੀ ਕਰਨੀ ਚਾਹੁਣਗੇ ਅਤੇ ਆਪਣੇ ਹਾਣੀਆਂ ਨਾਲ ਚੰਗੇ ਰਿਸ਼ਤੇ ਰੱਖਣਗੇ। ਜਿਹੜੇ ਕਿਸ਼ੋਰ ‘ਇੰਨਾ ਰਲਦੇ-ਮਿਲਦੇ ਨਹੀਂ’ ਉਹ ਹਫ਼ਤੇ ਵਿਚ ਸਿਰਫ਼ ਤਿੰਨ ਜਾਂ ਇਸ ਤੋਂ ਵੀ ਘੱਟ ਦਿਨਾਂ ਤੇ ਆਪਣੇ ਪਰਿਵਾਰ ਨਾਲ ਰੋਟੀ ਖਾਂਦੇ ਹਨ।” ਮਨੋਵਿਗਿਆਨੀ ਬਰੂਸ ਬ੍ਰਾਈਅਨ ਦਾ ਦਾਅਵਾ ਹੈ ਕਿ “ਇਕ ਸੁਖੀ ਪਰਿਵਾਰ ਦੀ ਖਾਸੀਅਤ” ਇਹ ਹੈ ਕਿ ਉਹ ਇਕੱਠੇ ਖਾਣਾ ਖਾਣ ਲਈ ਸਮਾਂ ਕੱਢਦੇ ਹਨ। ਰਿਪੋਰਟ ਨੋਟ ਕਰਦੀ ਹੈ ਕਿ ਇਕੱਠੇ ਰੋਟੀ ਖਾਣ ਨਾਲ ਪਰਿਵਾਰਕ ਬੰਧਨ ਮਜ਼ਬੂਤ ਹੁੰਦੇ ਹਨ, ਮੇਲ-ਜੋਲ ਵਧਦਾ ਹੈ, ਆਪਣੇਪਣ ਦਾ ਭਾਵ ਉਤੇਜਿਤ ਹੁੰਦਾ ਹੈ, ਅਤੇ ਤਮੀਜ਼ ਸਿੱਖਣ, ਗੱਲਬਾਤ ਕਰਨ, ਹੱਸਣ ਅਤੇ ਪ੍ਰਾਰਥਨਾ ਕਰਨ ਦਾ ਮੌਕਾ ਮਿਲਦਾ ਹੈ। ਬਾਕਾਇਦਾ ਇਕੱਠੇ ਰੋਟੀ ਖਾਣ ਵਾਲੇ ਇਕ ਪਰਿਵਾਰ ਦੀ ਧੀ ਨੇ ਕਿਹਾ ਕਿ ਜੇ ਅਸੀਂ ਇਸ ਤਰ੍ਹਾਂ ਨਾ ਕੀਤਾ ਹੁੰਦਾ ਤਾਂ “ਮੇਰੇ ਖ਼ਿਆਲ ਵਿਚ ਉਨ੍ਹਾਂ ਨਾਲ ਮੇਰਾ ਰਿਸ਼ਤਾ ਇੰਨਾ ਗੂੜ੍ਹਾ ਨਾ ਹੁੰਦਾ ਜਿੰਨਾ ਕਿ ਹੁਣ ਹੈ।”
ਹਿੰਸਕ ਹੀਰੋ
ਸੰਯੁਕਤ ਰਾਸ਼ਟਰ-ਸੰਘ ਦੇ ਸਿੱਖਿਅਕ, ਵਿਗਿਆਨਕ, ਅਤੇ ਸਭਿਆਚਾਰਕ ਸੰਗਠਨ ਨੇ ਇਹ ਪਤਾ ਕਰਨ ਲਈ ਖੋਜ ਕੀਤੀ ਕਿ ਫਿਲਮਾਂ ਵਿਚ ਦਿਖਾਈ ਜਾਂਦੀ ਹਿੰਸਾ ਦਾ ਅਸਰ ਕੀ ਪੈਂਦਾ ਹੈ। ਇਸ ਦੇ ਮੁਤਾਬਕ ਸਭ ਤੋਂ ਮਸ਼ਹੂਰ ਨਮੂਨੇ ਜਿਨ੍ਹਾਂ ਦੀ ਬੱਚੇ ਰੀਸ ਕਰਦੇ ਹਨ ਲੜਾਈ ਵਾਲੀਆਂ ਫਿਲਮਾਂ ਦੇ ਹੀਰੋ ਹਨ। ਬ੍ਰਾਜ਼ੀਲ ਦਾ ਜ਼ੂਰਨੌਲ ਡੌ ਟੌਰਡੇ ਨੋਟ ਕਰਦਾ ਹੈ ਕਿ 23 ਦੇਸ਼ਾਂ ਵਿਚ 12 ਸਾਲਾਂ ਦੇ ਪੰਜ ਹਜ਼ਾਰ ਬੱਚਿਆਂ ਦੀ ਇੰਟਰਵਿਊ ਲਈ ਗਈ ਸੀ। ਇਨ੍ਹਾਂ ਵਿੱਚੋਂ 18.5 ਫੀ ਸਦੀ ਬੱਚਿਆਂ ਨੇ ਪ੍ਰਸਿੱਧ ਸੰਗੀਤਕਾਰਾਂ ਨੂੰ ਆਪਣੇ ਚਾਲ-ਚਲਣ ਵਿਚ ਰੀਸ ਕਰਨ ਲਈ ਚੁਣਿਆ; 8 ਫੀ ਸਦੀ ਬੱਚਿਆਂ ਨੇ ਧਾਰਮਿਕ ਆਗੂ ਚੁਣੇ; 3 ਫੀ ਸਦੀ ਬੱਚਿਆਂ ਨੇ ਦੇਸ਼ ਦੇ ਨੇਤਾਵਾਂ ਨੂੰ ਚੁਣਿਆ; ਪਰ ਸਭ ਤੋਂ ਵੱਧ 26 ਫੀ ਸਦੀ ਬੱਚਿਆਂ ਨੇ ਫਿਲਮਾਂ ਦੇ ਹੀਰੋ ਚੁਣੇ। ਇਸ ਖੋਜ ਦਾ ਨਿਰਦੇਸ਼ਕ ਪ੍ਰੋਫ਼ੈਸਰ ਜੋਹ ਗ੍ਰੋਬਲ ਕਹਿੰਦਾ ਹੈ ਕਿ ਬੱਚੇ ਖ਼ਾਸ ਕਰਕੇ ਕਿਸੇ ਮੁਸ਼ਕਲ ਹਾਲਤ ਵਿੱਚੋਂ ਬਚਣ ਲਈ ਇਨ੍ਹਾਂ ਦੀ ਰੀਸ ਕਰਨੀ ਲਾਭਦਾਇਕ ਸਮਝਦੇ ਹਨ। ਗ੍ਰੋਬਲ ਚੇਤਾਵਨੀ ਦਿੰਦਾ ਹੈ ਕਿ ਬੱਚੇ ਜਿੰਨਾ ਜ਼ਿਆਦਾ ਹਿੰਸਾ ਦੇ ਆਦੀ ਹੋ ਜਾਂਦੇ ਹਨ, ਉਹ ਉੱਨਾ ਹੀ ਬੁਰਾ ਸਲੂਕ ਕਰਨ ਦੇ ਕਾਬਲ ਹੋ ਜਾਂਦੇ ਹਨ। ਉਹ ਅੱਗੇ ਕਹਿੰਦਾ ਹੈ: “ਫਿਲਮਾਂ ਵਿਚ ਇਹ ਗੱਲ ਪੇਸ਼ ਕੀਤੀ ਜਾਂਦੀ ਹੈ ਕਿ ਹਿੰਸਾ ਆਮ ਹੈ ਅਤੇ ਫ਼ਾਇਦੇਮੰਦ ਵੀ ਹੈ।” ਗ੍ਰੋਬਲ ਨੇ ਜ਼ੋਰ ਦਿੱਤਾ ਕਿ ਕਲਪਨਾ ਨੂੰ ਹਕੀਕਤ ਤੋਂ ਜੁਦਾ ਕਰਨ ਵਿਚ ਬੱਚਿਆਂ ਨੂੰ ਸਿੱਖਿਆ ਦੇ ਕੇ ਮਦਦ ਦੇਣੀ ਮਾਪਿਆਂ ਦਾ ਫ਼ਰਜ਼ ਬਣਦਾ ਹੈ।