ਕੀ ਤੁਹਾਡੇ ਬੱਚੇ ਨੂੰ ਬੋਰਡਿੰਗ ਸਕੂਲ ਜਾਣਾ ਚਾਹੀਦਾ ਹੈ?
ਕਲਪਨਾ ਕਰੋ ਕਿ ਤੁਸੀਂ ਇਕ ਵਿਕਾਸਸ਼ੀਲ ਦੇਸ਼ ਵਿਚ ਇਕ ਛੋਟੇ ਜਿਹੇ ਕਸਬੇ ਵਿਚ ਰਹਿੰਦੇ ਹੋ। ਤੁਹਾਡੇ ਕਈ ਬੱਚੇ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਹਨ, ਪਰੰਤੂ 12 ਸਾਲ ਦੀ ਉਮਰ ਤੇ, ਉਹ ਸੈਕੰਡਰੀ ਸਕੂਲ ਵਿਚ ਦਾਖ਼ਲ ਹੋ ਜਾਣਗੇ। ਤੁਹਾਡੇ ਖੇਤਰ ਵਿਚ, ਸੈਕੰਡਰੀ ਸਕੂਲ ਹੱਦ ਤੋਂ ਵੱਧ ਬੱਚਿਆਂ ਨਾਲ ਭਰੇ ਹੋਏ ਹਨ, ਉਨ੍ਹਾਂ ਵਿਚ ਵਧੀਆ ਸਾਜ਼-ਸਮਾਨ ਦੀ ਘਾਟ ਹੈ, ਅਤੇ ਚੰਗੇ ਸਟਾਫ਼ ਦੀ ਕਮੀ ਹੈ। ਕਈ ਵਾਰੀ ਹੜਤਾਲ ਕਾਰਨ ਸਕੂਲ ਲਗਾਤਾਰ ਹਫ਼ਤਿਆਂ ਤੇ ਮਹੀਨਿਆਂ ਲਈ ਬੰਦ ਰਹਿੰਦੇ ਹਨ।
ਕੋਈ ਤੁਹਾਨੂੰ ਇਕ ਆਕਰਸ਼ਕ ਵੱਡੀ ਪੁਸਤਿਕਾ ਫੜਾਉਂਦਾ ਹੈ ਜੋ ਸ਼ਹਿਰ ਵਿਚ ਬੋਰਡਿੰਗ ਸਕੂਲ ਬਾਰੇ ਦੱਸਦੀ ਹੈ। ਤੁਸੀਂ ਤਸਵੀਰ ਵਿਚ ਖ਼ੁਸ਼, ਸੋਹਣੀ ਵਰਦੀ ਪਾਏ ਵਿਦਿਆਰਥੀਆਂ ਨੂੰ ਦੇਖਦੇ ਹੋ, ਜੋ ਸਹੂਲਤਾਂ ਨਾਲ ਭਰੇ ਕਲਾਸ-ਰੂਮਾਂ, ਪ੍ਰਯੋਗਸ਼ਾਲਾਵਾਂ, ਅਤੇ ਲਾਇਬਰੇਰੀਆਂ ਵਿਚ ਪੜ੍ਹ ਰਹੇ ਹਨ। ਵਿਦਿਆਰਥੀ ਕੰਪਿਊਟਰ ਦਾ ਪ੍ਰਯੋਗ ਕਰਦੇ ਹਨ ਅਤੇ ਸਾਫ਼ ਅਤੇ ਆਕਰਸ਼ਿਤ ਸੌਣ-ਕਮਰਿਆਂ ਵਿਚ ਆਰਾਮ ਕਰਦੇ ਹਨ। ਤੁਸੀਂ ਪੜ੍ਹਦੇ ਹੋ ਕਿ ਸਕੂਲ ਦਾ ਇਕ ਉਦੇਸ਼ “ਉਹ ਉੱਚ ਵਿਦਿਅਕ ਪੱਧਰ ਪ੍ਰਾਪਤ ਕਰਨ” ਵਿਚ ਵਿਦਿਆਰਥੀਆਂ ਦੀ ਮਦਦ ਕਰਨੀ ਹੈ “ਜਿਸ ਦੇ ਉਹ ਯੋਗ ਹਨ।” ਤੁਸੀਂ ਅੱਗੇ ਪੜ੍ਹਦੇ ਹੋ: “ਸਾਰਿਆਂ ਵਿਦਿਆਰਥੀਆਂ ਤੋਂ ਚੰਗੇ ਵਿਵਹਾਰ ਦੀ ਮੰਗ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਪਰਿਵਾਰ ਵਿਚ ਆਸ਼ਾ ਕੀਤੀ ਜਾਂਦੀ ਹੈ ਜਿੱਥੇ ਸੁਸ਼ੀਲਤਾ, ਨਿਮਰਤਾ, ਮਾਪਿਆਂ ਅਤੇ ਵੱਡਿਆਂ ਲਈ ਆਦਰ, ਸਹਿਯੋਗ, ਸਹਿਣਸ਼ੀਲਤਾ, ਦਿਆਲਗੀ, ਈਮਾਨਦਾਰੀ ਅਤੇ ਖਰਿਆਈ ਤੇ ਜ਼ੋਰ ਦਿੱਤਾ ਜਾਂਦਾ ਹੈ।”
ਇਕ ਮੁਸਕਰਾਉਂਦੇ ਹੋਏ ਜਵਾਨ ਦਾ ਇਹ ਕਹਿੰਦੇ ਹੋਏ ਦਾ ਹਵਾਲਾ ਦਿੱਤਾ ਗਿਆ ਹੈ: “ਮੇਰੇ ਮਾਤਾ-ਪਿਤਾ ਨੇ ਮੈਨੂੰ ਸਭ ਤੋਂ ਵਧੀਆ ਸਕੂਲ ਵਿਚ ਪੜ੍ਹਨ ਦਾ ਵਿਸ਼ੇਸ਼-ਸਨਮਾਨ ਦਿੱਤਾ।” ਇਕ ਲੜਕੀ ਕਹਿੰਦੀ ਹੈ: “ਸਕੂਲ ਚੁਣੌਤੀ ਭਰਿਆ ਅਤੇ ਉਤੇਜਕ ਹੈ। ਇੱਥੇ ਵਿਦਿਆਰਥੀ ਕੁਦਰਤੀ ਤੌਰ ਤੇ ਸਿੱਖਦੇ ਹਨ।” ਕੀ ਤੁਸੀਂ ਆਪਣੇ ਪੁੱਤਰ ਜਾਂ ਧੀ ਨੂੰ ਇਸ ਤਰ੍ਹਾਂ ਦੇ ਬੋਰਡਿੰਗ ਸਕੂਲ ਵਿਚ ਭੇਜਣਾ ਚਾਹੋਗੇ?
ਵਿਦਿਆ ਅਤੇ ਅਧਿਆਤਮਿਕਤਾ
ਪਰਵਾਹ ਕਰਨ ਵਾਲੇ ਸਾਰੇ ਮਾਪੇ ਆਪਣੇ ਬੱਚਿਆਂ ਦੇ ਜੀਵਨ ਦੀ ਚੰਗੀ ਬੁਨਿਆਦ ਰੱਖਣੀ ਚਾਹੁੰਦੇ ਹਨ, ਅਤੇ ਇਸ ਲਈ ਇਕ ਠੋਸ, ਸੰਤੁਲਿਤ ਵਿਦਿਆ ਜ਼ਰੂਰੀ ਹੈ। ਸੰਸਾਰਕ ਵਿਦਿਆ ਅਕਸਰ ਭਵਿੱਖ ਵਿਚ ਨੌਕਰੀਆਂ ਦੇ ਲਈ ਮੌਕਿਆਂ ਦੇ ਰਸਤੇ ਖੋਲ੍ਹ ਦਿੰਦੀ ਹੈ ਅਤੇ ਜਵਾਨ ਲੋਕਾਂ ਦੀ ਅਜਿਹੇ ਬਾਲਗ ਬਣਨ ਵਿਚ ਮਦਦ ਕਰਦੀ ਹੈ ਜੋ ਆਪਣੀ ਅਤੇ ਆਪਣੇ ਭਾਵੀ ਪਰਿਵਾਰਾਂ ਦੀ ਦੇਖਭਾਲ ਕਰਨ ਦੇ ਯੋਗ ਹੋਣਗੇ।
‘ਜੇਕਰ ਬੋਰਡਿੰਗ ਸਕੂਲ ਚੰਗੀ ਵਿਦਿਆ ਨਾਲ ਕੁਝ ਨੈਤਿਕ ਅਗਵਾਈ ਵੀ ਦਿੰਦਾ ਹੈ, ਤਾਂ ਕਿਉਂ ਨਾ ਇਸ ਦਾ ਫ਼ਾਇਦਾ ਉਠਾਈਏ?’ ਤੁਸੀਂ ਸ਼ਾਇਦ ਪੁੱਛੋ। ਇਸ ਸਵਾਲ ਦੇ ਜਵਾਬ ਵਿਚ, ਮਸੀਹੀ ਮਾਪਿਆਂ ਨੂੰ ਇਕ ਬੇਹੱਦ ਮਹੱਤਵਪੂਰਣ ਤੱਤ ਉੱਤੇ ਪ੍ਰਾਰਥਨਾਪੂਰਵਕ ਵਿਚਾਰ ਕਰਨਾ ਚਾਹੀਦਾ ਹੈ—ਆਪਣੇ ਬੱਚਿਆਂ ਦੀ ਅਧਿਆਤਮਿਕ ਖ਼ੁਸ਼ਹਾਲੀ। ਯਿਸੂ ਮਸੀਹ ਨੇ ਪੁੱਛਿਆ: “ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਅਤੇ ਆਪਣੀ ਜਾਨ ਦਾ ਨੁਕਸਾਨ ਕਰੇ?” (ਮਰਕੁਸ 8:36) ਨਿਰਸੰਦੇਹ, ਇਸ ਵਿਚ ਕੋਈ ਲਾਭ ਨਹੀਂ ਹੈ। ਇਸ ਲਈ, ਆਪਣੇ ਬੱਚਿਆਂ ਨੂੰ ਬੋਰਡਿੰਗ ਸਕੂਲ ਵਿਚ ਭੇਜਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ, ਮਸੀਹੀ ਮਾਪਿਆਂ ਨੂੰ ਉਸ ਪ੍ਰਭਾਵ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਦੇ ਬੱਚਿਆਂ ਦੇ ਸਦੀਪਕ ਜੀਵਨ ਦੀ ਸੰਭਾਵਨਾ ਤੇ ਪੈ ਸਕਦਾ ਹੈ।
ਦੂਸਰੇ ਵਿਦਿਆਰਥੀਆਂ ਦਾ ਪ੍ਰਭਾਵ
ਕੁਝ ਬੋਰਡਿੰਗ ਸਕੂਲਾਂ ਦਾ ਸ਼ਾਇਦ ਪ੍ਰਭਾਵਸ਼ਾਲੀ ਵਿਦਿਅਕ ਪੱਧਰ ਹੋ ਸਕਦਾ ਹੈ। ਪਰੰਤੂ ਉੱਥੇ ਪੜ੍ਹਨ ਵਾਲੇ ਬੱਚਿਆਂ ਦੇ ਜਾਂ ਸ਼ਾਇਦ ਇਸ ਤਰ੍ਹਾਂ ਦੇ ਸਕੂਲਾਂ ਨੂੰ ਚਲਾਉਣ ਵਾਲਿਆਂ ਦੇ ਨੈਤਿਕ ਪੱਧਰ ਬਾਰੇ ਕੀ ਕਿਹਾ ਜਾ ਸਕਦਾ ਹੈ? ਇਨ੍ਹਾਂ “ਅੰਤ ਦਿਆਂ ਦਿਨਾਂ” ਵਿਚ ਰਹਿਣ ਵਾਲੇ ਲੋਕਾਂ ਦੇ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ। ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ, ਤੂੰ ਇਨ੍ਹਾਂ ਤੋਂ ਵੀ ਪਰੇ ਰਹੁ।”—2 ਤਿਮੋਥਿਉਸ 3:1-5.
ਇਹ ਨੈਤਿਕ ਅਤੇ ਅਧਿਆਤਮਿਕ ਗਿਰਾਵਟ ਵਿਸ਼ਵ-ਵਿਆਪੀ ਹੈ, ਜੋ ਯਹੋਵਾਹ ਦੇ ਗਵਾਹਾਂ ਲਈ ਬਾਈਬਲ ਸਿਧਾਂਤਾਂ ਅਨੁਸਾਰ ਜੀਉਣਾ ਚੁਣੌਤੀ ਭਰਿਆ ਬਣਾ ਰਹੀ ਹੈ। ਵਿਦਿਆਰਥੀ ਜੋ ਹਰ ਰੋਜ਼ ਘਰ ਮੁੜਦੇ ਹਨ ਉਹ ਪਾਉਂਦੇ ਹਨ ਕਿ ਸੰਸਾਰਕ ਸਹਿਪਾਠੀਆਂ ਨਾਲ ਉਨ੍ਹਾਂ ਦੀ ਸੀਮਿਤ ਸੰਗਤ ਵੀ ਉਨ੍ਹਾਂ ਦੀ ਅਧਿਆਤਮਿਕਤਾ ਉੱਤੇ ਜ਼ਬਰਦਸਤ ਨਾਕਾਰਾਤਮਕ ਅਸਰ ਪਾ ਸਕਦੀ ਹੈ। ਮਾਪਿਆਂ ਵੱਲੋਂ ਰੋਜ਼ਾਨਾ ਮਦਦ, ਸਲਾਹ, ਅਤੇ ਉਤਸ਼ਾਹ ਦੇ ਬਾਵਜੂਦ ਵੀ ਉਸ ਪ੍ਰਭਾਵ ਦਾ ਵਿਰੋਧ ਕਰਨਾ ਗਵਾਹ ਬੱਚਿਆਂ ਲਈ ਇਕ ਸੰਘਰਸ਼ ਹੋ ਸਕਦਾ ਹੈ।
ਤਾਂ ਫਿਰ, ਉਨ੍ਹਾਂ ਬੱਚਿਆਂ ਦੀ ਹਾਲਤ ਕਿਹੋ ਜਿਹੀ ਹੈ ਜਿਹੜੇ ਆਪਣੇ ਘਰ ਤੋਂ ਦੂਰ ਬੋਰਡਿੰਗ ਸਕੂਲਾਂ ਵਿਚ ਭੇਜੇ ਗਏ ਹਨ? ਉਹ ਪ੍ਰੇਮਮਈ ਮਾਪਿਆਂ ਦੀ ਬਾਕਾਇਦਾ ਅਧਿਆਤਮਿਕ ਮਦਦ ਤੋਂ ਵਾਂਝੇ ਹੁੰਦੇ ਹਨ। ਕਿਉਂਕਿ ਉਹ ਆਪਣੇ ਸਹਿਪਾਠੀਆਂ ਨਾਲ 24 ਘੰਟੇ ਰਹਿੰਦੇ ਹਨ, ਇਨ੍ਹਾਂ ਦੀ ਤਰ੍ਹਾਂ ਬਣਨ ਦਾ ਦਬਾਉ ਉਨ੍ਹਾਂ ਦੇ ਜਵਾਨ ਮਨਾਂ ਅਤੇ ਦਿਲਾਂ ਉੱਤੇ, ਘਰ ਵਿਚ ਰਹਿਣ ਵਾਲੇ ਵਿਦਿਆਰਥੀਆਂ ਨਾਲੋਂ ਜ਼ਿਆਦਾ ਪ੍ਰਬਲ ਹੁੰਦਾ ਹੈ। ਇਕ ਵਿਦਿਆਰਥੀ ਨੇ ਕਿਹਾ: “ਨੈਤਿਕ ਤੌਰ ਤੇ, ਬੋਰਡਿੰਗ ਸਕੂਲ ਵਿਚ ਰਹਿਣ ਵਾਲਾ ਸਵੇਰ ਤੋਂ ਰਾਤ ਤਕ ਖ਼ਤਰੇ ਵਿਚ ਹੁੰਦਾ ਹੈ।”
ਪੌਲੁਸ ਨੇ ਲਿਖਿਆ: “ਧੋਖਾ ਨਾ ਖਾਓ, ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਮਸੀਹੀ ਮਾਪੇ ਇਹ ਸੋਚਣ ਦੀ ਗ਼ਲਤੀ ਨਾ ਕਰਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਅਧਿਆਤਮਿਕ ਹਾਨੀ ਨਹੀਂ ਪਹੁੰਚੇਗੀ ਜੇਕਰ ਉਹ ਲਗਾਤਾਰ ਉਨ੍ਹਾਂ ਵਿਦਿਆਰਥੀਆਂ ਦੀ ਸੰਗਤ ਵਿਚ ਰਹਿੰਦੇ ਹਨ ਜੋ ਪਰਮੇਸ਼ੁਰ ਦੀ ਉਪਾਸਨਾ ਨਹੀਂ ਕਰਦੇ ਹਨ। ਸਮੇਂ ਦੇ ਬੀਤਣ ਨਾਲ, ਹੋ ਸਕਦਾ ਹੈ ਕਿ ਈਸ਼ਵਰੀ ਬੱਚੇ ਮਸੀਹੀ ਕਦਰਾਂ-ਕੀਮਤਾਂ ਪ੍ਰਤੀ ਲਾਪਰਵਾਹ ਹੋ ਜਾਣ ਅਤੇ ਅਧਿਆਤਮਿਕ ਚੀਜ਼ਾਂ ਦੀ ਕਦਰ ਕਰਨੀ ਛੱਡ ਦੇਣ। ਕਈ ਵਾਰੀ ਇਹ ਮਾਪਿਆਂ ਤੇ ਉਦੋਂ ਤਕ ਜ਼ਾਹਰ ਨਹੀਂ ਹੁੰਦਾ ਜਦੋਂ ਤਕ ਉਨ੍ਹਾਂ ਦੇ ਬੱਚੇ ਬੋਰਡਿੰਗ ਸਕੂਲ ਨਹੀਂ ਛੱਡ ਜਾਂਦੇ ਹਨ। ਫਿਰ ਮਾਮਲਿਆਂ ਨੂੰ ਸੁਧਾਰਨ ਲਈ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
ਕਲੈਮੰਟ ਦਾ ਅਨੁਭਵ ਇਕ ਨਮੂਨਾ ਹੈ। ਉਹ ਬਿਆਨ ਕਰਦਾ ਹੈ: “ਬੋਰਡਿੰਗ ਸਕੂਲ ਜਾਣ ਤੋਂ ਪਹਿਲਾਂ, ਮੈਨੂੰ ਸੱਚਾਈ ਨਾਲ ਪਿਆਰ ਸੀ ਅਤੇ ਮੈਂ ਭਰਾਵਾਂ ਨਾਲ ਖੇਤਰ ਸੇਵਾ ਵਿਚ ਜਾਂਦਾ ਸੀ। ਮੈਂ ਖ਼ਾਸ ਤੌਰ ਤੇ ਪਰਿਵਾਰਕ ਬਾਈਬਲ ਅਧਿਐਨ ਅਤੇ ਕਲੀਸਿਯਾ ਪੁਸਤਕ ਅਧਿਐਨ ਦਾ ਆਨੰਦ ਮਾਣਿਆ ਕਰਦਾ ਸੀ। ਪਰੰਤੂ, ਜਦੋਂ ਮੈਂ 14 ਸਾਲ ਦੀ ਉਮਰ ਵਿਚ ਬੋਰਡਿੰਗ ਸਕੂਲ ਚਲਾ ਗਿਆ, ਮੈਂ ਸੱਚਾਈ ਪੂਰੀ ਤਰ੍ਹਾਂ ਛੱਡ ਦਿੱਤੀ। ਬੋਰਡਿੰਗ ਸਕੂਲ ਵਿਚ ਬਿਤਾਏ ਪੰਜਾਂ ਸਾਲਾਂ ਦੌਰਾਨ, ਮੈਂ ਕਦੀ ਸਭਾਵਾਂ ਵਿਚ ਹਾਜ਼ਰ ਨਹੀਂ ਹੋਇਆ। ਬੁਰੀ ਸੰਗਤ ਕਾਰਨ, ਮੈਂ ਨਸ਼ੀਲੀਆਂ ਦਵਾਈਆਂ ਲੈਣ, ਸਿਗਰਟਨੋਸ਼ੀ ਕਰਨ, ਅਤੇ ਬਹੁਤ ਜ਼ਿਆਦਾ ਸ਼ਰਾਬ ਪੀਣ ਵਿਚ ਫਸ ਗਿਆ।”
ਅਧਿਆਪਕਾਂ ਦਾ ਪ੍ਰਭਾਵ
ਕਿਸੇ ਵੀ ਸਕੂਲ ਵਿਚ ਨੈਤਿਕ ਪੱਖੋਂ ਭ੍ਰਿਸ਼ਟ ਅਧਿਆਪਕ ਹੋ ਸਕਦੇ ਹਨ ਜੋ ਆਪਣੇ ਅਧਿਕਾਰ ਦੀ ਪਦਵੀ ਦੀ ਦੁਰਵਰਤੋਂ ਕਰਦੇ ਹਨ। ਕਈ ਨਿਰਦਈ ਤੇ ਕੌੜੇ ਸੁਭਾਉ ਦੇ ਹੁੰਦੇ ਹਨ, ਤੇ ਕਈ ਦੂਸਰੇ ਆਪਣੇ ਵਿਦਿਆਰਥੀਆਂ ਦਾ ਜਿਨਸੀ ਤੌਰ ਤੇ ਸ਼ੋਸ਼ਣ ਕਰਦੇ ਹਨ। ਬੋਰਡਿੰਗ ਸਕੂਲਾਂ ਵਿਚ ਅਕਸਰ ਇਸ ਤਰ੍ਹਾਂ ਦੇ ਅਧਿਆਪਕਾਂ ਦੀਆਂ ਕਰਤੂਤਾਂ ਦੀ ਰਿਪੋਰਟ ਨਹੀਂ ਕੀਤੀ ਜਾਂਦੀ ਹੈ।
ਪਰੰਤੂ, ਜ਼ਿਆਦਾਤਰ ਅਧਿਆਪਕ ਬੱਚਿਆਂ ਨੂੰ ਸਮਾਜ ਦੇ ਉਪਯੋਗੀ ਮੈਂਬਰ ਬਣਨ ਦੀ, ਆਲੇ-ਦੁਆਲੇ ਦੇ ਸੰਸਾਰ ਵਿਚ ਫਿੱਟ ਹੋਣ ਦੀ, ਉਸ ਦੇ ਅਨੁਕੂਲ ਬਣਨ ਦੀ ਸਿਖਲਾਈ ਦੇਣ ਦੀ ਗੰਭੀਰਤਾ ਨਾਲ ਕੋਸ਼ਿਸ਼ ਕਰਦੇ ਹਨ। ਪਰੰਤੂ ਇਸ ਸੰਬੰਧ ਵਿਚ ਗਵਾਹ ਬੱਚਿਆਂ ਦੀ ਇਕ ਹੋਰ ਸਮੱਸਿਆ ਹੈ। ਸੰਸਾਰ ਦੀਆਂ ਕਦਰਾਂ-ਕੀਮਤਾਂ ਮਸੀਹੀ ਸਿਧਾਂਤਾਂ ਨਾਲ ਹਮੇਸ਼ਾ ਮੇਲ ਨਹੀਂ ਖਾਂਦੀਆਂ ਹਨ। ਜਦੋਂ ਕਿ ਅਧਿਆਪਕ ਵਿਦਿਆਰਥੀਆਂ ਨੂੰ ਇਸ ਸੰਸਾਰ ਵਿਚ ਫਿੱਟ ਹੋਣ ਲਈ ਉਤਸ਼ਾਹਿਤ ਕਰਦੇ ਹਨ, ਯਿਸੂ ਨੇ ਕਿਹਾ ਸੀ ਕਿ ਉਸ ਦੇ ਪੈਰੋਕਾਰ “ਜਗਤ ਦੇ ਨਹੀਂ ਹਨ।”—ਯੂਹੰਨਾ 17:16.
ਉਦੋਂ ਕੀ ਜਦੋਂ ਬੱਚਿਆਂ ਦੁਆਰਾ ਬਾਈਬਲ ਸਿਧਾਂਤਾਂ ਦੀ ਪਾਲਣਾ ਕਰਨ ਕਰਕੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ? ਜੇਕਰ ਬੱਚੇ ਸਥਾਨਕ ਸਕੂਲ ਵਿਚ ਪੜ੍ਹ ਰਹੇ ਹਨ ਅਤੇ ਘਰ ਵਿਚ ਰਹਿ ਰਹੇ ਹਨ, ਤਾਂ ਉਹ ਇਸ ਤਰ੍ਹਾਂ ਦੇ ਮਾਮਲਿਆਂ ਦੀ ਚਰਚਾ ਆਪਣੇ ਮਾਤਾ-ਪਿਤਾ ਨਾਲ ਕਰ ਸਕਦੇ ਹਨ। ਮਾਪੇ ਆਪਣੇ ਬੱਚਿਆਂ ਦੀ ਅਗਵਾਈ ਕਰ ਸਕਦੇ ਹਨ ਅਤੇ ਸੰਭਵ ਤੌਰ ਤੇ ਅਧਿਆਪਕਾਂ ਨਾਲ ਗੱਲ ਕਰ ਸਕਦੇ ਹਨ। ਨਤੀਜੇ ਵਜੋਂ, ਸਮੱਸਿਆਵਾਂ ਅਤੇ ਗ਼ਲਤ-ਫ਼ਹਿਮੀਆਂ ਅਕਸਰ ਜਲਦੀ ਹੱਲ ਹੋ ਜਾਂਦੀਆਂ ਹਨ।
ਬੋਰਡਿੰਗ ਸਕੂਲਾਂ ਵਿਚ ਗੱਲ ਵੱਖਰੀ ਹੈ। ਅਜਿਹੇ ਵਿਦਿਆਰਥੀ ਲਗਾਤਾਰ ਆਪਣੇ ਅਧਿਆਪਕਾਂ ਦੇ ਕੰਟ੍ਰੋਲ ਅਧੀਨ ਹੁੰਦੇ ਹਨ। ਜੇਕਰ ਬੱਚੇ ਮਸੀਹੀ ਸਿਧਾਂਤਾਂ ਲਈ ਖੜ੍ਹੇ ਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਮਾਪਿਆਂ ਤੋਂ ਮਿਲਣ ਵਾਲੀ ਦਿਨ ਪ੍ਰਤੀ ਦਿਨ ਦੀ ਮਦਦ ਤੋਂ ਬਿਨਾਂ ਇਸ ਤਰ੍ਹਾਂ ਕਰਨਾ ਪੈਂਦਾ ਹੈ। ਕਿਸੇ-ਕਿਸੇ ਵੇਲੇ, ਬੱਚੇ ਇਸ ਤਰ੍ਹਾਂ ਦੇ ਹਾਲਾਤ ਵਿਚ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹਿਣ ਵਿਚ ਸਫ਼ਲ ਹੁੰਦੇ ਹਨ। ਪਰੰਤੂ, ਜ਼ਿਆਦਾ ਕਰਕੇ ਉਹ ਸਫ਼ਲ ਨਹੀਂ ਹੁੰਦੇ ਹਨ। ਬੱਚਾ ਸੰਭਵ ਤੌਰ ਤੇ ਆਪਣੇ ਅਧਿਆਪਕ ਦੀ ਇੱਛਾ ਅਨੁਸਾਰ ਹੀ ਕੰਮ ਕਰਨ ਲੱਗ ਪੈਂਦਾ ਹੈ।
ਗਤੀਵਿਧੀਆਂ ਉੱਤੇ ਬੰਦਸ਼ਾਂ
ਯੂਨੀਵਰਸਿਟੀਆਂ ਤੋਂ ਭਿੰਨ, ਜਿੱਥੇ ਵਿਦਿਆਰਥੀਆਂ ਨੂੰ ਅਕਸਰ ਆਉਣ ਜਾਣ ਦੀ ਆਜ਼ਾਦੀ ਹੁੰਦੀ ਹੈ, ਬੋਰਡਿੰਗ ਸਕੂਲ ਬੱਚਿਆਂ ਦੀਆਂ ਗਤੀਵਿਧੀਆਂ ਉੱਤੇ ਬੰਦਸ਼ਾਂ ਲਾਉਂਦੇ ਹਨ। ਇਸ ਤਰ੍ਹਾਂ ਦੇ ਬਹੁਤ ਸਾਰੇ ਸਕੂਲ ਵਿਦਿਆਰਥੀਆਂ ਨੂੰ ਐਤਵਾਰ ਤੋਂ ਇਲਾਵਾ ਸਕੂਲ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਹਨ, ਅਤੇ ਕਈ ਇਸ ਦੀ ਵੀ ਇਜਾਜ਼ਤ ਨਹੀਂ ਦਿੰਦੇ ਹਨ। ਬੋਰਡਿੰਗ ਸਕੂਲ ਦੀ 11-ਸਾਲਾ ਏਰੂ ਨਾਂ ਦੀ ਇਕ ਵਿਦਿਆਰਥਣ ਕਹਿੰਦੀ ਹੈ: “ਸਕੂਲ ਅਧਿਕਾਰੀ ਸਾਨੂੰ ਸਭਾਵਾਂ ਵਿਚ ਜਾਣ ਦੀ ਕਦੀ ਆਗਿਆ ਨਹੀਂ ਦਿੰਦੇ ਹਨ, ਅਤੇ ਖੇਤਰ ਸੇਵਕਾਈ ਦੀ ਤਾਂ ਗੱਲ ਹੀ ਛੱਡੋ। ਸਕੂਲ ਦੇ ਅੰਦਰ, ਕੇਵਲ ਕੈਥੋਲਿਕ ਅਤੇ ਮੁਸਲਮਾਨਾਂ ਲਈ ਹੀ ਧਾਰਮਿਕ ਸੇਵਾਵਾਂ ਹਨ। ਹਰੇਕ ਵਿਦਿਆਰਥੀ ਨੂੰ ਇਨ੍ਹਾਂ ਦੋਵਾਂ ਵਿੱਚੋਂ ਇਕ ਦੀ ਚੋਣ ਕਰਨੀ ਪੈਂਦੀ ਹੈ ਜਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਤੋਂ ਕਰੜੇ ਵਿਰੋਧ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਵਿਦਿਆਰਥੀਆਂ ਨੂੰ ਰਾਸ਼ਟਰੀ-ਗੀਤ ਅਤੇ ਚਰਚ ਵਿਚ ਭਜਨ ਗਾਉਣ ਲਈ ਵੀ ਮਜਬੂਰ ਕੀਤਾ ਜਾਂਦਾ ਹੈ।”
ਜਦੋਂ ਮਾਪੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਸਕੂਲਾਂ ਵਿਚ ਦਾਖ਼ਲ ਕਰਵਾਉਂਦੇ ਹਨ, ਤਾਂ ਉਹ ਕਿਹੜਾ ਸੰਦੇਸ਼ ਆਪਣੇ ਬੱਚਿਆਂ ਨੂੰ ਦੇ ਰਹੇ ਹੁੰਦੇ ਹਨ? ਸੰਦੇਸ਼ ਸ਼ਾਇਦ ਇਹ ਹੋ ਸਕਦਾ ਹੈ ਕਿ ਸੰਸਾਰਕ ਵਿਦਿਆ ਉਪਾਸਨਾ ਲਈ ਇਕੱਠੇ ਹੋਣ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਣ ਨਾਲੋਂ ਜ਼ਿਆਦਾ ਮਹੱਤਵਪੂਰਣ ਹੈ—ਪਰਮੇਸ਼ੁਰ ਪ੍ਰਤੀ ਆਪਣੀ ਖਰਿਆਈ ਬਣਾਈ ਰੱਖਣ ਨਾਲੋਂ ਵੀ ਜ਼ਿਆਦਾ ਮਹੱਤਵਪੂਰਣ।—ਮੱਤੀ 24:14; 28:19, 20; 2 ਕੁਰਿੰਥੀਆਂ 6:14-18; ਇਬਰਾਨੀਆਂ 10:24, 25.
ਕੁਝ ਬੋਰਡਿੰਗ ਸਕੂਲਾਂ ਵਿਚ ਗਵਾਹ ਵਿਦਿਆਰਥੀ ਇਕੱਠੇ ਮਿਲ ਕੇ ਬਾਈਬਲ ਅਧਿਐਨ ਕਰਨ ਦੇ ਯੋਗ ਹੁੰਦੇ ਹਨ, ਪਰੰਤੂ ਅਕਸਰ ਇਹ ਵੀ ਮੁਸ਼ਕਲ ਹੁੰਦਾ ਹੈ। ਬਲੈਸਿੰਗ ਨਾਂ ਦੀ ਕੁੜੀ, ਜੋ 16 ਸਾਲ ਦੀ ਹੈ, ਆਪਣੇ ਬੋਰਡਿੰਗ ਸਕੂਲ ਬਾਰੇ ਇਹ ਕਹਿੰਦੀ ਹੈ: “ਹਰ ਰੋਜ਼ ਨਾਂ-ਮਾਤਰ ਮਸੀਹੀ ਪ੍ਰਾਰਥਨਾ ਕਰਨ ਲਈ ਇਕੱਠੇ ਹੁੰਦੇ ਹਨ। ਅਸੀਂ ਗਵਾਹ ਉਨ੍ਹਾਂ ਨੂੰ ਬੇਨਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂਕਿ ਅਸੀਂ ਆਪਣਾ ਬਾਈਬਲ ਅਧਿਐਨ ਕਰ ਸਕੀਏ, ਪਰੰਤੂ ਸੀਨੀਅਰ ਵਿਦਿਆਰਥੀ ਸਾਨੂੰ ਕਹਿੰਦੇ ਹਨ ਕਿ ਸਾਡੀ ਸੰਸਥਾ ਮਾਨਤਾ ਪ੍ਰਾਪਤ ਨਹੀਂ ਹੈ। ਫਿਰ ਉਹ ਸਾਨੂੰ ਆਪਣੇ ਨਾਲ ਪ੍ਰਾਰਥਨਾ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਅਸੀਂ ਇਨਕਾਰ ਕਰਦੇ ਹਾਂ, ਤਾਂ ਉਹ ਸਾਨੂੰ ਸਜ਼ਾ ਦਿੰਦੇ ਹਨ। ਅਧਿਆਪਕਾਂ ਨੂੰ ਅਪੀਲ ਕਰਨੀ ਮਾਮਲੇ ਨੂੰ ਹੋਰ ਵਿਗਾੜ ਦਿੰਦੀ ਹੈ। ਉਹ ਸਾਨੂੰ ਹਰ ਤਰ੍ਹਾਂ ਦੀ ਗਾਲ੍ਹ ਕੱਢਦੇ ਹਨ ਅਤੇ ਸੀਨੀਅਰ ਵਿਦਿਆਰਥੀਆਂ ਨੂੰ ਸਾਨੂੰ ਸਜ਼ਾ ਦੇਣ ਲਈ ਕਹਿੰਦੇ ਹਨ।”
ਵੱਖਰੇ ਦਿਖਣਾ
ਜਦੋਂ ਬੋਰਡਿੰਗ ਸਕੂਲ ਦੇ ਵਿਦਿਆਰਥੀ ਸਾਫ਼ ਤੌਰ ਤੇ ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਂਦੇ ਹਨ, ਤਾਂ ਇਹ ਉਨ੍ਹਾਂ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਸਕੂਲ ਅਧਿਕਾਰੀ ਸ਼ਾਇਦ ਉਨ੍ਹਾਂ ਨੂੰ ਅਜਿਹੀਆਂ ਲਾਜ਼ਮੀ, ਗ਼ਲਤ ਧਾਰਮਿਕ ਗਤੀਵਿਧੀਆਂ ਵਿਚ ਜੋ ਗਵਾਹਾਂ ਦੇ ਵਿਸ਼ਵਾਸ ਦੇ ਵਿਰੁੱਧ ਹਨ ਹਿੱਸਾ ਨਾ ਲੈਣ ਦੀ ਛੋਟ ਦੇ ਦੇਣ। ਸਹਿਪਾਠੀ ਸ਼ਾਇਦ ਉਨ੍ਹਾਂ ਨੂੰ ਆਪਣੇ ਨਾਲ ਗ਼ਲਤ ਕਾਰਜਾਂ ਅਤੇ ਵਾਰਤਾਲਾਪਾਂ ਵਿਚ ਸ਼ਾਮਲ ਕਰਨ ਤੋਂ ਪਰਹੇਜ਼ ਕਰਨਗੇ। ਸਹਿਪਾਠੀਆਂ ਅਤੇ ਅਧਿਆਪਕਾਂ ਨੂੰ ਗਵਾਹੀ ਦੇਣ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ। ਇਸ ਤੋਂ ਇਲਾਵਾ, ਮਸੀਹੀ ਸਿਧਾਂਤਾਂ ਅਨੁਸਾਰ ਰਹਿਣ ਵਾਲਿਆਂ ਉੱਤੇ ਸੰਭਵ ਤੌਰ ਤੇ ਘੋਰ ਅਪਰਾਧ ਕਰਨ ਦਾ ਸ਼ੱਕ ਨਹੀਂ ਕੀਤਾ ਜਾਂਦਾ ਹੈ, ਅਤੇ ਕਈ ਵਾਰ ਉਹ ਅਧਿਆਪਕਾਂ ਅਤੇ ਸਹਿਪਾਠੀਆਂ ਦਾ ਆਦਰ ਪ੍ਰਾਪਤ ਕਰ ਲੈਂਦੇ ਹਨ।
ਪਰੰਤੂ, ਹਾਲਾਤ ਹਮੇਸ਼ਾ ਇਸੇ ਤਰ੍ਹਾਂ ਨਹੀਂ ਹੁੰਦੇ ਹਨ। ਵੱਖਰੇ ਦਿਖਣਾ ਇਕ ਨੌਜਵਾਨ ਨੂੰ ਅਕਸਰ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਤਾਹਟ ਅਤੇ ਮਜ਼ਾਕ ਦਾ ਪਾਤਰ ਬਣਾਉਂਦਾ ਹੈ। ਇਕ 15-ਸਾਲਾ ਮੁੰਡਾ, ਯਿਨਕਾ, ਜੋ ਬੋਰਡਿੰਗ ਸਕੂਲ ਵਿਚ ਪੜ੍ਹਦਾ ਹੈ, ਕਹਿੰਦਾ ਹੈ: “ਜੇਕਰ ਤੁਸੀਂ ਸਕੂਲ ਵਿਚ ਯਹੋਵਾਹ ਦੇ ਗਵਾਹ ਵਜੋਂ ਜਾਣੇ ਜਾਂਦੇ ਹੋ, ਤਾਂ ਤੁਸੀਂ ਨਿਸ਼ਾਨਾ ਬਣਦੇ ਹੋ। ਕਿਉਂਕਿ ਉਹ ਸਾਡੀ ਅਧਿਆਤਮਿਕ ਅਤੇ ਨੈਤਿਕ ਸਥਿਤੀ ਬਾਰੇ ਜਾਣਦੇ ਹਨ, ਉਹ ਸਾਨੂੰ ਫਸਾਉਣ ਲਈ ਜਾਲ ਵਿਛਾਉਂਦੇ ਹਨ।”
ਮਾਪਿਆਂ ਦੀ ਜ਼ਿੰਮੇਵਾਰੀ
ਕੋਈ ਵੀ ਅਧਿਆਪਕ, ਸਕੂਲ ਜਾਂ ਕਾਲਜ ਬੱਚਿਆਂ ਨੂੰ ਯਹੋਵਾਹ ਦੇ ਸਮਰਪਿਤ ਸੇਵਕ ਬਣਾਉਣ ਦੇ ਕੰਮ ਨੂੰ ਕਰਨ ਦੀ ਉਚਿਤ ਤੌਰ ਤੇ ਕੋਸ਼ਿਸ ਨਹੀਂ ਕਰ ਸਕਦਾ ਹੈ। ਇਹ ਨਾ ਹੀ ਉਨ੍ਹਾਂ ਦਾ ਕੰਮ ਹੈ ਅਤੇ ਨਾ ਹੀ ਉਨ੍ਹਾਂ ਦੀ ਜ਼ਿੰਮੇਵਾਰੀ। ਪਰਮੇਸ਼ੁਰ ਦਾ ਬਚਨ ਹਿਦਾਇਤ ਦਿੰਦਾ ਹੈ ਕਿ ਮਾਪੇ ਆਪ ਆਪਣੇ ਬੱਚਿਆਂ ਦੀਆਂ ਅਧਿਆਤਮਿਕ ਜ਼ਰੂਰਤਾਂ ਦੀ ਦੇਖਭਾਲ ਕਰਨ। ਪੌਲੁਸ ਨੇ ਲਿਖਿਆ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਮਾਪੇ ਇਸ ਸਲਾਹ ਨੂੰ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਨ ਜੇ ਉਨ੍ਹਾਂ ਦੇ ਬੱਚੇ ਬੋਰਡਿੰਗ ਸਕੂਲ ਵਿਚ ਹਨ, ਜਿੱਥੇ ਸ਼ਾਇਦ ਇਕ ਮਹੀਨੇ ਵਿਚ ਇਕ ਜਾਂ ਦੋ ਵਾਰ ਹੀ ਮਿਲਣ ਦੀ ਇਜਾਜ਼ਤ ਹੋਵੇ?
ਹਾਲਾਤ ਬਹੁਤ ਵੱਖਰੇ-ਵੱਖਰੇ ਹੁੰਦੇ ਹਨ, ਪਰੰਤੂ ਮਸੀਹੀ ਮਾਪੇ ਇਸ ਪ੍ਰੇਰਿਤ ਕਥਨ ਅਨੁਸਾਰ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ: “ਜੇ ਕੋਈ ਆਪਣਿਆਂ ਲਈ ਅਤੇ ਖਾਸ ਕਰਕੇ ਆਪਣੇ ਘਰਾਣੇ ਲਈ ਅੱਗੋਂ ਹੀ ਤਰੱਦਦ ਨਹੀਂ ਕਰਦਾ ਤਾਂ ਉਹ ਨਿਹਚਾ ਤੋਂ ਬੇਮੁਖ ਹੋਇਆ ਅਤੇ ਬੇਪਰਤੀਤੇ ਨਾਲੋਂ ਭੀ ਬੁਰਾ ਹੈ।”—1 ਤਿਮੋਥਿਉਸ 5:8.
ਕੀ ਕੋਈ ਹੋਰ ਚਾਰਾ ਹੈ?
ਮਾਪਿਆਂ ਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਸਿਰਫ਼ ਦੋ ਹੀ ਚੋਣਾਂ ਹਨ—ਬੋਰਡਿੰਗ ਸਕੂਲ ਜਾਂ ਸਥਾਨਕ ਘਟੀਆ ਸਕੂਲ? ਕੁਝ ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਸਥਿਤੀ ਵਿਚ ਪਾਇਆ, ਉਨ੍ਹਾਂ ਨੇ ਸਥਾਨਕ ਸਕੂਲ ਵਿਚ ਆਪਣੇ ਬੱਚਿਆਂ ਦੀ ਵਿਦਿਆ ਦੀ ਘਾਟ ਨੂੰ ਪੂਰਾ ਕਰਨ ਲਈ ਟਿਊਸ਼ਨ ਦਾ ਪ੍ਰਬੰਧ ਕੀਤਾ ਹੈ। ਕੁਝ ਦੂਸਰੇ ਮਾਪੇ ਆਪਣੇ ਬੱਚਿਆਂ ਨੂੰ ਖ਼ੁਦ ਪੜ੍ਹਾਉਣ ਲਈ ਸਮਾਂ ਕੱਢਦੇ ਹਨ।
ਕਈ ਵਾਰ ਮਾਪੇ ਪਹਿਲਾਂ ਤੋਂ ਯੋਜਨਾ ਬਣਾ ਕੇ ਸਮੱਸਿਆਵਾਂ ਤੋਂ ਬਚ ਸਕਦੇ ਹਨ ਇਸ ਤੋਂ ਪਹਿਲਾਂ ਕਿ ਉਨ੍ਹਾਂ ਦੇ ਬੱਚੇ ਸੈਕੰਡਰੀ ਸਕੂਲ ਵਿਚ ਜਾਣ ਦੀ ਉਮਰ ਦੇ ਹੋ ਜਾਣ। ਜੇ ਤੁਹਾਡੇ ਛੋਟੇ ਬੱਚੇ ਹਨ ਜਾਂ ਤੁਸੀਂ ਮਾਪੇ ਬਣਨ ਦੀ ਯੋਜਨਾ ਬਣਾ ਰਹੇ ਹੋ, ਤਾਂ ਸ਼ਾਇਦ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਖੇਤਰ ਵਿਚ ਵਧੀਆ ਸੈਕੰਡਰੀ ਸਕੂਲ ਹੈ ਜਾਂ ਨਹੀਂ। ਜੇਕਰ ਨਹੀਂ, ਤਾਂ ਜਿੱਥੇ ਹੋਵੇ ਉੱਥੇ ਚਲੇ ਜਾਣਾ ਸ਼ਾਇਦ ਸੰਭਵ ਹੋਵੇ।
ਜਿਸ ਤਰ੍ਹਾਂ ਮਾਪੇ ਚੰਗੀ ਤਰ੍ਹਾਂ ਜਾਣਦੇ ਹਨ, ਇਕ ਬੱਚੇ ਵਿਚ ਯਹੋਵਾਹ ਦੇ ਲਈ ਪਿਆਰ ਪੈਦਾ ਕਰਨ ਲਈ ਨਿਪੁੰਨਤਾ, ਧੀਰਜ, ਅਤੇ ਬਹੁਤ ਸਾਰੇ ਸਮੇਂ ਦੀ ਲੋੜ ਹੁੰਦੀ ਹੈ। ਜੇਕਰ ਇਹ ਬੱਚੇ ਦੇ ਘਰ ਰਹਿੰਦਿਆਂ ਮੁਸ਼ਕਲ ਹੁੰਦਾ ਹੈ, ਤਾਂ ਇਹ ਕਿੰਨਾ ਹੋਰ ਜ਼ਿਆਦਾ ਮੁਸ਼ਕਲ ਹੋਵੇਗਾ ਜੇਕਰ ਬੱਚਾ ਘਰ ਤੋਂ ਦੂਰ ਰਹਿ ਰਿਹਾ ਹੋਵੇ! ਕਿਉਂਕਿ ਬੱਚੇ ਦਾ ਸਦੀਪਕ ਜੀਵਨ ਸ਼ਾਮਲ ਹੈ, ਮਾਪਿਆਂ ਨੂੰ ਗੰਭੀਰਤਾ ਨਾਲ ਅਤੇ ਪ੍ਰਾਰਥਨਾਪੂਰਵਕ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਬੱਚੇ ਨੂੰ ਬੋਰਡਿੰਗ ਸਕੂਲ ਵਿਚ ਦਾਖ਼ਲ ਕਰਾਉਣਾ ਲਾਭਦਾਇਕ ਹੋਵੇਗਾ ਜਾਂ ਨਹੀਂ। ਆਪਣੇ ਬੱਚਿਆਂ ਦੇ ਅਧਿਆਤਮਿਕ ਹਿਤਾਂ ਨੂੰ ਬੋਰਡਿੰਗ ਸਕੂਲ ਦੀ ਵਿਦਿਆ ਦੇ ਲਾਭਾਂ ਲਈ ਬਲੀ ਚੜ੍ਹਾਉਣੀ ਕਿੰਨੀ ਹੀ ਨਿਕਟ-ਦਰਸ਼ੀ ਹੋਵੇਗੀ! ਇਹ ਇਕ ਸਾਧਾਰਣ ਗਹਿਣੇ ਨੂੰ ਬਚਾਉਣ ਲਈ ਅੱਗ ਲੱਗੇ ਹੋਏ ਘਰ ਵਿਚ ਵੜਨ ਅਤੇ ਆਪਣੀ ਜਾਨ ਗੁਆਉਣ ਦੇ ਸਮਾਨ ਹੋਵੇਗਾ।
ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।” (ਕਹਾਉਤਾਂ 22:3) ਇਲਾਜ ਨਾਲੋਂ ਬਚਾਉ ਬਿਹਤਰ ਹੈ। ਇਸ ਬਾਰੇ ਸੋਚਣਾ ਬੁੱਧੀਮਾਨੀ ਦੀ ਗੱਲ ਹੋਵੇਗੀ ਜੇਕਰ ਤੁਸੀਂ ਆਪਣੇ ਆਪ ਤੋਂ ਪੁੱਛਦੇ ਹੋ, ‘ਕੀ ਮੇਰੇ ਬੱਚੇ ਨੂੰ ਬੋਰਡਿੰਗ ਸਕੂਲ ਜਾਣਾ ਚਾਹੀਦਾ ਹੈ?’
[ਸਫ਼ੇ 32 ਉੱਤੇ ਡੱਬੀ]
ਨੌਜਵਾਨ ਗਵਾਹਾਂ ਦੇ ਬੋਰਡਿੰਗ ਸਕੂਲ ਬਾਰੇ ਵਿਚਾਰ
“ਬੋਰਡਿੰਗ ਸਕੂਲ ਵਿਚ, ਗਵਾਹ ਬੱਚੇ ਅਧਿਆਤਮਿਕ ਸੰਗਤ ਤੋਂ ਵਾਂਝੇ ਹੁੰਦੇ ਹਨ। ਉੱਥੇ ਗ਼ਲਤ ਕੰਮ ਕਰਨ ਲਈ ਭਾਰੇ ਦਬਾਉ ਵਾਲਾ ਪ੍ਰਤਿਕੂਲ ਮਾਹੌਲ ਹੁੰਦਾ ਹੈ।”—ਰੌਟੀਮੀ, ਜੋ 11 ਤੋਂ 14 ਸਾਲ ਦੀ ਉਮਰ ਤਕ ਬੋਰਡਿੰਗ ਸਕੂਲ ਵਿਚ ਪੜ੍ਹਿਆ ਸੀ।
“ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣਾ ਬਹੁਤ ਮੁਸ਼ਕਲ ਹੁੰਦਾ ਸੀ। ਮੈਂ ਸਿਰਫ਼ ਐਤਵਾਰ ਹਾਜ਼ਰ ਹੋ ਸਕਦੀ ਸੀ, ਅਤੇ ਇਸ ਤਰ੍ਹਾਂ ਕਰਨ ਲਈ, ਮੈਂ ਉੱਥੋਂ ਚੁੱਪ-ਚਾਪ ਖਿਸਕ ਜਾਂਦੀ ਸੀ ਜਦੋਂ ਵਿਦਿਆਰਥੀ ਚਰਚ ਜਾਣ ਲਈ ਲਾਈਨ ਵਿਚ ਖੜ੍ਹੇ ਹੁੰਦੇ ਸਨ। ਮੈਂ ਕਦੀ ਖ਼ੁਸ਼ ਨਹੀਂ ਸੀ, ਕਿਉਂਕਿ ਘਰ ਵਿਚ ਮੈਂ ਸਾਰੀਆਂ ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੁੰਦੀ ਸੀ, ਅਤੇ ਸਿਨੱਚਰਵਾਰ ਅਤੇ ਐਤਵਾਰ ਨੂੰ ਮੈਂ ਖੇਤਰ ਸੇਵਾ ਵਿਚ ਜਾਂਦੀ ਸੀ। ਸਕੂਲ ਇਕ ਉਸਾਰੂ ਤਜਰਬਾ ਨਹੀਂ ਸੀ। ਮੈਂ ਬਹੁਤ ਕੁਝ ਗੁਆਇਆ।”—ਐਸਥਰ, ਜਿਸ ਨੂੰ ਅਧਿਆਪਕ ਤੋਂ ਰੋਜ਼ਾਨਾ ਸੋਟੀਆਂ ਪੈਂਦੀਆਂ ਸਨ ਕਿਉਂਕਿ ਉਹ ਸਕੂਲ ਦੀਆਂ ਚਰਚ ਸੇਵਾਵਾਂ ਵਿਚ ਹਿੱਸਾ ਨਹੀਂ ਲੈਂਦੀ ਸੀ।
“ਬੋਰਡਿੰਗ ਸਕੂਲ ਵਿਚ ਸਹਿਪਾਠੀਆਂ ਨੂੰ ਗਵਾਹੀ ਦੇਣੀ ਆਸਾਨ ਨਹੀਂ ਸੀ। ਵੱਖਰੇ ਦਿਖਣਾ ਆਸਾਨ ਨਹੀਂ ਸੀ। ਮੈਂ ਝੁੰਡ ਦੇ ਪਿੱਛੇ ਜਾਣਾ ਚਾਹੁੰਦੀ ਸੀ। ਸ਼ਾਇਦ ਮੈਂ ਨਿਡਰ ਹੁੰਦੀ ਜੇਕਰ ਮੈਂ ਸਭਾਵਾਂ ਵਿਚ ਅਤੇ ਖੇਤਰ ਸੇਵਾ ਵਿਚ ਜਾ ਸਕਦੀ। ਪਰੰਤੂ ਮੈਂ ਇਸ ਤਰ੍ਹਾਂ ਕੇਵਲ ਛੁੱਟੀਆਂ ਵਿਚ ਹੀ ਕਰ ਸਕਦੀ ਸੀ, ਜੋ ਕਿ ਸਾਲ ਵਿਚ ਸਿਰਫ਼ ਤਿੰਨ ਵਾਰ ਹੁੰਦੀਆਂ ਸਨ। ਜੇਕਰ ਤੁਹਾਡੇ ਕੋਲ ਦੀਵਾ ਹੈ ਜਿਸ ਵਿਚ ਦੁਬਾਰਾ ਤੇਲ ਨਹੀਂ ਪਾਇਆ ਜਾਂਦਾ ਹੈ, ਤਾਂ ਰੌਸ਼ਨੀ ਘੱਟ ਜਾਂਦੀ ਹੈ। ਇਸੇ ਤਰ੍ਹਾਂ ਸਕੂਲ ਵਿਚ ਹੁੰਦਾ ਸੀ।”—ਲਾਰਾ, ਜੋ 11 ਤੋਂ 16 ਸਾਲ ਦੀ ਉਮਰ ਤਕ ਬੋਰਡਿੰਗ ਸਕੂਲ ਵਿਚ ਪੜ੍ਹੀ।
“ਹੁਣ ਜਦ ਕਿ ਮੈਂ ਬੋਰਡਿੰਗ ਸਕੂਲ ਵਿਚ ਨਹੀਂ ਹਾਂ, ਮੈਂ ਖ਼ੁਸ਼ ਹਾਂ ਕਿ ਮੈਂ ਸਾਰੀਆਂ ਸਭਾਵਾਂ ਵਿਚ ਹਾਜ਼ਰ ਹੋ ਸਕਦੀ ਹਾਂ, ਖੇਤਰ ਸੇਵਾ ਵਿਚ ਹਿੱਸਾ ਲੈ ਸਕਦੀ ਹਾਂ, ਅਤੇ ਪਰਿਵਾਰ ਦੇ ਬਾਕੀ ਜੀਆਂ ਨਾਲ ਦੈਨਿਕ ਪਾਠ ਦਾ ਆਨੰਦ ਲੈ ਸਕਦੀ ਹਾਂ। ਭਾਵੇਂ ਕਿ ਸਕੂਲ ਵਿਚ ਰਹਿਣ ਦੇ ਕੁਝ ਫ਼ਾਇਦੇ ਸਨ, ਕੋਈ ਵੀ ਚੀਜ਼ ਯਹੋਵਾਹ ਨਾਲ ਮੇਰੇ ਰਿਸ਼ਤੇ ਨਾਲੋਂ ਜ਼ਿਆਦਾ ਮਹੱਤਵਪੂਰਣ ਨਹੀਂ ਹੈ।”—ਨੇਓਮੀ, ਜਿਸ ਨੇ ਆਪਣੇ ਪਿਤਾ ਨੂੰ ਉਸ ਨੂੰ ਬੋਰਡਿੰਗ ਸਕੂਲ ਵਿੱਚੋਂ ਹਟਾ ਲੈਣ ਲਈ ਮਨਾਇਆ।