ਯਹੋਵਾਹ ਦਾ ਸੰਗਠਨ ਤੁਹਾਡੀ ਸੇਵਕਾਈ ਨੂੰ ਸਮਰਥਨ ਦਿੰਦਾ ਹੈ
“ਮੈਂ ਇੱਕ ਹੋਰ ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡਦਿਆਂ ਡਿੱਠਾ ਭਈ . . . ਖੁਸ਼ ਖਬਰੀ ਸੁਣਾਵੇ।”—ਪਰਕਾਸ਼ ਦੀ ਪੋਥੀ 14:6.
1. ਯਹੋਵਾਹ ਦੇ ਗਵਾਹ ਕਿਸ ਤਰ੍ਹਾਂ ਪਰਖੇ ਗਏ ਹਨ, ਅਤੇ ਉਹ ਕਿਉਂ ਬਚੇ ਹਨ?
ਮਸੀਹੀ ਸੇਵਕਾਈ ਨੂੰ ਸਮਰਥਨ ਦੇਣ ਵਿਚ ਯਹੋਵਾਹ ਦੇ ਸਵਰਗੀ ਸੰਗਠਨ ਦੀ ਭੂਮਿਕਾ ਨੂੰ ਪਛਾਣਨਾ ਇੰਨਾ ਮਹੱਤਵਪੂਰਣ ਕਿਉਂ ਹੈ? ਕੀ ਯਹੋਵਾਹ ਦੇ ਗਵਾਹ ਵਿਰੋਧੀ ਸੰਸਾਰ ਦੇ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਯਹੋਵਾਹ ਦੇ ਸਵਰਗੀ ਲਸ਼ਕਰਾਂ ਦੇ ਸਮਰਥਨ ਤੋਂ ਬਗੈਰ ਪੂਰਾ ਕਰ ਸਕਦੇ ਸਨ? ਇਸ ਸਦੀ ਦੌਰਾਨ ਗਵਾਹਾਂ ਨੇ ਕੱਟੜ ਰਾਸ਼ਟਰਵਾਦ, ਤਾਨਾਸ਼ਾਹੀ ਰਾਜਨੀਤਿਕ ਵਿਵਸਥਾਵਾਂ, ਵਿਸ਼ਵ ਯੁੱਧਾਂ, ਅਤੇ ਹੋਰ ਅਨੇਕ ਬਿਪਤਾਵਾਂ ਦੇ ਬਾਵਜੂਦ ਅਜਿਹਾ ਪ੍ਰਚਾਰ ਕੀਤਾ ਹੈ। ਯਹੋਵਾਹ ਦੀ ਮਦਦ ਤੋਂ ਬਗੈਰ ਕੀ ਗਵਾਹ ਆਪਣੇ ਨਾਲ ਕੀਤੇ ਗਏ ਅੰਤਰ-ਰਾਸ਼ਟਰੀ ਪੱਖਪਾਤ ਅਤੇ ਅਕਸਰ ਹਿੰਸਕ ਸਤਾਹਟ ਦੀ ਵਾਛੜ ਵਿੱਚੋਂ ਬਚ ਕੇ ਨਿਕਲ ਸਕਦੇ ਸਨ?—ਜ਼ਬੂਰਾਂ 34:7.
ਵਿਸ਼ਵ-ਵਿਆਪੀ ਵਿਰੋਧਤਾ ਦੇ ਬਾਵਜੂਦ ਬਚੇ ਰਹਿਣਾ
2. ਪਹਿਲੀ ਸਦੀ ਦੇ ਅਤੇ ਅੱਜ ਦੇ ਸੱਚੇ ਮਸੀਹੀਆਂ ਦਰਮਿਆਨ ਕੀ ਸਮਾਨਤਾ ਹੈ?
2 ਇਸ 20ਵੀਂ ਸਦੀ ਵਿਚ, ਦੋਵੇਂ ਧਾਰਮਿਕ ਅਤੇ ਰਾਜਨੀਤਿਕ ਦੁਸ਼ਮਣਾਂ ਨੇ ਯਹੋਵਾਹ ਦੇ ਕੰਮ ਨੂੰ ਰੋਕਣ ਜਾਂ ਦਬਾਉਣ ਲਈ ਕਾਨੂੰਨੀ ਅਤੇ ਹੋਰ ਢੰਗ ਦੀ ਹਰ ਮੁਮਕਿਨ ਰੁਕਾਵਟ ਖੜ੍ਹੀ ਕੀਤੀ ਹੈ। ਮਸੀਹੀ ਭੈਣ-ਭਰਾ ਸਤਾਏ ਗਏ, ਉਨ੍ਹਾਂ ਬਾਰੇ ਗ਼ਲਤ ਬਿਆਨ ਦਿੱਤੇ ਗਏ, ਉਨ੍ਹਾਂ ਦਾ ਅਪਮਾਨ ਕੀਤਾ ਗਿਆ ਅਤੇ ਉਹ ਬਦਨਾਮ ਕੀਤੇ ਗਏ ਹਨ। ਕਈਆਂ ਨੂੰ ਮਾਰਿਆ ਵੀ ਗਿਆ ਹੈ, ਅਤੇ ਇਹ ਸਭ ਕੁਝ ਅਕਸਰ ਵੱਡੀ ਬਾਬੁਲ ਦੇ ਪਾਦਰੀਆਂ ਦੀ ਉਕਸਾਹਟ ਕਾਰਨ ਹੋਇਆ ਹੈ। ਜਿਵੇਂ ਮੁਢਲੇ ਮਸੀਹੀਆਂ ਬਾਰੇ ਕਿਹਾ ਗਿਆ ਸੀ, ਉਵੇਂ ਹੀ ਇਹ ਕਿਹਾ ਜਾ ਸਕਦਾ ਹੈ ਕਿ “ਸਾਨੂੰ ਮਲੂਮ ਹੈ ਭਈ ਸਭਨੀਂ ਥਾਈਂ ਐਸ ਪੰਥ ਨੂੰ ਬੁਰਾ ਆਖਦੇ ਹਨ।” ਠੀਕ ਜਿਵੇਂ ਮਸੀਹ ਦੇ ਸਮੇਂ ਵਿਚ ਉਸ ਦੀ ਸੇਵਕਾਈ ਨੂੰ ਰੋਕਣ ਲਈ ਯਹੂਦੀ ਜਾਜਕ ਜਾਨ ਤੋੜ ਕੇ ਲੜੇ, ਉਸੇ ਤਰ੍ਹਾਂ ਆਪਣੇ ਰਾਜਨੀਤਿਕ ਯਾਰਾਂ ਨਾਲ ਮਿਲ ਕੇ ਪਾਦਰੀਆਂ ਅਤੇ ਧਰਮ-ਤਿਆਗੀਆਂ ਨੇ ਯਹੋਵਾਹ ਦੇ ਲੋਕਾਂ ਦੇ ਵੱਡੇ ਸਿੱਖਿਅਕ ਗਵਾਹੀ ਕੰਮ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ।—ਰਸੂਲਾਂ ਦੇ ਕਰਤੱਬ 28:22; ਮੱਤੀ 26:59, 65-67.
3. ਅਸੀਂ ਹੈਨਰੀਕਾ ਜ਼ੁਰ ਦੀ ਖਰਿਆਈ ਤੋਂ ਕੀ ਸਿੱਖ ਸਕਦੇ ਹਾਂ?
3 ਉਦਾਹਰਣ ਵਜੋਂ ਇਸ ਘਟਨਾ ਉੱਤੇ ਵਿਚਾਰ ਕਰੋ ਜੋ ਮਾਰਚ 1, 1946 ਤੇ, ਪੋਲੈਂਡ ਵਿਚ ਹੋਈ ਸੀ। ਕੇਲਮ ਨੇੜੇ ਰਹਿਣ ਵਾਲੀ 15 ਸਾਲ ਦੀ ਇਕ ਗਵਾਹ, ਹੈਨਰੀਕਾ ਜ਼ੁਰ, ਇਕ ਗਵਾਹ ਭਰਾ ਦੇ ਨਾਲ, ਇਕ ਨੇੜੇ ਦੇ ਪਿੰਡ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਮਿਲਣ ਗਈ ਸੀ। ਉਨ੍ਹਾਂ ਨੂੰ ਨਾਰੋਡੋਵੇ ਸ਼ੀਵਿ ਜ਼ਬਰੋਇਨੇ (ਰਾਸ਼ਟਰੀ ਹਥਿਆਰਬੰਦ ਸੈਨਾ) ਨਾਮਕ ਕੈਥੋਲਿਕ ਸੈਨਿਕ ਟੋਲੀ ਦੇ ਮੈਂਬਰਾਂ ਨੇ ਗਿਰਫ਼ਤਾਰ ਕਰ ਲਿਆ। ਭਰਾ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਪਰ ਉਹ ਦੀ ਜਾਣ ਬਚ ਗਈ। ਹੈਨਰੀਕਾ ਨਾਲ ਇਸ ਤਰ੍ਹਾਂ ਨਹੀਂ ਹੋਇਆ। ਕਈ ਘੰਟਿਆਂ ਤਕ ਉਨ੍ਹਾਂ ਨੇ ਉਸ ਨੂੰ ਸਲੀਬ ਦਾ ਕੈਥੋਲਿਕ ਨਿਸ਼ਾਨ ਬਣਾਉਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਵਿਚ ਬਹੁਤ ਭਿਆਨਕ ਤਸੀਹੇ ਦਿੱਤੇ। ਉਸ ਨੂੰ ਤਸੀਹੇ ਦੇਣ ਵਾਲੇ ਇਕ ਵਿਅਕਤੀ ਨੇ ਕਿਹਾ: “ਤੂੰ ਅੰਦਰੋ-ਅੰਦਰ ਭਾਵੇਂ ਜੋ ਮਰਜ਼ੀ ਮੰਨ, ਕੇਵਲ ਸਲੀਬ ਦਾ ਕੈਥੋਲਿਕ ਨਿਸ਼ਾਨ ਬਣਾ ਦੇ। ਨਹੀਂ ਤਾਂ ਤੈਨੂੰ ਗੋਲੀ ਮਾਰ ਦੇਵਾਂਗਾ!” ਕੀ ਉਹ ਆਪਣੀ ਖਰਿਆਈ ਵਿਚ ਕਮਜ਼ੋਰ ਹੋਈ? ਨਹੀਂ। ਉਨ੍ਹਾਂ ਧਾਰਮਿਕ ਬੁਜ਼ਦਿਲਾਂ ਨੇ ਉਸ ਨੂੰ ਇਕ ਨੇੜੇ ਦੇ ਜੰਗਲ ਵਿਚ ਘਸੀਟ ਕੇ ਗੋਲੀ ਮਾਰ ਦਿੱਤੀ। ਫਿਰ ਵੀ, ਉਹ ਜੇਤੂ ਹੋਈ! ਉਹ ਉਸ ਦੀ ਖਰਿਆਈ ਨੂੰ ਤੋੜ ਨਾ ਸਕੇ।a—ਰੋਮੀਆਂ 8:35-39.
4. ਰਾਜਨੀਤਿਕ ਅਤੇ ਧਾਰਮਿਕ ਸ਼ਕਤੀਆਂ ਨੇ ਰਾਜ ਦੇ ਪ੍ਰਚਾਰ ਕੰਮ ਨੂੰ ਕਿਸ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਹੈ?
4 ਕੁਝ ਸੌ ਸਾਲਾਂ ਤੋਂ ਪਰਮੇਸ਼ੁਰ ਦੇ ਆਧੁਨਿਕ ਦਿਨ ਦੇ ਸੇਵਕਾਂ ਨਾਲ ਬੇਰਹਿਮੀ ਅਤੇ ਨਿਰਾਦਰ ਭਰਿਆ ਵਰਤਾਉ ਕੀਤਾ ਗਿਆ ਹੈ। ਕਿਉਂਕਿ ਯਹੋਵਾਹ ਦੇ ਗਵਾਹ ਸ਼ਤਾਨ ਦੇ ਮੁੱਖ ਧਰਮਾਂ ਦਾ ਹਿੱਸਾ ਨਹੀਂ ਹਨ, ਅਤੇ ਨਾ ਹੀ ਹਿੱਸਾ ਬਣਨਾ ਚਾਹੁੰਦੇ ਹਨ, ਉਹ ਕਿਸੇ ਵੀ ਪੱਖਪਾਤੀ ਆਲੋਚਕ ਜਾਂ ਜਨੂਨੀ ਵਿਰੋਧੀ ਲਈ ਚੰਗੇ ਸ਼ਿਕਾਰ ਸਮਝੇ ਜਾਂਦੇ ਹਨ। ਰਾਜਨੀਤਿਕ ਸ਼ਕਤੀਆਂ ਦੁਆਰਾ ਉਨ੍ਹਾਂ ਉੱਤੇ ਨਿਰਦਈ ਹਮਲੇ ਕੀਤੇ ਗਏ ਹਨ। ਅਨੇਕ ਗਵਾਹ ਆਪਣੀ ਨਿਹਚਾ ਖ਼ਾਤਰ ਸ਼ਹੀਦ ਹੋਏ ਹਨ। ਅਖਾਉਤੀ ਲੋਕਰਾਜ ਨੇ ਵੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। 1917 ਵਿਚ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿਚ, ਪਾਦਰੀਆਂ ਨੇ ਬਾਈਬਲ ਸਟੂਡੈਂਟਸ, ਜਿਵੇਂ ਗਵਾਹ ਉਸ ਵੇਲੇ ਜਾਣੇ ਜਾਂਦੇ ਸਨ, ਉੱਤੇ ਖ਼ਤਰਨਾਕ ਹੋਣ ਦਾ ਇਲਜ਼ਾਮ ਲਗਾਇਆ ਹੈ। ਵਾਚ ਟਾਵਰ ਸੋਸਾਇਟੀ ਦੇ ਅਧਿਕਾਰੀਆਂ ਨੂੰ ਬੇਇਨਸਾਫ਼ੀ ਨਾਲ ਜੇਲ੍ਹ ਵਿਚ ਸੁੱਟਿਆ ਗਿਆ, ਤਾਂ ਬਾਅਦ ਵਿਚ ਹੀ ਉਨ੍ਹਾਂ ਨੂੰ ਦੋਸ਼ ਤੋਂ ਮੁਕਤ ਕੀਤਾ ਗਿਆ।—ਪਰਕਾਸ਼ ਦੀ ਪੋਥੀ 11:7-9; 12:17.
5. ਕਿਹੜੇ ਸ਼ਬਦਾਂ ਨੇ ਯਹੋਵਾਹ ਦੇ ਸੇਵਕਾਂ ਦਾ ਹੌਸਲਾ ਵਧਾਇਆ ਹੈ?
5 ਮਸੀਹ ਦੇ ਭਰਾਵਾਂ ਅਤੇ ਉਨ੍ਹਾਂ ਦੇ ਨਿਸ਼ਠਾਵਾਨ ਸਾਥੀਆਂ ਦੇ ਪ੍ਰਚਾਰ ਕੰਮ ਨੂੰ ਰੋਕਣ ਦੀ ਕੋਸ਼ਿਸ਼ ਵਿਚ ਸ਼ਤਾਨ ਨੇ ਆਪਣੇ ਵੱਸ ਵਿਚ ਹਰ ਸੰਭਵ ਤਰੀਕਾ ਇਸਤੇਮਾਲ ਕੀਤਾ ਹੈ। ਫਿਰ ਵੀ, ਜਿਵੇਂ ਅਨੇਕ ਅਨੁਭਵ ਦਿਖਾਉਂਦੇ ਹਨ, ਨਾ ਧਮਕੀਆਂ, ਨਾ ਡਰਾਵੇ, ਨਾ ਸਰੀਰਕ ਹਿੰਸਾ, ਨਾ ਜੇਲ੍ਹਾਂ, ਨਾ ਨਜ਼ਰਬੰਦੀ-ਕੈਂਪ, ਅਤੇ ਨਾ ਹੀ ਮੌਤ ਯਹੋਵਾਹ ਦੇ ਗਵਾਹਾਂ ਨੂੰ ਚੁੱਪ ਕਰਾ ਸਕੀ। ਅਤੇ ਪੂਰੇ ਇਤਿਹਾਸ ਦੌਰਾਨ ਇਸੇ ਤਰ੍ਹਾਂ ਹੋਇਆ ਹੈ। ਅਲੀਸ਼ਾ ਦੇ ਸ਼ਬਦਾਂ ਨੇ ਵਾਰ-ਵਾਰ ਹੌਸਲਾ ਵਧਾਇਆ ਹੈ: “ਨਾ ਡਰ ਕਿਉਂ ਜੋ ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ।” ਇਕ ਕਾਰਨ ਇਹ ਹੈ ਕਿ ਵਫ਼ਾਦਾਰ ਦੂਤਾਂ ਦੇ ਸਾਮ੍ਹਣੇ ਇਬਲੀਸ ਦੇ ਲਸ਼ਕਰ ਕੁਝ ਵੀ ਨਹੀਂ ਹਨ!—2 ਰਾਜਿਆਂ 6:16; ਰਸੂਲਾਂ ਦੇ ਕਰਤੱਬ 5:27-32, 41, 42.
ਯਹੋਵਾਹ ਜੋਸ਼ੀਲੇ ਪ੍ਰਚਾਰ ਉੱਤੇ ਬਰਕਤ ਪਾਉਂਦਾ ਹੈ
6, 7. (ੳ) ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਕਿਹੜੇ ਮੁਢਲੇ ਜਤਨ ਕੀਤੇ ਗਏ ਸਨ? (ਅ) ਸੰਨ 1943 ਤੋਂ ਕਿਹੜੀ ਲਾਭਕਾਰੀ ਤਬਦੀਲੀ ਕੀਤੀ ਗਈ ਸੀ?
6 ਇਸ 20ਵੀਂ ਸਦੀ ਦੇ ਦੌਰਾਨ, ਯਹੋਵਾਹ ਦੇ ਗਵਾਹਾਂ ਨੇ ਤਕਨਾਲੋਜੀ ਦੀਆਂ ਅਨੇਕ ਤਰੱਕੀਆਂ ਨੂੰ ਇਸਤੇਮਾਲ ਕੀਤਾ ਹੈ, ਤਾਂਕਿ ਅੰਤ ਆਉਣ ਤੋਂ ਪਹਿਲਾਂ ਉਹ ਇਸ ਗਵਾਹੀ-ਕਾਰਜ ਨੂੰ ਹੋਰ ਤੇਜ਼ੀ ਨਾਲ ਕਰ ਸਕਣ। 1914 ਵਿਚ, ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੇ ਪਹਿਲੇ ਪ੍ਰਧਾਨ, ਪਾਸਟਰ ਰਸਲ ਨੇ ਅੱਠ ਘੰਟਿਆਂ ਦੀ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਨਾਮਕ ਬਾਈਬਲ ਪੇਸ਼ਕਾਰੀ ਵਿਚ, ਸਲਾਈਡਾਂ ਅਤੇ ਫ਼ਿਲਮ ਦੀ ਮੁਢਲੀ ਵਰਤੋਂ ਨੂੰ ਅੱਗੇ ਵਧਾਇਆ। ਪੇਸ਼ਕਾਰੀ ਦੇ ਨਾਲ-ਨਾਲ ਫੋਨੋਗ੍ਰਾਫ ਰਿਕਾਰਡਾਂ ਉੱਤੇ ਬਾਈਬਲ-ਆਧਾਰਿਤ ਭਾਸ਼ਣ ਸੁਣਾਏ ਜਾਂਦੇ ਸਨ। ਇਸ ਨੇ ਉਸ ਸਮੇਂ ਅਨੇਕ ਦੇਸ਼ਾਂ ਵਿਚ ਹਾਜ਼ਰੀਨਾਂ ਨੂੰ ਹੈਰਾਨ ਕੀਤਾ। ਬਾਅਦ ਵਿਚ, 1930 ਅਤੇ 1940 ਦੇ ਦਹਾਕਿਆਂ ਵਿਚ, ਯਹੋਵਾਹ ਦੇ ਗਵਾਹ ਪੋਰਟੇਬਲ ਫੋਨੋਗ੍ਰਾਫਾਂ ਨਾਲ ਘਰ-ਘਰ ਪ੍ਰਚਾਰ ਕਰਨ ਲਈ ਜਾਣੇ ਗਏ ਸਨ। ਉਨ੍ਹਾਂ ਨੇ ਸੋਸਾਇਟੀ ਦੇ ਦੂਜੇ ਪ੍ਰਧਾਨ, ਜੇ. ਐੱਫ਼. ਰਦਰਫ਼ਰਡ ਦੇ ਰਿਕਾਰਡ ਕੀਤੇ ਗਏ ਬਾਈਬਲ ਭਾਸ਼ਣਾਂ ਨੂੰ ਇਸਤੇਮਾਲ ਕੀਤਾ।
7 ਸੰਨ 1943 ਵਿਚ ਸੋਸਾਇਟੀ ਦੇ ਤੀਜੇ ਪ੍ਰਧਾਨ, ਨੇਥਨ ਐੱਚ. ਨੌਰ ਦੇ ਨਿਰਦੇਸ਼ਨ ਅਧੀਨ ਇਕ ਦਲੇਰ ਕਦਮ ਚੁੱਕਿਆ ਗਿਆ, ਜਦੋਂ ਹਰ ਕਲੀਸਿਯਾ ਵਿਚ ਸੇਵਕਾਂ ਲਈ ਇਕ ਸਕੂਲ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਹੁਣ ਗਵਾਹਾਂ ਨੂੰ ਫੋਨੋਗ੍ਰਾਫ ਦੀ ਰਿਕਾਰਡਿੰਗ ਤੋਂ ਬਗੈਰ ਘਰ-ਘਰ ਪ੍ਰਚਾਰ ਕਰਨ ਅਤੇ ਦੂਜਿਆਂ ਨੂੰ ਸਿਖਾਉਣ ਦੀ ਸਿਖਲਾਈ ਦਿੱਤੀ ਜਾਣੀ ਸੀ। ਉਸ ਸਮੇਂ ਤੋਂ, ਮਿਸ਼ਨਰੀਆਂ, ਪੂਰਣ-ਕਾਲੀ ਪਾਇਨੀਅਰ ਸੇਵਕਾਂ, ਕਲੀਸਿਯਾ ਦੇ ਬਜ਼ੁਰਗਾਂ ਅਤੇ ਵਾਚ ਟਾਵਰ ਸੋਸਾਇਟੀ ਦੀਆਂ ਸ਼ਾਖਾਵਾਂ ਵਿਚ ਜ਼ਿੰਮੇਵਾਰ ਨਿਗਾਹਬਾਨਾਂ ਨੂੰ ਸਿਖਲਾਈ ਦੇਣ ਲਈ, ਹੋਰ ਕਈ ਸਕੂਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਨਤੀਜਾ ਕੀ ਨਿਕਲਿਆ ਹੈ?
8. ਸੰਨ 1943 ਵਿਚ ਗਵਾਹਾਂ ਨੇ ਕਿਵੇਂ ਵੱਡੀ ਨਿਹਚਾ ਦਿਖਾਈ ਸੀ?
8 ਸੰਨ 1943 ਵਿਚ, ਵਿਸ਼ਵ ਯੁੱਧ II ਦੇ ਦਰਮਿਆਨ, ਸਿਰਫ਼ 1,29,000 ਗਵਾਹ 54 ਦੇਸ਼ਾਂ ਵਿਚ ਕੰਮ ਕਰ ਰਹੇ ਸਨ। ਫਿਰ ਵੀ, ਉਹ ਨਿਹਚਾ ਅਤੇ ਦ੍ਰਿੜ੍ਹ ਇਰਾਦਾ ਰੱਖਦੇ ਸਨ ਕਿ ਮੱਤੀ 24:14 ਦੀ ਪੂਰਤੀ ਅੰਤ ਆਉਣ ਤੋਂ ਪਹਿਲਾਂ ਜ਼ਰੂਰ ਹੋਵੇਗੀ। ਉਨ੍ਹਾਂ ਨੂੰ ਯਕੀਨ ਸੀ ਕਿ ਇਸ ਭ੍ਰਿਸ਼ਟ ਰੀਤੀ-ਵਿਵਸਥਾ ਨੂੰ ਖ਼ਤਮ ਕਰਨ ਵਾਲੀਆਂ ਘਟਨਾਵਾਂ ਦੀ ਲੜੀ ਸ਼ੁਰੂ ਹੋਣ ਤੋਂ ਪਹਿਲਾਂ, ਯਹੋਵਾਹ ਮਹੱਤਵਪੂਰਣ ਚੇਤਾਵਨੀ ਦੇ ਸੰਦੇਸ਼ ਦਾ ਐਲਾਨ ਕਰਵਾਏਗਾ। (ਮੱਤੀ 24:21; ਪਰਕਾਸ਼ ਦੀ ਪੋਥੀ 16:16; 19:11-16, 19-21; 20:1-3) ਕੀ ਉਨ੍ਹਾਂ ਨੂੰ ਆਪਣੇ ਜਤਨਾਂ ਦਾ ਫਲ ਮਿਲਿਆ ਹੈ?
9. ਕਿਹੜੇ ਤੱਥ ਦਿਖਾਉਂਦੇ ਹਨ ਕਿ ਗਵਾਹੀ-ਕਾਰਜ ਨੇ ਤਰੱਕੀ ਕੀਤੀ ਹੈ?
9 ਹੁਣ ਘੱਟੋ-ਘੱਟ 13 ਦੇਸ਼ ਹਨ ਜਿਨ੍ਹਾਂ ਵਿੱਚੋਂ ਹਰ ਇਕ ਵਿਚ 1,00,000 ਤੋਂ ਜ਼ਿਆਦਾ ਸਰਗਰਮ ਗਵਾਹ ਹਨ। ਇਨ੍ਹਾਂ ਵਿੱਚੋਂ ਕਈ ਦੇਸ਼ਾਂ ਵਿਚ ਕੈਥੋਲਿਕ ਗਿਰਜੇ ਦਾ ਰਾਜ ਚੱਲਦਾ ਹੈ। ਫਿਰ ਵੀ, ਸਥਿਤੀ ਵੱਲ ਧਿਆਨ ਦਿਓ। ਬ੍ਰਾਜ਼ੀਲ ਵਿਚ ਖ਼ੁਸ਼ ਖ਼ਬਰੀ ਦੇ ਕੁਝ 4,50,000 ਪ੍ਰਕਾਸ਼ਕ ਹਨ, ਅਤੇ 1997 ਵਿਚ ਮਸੀਹ ਦੀ ਮੌਤ ਦੇ ਸਮਾਰਕ ਵਿਚ 12,00,000 ਹਾਜ਼ਰ ਹੋਏ ਸਨ। ਮੈਕਸੀਕੋ ਇਕ ਹੋਰ ਉਦਾਹਰਣ ਹੈ, ਜਿੱਥੇ ਲਗਭਗ 5,00,000 ਗਵਾਹ ਹਨ ਅਤੇ ਸਮਾਰਕ ਸਮਾਰੋਹ ਵਿਚ 16,00,000 ਤੋਂ ਜ਼ਿਆਦਾ ਲੋਕ ਮੌਜੂਦ ਸਨ। ਦੂਸਰੇ ਕੈਥੋਲਿਕ ਦੇਸ਼ ਇਟਲੀ (ਕੁਝ 2,25,000 ਗਵਾਹ), ਫਰਾਂਸ (ਲਗਭਗ 1,25,000), ਸਪੇਨ (1,05,000 ਤੋਂ ਜ਼ਿਆਦਾ), ਅਤੇ ਅਰਜਨਟੀਨਾ (1,15,000 ਤੋਂ ਜ਼ਿਆਦਾ) ਹਨ। ਸੰਯੁਕਤ ਰਾਜ ਅਮਰੀਕਾ ਵਿਚ, ਜਿੱਥੇ ਪ੍ਰੋਟੈਸਟੈਂਟ, ਕੈਥੋਲਿਕ ਅਤੇ ਯਹੂਦੀ ਧਰਮ ਪ੍ਰਮੁੱਖ ਹਨ, ਕੁਝ 9,75,000 ਗਵਾਹ ਹਨ ਅਤੇ 20,00,000 ਤੋਂ ਜ਼ਿਆਦਾ ਲੋਕ ਸਮਾਰਕ ਵਿਚ ਹਾਜ਼ਰ ਹੋਏ ਸਨ। ਬਿਨਾਂ ਸ਼ੱਕ, ਵੱਡੀਆਂ ਭੀੜਾਂ ਵੱਡੀ ਬਾਬੁਲ, ਅਰਥਾਤ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਵਿੱਚੋਂ ਨਿਕਲ ਰਹੀਆਂ ਹਨ, ਅਤੇ ਉਸ ਦੀਆਂ ਰਹੱਸਮਈ ਸਿੱਖਿਆਵਾਂ ਨੂੰ ਛੱਡ ਕੇ ਪਰਮੇਸ਼ੁਰ ਦੇ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਦੇ ਸਾਧਾਰਣ ਅਤੇ ਪੱਕੇ ਵਾਅਦਿਆਂ ਵੱਲ ਮੁੜ ਰਹੀਆਂ ਹਨ।—2 ਪਤਰਸ 3:13; ਯਸਾਯਾਹ 2:3, 4; 65:17; ਪਰਕਾਸ਼ ਦੀ ਪੋਥੀ 18:4, 5; 21:1-4.
ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਬਦਲਣਾ
10. ਕੁਝ ਖੇਤਰਾਂ ਵਿਚ ਹਾਲਾਤ ਕਿਵੇਂ ਬਦਲ ਗਏ ਹਨ?
10 ਉਨ੍ਹਾਂ ਵਿੱਚੋਂ ਅਨੇਕ ਲੋਕ ਜੋ ਮਸੀਹ ਯਿਸੂ ਦੁਆਰਾ ਯਹੋਵਾਹ ਵੱਲ ਮੁੜੇ ਹਨ ਘਰ-ਘਰ ਦੇ ਪ੍ਰਚਾਰ ਕੰਮ ਵਿਚ ਮਿਲੇ ਸਨ। (ਯੂਹੰਨਾ 3:16; ਰਸੂਲਾਂ ਦੇ ਕਰਤੱਬ 20:20) ਲੇਕਿਨ ਦੂਸਰੇ ਤਰੀਕੇ ਵੀ ਇਸਤੇਮਾਲ ਕੀਤੇ ਗਏ ਹਨ। ਹਾਲਾਤ ਬਦਲ ਗਏ ਹਨ, ਅਤੇ ਆਰਥਿਕ ਹਾਲਾਤ ਅਜਿਹੇ ਹਨ ਕਿ ਕਈ ਔਰਤਾਂ ਹੁਣ ਘਰ ਤੋਂ ਬਾਹਰ ਕੰਮ ਕਰਦੀਆਂ ਹਨ। ਅਕਸਰ, ਹਫ਼ਤੇ ਦੇ ਦੌਰਾਨ ਬਹੁਤ ਘੱਟ ਲੋਕ ਘਰ ਮਿਲਦੇ ਹਨ। ਇਸ ਲਈ, ਯਹੋਵਾਹ ਦੇ ਗਵਾਹ ਇਸ ਸਥਿਤੀ ਅਨੁਸਾਰ ਬਦਲੇ ਹਨ। ਯਿਸੂ ਅਤੇ ਮੁਢਲੇ ਚੇਲਿਆਂ ਵਾਂਗ ਉਹ ਉੱਥੇ ਅਤੇ ਉਦੋਂ ਜਾਂਦੇ ਹਨ ਜਿੱਥੇ ਅਤੇ ਜਦੋਂ ਲੋਕ ਮਿਲਦੇ ਹਨ।—ਮੱਤੀ 5:1, 2; 9:35; ਮਰਕੁਸ 6:34; 10:1; ਰਸੂਲਾਂ ਦੇ ਕਰਤੱਬ 2:14; 17:16, 17.
11. ਯਹੋਵਾਹ ਦੇ ਗਵਾਹ ਅੱਜ ਕਿੱਥੇ ਪ੍ਰਚਾਰ ਕਰ ਰਹੇ ਹਨ ਅਤੇ ਇਸ ਦਾ ਕੀ ਨਤੀਜਾ ਹੋਇਆ ਹੈ?
11 ਗਵਾਹ ਵੱਡੀਆਂ ਪਾਰਕਿੰਗ ਥਾਵਾਂ, ਸ਼ਾਪਿੰਗ ਸੈਂਟਰਾਂ, ਕਾਰਖ਼ਾਨਿਆਂ, ਦਫ਼ਤਰਾਂ ਅਤੇ ਵਪਾਰ ਖੇਤਰਾਂ, ਸਕੂਲਾਂ, ਪੁਲਸ ਸਟੇਸ਼ਨਾਂ, ਪੈਟਰੋਲ ਪੰਪਾਂ, ਹੋਟਲਾਂ ਅਤੇ ਰੈਸਤੋਰਾਂ, ਅਤੇ ਸੜਕਾਂ ਤੇ ਸਿਆਣਪ ਨਾਲ ਲੋਕਾਂ ਨੂੰ ਪ੍ਰਚਾਰ ਕਰਨ ਵਿਚ ਪਹਿਲ ਕਰ ਰਹੇ ਹਨ। ਦਰਅਸਲ, ਜਿੱਥੇ ਕਿਤੇ ਵੀ ਲੋਕ ਮਿਲਦੇ ਹਨ ਉਹ ਉੱਥੇ ਪ੍ਰਚਾਰ ਕਰਦੇ ਹਨ। ਅਤੇ ਜਦੋਂ ਲੋਕ ਘਰ ਹੁੰਦੇ ਹਨ, ਤਾਂ ਗਵਾਹ ਉੱਥੇ ਉਨ੍ਹਾਂ ਨਾਲ ਮੁਲਾਕਾਤਾਂ ਕਰਨੀਆਂ ਜਾਰੀ ਰੱਖਦੇ ਹਨ। ਇਸ ਬਦਲਵੇਂ ਅਤੇ ਵਿਹਾਰਕ ਪਹੁੰਚ ਦੇ ਨਤੀਜੇ ਵਜੋਂ ਬਾਈਬਲ ਸਾਹਿੱਤ ਦੀ ਵੰਡਾਈ ਵਿਚ ਵਾਧਾ ਹੋਇਆ ਹੈ। ਭੇਡ-ਸਮਾਨ ਵਿਅਕਤੀ ਲੱਭੇ ਜਾ ਰਹੇ ਹਨ। ਨਵੇਂ ਬਾਈਬਲ ਅਧਿਐਨ ਸ਼ੁਰੂ ਕੀਤੇ ਜਾ ਰਹੇ ਹਨ। ਪਚਵੰਜਾ ਲੱਖ ਤੋਂ ਜ਼ਿਆਦਾ ਸਵੈ-ਇਛੁੱਕ ਸੇਵਕਾਂ ਦੁਆਰਾ ਮਾਨਵ ਇਤਿਹਾਸ ਦਾ ਸਭ ਤੋਂ ਵੱਡਾ ਸਿੱਖਿਅਕ ਕੰਮ ਜੋਸ਼ ਨਾਲ ਕੀਤਾ ਜਾ ਰਿਹਾ ਹੈ! ਕੀ ਤੁਹਾਨੂੰ ਉਨ੍ਹਾਂ ਵਿੱਚੋਂ ਇਕ ਹੋਣ ਦਾ ਵਿਸ਼ੇਸ਼-ਸਨਮਾਨ ਪ੍ਰਾਪਤ ਹੈ?—2 ਕੁਰਿੰਥੀਆਂ 2:14-17; 3:5, 6.
ਯਹੋਵਾਹ ਦੇ ਗਵਾਹਾਂ ਨੂੰ ਕਿਹੜੀ ਚੀਜ਼ ਪ੍ਰੇਰਿਤ ਕਰਦੀ ਹੈ?
12. (ੳ) ਯਹੋਵਾਹ ਆਪਣੇ ਲੋਕਾਂ ਨੂੰ ਕਿਵੇਂ ਸਿਖਾ ਰਿਹਾ ਹੈ? (ਅ) ਇਸ ਸਿੱਖਿਆ ਦਾ ਕੀ ਪ੍ਰਭਾਵ ਪੈਂਦਾ ਹੈ?
12 ਇਸ ਵਿਚ ਪਰਮੇਸ਼ੁਰ ਦੇ ਸਵਰਗੀ ਸੰਗਠਨ ਦੀ ਕੀ ਭੂਮਿਕਾ ਹੈ? ਯਸਾਯਾਹ ਨੇ ਭਵਿੱਖਬਾਣੀ ਕੀਤੀ: “ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ।” (ਯਸਾਯਾਹ 54:13) ਧਰਤੀ ਉੱਤੇ ਆਪਣੇ ਦ੍ਰਿਸ਼ਟ ਸੰਗਠਨ ਦੁਆਰਾ ਯਹੋਵਾਹ ਰਾਜ ਗ੍ਰਹਿਆਂ ਵਿਚ, ਮਹਾਂ-ਸੰਮੇਲਨਾਂ, ਅਤੇ ਸੰਮੇਲਨਾਂ ਵਿਚ, ਇਸ ਵਿਸ਼ਵ-ਵਿਆਪੀ ਸੰਯੁਕਤ ਭਾਈਚਾਰੇ ਨੂੰ ਸਿਖਾ ਰਿਹਾ ਹੈ। ਇਸ ਦਾ ਨਤੀਜਾ ਏਕਤਾ ਅਤੇ ਸ਼ਾਂਤੀ ਹੈ। ਯਹੋਵਾਹ ਦੀ ਸਿੱਖਿਆ ਨੇ ਨਿਰਾਲੇ ਲੋਕ ਉਤਪੰਨ ਕੀਤੇ ਹਨ, ਜੋ ਇਸ ਵਿਭਾਜਿਤ ਅਤੇ ਅਸੰਯੁਕਤ ਸੰਸਾਰ ਵਿਚ ਚਾਹੇ ਕਿਤੇ ਵੀ ਹੋਣ, ਉਹ ਨਫ਼ਰਤ ਕਰਨ ਦੀ ਬਜਾਇ ਇਕ ਦੂਜੇ ਨਾਲ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨ ਲਈ ਸਿਖਾਏ ਗਏ ਹਨ।—ਮੱਤੀ 22:36-40.
13. ਅਸੀਂ ਕਿਵੇਂ ਨਿਸ਼ਚਿਤ ਹੋ ਸਕਦੇ ਹਾਂ ਕਿ ਪ੍ਰਚਾਰ ਕੰਮ ਦੂਤਮਈ ਨਿਰਦੇਸ਼ਨ ਅਧੀਨ ਹੋ ਰਿਹਾ ਹੈ?
13 ਉਦਾਸੀਨਤਾ ਅਤੇ ਸਤਾਹਟ ਦੇ ਬਾਵਜੂਦ, ਪ੍ਰੇਮ ਯਹੋਵਾਹ ਦੇ ਗਵਾਹਾਂ ਨੂੰ ਪ੍ਰਚਾਰ ਕਰਨ ਲਈ ਪ੍ਰੇਰਿਤ ਕਰਦਾ ਹੈ। (1 ਕੁਰਿੰਥੀਆਂ 13:1-8) ਉਹ ਜਾਣਦੇ ਹਨ ਕਿ ਉਨ੍ਹਾਂ ਦਾ ਜਾਨ-ਬਚਾਊ ਕੰਮ ਸਵਰਗ ਤੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ, ਜਿਵੇਂ ਪਰਕਾਸ਼ ਦੀ ਪੋਥੀ 14:6 ਬਿਆਨ ਕਰਦੀ ਹੈ। ਉਹ ਸੰਦੇਸ਼ ਕੀ ਹੈ ਜੋ ਦੂਤਮਈ ਨਿਰਦੇਸ਼ਨ ਦੇ ਅਧੀਨ ਐਲਾਨ ਕੀਤਾ ਜਾ ਰਿਹਾ ਹੈ? “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ ਅਤੇ ਜਿਹ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਪਾਣੀਆਂ ਦੇ ਸੁੰਬਾਂ ਨੂੰ ਬਣਾਇਆ ਤੁਸੀਂ ਉਹ ਨੂੰ ਮੱਥਾ ਟੇਕੋ!” ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਯਹੋਵਾਹ ਦੇ ਨਾਂ ਨੂੰ ਉੱਚਾ ਕਰਦਾ ਹੈ। ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਉਹ ਜੀਵ-ਜੰਤੂਆਂ ਅਤੇ ਬੇਅਰਥ ਕ੍ਰਮ-ਵਿਕਾਸ ਦੀ ਬਜਾਇ ਸ੍ਰਿਸ਼ਟੀਕਰਤਾ, ਪਰਮੇਸ਼ੁਰ ਦੀ ਵਡਿਆਈ ਕਰਨ। ਇਹ ਪ੍ਰਚਾਰ ਕੰਮ ਇੰਨਾ ਅਤਿ-ਆਵੱਸ਼ਕ ਕਿਉਂ ਹੈ? ਕਿਉਂਕਿ ਨਿਆਉਂ ਦਾ ਸਮਾਂ ਆ ਪੁੱਜਾ ਹੈ—ਵੱਡੀ ਬਾਬੁਲ ਦੇ ਵਿਰੁੱਧ ਅਤੇ ਸ਼ਤਾਨ ਦੀ ਦ੍ਰਿਸ਼ਟ ਰੀਤੀ-ਵਿਵਸਥਾ ਦੇ ਦੂਸਰੇ ਸਾਰੇ ਹਿੱਸਿਆਂ ਵਿਰੁੱਧ ਨਿਆਉਂ।—ਪਰਕਾਸ਼ ਦੀ ਪੋਥੀ 14:7; 18:8-10.
14. ਇਸ ਵੱਡੀ ਸਿੱਖਿਆ ਮੁਹਿੰਮ ਵਿਚ ਕੌਣ ਸ਼ਾਮਲ ਹਨ?
14 ਕੋਈ ਵੀ ਸਮਰਪਿਤ ਮਸੀਹੀ ਇਸ ਪ੍ਰਚਾਰ ਕੰਮ ਤੋਂ ਮੁਕਤ ਨਹੀਂ ਹੈ। ਅਧਿਆਤਮਿਕ ਤੌਰ ਤੇ ਤਕੜੇ ਬਜ਼ੁਰਗ ਕਲੀਸਿਯਾ ਦੇ ਨਾਲ ਪ੍ਰਚਾਰ ਕਰਨ ਵਿਚ ਅਗਵਾਈ ਕਰਦੇ ਹਨ। ਸਿੱਖਿਅਤ ਪਾਇਨੀਅਰ ਇਸ ਕੰਮ ਵਿਚ ਪੂਰੀ ਤਰ੍ਹਾਂ ਰੁੱਝੇ ਹੋਏ ਹਨ। ਰਾਜ ਸੰਦੇਸ਼ ਦੇ ਜੋਸ਼ੀਲੇ ਪ੍ਰਕਾਸ਼ਕ, ਚਾਹੇ ਮਹੀਨੇ ਵਿਚ ਥੋੜ੍ਹੇ ਜਾਂ ਬਹੁਤ ਘੰਟੇ ਪ੍ਰਚਾਰ ਕਰ ਸਕਣ, ਪਰ ਇਸ ਸੰਦੇਸ਼ ਨੂੰ ਧਰਤੀ ਦੇ ਕੋਣੇ-ਕੋਣੇ ਤਕ ਫੈਲਾ ਰਹੇ ਹਨ।—ਮੱਤੀ 28:19, 20; ਇਬਰਾਨੀਆਂ 13:7, 17.
15. ਇਕ ਸਬੂਤ ਕੀ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਨੇ ਸੰਸਾਰ ਉੱਤੇ ਅਸਰ ਪਾਇਆ ਹੈ?
15 ਕੀ ਇਸ ਸਾਰੀ ਮਿਹਨਤ ਨੇ ਸੰਸਾਰ ਉੱਤੇ ਅਸਰ ਪਾਇਆ ਹੈ? ਹਾਂ, ਅਤੇ ਇਸ ਦਾ ਇਕ ਸਾਧਾਰਣ ਸਬੂਤ ਇਹ ਹੈ ਕਿ ਯਹੋਵਾਹ ਦੇ ਗਵਾਹਾਂ ਦਾ ਟੀ. ਵੀ. ਪ੍ਰੋਗ੍ਰਾਮਾਂ ਅਤੇ ਅਖ਼ਬਾਰਾਂ ਵਿਚ ਬਹੁਤ ਵਾਰ ਜ਼ਿਕਰ ਕੀਤਾ ਜਾਂਦਾ ਹੈ। ਇਹ ਅਕਸਰ ਸਾਰਿਆਂ ਤਕ ਪਹੁੰਚਣ ਦੇ ਸਾਡੇ ਜਤਨਾਂ ਨੂੰ ਅਤੇ ਸਾਡੇ ਪੱਕੇ ਇਰਾਦੇ ਨੂੰ ਦਰਸਾਉਂਦੇ ਹਨ। ਸੱਚ-ਮੁੱਚ ਹੀ, ਸਾਡਾ ਜੋਸ਼ ਅਤੇ ਸਥਿਰ ਮੌਜੂਦਗੀ ਗਹਿਰਾ ਪ੍ਰਭਾਵ ਪਾਉਂਦੇ ਹਨ ਭਾਵੇਂ ਕਿ ਬਹੁਤ ਸਾਰੇ ਲੋਕ ਸੰਦੇਸ਼ ਅਤੇ ਸੰਦੇਸ਼ਵਾਹਕਾਂ ਨੂੰ ਰੱਦ ਕਰਦੇ ਹਨ!
ਗਵਾਹੀ-ਕਾਰਜ ਪੂਰਾ ਕਰਨ ਲਈ ਸਾਡਾ ਜੋਸ਼
16. ਹੁਣ ਇਸ ਬਾਕੀ ਦੇ ਸੀਮਿਤ ਸਮੇਂ ਵਿਚ ਸਾਨੂੰ ਕਿਹੜਾ ਰਵੱਈਆ ਦਿਖਾਉਣਾ ਚਾਹੀਦਾ ਹੈ?
16 ਸਾਨੂੰ ਇਹ ਨਹੀਂ ਪਤਾ ਕਿ ਇਸ ਰੀਤੀ-ਵਿਵਸਥਾ ਦਾ ਕਿੰਨਾ-ਕੁ ਸਮਾਂ ਹੋਰ ਰਹਿੰਦਾ ਹੈ, ਨਾ ਹੀ ਸਾਨੂੰ ਇਹ ਜਾਣਨ ਦੀ ਕੋਈ ਲੋੜ ਹੈ ਜਿੰਨਾ ਚਿਰ ਯਹੋਵਾਹ ਦੀ ਸੇਵਾ ਕਰਨ ਦਾ ਸਾਡਾ ਮਨੋਰਥ ਸ਼ੁੱਧ ਹੈ। (ਮੱਤੀ 24:36; 1 ਕੁਰਿੰਥੀਆਂ 13:1-3) ਲੇਕਿਨ ਸਾਨੂੰ ਇਹ ਪਤਾ ਹੈ ਕਿ, ਯਹੋਵਾਹ ਦੇ ਪ੍ਰੇਮ, ਸ਼ਕਤੀ ਅਤੇ ਨਿਆਉਂ ਨੂੰ ਪ੍ਰਗਟ ਹੋਣ ਲਈ “ਪਹਿਲਾਂ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਜ਼ਰੂਰੀ ਹੈ। (ਮਰਕੁਸ 13:10) ਇਸ ਲਈ, ਭਾਵੇਂ ਅਸੀਂ ਜਿੰਨੇ ਮਰਜ਼ੀ ਸਾਲਾਂ ਤੋਂ ਇਸ ਦੁਸ਼ਟ, ਬੇਈਮਾਨ ਅਤੇ ਹਿੰਸਕ ਸੰਸਾਰ ਦੇ ਅੰਤ ਦੀ ਬੇਚੈਨੀ ਨਾਲ ਉਡੀਕ ਕੀਤੀ ਹੋਵੇ, ਸਾਨੂੰ ਆਪਣੀਆਂ ਹਾਲਤਾਂ ਮੁਤਾਬਕ ਆਪਣੇ ਸਮਰਪਣ ਦੇ ਅਨੁਸਾਰ ਜੋਸ਼ ਨਾਲ ਜੀਉਣਾ ਚਾਹੀਦਾ ਹੈ। ਅਸੀਂ ਸ਼ਾਇਦ ਵੱਡੀ ਉਮਰ ਦੇ ਜਾਂ ਬੀਮਾਰ ਹੋਈਏ, ਲੇਕਿਨ ਫਿਰ ਵੀ ਅਸੀਂ ਯਹੋਵਾਹ ਦੀ ਸੇਵਾ ਉਸ ਜੋਸ਼ ਨਾਲ ਕਰ ਸਕਦੇ ਹਾਂ ਜੋ ਸਾਡੇ ਵਿਚ ਉਦੋਂ ਸੀ ਜਦੋਂ ਅਸੀਂ ਜਵਾਨ ਜਾਂ ਤੰਦਰੁਸਤ ਸੀ। ਅਸੀਂ ਸ਼ਾਇਦ ਹੁਣ ਉੱਨਾ ਸਮਾਂ ਸੇਵਕਾਈ ਵਿਚ ਨਹੀਂ ਗੁਜ਼ਾਰ ਸਕਦੇ ਜਿਨ੍ਹਾਂ ਅਸੀਂ ਅੱਗੇ ਗੁਜ਼ਾਰਦੇ ਸੀ, ਲੇਕਿਨ ਅਸੀਂ ਯਹੋਵਾਹ ਨੂੰ ਆਪਣੇ ਉਸਤਤ ਦੇ ਬਲੀਦਾਨ ਦੇ ਗੁਣ ਨੂੰ ਜ਼ਰੂਰ ਕਾਇਮ ਰੱਖ ਸਕਦੇ ਹਾਂ।—ਇਬਰਾਨੀਆਂ 13:15.
17. ਇਕ ਉਤਸ਼ਾਹਜਨਕ ਅਨੁਭਵ ਦੱਸੋ ਜੋ ਸ਼ਾਇਦ ਸਾਡੀ ਸਾਰਿਆਂ ਦੀ ਮਦਦ ਕਰ ਸਕੇ।
17 ਇਸ ਲਈ, ਚਾਹੇ ਜਵਾਨ ਹੋਈਏ ਜਾਂ ਬੁੱਢੇ, ਆਓ ਅਸੀਂ ਜੋਸ਼ ਦਿਖਾਈਏ ਅਤੇ ਆਪਣੇ ਨਵੇਂ ਸੰਸਾਰ ਦਾ ਵਧੀਆ ਸੰਦੇਸ਼ ਉਨ੍ਹਾਂ ਨੂੰ ਦੇਈਏ ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ। ਆਓ ਅਸੀਂ ਆਸਟ੍ਰੇਲੀਆ ਵਿਚ ਉਸ ਸੱਤ ਸਾਲ ਦੀ ਸ਼ਰਮਾਕਲ ਕੁੜੀ ਵਰਗੇ ਹੋਈਏ ਜੋ ਆਪਣੀ ਮਾਂ ਨਾਲ ਦੁਕਾਨ ਤੇ ਗਈ। ਉਸ ਨੇ ਰਾਜ ਗ੍ਰਹਿ ਵਿਚ ਸੁਣਿਆ ਸੀ ਕਿ ਸਾਰਿਆਂ ਲਈ ਪ੍ਰਚਾਰ ਕਰਨਾ ਕਿੰਨਾ ਮਹੱਤਵਪੂਰਣ ਹੈ, ਇਸ ਲਈ ਉਸ ਨੇ ਆਪਣੇ ਬਸਤੇ ਵਿਚ ਬਾਈਬਲ-ਆਧਾਰਿਤ ਦੋ ਵੱਡੀਆਂ ਪੁਸਤਿਕਾਵਾਂ ਪਾਈਆਂ। ਜਦ ਉਸ ਦੀ ਮਾਂ ਕਾਊਂਟਰ ਤੇ ਰੁੱਝੀ ਹੋਈ ਸੀ, ਤਾਂ ਨਿੱਕੀ ਕੁੜੀ ਅੱਖੋਂ ਓਹਲੇ ਹੋ ਗਈ। ਜਦੋਂ ਉਸ ਦੀ ਮਾਂ ਨੇ ਉਸ ਦੀ ਤਲਾਸ਼ ਕੀਤੀ, ਤਾਂ ਉਹ ਇਕ ਔਰਤ ਨੂੰ ਵੱਡੀ ਪੁਸਤਿਕਾ ਪੇਸ਼ ਕਰ ਰਹੀ ਸੀ! ਆਪਣੀ ਧੀ ਵੱਲੋਂ ਕਿਸੇ ਵੀ ਪਰੇਸ਼ਾਨੀ ਦੀ ਮਾਫ਼ੀ ਮੰਗਣ ਲਈ ਮਾਂ ਉਨ੍ਹਾਂ ਕੋਲ ਗਈ। ਲੇਕਿਨ ਉਸ ਔਰਤ ਨੇ ਦਿਆਲਤਾ ਨਾਲ ਵੱਡੀ ਪੁਸਤਿਕਾ ਸਵੀਕਾਰ ਕਰ ਲਈ ਸੀ। ਜਦੋਂ ਮਾਂ ਬਾਅਦ ਵਿਚ ਆਪਣੀ ਧੀ ਨਾਲ ਇਕੱਲੀ ਸੀ, ਤਾਂ ਉਸ ਨੇ ਉਸ ਨੂੰ ਪੁੱਛਿਆ ਕਿ ਇਕ ਅਜਨਬੀ ਨਾਲ ਗੱਲ ਕਰਨ ਦੀ ਉਸ ਨੂੰ ਹਿੰਮਤ ਕਿੱਥੋਂ ਮਿਲੀ। ਕੁੜੀ ਨੇ ਜਵਾਬ ਦਿੱਤਾ: “ਮੈਂ ਕਿਹਾ, ਇਕ, ਦੋ, ਤਿੰਨ, ਚੱਲ! ਤੇ ਮੈਂ ਚੱਲ ਪਈ!”
18. ਅਸੀਂ ਇਕ ਵਧੀਆ ਆਤਮਾ ਕਿਵੇਂ ਦਿਖਾ ਸਕਦੇ ਹਾਂ?
18 ਸਾਨੂੰ ਸਾਰਿਆਂ ਨੂੰ ਇਸ ਆਸਟ੍ਰੇਲੀਆਈ ਕੁੜੀ ਵਰਗੀ ਆਤਮਾ ਦਿਖਾਉਣ ਦੀ ਲੋੜ ਹੈ, ਖ਼ਾਸ ਕਰਕੇ ਅਜਨਬੀਆਂ ਅਤੇ ਅਧਿਕਾਰੀਆਂ ਨੂੰ ਖ਼ੁਸ਼ ਖ਼ਬਰੀ ਪੇਸ਼ ਕਰਨ ਵੇਲੇ। ਅਸੀਂ ਸ਼ਾਇਦ ਰੱਦ ਕੀਤੇ ਜਾਣ ਤੋਂ ਡਰਦੇ ਹਾਂ। ਆਓ ਅਸੀਂ ਯਿਸੂ ਦੇ ਕਹੇ ਹੋਏ ਸ਼ਬਦਾਂ ਨੂੰ ਨਾ ਭੁੱਲੀਏ: “ਚਿੰਤਾ ਨਾ ਕਰੋ ਜੋ ਅਸੀਂ ਕਿੱਕੁਰ ਯਾ ਕੀ ਉੱਤਰ ਦੇਈਏ ਯਾ ਕੀ ਆਖੀਏ? ਕਿਉਂਕਿ ਪਵਿੱਤ੍ਰ ਆਤਮਾ ਉਸੇ ਘੜੀ ਤੁਹਾਨੂੰ ਸਿਖਾਲੇਗਾ ਭਈ ਕੀ ਕਹਿਣਾ ਚਾਹੀਦਾ ਹੈ।”—ਲੂਕਾ 12:11, 12.
19. ਤੁਸੀਂ ਆਪਣੀ ਸੇਵਕਾਈ ਨੂੰ ਕਿਵੇਂ ਵਿਚਾਰਦੇ ਹੋ?
19 ਤਾਂ ਫਿਰ ਜਦੋਂ ਤੁਸੀਂ ਲੋਕਾਂ ਨਾਲ ਦਿਆਲੂ ਤਰੀਕੇ ਨਾਲ ਖ਼ੁਸ਼ ਖ਼ਬਰੀ ਬਾਰੇ ਗੱਲ-ਬਾਤ ਕਰਦੇ ਹੋ, ਤਾਂ ਪਰਮੇਸ਼ੁਰ ਦੀ ਆਤਮਾ ਦੀ ਮਦਦ ਉੱਤੇ ਭਰੋਸਾ ਰੱਖੋ। ਲੱਖਾਂ ਹੀ ਲੋਕ ਆਪਣਾ ਭਰੋਸਾ ਅਕਸਰ ਅਯੋਗ ਆਦਮੀਆਂ ਅਤੇ ਔਰਤਾਂ ਉੱਤੇ ਰੱਖਦੇ ਹਨ ਜੋ ਅੱਜ ਜੀਉਂਦੇ ਜਾਗਦੇ ਹਨ ਪਰ ਭਲਕੇ ਮਰ ਜਾਂਦੇ ਹਨ। ਅਸੀਂ ਯਹੋਵਾਹ ਅਤੇ ਉਸ ਦੇ ਸਵਰਗੀ ਸੰਗਠਨ—ਯਿਸੂ ਮਸੀਹ, ਪਵਿੱਤਰ ਦੂਤਾਂ, ਪੁਨਰ-ਉਥਿਤ ਮਸਹ ਕੀਤੇ ਗਏ ਮਸੀਹੀਆਂ—ਉੱਤੇ ਭਰੋਸਾ ਰੱਖਦੇ ਹਾਂ ਜੋ ਸਦਾ ਲਈ ਜੀਉਂਦੇ ਹਨ! ਇਸ ਲਈ, ਯਾਦ ਰੱਖੋ: “ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ”!—2 ਰਾਜਿਆਂ 6:16.
[ਫੁਟਨੋਟ]
a ਹੋਰ ਉਦਾਹਰਣਾਂ ਲਈ, 1994 ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ (ਅੰਗ੍ਰੇਜ਼ੀ), ਸਫ਼ੇ 217-20 ਦੇਖੋ।
ਤੁਸੀਂ ਕੀ ਜਵਾਬ ਦਿਓਗੇ?
◻ ਯਹੋਵਾਹ ਦੇ ਲੋਕਾਂ ਦੇ ਬਚਾਉ ਵਿਚ ਪਰਮੇਸ਼ੁਰ ਦੇ ਸਵਰਗੀ ਸੰਗਠਨ ਨੇ ਕਿਹੜੀ ਭੂਮਿਕਾ ਨਿਭਾਈ ਹੈ?
◻ ਇਸ 20ਵੀਂ ਸਦੀ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਕਿਹੜੀਆਂ ਰਾਜਨੀਤਿਕ ਅਤੇ ਧਾਰਮਿਕ ਸ਼ਕਤੀਆਂ ਨੇ ਹਮਲਾ ਕੀਤਾ ਹੈ?
◻ ਯਹੋਵਾਹ ਦੇ ਗਵਾਹਾਂ ਨੇ ਸਮੇਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਆਪਣੀ ਸੇਵਕਾਈ ਕਿਵੇਂ ਬਦਲੀ ਹੈ?
◻ ਪ੍ਰਚਾਰ ਕਰਨ ਲਈ ਤੁਹਾਨੂੰ ਕੀ ਪ੍ਰੇਰਿਤ ਕਰਦਾ ਹੈ?
[ਸਫ਼ੇ 25 ਉੱਤੇ ਤਸਵੀਰ]
ਹੈਨਰੀਕਾ ਜ਼ੁਰ
[ਸਫ਼ੇ 26 ਉੱਤੇ ਤਸਵੀਰਾਂ]
ਜਪਾਨ
ਮਾਰਟਨੀਕ
ਸੰਯੁਕਤ ਰਾਜ ਅਮਰੀਕਾ
ਕੀਨੀਆ
ਸੰਯੁਕਤ ਰਾਜ ਅਮਰੀਕਾ
ਜਦੋਂ ਵੀ ਅਤੇ ਜਿੱਥੇ ਵੀ ਲੋਕ ਮਿਲਦੇ ਹਨ ਯਹੋਵਾਹ ਦੇ ਗਵਾਹ ਪ੍ਰਚਾਰ ਕਰਦੇ ਹਨ
[ਸਫ਼ੇ 28 ਉੱਤੇ ਤਸਵੀਰ]
ਇਸ ਸਦੀ ਦੇ ਮੁੱਢ ਵਿਚ ਰਾਜ ਸੰਦੇਸ਼ ਨੂੰ ਫੈਲਾਉਣ ਲਈ ਫੋਨੋਗ੍ਰਾਫ ਇਸਤੇਮਾਲ ਕੀਤੇ ਜਾਂਦੇ ਸਨ