ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਖ਼ੁਸ਼-ਖ਼ਬਰੀ ਦੀ ਘੋਸ਼ਣਾ ਕਰਨ ਤੋਂ ਨਾ ਰੁਕੋ
ਜਦੋਂ ਯੂਰਪੀ ਖੋਜੀਆਂ ਨੇ ਪਹਿਲੀ ਵਾਰ ਵੈਨੇਜ਼ੁਏਲਾ ਦੀ ਖਾੜੀ ਅਤੇ ਮਾਰਾਕਾਈਬੋ ਝੀਲ ਦੀ ਯਾਤਰਾ ਕੀਤੀ ਤਾਂ ਸਮੁੰਦਰ ਦੇ ਕੰਢੇ ਬਹੁਤ ਸਾਰੇ ਛੋਟੇ-ਛੋਟੇ ਛੱਪਰ ਸਨ, ਜਿਨ੍ਹਾਂ ਨੂੰ ਬਾਂਸ ਦੇ ਸਹਾਰੇ ਘੱਟ ਡੂੰਘੇ ਪਾਣੀਆਂ ਉੱਤੇ ਬਣਾਇਆ ਗਿਆ ਸੀ। ਇਹ ਦ੍ਰਿਸ਼ ਇਟਲੀ ਦੇ ਸ਼ਹਿਰ ਵੈਨਿਸ ਦੀ ਯਾਦ ਦਿਲਾਉਂਦਾ ਸੀ, ਜਿੱਥੇ ਲੋਕ ਪਾਣੀ ਦੇ ਕੰਢੇ ਉੱਤੇ ਆਪਣੇ ਘਰ ਬਣਾਉਂਦੇ ਹਨ। ਇਸ ਕਰਕੇ ਸਪੇਨੀ ਭਾਸ਼ਾ ਬੋਲਣ ਵਾਲੇ ਖੋਜੀਆਂ ਨੇ ਇਸ ਇਲਾਕੇ ਦਾ ਨਾਂ ਵੈਨੇਜ਼ੁਏਲਾ ਰੱਖ ਦਿੱਤਾ, ਜਿਸ ਦਾ ਅਰਥ ਹੈ, “ਛੋਟਾ ਵੈਨਿਸ।”
ਅੱਜ-ਕੱਲ੍ਹ, ਇਸ ਖੂਬਸੂਰਤ ਦੇਸ਼ ਵਿਚ ਇਕ ਦੂਸਰੇ ਪ੍ਰਕਾਰ ਦੀ ਉਸਾਰੀ ਦਾ ਕੰਮ, ਅਰਥਾਤ ਇਕ ਅਧਿਆਤਮਿਕ ਤਰ੍ਹਾਂ ਦੀ ਉਸਾਰੀ ਦਾ ਪ੍ਰੋਗ੍ਰਾਮ ਚੱਲ ਰਿਹਾ ਹੈ। ਇੱਥੇ ਯਹੋਵਾਹ ਦੇ ਗਵਾਹ ਹਰ ਢੁਕਵੇਂ ਮੌਕੇ ਤੇ ਰਾਜ ਦੇ ਬੀ ਬੀਜਣ ਵਿਚ ਰੁੱਝੇ ਹੋਏ ਹਨ। ਨਤੀਜੇ ਵਜੋਂ, ਅਧਿਆਤਮਿਕ ਫ਼ਸਲ ਇਕੱਠੀ ਕੀਤੀ ਜਾ ਰਹੀ ਹੈ ਜੋ ਕਿ “ਖੇਤੀ ਦੇ ਮਾਲਕ,” ਯਹੋਵਾਹ ਪਰਮੇਸ਼ੁਰ ਲਈ ਵੱਡੀ ਮਹਿਮਾ ਲਿਆ ਰਹੀ ਹੈ।—ਮੱਤੀ 9:37, 38.
ਜਦੋਂ ਇਕ ਸਰਕਟ ਨਿਗਾਹਬਾਨ ਵੈਨੇਜ਼ੁਏਲਾ ਦੇ ਉੱਤਰ-ਪੱਛਮੀ ਸੂਲਿਯਾ ਰਾਜ ਦੀ ਇਕ ਕਲੀਸਿਯਾ ਵਿਚ ਗਿਆ, ਤਦ ਉੱਥੇ ਦੇ ਗਵਾਹਾਂ ਨੇ ਉਸ ਨਾਲ ਅਤੇ ਉਸ ਦੀ ਪਤਨੀ ਨਾਲ ਟੋਆਸ ਨਾਮਕ ਨੇੜੇ ਦੇ ਛੋਟੇ ਜਿਹੇ ਟਾਪੂ ਤੇ ਜਾਣ ਦਾ ਪ੍ਰਬੰਧ ਕੀਤਾ। ਜਦੋਂ ਉਹ ਸਵੇਰੇ-ਸਵੇਰੇ ਟਾਪੂ ਤੇ ਜਾਣ ਲਈ ਕਤਾਰ ਵਿਚ ਬੇੜੀ ਦੀ ਉਡੀਕ ਕਰ ਰਹੇ ਸਨ, ਤਾਂ ਸਰਕਟ ਨਿਗਾਹਬਾਨ ਦੀ ਪਤਨੀ ਮੈਰੀ ਨੇ ਆਪਣੀ ਸਾਥਣ, ਇਕ ਪੂਰਣ-ਕਾਲੀ ਪਾਇਨੀਅਰ ਭੈਣ ਨੂੰ ਕਿਹਾ ਕਿ ਕਿਉਂ ਨਾ ਉਹ ਬੇੜੀ ਵਿਚ ਬੈਠੇ ਕੁਝ ਕਾਮਿਆਂ ਨਾਲ ਗੱਲ-ਬਾਤ ਕਰਨ। ਪਾਇਨੀਅਰ ਭੈਣ ਸਹਿਮਤ ਹੋ ਗਈ।
ਇਕ ਮਕੈਨਿਕ ਨਾਲ ਗੱਲ-ਬਾਤ ਕਰਦੇ ਹੋਏ ਮੈਰੀ ਨੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਪੇਸ਼ ਕੀਤੀ। ਉਸ ਨੇ ਪੁਸਤਕ ਵਿੱਚੋਂ ਉਸ ਨੂੰ “ਇਕ ਅਜਿਹਾ ਪਰਿਵਾਰ ਬਣਾਉਣਾ ਜੋ ਪਰਮੇਸ਼ੁਰ ਦੀ ਵਡਿਆਈ ਕਰਦਾ ਹੈ” ਅਧਿਆਇ ਦਿਖਾਇਆ, ਜੋ ਉਸ ਨੂੰ ਦਿਲਚਸਪ ਲੱਗਾ। ਤਦ ਮੈਰੀ ਨੇ ਉਸ ਨੂੰ ਦੱਸਿਆ ਕਿ ਇਸ ਪ੍ਰਕਾਸ਼ਨ ਦੀ ਸਹਾਇਤਾ ਨਾਲ, ਉਹ ਆਪਣੇ ਘਰ ਵਿਚ ਹੀ ਬਾਈਬਲ ਅਧਿਐਨ ਕਰ ਸਕਦਾ ਹੈ। ਉਸ ਨੇ ਪੁਸਤਕ ਲੈ ਲਈ, ਅਤੇ ਉਸ ਦੇ ਘਰ ਵਿਚ ਉਸ ਨਾਲ ਮੁਲਾਕਾਤ ਕਰਨ ਦੇ ਪ੍ਰਬੰਧ ਕੀਤੇ ਗਏ।
ਥੋੜ੍ਹੇ ਸਮੇਂ ਬਾਅਦ, ਉਸ ਇਲਾਕੇ ਵਿਚ ਇਕ-ਦਿਨਾਂ ਵਿਸ਼ੇਸ਼ ਸੰਮੇਲਨ ਹੋਇਆ। ਮੈਰੀ ਉੱਥੇ ਉਸ ਮਕੈਨਿਕ, ਸ਼੍ਰੀਮਾਨ ਨਾਵਾ, ਨੂੰ ਉਸ ਦੀ ਪਤਨੀ, ਅਤੇ ਦੋ ਜਵਾਨ ਕੁੜੀਆਂ ਨਾਲ ਵੇਖ ਕੇ ਕਿੰਨੀ ਹੈਰਾਨ ਹੋਈ! ਮੈਰੀ ਨੇ ਉਸ ਦੀ ਪਤਨੀ ਕੋਲੋਂ ਪੁੱਛਿਆ ਕਿ ਉਹ ਆਪਣੇ ਪਰਿਵਾਰਕ ਬਾਈਬਲ ਅਧਿਐਨ ਬਾਰੇ ਕੀ ਸੋਚਦੀ ਹੈ। ਉਸ ਦਾ ਜਵਾਬ ਬਹੁਤ ਹੈਰਾਨ ਕਰਨ ਵਾਲਾ ਸੀ।
ਉਸ ਨੇ ਕਿਹਾ: “ਮੈਂ ਯਹੋਵਾਹ ਦਾ ਧੰਨਵਾਦ ਕਰਦੀ ਹਾਂ ਕਿ ਅਸੀਂ ਸੱਚਾਈ ਸਿੱਖੀ।” ਤਦ ਉਸ ਨੇ ਸਪੱਸ਼ਟ ਕੀਤਾ: “ਜਦੋਂ ਤੁਸੀਂ ਮੇਰੇ ਪਤੀ ਨਾਲ ਗੱਲ ਕੀਤੀ ਸੀ, ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਉਹ ਮੈਨੂੰ ਕਿਸੇ ਹੋਰ ਔਰਤ ਦੇ ਕਾਰਨ ਛੱਡ ਕੇ ਚਲਾ ਗਿਆ ਸੀ। ਉਹ ਬਹੁਤ ਜ਼ਿਆਦਾ ਸ਼ਰਾਬ ਵੀ ਪੀਂਦਾ ਸੀ। ਕਈ ਵਾਰੀ ਜਦੋਂ ਉਹ ਪੀਂਦਾ, ਤਾਂ ਉਹ ਗਾਲ਼ਾਂ ਕਢਦਾ ਸੀ, ਜਿਸ ਨੂੰ ਕਿ ਟਾਪੂ ਦੀ ਛੋਟੀ ਬਰਾਦਰੀ ਪਸੰਦ ਨਹੀਂ ਕਰਦੀ ਸੀ। ਉਹ ਜਾਦੂ-ਟੂਣਾ ਵੀ ਕਰਦਾ ਸੀ। ਪਰੰਤੂ, ਉਸ ਨੇ ਅਧਿਐਨ ਦੁਆਰਾ ਜੋ ਬਾਈਬਲ ਗਿਆਨ ਪ੍ਰਾਪਤ ਕੀਤਾ, ਇਸ ਨੇ ਉਸ ਦੀ ਮਦਦ ਕੀਤੀ ਕਿ ਉਹ ਆਪਣੇ ਜੀਵਨ ਵਿਚ ਵੱਡੀਆਂ ਤਬਦੀਲੀਆਂ ਕਰੇ। ਉਸ ਨੇ ਆਪਣੇ ਸਾਰੇ ਬੁਰੇ ਕੰਮ ਛੱਡ ਦਿੱਤੇ ਹਨ। ਉਸ ਦੇ ਕੈਥੋਲਿਕ ਮਾਤਾ-ਪਿਤਾ ਇਨ੍ਹਾਂ ਤਬਦੀਲੀਆਂ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ। ਉਹ ਖ਼ੁਸ਼ ਹਨ ਕਿ ਹੁਣ ਉਨ੍ਹਾਂ ਦਾ ਪੁੱਤਰ ਇਕ ਜ਼ਿੰਮੇਵਾਰ ਪਤੀ ਅਤੇ ਪਿਤਾ ਹੈ।”
ਸ਼੍ਰੀਮਾਨ ਨਾਵਾ ਨੇ 1996 ਵਿਚ ਬਪਤਿਸਮਾ ਲਿਆ ਅਤੇ ਹੁਣ ਉਹ ਇਕ ਪੂਰਣ-ਕਾਲੀ ਸੇਵਕ ਵਜੋਂ ਸੇਵਾ ਕਰ ਰਿਹਾ ਹੈ। ਉਸ ਦੀ ਪਤਨੀ, ਜੈਨੀ ਨੇ 1997 ਵਿਚ ਬਪਤਿਸਮਾ ਲਿਆ। ਉਸ ਕਸਬੇ ਦਾ ਮੇਅਰ ਬੇੜੀ ਦੇ ਇਸ ਮਕੈਨਿਕ ਵਿਚ ਆਈਆਂ ਤਬਦੀਲੀਆਂ ਨੂੰ ਦੇਖ ਕੇ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਵੀ ਬਾਈਬਲ ਅਧਿਐਨ ਕਰਨ ਦੀ ਮੰਗ ਕੀਤੀ। ਉਹ ਭੈਣਾਂ ਕਿੰਨੀਆਂ ਖ਼ੁਸ਼ ਹਨ ਕਿ ਉਸ ਸਵੇਰ ਨੂੰ ਕਤਾਰ ਵਿਚ ਬੇੜੀ ਦਾ ਇੰਤਜ਼ਾਰ ਕਰਦੇ ਸਮੇਂ ਉਹ ਖ਼ੁਸ਼-ਖ਼ਬਰੀ ਦੀ ਘੋਸ਼ਣਾ ਕਰਨ ਤੋਂ ਨਾ ਰੁਕੀਆਂ!
[ਸਫ਼ੇ 19 ਉੱਤੇ ਤਸਵੀਰ]
ਬੇੜੀ ਦੇ ਇਕ ਮਕੈਨਿਕ ਦੇ ਨਾਲ ਖ਼ੁਸ਼-ਖ਼ਬਰੀ ਸਾਂਝੀ ਕਰਨ ਦੇ ਚੰਗੇ ਨਤੀਜੇ ਨਿਕਲੇ