ਸਿਹਤ ਨੂੰ ਸੁਧਾਰਨ ਲਈ ਤਬਦੀਲੀਆਂ ਕਰੋ
ਕੀ ਤੁਹਾਨੂੰ ਇਸ ਲੜੀ ਦੇ ਪਹਿਲੇ ਲੇਖ ਵਿਚ ਜ਼ਿਕਰ ਕੀਤੇ ਗਏ ਰਾਮ ਨਾਂ ਦੇ ਆਦਮੀ ਦਾ ਚੇਤਾ ਹੈ? ਬਹੁਤ ਲੋਕਾਂ ਵਾਂਗ ਰਾਮ ਨੂੰ ਇਹ ਨਹੀਂ ਪਤਾ ਸੀ ਕਿ ਸਹੀ ਖ਼ੁਰਾਕ ਖਾਣ ਅਤੇ ਹੋਰ ਰੋਜ਼ ਦੇ ਕੰਮ ਸਿਹਤ ʼਤੇ ਕਿੰਨਾ ਅਸਰ ਪਾਉਂਦੇ ਹਨ। ਉਹ ਦੱਸਦਾ ਹੈ, “ਜਾਗਰੂਕ ਬਣੋ! ਵਿਚ ਇਕ ਲੇਖ ਸਹੀ ਖ਼ੁਰਾਕ ਲੈਣ ਬਾਰੇ ਆਇਆ ਸੀ (8 ਮਈ 2002, ਅੰਗ੍ਰੇਜ਼ੀ) ਜਿਸ ਤੋਂ ਮੈਨੂੰ ਪਤਾ ਲੱਗਾ ਕਿ ਚੰਗੀ ਸਿਹਤ ਵਾਸਤੇ ਸਹੀ ਖ਼ੁਰਾਕ ਲੈਣੀ ਕਿੰਨੀ ਜ਼ਰੂਰੀ ਹੈ।”
ਰਾਮ ਦੱਸਦਾ ਹੈ: “ਅਸੀਂ ਸਾਰਿਆਂ ਨੇ ਲੇਖ ਵਿਚ ਦਿੱਤੇ ਸੁਝਾਵਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਥੋੜ੍ਹੇ ਹੀ ਸਮੇਂ ਵਿਚ ਸਾਡੇ ਇਮਿਊਨ ਸਿਸਟਮ ਤਕੜੇ ਹੋਣ ਲੱਗੇ। ਪਹਿਲਾਂ ਸਾਨੂੰ ਜਲਦੀ ਜ਼ੁਕਾਮ ਹੋ ਜਾਂਦਾ ਸੀ, ਪਰ ਜਦੋਂ ਦਾ ਅਸੀਂ ਆਪਣੀ ਖ਼ੁਰਾਕ ਵੱਲ ਧਿਆਨ ਦੇਣ ਲੱਗੇ ਹਾਂ ਉਦੋਂ ਤੋਂ ਅਸੀਂ ਬਹੁਤ ਹੀ ਘੱਟ ਬੀਮਾਰ ਹੁੰਦੇ ਹਾਂ। ਅਕਤੂਬਰ-ਦਸੰਬਰ 2003 ਦੇ ਜਾਗਰੂਕ ਬਣੋ! ਦੇ ਲੇਖ ‘6 ਤਰੀਕਿਆਂ ਨਾਲ ਆਪਣੀ ਸਿਹਤ ਦੀ ਰਾਖੀ ਕਰੋ’ ਤੋਂ ਅਸੀਂ ਇਹ ਵੀ ਸਿੱਖਿਆ ਕਿ ਸਸਤੇ ਅਤੇ ਸੌਖੇ ਤਰੀਕੇ ਨਾਲ ਸਾਫ਼ ਪਾਣੀ ਕਿਵੇਂ ਮਿਲ ਸਕਦਾ ਹੈ।”
“ਜਾਗਰੂਕ ਬਣੋ! ਵਿਚ ਇਕ ਹੋਰ ਲੇਖ ਸਾਬਣ ਵਰਤਣ ਦੇ ਫ਼ਾਇਦਿਆਂ ਬਾਰੇ ਵੀ ਆਇਆ ਸੀ (22 ਨਵੰਬਰ 2003, ਅੰਗ੍ਰੇਜ਼ੀ) ਅਤੇ ਇਹ ਪੜ੍ਹ ਕੇ ਵੀ ਮੇਰੇ ਪਰਿਵਾਰ ਨੂੰ ਬਹੁਤ ਫ਼ਾਇਦਾ ਹੋਇਆ। ਅਸੀਂ ਜਦੋਂ ਹੀ ਇਸ ਲੇਖ ਨੂੰ ਪੜ੍ਹਿਆ ਉਦੋਂ ਹੀ ਉਸ ਵਿਚ ਦਿੱਤੀ ਸਲਾਹ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਹੁਣ ਸਾਨੂੰ ਘੱਟ ਹੀ ਅੱਖਾਂ ਦੀ ਇਨਫ਼ੈਕਸ਼ਨ ਹੁੰਦੀ ਹੈ।”
“ਜਿੱਥੇ ਅਸੀਂ ਰਹਿੰਦੇ ਹਾਂ ਉੱਥੇ ਲੋਕਾਂ ਨੂੰ ਮੱਛਰ-ਮੱਖੀਆਂ ਦੀ ਕੋਈ ਪਰਵਾਹ ਨਹੀਂ ਹੈ। ਪਰ ਬਾਈਬਲ—ਇਸ ਦਾ ਤੁਹਾਡੇ ਜੀਵਨ ਉੱਤੇ ਪ੍ਰਭਾਵ (ਅੰਗ੍ਰੇਜ਼ੀ),a ਨਾਂ ਦੀ ਵਿਡਿਓ ਤੋਂ ਸਾਡੇ ਪਰਿਵਾਰ ਨੇ ਸਿੱਖਿਆ ਕਿ ਸਾਨੂੰ ਇਸ ਤਰ੍ਹਾਂ ਦੇ ਕੀੜੇ-ਮਕੌੜਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਜਾਣਕਾਰੀ ਨੇ ਵੀ ਸਿਹਤਮੰਦ ਰਹਿਣ ਵਿਚ ਸਾਡੀ ਮਦਦ ਕੀਤੀ।”
ਹਾਰ ਨਾ ਮੰਨੋ! ਆਪਣੀ ਸਿਹਤ ਬਿਹਤਰ ਬਣਾਉਣ ਲਈ ਆਪਣੇ ਵਿਚ ਹੌਲੀ-ਹੌਲੀ ਤਬਦੀਲੀਆਂ ਕਰੋ ਅਤੇ ਅਜਿਹੇ ਟੀਚੇ ਰੱਖੋ ਜੋ ਤੁਹਾਡੀ ਪਹੁੰਚ ਵਿਚ ਹਨ। ਬਿਲਕੁਲ ਨਾ ਖਾਣ ਨਾਲੋਂ ਚੰਗਾ ਹੋਵੇਗਾ ਕਿ ਤੁਸੀਂ ਤਲੀਆਂ ਚੀਜ਼ਾਂ ਵਰਗਾ ਖਾਣਾ ਘਟਾਓ ਜੋ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ। ਥੋੜ੍ਹਾ ਜਲਦੀ ਸੌਣ ਦੀ ਕੋਸ਼ਿਸ਼ ਕਰੋ ਅਤੇ ਹੋਰ ਥੋੜ੍ਹੀ ਕਸਰਤ ਕਰੋ। ਕੁਝ ਨਾ ਕਰਨ ਨਾਲੋਂ ਥੋੜ੍ਹਾ ਜਿਹਾ ਕਰਨਾ ਚੰਗਾ ਹੈ। ਚੰਗੀਆਂ ਆਦਤਾਂ ਅਪਣਾਉਣ ਲਈ ਸ਼ਾਇਦ ਕੁਝ ਹਫ਼ਤੇ ਜਾਂ ਮਹੀਨੇ ਲੱਗ ਸਕਦੇ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਤਬਦੀਲੀਆਂ ਕਰਨ ਦੇ ਬਾਵਜੂਦ ਤੁਹਾਡੀ ਸਿਹਤ ਨੂੰ ਕੋਈ ਫ਼ਰਕ ਨਹੀਂ ਪੈ ਰਿਹਾ ਹੈ, ਤਾਂ ਹਿੰਮਤ ਨਾ ਹਾਰੋ। ਪਰ ਕੋਸ਼ਿਸ਼ ਕਰਦੇ ਰਹੋ ਕਿਉਂਕਿ ਹੌਲੀ-ਹੌਲੀ ਤੁਹਾਡੀ ਸਿਹਤ ਬਿਹਤਰ ਹੁੰਦੀ ਜਾਵੇਗੀ।
ਇਸ ਸੰਸਾਰ ਵਿਚ ਕੋਈ ਵੀ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹੋ ਸਕਦਾ ਹੈ। ਜਦੋਂ ਤੁਸੀਂ ਬੀਮਾਰ ਹੁੰਦੇ ਹੋ, ਤਾਂ ਸ਼ਾਇਦ ਇਹ ਤੁਹਾਡੀ ਅਣਗਹਿਲੀ ਨਾ ਹੋਵੇ, ਪਰ ਤੁਹਾਡੇ ਪਾਪੀ ਸਰੀਰ ਕਰਕੇ ਹੋਵੇ। ਇਸ ਲਈ ਆਪਣੀ ਸਿਹਤ ਜਾਂ ਹੋਰ ਗੱਲਾਂ ਬਾਰੇ ਜ਼ਿਆਦਾ ਟੈਨਸ਼ਨ ਨਾ ਲਓ। ਯਿਸੂ ਨੇ ਪੁੱਛਿਆ: “ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਇੱਕ ਪੱਲ ਵਧਾ ਸੱਕਦਾ ਹੈ?” (ਲੂਕਾ 12:25) ਉਨ੍ਹਾਂ ਚੀਜ਼ਾਂ ਤੋਂ ਦੂਰ ਰਹੋ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕੁਝ ਹੱਦ ਤਕ ਸਿਹਤਮੰਦ ਰਹਿ ਸਕਦੇ ਹੋ ਜਦ ਤਕ ਪਰਮੇਸ਼ੁਰ ਦੀ ਨਵੀਂ ਦੁਨੀਆਂ ਨਹੀਂ ਆਉਂਦੀ ਜਦੋਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।”—ਯਸਾਯਾਹ 33:24. (g11-E 03)
a ਯਹੋਵਾਹ ਦੇ ਗਵਾਹਾਂ ਦੁਆਰਾ ਬਣਾਇਆ ਗਿਆ।