ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 4/8/05 ਸਫ਼ੇ 16-19
  • ਸਾਗਰ ਦੀ ਗੋਦ ਵਿਚ ਵਸਿਆ ਵੈਨਿਸ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਗਰ ਦੀ ਗੋਦ ਵਿਚ ਵਸਿਆ ਵੈਨਿਸ
  • ਜਾਗਰੂਕ ਬਣੋ!—2005
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਮੁੰਦਰ ਵਿਚ ਉਸਾਰੀ
  • ਗਣਰਾਜ ਦਾ ਜਨਮ ਅਤੇ ਉੱਨਤੀ
  • “ਭੂਮੱਧ ਸਾਗਰ ਦੀ ਮਲਕਾ”
  • ਸੁਪਨਿਆਂ ਦਾ ਸ਼ਹਿਰ
  • ਸ਼ਹਿਰ ਦੀ ਹੋਂਦ ਖ਼ਤਰੇ ਵਿਚ
  • ਖ਼ੁਸ਼-ਖ਼ਬਰੀ ਦੀ ਘੋਸ਼ਣਾ ਕਰਨ ਤੋਂ ਨਾ ਰੁਕੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
ਜਾਗਰੂਕ ਬਣੋ!—2005
g 4/8/05 ਸਫ਼ੇ 16-19

ਸਾਗਰ ਦੀ ਗੋਦ ਵਿਚ ਵਸਿਆ ਵੈਨਿਸ

ਇਟਲੀ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

“ਸਾਗਰ ਦੀ ਗੋਦ ਵਿਚ ਬਣਿਆ ਬੇਮਿਸਾਲ ਨਗਰ। ਸਮੁੰਦਰ ਦੀਆਂ ਲਹਿਰਾਂ ਇਸ ਦੀਆਂ ਤੰਗ ਗਲੀਆਂ ਵਿਚ ਨੱਚਦੀਆਂ-ਟੱਪਦੀਆਂ ਹਨ; ਇਸ ਦੇ ਮਹਿਲਾਂ ਦੀਆਂ ਪੌੜੀਆਂ ਨਾਲ ਸਮੁੰਦਰੀ ਪੌਦੇ ਗਲਵਕੜੀ ਪਾਈ ਰੱਖਦੇ ਹਨ।”​—ਅੰਗ੍ਰੇਜ਼ ਕਵੀ ਸੈਮੂਅਲ ਰੌਜਰਜ਼, 1822.

ਇਹ “ਬੇਮਿਸਾਲ ਨਗਰ” ਵੈਨਿਸ ਹੈ। ਇਕ ਸਮੇਂ ਤੇ ਵੈਨਿਸ ਇਕ ਮਹਾਨ ਗਣਰਾਜ ਦੀ ਰਾਜਧਾਨੀ ਹੋਇਆ ਕਰਦਾ ਸੀ। ਇਸ ਨੇ ਸਦੀਆਂ ਤਕ ਇਕ ਮਹਾਨ ਜਲਥਲੀ ਸਾਮਰਾਜ ਉੱਤੇ ਆਪਣਾ ਦਬਦਬਾ ਬਣਾਈ ਰੱਖਿਆ। ਪਰ ਇਹ ਸ਼ਹਿਰ “ਸਾਗਰ ਦੀ ਗੋਦ ਵਿਚ” ਕਿਉਂ ਅਤੇ ਕਿਵੇਂ ਬਣਾਇਆ ਗਿਆ ਸੀ? ਇਸ ਦੀ ਸ਼ੋਭਾ ਤੇ ਅਮੀਰੀ ਦਾ ਕੀ ਕਾਰਨ ਸੀ? ਇਸ ਸਾਮਰਾਜ ਦਾ ਅੰਤ ਕਿਵੇਂ ਹੋਇਆ ਅਤੇ ਅੱਜ ਵੈਨਿਸ ਦੀ ਕਿੰਨੀ ਕੁ ਸ਼ਾਨ ਰਹਿ ਗਈ ਹੈ?

ਸਮੁੰਦਰ ਵਿਚ ਉਸਾਰੀ

ਵੈਨਿਸ ਐਡਰਿਆਟਿਕ ਸਾਗਰ ਦੇ ਉੱਤਰ-ਪੱਛਮੀ ਸਿਰੇ ਤੇ ਇਕ ਖਾੜੀ ਵਿਚ ਸਥਿਤ 118 ਟਾਪੂਆਂ ਉੱਤੇ ਬਣਿਆ ਹੈ। ਸਮੁੰਦਰ ਵਿਚ ਜਾ ਮਿਲਦੇ ਦਰਿਆ ਇਸ ਖਾੜੀ ਵਿਚ ਗਾਰ ਦੇ ਢੇਰ ਛੱਡ ਜਾਂਦੇ ਹਨ। ਸਮੁੰਦਰੀ ਲਹਿਰਾਂ ਅਤੇ ਧਾਰਾਵਾਂ ਦੀ ਮਿਲਵੀਂ ਕਿਰਿਆ ਨਾਲ ਗਾਰ ਕਈ ਵੱਡੇ-ਵੱਡੇ ਟਿੱਲਿਆਂ ਦਾ ਰੂਪ ਧਾਰਨ ਕਰ ਗਈ। ਤਟ ਅਤੇ ਟਿੱਲਿਆਂ ਵਿਚਕਾਰ ਸਮੁੰਦਰੀ ਪਾਣੀ ਦੀ ਇਕ ਸ਼ਾਂਤ ਝੀਲ ਬਣ ਗਈ ਜੋ ਲਗਭਗ 51 ਕਿਲੋਮੀਟਰ ਲੰਬੀ ਤੇ 14 ਕਿਲੋਮੀਟਰ ਚੌੜੀ ਹੈ। ਇਹ ਝੀਲ ਤਿੰਨ ਸੌੜੀਆਂ ਥਾਵਾਂ ਤੇ ਸਮੁੰਦਰ ਨਾਲ ਜੁੜੀ ਹੋਈ ਹੈ ਜਿੱਥੇ ਤਿੰਨ ਫੁੱਟ ਉੱਚੀਆਂ ਲਹਿਰਾਂ ਅਤੇ ਸਮੁੰਦਰੀ ਜਹਾਜ਼ ਲੰਘ ਸਕਦੇ ਹਨ। ਇਕ ਕਿਤਾਬ ਮੁਤਾਬਕ, “ਕਈ ਸਦੀਆਂ ਤਕ ਇਹ ਖਾੜੀ ਇਕ ਮੁੱਖ ਵਪਾਰਕ ਕੇਂਦਰ ਰਹੀ। ਇਹ ਐਡਰਿਆਟਿਕ ਸਾਗਰ ਤੋਂ ਆਉਣ ਵਾਲੇ ਸਮੁੰਦਰੀ ਜਹਾਜ਼ਾਂ ਦੀ ਖ਼ਾਸ ਮੰਜ਼ਲ ਸੀ। ਨਦੀਆਂ ਜਾਂ ਸੜਕਾਂ ਰਾਹੀਂ ਕੇਂਦਰੀ ਤੇ ਉੱਤਰੀ ਯੂਰਪ ਤੋਂ ਵੀ ਵਪਾਰੀ ਆਪਣਾ ਮਾਲ ਇੱਥੇ ਲਿਆਉਂਦੇ ਸਨ।”

ਵਿਦਵਾਨਾਂ ਮੁਤਾਬਕ ਇਹ ਸ਼ਹਿਰ ਪੰਜਵੀਂ ਤੋਂ ਸੱਤਵੀਂ ਸਦੀ ਈਸਵੀ ਦੌਰਾਨ ਹੋਂਦ ਵਿਚ ਆਇਆ ਜਦੋਂ ਉੱਤਰ ਦਿਸ਼ਾ ਤੋਂ ਆਏ ਇਕ ਤੋਂ ਬਾਅਦ ਇਕ ਡਾਕੂਆਂ ਦੇ ਝੁੰਡਾਂ ਨੇ ਉੱਤਰੀ ਇਤਾਲਵੀ ਸ਼ਹਿਰਾਂ ਨੂੰ ਤਹਿਸ-ਨਹਿਸ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਸ਼ਹਿਰਾਂ ਦੇ ਵਾਸੀ ਆਪਣੀ ਜਾਨ ਬਚਾ ਕੇ ਭੱਜੇ ਅਤੇ ਉਨ੍ਹਾਂ ਨੇ ਟਾਪੂਆਂ ਤੇ ਸ਼ਰਨ ਲਈ। ਹਾਲਾਂਕਿ ਇਨ੍ਹਾਂ ਟਾਪੂਆਂ ਤਕ ਪਹੁੰਚਣਾ ਔਖਾ ਸੀ, ਪਰ ਇੱਥੇ ਲੋਕਾਂ ਦੀ ਜਾਨ ਨੂੰ ਘੱਟ ਖ਼ਤਰਾ ਸੀ।

ਪ੍ਰਾਚੀਨ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸ਼ੁਰੂ-ਸ਼ੁਰੂ ਵਿਚ ਇੱਥੇ ਘਰ ਲੱਕੜ ਦੀਆਂ ਥੰਮ੍ਹੀਆਂ ਉੱਤੇ ਬਣੇ ਚਬੂਤਰਿਆਂ ਤੇ ਬਣਾਏ ਜਾਂਦੇ ਸਨ। ਲੋਕਾਂ ਨੇ ਚਿੱਕੜ ਵਿਚ ਲੱਕੜ ਦੀਆਂ ਥੰਮ੍ਹੀਆਂ ਨੂੰ ਡੂੰਘਾ ਗੱਡ ਦਿੱਤਾ ਅਤੇ ਥੰਮ੍ਹੀਆਂ ਨੂੰ ਪਤਲੀਆਂ ਟਾਹਣੀਆਂ ਜਾਂ ਸਰਵਾਹੜ ਨਾਲ ਇਕੱਠੇ ਬੰਨ੍ਹ ਦਿੱਤਾ। ਬਾਅਦ ਵਿਚ ਵੈਨਿਸ ਵਾਸੀਆਂ ਨੇ ਲੱਕੜਾਂ ਦੇ ਥਮ੍ਹਲਿਆਂ ਉੱਤੇ ਪੱਥਰ ਦੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ। ਉਸ ਸਮੇਂ ਰੀਆਲਟੋ ਨਾਮਕ ਟਾਪੂ-ਸਮੂਹ (ਜੋ ਬਾਅਦ ਵਿਚ ਸ਼ਹਿਰ ਦਾ ਮੁੱਖ ਕੇਂਦਰ ਬਣ ਗਿਆ) ਅਕਸਰ ਪਾਣੀ ਨਾਲ ਭਰ ਜਾਂਦਾ ਸੀ। ਟਾਪੂ ਇੰਨੇ ਵੱਡੇ ਜਾਂ ਮਜ਼ਬੂਤ ਨਹੀਂ ਸਨ ਕਿ ਵੱਡੀ ਵਸੋਂ ਨੂੰ ਸੰਭਾਲ ਸਕਦੇ। ਇਸ ਲਈ ਲੋਕਾਂ ਨੇ ਰਹਿਣ ਲਈ ਜ਼ਿਆਦਾ ਜ਼ਮੀਨ ਤਿਆਰ ਕਰਨ ਲਈ ਟਾਪੂਆਂ ਦੇ ਵੱਡੇ ਖੇਤਰ ਵਿੱਚੋਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਇਨ੍ਹਾਂ ਟਾਪੂਆਂ ਉੱਤੇ ਜ਼ਿਆਦਾ ਘਰ ਬਣਾਏ ਜਾ ਸਕਦੇ ਸਨ। ਬੇੜੀਆਂ ਦੇ ਲੰਘਣ ਲਈ ਨਹਿਰਾਂ ਪੁੱਟੀਆਂ ਗਈਆਂ। ਇਕ ਟਾਪੂ ਨੂੰ ਦੂਸਰੇ ਟਾਪੂ ਨਾਲ ਜੋੜਨ ਲਈ ਪੁੱਲ ਬੰਨ੍ਹੇ ਗਏ। ਇਸ ਤਰ੍ਹਾਂ ਟਾਪੂਆਂ ਦੇ ਵਿਚਕਾਰ ਵਹਿੰਦੀਆਂ ਨਹਿਰਾਂ ਲੋਕਾਂ ਲਈ ਗਲੀਆਂ ਬਣ ਗਈਆਂ।

ਗਣਰਾਜ ਦਾ ਜਨਮ ਅਤੇ ਉੱਨਤੀ

ਪੱਛਮੀ ਰੋਮੀ ਸਾਮਰਾਜ ਦੇ ਪਤਨ ਮਗਰੋਂ ਵੈਨਿਸ ਬਿਜ਼ੰਤੀਨੀ ਸਾਮਰਾਜ ਦੀ ਹਕੂਮਤ ਹੇਠ ਆ ਗਿਆ ਜਿਸ ਦੀ ਰਾਜਧਾਨੀ ਕਾਂਸਟੈਂਟੀਨੋਪਲ (ਹੁਣ ਇਸਤੰਬੁਲ) ਸੀ। ਪਰ ਵੈਨਿਸ ਵਾਸੀਆਂ ਨੇ ਬਗਾਵਤ ਕਰ ਕੇ ਆਜ਼ਾਦੀ ਹਾਸਲ ਕਰ ਲਈ। ਸਿੱਟੇ ਵਜੋਂ ਵੈਨਿਸ ‘ਇਕ ਛੋਟਾ ਆਜ਼ਾਦ ਰਾਜ ਬਣ ਗਿਆ ਜੋ ਬਹੁਤ ਹੀ ਅਨੋਖੀ ਸਥਿਤੀ ਵਿਚ ਸੀ। ਉਹ ਦੋ ਮਹਾਨ ਸਾਮਰਾਜਾਂ ਵਿਚ ਫਸਿਆ ਹੋਇਆ ਸੀ।’ ਉਸ ਦੇ ਉੱਤਰ ਵੱਲ ਫ਼ਰਾਂਕੀ ਸਾਮਰਾਜ ਸੀ ਅਤੇ ਦੱਖਣ ਵੱਲ ਬਿਜ਼ੰਤੀਨੀ ਸਾਮਰਾਜ। ਇਸ ਅਨੋਖੀ ਸਥਿਤੀ ਵਿਚ ਹੋਣ ਕਰਕੇ ਵੈਨਿਸ ਇਕ ਮਹੱਤਵਪੂਰਣ “ਵਪਾਰਕ ਕੇਂਦਰ” ਬਣ ਗਿਆ ਅਤੇ ਹੌਲੀ-ਹੌਲੀ ਇਕ ਖ਼ੁਸ਼ਹਾਲ ਸ਼ਹਿਰ ਦੇ ਰੂਪ ਵਿਚ ਵਿਕਸਿਤ ਹੋਇਆ।

ਬਾਅਦ ਦੀਆਂ ਸਦੀਆਂ ਦੌਰਾਨ ਵੈਨਿਸ ਨੂੰ ਸੇਰੇਸਨਾਂ, ਨਾਰਮਨਾਂ ਅਤੇ ਬਿਜ਼ੰਤੀਨੀਆਂ ਵਰਗੇ ਕਈ ਤਾਕਤਵਰ ਹਮਲਾਵਰਾਂ ਨਾਲ ਲੜਨਾ ਪਿਆ। ਪਰ 1204 ਵਿਚ ਵੈਨਿਸ ਨੇ ਆਪਣੇ ਸਭ ਤੋਂ ਤਾਕਤਵਰ ਦੁਸ਼ਮਣ ਕਾਂਸਟੈਂਟੀਨੋਪਲ ਨੂੰ ਤਬਾਹ ਕਰਨ ਵਿਚ ਮਦਦ ਕਰ ਕੇ ਆਪਣੇ ਆਪ ਨੂੰ ਇਨ੍ਹਾਂ ਸਾਰੀਆਂ ਤਾਕਤਾਂ ਨਾਲੋਂ ਪ੍ਰਬਲ ਸਾਬਤ ਕੀਤਾ। ਕਾਲੇ ਸਾਗਰ ਅਤੇ ਏਜੀਅਨ ਸਾਗਰ ਦੀਆਂ ਬੰਦਰਗਾਹਾਂ ਤੇ ਅਤੇ ਯੂਨਾਨ, ਕਾਂਸਟੈਂਟੀਨੋਪਲ, ਸੀਰੀਆ, ਪੈਲਸਟਾਈਨ, ਸਾਈਪ੍ਰਸ ਅਤੇ ਕ੍ਰੀਟ ਵਿਚ ਵੈਨਿਸ ਦੇ ਕਈ ਵਪਾਰਕ ਅੱਡੇ ਸਨ। ਬਿਜ਼ੰਤੀਨ ਸਾਮਰਾਜ ਦੇ ਪਤਨ ਤੋਂ ਬਾਅਦ ਵੈਨਿਸ ਨੇ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਇਨ੍ਹਾਂ ਥਾਵਾਂ ਉੱਤੇ ਕਬਜ਼ਾ ਕਰ ਲਿਆ।

“ਭੂਮੱਧ ਸਾਗਰ ਦੀ ਮਲਕਾ”

ਬਾਰ੍ਹਵੀਂ ਸਦੀ ਤੋਂ ਹੀ ਵੈਨਿਸ ਸਮੁੰਦਰੀ ਜਹਾਜ਼ਾਂ ਦੀ ਉਸਾਰੀ ਲਈ ਪ੍ਰਸਿੱਧ ਸੀ। ਹਰ ਕੁਝ ਘੰਟਿਆਂ ਵਿਚ ਇਕ ਪੂਰੀ ਤਰ੍ਹਾਂ ਲੈਸ ਸਮੁੰਦਰੀ ਜਹਾਜ਼ ਤਿਆਰ ਹੋ ਜਾਂਦਾ ਸੀ। ਜਹਾਜ਼ ਉਸਾਰੀ ਤੋਂ ਇਲਾਵਾ ਵੈਨਿਸ ਆਪਣੀਆਂ ਕੱਚ ਦੀਆਂ ਵਸਤਾਂ ਅਤੇ ਸੋਹਣੇ ਕੱਪੜੇ ਲਈ ਮਸ਼ਹੂਰ ਸੀ ਜਿਵੇਂ ਲੇਸ, ਜ਼ਰੀਦਾਰ ਕੱਪੜਾ, ਬੂਟੀਦਾਰ ਕੱਪੜਾ ਅਤੇ ਮਖਮਲ। ਵੈਨਿਸ ਅਤੇ ਹੋਰ ਦੇਸ਼ਾਂ ਦੇ ਵਪਾਰੀ ਪੱਛਮੀ ਦੇਸ਼ਾਂ ਤੋਂ ਹਥਿਆਰ, ਘੋੜੇ, ਐਂਬਰ, ਫਰਦਾਰ ਖੱਲ, ਲੱਕੜ, ਉੱਨ, ਸ਼ਹਿਦ, ਮੋਮ ਅਤੇ ਗ਼ੁਲਾਮ ਲਿਆਉਂਦੇ ਸਨ। ਇਸ ਤੋਂ ਇਲਾਵਾ ਪੂਰਬੀ ਮੁਸਲਿਮ ਦੇਸ਼ਾਂ ਤੋਂ ਸੋਨਾ, ਚਾਂਦੀ, ਰੇਸ਼ਮ, ਮਸਾਲੇ, ਕਪਾਹ, ਰੰਗ ਸਾਮੱਗਰੀ, ਹਾਥੀ-ਦੰਦ, ਅਤਰ ਆਦਿ ਕਈ ਚੀਜ਼ਾਂ ਆਯਾਤ ਕੀਤੀਆਂ ਜਾਂਦੀਆਂ ਸਨ। ਸਰਕਾਰੀ ਅਫ਼ਸਰ ਸ਼ਹਿਰ ਦੇ ਬਾਜ਼ਾਰਾਂ ਵਿਚ ਆਈ-ਗਈ ਹਰ ਚੀਜ਼ ਉੱਤੇ ਟੈਕਸ ਲਾਉਂਦੇ ਸਨ।

ਪਲੇਡੀਓ, ਟਿਸ਼ਨ ਅਤੇ ਟਿੰਟਰੈਟੋ ਵਰਗੇ ਮਸ਼ਹੂਰ ਆਰਕੀਟੈਕਟਾਂ ਤੇ ਚਿੱਤਰਕਾਰਾਂ ਨੇ ਵੈਨਿਸ ਦੀ ਸ਼ਾਨ ਨੂੰ ਚਾਰ ਚੰਨ ਲਾ ਦਿੱਤੇ। ਤਾਹੀਓਂ ਵੈਨਿਸ ਨੂੰ ਲਾ ਸੀਰੇਨੀਸੀਮਾ ਯਾਨੀ “ਬੇਹੱਦ ਸ਼ਾਂਤ” ਜਾਂ “ਅਤਿ ਸੁੰਦਰ” ਸ਼ਹਿਰ ਹੋਣ ਦਾ ਖ਼ਿਤਾਬ ਦਿੱਤਾ ਗਿਆ ਸੀ। ਇਹ ਵਾਕਈ “ਭੂਮੱਧ ਸਾਗਰ ਦੀ ਮਲਕਾ” ਕਹਾਉਣ ਦੇ ਲਾਇਕ ਸੀ ਕਿਉਂਕਿ ‘ਵੈਨਿਸ ਉਸ ਸਮੇਂ ਦੀ ਸਭਿਅਕ ਦੁਨੀਆਂ ਦਾ ਸਭ ਤੋਂ ਅਮੀਰ ਤੇ ਖ਼ੁਸ਼ਹਾਲ ਵਪਾਰਕ ਕੇਂਦਰ ਸੀ।’ ਵੈਨਿਸ ਕਈ ਸਦੀਆਂ ਤਕ ਚੜ੍ਹਦੀਆਂ ਕਲਾਂ ਵਿਚ ਰਿਹਾ। ਪਰ 16ਵੀਂ ਸਦੀ ਵਿਚ ਇਸ ਦੀ ਤਾਕਤ ਘੱਟਣ ਲੱਗ ਪਈ ਜਦੋਂ ਵਪਾਰ ਨੇ ਅੰਧ ਮਹਾਂਸਾਗਰ ਅਤੇ ਅਮਰੀਕਾ ਵੱਲ ਆਪਣਾ ਰੁਖ ਮੋੜ ਲਿਆ।

ਵੈਨਿਸ ਦੀਆਂ ਬਸਤੀਆਂ ਭੂਮੱਧ ਸਾਗਰ ਵਿਚ ਕਈ ਥਾਵਾਂ ਤੇ ਫੈਲੀਆਂ ਹੋਣ ਕਰਕੇ ਇਨ੍ਹਾਂ ਨੂੰ ਇਕ ਸਰਕਾਰ ਹੇਠ ਇਕਮੁੱਠ ਕਰਨਾ ਬਹੁਤ ਮੁਸ਼ਕਲ ਸੀ। ਹੌਲੀ-ਹੌਲੀ ਗੁਆਂਢੀ ਰਾਜਾਂ ਨੇ ਵੈਨਿਸ ਸਰਕਾਰ ਦੇ ਹੱਥੋਂ ਇਕ-ਇਕ ਕਰ ਕੇ ਸਾਰੀਆਂ ਬਸਤੀਆਂ ਖੋਹ ਲਈਆਂ। ਅਖ਼ੀਰ ਵਿਚ ਨੈਪੋਲੀਅਨ ਪਹਿਲੇ ਨੇ 1797 ਵਿਚ ਵੈਨਿਸ ਸ਼ਹਿਰ ਨੂੰ ਜਿੱਤ ਲਿਆ ਅਤੇ ਇਸ ਨੂੰ ਆਸਟ੍ਰੀਆ ਸਰਕਾਰ ਨੂੰ ਦੇ ਦਿੱਤਾ। ਸਾਲ 1866 ਵਿਚ ਵੈਨਿਸ ਇਟਲੀ ਦਾ ਹਿੱਸਾ ਬਣ ਗਿਆ।

ਸੁਪਨਿਆਂ ਦਾ ਸ਼ਹਿਰ

ਪਹਿਲੀ ਵਾਰ ਵੈਨਿਸ ਵਿਚ ਕਦਮ ਰੱਖਣ ਤੇ ਕਈ ਲੋਕਾਂ ਨੂੰ ਲੱਗਦਾ ਹੈ ਜਿਵੇਂ ਉਹ ਇਤਿਹਾਸ ਵਿਚ ਦੋ-ਤਿੰਨ ਸੌ ਸਾਲ ਪਿੱਛੇ ਚਲੇ ਗਏ ਹੋਣ। ਇਸ ਸ਼ਹਿਰ ਦਾ ਆਪਣਾ ਹੀ ਅਨੋਖਾ ਮਾਹੌਲ ਹੈ।

ਵੈਨਿਸ ਦੀ ਇਕ ਖ਼ਾਸੀਅਤ ਇਹ ਹੈ ਕਿ ਇੱਥੇ ਦਾ ਮਾਹੌਲ ਬਹੁਤ ਹੀ ਸ਼ਾਂਤ ਹੈ। ਲੋਕਾਂ ਦੇ ਤੁਰਨ ਲਈ ਤੰਗ ਗਲੀਆਂ ਆਮ ਤੌਰ ਤੇ ਕਿਸ਼ਤੀਆਂ ਦੀ ਆਵਾਜਾਈ ਲਈ ਬਣੀਆਂ ਨਹਿਰਾਂ ਤੋਂ ਕਾਫ਼ੀ ਦੂਰ ਬਣਾਈਆਂ ਗਈਆਂ ਹਨ। ਪਰ ਕਈ ਥਾਵਾਂ ਤੇ ਨਹਿਰਾਂ ਸੜਕਾਂ ਦੇ ਨਾਲ-ਨਾਲ ਵਹਿੰਦੀਆਂ ਹਨ ਅਤੇ ਇਕ ਸੜਕ ਨੂੰ ਦੂਜੀ ਸੜਕ ਨਾਲ ਜੋੜਨ ਲਈ ਨਹਿਰਾਂ ਦੇ ਉੱਤੇ ਪੱਥਰ ਦੇ ਪੁੱਲ ਬਣੇ ਹੋਏ ਹਨ। ਇਸ ਸ਼ਹਿਰ ਵਿਚ ਕਿਸ਼ਤੀਆਂ ਤੋਂ ਇਲਾਵਾ ਹੋਰ ਕੋਈ ਮੋਟਰ ਗੱਡੀ ਨਹੀਂ ਚੱਲਦੀ। ਵੈਨਿਸ ਬੇਹੱਦ ਸੁੰਦਰ ਨਜ਼ਾਰਿਆਂ ਨਾਲ ਸੰਪੰਨ ਸ਼ਹਿਰ ਹੈ। ਸੇਂਟ ਮਾਰਕ ਚੌਂਕ ਵਿਚ ਬਣਿਆ ਗਿਰਜਾ ਅਤੇ ਇਸ ਦਾ ਘੰਟਾ-ਘਰ ਬਿਜ਼ੰਤੀਨੀ ਨਿਰਮਾਣ-ਸ਼ੈਲੀ ਦਾ ਉੱਤਮ ਨਮੂਨਾ ਹੈ। ਇਸ ਚੌਂਕ ਤੋਂ ਸਮੁੰਦਰ ਦਾ ਨਜ਼ਾਰਾ ਬੜਾ ਹੀ ਰਮਣੀਕ ਹੈ। ਜਦੋਂ ਸੂਰਜ ਦੀਆਂ ਕਿਰਨਾਂ ਸਾਗਰ ਦੇ ਸਾਫ਼ ਪਾਣੀਆਂ ਉੱਤੇ ਲਿਸ਼ਕਾਂ ਮਾਰਦੀਆਂ ਹਨ, ਤਾਂ ਚਿੱਤਰਕਾਰ ਇਸ ਮਨਮੋਹਕ ਤਸਵੀਰ ਨੂੰ ਕਾਗ਼ਜ਼ ਉੱਤੇ ਉਤਾਰਨ ਲਈ ਉਤਾਵਲੇ ਹੋ ਜਾਂਦੇ ਹਨ।

ਸੇਂਟ ਮਾਰਕ ਚੌਂਕ ਵਿਚ ਸੜਕਾਂ ਤੇ ਬਣੇ ਛੋਟੇ-ਛੋਟੇ ਰੈਸਤੋਰਾਂ ਵਿਚ ਹਰ ਵੇਲੇ ਮਹਿਫ਼ਲਾਂ ਲੱਗੀਆਂ ਰਹਿੰਦੀਆਂ ਹਨ। ਇੱਥੇ ਸ਼ਹਿਰ ਦੇ ਵਾਸੀ ਤੇ ਸੈਲਾਨੀ ਕੁਝ ਠੰਡਾ ਜਾਂ ਗਰਮ ਪੀਣ ਜਾਂ ਆਈਸਕ੍ਰੀਮ ਖਾਣ ਆਉਂਦੇ ਹਨ। ਨੇੜੇ ਕੁਝ ਸੰਗੀਤਵਾਦਕ ਆਪਣੇ ਸੰਗੀਤ ਨਾਲ ਲੋਕਾਂ ਦਾ ਦਿਲਪਰਚਾਵਾ ਕਰਦੇ ਹਨ। ਆਲੇ-ਦੁਆਲੇ ਦੀਆਂ ਸ਼ਾਨਦਾਰ ਇਮਾਰਤਾਂ ਵਿਚ ਭਰੀ ਕਲਾ ਦੇਖਦਿਆਂ ਲੋਕਾਂ ਦਾ ਜੀਅ ਨਹੀਂ ਭਰਦਾ। ਸੜਕਾਂ ਤੇ ਇਕ ਵੀ ਕਾਰ ਨਜ਼ਰ ਨਹੀਂ ਆਉਂਦੀ ਜਿਸ ਕਰਕੇ ਲੱਗਦਾ ਹੈ ਜਿੱਦਾਂ ਤੁਸੀਂ ਕਿਸੇ ਪੁਰਾਣੇ ਜ਼ਮਾਨੇ ਵਿਚ ਪਹੁੰਚ ਗਏ ਹੋਵੋ।

ਪੁਰਾਣੀਆਂ ਕਲਾ ਵਸਤੂਆਂ ਦੇ ਪ੍ਰੇਮੀਆਂ ਲਈ ਵੈਨਿਸ ਇਕ ਲੋਕ-ਪ੍ਰਿਯ ਸ਼ਹਿਰ ਹੈ। ਇਸ ਦੇ ਬਹੁਤ ਸਾਰੇ ਮਹਿਲਾਂ, ਅਜਾਇਬ-ਘਰਾਂ ਅਤੇ ਗਿਰਜਿਆਂ ਵਿਚ ਕਈ ਉੱਘੇ ਚਿੱਤਰਕਾਰਾਂ ਦੀਆਂ ਬਣਾਈਆਂ ਤਸਵੀਰਾਂ ਰੱਖੀਆਂ ਹੋਈਆਂ ਹਨ। ਪਰ ਕੁਝ ਸੈਲਾਨੀ ਵੈਨਿਸ ਦੀਆਂ ਤੰਗ ਗਲੀਆਂ ਦੀ ਸੈਰ ਕਰ ਕੇ ਅਤੇ ਸ਼ਹਿਰ ਦੇ ਅਨੋਖੇ ਨਜ਼ਾਰੇ ਦੇਖ ਕੇ ਹੀ ਆਪਣਾ ਜੀਅ ਪਰਚਾ ਲੈਂਦੇ ਹਨ। ਸੈਲਾਨੀ ਥਾਂ-ਥਾਂ ਤੇ ਬਣੀਆਂ ਦੁਕਾਨਾਂ ਤੋਂ ਉਹ ਸਾਰੀਆਂ ਚੀਜ਼ਾਂ ਖ਼ਰੀਦ ਸਕਦੇ ਹਨ ਜਿਨ੍ਹਾਂ ਲਈ ਵੈਨਿਸ ਮਸ਼ਹੂਰ ਹੈ ਜਿਵੇਂ ਬੁਰਾਨੋ ਟਾਪੂ ਤੇ ਬਣਾਇਆ ਗਿਆ ਲੇਸ ਅਤੇ ਕਢਾਈ ਕੀਤਾ ਕੱਪੜਾ ਅਤੇ ਮੁਰਾਨੋ ਟਾਪੂ ਤੇ ਬਣਾਏ ਗਏ ਲਾਜਵਾਬ ਕ੍ਰਿਸਟਲ ਤੇ ਕੱਚ ਦੀਆਂ ਵਸਤਾਂ। ਜੇ ਚਾਹੋ, ਤਾਂ ਤੁਸੀਂ ਮੋਟਰਬੋਟ ਰਾਹੀਂ ਇਨ੍ਹਾਂ ਟਾਪੂਆਂ ਤੇ ਜਾ ਕੇ ਮਾਹਰ ਕਾਰੀਗਰਾਂ ਨੂੰ ਇਹ ਚੀਜ਼ਾਂ ਬਣਾਉਂਦੇ ਦੇਖ ਸਕਦੇ ਹੋ। ਮੋਟਰਬੋਟ ਦਾ ਸਫ਼ਰ ਆਪਣੇ ਆਪ ਵਿਚ ਹੀ ਇਕ ਬੇਹੱਦ ਮਜ਼ੇਦਾਰ ਤਜਰਬਾ ਹੈ।

ਵੈਨਿਸ ਦੇ ਸ਼ਾਨਦਾਰ ਮਹਿਲਾਂ ਦੀਆਂ ਨੋਕਦਾਰ ਤੇ ਸੌੜੀਆਂ ਡਾਟਾਂ ਤੋਂ ਪ੍ਰਾਚੀਨ ਪੂਰਬੀ ਕਲਾ ਦਾ ਪ੍ਰਭਾਵ ਨਜ਼ਰ ਆਉਂਦਾ ਹੈ। ਸ਼ਹਿਰ ਦੀ ਮੁੱਖ ਨਹਿਰ ਗ੍ਰੈਂਡ ਕਨਾਲ ਉੱਤੇ ਬਣੇ ਪ੍ਰਸਿੱਧ ਰੀਆਲਟੋ ਪੁੱਲ ਤੇ ਹਮੇਸ਼ਾ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਲੋਕ ਇਸ ਪੁੱਲ ਤੋਂ ਹੇਠਾਂ ਨਹਿਰ ਵਿਚ ਧੀਮੀ ਚਾਲੇ ਚੱਲਦੀਆਂ ਸੋਹਣੀਆਂ ਕਾਲੀਆਂ ਕਿਸ਼ਤੀਆਂ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਨ।

ਸ਼ਹਿਰ ਦੀ ਹੋਂਦ ਖ਼ਤਰੇ ਵਿਚ

ਦੋ ਸਦੀਆਂ ਪਹਿਲਾਂ ਵੈਨਿਸ “ਮਹਾਨ ਗਣਰਾਜ” ਵਜੋਂ ਆਪਣੀ ਹੋਂਦ ਬਚਾ ਨਾ ਸਕਿਆ। ਪਰ ਇਹ ਅੱਜ ਵੀ ਆਪਣੇ ਬਚਾਅ ਲਈ ਜੱਦੋ-ਜਹਿਦ ਕਰ ਰਿਹਾ ਹੈ। ਸ਼ਹਿਰ ਦੇ ਵਾਸੀਆਂ ਦੀ ਗਿਣਤੀ 1951 ਵਿਚ 1,75,000 ਤੋਂ ਘੱਟ ਕੇ ਸਾਲ 2003 ਵਿਚ 64,000 ਰਹਿ ਗਈ ਸੀ। ਇਸ ਦਾ ਕੀ ਕਾਰਨ ਹੈ? ਸ਼ਹਿਰ ਵਿਚ ਆਧੁਨਿਕ ਸਹੂਲਤਾਂ ਅਤੇ ਨੌਕਰੀ ਦੀ ਕਮੀ, ਨਾਲੇ ਮਕਾਨਾਂ ਦੀਆਂ ਵਧਦੀਆਂ ਕੀਮਤਾਂ ਕਰਕੇ ਲੋਕ ਸ਼ਹਿਰ ਛੱਡ ਕੇ ਜਾ ਰਹੇ ਹਨ। ਇਸ ਤੋਂ ਇਲਾਵਾ, ਕਈ ਗੁੰਝਲਦਾਰ ਸਮਾਜਕ ਤੇ ਆਰਥਿਕ ਮਸਲੇ ਵੀ ਹਨ ਜਿਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਸਰਕਾਰ ਇਹ ਫ਼ੈਸਲਾ ਨਹੀਂ ਕਰ ਪਾ ਰਹੀ ਹੈ ਕਿ ਇਸ ਸ਼ਹਿਰ ਦੀ ਤਬਾਹੀ ਨੂੰ ਰੋਕਿਆ ਜਾਵੇ ਜਾਂ ਨਹੀਂ ਅਤੇ ਜੇ ਰੋਕਿਆ ਜਾਵੇ, ਤਾਂ ਕਿਵੇਂ।

ਵੈਨਿਸ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੀ ਆਸ ਵਿਚ 1920 ਦੇ ਦਹਾਕੇ ਵਿਚ ਸ਼ਹਿਰ ਦੇ ਇਕ ਹਿੱਸੇ ਵਿਚ ਕਈ ਕਾਰਖ਼ਾਨੇ ਸ਼ੁਰੂ ਕੀਤੇ ਗਏ। ਇਨ੍ਹਾਂ ਕਾਰਖ਼ਾਨਿਆਂ ਤਕ ਤੇਲ ਪਹੁੰਚਾਉਣ ਲਈ ਝੀਲ ਵਿੱਚੋਂ ਡੂੰਘੀ ਨਹਿਰ ਪੁੱਟ ਕੇ ਵੱਡੇ ਸਮੁੰਦਰੀ ਜਹਾਜ਼ਾਂ ਲਈ ਰਾਹ ਬਣਾਇਆ ਗਿਆ। ਕਾਰਖ਼ਾਨੇ ਖੁੱਲ੍ਹਣ ਨਾਲ ਲੋਕਾਂ ਨੂੰ ਰੁਜ਼ਗਾਰ ਤਾਂ ਮਿਲਿਆ, ਪਰ ਇਨ੍ਹਾਂ ਕਾਰਖ਼ਾਨਿਆਂ ਕਰਕੇ ਪਾਣੀ ਦੇ ਪ੍ਰਦੂਸ਼ਣ ਦੀ ਸਮੱਸਿਆ ਪੈਦਾ ਹੋ ਗਈ। ਇਨ੍ਹਾਂ ਕਾਰਖ਼ਾਨਿਆਂ ਉੱਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਕਰਕੇ ਸ਼ਹਿਰ ਵਿਚ ਹੜ੍ਹ ਆਉਣ ਦੀਆਂ ਘਟਨਾਵਾਂ ਵਧ ਗਈਆਂ ਹਨ।

ਵੈਨਿਸ ਦੇ ਲੋਕਾਂ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਸ਼ਹਿਰ ਨੂੰ ਬਚਾਉਣ ਲਈ ਚੁਗਿਰਦੇ ਦਾ ਨਾਜ਼ੁਕ ਕੁਦਰਤੀ ਸੰਤੁਲਨ ਬਣਾਈ ਰੱਖਣਾ ਅਤਿ ਜ਼ਰੂਰੀ ਹੈ। ਸਾਲ 1324 ਵਿਚ ਵੈਨਿਸ ਵਾਸੀਆਂ ਨੇ ਉਨ੍ਹਾਂ ਨਦੀਆਂ ਦਾ ਰੁਖ ਬਦਲਣ ਦਾ ਔਖਾ ਕੰਮ ਸ਼ੁਰੂ ਕੀਤਾ ਜੋ ਝੀਲ ਨੂੰ ਗਾਰ ਨਾਲ ਭਰ ਰਹੀਆਂ ਸਨ। ਅਠਾਰਵੀਂ ਸਦੀ ਵਿਚ ਉਨ੍ਹਾਂ ਨੇ ਐਡਰਿਆਟਿਕ ਸਾਗਰ ਦੀਆਂ ਤਬਾਹਕੁੰਨ ਲਹਿਰਾਂ ਨੂੰ ਝੀਲ ਵਿਚ ਆਉਣ ਤੋਂ ਰੋਕਣ ਲਈ ਕੰਧਾਂ ਬਣਾਈਆਂ।

ਅੱਜ ਵੈਨਿਸ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖ਼ਸਤੀ ਹਾਲਤ ਵਿਚ ਹੈ। ਕਾਰਖ਼ਾਨਿਆਂ ਦੁਆਰਾ ਵੱਡੀ ਮਾਤਰਾ ਵਿਚ ਜ਼ਮੀਨ ਦਾ ਪਾਣੀ ਕੱਢਣ ਕਰਕੇ ਧਰਤੀ ਧੱਸਦੀ ਜਾ ਰਹੀ ਸੀ। ਹਾਲਾਂਕਿ ਇਸ ਸਮੱਸਿਆ ਨਾਲ ਨਜਿੱਠਿਆ ਗਿਆ ਹੈ, ਫਿਰ ਵੀ ਦੁਨੀਆਂ ਭਰ ਵਿਚ ਸਮੁੰਦਰ ਦੇ ਪਾਣੀ ਦੀ ਸਤਹ ਵਧਦੀ ਜਾ ਰਹੀ ਹੈ। ਇਸ ਤੋਂ ਇਲਾਵਾ, ਵੈਨਿਸ ਵਿਚ ਹੋਰ ਮਕਾਨ ਬਣਾਉਣ ਲਈ ਕਈ ਇਲਾਕਿਆਂ ਵਿੱਚੋਂ ਸਮੁੰਦਰ ਦਾ ਪਾਣੀ ਕੱਢ ਕੇ ਜ਼ਮੀਨ ਨੂੰ ਸਮੁੰਦਰ ਤੋਂ ਵਾਪਸ ਲਿਆ ਜਾ ਰਿਹਾ ਹੈ। ਇਸ ਨਾਲ ਝੀਲ ਛੋਟੀ ਹੁੰਦੀ ਜਾ ਰਹੀ ਹੈ ਜਿਸ ਕਰਕੇ ਕੁਦਰਤੀ ਵਾਤਾਵਰਣ ਦਾ ਸੰਤੁਲਨ ਵਿਗੜ ਰਿਹਾ ਹੈ। ਵੈਨਿਸ ਨੂੰ ਪਹਿਲਾਂ ਵੀ ਉੱਚੀਆਂ ਲਹਿਰਾਂ ਦਾ ਖ਼ਤਰਾ ਰਹਿੰਦਾ ਸੀ, ਪਰ ਹੁਣ ਇਹ ਖ਼ਤਰਾ ਕਈ ਗੁਣਾ ਵਧ ਗਿਆ ਹੈ। ਵੀਹਵੀਂ ਸਦੀ ਦੇ ਸ਼ੁਰੂ ਵਿਚ ਸੇਂਟ ਮਾਰਕ ਚੌਂਕ ਸਾਲ ਵਿਚ ਪੰਜ ਤੋਂ ਸੱਤ ਵਾਰ ਪਾਣੀ ਨਾਲ ਭਰ ਜਾਂਦਾ ਸੀ। ਪਰ ਇਕ ਸਦੀ ਬਾਅਦ ਹਾਲ ਹੀ ਦੇ ਇਕ ਸਾਲ ਵਿਚ ਇਹ ਚੌਂਕ 80 ਵਾਰ ਹੜ੍ਹ ਦਾ ਸ਼ਿਕਾਰ ਹੋਇਆ।

ਬੇਮਿਸਾਲ ਇਤਿਹਾਸਕ ਤੇ ਕਲਾਤਮਕ ਵਿਰਾਸਤ ਵਾਲੇ ਵੈਨਿਸ ਸ਼ਹਿਰ ਦੀਆਂ ਇਹ ਸਮੱਸਿਆਵਾਂ ਦੁਨੀਆਂ ਭਰ ਦੇ ਲੋਕਾਂ ਲਈ ਚਿੰਤਾ ਦਾ ਕਾਰਨ ਬਣ ਗਈਆਂ ਹਨ। ਸ਼ਹਿਰ ਨੂੰ ਬਚਾਉਣ ਲਈ ਖ਼ਾਸ ਕਾਨੂੰਨ ਪਾਸ ਕੀਤੇ ਗਏ ਹਨ। ਸਰਕਾਰ ਚਾਹੁੰਦੀ ਹੈ ਕਿ ਵੈਨਿਸ ਨੂੰ ਸਮੁੰਦਰ ਦੀਆਂ ਵਿਨਾਸ਼ਕਾਰੀ ਲਹਿਰਾਂ ਤੋਂ ਬਚਾਉਣ ਲਈ ਠੋਸ ਕਦਮ ਚੁੱਕੇ ਜਾਣ, ਪਰ ਨਾਲ ਹੀ ਇਸ ਦੇ ਚੁਗਿਰਦੇ ਨੂੰ ਨੁਕਸਾਨ ਨਾ ਪਹੁੰਚੇ ਅਤੇ ਨਾ ਹੀ ਬੰਦਰਗਾਹ ਦਾ ਕੰਮ ਅਤੇ ਜਨ-ਜੀਵਨ ਠੱਪ ਹੋਵੇ। ਕਹਿਣਾ ਤਾਂ ਆਸਾਨ ਹੈ, ਪਰ ਇਸ ਕੰਮ ਨੂੰ ਸਿਰੇ ਕਿਵੇਂ ਚਾੜ੍ਹਿਆ ਜਾਵੇ, ਇਸ ਸਵਾਲ ਦਾ ਅਜੇ ਤਕ ਕਿਸੇ ਕੋਲ ਜਵਾਬ ਨਹੀਂ ਹੈ।

ਇਸ ਸਮੇਂ ਨਹਿਰਾਂ ਦੀਆਂ ਕੰਧਾਂ ਨੂੰ ਉੱਚਾ ਕਰਨ ਅਤੇ ਗਲੀਆਂ-ਸੜਕਾਂ ਦੀ ਮੁਰੰਮਤ ਕਰਨ ਦਾ ਕੰਮ ਚੱਲ ਰਿਹਾ ਹੈ ਤਾਂਕਿ ਜ਼ਮੀਨ ਹੇਠਲਾ ਪਾਣੀ ਉੱਪਰ ਨਾ ਆ ਸਕੇ ਅਤੇ ਉੱਚੀਆਂ ਲਹਿਰਾਂ ਉੱਠਣ ਦੇ ਸਮੇਂ ਨਾਲਿਆਂ ਦਾ ਗੰਦਾ ਪਾਣੀ ਵਾਪਸ ਸ਼ਹਿਰ ਵਿਚ ਨਾ ਆਵੇ। ਝੀਲ ਵਿਚ ਉਨ੍ਹਾਂ ਥਾਵਾਂ ਤੇ ਹਿਲਣਯੋਗ ਫਾਟਕ ਬਣਾਉਣ ਦੀ ਵਿਵਾਦਪੂਰਣ ਯੋਜਨਾ ਬਣਾਈ ਜਾ ਰਹੀ ਹੈ ਜਿੱਥੇ ਸਮੁੰਦਰ ਦਾ ਪਾਣੀ ਝੀਲ ਵਿਚ ਦਾਖ਼ਲ ਹੁੰਦਾ ਹੈ। ਸਮੁੰਦਰ ਵਿਚ ਉੱਚੀਆਂ ਲਹਿਰਾਂ ਉੱਠਣ ਤੇ ਇਨ੍ਹਾਂ ਫਾਟਕਾਂ ਨੂੰ ਅਨੋਖੇ ਤਰੀਕੇ ਨਾਲ ਉੱਪਰ ਚੁੱਕ ਕੇ ਬੰਦ ਕੀਤਾ ਜਾ ਸਕਦਾ ਹੈ। ਪਰ ਇਹ ਯੋਜਨਾ ਅਜੇ ਤਕ ਵਿਵਾਦ ਦਾ ਵਿਸ਼ਾ ਬਣੀ ਹੋਈ ਹੈ।

ਵੈਨਿਸ ਸਰਕਾਰ ਇਕ ਵੱਡੀ ਚੁਣੌਤੀ ਦਾ ਸਾਮ੍ਹਣਾ ਕਰ ਰਹੀ ਹੈ। ‘ਸਾਗਰ ਦੀ ਗੋਦ ਵਿਚ ਬਣਿਆ ਇਹ ਬੇਮਿਸਾਲ ਨਗਰ’ ਅਜੇ ਵੀ ਆਪਣੇ ਰੋਚਕ ਅਤੀਤ ਦੀ ਝਲਕ ਦਿੰਦਾ ਹੈ। ਪਰ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਸਰਕਾਰ ਇਸ ਸ਼ਹਿਰ ਵਿਚ ਆਧੁਨਿਕ ਸਹੂਲਤਾਂ ਨਹੀਂ ਲਿਆ ਰਹੀ ਹੈ ਜਿਸ ਕਰਕੇ ਇੱਥੇ ਦੇ ਲੋਕ ਸ਼ਹਿਰ ਛੱਡ ਕੇ ਜਾ ਰਹੇ ਹਨ। ਜੇ ਇਹੋ ਹਾਲ ਰਿਹਾ, ਤਾਂ ਜਿਵੇਂ ਕਈ ਲੇਖਕਾਂ ਨੇ ਕਿਹਾ ਹੈ, ਵੈਨਿਸ “ਇਕ ਅਜਾਇਬ-ਘਰ ਬਣ ਕੇ ਰਹਿ ਜਾਵੇਗਾ।” ਲੰਬੇ ਸਮੇਂ ਤੋਂ ਵੈਨਿਸ ਨੂੰ ਔਖੇ ਕੁਦਰਤੀ ਵਾਤਾਵਰਣ ਦਾ ਸਾਮ੍ਹਣਾ ਕਰਨਾ ਪਿਆ ਹੈ। ਪਰ ‘ਸ਼ਹਿਰ ਨੂੰ ਸਮੁੰਦਰੀ ਲਹਿਰਾਂ ਤੋਂ ਸੁਰੱਖਿਅਤ ਰੱਖਣਾ ਬੇਕਾਰ ਹੋਵੇਗਾ ਜੇ ਇਸ ਵਿਚ ਲੋਕ ਹੀ ਨਹੀਂ ਰਹਿਣਗੇ। ਸਮਾਜਕ ਤੇ ਆਰਥਿਕ ਤੌਰ ਤੇ ਵੈਨਿਸ ਵਿਚ ਨਵੇਂ ਸਿਰਿਓਂ ਜਾਨ ਪਾਉਣੀ ਜ਼ਰੂਰੀ ਹੈ ਤਾਂਕਿ ਇਹ ਫਿਰ ਤੋਂ ਆਬਾਦ ਹੋ ਸਕੇ।’ (g05 3/22)

[ਸਫ਼ੇ 16 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਵੈਨਿਸ

[ਸਫ਼ੇ 16 ਉੱਤੇ ਤਸਵੀਰ]

ਗ੍ਰੈਂਡ ਕਨਾਲ ਉੱਤੇ ਬਣਿਆ ਰੀਆਲਟੋ ਪੁੱਲ

[ਸਫ਼ੇ 16, 17 ਉੱਤੇ ਤਸਵੀਰ]

ਸਾਂਨ ਜੋਰਜੋ ਮਾਜੋਰੇ

[ਸਫ਼ੇ 17 ਉੱਤੇ ਤਸਵੀਰ]

ਸਾਂਟਾ ਮਾਰੀਆ ਡੈਲਾ ਸਾਲੂਟੇ

[ਸਫ਼ੇ 18 ਉੱਤੇ ਤਸਵੀਰ]

ਗ੍ਰੈਂਡ ਕਨਾਲ ਤੇ ਬਣੇ ਰੈਸਤੋਰਾਂ

[ਸਫ਼ੇ 19 ਉੱਤੇ ਤਸਵੀਰ]

ਸੇਂਟ ਮਾਰਕ ਚੌਂਕ ਵਿਚ ਹੜ੍ਹ

[ਕ੍ਰੈਡਿਟ ਲਾਈਨ]

Lepetit Christophe/GAMMA

[ਸਫ਼ੇ 16 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

ਨਕਸ਼ਾ: Mountain High Maps® Copyright © 1997 Digital Wisdom, Inc.; ਪਿੱਛੇ ਦਿੱਤੀ ਤਸਵੀਰ: © Medioimages

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ