ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਸੰਬੰਧੀ ਯਹੋਵਾਹ ਦੇ ਗਵਾਹਾਂ ਦੇ ਹੱਕ ਅਤੇ ਜ਼ਿੰਮੇਵਾਰੀਆਂ
ਅਸੀਂ ਯਹੋਵਾਹ ਦੇ ਗਵਾਹ ਆਪਣੇ ਸਿਰਜਣਹਾਰ ਦੇ ਨਾਂ ਤੋਂ ਜਾਣੇ ਜਾਂਦੇ ਹਾਂ ਅਤੇ ਅਸੀਂ ਸਾਰੇ ਇਨਸਾਨਾਂ ਨੂੰ ਉਸ ਦੇ ਮਹਾਨ ਮਕਸਦ ਬਾਰੇ ਦੱਸਦੇ ਹਾਂ। ਇਹ ਸਾਡੇ ਲਈ ਸਿਰਫ਼ ਸਨਮਾਨ ਦੀ ਗੱਲ ਹੀ ਨਹੀਂ, ਸਗੋਂ ਸਾਡੀ ਜ਼ਿੰਮੇਵਾਰੀ ਵੀ ਹੈ। ਇਹ ਜ਼ਿੰਮੇਵਾਰੀ ਨਿਭਾਉਣ ਦਾ ਹੱਕ ਸਾਨੂੰ ਕੇਵਲ ਬਾਈਬਲ ਹੀ ਨਹੀਂ ਦਿੰਦੀ, ਸਗੋਂ ਭਾਰਤ ਦਾ ਸੰਵਿਧਾਨ ਵੀ ਦਿੰਦਾ ਹੈ। ਸਾਰੇ ਆਜ਼ਾਦ ਦੇਸ਼ਾਂ ਦੇ ਨਾਗਰਿਕਾਂ ਵਾਂਗ ਸਾਡੇ ਕੋਲ ਵੀ ਧਾਰਮਿਕ ਆਜ਼ਾਦੀ ਹੈ।
ਕਾਨੂੰਨ ਸਾਨੂੰ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਇਜਾਜ਼ਤ ਦਿੰਦਾ ਹੈ ਅਤੇ ਅਸੀਂ ਇਹ ਕੰਮ ਸ਼ਾਂਤੀ ਨਾਲ ਕਰਦੇ ਹਾਂ। ਕਦੇ-ਕਦੇ ਗ਼ਲਤਫ਼ਹਿਮੀਆਂ ਕਰਕੇ ਲੋਕ ਸਾਡੇ ਇਸ ਜਾਇਜ਼ ਕੰਮ ਦਾ ਵਿਰੋਧ ਕਰਦੇ ਹਨ। ਉਹ ਦਾਅਵਾ ਕਰਦੇ ਹਨ ਕਿ ਅਸੀਂ ਗ਼ੈਰ-ਕਾਨੂੰਨੀ ਢੰਗ ਨਾਲ ਜਾਂ ਜ਼ਬਰਦਸਤੀ ਲੋਕਾਂ ਦਾ ਧਰਮ ਬਦਲਦੇ ਹਾਂ ਜਾਂ ਬਾਈਬਲ ਦਾ ਪ੍ਰਚਾਰ ਕਰ ਕੇ ਲੋਕਾਂ ਦੇ ਵਿਸ਼ਵਾਸਾਂ ਦਾ ਅਪਮਾਨ ਕਰਦੇ ਹਾਂ। ਅਜਿਹੇ ਇਲਜ਼ਾਮ ਬਿਲਕੁਲ ਝੂਠੇ ਹਨ। “ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕਰਨ ਦੀ ਸਾਡੀ ਇਸ ਆਜ਼ਾਦੀ ਦਾ ਕਈ ਮੌਕਿਆਂ ਤੇ ਵਿਰੋਧ ਕੀਤਾ ਗਿਆ ਹੈ ਅਤੇ ਇੱਥੋਂ ਤਕ ਕਿ ਸਾਡੇ ʼਤੇ ਹਮਲੇ ਵੀ ਕੀਤੇ ਗਏ ਹਨ। ਜਦੋਂ ਇੱਦਾਂ ਹੁੰਦਾ ਹੈ, ਤਾਂ ਅਸੀਂ ਇਨਸਾਫ਼ ਲਈ ਕਾਨੂੰਨ ਦਾ ਸਹਾਰਾ ਲੈਂਦੇ ਹਾਂ।
ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੂਸਰਿਆਂ ਨੂੰ ਸੁਣਾਉਣੀ ਚਾਹੁੰਦੇ ਹਾਂ। ਇਸ ਕਰਕੇ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਸਮੇਂ ਦੂਸਰਿਆਂ ਨਾਲ ਕੱਟੜ ਤਰੀਕੇ ਨਾਲ ਪੇਸ਼ ਨਹੀਂ ਆਉਂਦੇ, ਨਾ ਹੀ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਨਾ ਹੀ ਕਿਸੇ ਦੇ ਵਿਸ਼ਵਾਸਾਂ ਦਾ ਮਖੌਲ ਉਡਾਉਂਦੇ ਹਾਂ। ਸਾਡਾ ਇਹ ਇਰਾਦਾ ਬਿਲਕੁਲ ਨਹੀਂ ਕਿ ਅਸੀਂ ਕਿਸੇ ਨੂੰ ਨਾਰਾਜ਼ ਕਰੀਏ ਜਾਂ ਕਿਸੇ ਨੂੰ ਬੇਇੱਜ਼ਤ ਕਰੀਏ। (ਕਹਾਉਤਾਂ 12:18) ਇਸ ਕਰਕੇ ਅਸੀਂ ਦੂਸਰਿਆਂ ਦੇ ਧਰਮ ਜਾਂ ਉਨ੍ਹਾਂ ਦੀਆਂ ਮੂਰਤੀਆਂ ਨੂੰ ਕਦੇ ਬੁਰਾ-ਭਲਾ ਨਹੀਂ ਕਹਿੰਦੇ। ਪਰਮੇਸ਼ੁਰ ਨੇ ਸਾਨੂੰ “ਖ਼ੁਸ਼ ਖ਼ਬਰੀ” ਸੁਣਾਉਣ ਦੀ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਪੂਰਾ ਕਰਦੇ ਹੋਏ ਅਸੀਂ ਸਾਰੇ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਾਂ ਕਿਉਂਕਿ ਅਸੀਂ ਮੰਨਦੇ ਹਾਂ ਕਿ ਹਰੇਕ ਵਿਅਕਤੀ ਨੂੰ ਸਾਡਾ ਸੰਦੇਸ਼ ਸੁਣਨ ਜਾਂ ਨਾ ਸੁਣਨ ਦਾ ਹੱਕ ਹੈ। ਜੇ ਕੋਈ ਸਾਨੂੰ ਇਹ ਕੰਮ ਕਰਨ ਤੋਂ ਰੋਕਦਾ ਹੈ, ਤਾਂ ਅਸੀਂ ‘ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਹੱਕ’ ਦੀ ਰਾਖੀ ਲਈ ਕਾਨੂੰਨ ਦਾ ਦਰਵਾਜ਼ਾ ਖੜਕਾਵਾਂਗੇ।—ਫ਼ਿਲਿੱਪੀਆਂ 1:7.
ਯਹੋਵਾਹ ਦਾ ਹਰੇਕ ਗਵਾਹ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਅਸੂਲਾਂ ਤੋਂ ਵਾਕਫ਼ ਹੀ ਨਹੀਂ, ਸਗੋਂ ਉਨ੍ਹਾਂ ʼਤੇ ਚੱਲਦਾ ਵੀ ਹੈ, ਖ਼ਾਸ ਕਰਕੇ ਜਦ ਉਹ ਲੋਕਾਂ ਨੂੰ “ਖ਼ੁਸ਼ ਖ਼ਬਰੀ” ਸੁਣਾਉਂਦਾ ਹੈ। ਸਾਨੂੰ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਅਸੀਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਿਉਂ ਕਰਦੇ ਹਾਂ?
• ਅਸੀਂ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਇਸ ਕਰਕੇ ਕਰਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਇਹ ਹੁਕਮ ਦਿੱਤਾ ਹੈ।—ਮੱਤੀ 24:14; 28:19, 20; ਹਿਜ਼ਕੀਏਲ 3:18; ਰਸੂਲਾਂ ਦੇ ਕੰਮ 1:8.
ਇਹ ਹੁਕਮ ਕਿਸੇ ਇਨਸਾਨ ਜਾਂ ਕਿਸੇ ਸੰਗਠਨ ਨੇ ਨਹੀਂ ਦਿੱਤਾ ਹੈ। ਇਹ ਹੁਕਮ ਯਿਸੂ ਮਸੀਹ ਰਾਹੀਂ ਦਿੱਤਾ ਗਿਆ ਹੈ ਜਿਸ ਨੇ ਆਪਣੀ ਕਹਿਣੀ ਤੇ ਕਰਨੀ ਦੁਆਰਾ ਆਪਣੇ ਚੇਲਿਆਂ ਨੂੰ ਦਿਖਾਇਆ ਕਿ ਇਹ ਕੰਮ ਕਿੰਨਾ ਜ਼ਰੂਰੀ ਹੈ।
• ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ, ਤਾਂ ਹੀ ਇਹ ਕੰਮ ਕਰਦੇ ਹਾਂ।—ਮੱਤੀ 22:37, 38; ਯੂਹੰਨਾ 14:21; 1 ਯੂਹੰਨਾ 5:3.
ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਹੁਕਮ ਨੂੰ ਮੰਨ ਕੇ ਅਸੀਂ ਯਹੋਵਾਹ ਲਈ ਆਪਣਾ ਪਿਆਰ ਦਿਖਾਉਂਦੇ ਹਾਂ
• ਦੁਖੀ ਤੇ ਨਿਰਾਸ਼ ਲੋਕਾਂ ਨੂੰ ਹੌਸਲਾ ਦੇਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ।—1 ਯੂਹੰਨਾ 3:16; 4:11.
ਯਹੋਵਾਹ ਦੇ ਗਵਾਹ ਬਣਨ ਤੋਂ ਪਹਿਲਾਂ ਸਾਡੇ ਵਿੱਚੋਂ ਕੁਝ ਜਣੇ ਨਸ਼ੇਬਾਜ਼ ਜਾਂ ਸ਼ਰਾਬੀ ਸਨ ਅਤੇ ਹੋਰ ਕਈ ਤਰ੍ਹਾਂ ਦੇ ਭੈੜੇ ਕੰਮ ਕਰਦੇ ਸਨ। ਇਸ ਤੋਂ ਇਲਾਵਾ ਕਈ ਜਣੇ ਹਮੇਸ਼ਾ ਆਪਣੇ ਆਪ ਨੂੰ ਇਹ ਸਵਾਲ ਪੁੱਛਦੇ ਸਨ: “ਜ਼ਿੰਦਗੀ ਦਾ ਮਕਸਦ ਕੀ ਹੈ? ਕੀ ਇਹੀ ਜ਼ਿੰਦਗੀ ਹੈ?” ਜਦੋਂ ਕਿਸੇ ਨੇ ਸਾਨੂੰ ਦਿਖਾਇਆ ਕਿ ਪਰਮੇਸ਼ੁਰ ਦੇ ਬਚਨ ਵਿਚ ਕੀ ਲਿਖਿਆ ਹੈ, ਤਾਂ ਸਾਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਮਿਲੇ। ਚਿੰਤਾ ਅਤੇ ਨਿਰਾਸ਼ਾ ਦੀ ਥਾਂ ਸਾਨੂੰ ਉਮੀਦ ਮਿਲੀ। ਸਾਡੀ ਜ਼ਿੰਦਗੀ ਨੂੰ ਮਕਸਦ ਮਿਲਿਆ। ਹੁਣ ਸਾਨੂੰ ਕਿੱਦਾਂ ਲੱਗਦਾ ਹੈ? ਜਿਵੇਂ ਸਾਡੀ ਮਦਦ ਕੀਤੀ ਗਈ ਉਵੇਂ ਅਸੀਂ ਵੀ ਦੂਸਰਿਆਂ ਦੀ ਮਦਦ ਕਰਨੀ ਚਾਹੁੰਦੇ ਹਾਂ। ਅਸੀਂ ਲੋਕਾਂ ਬਾਰੇ ਉਵੇਂ ਮਹਿਸੂਸ ਕਰਦੇ ਹਾਂ ਜਿਵੇਂ ਯਿਸੂ ਆਪਣੇ ਜ਼ਮਾਨੇ ਦੇ ਲੋਕਾਂ ਬਾਰੇ ਮਹਿਸੂਸ ਕਰਦਾ ਸੀ: “ਭੀੜਾਂ ਨੂੰ ਦੇਖ ਕੇ ਉਸ ਨੂੰ ਉਨ੍ਹਾਂ ʼਤੇ ਤਰਸ ਆਇਆ।” (ਮੱਤੀ 9:36) ਯਹੋਵਾਹ ਦੇ ਗਵਾਹਾਂ ਨੂੰ ਲੋਕਾਂ ਦੀ ਹਾਲਤ ʼਤੇ ਤਰਸ ਆਉਂਦਾ ਹੈ ਤੇ ਉਹ ਉਨ੍ਹਾਂ ਦੀ ਮਦਦ ਕਰਨੀ ਚਾਹੁੰਦੇ ਹਨ।
• ਇਹ ਕੰਮ ਲੋਕਾਂ ਲਈ ਸਾਡੇ ਪਿਆਰ ਦਾ ਸਬੂਤ ਹੈ ਅਤੇ ਇਹ ਕੰਮ ਕਰ ਕੇ ਸਾਨੂੰ ਦਿਲੋਂ ਖ਼ੁਸ਼ੀ ਮਿਲਦੀ ਹੈ।—ਮੱਤੀ 22:39; ਰਸੂਲਾਂ ਦੇ ਕੰਮ 20:20, 35.
• ਅਸੀਂ ਨੇਕ ਇਰਾਦੇ ਨਾਲ ਤੇ ਲੋਕਾਂ ਦੇ ਭਲੇ ਲਈ ਪਰਮੇਸ਼ੁਰ ਦਾ ਬਚਨ ਸੁਣਾਉਂਦੇ ਹਾਂ।—2 ਕੁਰਿੰਥੀਆਂ 2:17.
ਅਸੀਂ ਆਪਣੇ ਸੁਣਨ ਵਾਲਿਆਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਸਮਾਜ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੇ, ਸਗੋਂ ਲੋਕਾਂ ਦੇ ਭਲੇ ਲਈ ਸੇਵਾ ਕਰਦੇ ਹਾਂ। ਅਸੀਂ ਸਾਰਿਆਂ ਨਾਲ ਗੱਲ ਕਰਦੇ ਹਾਂ ਅਤੇ ਉਨ੍ਹਾਂ ਨੂੰ ਬਾਈਬਲ ਵਿੱਚੋਂ ਵਧੀਆ ਸਲਾਹ ਦਿੰਦੇ ਹਾਂ ਜਿਸ ਨੂੰ ਲਾਗੂ ਕਰ ਕੇ ਸਾਡੇ ਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਪਰਿਵਾਰਕ ਮੁਸ਼ਕਲਾਂ ਅਤੇ ਪੈਸਿਆਂ ਸੰਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮਦਦ ਮਿਲੀ ਹੈ।
ਅਸੀਂ ਖ਼ੁਸ਼ ਖ਼ਬਰੀ ਕਿਵੇਂ ਸੁਣਾਉਂਦੇ ਹਾਂ?
• ਅਸੀਂ ਗੱਲ ਸ਼ੁਰੂ ਕਰਦਿਆਂ ਹੀ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਵਿਅਕਤੀ ਨੂੰ ਸਾਡੇ ਸੰਦੇਸ਼ ਵਿਚ ਦਿਲਚਸਪੀ ਹੈ ਜਾਂ ਨਹੀਂ।—ਮੱਤੀ 10:12-14; ਲੂਕਾ 10:5, 6.
ਅਸੀਂ ਕਿਸੇ ਨੂੰ ਵੀ ਸਾਡੇ ਨਾਲ ਗੱਲ ਕਰਨ ਲਈ ਮਜਬੂਰ ਨਹੀਂ ਕਰਦੇ। ਜੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ, ਤਾਂ ਅਸੀਂ ਉਸ ਦਾ ਧੰਨਵਾਦ ਕਰ ਕੇ ਖ਼ੁਸ਼ੀ-ਖ਼ੁਸ਼ੀ ਉੱਥੋਂ ਚਲੇ ਜਾਂਦੇ ਹਾਂ। ਅਸੀਂ ਲੋਕਾਂ ਨਾਲ ਬਹਿਸ ਨਹੀਂ ਕਰਦੇ।
• ਅਸੀਂ ਸਾਵਧਾਨੀ ਤੇ ਸਮਝਦਾਰੀ ਵਰਤਦੇ ਹੋਏ ਉਨ੍ਹਾਂ ਥਾਵਾਂ ʼਤੇ ਨਹੀਂ ਜਾਂਦੇ ਜਿੱਥੇ ਲੋਕ ਸਾਡਾ ਸੰਦੇਸ਼ ਨਹੀਂ ਸੁਣਨਾ ਚਾਹੁੰਦੇ। ਅਸੀਂ ਸੋਚ-ਸਮਝ ਕੇ ਲੋਕਾਂ ਨਾਲ ਪੇਸ਼ ਆਉਂਦੇ ਹਾਂ।—ਕਹਾਉਤਾਂ 3:21, 22; 14:15; 17:14.
ਇਹ ਗੱਲ ਕਿਸੇ ਦੇ ਘਰ ਅੰਦਰ ਬੁਲਾਏ ਜਾਣ ਦੇ ਸਮੇਂ ਜਾਂ ਘਰ-ਮਾਲਕ ਨੂੰ ਸਾਹਿੱਤ ਪੇਸ਼ ਕਰਦੇ ਸਮੇਂ ਚੰਗੀ ਤਰ੍ਹਾਂ ਧਿਆਨ ਵਿਚ ਰੱਖਣ ਦੀ ਲੋੜ ਹੈ। ਲੋਕ ਸਾਡੇ ਦੁਆਰਾ ਸਾਹਿੱਤ ਪੇਸ਼ ਕਰਨ ਦਾ ਗ਼ਲਤ ਮਤਲਬ ਕੱਢ ਸਕਦੇ ਹਨ। ਅਸੀਂ ਆਪਣਾ ਸਾਹਿੱਤ ਸਿਰਫ਼ ਉਨ੍ਹਾਂ ਨੂੰ ਦੇਣਾ ਚਾਹੁੰਦੇ ਹਾਂ ਜੋ ਇਸ ਦੀ ਕਦਰ ਕਰਦੇ ਹਨ ਅਤੇ ਇਸ ਤੋਂ ਲਾਭ ਉਠਾਉਣਾ ਚਾਹੁੰਦੇ ਹਨ।
• ਅਸੀਂ ਦੂਸਰਿਆਂ ਨਾਲ ਹਮੇਸ਼ਾ ਆਦਰ, ਸਲੀਕੇ ਅਤੇ ਨਰਮਾਈ ਨਾਲ ਗੱਲ ਕਰਦੇ ਹਾਂ।—ਕੁਲੁੱਸੀਆਂ 4:5, 6; 1 ਪਤਰਸ 3:13-15.
ਅਸੀਂ ਅਜਿਹੇ ਲਫ਼ਜ਼ ਨਹੀਂ ਵਰਤਦੇ ਜਿਨ੍ਹਾਂ ਨਾਲ ਗ਼ਲਤਫ਼ਹਿਮੀ ਪੈਦਾ ਹੋ ਸਕਦੀ ਹੈ ਜਾਂ ਜਿਨ੍ਹਾਂ ਦਾ ਗ਼ਲਤ ਮਤਲਬ ਕੱਢਿਆ ਜਾ ਸਕਦਾ ਹੈ। ਸਾਡਾ ਮਕਸਦ ਹੈ ਲੋਕਾਂ ਦੀ ਮਦਦ ਕਰਨੀ, ਨਾ ਕਿ ਉਨ੍ਹਾਂ ਨਾਲ ਲੜਨਾ ਜਾਂ ਉਨ੍ਹਾਂ ਨਾਲ ਬਹਿਸ-ਬਾਜ਼ੀ ਕਰਨੀ।
• ਅਸੀਂ ਲੋਕਾਂ ਦੇ ਵਿਸ਼ਵਾਸਾਂ ਦੀ ਨੁਕਤਾਚੀਨੀ ਨਹੀਂ ਕਰਦੇ।—ਰਸੂਲਾਂ ਦੇ ਕੰਮ 17:22, 23.
ਇਸ ਕਰਕੇ ਅਸੀਂ ਕਿਸੇ ਵੀ ਧਰਮ ਦੇ ਲੋਕਾਂ ਦਾ ਅਪਮਾਨ ਨਹੀਂ ਕਰਦੇ।
• ਅਸੀਂ ਇਹ ਗੱਲ ਮੰਨਦੇ ਹਾਂ ਕਿ ਹਰ ਕਿਸੇ ਨੂੰ ਸਾਡੀ ਗੱਲ ਸੁਣਨ ਜਾਂ ਨਾ ਸੁਣਨ ਦਾ ਹੱਕ ਹੈ। —ਯਹੋਸ਼ੁਆ 24:15.
ਅਸੀਂ ਸਿਰਫ਼ ਉਨ੍ਹਾਂ ਲੋਕਾਂ ਨਾਲ ਗੱਲ ਕਰਦੇ ਹਾਂ ਜੋ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਹੀ ਸਾਹਿੱਤ ਦਿੰਦੇ ਹਾਂ ਜੋ ਪੜ੍ਹਨਾ ਚਾਹੁੰਦੇ ਹਨ। ਅਸੀਂ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਕਿਸੇ ਨੂੰ ਆਪਣਾ ਧਰਮ ਬਦਲਣ ਲਈ ਮਜਬੂਰ ਨਹੀਂ ਕਰਦੇ। ਅਸੀਂ ਮੰਨਦੇ ਹਾਂ ਕਿ ਕੋਈ ਕਿਸੇ ਵੀ ਧਰਮ ਨੂੰ ਮੰਨ ਸਕਦਾ ਹੈ।
• ਅਸੀਂ ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਦੇ ਹਾਂ। ਅਸੀਂ ਕਦੇ ਵੀ ਕਿਸੇ ਤੋਂ ਬਦਲਾ ਨਹੀਂ ਲੈਂਦੇ।—ਰੋਮੀਆਂ 12:17-21.
ਪਰ ਅਸੀਂ ਕਾਨੂੰਨ ਦਾ ਆਦਰ ਕਰਦੇ ਹੋਏ ਲੋੜ ਪੈਣ ਤੇ ਪੁਲਸ ਨੂੰ ਬੁਲਾਉਣ ਅਤੇ/ਜਾਂ ਕਾਨੂੰਨੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਾਂਗੇ।
• ਅਸੀਂ ਹਰ ਹਾਲਤ ਵਿਚ ਸ਼ਾਂਤ ਰਹਿੰਦੇ ਹਾਂ ਕਿਉਂਕਿ ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਪਰਮੇਸ਼ੁਰ ਸਾਡੇ ਨਾਲ ਹੈ।—ਲੂਕਾ 12:11, 12; ਇਬਰਾਨੀਆਂ 13:5ਅ, 6.
ਜੇ ਪ੍ਰਚਾਰ ਕਰਦਿਆਂ ਸਮੱਸਿਆ ਪੈਦਾ ਹੋਵੇ
ਪੌਲੁਸ ਰਸੂਲ ਵਾਂਗ ਅਸੀਂ ਸੋਚ-ਸਮਝ ਕੇ ਕਦਮ ਚੁੱਕਦੇ ਹਾਂ ਕਿ ਸਾਨੂੰ ਆਪਣੀ ਹਿਫਾਜ਼ਤ ਲਈ ਕਦੋਂ ਅਤੇ ਕਿੱਦਾਂ ਕਾਨੂੰਨੀ ਹੱਕਾਂ ਦਾ ਸਹਾਰਾ ਲੈਣਾ ਚਾਹੀਦਾ ਹੈ। ਯਹੋਵਾਹ ਦੇ ਗਵਾਹਾਂ ਦਾ ਰਿਕਾਰਡ ਦੱਸਦਾ ਹੈ ਕਿ ਉਹ ਆਪਣੇ ਧਰਮ ਸੰਬੰਧੀ ਕਾਨੂੰਨੀ ਹੱਕਾਂ ਨੂੰ ਪ੍ਰਾਪਤ ਕਰਨ ਲਈ ਤਿਆਰ ਹਨ। ਲੋੜ ਪੈਣ ਤੇ ਅਸੀਂ ਲੋਕਲ, ਨੈਸ਼ਨਲ ਅਤੇ ਇੰਟਰਨੈਸ਼ਨਲ ਅਦਾਲਤਾਂ ਵਿਚ ਅਪੀਲ ਕਰਦੇ ਹਾਂ ਤਾਂਕਿ ਅਸੀਂ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਦੇ ਰਹਿ ਸਕੀਏ। ਪਰ ਅਦਾਲਤਾਂ ਜੋ ਮਰਜ਼ੀ ਫ਼ੈਸਲਾ ਕਰਨ, ਅਸੀਂ ਯਹੋਵਾਹ ਦੀ ਮਦਦ ਨਾਲ ‘ਬਿਨਾਂ ਰੁਕੇ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹਿਣ’ ਦਾ ਪੱਕਾ ਇਰਾਦਾ ਕੀਤਾ ਹੋਇਆ ਹੈ।—ਰਸੂਲਾਂ ਦੇ ਕੰਮ 5:42.
ਜੇ ਪ੍ਰਚਾਰ ਕਰਦਿਆਂ ਸਾਨੂੰ ਕੋਈ ਸਮੱਸਿਆ ਆਵੇ, ਤਾਂ ਸਾਨੂੰ ਉੱਥੋਂ ਫ਼ੌਰਨ ਚਲੇ ਜਾਣਾ ਚਾਹੀਦਾ ਹੈ। ਸਾਨੂੰ ਲਾਗੇ ਪ੍ਰਚਾਰ ਕਰ ਰਹੇ ਭੈਣਾਂ-ਭਰਾਵਾਂ ਨੂੰ ਵੀ ਖ਼ਬਰਦਾਰ ਕਰ ਦੇਣਾ ਚਾਹੀਦਾ ਹੈ। ਜੇ ਸਾਨੂੰ ਜਾਂ ਸਾਡੇ ਭੈਣਾਂ-ਭਰਾਵਾਂ ਨੂੰ ਉੱਥੋਂ ਨਿਕਲਣ ਤੋਂ ਰੋਕਿਆ ਜਾਂਦਾ ਹੈ, ਤਾਂ ਸਾਨੂੰ ਇਕਦਮ ਪੁਲਸ ਨੂੰ ਫ਼ੋਨ ਕਰ ਕੇ ਉਨ੍ਹਾਂ ਤੋਂ ਮਦਦ ਮੰਗਣੀ ਚਾਹੀਦੀ ਹੈ। ਇਸ ਕਰਕੇ ਆਪਣੇ ਮੋਬਾਇਲ ਵਿਚ ਪੁਲਸ ਸਟੇਸ਼ਨ ਦਾ ਨੰਬਰ ਭਰ ਲੈਣਾ ਅਕਲਮੰਦੀ ਦੀ ਗੱਲ ਹੋਵੇਗੀ ਤਾਂਕਿ ਖ਼ਤਰਾ ਨਜ਼ਰ ਆਉਣ ਤੇ ਅਸੀਂ ਆਪਣੀ ਜਾਂ ਆਪਣੇ ਭੈਣਾਂ-ਭਰਾਵਾਂ ਦੀ ਖ਼ਾਤਰ ਪੁਲਸ ਨੂੰ ਫਟਾਫਟ ਬੁਲਾ ਸਕੀਏ।
ਜੇ ਸਾਨੂੰ ਪੁਲਸ ਸਟੇਸ਼ਨ ਲਿਜਾਇਆ ਜਾਂਦਾ ਹੈ, ਤਾਂ ਸਾਨੂੰ ਫ਼ੌਰਨ ਕਿਸੇ ਭਰੋਸੇਯੋਗ ਦੋਸਤ ਨੂੰ ਫ਼ੋਨ ਕਰ ਕੇ ਖ਼ਬਰ ਕਰ ਦੇਣੀ ਚਾਹੀਦੀ ਹੈ। ਇਹ ਦੋਸਤ ਉਨ੍ਹਾਂ ਵਿਅਕਤੀਆਂ ਨਾਲ ਗੱਲ ਕਰ ਸਕੇਗਾ ਜੋ ਪੁਲਸ ਸਟੇਸ਼ਨ ਆ ਕੇ ਸਾਡੀ ਮਦਦ ਕਰਨਗੇ।
ਮਦਦ ਦੀ ਉਡੀਕ ਕਰਦੇ ਹੋਏ ਸਾਨੂੰ ਪੁਲਸ ਨੂੰ ਦੱਸਣਾ ਚਾਹੀਦਾ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਸੰਵਿਧਾਨ ਮੁਤਾਬਕ ਯਹੋਵਾਹ ਦੇ ਗਵਾਹਾਂ ਨੂੰ ਪੂਰੀ ਹਿਫਾਜ਼ਤ ਦੇਣ ਦਾ ਫ਼ੈਸਲਾ ਪਹਿਲਾਂ ਹੀ ਕਰ ਚੁੱਕੀ ਹੈ। ਇਸ ਅਨੁਸਾਰ ਸਾਨੂੰ ਆਪਣਾ ਧਰਮ ਮੰਨਣ, ਉਸ ਦੇ ਅਨੁਸਾਰ ਚੱਲਣ ਅਤੇ ਇਸ ਦਾ ਪ੍ਰਚਾਰ ਕਰਨ ਦੀ ਪੂਰੀ-ਪੂਰੀ ਆਜ਼ਾਦੀ ਹੈ। (ਧਾਰਾ 25, ਕੇਰਲਾ ਰਾਜ ਦੇ ਖ਼ਿਲਾਫ਼ ਬੀਜੋ ਈਮੈਨਯੁਲ ਦਾ ਮੁਕੱਦਮਾ, ਏ.ਆਈ.ਆਰ. 1987 ਐੱਸ.ਸੀ. 748 ਦੇਖੋ)
ਰਿਪੋਰਟਾਂ ਅਨੁਸਾਰ ਪੁਲਸ ਨੇ ਕਈ ਵਾਰ ਆਈ.ਪੀ.ਸੀ. (ਇੰਡੀਅਨ ਪੈਨਲ ਕੋਡ) ਦੇ ਹੇਠਲੇ ਸੈਕਸ਼ਨਾਂ ਨੂੰ ਗ਼ਲਤ ਤਰੀਕੇ ਨਾਲ ਲਾਗੂ ਕਰ ਕੇ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਫ਼ਸਟ ਇੰਫਾਰਮੇਸ਼ਨ ਰਿਪੋਰਟਸ (ਐੱਫ.ਆਈ.ਆਰ) ਦਰਜ ਕੀਤੀ:
ਧਾਰਾ 153A: (ਵੱਖੋ-ਵੱਖਰੀਆਂ ਜਾਤਾਂ ਵਿਚਕਾਰ ਦੁਸ਼ਮਣੀ ਪੈਦਾ ਕਰਨੀ।) ਅਸੀਂ ਆਪਣਾ ਕੰਮ ਸ਼ਾਂਤੀ ਨਾਲ ਕਰਦੇ ਹਾਂ। ਸਾਡੇ ਸੰਦੇਸ਼ ਦਾ ਮਕਸਦ ਹੈ ਲੋਕਾਂ ਵਿਚ ਏਕਤਾ ਪੈਦਾ ਕਰਨੀ। ਨਾਲੇ ਅਸੀਂ ਸਾਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ ਭਾਵੇਂ ਉਹ ਕਿਸੇ ਵੀ ਧਰਮ, ਜਾਤ ਅਤੇ ਤਬਕੇ ਦਾ ਕਿਉਂ ਨਾ ਹੋਵੇ। ਸਾਡੇ ਸਾਹਿੱਤ ਅਤੇ ਸੰਦੇਸ਼ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਸ ਵਿਚ ਇਕ ਜਾਤ ਨੂੰ ਦੂਜੀ ਜਾਤ ਨਾਲੋਂ ਨੀਵਾਂ ਨਹੀਂ ਦਿਖਾਇਆ ਜਾਂਦਾ।
ਧਾਰਾ 295A: (ਕਿਸੇ ਦੇ ਧਰਮ ਜਾਂ ਧਾਰਮਿਕ ਵਿਸ਼ਵਾਸਾਂ ਨੂੰ ਬੁਰਾ-ਭਲਾ ਕਹਿਣਾ।) ਯਹੋਵਾਹ ਦੇ ਗਵਾਹ ਸਾਰੇ ਧਰਮਾਂ ਦੇ ਲੋਕਾਂ ਦਾ ਆਦਰ ਕਰਦੇ ਹਨ ਅਤੇ ਮੰਨਦੇ ਹਨ ਕਿ ਹਰ ਇਨਸਾਨ ਨੂੰ ਕਿਸੇ ਵੀ ਧਰਮ ਨੂੰ ਮੰਨਣ ਦਾ ਪੂਰਾ ਹੱਕ ਹੈ। ਯਹੋਵਾਹ ਦੇ ਗਵਾਹ ਕੋਈ ਲਾਲਚ ਦੇ ਕੇ ਜਾਂ ਜ਼ਬਰਦਸਤੀ ਕਰ ਕੇ ਕਿਸੇ ਦਾ ਧਰਮ ਨਹੀਂ ਬਦਲਦੇ। ਉਹ ਕਿਸੇ ਵੀ ਧਰਮ ਜਾਂ ਧਾਰਮਿਕ ਵਿਸ਼ਵਾਸ ਦਾ ਅਪਮਾਨ ਨਹੀਂ ਕਰਦੇ।
ਧਾਰਾ 448: (ਬਿਨਾਂ ਇਜਾਜ਼ਤ ਘਰ ਵਿਚ ਵੜਨਾ।) ਯਹੋਵਾਹ ਦੇ ਗਵਾਹ ਘਰ-ਘਰ ਜਾ ਕੇ ਖ਼ੁਸ਼ ਖ਼ਬਰੀ ਸੁਣਾਉਂਦੇ ਹਨ ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੇ ਧਰਮ ਮੁਤਾਬਕ “ਜ਼ਰੂਰੀ” ਹੈ। ਕਾਨੂੰਨ ਸਾਨੂੰ ਕਿਸੇ ਦਾ ਵੀ ਦਰਵਾਜ਼ਾ ਖੜਕਾਉਣ ਤੋਂ ਮਨ੍ਹਾ ਨਹੀਂ ਕਰਦਾ। ਯਹੋਵਾਹ ਦੇ ਗਵਾਹ ਲੋਕਾਂ ਦੇ ਦਰਵਾਜ਼ਿਆਂ ʼਤੇ ਹੀ ਖੜ੍ਹੇ ਹੋ ਕੇ ਉਨ੍ਹਾਂ ਨਾਲ ਗੱਲ ਕਰਨੀ ਪਸੰਦ ਕਰਦੇ ਹਨ ਅਤੇ ਘਰ-ਮਾਲਕ ਦੀ ਇਜਾਜ਼ਤ ਤੋਂ ਬਿਨਾਂ ਕਦੇ ਕਿਸੇ ਦੇ ਘਰ ਨਹੀਂ ਵੜਦੇ। ਘਰ-ਮਾਲਕ ਗੱਲ ਸ਼ੁਰੂ ਕਰਨ ਵੇਲੇ ਹੀ ਜਾਂ ਗੱਲ ਕਰਦਿਆਂ ਕਦੇ ਵੀ ਕਹਿ ਸਕਦਾ ਹੈ ਕਿ ਉਹ ਸਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ। ਇਸ ਹਾਲਤ ਵਿਚ ਯਹੋਵਾਹ ਦੇ ਗਵਾਹ ਬੜੇ ਆਦਰ ਨਾਲ ਉਸ ਦੇ ਘਰੋਂ ਚਲੇ ਜਾਂਦੇ ਹਨ ਅਤੇ ਹੋਰ ਗੱਲਬਾਤ ਨਹੀਂ ਕਰਦੇ।
ਇਸ ਤੋਂ ਇਲਾਵਾ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਕਾਨੂੰਨੀ ਤੌਰ ਤੇ ਸੁਰੱਖਿਆ ਹਾਸਲ ਕਰਨ ਦਾ ਹੱਕ ਹੈ। ਇਸ ਵਿਚ ਹੇਠਾਂ ਲਿਖੀਆਂ ਗੱਲਾਂ ਸ਼ਾਮਲ ਹਨ:
• ਜੇ ਸਾਨੂੰ ਪੁਲਸ ਦੇ ਹਵਾਲੇ ਕੀਤਾ ਜਾਂਦਾ ਹੈ, ਤਾਂ ਸਾਨੂੰ ਆਪਣੇ ਲਈ ਵਕੀਲ ਕਰਨ ਦਾ ਹੱਕ ਹੈ।
• ਸਾਡਾ ਹੱਕ ਹੈ ਕਿ ਸਾਡੇ ਨਾਲ ਆਦਰ ਨਾਲ ਪੇਸ਼ ਆਇਆ ਜਾਵੇ, ਨਾ ਕਿ ਸਾਨੂੰ ਗਾਲਾਂ ਕੱਢੀਆਂ ਜਾਣ ਜਾਂ ਮਾਰਿਆ-ਕੁੱਟਿਆ ਜਾਵੇ।
• ਅਸੀਂ ਆਸ ਰੱਖਦੇ ਹਾਂ ਕਿ ਪੁਲਸ ਕਾਨੂੰਨ ਦੀ ਪਾਲਣਾ ਕਰੇਗੀ ਅਤੇ ਸਾਡੀ ਹਿਫਾਜ਼ਤ ਕਰੇਗੀ।
• ਸਾਡਾ ਹੱਕ ਬਣਦਾ ਹੈ ਕਿ ਲੋੜ ਪੈਣ ਤੇ ਸਾਨੂੰ ਡਾਕਟਰੀ ਮਦਦ ਫਟਾਫਟ ਦਿੱਤੀ ਜਾਵੇ। ਜੇ ਸਾਨੂੰ ਸੱਟਾਂ ਲੱਗੀਆਂ ਹੋਣ, ਤਾਂ ਸਾਨੂੰ ਫ਼ੌਰਨ ਡਾਕਟਰੀ ਮਦਦ ਮੰਗਣੀ ਚਾਹੀਦੀ ਹੈ। ਜੇ ਇਹ ਲੋੜ ਪੂਰੀ ਨਾ ਕੀਤੀ ਜਾਵੇ, ਤਾਂ ਸਾਨੂੰ ਜਲਦੀ ਤੋਂ ਜਲਦੀ ਸੱਟਾਂ ਦੀਆਂ ਤਸਵੀਰਾਂ ਜਾਂ ਵਿਡਿਓ ਲੈ ਲੈਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੀ ਤਾਰੀਖ਼ ਲਿਖ ਲੈਣੀ ਚਾਹੀਦੀ ਹੈ।
• ਸਾਡੇ ਕੋਲ ਜ਼ੁਲਮ ਕਰਨ ਵਾਲਿਆਂ ਦੇ ਖ਼ਿਲਾਫ਼ ਰਿਪੋਰਟ ਲਿਖਵਾਉਣ ਦਾ ਹੱਕ ਹੈ ਜਾਂ ਉਨ੍ਹਾਂ ਦੇ ਖ਼ਿਲਾਫ਼ ਕੇਸ ਕਰਨ ਦਾ ਹੱਕ ਹੈ ਜਿਹੜੇ ਸਾਡੇ ʼਤੇ ਕੇਸ ਕਰਨਾ ਚਾਹੁੰਦੇ ਹਨ। ਜੇ ਕਿਸੇ ਨੇ ਸਾਡੇ ʼਤੇ ਹਮਲਾ ਕੀਤਾ ਹੋਵੇ, ਤਾਂ ਸਾਨੂੰ ਉਨ੍ਹਾਂ ਅਪਰਾਧੀਆਂ ਦੇ ਖ਼ਿਲਾਫ਼ ਜ਼ਰੂਰ ਰਿਪੋਰਟ ਲਿਖਵਾਉਣੀ ਚਾਹੀਦੀ ਹੈ।
• ਸਾਨੂੰ ਇਹ ਜਾਣਨ ਦਾ ਹੱਕ ਹੈ ਕਿ ਸਾਨੂੰ ਕਿਸ ਵਜ੍ਹਾ ਕਰਕੇ ਗਿਰਫ਼ਤਾਰ ਕੀਤਾ ਜਾ ਰਿਹਾ ਹੈ।
• ਜੇ ਸਾਨੂੰ ਬਿਨਾਂ ਵਾਰੰਟ ਦੇ ਗਿਰਫ਼ਤਾਰ ਕੀਤਾ ਜਾਵੇ, ਤਾਂ ਸਾਨੂੰ ਛੇਤੀ ਤੋਂ ਛੇਤੀ ਮੈਜਿਸਟ੍ਰੇਟ ਦੇ ਸਾਮ੍ਹਣੇ ਪੇਸ਼ ਹੋਣ ਦਾ ਹੱਕ ਹੈ।
• ਸਾਨੂੰ ਗਿਰਫ਼ਤਾਰ ਕੀਤੇ ਜਾਣ ਤੇ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਜਲਦੀ ਤੋਂ ਜਲਦੀ ਦੱਸਣ ਦਾ ਹੱਕ ਹੈ।
• ਕਿਸੇ ਔਰਤ ਨੂੰ ਸਿਰਫ਼ ਔਰਤ ਕਾਨਸਟੇਬਲ ਦੀ ਹਾਜ਼ਰੀ ਵਿਚ ਹੀ ਗਿਰਫ਼ਤਾਰ ਕੀਤਾ ਜਾ ਸਕਦਾ ਹੈ ਅਤੇ ਕਿਸੇ ਔਰਤ ਨੂੰ ਸੂਰਜ ਛਿਪਣ ਤੋਂ ਬਾਅਦ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਗਿਰਫ਼ਤਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਔਰਤ ਦੀ ਸਿਰਫ਼ ਔਰਤ ਹੀ ਤਲਾਸ਼ੀ ਲੈ ਸਕਦੀ ਹੈ।
• ਜੇ ਗਿਰਫ਼ਤਾਰ ਕੀਤੇ ਜਾਣ ʼਤੇ ਸਾਡੀਆਂ ਚੀਜ਼ਾਂ ਖੋਹ ਲਈਆਂ ਜਾਂਦੀਆਂ ਹਨ, ਤਾਂ ਅਸੀਂ ਜ਼ੋਰ ਪਾ ਸਕਦੇ ਹਾਂ ਕਿ ਸਾਨੂੰ ਉਨ੍ਹਾਂ ਚੀਜ਼ਾਂ ਦੀ ਲਿਸਟ ਅਤੇ ਰਸੀਦ ਦਿੱਤੀ ਜਾਵੇ।
• ਜੇ ਸਾਡੇ ਉੱਤੇ ਦੋਸ਼ ਦਰਜ ਕੀਤੇ ਜਾਂਦੇ ਹਨ, ਤਾਂ ਸਾਨੂੰ ਜ਼ਮਾਨਤ ਲਈ ਅਰਜ਼ੀ ਦੇਣ ਦਾ ਪੂਰਾ ਹੱਕ ਹੈ।
• ਸਾਨੂੰ ਵਕੀਲ ਨਾਲ ਗੱਲ ਕੀਤੇ ਬਿਨਾਂ ਪੁਲਸ ਦੁਆਰਾ ਲਿਖੇ ਕਿਸੇ ਦਸਤਾਵੇਜ਼ ʼਤੇ ਸਾਈਨ ਨਹੀਂ ਕਰਨੇ ਚਾਹੀਦੇ।
• ਸਵਾਲ ਪੁੱਛੇ ਜਾਂਦੇ ਸਮੇਂ ਅਸੀਂ ਸੱਚ-ਸੱਚ ਜਵਾਬ ਦਿੰਦੇ ਹਾਂ। ਚੁੱਪ ਰਹਿਣ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣਾ ਗੁਨਾਹ ਸਵੀਕਾਰ ਕਰ ਰਹੇ ਹਾਂ। ਕੁੱਟ-ਮਾਰ ਕਰਨੀ ਸੰਵਿਧਾਨਕ ਤੌਰ ਤੇ ਗ਼ੈਰ-ਕਾਨੂੰਨੀ ਹੈ।
• ਇਸ ਤੋਂ ਇਲਾਵਾ ਗਿਰਫ਼ਤਾਰੀ ਦੇ ਕਾਗਜ਼ਾਂ ਉੱਤੇ ਆਪਣੇ ਕਿਸੇ ਰਿਸ਼ਤੇਦਾਰ ਜਾਂ ਸਮਾਜ ਦੇ ਕਿਸੇ ਇੱਜ਼ਤਦਾਰ ਮੈਂਬਰ ਸਾਮ੍ਹਣੇ ਸਾਈਨ ਕਰਨੇ ਚਾਹੀਦੇ ਹਨ। ਗਿਰਫ਼ਤਾਰ ਹੋਏ ਵਿਅਕਤੀ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗਿਰਫ਼ਤਾਰੀ ਦੇ ਕਾਗਜ਼ਾਂ ʼਤੇ ਦਿੱਤੀ ਜਾਣਕਾਰੀ ਐਨ ਸਹੀ ਅਤੇ ਸੱਚ ਹੈ।
ਸਾਨੂੰ ਯੂਹੰਨਾ 15:20 ਵਿਚ ਯਿਸੂ ਦੇ ਲਫ਼ਜ਼ ਹਮੇਸ਼ਾ ਯਾਦ ਰੱਖਣੇ ਚਾਹੀਦੇ ਹਨ, “ਜੇ ਲੋਕਾਂ ਨੇ ਮੇਰੇ ਉੱਤੇ ਅਤਿਆਚਾਰ ਕੀਤੇ ਹਨ, ਤਾਂ ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ।” ਹੋ ਸਕਦਾ ਹੈ ਕਿ ਯਿਸੂ ਦੇ ਨਾਮ ਦੀ ਖ਼ਾਤਰ ਸਾਨੂੰ ਜੇਲ੍ਹਾਂ ਵਿਚ ਸੁੱਟਿਆ ਜਾਵੇ ਅਤੇ ਰਾਜਿਆਂ ਅਤੇ ਸਰਕਾਰੀ ਅਧਿਕਾਰੀਆਂ ਸਾਮ੍ਹਣੇ ਪੇਸ਼ ਕੀਤਾ ਜਾਵੇ। (ਲੂਕਾ 21:12) ਪਰ ਯਿਸੂ ਸਾਨੂੰ ਯਾਦ ਕਰਾਉਂਦਾ ਹੈ, “ਉੱਥੇ ਤੁਹਾਨੂੰ ਗਵਾਹੀ ਦੇਣ ਦਾ ਮੌਕਾ ਮਿਲੇਗਾ।” (ਲੂਕਾ 21:13) ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰਦਾ ਰਹੇਗਾ ਅਤੇ ਲੋਕਾਂ ਨੂੰ “ਖ਼ੁਸ਼ ਖ਼ਬਰੀ” ਸੁਣਾਉਣ ਵਿਚ ਸਾਡੀ ਮਿਹਨਤ ʼਤੇ ਆਪਣੀ ਬਰਕਤ ਪਾਉਂਦਾ ਰਹੇਗਾ!
[ਸਫ਼ਾ 2 ਉੱਤੇ ਡੱਬੀ]
ਕੇਰਲਾ ਰਾਜ ਦੇ ਖ਼ਿਲਾਫ਼ ਬੀਜੋ ਈਮੈਨਯੁਲ ਦੇ ਮੁਕੱਦਮੇ, ਏ.ਆਈ.ਆਰ. 1987 ਐੱਸ.ਸੀ. 748, (1986) ਦੇ ਮਾਮਲੇ ਵਿਚ ਭਾਰਤ ਦੀ ਸੁਪਰੀਮ ਕੋਰਟ ਨੇ ਸੰਵਿਧਾਨ ਮੁਤਾਬਕ ਦੱਸਿਆ ਕਿ ਯਹੋਵਾਹ ਦੇ ਗਵਾਹਾਂ ਨੂੰ ਕਾਨੂੰਨੀ ਸੁਰੱਖਿਆ ਪ੍ਰਾਪਤ ਕਰਨ ਦਾ ਪੂਰਾ ਹੱਕ ਹੈ। ਨਾਲੇ ਇਹ ਵੀ ਕਿਹਾ ਕਿ “ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਆਪਣੇ ਧਰਮ ਨੂੰ ਮੰਨਣ, ਉਸ ਦੇ ਅਨੁਸਾਰ ਚੱਲਣ ਅਤੇ ਉਸ ਬਾਰੇ ਦੂਸਰਿਆਂ ਨੂੰ ਦੱਸਣ ਦੀ ਪੂਰੀ ਆਜ਼ਾਦੀ ਹੈ। ਕੋਰਟ ਨੇ ਅੱਗੇ ਕਿਹਾ ਕਿ “ਸਾਡੀ ਪਰੰਪਰਾ ਸਹਿਣਸ਼ੀਲਤਾ ਸਿਖਾਉਂਦੀ ਹੈ; ਸਾਡਾ ਫ਼ਲਸਫ਼ਾ ਸਹਿਣਸ਼ੀਲਤਾ ਸਿਖਾਉਂਦਾ ਹੈ; ਸਾਡਾ ਸੰਵਿਧਾਨ ਸਾਨੂੰ ਸਹਿਣਸ਼ੀਲ ਬਣਨਾ ਸਿਖਾਉਂਦਾ ਹੈ; ਆਓ ਆਪਾਂ ਇਸ ਨੂੰ ਕਮਜ਼ੋਰ ਨਾ ਹੋਣ ਦੇਈਏ।”