ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 10/1 ਸਫ਼ੇ 31-32
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਦੇ ਗਵਾਹ ਜਨਮ ਦਿਨ ਕਿਉਂ ਨਹੀਂ ਮਨਾਉਂਦੇ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੇ ਦਿਨ-ਤਿਉਹਾਰ
    ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
  • ਕੀ ਕ੍ਰਿਸਮਸ ਮਸੀਹੀਆਂ ਦਾ ਤਿਉਹਾਰ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2017
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 10/1 ਸਫ਼ੇ 31-32

ਪਾਠਕਾਂ ਵੱਲੋਂ ਸਵਾਲ

ਬਹੁਤ ਸਾਰੇ ਯਹੋਵਾਹ ਦੇ ਗਵਾਹ ਵਿਆਹ ਦੀ ਵਰ੍ਹੇ-ਗੰਢ ਮਨਾਉਂਦੇ ਹਨ। ਜਨਮ-ਦਿਨ ਉਸ ਦਿਨ ਦੀ ਵਰ੍ਹੇ-ਗੰਢ ਹੈ ਜਿਸ ਦਿਨ ਤੁਸੀਂ ਪੈਦਾ ਹੋਏ ਸੀ। ਇਸ ਲਈ, ਜਦ ਕਿ ਵਿਆਹ ਦੀ ਵਰ੍ਹੇ-ਗੰਢ ਮਨਾਈ ਜਾ ਸਕਦੀ ਹੈ, ਤਾਂ ਜਨਮ-ਦਿਨ ਕਿਉਂ ਨਹੀਂ?

ਅਸਲ ਵਿਚ, ਇਕ ਮਸੀਹੀ ਨੂੰ ਇਨ੍ਹਾਂ ਦੋਵੇਂ ਦਿਨਾਂ ਨੂੰ ਮਨਾਉਣ ਦੀ ਲੋੜ ਨਹੀਂ ਹੈ। ਫਿਰ ਵੀ, ਇਸ ਦਾ ਇਹ ਅਰਥ ਨਹੀਂ ਕਿ ਇਨ੍ਹਾਂ ਦੋਵੇਂ ਦਿਨਾਂ ਦੀ ਮਹੱਤਤਾ ਇੱਕੋ ਜਿਹੀ ਹੈ ਜਾਂ ਮਸੀਹੀਆਂ ਨੂੰ ਵਿਆਹ ਦੀ ਵਰ੍ਹੇ-ਗੰਢ ਅਤੇ ਜਨਮ-ਦਿਨ ਨੂੰ ਇੱਕੋ ਨਜ਼ਰ ਨਾਲ ਦੇਖਣਾ ਚਾਹੀਦਾ ਹੈ।

ਜਿਵੇਂ ਦੱਸਿਆ ਗਿਆ ਹੈ, ਇਨ੍ਹਾਂ ਦੋਵੇਂ ਦਿਨਾਂ ਨੂੰ ਵਰ੍ਹੇ-ਗੰਢ ਕਿਹਾ ਜਾ ਸਕਦਾ ਹੈ ਕਿਉਂਕਿ ‘ਸਾਲ ਬਾਅਦ ਕਿਸੇ ਘਟਨਾ ਦੀ ਦੁਬਾਰਾ ਆਈ ਤਾਰੀਖ਼’ ਨੂੰ “ਵਰ੍ਹੇ-ਗੰਢ” ਕਹਿੰਦੇ ਹਨ। ਇਹ ਕਿਸੇ ਵੀ ਘਟਨਾ ਦੀ ਵਰ੍ਹੇ-ਗੰਢ ਹੋ ਸਕਦੀ ਹੈ—ਜਿਸ ਦਿਨ ਤੁਹਾਡਾ ਕਾਰ ਹਾਦਸਾ ਹੋਇਆ ਸੀ, ਜਿਸ ਦਿਨ ਤੁਸੀਂ ਚੰਨ-ਗ੍ਰਹਿਣ ਦੇਖਿਆ ਸੀ, ਜਿਸ ਦਿਨ ਤੁਸੀਂ ਆਪਣੇ ਪਰਿਵਾਰ ਨਾਲ ਤੈਰਨ ਗਏ ਸੀ, ਵਗੈਰਾ। ਇਹ ਸਪੱਸ਼ਟ ਹੈ ਕਿ ਮਸੀਹੀ ਹਰ “ਵਰ੍ਹੇ-ਗੰਢ” ਨੂੰ ਖ਼ਾਸ ਦਿਨ ਨਹੀਂ ਸਮਝਦੇ ਹਨ ਜਾਂ ਇਸ ਨੂੰ ਮਨਾਉਣ ਲਈ ਪਾਰਟੀ ਨਹੀਂ ਦਿੰਦੇ ਹਨ। ਇਕ ਮਸੀਹੀ ਨੂੰ ਘਟਨਾ ਨੂੰ ਹਰ ਪੱਖੋਂ ਵਿਚਾਰਨਾ ਚਾਹੀਦਾ ਹੈ ਅਤੇ ਫਿਰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਕੀ ਕਰਨਾ ਉਚਿਤ ਹੈ।

ਉਦਾਹਰਣ ਲਈ, ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਵਿਸ਼ੇਸ਼ ਤੌਰ ਤੇ ਹੁਕਮ ਦਿੱਤਾ ਸੀ ਕਿ ਉਹ ਹਰ ਸਾਲ ਉਸ ਦਿਨ ਨੂੰ ਮਨਾਉਣ, ਜਿਸ ਦਿਨ ਪਰਮੇਸ਼ੁਰ ਦਾ ਦੂਤ ਮਿਸਰ ਵਿਚ ਇਸਰਾਏਲੀਆਂ ਦੇ ਘਰਾਂ ਉੱਤੋਂ ਦੀ ਲੰਘਿਆ ਸੀ ਅਤੇ ਸਿੱਟੇ ਵਜੋਂ 1513 ਸਾ.ਯੁ.ਪੂ. ਵਿਚ ਉਸ ਦੇ ਲੋਕ ਮਿਸਰ ਵਿੱਚੋਂ ਨਿਕਲੇ ਸਨ। (ਕੂਚ 12:14) ਬਾਅਦ ਵਿਚ, ਜਦੋਂ ਯਹੂਦੀਆਂ ਨੇ ਅਤੇ ਯਿਸੂ ਨੇ ਉਸ ਘਟਨਾ ਦੀ ਵਰ੍ਹੇ-ਗੰਢ ਮਨਾਈ, ਤਾਂ ਉਨ੍ਹਾਂ ਨੇ ਪਰਮੇਸ਼ੁਰ ਦੇ ਆਦੇਸ਼ ਦੇ ਅਨੁਸਾਰ ਇਹ ਕੀਤਾ ਸੀ, ਅਤੇ ਉਨ੍ਹਾਂ ਨੇ ਇਸ ਨੂੰ ਪਾਰਟੀ ਜਾਂ ਤੋਹਫ਼ੇ ਦੇਣ ਦੁਆਰਾ ਨਹੀਂ ਮਨਾਇਆ। ਹੈਕਲ ਦੇ ਪੁਨਰ-ਸਮਰਪਣ ਦੀ ਵਰ੍ਹੇ-ਗੰਢ ਨੂੰ ਵੀ ਯਹੂਦੀ ਇਕ ਖ਼ਾਸ ਮੌਕਾ ਸਮਝਦੇ ਸਨ। ਹਾਲਾਂਕਿ ਇਸ ਇਤਿਹਾਸਕ ਘਟਨਾ ਦੀ ਵਰ੍ਹੇ-ਗੰਢ ਨੂੰ ਮਨਾਉਣ ਦਾ ਹੁਕਮ ਬਾਈਬਲ ਵਿਚ ਨਹੀਂ ਦਿੱਤਾ ਗਿਆ ਹੈ, ਯੂਹੰਨਾ 10:22, 23 ਸੰਕੇਤ ਕਰਦਾ ਹੈ ਕਿ ਇਸ ਦੇ ਮਨਾਏ ਜਾਣ ਤੇ ਯਿਸੂ ਨੇ ਇਤਰਾਜ਼ ਨਹੀਂ ਕੀਤਾ ਸੀ। ਇਸ ਤੋਂ ਇਲਾਵਾ, ਯਿਸੂ ਦੀ ਮੌਤ ਦੀ ਵਰ੍ਹੇ-ਗੰਢ ਵਾਲੇ ਦਿਨ ਮਸੀਹੀ ਇਕ ਖ਼ਾਸ ਸਭਾ ਰੱਖਦੇ ਹਨ। ਇਹ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਸਪੱਸ਼ਟ ਹੁਕਮ ਦੇ ਅਨੁਸਾਰ ਹੈ।—ਲੂਕਾ 22:19, 20.

ਵਿਆਹ ਦੀ ਵਰ੍ਹੇ-ਗੰਢ ਬਾਰੇ ਕੀ? ਕੁਝ ਦੇਸ਼ਾਂ ਵਿਚ ਇਹ ਆਮ ਗੱਲ ਹੈ ਕਿ ਪਤੀ-ਪਤਨੀ ਉਸ ਦਿਨ ਦੀ ਵਰ੍ਹੇ-ਗੰਢ ਮਨਾਉਂਦੇ ਹਨ ਜਿਸ ਦਿਨ ਉਹ ਵਿਆਹ ਦੇ ਬੰਧਨ ਵਿਚ ਬੱਝੇ ਸਨ। ਪਰਮੇਸ਼ੁਰ ਨੇ ਵਿਆਹ ਦੇ ਪ੍ਰਬੰਧ ਨੂੰ ਸ਼ੁਰੂ ਕੀਤਾ ਸੀ। (ਉਤਪਤ 2:18-24; ਮੱਤੀ 19:4-6) ਯਕੀਨਨ, ਬਾਈਬਲ ਵਿਆਹ ਨੂੰ ਬੁਰੇ ਰੂਪ ਵਿਚ ਪੇਸ਼ ਨਹੀਂ ਕਰਦੀ ਹੈ। ਯਿਸੂ ਵਿਆਹ ਦੇ ਜਸ਼ਨ ਵਿਚ ਗਿਆ ਸੀ ਅਤੇ ਉਸ ਨੇ ਉਸ ਮੌਕੇ ਦੇ ਆਨੰਦ ਨੂੰ ਵਧਾਉਣ ਵਿਚ ਵੀ ਹਿੱਸਾ ਲਿਆ ਸੀ।—ਯੂਹੰਨਾ 2:1-11.

ਤਾਂ ਫਿਰ ਇਹ ਕੋਈ ਅਜੀਬ ਗੱਲ ਨਹੀਂ ਹੋਵੇਗੀ ਕਿ ਪਤੀ-ਪਤਨੀ ਸ਼ਾਇਦ, ਆਪਣੇ ਵਿਆਹ ਦੀ ਵਰ੍ਹੇ-ਗੰਢ ਵਾਲੇ ਦਿਨ ਇਸ ਘਟਨਾ ਦੀ ਖ਼ੁਸ਼ੀ ਉੱਤੇ ਅਤੇ ਇਕ ਪਤੀ-ਪਤਨੀ ਦੇ ਤੌਰ ਤੇ ਸਫ਼ਲ ਹੋਣ ਲਈ ਮਿਹਨਤ ਕਰਨ ਦੇ ਆਪਣੇ ਦ੍ਰਿੜ੍ਹ ਇਰਾਦੇ ਉੱਤੇ ਵਿਚਾਰ ਕਰਨ ਲਈ ਸਮਾਂ ਕੱਢਣ। ਭਾਵੇਂ ਪਤੀ-ਪਤਨੀ ਇਸ ਖ਼ੁਸ਼ੀ ਦੇ ਮੌਕੇ ਨੂੰ ਇਕੱਲੇ ਹੀ ਮਨਾਉਣ, ਜਾਂ ਆਪਣੇ ਕੁਝ ਰਿਸ਼ਤੇਦਾਰਾਂ ਜਾਂ ਨਜ਼ਦੀਕੀ ਦੋਸਤਾਂ ਨਾਲ ਮਨਾਉਣ, ਇਸ ਦਾ ਫ਼ੈਸਲਾ ਉਹ ਖ਼ੁਦ ਕਰਨਗੇ। ਇਹ ਮੌਕਾ ਕੇਵਲ ਇਕ ਵੱਡੀ ਪਾਰਟੀ ਦੇਣ ਦਾ ਬਹਾਨਾ ਨਹੀਂ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਮਸੀਹੀ ਉਨ੍ਹਾਂ ਸਿਧਾਂਤਾਂ ਦੇ ਅਨੁਸਾਰ ਚੱਲਣਾ ਚਾਹੁਣਗੇ ਜੋ ਉਨ੍ਹਾਂ ਦੇ ਜੀਵਨ ਉੱਤੇ ਹਰ ਦਿਨ ਲਾਗੂ ਹੁੰਦੇ ਹਨ। ਇਸ ਲਈ ਚਾਹੇ ਇਕ ਵਿਅਕਤੀ ਵਿਆਹ ਦੀ ਵਰ੍ਹੇ-ਗੰਢ ਮਨਾਏ ਜਾਂ ਨਾ ਮਨਾਏ, ਇਹ ਉਸ ਦਾ ਨਿੱਜੀ ਮਾਮਲਾ ਹੈ।—ਰੋਮੀਆਂ 13:13, 14.

ਪਰੰਤੂ, ਜਨਮ-ਦਿਨ ਮਨਾਉਣ ਬਾਰੇ ਕੀ? ਕੀ ਬਾਈਬਲ ਇਸ ਵਰ੍ਹੇ-ਗੰਢ ਬਾਰੇ ਸਾਨੂੰ ਕੋਈ ਜਾਣਕਾਰੀ ਦਿੰਦੀ ਹੈ?

ਇਸ ਸਦੀ ਦੇ ਮੁਢਲੇ ਭਾਗ ਵਿਚ, ਬਾਈਬਲ ਸਟੂਡੈਂਟਸ, ਜਿਵੇਂ ਕਿ ਯਹੋਵਾਹ ਦੇ ਗਵਾਹ ਉਸ ਸਮੇਂ ਜਾਣੇ ਜਾਂਦੇ ਸਨ, ਜਨਮ-ਦਿਨ ਮਨਾਉਂਦੇ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਕੋਲ ਰੋਜ਼ਾਨਾ ਸਵਰਗੀ ਮੰਨ (ਅੰਗ੍ਰੇਜ਼ੀ) ਨਾਮਕ ਛੋਟੀ ਕਿਤਾਬ ਹੁੰਦੀ ਸੀ। ਇਸ ਵਿਚ ਹਰ ਦਿਨ ਲਈ ਬਾਈਬਲ ਦਾ ਇਕ ਸ਼ਾਸਤਰਵਚਨ ਹੁੰਦਾ ਸੀ, ਅਤੇ ਬਹੁਤ ਸਾਰੇ ਮਸੀਹੀ ਉਨ੍ਹਾਂ ਸਫ਼ਿਆਂ ਉੱਤੇ ਆਪਣੇ ਸੰਗੀ ਬਾਈਬਲ ਸਟੂਡੈਂਟਸ ਦੀਆਂ ਫੋਟੋਆਂ ਚਿਪਕਾਉਂਦੇ ਸਨ ਜਿਸ ਦਿਨ ਉਨ੍ਹਾਂ ਦਾ ਜਨਮ-ਦਿਨ ਹੁੰਦਾ ਸੀ। ਨਾਲੇ, ਫਰਵਰੀ 15, 1909, ਦਾ ਪਹਿਰਾਬੁਰਜ (ਅੰਗ੍ਰੇਜ਼ੀ), ਦੱਸਦਾ ਹੈ ਕਿ ਜੈਕਸਨਵਿਲ, ਫ਼ਲੋਰਿਡਾ, ਯੂ. ਐੱਸ. ਏ., ਦੇ ਮਹਾਂ-ਸੰਮੇਲਨ ਵਿਚ ਭਾਈ ਰਸਲ, ਜੋ ਕਿ ਉਸ ਸਮੇਂ ਸੋਸਾਇਟੀ ਦੇ ਪ੍ਰਧਾਨ ਸਨ, ਨੂੰ ਮੰਚ ਉੱਤੇ ਬੁਲਾਇਆ ਗਿਆ। ਕਿਉਂ? ਉਸ ਨੂੰ ਜਨਮ-ਦਿਨ ਦੇ ਤੋਹਫ਼ੇ ਵਜੋਂ ਗ੍ਰੇਪ-ਫਰੂਟ, ਅਨਾਨਾਸ, ਅਤੇ ਸੰਤਰਿਆਂ ਦੀਆਂ ਕੁਝ ਪੇਟੀਆਂ ਦਿੱਤੀਆਂ ਗਈਆਂ। ਇਹ ਸਾਨੂੰ ਗੁਜ਼ਰੇ ਹੋਏ ਕੱਲ੍ਹ ਦੀ ਝਲਕ ਦਿੰਦੀ ਹੈ। ਮਾਮਲੇ ਨੂੰ ਹੋਰ ਬਿਹਤਰ ਤਰੀਕੇ ਨਾਲ ਸਮਝਣ ਲਈ, ਯਾਦ ਕਰੋ ਕਿ ਉਸ ਸਮੇਂ ਦੌਰਾਨ, ਬਾਈਬਲ ਸਟੂਡੈਂਟਸ 25 ਦਸੰਬਰ ਨੂੰ ਯਿਸੂ ਦੇ ਜਨਮ ਦੀ ਵਰ੍ਹੇ-ਗੰਢ, ਜਾਂ ਜਨਮ-ਦਿਨ ਵੀ ਮਨਾਉਂਦੇ ਸਨ। ਬਰੁਕਲਿਨ ਮੁੱਖ ਦਫ਼ਤਰ ਵਿਚ ਰਵਾਇਤੀ ਤੌਰ ਤੇ ਕ੍ਰਿਸਮਸ ਦੀ ਰਾਤ ਦਾਅਵਤ ਵੀ ਹੁੰਦੀ ਸੀ।

ਨਿਰਸੰਦੇਹ, ਉਸ ਸਮੇਂ ਤੋਂ ਲੈ ਕੇ ਹੁਣ ਤਕ ਪਰਮੇਸ਼ੁਰ ਦੇ ਲੋਕਾਂ ਨੇ ਅਧਿਆਤਮਿਕ ਤੌਰ ਤੇ ਕਾਫ਼ੀ ਪਹਿਲੂਆਂ ਵਿਚ ਤਰੱਕੀ ਕੀਤੀ ਹੈ। 1920 ਦੇ ਦਹਾਕੇ ਦੌਰਾਨ, ਸੱਚਾਈ ਉੱਤੇ ਜ਼ਿਆਦਾ ਰੌਸ਼ਨੀ ਪੈਣ ਦੇ ਕਾਰਨ ਉਹ ਹੇਠਾਂ ਦਿੱਤੀਆਂ ਗੱਲਾਂ ਨੂੰ ਦੇਖਣ ਦੇ ਯੋਗ ਹੋਏ:

ਯਿਸੂ 25 ਦਸੰਬਰ ਨੂੰ ਪੈਦਾ ਨਹੀਂ ਹੋਇਆ ਸੀ। ਇਸ ਤਾਰੀਖ਼ ਦਾ ਸੰਬੰਧ ਗ਼ੈਰ-ਮਸੀਹੀ ਧਰਮ ਨਾਲ ਹੈ। ਬਾਈਬਲ ਸਾਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਦਾ ਹੁਕਮ ਦਿੰਦੀ ਹੈ, ਨਾ ਕਿ ਉਸ ਦਾ ਜਾਂ ਕਿਸੇ ਹੋਰ ਦਾ ਜਨਮ-ਦਿਨ ਮਨਾਉਣ ਦਾ। ਇੰਜ ਕਰਨਾ ਉਪਦੇਸ਼ਕ ਦੀ ਪੋਥੀ 7:1 ਅਤੇ ਇਸ ਤੱਥ ਦੇ ਅਨੁਸਾਰ ਹੈ ਕਿ ਇਕ ਵਫ਼ਾਦਾਰ ਵਿਅਕਤੀ ਦਾ ਜੀਵਨ ਅੰਤ ਤਕ ਕਿਸ ਤਰ੍ਹਾਂ ਦਾ ਹੈ, ਇਹ ਉਸ ਦੇ ਜਨਮ-ਦਿਨ ਤੋਂ ਜ਼ਿਆਦਾ ਮਹੱਤਵਪੂਰਣ ਹੈ। ਬਾਈਬਲ ਵਿਚ ਕੋਈ ਰਿਕਾਰਡ ਨਹੀਂ ਹੈ ਕਿ ਕਿਸੇ ਵਫ਼ਾਦਾਰ ਸੇਵਕ ਨੇ ਆਪਣਾ ਜਨਮ-ਦਿਨ ਮਨਾਇਆ ਹੋਵੇ। ਪਰ ਇਸ ਵਿਚ ਉਨ੍ਹਾਂ ਲੋਕਾਂ ਦੇ ਜਨਮ-ਦਿਨ ਮਨਾਏ ਜਾਣ ਬਾਰੇ ਦੱਸਿਆ ਗਿਆ ਹੈ ਜੋ ਯਹੋਵਾਹ ਦੇ ਉਪਾਸਕ ਨਹੀਂ ਸਨ, ਅਤੇ ਇਨ੍ਹਾਂ ਮੌਕਿਆਂ ਤੇ ਅਤਿਆਚਾਰੀ ਕੰਮ ਕੀਤੇ ਗਏ ਸਨ। ਆਓ ਅਸੀਂ ਇਨ੍ਹਾਂ ਜਨਮ-ਦਿਨਾਂ ਦੇ ਪਿਛੋਕੜ ਨੂੰ ਦੇਖੀਏ।

ਇਨ੍ਹਾਂ ਵਿੱਚੋਂ ਪਹਿਲਾ ਹੈ ਯੂਸੁਫ਼ ਦੇ ਦਿਨਾਂ ਵਿਚ ਫ਼ਿਰਊਨ ਦਾ ਜਨਮ-ਦਿਨ। (ਉਤਪਤ 40:20-23) ਇਸ ਸੰਬੰਧ ਵਿਚ, ਹੇਸਟਿੰਗਸ ਦੇ ਧਰਮ ਅਤੇ ਨੈਤਿਕ ਨਿਯਮ ਦਾ ਵਿਸ਼ਵ-ਕੋਸ਼ (ਅੰਗ੍ਰੇਜ਼ੀ) ਵਿਚ ਜਨਮ-ਦਿਨ ਉੱਤੇ ਲੇਖ ਇੰਜ ਸ਼ੁਰੂ ਹੁੰਦਾ ਹੈ: “ਜਨਮ-ਦਿਨ ਮਨਾਉਣ ਦੀ ਰੀਤ, ਬਾਹਰੀ ਰੂਪ ਵਿਚ, ਸਮੇਂ ਦੀ ਗਿਣਤੀ ਦੇ ਨਾਲ ਸੰਬੰਧਿਤ ਹੈ, ਪਰ ਜੇ ਇਸ ਵਿਚ ਸ਼ਾਮਲ ਰੀਤਾਂ ਨੂੰ ਦੇਖਿਆ ਜਾਏ, ਤਾਂ ਇਹ ਕੁਝ ਪ੍ਰਾਚੀਨ ਧਾਰਮਿਕ ਸਿਧਾਂਤਾਂ ਦੇ ਨਾਲ ਸੰਬੰਧਿਤ ਹੈ।” ਬਾਅਦ ਵਿਚ, ਇਹੋ ਵਿਸ਼ਵ-ਕੋਸ਼ ਮਿਸਰ-ਵਿਗਿਆਨੀ ਸਰ ਜੇ. ਗਾਡਨਰ ਵਿਲਕਿਨਸਨ ਦਾ ਹਵਾਲਾ ਦਿੰਦਾ ਹੈ, ਜਿਸ ਨੇ ਲਿਖਿਆ: “ਹਰ ਮਿਸਰੀ ਉਸ ਦਿਨ ਨੂੰ, ਇੱਥੋਂ ਤਕ ਕਿ ਉਸ ਘੜੀ ਨੂੰ ਕਾਫ਼ੀ ਮਹੱਤਤਾ ਦਿੰਦਾ ਹੈ, ਜਿਸ ਘੜੀ ਉਹ ਪੈਦਾ ਹੋਇਆ ਸੀ; ਅਤੇ ਸੰਭਵ ਹੈ ਕਿ, ਜਿਵੇਂ ਫਾਰਸ ਵਿਚ ਸੀ, ਹਰੇਕ ਵਿਅਕਤੀ ਆਪਣੇ ਜਨਮ-ਦਿਨ ਨੂੰ ਵੱਡੀ ਖ਼ੁਸ਼ੀ ਨਾਲ ਮਨਾਉਂਦਾ ਸੀ, ਅਤੇ ਸਮਾਜ ਦੇ ਹਰ ਮਨੋਰੰਜਨ ਤੇ ਭਰਪੂਰ ਮਾਤਰਾ ਵਿਚ ਸੁਆਦੀ ਭੋਜਨ ਨਾਲ ਆਪਣੇ ਦੋਸਤਾਂ ਦਾ ਸੁਆਗਤ ਕਰਦਾ ਸੀ।”

ਬਾਈਬਲ ਵਿਚ ਜ਼ਿਕਰ ਕੀਤਾ ਗਿਆ ਇਕ ਹੋਰ ਜਨਮ-ਦਿਨ ਹੇਰੋਦੇਸ ਦਾ ਸੀ, ਜਿਸ ਵੇਲੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਵੱਢਿਆ ਗਿਆ ਸੀ। (ਮੱਤੀ 14:6-10) ਦੀ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ (1979 ਸੰਸਕਰਣ) ਇਹ ਜਾਣਕਾਰੀ ਦਿੰਦਾ ਹੈ: “ਹੈਲਨਵਾਦੀ ਸਮੇਂ ਤੋਂ ਪਹਿਲਾਂ ਦੇ ਯੂਨਾਨੀ ਲੋਕ ਦੇਵਤਿਆਂ ਦਾ ਅਤੇ ਮਸ਼ਹੂਰ ਵਿਅਕਤੀਆਂ ਦਾ ਜਨਮ-ਦਿਨ ਮਨਾਉਂਦੇ ਸਨ। ਯੂਨਾਨੀ ਸ਼ਬਦ ਜੇਨੇਥਲੀਆ ਜਨਮ-ਦਿਨ ਦੇ ਜਸ਼ਨਾਂ ਨੂੰ ਸੂਚਿਤ ਕਰਦਾ ਸੀ, ਜਦ ਕਿ ਜੇਨੇਸੀਆ ਦਾ ਅਰਥ ਸੀ ਕਿਸੇ ਮਰੇ ਹੋਏ ਪ੍ਰਸਿੱਧ ਵਿਅਕਤੀ ਦਾ ਜਨਮ-ਦਿਨ ਮਨਾਉਣਾ। 2 ਮੈਕਾਬੀ 6:7 ਵਿਚ ਐੱਨਟੀਓਕਸ ਚੌਥੇ ਦੀ ਮਾਸਿਕ ਜੇਨੇਥਲੀਆ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ‘ਚੜ੍ਹਾਵਿਆਂ ਨੂੰ ਖਾਣ’ ਲਈ ਯਹੂਦੀਆਂ ਨੂੰ ਮਜਬੂਰ ਕੀਤਾ ਜਾਂਦਾ ਸੀ। . . . ਜਦੋਂ ਹੇਰੋਦੇਸ ਨੇ ਆਪਣਾ ਜਨਮ-ਦਿਨ ਮਨਾਇਆ ਤਾਂ ਉਹ ਹੈਲਨਵਾਦੀ ਰੀਤ ਦੇ ਅਨੁਸਾਰ ਚੱਲ ਰਿਹਾ ਸੀ; ਹੈਲਨਵਾਦੀ ਸਮੇਂ ਤੋਂ ਪਹਿਲਾਂ ਇਸਰਾਏਲ ਵਿਚ ਜਨਮ-ਦਿਨ ਮਨਾਉਣ ਦਾ ਕੋਈ ਸਬੂਤ ਨਹੀਂ ਮਿਲਦਾ ਹੈ।”

ਅਸੀਂ ਮੰਨਦੇ ਹਾਂ ਕਿ ਸੱਚੇ ਮਸੀਹੀ ਅੱਜ ਹਰੇਕ ਦਸਤੂਰ ਜਾਂ ਰੀਤ ਦੇ ਮੂਲ ਅਤੇ ਸੰਭਵ ਪ੍ਰਾਚੀਨ ਧਾਰਮਿਕ ਸੰਬੰਧਾਂ ਬਾਰੇ ਹੱਦੋਂ ਵੱਧ ਚਿੰਤਾ ਨਹੀਂ ਕਰਦੇ ਹਨ, ਪਰੰਤੂ ਉਹ ਉਨ੍ਹਾਂ ਸਪੱਸ਼ਟ ਸੰਕੇਤਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਦੇ ਜੋ ਪਰਮੇਸ਼ੁਰ ਦੇ ਬਚਨ ਵਿਚ ਮੌਜੂਦ ਹਨ। ਇਸ ਵਿਚ ਇਹ ਗੱਲ ਸ਼ਾਮਲ ਹੈ ਕਿ ਬਾਈਬਲ ਵਿਚ ਕੇਵਲ ਉਨ੍ਹਾਂ ਲੋਕਾਂ ਦੇ ਜਨਮ-ਦਿਨ ਮਨਾਏ ਜਾਣ ਦਾ ਰਿਕਾਰਡ ਦਰਜ ਹੈ ਜੋ ਯਹੋਵਾਹ ਦੇ ਉਪਾਸਕ ਨਹੀਂ ਸਨ ਅਤੇ ਇਨ੍ਹਾਂ ਮੌਕਿਆਂ ਤੇ ਅਤਿਆਚਾਰ ਹੋਏ ਸਨ। ਇਸ ਲਈ, ਸ਼ਾਸਤਰ ਸਾਫ਼-ਸਾਫ਼ ਜਨਮ-ਦਿਨ ਦੇ ਜਸ਼ਨ ਨੂੰ ਬੁਰੇ ਰੂਪ ਵਿਚ ਪੇਸ਼ ਕਰਦੇ ਹਨ, ਅਜਿਹਾ ਤੱਥ ਜਿਸ ਨੂੰ ਸੱਚੇ ਮਸੀਹੀ ਨਜ਼ਰਅੰਦਾਜ਼ ਨਹੀਂ ਕਰਦੇ ਹਨ।

ਸਿੱਟੇ ਵਜੋਂ, ਜੇਕਰ ਮਸੀਹੀ ਆਪਣੇ ਵਿਆਹ ਦੀ ਵਰ੍ਹੇ-ਗੰਢ ਮਨਾਉਣੀ ਚਾਹੁੰਦੇ ਹਨ, ਤਾਂ ਇਹ ਇਕ ਨਿੱਜੀ ਮਾਮਲਾ ਹੈ, ਪਰ ਵਾਜਬ ਕਾਰਨਾਂ ਕਰਕੇ ਪ੍ਰੌੜ੍ਹ ਮਸੀਹੀ ਜਨਮ-ਦਿਨ ਨਹੀਂ ਮਨਾਉਂਦੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ