ਕੀ ਤੁਹਾਡੀ ਜ਼ਿੰਦਗੀ ਦੀ ਡੋਰ ਕਿਸਮਤ ਦੇ ਹੱਥ ਵਿਚ ਹੈ?
ਇਕ ਵਪਾਰੀ ਨੱਠ-ਭੱਜ ਕੇ ਹਵਾਈ ਅੱਡੇ ʼਤੇ ਪਹੁੰਚਿਆ, ਪਰ ਉਸ ਦਾ ਜਹਾਜ਼ ਉੱਡ ਚੁੱਕਾ ਸੀ। ਫਿਰ ਉਸੇ ਦਿਨ ਉਸ ਨੂੰ ਖ਼ਬਰ ਮਿਲੀ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਸਾਰੇ ਯਾਤਰੀ ਮਾਰੇ ਗਏ।
ਕਈ ਵਾਰ ਲੋਕ ਭਿਆਨਕ ਹਾਦਸਿਆਂ ਵਿੱਚੋਂ ਵਾਲ-ਵਾਲ ਬਚ ਜਾਂਦੇ ਹਨ। ਬਚਣ ਵਾਲੇ ਬਾਰੇ ਲੋਕ ਆਮ ਤੌਰ ਤੇ ਕਹਿੰਦੇ ਹਨ ਕਿ “ਉਹ ਭਾਗਾਂ ਵਾਲਾ ਆ।” ਪਰ ਜੇ ਹਾਦਸੇ ਵਿਚ ਕੋਈ ਮਰ ਜਾਵੇ, ਤਾਂ ਲੋਕ ਕਹਿੰਦੇ ਹਨ ਕਿ “ਉਹ ਦੀ ਇੰਨੀ ਹੀ ਲਿਖੀ ਹੋਈ ਸੀ।” ਜਨਮਾਂ-ਕਰਮਾਂ ਵਿਚ ਵਿਸ਼ਵਾਸ ਕਰਨ ਵਾਲੇ ਲੋਕ ਮੰਨਦੇ ਹਨ ਕਿ ਪਿਛਲੇ ਜਨਮ ਵਿਚ ਕੀਤੇ ਬੁਰੇ ਕਰਮਾਂ ਦਾ ਫਲ ਇਸ ਜਨਮ ਵਿਚ ਭੁਗਤਣਾ ਪੈਂਦਾ ਹੈ ਅਤੇ ਇਸ ਜਨਮ ਵਿਚ ਕੀਤੇ ਚੰਗੇ ਕਰਮਾਂ ਦਾ ਫਲ ਅਗਲੇ ਜਨਮ ਵਿਚ ਮਿਲੇਗਾ। ਪਰ ਜਿਹੜੇ ਲੋਕ ਰੱਬ ਨੂੰ ਨਹੀਂ ਵੀ ਮੰਨਦੇ, ਉਹ ਵੀ ਇਹੀ ਸੋਚਦੇ ਹਨ ਕਿ ਜ਼ਿੰਦਗੀ ਕੁਝ ਨਿਯਮਾਂ ਮੁਤਾਬਕ ਚੱਲਦੀ ਹੈ। ਕਰਮਾਂ ਵਿਚ ਵਿਸ਼ਵਾਸ ਰੱਖਣ ਵਾਲੇ ਲੋਕ ਇਹ ਵੀ ਮੰਨਦੇ ਹਨ ਕਿ ਪੁੰਨ-ਦਾਨ ਕਰਨ ਜਾਂ ਕੋਈ ਧਾਰਮਿਕ ਰਸਮ ਪੂਰੀ ਕਰਨ ਨਾਲ ਕਿਸਮਤ ਬਦਲੀ ਵੀ ਜਾ ਸਕਦੀ ਹੈ। ਪਰ ਕੀ ਇਨ੍ਹਾਂ ਵਿਚਾਰਾਂ ਵਿਚ ਕੋਈ ਸੱਚਾਈ ਹੈ?
ਕੀ ਇਨ੍ਹਾਂ ਵਿਚਾਰਾਂ ਵਿਚ ਕੋਈ ਸੱਚਾਈ ਹੈ?
ਆਓ ਆਪਾਂ ਪਹਿਲਾਂ ਉਨ੍ਹਾਂ ਲੋਕਾਂ ਦੇ ਵਿਚਾਰਾਂ ਬਾਰੇ ਚਰਚਾ ਕਰੀਏ ਜੋ ਰੱਬ ਨੂੰ ਨਹੀਂ ਮੰਨਦੇ, ਪਰ ਵਿਸ਼ਵਾਸ ਕਰਦੇ ਹਨ ਕਿ ਜ਼ਿੰਦਗੀ ਨਿਯਮਾਂ ਅਨੁਸਾਰ ਚੱਲਦੀ ਹੈ। ਜ਼ਰਾ ਸੋਚੋ ਇਹ ਨਿਯਮ ਆਏ ਕਿੱਥੋਂ? ਇਕ ਮਿਸਾਲ ਲਓ। ਕਈ ਦੇਸ਼ਾਂ ਵਿਚ ਟ੍ਰੈਫਿਕ ਨਿਯਮ ਹਨ ਅਤੇ ਇਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਕੀ ਤੁਸੀਂ ਇਹ ਸੋਚੋਗੇ ਕਿ ਇਹ ਨਿਯਮ ਆਪਣੇ ਆਪ ਹੀ ਬਣ ਗਏ? ਬਿਲਕੁਲ ਨਹੀਂ! ਕਿਸੇ ਨੇ ਤਾਂ ਸਾਡੀ ਭਲਾਈ ਲਈ ਟ੍ਰੈਫਿਕ ਨਿਯਮ ਬਣਾਏ ਹਨ, ਹੈ ਨਾ।
ਹੁਣ ਆਓ ਆਪਾਂ ਉਨ੍ਹਾਂ ਲੋਕਾਂ ਬਾਰੇ ਗੱਲ ਕਰੀਏ ਜਿਹੜੇ ਜਨਮਾਂ-ਕਰਮਾਂ ਵਿਚ ਵਿਸ਼ਵਾਸ ਕਰਦੇ ਹਨ। ਕੀ ਸੱਚ-ਮੁੱਚ ਸਾਨੂੰ ਪਿਛਲੇ ਜਨਮ ਦੇ ਬੁਰੇ ਕਰਮਾਂ ਦਾ ਨਤੀਜਾ ਇਸ ਜਨਮ ਵਿਚ ਭੁਗਤਣਾ ਪੈਂਦਾ ਹੈ? ਜੇ ਇਹ ਸੱਚ ਹੈ, ਤਾਂ ਕੀ ਸਾਨੂੰ ਪਿਛਲੇ ਜਨਮ ਵਿਚ ਕੀਤੀਆਂ ਗ਼ਲਤੀਆਂ ਦਾ ਪਤਾ ਨਹੀਂ ਹੋਣਾ ਚਾਹੀਦਾ, ਤਾਂਕਿ ਅਸੀਂ ਦੁਬਾਰਾ ਉਹ ਗ਼ਲਤੀਆਂ ਨਾ ਕਰੀਏ? ਜੇ ਇਨਸਾਨ ਨੂੰ ਇਹ ਪਤਾ ਹੀ ਨਹੀਂ ਕਿ ਸਜ਼ਾ ਉਸ ਨੂੰ ਕਿਸ ਗੱਲ ਦੀ ਮਿਲ ਰਹੀ ਹੈ, ਤਾਂ ਉਹ ਸੁਧਰੇਗਾ ਕਿਵੇਂ? ਇਹ ਕਿੱਥੋਂ ਦਾ ਨਿਆਂ ਹੈ ਕਿ ਕੋਈ ਬਿਨਾਂ ਜੁਰਮ ਸਜ਼ਾ ਭੁਗਤੇ?
ਇਕ ਮਿਸਾਲ ʼਤੇ ਗੌਰ ਕਰੋ: ਇਕ ਪਿਤਾ ਆਪਣੇ ਬੱਚੇ ਨੂੰ ਕਹਿੰਦਾ ਹੈ, ‘ਸੁਧਰ ਜਾ!’ ਪਰ ਉਹ ਬੱਚੇ ਨੂੰ ਇਹ ਨਹੀਂ ਦੱਸਦਾ ਕਿ ਉਸ ਨੂੰ ਕਿਹੜੀ ਗੱਲ ਵਿਚ ਸੁਧਰਨ ਦੀ ਲੋੜ ਹੈ। ਬੱਚੇ ਨੂੰ ਸ਼ਾਇਦ ਲੱਗੇ ਕਿ ਉਸ ਨੂੰ ਦਿਲ ਲਾ ਕੇ ਪੜ੍ਹਾਈ ਕਰਨ ਜਾਂ ਬੀਬਾ ਬਣਨ ਦੀ ਲੋੜ ਹੈ। ਅਸਲ ਵਿਚ ਬੱਚੇ ਨੂੰ ਝੂਠ ਬੋਲਣ ਦੀ ਆਦਤ ਹੈ। ਪਰ ਕਿਉਂਕਿ ਉਸ ਦੇ ਪਿਤਾ ਨੇ ਉਸ ਨੂੰ ਇਹ ਨਹੀਂ ਦੱਸਿਆ ਕਿ ਝੂਠ ਬੋਲਣਾ ਗ਼ਲਤ ਹੈ, ਉਹ ਸ਼ਾਇਦ ਉਮਰ ਭਰ ਝੂਠ ਬੋਲਦਾ ਰਹੇ। ਕੀ ਪਿਤਾ ਬੱਚੇ ਨਾਲ ਬੇਇਨਸਾਫ਼ੀ ਨਹੀਂ ਕਰ ਰਿਹਾ? ਕਰਮਾਂ ਵਿਚ ਵਿਸ਼ਵਾਸ ਕਰਨ ਵਾਲੀ ਇਕ ਤੀਵੀਂ ਨੇ ਕਿਹਾ ਕਿ “ਮੈਨੂੰ ਨਹੀਂ ਪਤਾ ਮੈਂ ਆਪਣੇ ਪਿਛਲੇ ਜਨਮ ਦੇ ਕਿਹੜੇ ਜੁਰਮ ਦੀ ਸਜ਼ਾ ਭੁਗਤ ਰਹੀ ਹਾਂ। ਮੈਂ ਬੱਸ ਇੰਨਾ ਜਾਣਦੀ ਹਾਂ ਕਿ ਕਿਸਮਤ ਨੂੰ ਕੋਈ ਬਦਲ ਨਹੀਂ ਸਕਦਾ।”
ਕਿਸਮਤ ਦੇ ਭਰਮ ਵਿਚ ਫਸੇ ਲੋਕ ਹੋਰ ਦੁੱਖ ਵੀ ਮੁੱਲ ਲੈ ਲੈਂਦੇ ਹਨ। ਮਿਸਾਲ ਲਈ ਕਿਸੇ ਅਨਿਆਂ ਦਾ ਸਾਮ੍ਹਣਾ ਕਰ ਰਿਹਾ ਇਨਸਾਨ ਹੱਲ ਕੱਢਣ ਦੀ ਬਜਾਇ ਸ਼ਾਇਦ ਚੁੱਪ ਸਾਧ ਲਵੇ ਜਾਂ ਕਹੇ, “ਜੇ ਇਹੀ ਮੇਰੇ ਕਰਮਾਂ ਵਿਚ ਲਿਖਿਆ ਹੈ, ਤਾਂ ਮੈਨੂੰ ਰੱਬ ਦਾ ਭਾਣਾ ਮੰਨਣਾ ਪਵੇਗਾ।” ਕਈ ਇਹ ਵਿਚਾਰਦੇ ਹਨ ਕਿ ਉਹ ਚੜ੍ਹਾਵੇ ਚੜ੍ਹਾ ਕੇ ਜਾਂ ਫਿਰ ਘਰ ਵਿਚ ਪੂਜਾ-ਪਾਠ ਕਰਵਾ ਕੇ ਆਪਣੀ ਕਿਸਮਤ ਬਦਲ ਸਕਦੇ ਹਨ। ਇੱਦਾਂ ਦੇ ਵਿਚਾਰਾਂ ਕਰਕੇ ਕਈਆਂ ਨੂੰ ਢੌਂਗੀਆਂ ਨੇ ਠੱਗਿਆ ਹੈ।
ਦੁੱਖਾਂ ਦੀ ਜੜ੍ਹ
ਦੁੱਖਾਂ ਦੀ ਜੜ੍ਹ ਤਕ ਪਹੁੰਚਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਾਡਾ ਸਿਰਜਣਹਾਰ ਕਿਸਮਤ ਅਤੇ ਜਨਮਾਂ-ਕਰਮਾਂ ਬਾਰੇ ਕੀ ਸੋਚਦਾ ਹੈ। ਇਹ ਅਸੀਂ ਉਸ ਦੇ ਪਵਿੱਤਰ ਬਚਨ ਬਾਈਬਲ ਤੋਂ ਜਾਣ ਸਕਦੇ ਹਾਂ। ਇਸ ਵਿਚ ਸਾਫ਼-ਸਾਫ਼ ਦੱਸਿਆ ਹੈ ਕਿ “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ।” ਇਹ ਆਇਤ ਅੱਗੇ ਕਹਿੰਦੀ ਹੈ ਕਿ ਮਰਨ ਤੋਂ ਬਾਅਦ ਇਨਸਾਨ ਨਾ ਸੋਚ ਸਕਦਾ ਹੈ ਤੇ ਨਾ ਹੀ ਕੋਈ ਕੰਮ ਕਰ ਸਕਦਾ ਹੈ। ਉਸ ਦਾ ਸਭ ਕੁਝ ਮਿਟ ਜਾਂਦਾ ਹੈ। (ਉਪਦੇਸ਼ਕ ਦੀ ਪੋਥੀ 9:5, 10) ਇਸ ਲਈ ਇਨਸਾਨ ਵਿਚ ਆਤਮਾ ਵਰਗੀ ਕੋਈ ਚੀਜ਼ ਨਹੀਂ ਜੋ ਮੌਤ ਤੋਂ ਬਾਅਦ ਜ਼ਿੰਦਾ ਰਹਿੰਦੀ ਹੈ ਤੇ ਨਵੇਂ ਸਰੀਰ ਵਿਚ ਦੁਬਾਰਾ ਜਨਮ ਲੈਂਦੀ ਹੈ।
ਤਾਂ ਫਿਰ ਇੱਦਾਂ ਕਿਉਂ ਹੁੰਦਾ ਹੈ ਕਿ ਕੁਝ ਲੋਕਾਂ ਉੱਤੇ ਬਿਪਤਾ ਆਉਂਦੀ ਹੈ ਅਤੇ ਹੋਰਾਂ ʼਤੇ ਨਹੀਂ? ਦੁੱਖਾਂ ਦੇ ਇਕ ਕਾਰਨ ਬਾਰੇ ਬਾਈਬਲ ਕਹਿੰਦੀ ਹੈ: “ਹਰ ਕਿਸੇ ਉਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਨਸਾਨ ਕਈ ਵਾਰ ਸਿਰਫ਼ ਇਸ ਲਈ ਹਾਦਸੇ ਦਾ ਸ਼ਿਕਾਰ ਹੁੰਦਾ ਹੈ ਕਿਉਂਕਿ ਉਹ ਗ਼ਲਤ ਸਮੇਂ ਗ਼ਲਤ ਜਗ੍ਹਾ ਤੇ ਹੁੰਦਾ ਹੈ। ਰੋਜ਼ ਕਿਸੇ-ਨ-ਕਿਸੇ ਕਾਰਨ ਲੋਕਾਂ ਦੀ ਬੱਸ, ਗੱਡੀ ਜਾਂ ਜਹਾਜ਼ ਛੁੱਟ ਜਾਂਦਾ ਹੈ। ਜਦ ਕੋਈ ਹਾਦਸਾ ਨਹੀਂ ਹੁੰਦਾ ਤਾਂ ਕੋਈ ਇਸ ਬਾਰੇ ਸੋਚਦਾ ਵੀ ਨਹੀਂ। ਪਰ ਜੇ ਕਿਤੇ ਹਾਦਸਾ ਹੋ ਜਾਵੇ, ਤਾਂ ਬਚਣ ਵਾਲਾ ਸ਼ਾਇਦ ਸੋਚੇ ਭਈ ‘ਅਜੇ ਮੇਰਾ ਦਾਣਾ-ਪਾਣੀ ਧਰਤੀ ਉੱਤੇ ਹੈ।’
ਦੁੱਖਾਂ ਦਾ ਦੂਜਾ ਕਾਰਨ ਖ਼ੁਦ ਇਨਸਾਨ ਹੈ। ਬਾਈਬਲ ਦੱਸਦੀ ਹੈ: “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪਦੇਸ਼ਕ ਦੀ ਪੋਥੀ 8:9) ਕਈ ਅਧਿਕਾਰੀ ਆਪਣੇ ਅਧਿਕਾਰ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਲੋਕਾਂ ਤੇ ਜ਼ੁਲਮ ਢਾਹੁੰਦੇ ਹਨ। ਕਈ ਵਾਰ ਤਾਂ ਦੁੱਖ ਅਸੀਂ ਆਪ ਆਪਣੇ ʼਤੇ ਲਿਆਉਂਦੇ ਹਾਂ। ਮਿਸਾਲ ਲਈ, ਜ਼ਿਆਦਾ ਸ਼ਰਾਬ ਪੀਣ ਜਾਂ ਸਿਗਰਟ ਪੀਣ ਦੀ ਬੁਰੀ ਆਦਤ ਬੰਦੇ ਦੀ ਸਿਹਤ ਨੂੰ ਤਬਾਹ ਕਰ ਦਿੰਦੀ ਹੈ। ਈਰਖਾਲੂ ਜਾਂ ਗੁੱਸੇਖ਼ੋਰ ਬੰਦਾ ਆਪਣੀ ਸਿਹਤ ਦਾ ਨੁਕਸਾਨ ਤਾਂ ਕਰਦਾ ਹੀ ਹੈ, ਪਰ ਰਿਸ਼ਤੇ-ਨਾਤਿਆਂ ਨੂੰ ਵੀ ਵਿਗਾੜ ਲੈਂਦਾ ਹੈ। ਬਾਈਬਲ ਵਿਚ ਸਾਫ਼ ਲਿਖਿਆ ਹੈ ਕਿ ਇਨਸਾਨ “ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।”—ਗਲਾਤੀਆਂ 6:7.
ਦੁੱਖਾਂ ਦਾ ਤੀਜਾ ਕਾਰਨ ਹੈ ਕਿ ਅਸੀਂ ਸਮੇਂ ਦੇ ਐਸੇ ਦੌਰ ਵਿਚ ਰਹਿੰਦੇ ਹਾਂ ਜਿਸ ਨੂੰ ਬਾਈਬਲ ਵਿਚ ‘ਅੰਤ ਦੇ ਦਿਨ’ ਕਿਹਾ ਗਿਆ ਹੈ। ਲਗਭਗ 2,000 ਸਾਲ ਪਹਿਲਾਂ ਯਿਸੂ ਨੇ ਦੱਸਿਆ ਸੀ ਕਿ ਅੰਤ ਦਿਆਂ ਦਿਨਾਂ ਵਿਚ ਕੀ ਹੋਵੇਗਾ। ਉਸ ਨੇ ਕਿਹਾ ਸੀ: “ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ। . . . ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ।” (2 ਤਿਮੋਥਿਉਸ 3:1; ਮੱਤੀ 24:3, 7, 12) ਇਹ ਸਭ ਗੱਲਾਂ ਅੱਜ ਹੋ ਰਹੀਆਂ ਹਨ। ਥਾਂ-ਥਾਂ ਕੁਦਰਤੀ ਆਫ਼ਤਾਂ ਆ ਰਹੀਆਂ ਹਨ ਤੇ ਹਰ ਪਾਸੇ ਹਿੰਸਕ ਲੋਕਾਂ ਨੇ ਕਹਿਰ ਢਾਹਿਆ ਹੋਇਆ ਹੈ। ਤਾਹੀਓਂ ਦੁਨੀਆਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ।
ਪਰ ਇਸ ਦਾ ਇਹ ਮਤਲਬ ਨਹੀਂ ਕਿ ਉਮੀਦ ਦੀ ਕੋਈ ਕਿਰਨ ਨਹੀਂ ਹੈ। ਅੰਤ ਦਿਆਂ ਦਿਨਾਂ ਬਾਰੇ ਗੱਲ ਕਰਨ ਤੋਂ ਬਾਅਦ ਯਿਸੂ ਨੇ ਇਹ ਵੀ ਕਿਹਾ ਸੀ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਅਤੇ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:13, 14) ਇੱਥੇ ਯਿਸੂ ਕਿਹੜੇ ਰਾਜ ਬਾਰੇ ਗੱਲ ਕਰ ਰਿਹਾ ਸੀ? ਇਹ ਸਵਰਗ ਵਿਚ ਪਰਮੇਸ਼ੁਰ ਦਾ ਰਾਜ ਹੈ। ਪਰਮੇਸ਼ੁਰ ਨੇ ਯਿਸੂ ਨੂੰ ਇਸ ਰਾਜ ਦਾ ਰਾਜਾ ਚੁਣਿਆ ਹੈ। ਇਸ ਰਾਜ ਰਾਹੀਂ ਪਰਮੇਸ਼ੁਰ ਦੁਨੀਆਂ ਵਿੱਚੋਂ ਸਾਰੀ ਬੁਰਾਈ ਮਿਟਾ ਕੇ ਅਮਨ-ਚੈਨ ਬਹਾਲ ਕਰੇਗਾ। ਦੁੱਖ ਦੇਣ ਵਾਲੀਆਂ ਸਭ ਗੱਲਾਂ ਜਾਂਦੀਆਂ ਰਹਿਣਗੀਆਂ। ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ‘ਉਹ ਸਾਡੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ।’ (ਪਰਕਾਸ਼ ਦੀ ਪੋਥੀ 21:4) ਵਾਕਈ, ਉਸ ਸਮੇਂ ਜ਼ਿੰਦਗੀ ਦਾ ਮਜ਼ਾ ਕੁਝ ਹੋਰ ਹੀ ਹੋਵੇਗਾ। ਕੀ ਤੁਹਾਨੂੰ ਇਹ ਗੱਲਾਂ ਜਾਣ ਕੇ ਖ਼ੁਸ਼ੀ ਨਹੀਂ ਹੁੰਦੀ?
ਤੁਹਾਨੂੰ ਕੀ ਕਰਨ ਦੀ ਲੋੜ ਹੈ?
ਪਰਮੇਸ਼ੁਰ ਦੇ ਰਾਜ ਅਧੀਨ ਬਰਕਤਾਂ ਦਾ ਆਨੰਦ ਮਾਣਨ ਲਈ ਬਾਈਬਲ ਦੱਸਦੀ ਹੈ ਕਿ ਤੁਹਾਨੂੰ ਕੀ ਕਰਨ ਦੀ ਲੋੜ ਹੈ। ਇਸ ਵਿਚ ਲਿਖਿਆ ਹੈ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17) ਤਾਂ ਫਿਰ, ਜੋ ਲੋਕ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਚੱਲਦੇ ਹਨ, ਉਹੀ ਪਰਮੇਸ਼ੁਰ ਦੇ ਰਾਜ ਵਿਚ ਇਨ੍ਹਾਂ ਬਰਕਤਾਂ ਦਾ ਹਮੇਸ਼ਾ-ਹਮੇਸ਼ਾ ਲਈ ਆਨੰਦ ਮਾਣਨਗੇ। ਪਰ ਉਸ ਦੀ ਮਰਜ਼ੀ ਅਨੁਸਾਰ ਚੱਲਣ ਤੋਂ ਪਹਿਲਾਂ ਸਾਨੂੰ ਉਸ ਦੀ ਮਰਜ਼ੀ ਬਾਰੇ ਸਿੱਖਣ ਦੀ ਲੋੜ ਹੈ। ਇਹ ਅਸੀਂ ਕਿਵੇਂ ਕਰ ਸਕਦੇ ਹਾਂ? ਇਸ ਬਾਰੇ ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਅਸੀਂ ਸੱਚੇ ਪਰਮੇਸ਼ੁਰ ਯਹੋਵਾਹ ਦੀ ਮਰਜ਼ੀ ਅਤੇ ਯਿਸੂ ਦੀਆਂ ਸਿੱਖਿਆਵਾਂ ਬਾਰੇ ਬਾਈਬਲ ਤੋਂ ਸਿੱਖ ਸਕਦੇ ਹਾਂ। ਜੀ ਹਾਂ, ਸਦਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਬਾਈਬਲ ਦਾ ਅਧਿਐਨ ਕਰਨ ਦੀ ਲੋੜ ਹੈ।
ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਸਾਡੀ ਜ਼ਿੰਦਗੀ ਦੀ ਡੋਰ ਕਿਸਮਤ ਦੇ ਹੱਥ ਵਿਚ ਨਹੀਂ ਬਲਕਿ ਸਾਡੇ ਆਪਣੇ ਹੱਥ ਵਿਚ ਹੈ। ਅਸੀਂ ਖ਼ੁਦ ਆਪਣੇ ਕੰਮਾਂ ਰਾਹੀਂ ਤੈਅ ਕਰ ਸਕਦੇ ਹਾਂ ਕਿ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ। ਧਿਆਨ ਦਿਓ ਕਿ ਇਸ ਬਾਰੇ ਪਰਮੇਸ਼ੁਰ ਕੀ ਕਹਿੰਦਾ ਹੈ: “ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ।” (ਬਿਵਸਥਾ ਸਾਰ 30:19) ਸਾਨੂੰ ਉਮੀਦ ਹੈ ਕਿ ਤੁਸੀਂ ਜ਼ਿੰਦਗੀ ਨੂੰ ਚੁਣੋਗੇ। ਕਿਉਂ ਨਾ ਬਾਈਬਲ ਦੀ ਸਟੱਡੀ ਕਰੋ ਤੇ ਪਰਮੇਸ਼ੁਰ ਦੀ ਮਰਜ਼ੀ ਜਾਣੋ। ਇੱਦਾਂ ਤੁਸੀਂ ਵੀ ਸਦਾ ਲਈ ਖ਼ੁਸ਼ੀਆਂ ਭਰੀ ਜ਼ਿੰਦਗੀ ਪਾਓਗੇ!
ਯਹੋਵਾਹ ਦੇ ਗਵਾਹ ਖ਼ੁਸ਼ੀ-ਖ਼ੁਸ਼ੀ ਤੁਹਾਨੂੰ ਸਟੱਡੀ ਕਰਾਉਣਗੇ। ਉਹ ਕੋਈ ਫ਼ੀਸ ਨਹੀਂ ਲੈਂਦੇ। ਹੇਠਾਂ ਦਿੱਤੇ ਨੇੜਲੇ ਪਤੇ ʼਤੇ ਲਿਖੋ।
ਇਸ ਟ੍ਰੈਕਟ ਵਿਚ ਮੁੱਖ ਤੌਰ ਤੇ ਪੰਜਾਬੀ ਦੀ ਪਵਿੱਤਰ ਬਾਈਬਲ ਵਰਤੀ ਗਈ ਹੈ।