ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • lv ਅਧਿ. 13 ਸਫ਼ੇ 144-159
  • ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੇ ਦਿਨ-ਤਿਉਹਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੇ ਦਿਨ-ਤਿਉਹਾਰ
  • ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕ੍ਰਿਸਮਸ​—ਯਿਸੂ ਦਾ ਜਨਮ-ਦਿਨ ਜਾਂ ਸੂਰਜ ਦੀ ਪੂਜਾ?
  • ਜਨਮ-ਦਿਨ ਮਨਾਉਣ ਸੰਬੰਧੀ ਬਾਈਬਲ ਕੀ ਕਹਿੰਦੀ ਹੈ?
  • ਨਵੇਂ ਸਾਲ ਦਾ ਜਸ਼ਨ—ਮੌਜ-ਮੇਲਾ ਕਰਨ ਦਾ ਸਮਾਂ?
  • ਆਪਣੇ ਵਿਆਹ ਦੇ ਦਿਨ ਨੂੰ ਪਵਿੱਤਰ ਰੱਖੋ
  • ਕਿਸੇ ਦੀ ਸਲਾਮਤੀ ਦਾ ਜਾਮ ਪੀਣਾ​—ਇਕ ਧਾਰਮਿਕ ਰਸਮ
  • “ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ!”
  • ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਪਰਮੇਸ਼ੁਰ ਦੀ ਵਡਿਆਈ ਕਰੋ
  • ਸੱਚੇ ਧਰਮ ਦਾ ਪੱਖ ਲਵੋ
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਕੀ ਪਰਮੇਸ਼ੁਰ ਸਾਰੇ ਦਿਨ-ਤਿਉਹਾਰਾਂ ਤੋਂ ਖ਼ੁਸ਼ ਹੁੰਦਾ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਯਹੋਵਾਹ ਦੇ ਗਵਾਹ ਜਨਮ ਦਿਨ ਕਿਉਂ ਨਹੀਂ ਮਨਾਉਂਦੇ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ਕੀ ਕ੍ਰਿਸਮਸ ਮਸੀਹੀਆਂ ਦਾ ਤਿਉਹਾਰ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2017
ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
lv ਅਧਿ. 13 ਸਫ਼ੇ 144-159
ਮੁੰਡਾ ਆਪਣੇ ਮਾਪਿਆਂ ਤੋਂ ਮਿਲਿਆ ਤੋਹਫ਼ਾ ਖੋਲ੍ਹਦਾ ਹੋਇਆ

ਤੇਰ੍ਹਵਾਂ ਅਧਿਆਇ

ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੇ ਦਿਨ-ਤਿਉਹਾਰ

“ਤੁਸੀਂ ਹਮੇਸ਼ਾ ਪਤਾ ਕਰਦੇ ਰਹੋ ਕਿ ਪ੍ਰਭੂ ਨੂੰ ਕੀ ਮਨਜ਼ੂਰ ਹੈ।”​—ਅਫ਼ਸੀਆਂ 5:10.

1. ਯਹੋਵਾਹ ਕਿਹੋ ਜਿਹੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਉਨ੍ਹਾਂ ਨੂੰ ਭਗਤੀ ਦੇ ਮਾਮਲੇ ਵਿਚ ਕਿਉਂ ਖ਼ਬਰਦਾਰ ਰਹਿਣ ਦੀ ਲੋੜ ਹੈ?

ਯਿਸੂ ਨੇ ਕਿਹਾ ਸੀ: “ਸੱਚੇ ਭਗਤ . . . ਸੱਚਾਈ ਨਾਲ ਪਰਮੇਸ਼ੁਰ ਦੀ ਭਗਤੀ ਕਰਨਗੇ। ਅਸਲ ਵਿਚ, ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਚਾਹੁੰਦਾ ਹੈ ਜਿਹੜੇ ਉਸ ਦੀ ਭਗਤੀ ਇਸ ਤਰ੍ਹਾਂ ਕਰਨਗੇ।” (ਯੂਹੰਨਾ 4:23) ਯਹੋਵਾਹ ਅਜਿਹੇ ਲੋਕਾਂ ਨੂੰ ਭਾਲਦਾ ਹੈ ਜੋ ਬਾਈਬਲ ਦੀ ਸੱਚਾਈ ਅਨੁਸਾਰ ਭਗਤੀ ਕਰਨੀ ਚਾਹੁੰਦੇ ਹਨ। ਅਜਿਹੇ ਲੋਕ ਮਿਲ ਜਾਣ ʼਤੇ ਉਹ ਉਨ੍ਹਾਂ ਨੂੰ ਆਪਣੇ ਵੱਲ ਅਤੇ ਆਪਣੇ ਪੁੱਤਰ ਯਿਸੂ ਵੱਲ ਖਿੱਚ ਲੈਂਦਾ ਹੈ। ਯਹੋਵਾਹ ਨੇ ਤੁਹਾਨੂੰ ਵੀ ਆਪਣੇ ਵੱਲ ਖਿੱਚਿਆ ਹੈ। (ਯੂਹੰਨਾ 6:44) ਇਹ ਕਿੰਨੇ ਮਾਣ ਦੀ ਗੱਲ ਹੈ! ਪਰ ਸ਼ੈਤਾਨ ਲੋਕਾਂ ਨੂੰ ਧੋਖਾ ਦੇਣ ਵਿਚ ਮਾਹਰ ਹੈ, ਇਸ ਲਈ ਸੱਚਾਈ ਨਾਲ ਭਗਤੀ ਕਰਨ ਵਾਲਿਆਂ ਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ “ਪ੍ਰਭੂ ਨੂੰ ਕੀ ਮਨਜ਼ੂਰ ਹੈ।”​—ਅਫ਼ਸੀਆਂ 5:10; ਪ੍ਰਕਾਸ਼ ਦੀ ਕਿਤਾਬ 12:9.

2. ਯਹੋਵਾਹ ਉਨ੍ਹਾਂ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ ਜੋ ਸ਼ੁੱਧ ਭਗਤੀ ਵਿਚ ਮਿਲਾਵਟ ਕਰਦੇ ਹਨ? ਉਦਾਹਰਣ ਦਿਓ।

2 ਧਿਆਨ ਦਿਓ ਕਿ ਸੀਨਈ ਪਹਾੜ ਉੱਤੇ ਕੀ ਹੋਇਆ ਸੀ ਜਦੋਂ ਇਜ਼ਰਾਈਲੀਆਂ ਨੇ ਹਾਰੂਨ ਉੱਤੇ ਇਕ ਦੇਵਤਾ ਬਣਾਉਣ ਦਾ ਦਬਾਅ ਪਾਇਆ ਸੀ। ਹਾਰੂਨ ਨੇ ਦਬਾਅ ਹੇਠ ਆ ਕੇ ਉਨ੍ਹਾਂ ਲਈ ਸੋਨੇ ਦਾ ਵੱਛਾ ਬਣਾਇਆ ਅਤੇ ਉਸ ਨੂੰ ਯਹੋਵਾਹ ਦਾ ਦਰਜਾ ਦਿੱਤਾ। ਉਸ ਨੇ ਕਿਹਾ: “ਭਲਕੇ ਯਹੋਵਾਹ ਦਾ ਪਰਬ ਹੈ।” ਕੀ ਯਹੋਵਾਹ ਨੇ ਸ਼ੁੱਧ ਭਗਤੀ ਵਿਚ ਹੋਈ ਮਿਲਾਵਟ ਨੂੰ ਨਜ਼ਰਅੰਦਾਜ਼ ਕੀਤਾ ਸੀ? ਨਹੀਂ। ਉਸ ਦੇ ਹੁਕਮ ʼਤੇ 3,000 ਮੂਰਤੀ-ਪੂਜਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। (ਕੂਚ 32:1-6, 10, 28) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਜੇ ਅਸੀਂ ਯਹੋਵਾਹ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ‘ਕਿਸੇ ਪਲੀਤ ਚੀਜ਼ ਨੂੰ ਨਹੀਂ ਛੂਹਣਾ’ ਚਾਹੀਦਾ ਅਤੇ ਸ਼ੁੱਧ ਭਗਤੀ ਵਿਚ ਕਿਸੇ ਤਰ੍ਹਾਂ ਦੀ ਮਿਲਾਵਟ ਨਹੀਂ ਕਰਨੀ ਚਾਹੀਦੀ।​—ਯਸਾਯਾਹ 52:11; ਹਿਜ਼ਕੀਏਲ 44:23; ਗਲਾਤੀਆਂ 5:9.

3, 4. ਦਿਨ-ਤਿਉਹਾਰਾਂ ਅਤੇ ਰੀਤਾਂ-ਰਿਵਾਜਾਂ ਦੇ ਮਾਮਲੇ ਵਿਚ ਸਾਨੂੰ ਬਾਈਬਲ ਦੇ ਅਸੂਲਾਂ ਨੂੰ ਧਿਆਨ ਵਿਚ ਕਿਉਂ ਰੱਖਣਾ ਚਾਹੀਦਾ ਹੈ?

3 ਯਿਸੂ ਦੇ ਚੇਲਿਆਂ ਨੇ ਜੀਉਂਦੇ-ਜੀ ਕਿਸੇ ਨੂੰ ਵੀ ਮਸੀਹ ਦੀਆਂ ਸਿੱਖਿਆਵਾਂ ਵਿਚ ਮਿਲਾਵਟ ਨਹੀਂ ਕਰਨ ਦਿੱਤੀ ਸੀ। ਉਨ੍ਹਾਂ ਦੇ ਮਰਨ ਤੋਂ ਬਾਅਦ ਕੁਝ ਮਸੀਹੀ ਸੱਚਾਈ ਤੋਂ ਭਟਕ ਗਏ ਅਤੇ ਦੂਜੇ ਧਰਮਾਂ ਦੇ ਦਿਨ-ਤਿਉਹਾਰ ਤੇ ਰੀਤੀ-ਰਿਵਾਜ ਮਨਾਉਣ ਲੱਗ ਪਏ। ਉਨ੍ਹਾਂ ਨੇ ਇਨ੍ਹਾਂ ਤਿਉਹਾਰਾਂ ਨੂੰ ਮਸੀਹੀ ਧਰਮ ਦਾ ਹਿੱਸਾ ਬਣਾ ਦਿੱਤਾ। (2 ਥੱਸਲੁਨੀਕੀਆਂ 2:7, 10) ਅੱਜ-ਕੱਲ੍ਹ ਲੋਕ ਮੌਜ-ਮੇਲੇ ਲਈ ਇਹ ਤਿਉਹਾਰ ਮਨਾਉਂਦੇ ਹਨ। ਇਸ ਅਧਿਆਇ ਵਿਚ ਅਜਿਹੇ ਕੁਝ ਤਿਉਹਾਰਾਂ ਬਾਰੇ ਗੱਲ ਕੀਤੀ ਜਾਵੇਗੀ। ਤੁਸੀਂ ਦੇਖੋਗੇ ਕਿ ਇਨ੍ਹਾਂ ਦਾ ਸੰਬੰਧ “ਮਹਾਂ ਬਾਬਲ” ਯਾਨੀ ਦੁਨੀਆਂ ਦੇ ਧਰਮਾਂ ਦੀਆਂ ਸਿੱਖਿਆਵਾਂ ਅਤੇ ਜਾਦੂਗਰੀ ਨਾਲ ਹੈ।a (ਪ੍ਰਕਾਸ਼ ਦੀ ਕਿਤਾਬ 18:2-4, 23) ਯਹੋਵਾਹ ਨੂੰ ਪਤਾ ਹੈ ਕਿ ਦਿਨ-ਤਿਉਹਾਰ ਕਿਨ੍ਹਾਂ ਘਿਣਾਉਣੇ ਧਾਰਮਿਕ ਰੀਤੀ-ਰਿਵਾਜਾਂ ਤੋਂ ਸ਼ੁਰੂ ਹੋਏ ਸਨ। ਇਸ ਲਈ ਉਸ ਨੂੰ ਅੱਜ ਵੀ ਇਨ੍ਹਾਂ ਨਾਲ ਉੱਨੀ ਹੀ ਨਫ਼ਰਤ ਹੈ ਜਿੰਨੀ ਪਹਿਲਾਂ ਸੀ। ਕੀ ਸਾਨੂੰ ਵੀ ਉਸ ਵਾਂਗ ਅਜਿਹੇ ਤਿਉਹਾਰਾਂ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ?​—2 ਯੂਹੰਨਾ 6, 7.

4 ਸੱਚੇ ਮਸੀਹੀ ਹੋਣ ਕਰਕੇ ਸਾਨੂੰ ਦਿਨ-ਤਿਉਹਾਰਾਂ ਬਾਰੇ ਯਹੋਵਾਹ ਦਾ ਨਜ਼ਰੀਆ ਪਤਾ ਹੈ। ਪਰ ਸਾਨੂੰ ਆਪਣਾ ਇਰਾਦਾ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਅਜਿਹੇ ਦਿਨ-ਤਿਉਹਾਰਾਂ ਵਿਚ ਬਿਲਕੁਲ ਵੀ ਹਿੱਸਾ ਨਹੀਂ ਲਵਾਂਗੇ ਤੇ ਅਜਿਹਾ ਕੁਝ ਨਹੀਂ ਕਰਾਂਗੇ ਜਿਸ ਕਰਕੇ ਯਹੋਵਾਹ ਸਾਡੇ ਨਾਲ ਨਾਰਾਜ਼ ਹੋ ਜਾਵੇ।

ਕ੍ਰਿਸਮਸ​—ਯਿਸੂ ਦਾ ਜਨਮ-ਦਿਨ ਜਾਂ ਸੂਰਜ ਦੀ ਪੂਜਾ?

5. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ 25 ਦਸੰਬਰ ਨੂੰ ਪੈਦਾ ਨਹੀਂ ਹੋਇਆ ਸੀ?

5 ਬਾਈਬਲ ਵਿਚ ਕਿਤੇ ਨਹੀਂ ਦੱਸਿਆ ਗਿਆ ਕਿ ਯਿਸੂ ਦਾ ਜਨਮ-ਦਿਨ ਮਨਾਇਆ ਜਾਂਦਾ ਸੀ। ਅਸਲ ਵਿਚ ਯਿਸੂ ਦੇ ਜਨਮ ਦੀ ਪੱਕੀ ਤਾਰੀਖ਼ ਵੀ ਕਿਸੇ ਨੂੰ ਪਤਾ ਨਹੀਂ ਹੈ। ਪਰ ਇੰਨਾ ਪਤਾ ਹੈ ਕਿ ਉਹ ਸਿਆਲਾਂ ਵਿਚ 25 ਦਸੰਬਰ ਨੂੰ ਪੈਦਾ ਨਹੀਂ ਹੋਇਆ ਸੀ।b ਲੂਕਾ ਨੇ ਦੱਸਿਆ ਕਿ ਜਦੋਂ ਯਿਸੂ ਜੰਮਿਆ ਸੀ, ਉਸ ਵੇਲੇ “ਚਰਵਾਹੇ ਘਰੋਂ ਬਾਹਰ ਰਹਿ ਰਹੇ ਸਨ” ਸਨ ਅਤੇ ਆਪਣੀਆਂ ਭੇਡਾਂ ਚਾਰਦੇ ਸਨ। (ਲੂਕਾ 2:8-11) ਜੇ ਚਰਵਾਹੇ ਪੂਰਾ ਸਾਲ ਹਰ ਮੌਸਮ ਵਿਚ “ਘਰੋਂ ਬਾਹਰ ਰਹਿ ਰਹੇ” ਹੁੰਦੇ, ਤਾਂ ਇਸ ਗੱਲ ਦਾ ਜ਼ਿਕਰ ਕਰਨ ਦੀ ਕੋਈ ਲੋੜ ਨਾ ਹੁੰਦੀ। ਪਰ ਚਰਵਾਹੇ ਸਿਆਲਾਂ ਵਿਚ ਆਪਣੀਆਂ ਭੇਡਾਂ ਨੂੰ ਵਾੜੇ ਵਿਚ ਹੀ ਰੱਖਦੇ ਸਨ ਕਿਉਂਕਿ ਸਿਆਲਾਂ ਵਿਚ ਬੈਤਲਹਮ ਵਿਚ ਮੀਂਹ ਅਤੇ ਬਰਫ਼ ਪੈਂਦੀ ਹੈ। ਇਸ ਤੋਂ ਇਲਾਵਾ, ਯੂਸੁਫ਼ ਅਤੇ ਮਰੀਅਮ ਮਰਦਮਸ਼ੁਮਾਰੀ ਯਾਨੀ ਰਜਿਸਟਰੇਸ਼ਨ ਕਰਕੇ ਆਪਣੇ ਜੱਦੀ ਸ਼ਹਿਰ ਆਏ ਹੋਏ ਸਨ। (ਲੂਕਾ 2:1-7) ਰਾਜਾ ਅਗਸਤੁਸ ਨੇ ਮਰਦਮਸ਼ੁਮਾਰੀ ਦਾ ਹੁਕਮ ਦਿੱਤਾ ਸੀ। ਉਸ ਨੇ ਲੋਕਾਂ ਨੂੰ ਸਿਆਲਾਂ ਵਿਚ ਆਪਣੇ ਜੱਦੀ ਸ਼ਹਿਰਾਂ-ਪਿੰਡਾਂ ਵਿਚ ਜਾਣ ਦਾ ਹੁਕਮ ਕਦੇ ਨਹੀਂ ਦੇਣਾ ਸੀ ਕਿਉਂਕਿ ਲੋਕ ਪਹਿਲਾਂ ਹੀ ਰੋਮੀ ਹਕੂਮਤ ਦੇ ਖ਼ਿਲਾਫ਼ ਸਨ।

6, 7. (ੳ) ਕ੍ਰਿਸਮਸ ਦੀ ਸ਼ੁਰੂਆਤ ਕਿਵੇਂ ਹੋਈ? (ਅ) ਤੋਹਫ਼ੇ ਦੇਣ ਦੇ ਮਾਮਲੇ ਵਿਚ ਕ੍ਰਿਸਮਸ ਮਨਾਉਣ ਵਾਲਿਆਂ ਅਤੇ ਸੱਚੇ ਮਸੀਹੀਆਂ ਵਿਚ ਕੀ ਫ਼ਰਕ ਹੈ?

6 ਬਾਈਬਲ ਵਿਚ ਕ੍ਰਿਸਮਸ ਦਾ ਜ਼ਿਕਰ ਵੀ ਨਹੀਂ ਕੀਤਾ ਗਿਆ ਹੈ। ਮਸੀਹ ਦੀ ਮੌਤ ਤੋਂ ਤਿੰਨ ਸੌ ਸਾਲ ਬਾਅਦ ਕ੍ਰਿਸਮਸ ਦੀ ਸ਼ੁਰੂਆਤ ਹੋਈ ਸੀ। ਅਸਲ ਵਿਚ, 25 ਦਸੰਬਰ ਨੂੰ ਰੋਮੀ ਲੋਕ ਆਪਣੇ ਖੇਤੀਬਾੜੀ ਦੇ ਦੇਵਤਾ ਸੈਟਰਨ ਦਾ ਤਿਉਹਾਰ ਮਨਾਉਂਦੇ ਹੁੰਦੇ ਸਨ। ਨਿਊ ਕੈਥੋਲਿਕ ਐਨਸਾਈਕਲੋਪੀਡੀਆ ਮੁਤਾਬਕ, ਉਸੇ ਦਿਨ ਮਿਥਰਾਸ ਦੇਵਤਾ ਦੇ ਭਗਤ “ਸੂਰਜ ਦਾ ਜਨਮ-ਦਿਨ” ਮਨਾਉਂਦੇ ਹੁੰਦੇ ਸਨ। “ਕ੍ਰਿਸਮਸ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਰੋਮ ਵਿਚ ਲੋਕ ਵਧ-ਚੜ੍ਹ ਕੇ ਸੂਰਜ ਦੀ ਪੂਜਾ ਕਰਦੇ ਹੁੰਦੇ ਸਨ।”

ਸੱਚੇ ਮਸੀਹੀ ਦਿਲੋਂ ਦੂਜਿਆਂ ਨੂੰ ਤੋਹਫ਼ੇ ਦਿੰਦੇ ਹਨ

7 ਇਨ੍ਹਾਂ ਤਿਉਹਾਰਾਂ ਦੌਰਾਨ ਲੋਕ ਇਕ-ਦੂਜੇ ਨੂੰ ਤੋਹਫ਼ੇ ਦਿੰਦੇ ਹੁੰਦੇ ਸਨ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਾਂਦੇ ਸਨ। ਪਰ ਉਹ ਖ਼ੁਸ਼ੀ ਨਾਲ ਇਕ-ਦੂਜੇ ਨੂੰ ਤੋਹਫ਼ੇ ਨਹੀਂ ਦਿੰਦੇ ਸਨ। ਅੱਜ ਵੀ ਲੋਕ ਕ੍ਰਿਸਮਸ ਦੌਰਾਨ ਇਸੇ ਤਰ੍ਹਾਂ ਕਰਦੇ ਹਨ। ਪਰ ਉਨ੍ਹਾਂ ਦੀ ਇਹ ਭਾਵਨਾ 2 ਕੁਰਿੰਥੀਆਂ 9:7 ਵਿਚ ਦਿੱਤੀ ਗਈ ਸਲਾਹ ਦੇ ਬਿਲਕੁਲ ਉਲਟ ਹੈ ਜਿੱਥੇ ਲਿਖਿਆ ਹੈ: “ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” ਸੱਚੇ ਮਸੀਹੀ ਤੋਹਫ਼ੇ ਦੇਣ ਲਈ ਕਿਸੇ ਖ਼ਾਸ ਦਿਨ-ਤਿਉਹਾਰ ਦੀ ਉਡੀਕ ਨਹੀਂ ਕਰਦੇ ਜਾਂ ਮਜਬੂਰੀ ਨਾਲ ਤੋਹਫ਼ੇ ਨਹੀਂ ਦਿੰਦੇ, ਸਗੋਂ ਦਿਲੋਂ ਦਿੰਦੇ ਹਨ ਅਤੇ ਅੱਗਿਓਂ ਕਿਸੇ ਤੋਂ ਤੋਹਫ਼ਿਆਂ ਦੀ ਆਸ ਨਹੀਂ ਰੱਖਦੇ। (ਲੂਕਾ 14:12-14; ਰਸੂਲਾਂ ਦੇ ਕੰਮ 20:35 ਪੜ੍ਹੋ।) ਇਸ ਤੋਂ ਇਲਾਵਾ, ਉਨ੍ਹਾਂ ਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਉਹ ਕ੍ਰਿਸਮਸ ਦੇ ਝਮੇਲਿਆਂ ਤੋਂ ਅਤੇ ਚੀਜ਼ਾਂ ਖ਼ਰੀਦ-ਖ਼ਰੀਦ ਕੇ ਕਰਜ਼ੇ ਹੇਠ ਆਉਣ ਤੋਂ ਬਚੇ ਰਹਿੰਦੇ ਹਨ।​—ਮੱਤੀ 11:28-30; ਯੂਹੰਨਾ 8:32.

8. ਕੀ ਜੋਤਸ਼ੀ ਯਿਸੂ ਲਈ ਜਨਮ-ਦਿਨ ਦੇ ਤੋਹਫ਼ੇ ਲਿਆਏ ਸਨ? ਸਮਝਾਓ।

8 ਪਰ ਕਈ ਇਹ ਦਲੀਲ ਦਿੰਦੇ ਹਨ ਕਿ ਜੋਤਸ਼ੀ ਯਿਸੂ ਲਈ ਜਨਮ-ਦਿਨ ਦੇ ਤੋਹਫ਼ੇ ਲਿਆਏ ਸਨ। ਅਸਲ ਵਿਚ, ਉਹ ਯਿਸੂ ਦੇ ਜਨਮ ਵਾਲੇ ਦਿਨ ਨਹੀਂ ਆਏ ਸਨ, ਸਗੋਂ ਕੁਝ ਮਹੀਨਿਆਂ ਬਾਅਦ ਆਏ ਸਨ। (ਮੱਤੀ 2:2, 11) ਉਸ ਵੇਲੇ ਯਿਸੂ ਪਸ਼ੂਆਂ ਦੇ ਵਾੜੇ ਵਿਚ ਨਹੀਂ, ਸਗੋਂ ਘਰ ਵਿਚ ਰਹਿ ਰਿਹਾ ਸੀ। ਨਾਲੇ, ਉਸ ਵੇਲੇ ਦੇ ਰਿਵਾਜ ਅਨੁਸਾਰ ਜੋਤਸ਼ੀ ਯਿਸੂ ਨੂੰ ਇੱਜ਼ਤ-ਮਾਣ ਦੇਣ ਲਈ ਤੋਹਫ਼ੇ ਲੈ ਕੇ ਆਏ ਸਨ ਕਿਉਂਕਿ ਉਹ ਮਸੀਹ ਸੀ।​—1 ਰਾਜਿਆਂ 10:1, 2, 10, 13.

ਮੈਂ ਕੀ ਕਰਾਂ​—ਦਿਨ-ਤਿਉਹਾਰ ਮਨਾਵਾਂ ਜਾਂ ਨਾ ਮਨਾਵਾਂ?

ਮਸੀਹੀ ਔਰਤ ਨੂੰ ਕੰਮ ਦੀ ਜਗ੍ਹਾ ਨੂੰ ਦਿਨ-ਤਿਉਹਾਰ ਲਈ ਸਜਾਉਣ ਲਈ ਕਿਹਾ ਜਾ ਰਿਹਾ, ਪਰ ਉਹ ਇਨਕਾਰ ਕਰਦੀ ਹੈ

ਬਾਈਬਲ ਦਾ ਅਸੂਲ: “‘ਉਨ੍ਹਾਂ ਵਿੱਚੋਂ ਨਿਕਲ ਆਓ ਅਤੇ ਆਪਣੇ ਆਪ ਨੂੰ ਵੱਖ ਕਰੋ,’ ਯਹੋਵਾਹ ਕਹਿੰਦਾ ਹੈ, ‘ਕਿਸੇ ਵੀ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ’”; “‘ਅਤੇ ਮੈਂ ਤੁਹਾਨੂੰ ਕਬੂਲ ਕਰਾਂਗਾ।’”​—2 ਕੁਰਿੰਥੀਆਂ 6:17.

ਆਪਣੇ ਤੋਂ ਇਹ ਸਵਾਲ ਪੁੱਛੋ

  • ਕੀ ਇਸ ਦਿਨ-ਤਿਉਹਾਰ ਦਾ ਕਿਸੇ ਗ਼ਲਤ ਧਾਰਮਿਕ ਸਿੱਖਿਆ ਜਾਂ ਅੰਧ-ਵਿਸ਼ਵਾਸ ਨਾਲ ਕੋਈ ਸੰਬੰਧ ਹੈ?​—ਯਸਾਯਾਹ 52:11; 1 ਕੁਰਿੰਥੀਆਂ 4:6; 2 ਕੁਰਿੰਥੀਆਂ 6:14-18; ਪ੍ਰਕਾਸ਼ ਦੀ ਕਿਤਾਬ 18:4.

  • ਕੀ ਇਹ ਦਿਨ-ਤਿਉਹਾਰ ਕਿਸੇ ਇਨਸਾਨ, ਸੰਗਠਨ ਜਾਂ ਕੌਮੀ ਨਿਸ਼ਾਨ ਨੂੰ ਵਡਿਆਉਂਦਾ ਹੈ?​—ਯਿਰਮਿਯਾਹ 17:5-7; ਰਸੂਲਾਂ ਦੇ ਕੰਮ 10:25, 26; 1 ਯੂਹੰਨਾ 5:21.

  • ਕੀ ਇਹ ਦਿਨ-ਤਿਉਹਾਰ ਕਿਸੇ ਕੌਮ ਜਾਂ ਨਸਲ ਨੂੰ ਦੂਜਿਆਂ ਤੋਂ ਉੱਚਾ ਚੁੱਕਦਾ ਹੈ?​—ਰਸੂਲਾਂ ਦੇ ਕੰਮ 10:34, 35; 17:26.

  • ਕੀ ਇਸ ਦਿਨ-ਤਿਉਹਾਰ ਤੋਂ ਦੁਨੀਆਂ ਦੀ ਸੋਚਣੀ ਨਜ਼ਰ ਆਉਂਦੀ ਹੈ ਜਾਂ ਪਰਮੇਸ਼ੁਰ ਦੀ ਸੋਚਣੀ?​—1 ਕੁਰਿੰਥੀਆਂ 2:12; ਅਫ਼ਸੀਆਂ 2:2.

  • ਜੇ ਮੈਂ ਇਸ ਦਿਨ-ਤਿਉਹਾਰ ਵਿਚ ਹਿੱਸਾ ਲੈਂਦਾ ਹਾਂ, ਤਾਂ ਕੀ ਮੇਰੇ ਮਸੀਹੀ ਭੈਣਾਂ-ਭਰਾਵਾਂ ਨੂੰ ਠੋਕਰ ਤਾਂ ਨਹੀਂ ਲੱਗੇਗੀ?​—ਰੋਮੀਆਂ 14:21.

  • ਜੇ ਮੈਂ ਦਿਨ-ਤਿਉਹਾਰ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕਰਦਾ ਹਾਂ, ਤਾਂ ਮੈਂ ਦੂਜਿਆਂ ਨੂੰ ਇਸ ਬਾਰੇ ਕਿੱਦਾਂ ਸਮਝਾ ਸਕਦਾ ਹਾਂ?​—ਰੋਮੀਆਂ 12:1, 2; ਕੁਲੁੱਸੀਆਂ 4:6.

ਦਿਨ-ਤਿਉਹਾਰਾਂ ਸੰਬੰਧੀ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਆਇਤਾਂ:

  • “[ਬੇਵਫ਼ਾ ਇਜ਼ਰਾਈਲੀ] ਓਹਨਾਂ ਕੌਮਾਂ ਵਿੱਚ ਰਲ ਗਏ ਅਤੇ ਉਨ੍ਹਾਂ ਨੇ ਓਹਨਾਂ ਦੇ ਕੰਮ ਸਿੱਖ ਲਏ।”​—ਜ਼ਬੂਰਾਂ ਦੀ ਪੋਥੀ 106:35.

  • “ਜਿਹੜਾ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਵਿਚ ਈਮਾਨਦਾਰ ਹੁੰਦਾ ਹੈ, ਉਹ ਵੱਡੀਆਂ ਗੱਲਾਂ ਵਿਚ ਵੀ ਈਮਾਨਦਾਰ ਹੁੰਦਾ ਹੈ ਅਤੇ ਜਿਹੜਾ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਵਿਚ ਬੇਈਮਾਨ ਹੁੰਦਾ ਹੈ, ਉਹ ਵੱਡੀਆਂ ਗੱਲਾਂ ਵਿਚ ਵੀ ਬੇਈਮਾਨ ਹੁੰਦਾ ਹੈ।”​—ਲੂਕਾ 16:10.

  • “ਤੁਸੀਂ ਦੁਨੀਆਂ ਵਰਗੇ ਨਹੀਂ ਹੋ।”​—ਯੂਹੰਨਾ 15:19.

  • “ਇਹ ਨਹੀਂ ਹੋ ਸਕਦਾ ਕਿ ਤੁਸੀਂ . . . ‘ਯਹੋਵਾਹ ਦੇ ਮੇਜ਼’ ਤੋਂ ਵੀ ਖਾਓ ਅਤੇ ਦੁਸ਼ਟ ਦੂਤਾਂ ਦੇ ਮੇਜ਼ ਤੋਂ ਵੀ ਖਾਓ।”​—1 ਕੁਰਿੰਥੀਆਂ 10:21.

  • “ਤੁਸੀਂ ਦੁਨੀਆਂ ਦੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਪਹਿਲਾਂ ਬਥੇਰਾ ਸਮਾਂ ਲਾਇਆ ਹੈ। ਉਸ ਵੇਲੇ ਤੁਸੀਂ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਦੇ ਸੀ, ਆਪਣੀਆਂ ਕਾਮ-ਵਾਸ਼ਨਾਵਾਂ ਨੂੰ ਕਾਬੂ ਵਿਚ ਨਹੀਂ ਰੱਖਦੇ ਸੀ, ਹੱਦੋਂ ਵੱਧ ਸ਼ਰਾਬਾਂ ਪੀਂਦੇ ਸੀ, ਪਾਰਟੀਆਂ ਵਿਚ ਰੰਗਰਲੀਆਂ ਮਨਾਉਂਦੇ ਸੀ, ਸ਼ਰਾਬ ਦੀਆਂ ਮਹਿਫ਼ਲਾਂ ਲਾਉਂਦੇ ਸੀ ਅਤੇ ਘਿਣਾਉਣੀ ਮੂਰਤੀ-ਪੂਜਾ ਕਰਦੇ ਸੀ।”​—1 ਪਤਰਸ 4:3.

ਜਨਮ-ਦਿਨ ਮਨਾਉਣ ਸੰਬੰਧੀ ਬਾਈਬਲ ਕੀ ਕਹਿੰਦੀ ਹੈ?

9. ਬਾਈਬਲ ਵਿਚ ਜ਼ਿਕਰ ਕੀਤੇ ਗਏ ਫ਼ਿਰਊਨ ਅਤੇ ਹੇਰੋਦੇਸ ਦੇ ਜਨਮ-ਦਿਨ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

9 ਭਾਵੇਂ ਕਿ ਬੱਚੇ ਦਾ ਜਨਮ ਖ਼ੁਸ਼ੀ ਦਾ ਮੌਕਾ ਹੁੰਦਾ ਹੈ ਪਰ ਬਾਈਬਲ ਵਿਚ ਇਹ ਕਿਤੇ ਨਹੀਂ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਕਿਸੇ ਸੇਵਕ ਨੇ ਆਪਣਾ ਜਨਮ-ਦਿਨ ਮਨਾਇਆ ਸੀ। (ਜ਼ਬੂਰਾਂ ਦੀ ਪੋਥੀ 127:3) ਕੀ ਬਾਈਬਲ ਦੇ ਲੇਖਕ ਜਨਮ-ਦਿਨ ਮਨਾਏ ਜਾਣ ਦਾ ਜ਼ਿਕਰ ਕਰਨਾ ਭੁੱਲ ਗਏ ਸਨ? ਨਹੀਂ, ਕਿਉਂਕਿ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਮਿਸਰ ਦੇ ਫ਼ਿਰਊਨ ਨੇ ਅਤੇ ਹੇਰੋਦੇਸ ਅੰਤਿਪਾਸ ਨੇ ਆਪਣੇ ਜਨਮ-ਦਿਨ ਮਨਾਏ ਸਨ। (ਉਤਪਤ 40:20-22; ਮਰਕੁਸ 6:21-29 ਪੜ੍ਹੋ।) ਪਰ ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਦੋਵਾਂ ਦੇ ਜਨਮ-ਦਿਨ ʼਤੇ ਮਾੜੀਆਂ ਘਟਨਾਵਾਂ ਘਟੀਆਂ ਸਨ, ਖ਼ਾਸ ਤੌਰ ਤੇ ਹੇਰੋਦੇਸ ਦੇ ਜਨਮ-ਦਿਨ ʼਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਵੱਢਿਆ ਗਿਆ ਸੀ।

10, 11. ਮੁਢਲੇ ਮਸੀਹੀਆਂ ਦਾ ਜਨਮ-ਦਿਨ ਮਨਾਉਣ ਪ੍ਰਤੀ ਕੀ ਨਜ਼ਰੀਆ ਸੀ ਅਤੇ ਕਿਉਂ?

10 ਦ ਵਰਲਡ ਬੁੱਕ ਐਨਸਾਈਕਲੋਪੀਡੀਆ ਵਿਚ ਕਿਹਾ ਗਿਆ ਹੈ ਕਿ “ਮੁਢਲੇ ਮਸੀਹੀ ਕਿਸੇ ਦਾ ਜਨਮ-ਦਿਨ ਮਨਾਉਣਾ ਦੂਜੇ ਧਰਮਾਂ ਦਾ ਰਿਵਾਜ ਮੰਨਦੇ ਸਨ।” ਮਿਸਾਲ ਲਈ, ਪੁਰਾਣੇ ਜ਼ਮਾਨੇ ਵਿਚ ਯੂਨਾਨੀਆਂ ਦਾ ਇਹ ਵਿਸ਼ਵਾਸ ਸੀ ਕਿ ਜਿਸ ਦਿਨ ਕੋਈ ਪੈਦਾ ਹੁੰਦਾ ਸੀ, ਉਸ ਦਿਨ ਇਕ ਫ਼ਰਿਸ਼ਤਾ ਆਉਂਦਾ ਸੀ ਅਤੇ ਉਮਰ ਭਰ ਉਸ ਦੀ ਰੱਖਿਆ ਕਰਦਾ ਸੀ। ਜਨਮ-ਦਿਨ ਬਾਰੇ ਇਕ ਕਿਤਾਬ ਮੁਤਾਬਕ “ਇਹ ਫ਼ਰਿਸ਼ਤਾ ਉਸ ਦੇਵਤੇ ਦੁਆਰਾ ਘੱਲਿਆ ਜਾਂਦਾ ਸੀ ਜਿਸ ਦਾ ਜਨਮ-ਦਿਨ ਬੱਚੇ ਦੇ ਜਨਮ-ਦਿਨ ਨਾਲ ਮਿਲਦਾ ਸੀ।” ਜੋਤਸ਼ੀਆਂ ਅਤੇ ਜਨਮ-ਕੁੰਡਲੀਆਂ ਬਣਾਉਣ ਵਾਲਿਆਂ ਲਈ ਵੀ ਜਨਮ ਦੀ ਤਾਰੀਖ਼ ਅਹਿਮੀਅਤ ਰੱਖਦੀ ਹੈ।

ਦਿਨ-ਤਿਉਹਾਰ ਅਤੇ ਸ਼ੈਤਾਨਵਾਦ

ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਸ਼ੈਤਾਨਵਾਦ ਨਾਂ ਦੇ ਧਰਮ ਵਿਚ ਸਭ ਤੋਂ ਅਹਿਮ ਦਿਨ ਜਨਮ-ਦਿਨ ਹੁੰਦਾ ਹੈ। ਕਿਉਂ? ਕਿਉਂਕਿ ਇਸ ਧਰਮ ਦੇ ਪੈਰੋਕਾਰ ਵਿਸ਼ਵਾਸ ਰੱਖਦੇ ਹਨ ਕਿ ਹਰ ਇਨਸਾਨ ਆਪਣੇ ਆਪ ਨੂੰ ਦੇਵਤਾ ਮੰਨ ਸਕਦਾ ਹੈ। ਇਸ ਲਈ ਆਪਣਾ ਜਨਮ-ਦਿਨ ਮਨਾਉਣ ਦਾ ਮਤਲਬ ਹੈ ਦੇਵਤੇ ਦਾ ਜਨਮ-ਦਿਨ ਮਨਾਉਣਾ। ਪਰ ਜ਼ਿਆਦਾਤਰ ਲੋਕ ਆਪਣੇ ਆਪ ਬਾਰੇ ਇੰਨਾ ਹੰਕਾਰੀ ਨਜ਼ਰੀਆ ਨਹੀਂ ਰੱਖਦੇ। ਜਨਮ-ਦਿਨ ਬਾਰੇ ਇਕ ਕਿਤਾਬ ਕਹਿੰਦੀ ਹੈ: “ਹੋਰ ਦਿਨ-ਤਿਉਹਾਰ ਮਨਾ ਕੇ ਇਨਸਾਨ ਆਪਣੇ ਦਿਲ ਨੂੰ ਖ਼ੁਸ਼ ਕਰਦਾ ਹੈ, ਪਰ ਜਨਮ-ਦਿਨ ਮਨਾ ਕੇ ਆਪਣੇ ਆਪ ਨੂੰ ਵਡਿਆਉਂਦਾ ਹੈ।”

11 ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਸੇਵਕ ਇਸ ਕਰਕੇ ਵੀ ਆਪਣੇ ਜਨਮ-ਦਿਨ ਨਹੀਂ ਮਨਾਉਂਦੇ ਸਨ ਕਿਉਂਕਿ ਉਹ ਹਲੀਮ ਸਨ। ਉਹ ਨਹੀਂ ਸੋਚਦੇ ਸਨ ਕਿ ਉਨ੍ਹਾਂ ਦਾ ਦੁਨੀਆਂ ਵਿਚ ਆਉਣਾ ਅਹਿਮ ਗੱਲ ਸੀ ਜਿਸ ਕਰਕੇ ਉਨ੍ਹਾਂ ਦਾ ਜਨਮ-ਦਿਨ ਮਨਾਇਆ ਜਾਵੇ।c (ਮੀਕਾਹ 6:8; ਲੂਕਾ 9:48) ਇਸ ਦੀ ਬਜਾਇ, ਉਹ ਯਹੋਵਾਹ ਦੀ ਮਹਿਮਾ ਕਰਦੇ ਸਨ ਜਿਸ ਨੇ ਉਨ੍ਹਾਂ ਨੂੰ ਜ਼ਿੰਦਗੀ ਬਖ਼ਸ਼ੀ ਸੀ।d​—ਜ਼ਬੂਰਾਂ ਦੀ ਪੋਥੀ 8:3, 4; 36:9; ਪ੍ਰਕਾਸ਼ ਦੀ ਕਿਤਾਬ 4:11.

12. ਸਾਡੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਵਧੀਆ ਕਿਉਂ ਹੈ?

12 ਉਪਦੇਸ਼ਕ ਦੀ ਪੋਥੀ 7:1 ਵਿਚ ਕਿਹਾ ਗਿਆ ਹੈ: “ਨੇਕਨਾਮੀ ਮਹਿੰਗ ਮੁਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।” ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਕੇ ਅਸੀਂ ਸਾਰੇ ਉਸ ਦੀਆਂ ਨਜ਼ਰਾਂ ਵਿਚ “ਨੇਕਨਾਮੀ” ਖੱਟਦੇ ਹਾਂ। ਜਦੋਂ ਕੋਈ ਵਫ਼ਾਦਾਰ ਭਗਤ ਮਰਦਾ ਹੈ, ਤਾਂ ਯਹੋਵਾਹ ਉਸ ਨੂੰ ਯਾਦ ਰੱਖਦਾ ਹੈ ਅਤੇ ਭਵਿੱਖ ਵਿਚ ਉਸ ਨੂੰ ਜ਼ਿੰਦਗੀ ਬਖ਼ਸ਼ਣ ਦਾ ਵਾਅਦਾ ਕਰਦਾ ਹੈ। (ਅੱਯੂਬ 14:14, 15) ਇਹ ਵੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਕਿ ਬਾਈਬਲ ਵਿਚ ਮਸੀਹੀਆਂ ਨੂੰ ਯਿਸੂ ਦਾ ਜਨਮ-ਦਿਨ ਮਨਾਉਣ ਦਾ ਨਹੀਂ, ਸਗੋਂ ਮੌਤ ਦੀ ਵਰ੍ਹੇਗੰਢ ਮਨਾਉਣ ਦਾ ਹੁਕਮ ਦਿੱਤਾ ਗਿਆ ਹੈ। ਉਸ ਨੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੰਗਾ “ਨਾਂ” ਕਮਾਇਆ ਸੀ ਅਤੇ ਉਸ ਰਾਹੀਂ ਸਾਨੂੰ ਮੁਕਤੀ ਮਿਲੇਗੀ।​—ਇਬਰਾਨੀਆਂ 1:3, 4; ਲੂਕਾ 22:17-20.

ਨਵੇਂ ਸਾਲ ਦਾ ਜਸ਼ਨ—ਮੌਜ-ਮੇਲਾ ਕਰਨ ਦਾ ਸਮਾਂ?

13, 14. ਮਸੀਹੀਆਂ ਨੂੰ ਨਵੇਂ ਸਾਲ ਦਾ ਜਸ਼ਨ ਕਿਉਂ ਨਹੀਂ ਮਨਾਉਣਾ ਚਾਹੀਦਾ?

13 ਨਵੇਂ ਸਾਲ ਦੇ ਜਸ਼ਨ ਦੀ ਸ਼ੁਰੂਆਤ ਵੀ ਹੋਰ ਧਰਮਾਂ ਵਿਚ ਹੋਈ ਸੀ। ਇਸ ਦੀ ਸ਼ੁਰੂਆਤ ਬਾਰੇ ਗੱਲ ਕਰਦੇ ਹੋਏ ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਰੋਮੀ ਸਮਰਾਟ ਜੂਲੀਅਸ ਸੀਜ਼ਰ ਨੇ 46 ਈ. ਪੂ. ਵਿਚ ਜਨਵਰੀ ਦੇ ਪਹਿਲੇ ਦਿਨ ਨੂੰ ਨਵੇਂ ਸਾਲ ਦੇ ਦਿਨ ਵਜੋਂ ਸਥਾਪਿਤ ਕੀਤਾ ਸੀ। ਰੋਮੀ ਲੋਕਾਂ ਨੇ ਇਹ ਦਿਨ ਜੇਨਸ ਨਾਂ ਦੇ ਦੇਵਤੇ ਨੂੰ ਅਰਪਿਤ ਕੀਤਾ ਸੀ ਜੋ ਫਾਟਕਾਂ, ਦਰਵਾਜ਼ਿਆਂ ਅਤੇ ਸ਼ੁਰੂਆਤ ਦਾ ਦੇਵਤਾ ਮੰਨਿਆ ਜਾਂਦਾ ਸੀ। ਇਸ ਦੇ ਦੋ ਚਿਹਰੇ ਸਨ, ਇਕ ਚਿਹਰਾ ਅੱਗੇ ਨੂੰ ਅਤੇ ਦੂਜਾ ਪਿੱਛੇ ਨੂੰ ਦੇਖਦਾ ਸੀ। ਇਸੇ ਦੇਵਤੇ ਦੇ ਨਾਂ ʼਤੇ ਜਨਵਰੀ ਮਹੀਨੇ ਦਾ ਨਾਂ ਰੱਖਿਆ ਗਿਆ ਸੀ।”

14 ਵੱਖ-ਵੱਖ ਦੇਸ਼ਾਂ ਵਿਚ ਨਵੇਂ ਸਾਲ ਨਾਲ ਜੁੜੇ ਰੀਤੀ-ਰਿਵਾਜ ਵੱਖੋ-ਵੱਖਰੇ ਹੁੰਦੇ ਹਨ ਅਤੇ ਸ਼ਾਇਦ ਇਨ੍ਹਾਂ ਦੀ ਤਾਰੀਖ਼ ਵੀ ਵੱਖਰੀ ਹੋਵੇ। ਇਕ ਕਿਤਾਬ ਵਿਚ ਇਸ ਬਾਰੇ ਕਿਹਾ ਗਿਆ ਹੈ: “ਬਹੁਤ ਸਾਰੇ ਪੱਛਮੀ ਦੇਸ਼ਾਂ ਵਿਚ ਪੁਰਾਣਾ ਸਾਲ ਖ਼ਤਮ ਹੋਣ ਅਤੇ ਨਵਾਂ ਸਾਲ ਸ਼ੁਰੂ ਹੋਣ ʼਤੇ ਲੋਕ ਨੱਚਦੇ-ਗਾਉਂਦੇ ਹਨ, ਪਾਰਟੀਆਂ ਕਰਦੇ ਹਨ, ਸ਼ਰਾਬਾਂ ਪੀਂਦੇ ਹਨ ਅਤੇ ਹੋਰ ਬਦਮਸਤੀਆਂ ਕਰਦੇ ਹਨ।” (ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ, ਮਿਥੋਲੀਜੀ ਐਂਡ ਲੈਜਨਡ) ਇਹੀ ਕਿਤਾਬ ਦੱਸਦੀ ਹੈ ਕਿ ਹੋਰ ਦੇਸ਼ਾਂ ਵਿਚ ਵੀ ‘ਨਵਾਂ ਸਾਲ ਸ਼ੁਰੂ ਹੋਣ ਤੇ ਜਸ਼ਨ ਮਨਾਏ ਜਾਂਦੇ ਹਨ।’ ਪਰ ਬਾਈਬਲ ਸਾਨੂੰ ਸਲਾਹ ਦਿੰਦੀ ਹੈ: “ਆਓ ਆਪਾਂ ਨੇਕੀ ਨਾਲ ਚੱਲੀਏ, ਜਿਵੇਂ ਦਿਨੇ ਚੱਲੀਦਾ ਹੈ, ਨਾ ਕਿ ਪਾਰਟੀਆਂ ਵਿਚ ਰੰਗਰਲੀਆਂ ਮਨਾਈਏ, ਨਾ ਸ਼ਰਾਬੀ ਹੋਈਏ, ਨਾ ਦੂਜਿਆਂ ਨਾਲ ਨਾਜਾਇਜ਼ ਸਰੀਰਕ ਸੰਬੰਧ ਰੱਖੀਏ, ਨਾ ਬੇਸ਼ਰਮ ਹੋ ਕੇ ਗ਼ਲਤ ਕੰਮ ਕਰੀਏ, ਨਾ ਲੜਾਈ-ਝਗੜਾ ਕਰੀਏ।”​—ਰੋਮੀਆਂ 13:13; 1 ਪਤਰਸ 4:3, 4; ਗਲਾਤੀਆਂ 5:19-21.

ਆਪਣੇ ਵਿਆਹ ਦੇ ਦਿਨ ਨੂੰ ਪਵਿੱਤਰ ਰੱਖੋ

15, 16. (ੳ) ਵਿਆਹ ਕਰਾਉਣ ਵਾਲੇ ਮਸੀਹੀਆਂ ਨੂੰ ਵਿਆਹ ਨਾਲ ਜੁੜੇ ਰੀਤੀ-ਰਿਵਾਜਾਂ ਦੇ ਮਾਮਲੇ ਵਿਚ ਬਾਈਬਲ ਦੇ ਅਸੂਲਾਂ ਉੱਤੇ ਕਿਉਂ ਸੋਚ-ਵਿਚਾਰ ਕਰਨਾ ਚਾਹੀਦਾ ਹੈ? (ਅ) ਮਸੀਹੀਆਂ ਨੂੰ ਵਿਆਹ ਦੌਰਾਨ ਚੌਲ ਜਾਂ ਕੋਈ ਹੋਰ ਅੰਨ ਦੇ ਦਾਣੇ ਸੁੱਟਣ ਦਾ ਰਿਵਾਜ ਕਿਉਂ ਨਹੀਂ ਕਰਨਾ ਚਾਹੀਦਾ?

15 “[ਮਹਾਂ ਬਾਬਲ] ਵਿਚ ਲਾੜੇ ਤੇ ਲਾੜੀ ਦੀ ਆਵਾਜ਼ ਦੁਬਾਰਾ ਕਦੇ ਸੁਣਾਈ ਨਹੀਂ ਦੇਵੇਗੀ।” (ਪ੍ਰਕਾਸ਼ ਦੀ ਕਿਤਾਬ 18:23) ਕਿਉਂ? ਕਿਉਂਕਿ ਜਾਦੂਗਰੀ ਦਾ ਗੜ੍ਹ ਹੋਣ ਕਰਕੇ ਮਹਾਂ ਬਾਬਲ ਦਾ ਨਾਮੋ-ਨਿਸ਼ਾਨ ਮਿੱਟ ਜਾਵੇਗਾ। ਜੇ ਕਿਸੇ ਮਸੀਹੀ ਦੇ ਵਿਆਹ ʼਤੇ ਅੰਧ-ਵਿਸ਼ਵਾਸ ਨਾਲ ਜੁੜੇ ਰੀਤੀ-ਰਿਵਾਜ ਕੀਤੇ ਜਾਂਦੇ ਹਨ, ਤਾਂ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਹੀ ਗ਼ਲਤ ਹੁੰਦੀ ਹੈ।

16 ਹਰ ਦੇਸ਼ ਵਿਚ ਵਿਆਹ ਦੇ ਰੀਤੀ-ਰਿਵਾਜ ਵੱਖੋ-ਵੱਖਰੇ ਹੁੰਦੇ ਹਨ। ਕਈ ਰੀਤੀ-ਰਿਵਾਜ ਸ਼ਾਇਦ ਸਾਨੂੰ ਗ਼ਲਤ ਨਾ ਲੱਗਣ। ਪਰ ਉਨ੍ਹਾਂ ਦਾ ਸੰਬੰਧ ਝੂਠੀਆਂ ਧਾਰਮਿਕ ਸਿੱਖਿਆਵਾਂ ਨਾਲ ਹੋ ਸਕਦਾ ਹੈ ਤੇ ਇਹ ਸ਼ਾਇਦ ਲਾੜੇ-ਲਾੜੀ ਜਾਂ ਮਹਿਮਾਨਾਂ ਨੂੰ ਬੁਰੀਆਂ ਬਲਾਵਾਂ ਤੋਂ ਬਚਾਉਣ ਲਈ ਕੀਤੇ ਜਾਂਦੇ ਹਨ। ਇਕ ਰਿਵਾਜ ਹੈ ਚੌਲ ਜਾਂ ਕੋਈ ਹੋਰ ਅੰਨ ਦੇ ਦਾਣੇ ਸੁੱਟਣੇ। ਲੋਕ ਮੰਨਦੇ ਹਨ ਕਿ ਅਨਾਜ ਨਾਲ ਬੁਰੀਆਂ ਆਤਮਾਵਾਂ ਖ਼ੁਸ਼ ਹੋ ਜਾਂਦੀਆਂ ਹਨ ਅਤੇ ਲਾੜੇ-ਲਾੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ। ਇਸ ਤੋਂ ਇਲਾਵਾ, ਚੌਲ ਜਣਨ-ਸ਼ਕਤੀ, ਖ਼ੁਸ਼ੀ ਅਤੇ ਲੰਬੀ ਉਮਰ ਲਈ ਸ਼ੁੱਭ ਮੰਨੇ ਜਾਂਦੇ ਹਨ। ਯਹੋਵਾਹ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਲਈ ਅਜਿਹੇ ਰੀਤੀ-ਰਿਵਾਜਾਂ ਤੋਂ ਦੂਰ ਰਹਿਣਾ ਚਾਹੀਦਾ ਹੈ।​—2 ਕੁਰਿੰਥੀਆਂ 6:14-18 ਪੜ੍ਹੋ।

17. ਵਿਆਹ ਦੀਆਂ ਤਿਆਰੀਆਂ ਕਰ ਰਹੇ ਮਸੀਹੀਆਂ ਅਤੇ ਰਸੈਪਸ਼ਨ ਵਿਚ ਆਏ ਮਹਿਮਾਨਾਂ ਨੂੰ ਬਾਈਬਲ ਦੇ ਕਿਹੜੇ ਅਸੂਲ ਯਾਦ ਰੱਖਣੇ ਚਾਹੀਦੇ ਹਨ?

17 ਯਹੋਵਾਹ ਦੇ ਸੇਵਕ ਦੁਨੀਆਂ ਦੇ ਲੋਕਾਂ ਦੀ ਰੀਸ ਕਰਦੇ ਹੋਏ ਵਿਆਹ ਦੇ ਦਿਨ ਜਾਂ ਰਸੈਪਸ਼ਨ ਵੇਲੇ ਇੱਦਾਂ ਦਾ ਕੋਈ ਕੰਮ ਨਹੀਂ ਕਰਦੇ ਜਿਸ ਨਾਲ ਵਿਆਹ ਦੀ ਪਵਿੱਤਰਤਾ ਘਟੇ ਜਾਂ ਕਿਸੇ ਨੂੰ ਠੋਕਰ ਲੱਗੇ। ਮਿਸਾਲ ਲਈ, ਉਹ ਵਿਆਹ ਵਿਚ ਲਾੜਾ-ਲਾੜੀ ਨੂੰ ਜਾਂ ਹੋਰਨਾਂ ਨੂੰ ਸ਼ਰਮਿੰਦਾ ਕਰਨ ਵਾਲੇ ਠੱਠੇ-ਮਸ਼ਕਰੀਆਂ ਜਾਂ ਭੱਦੇ ਮਜ਼ਾਕ ਨਹੀਂ ਕਰਦੇ ਤੇ ਨਾ ਹੀ ਗੰਦੀਆਂ ਬੋਲੀਆਂ ਪਾਉਂਦੇ ਹਨ ਜਾਂ ਲੱਚਰ ਗਾਣੇ ਲਾਉਂਦੇ ਹਨ। (ਕਹਾਉਤਾਂ 26:18, 19; ਲੂਕਾ 6:31; 10:27) ਦਿਖਾਵਾ ਕਰਨ ਲਈ ਉਹ ਵਿਆਹ ਦੀ ਰਸੈਪਸ਼ਨ ʼਤੇ ਪਾਣੀ ਵਾਂਗ ਪੈਸਾ ਨਹੀਂ ਰੋੜਦੇ ਜਾਂ ਬੇਹਿਸਾਬੀ ਸ਼ਰਾਬ ਨਹੀਂ ਵਰਤਾਉਂਦੇ। (1 ਯੂਹੰਨਾ 2:16) ਜੇ ਤੁਸੀਂ ਵਿਆਹ ਦੀਆਂ ਤਿਆਰੀਆਂ ਕਰ ਰਹੇ ਹੋ, ਤਾਂ ਇਹ ਗੱਲ ਕਦੀ ਨਾ ਭੁੱਲੋ ਕਿ ਯਹੋਵਾਹ ਚਾਹੁੰਦਾ ਹੈ ਕਿ ਤੁਹਾਨੂੰ ਆਪਣੇ ਵਿਆਹ ਦੇ ਦਿਨ ਨੂੰ ਯਾਦ ਕਰ ਕੇ ਹਮੇਸ਼ਾ ਖ਼ੁਸ਼ੀ ਹੋਵੇ, ਨਾ ਕਿ ਤੁਸੀਂ ਸ਼ਰਮਿੰਦਗੀ ਮਹਿਸੂਸ ਕਰੋ।e

ਕਿਸੇ ਦੀ ਸਲਾਮਤੀ ਦਾ ਜਾਮ ਪੀਣਾ​—ਇਕ ਧਾਰਮਿਕ ਰਸਮ

18, 19. ਕਿਸੇ ਦੀ ਸਲਾਮਤੀ ਦਾ ਜਾਮ ਪੀਣ ਦੀ ਰਸਮ ਬਾਰੇ ਇਕ ਕਿਤਾਬ ਕੀ ਕਹਿੰਦੀ ਹੈ ਅਤੇ ਮਸੀਹੀਆਂ ਨੂੰ ਇਸ ਤਰ੍ਹਾਂ ਕਿਉਂ ਨਹੀਂ ਕਰਨਾ ਚਾਹੀਦਾ?

18 ਵਿਆਹਾਂ ਅਤੇ ਹੋਰ ਪਾਰਟੀਆਂ ਵਿਚ ਕਿਸੇ ਦੀ ਸਲਾਮਤੀ ਦਾ ਜਾਮ ਪੀਣ ਜਾਂ ਜਾਮ ਨਾਲ ਜਾਮ ਟਕਰਾਉਣ ਦਾ ਰਿਵਾਜ ਆਮ ਹੈ। ਇਸ ਬਾਰੇ ਇਕ ਕਿਤਾਬ ਕਹਿੰਦੀ ਹੈ: ‘ਲੋਕ ਦੇਵਤਿਆਂ ਨੂੰ ਲਹੂ ਜਾਂ ਸ਼ਰਾਬ ਦਾ ਚੜ੍ਹਾਵਾ ਚੜ੍ਹਾਉਂਦੇ ਸਨ ਤਾਂਕਿ ਦੇਵਤੇ ਉਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਕਰਨ। ਉਹ “ਜੁਗ-ਜੁਗ ਜੀਓ” ਜਾਂ “ਸਲਾਮਤ ਰਹੋ” ਸ਼ਬਦ ਕਹਿ ਕੇ ਕਿਸੇ ਦੀ ਸਲਾਮਤੀ ਲਈ ਦੁਆ ਕਰਦੇ ਸਨ।’​—ਇੰਟਰਨੈਸ਼ਨਲ ਹੈਂਡਬੁਕ ਆਨ ਅਲਕੋਹੌਲ ਐਂਡ ਕਲਚਰ।

19 ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਕਿਸੇ ਦੀ ਸਲਾਮਤੀ ਦਾ ਜਾਮ ਪੀਣ ਨੂੰ ਕੋਈ ਧਾਰਮਿਕ ਰਸਮ ਜਾਂ ਅੰਧ-ਵਿਸ਼ਵਾਸ ਨਹੀਂ ਮੰਨਦੇ। ਪਰ ਆਪਣੇ ਗਲਾਸ ਉੱਪਰ “ਸਵਰਗ” ਵੱਲ ਚੁੱਕਣ ਦਾ ਮਤਲਬ ਹੋ ਸਕਦਾ ਹੈ ਕਿ ਕਿਸੇ ਅਲੌਕਿਕ ਸ਼ਕਤੀ ਤੋਂ ਬਰਕਤ ਮੰਗਣੀ। ਬਾਈਬਲ ਮੁਤਾਬਕ ਬਰਕਤਾਂ ਪਾਉਣ ਦਾ ਇਹ ਤਰੀਕਾ ਸਹੀ ਨਹੀਂ ਹੈ।​—ਯੂਹੰਨਾ 14:6; 16:23.f

“ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ!”

20. ਮਸੀਹੀਆਂ ਨੂੰ ਦੁਨੀਆਂ ਦੇ ਕਿਹੜੇ ਮੇਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਕਿਉਂ?

20 ਕਈ ਦੇਸ਼ਾਂ ਵਿਚ ਹਰ ਸਾਲ ਮੇਲੇ ਲੱਗਦੇ ਹਨ ਜਿਨ੍ਹਾਂ ਦਾ ਧਰਮਾਂ ਨਾਲ ਕੋਈ-ਨਾ-ਕੋਈ ਸੰਬੰਧ ਹੋ ਸਕਦਾ ਹੈ। ਇਨ੍ਹਾਂ ਮੇਲਿਆਂ ਤੋਂ ਦੁਨੀਆਂ ਦੇ ਡਿੱਗ ਰਹੇ ਚਾਲ-ਚਲਣ ਬਾਰੇ ਪਤਾ ਲੱਗਦਾ ਹੈ। ਕਈ ਮੇਲੇ ਸਿਰਫ਼ ਸਮਲਿੰਗੀ ਲੋਕਾਂ ਦੇ ਹੁੰਦੇ ਹਨ ਜਿਨ੍ਹਾਂ ਵਿਚ ਉਹ ਸ਼ਰੇਆਮ ਆਪਣੇ ਤੌਰ-ਤਰੀਕਿਆਂ ਦੀ ਨੁਮਾਇਸ਼ ਕਰਦੇ ਹਨ। ਇਨ੍ਹਾਂ ਵਿਚ ਗੰਦੇ ਨਾਚ ਕੀਤੇ ਜਾਂਦੇ ਹਨ। ਕੀ ਯਹੋਵਾਹ ਦੇ ਪ੍ਰੇਮੀਆਂ ਨੂੰ ਇੱਦਾਂ ਦੇ ਮੇਲਿਆਂ ਵਿਚ ਜਾਣਾ ਚਾਹੀਦਾ ਹੈ? ਜੇ ਉਹ ਅਜਿਹੇ ਮੇਲਿਆਂ ਵਿਚ ਜਾਂਦੇ ਹਨ, ਤਾਂ ਕੀ ਉਹ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਬੁਰਾਈ ਨਾਲ ਦਿਲੋਂ ਘਿਰਣਾ ਹੈ? (ਜ਼ਬੂਰਾਂ ਦੀ ਪੋਥੀ 1:1, 2; 97:10) ਸਾਡਾ ਰਵੱਈਆ ਵੀ ਜ਼ਬੂਰਾਂ ਦੇ ਲਿਖਾਰੀ ਵਰਗਾ ਹੋਣਾ ਚਾਹੀਦਾ ਹੈ ਜਿਸ ਨੇ ਪ੍ਰਾਰਥਨਾ ਕੀਤੀ ਸੀ: “ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ।”​—ਜ਼ਬੂਰਾਂ ਦੀ ਪੋਥੀ 119:37.

21. ਕਿਨ੍ਹਾਂ ਦਿਨ-ਤਿਉਹਾਰਾਂ ਵਿਚ ਹਿੱਸਾ ਲੈਣ ਜਾਂ ਨਾ ਲੈਣ ਬਾਰੇ ਮਸੀਹੀਆਂ ਨੂੰ ਆਪ ਫ਼ੈਸਲਾ ਕਰਨਾ ਚਾਹੀਦਾ ਹੈ?

21 ਦਿਨ-ਤਿਉਹਾਰ ʼਤੇ ਮਸੀਹੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਅਜਿਹਾ ਕੁਝ ਨਾ ਕਰਨ ਜਿਸ ਤੋਂ ਹੋਰਨਾਂ ਨੂੰ ਲੱਗੇ ਕਿ ਉਹ ਵੀ ਤਿਉਹਾਰ ਵਿਚ ਹਿੱਸਾ ਲੈ ਰਹੇ ਹਨ। ਪੌਲੁਸ ਨੇ ਕਿਹਾ ਸੀ: “ਤੁਸੀਂ ਚਾਹੇ ਖਾਂਦੇ ਚਾਹੇ ਪੀਂਦੇ ਚਾਹੇ ਕੁਝ ਹੋਰ ਕਰਦੇ ਹੋ, ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ।” (1 ਕੁਰਿੰਥੀਆਂ 10:31; “ਸਹੀ ਫ਼ੈਸਲੇ ਕਰਨੇ” ਨਾਮਕ ਡੱਬੀ ਦੇਖੋ।) ਦੂਜੇ ਪਾਸੇ, ਜੇ ਕਿਸੇ ਰੀਤੀ-ਰਿਵਾਜ ਜਾਂ ਦਿਨ-ਤਿਉਹਾਰ ਦਾ ਕਿਸੇ ਧਰਮ, ਰਾਜਨੀਤੀ ਜਾਂ ਦੇਸ਼ਭਗਤੀ ਨਾਲ ਕੋਈ ਸੰਬੰਧ ਨਾ ਹੋਵੇ ਜਾਂ ਜਿਸ ਨੂੰ ਮਨਾਉਣਾ ਬਾਈਬਲ ਦੇ ਅਸੂਲਾਂ ਦੇ ਉਲਟ ਨਾ ਹੋਵੇ, ਤਾਂ ਹਰ ਮਸੀਹੀ ਨੂੰ ਆਪ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਇਸ ਵਿਚ ਹਿੱਸਾ ਲਵੇਗਾ ਜਾਂ ਨਹੀਂ। ਇਸ ਦੇ ਨਾਲ-ਨਾਲ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ ਕਰਕੇ ਭੈਣਾਂ-ਭਰਾਵਾਂ ਨੂੰ ਠੋਕਰ ਨਾ ਲੱਗੇ।

ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਪਰਮੇਸ਼ੁਰ ਦੀ ਵਡਿਆਈ ਕਰੋ

22, 23. ਅਸੀਂ ਯਹੋਵਾਹ ਦੇ ਉੱਚੇ ਅਸੂਲਾਂ ਬਾਰੇ ਲੋਕਾਂ ਨੂੰ ਕਿਵੇਂ ਦੱਸ ਸਕਦੇ ਹਾਂ?

22 ਕਈ ਲੋਕ ਸੋਚਦੇ ਹਨ ਕਿ ਦਿਨ-ਤਿਉਹਾਰ ʼਤੇ ਸਾਰੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲਦਾ ਹੈ। ਇਸ ਲਈ ਕਈਆਂ ਨੂੰ ਲੱਗਦਾ ਹੈ ਕਿ ਜੋ ਬਾਈਬਲ ਦੇ ਅਸੂਲਾਂ ʼਤੇ ਚੱਲ ਕੇ ਇਨ੍ਹਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਦੇ ਹਨ, ਉਹ ਆਪਣੇ ਆਪ ਨੂੰ ਕੁਝ ਜ਼ਿਆਦਾ ਹੀ ਧਰਮੀ ਸਮਝਦੇ ਹਨ ਜਾਂ ਦੂਜਿਆਂ ਨੂੰ ਪਿਆਰ ਨਹੀਂ ਕਰਦੇ। ਅਸੀਂ ਉਨ੍ਹਾਂ ਨੂੰ ਸਮਝਾ ਸਕਦੇ ਹਾਂ ਕਿ ਯਹੋਵਾਹ ਦੇ ਗਵਾਹ ਆਪਣੇ ਪਰਿਵਾਰ ਤੇ ਦੋਸਤਾਂ-ਮਿੱਤਰਾਂ ਨਾਲ ਸਮਾਂ ਗੁਜ਼ਾਰਨਾ ਪਸੰਦ ਕਰਦੇ ਹਨ। (ਕਹਾਉਤਾਂ 11:25; ਉਪਦੇਸ਼ਕ ਦੀ ਪੋਥੀ 3:12, 13; 2 ਕੁਰਿੰਥੀਆਂ 9:7) ਅਸੀਂ ਆਪਣੇ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦਾ ਸਾਥ ਮਾਣਨ ਲਈ ਕਿਸੇ ਖ਼ਾਸ ਦਿਨ ਦਾ ਇੰਤਜ਼ਾਰ ਨਹੀਂ ਕਰਦੇ, ਪਰ ਯਹੋਵਾਹ ਨਾਲ ਪਿਆਰ ਕਰਨ ਕਰਕੇ ਅਸੀਂ ਅਜਿਹੇ ਖ਼ੁਸ਼ੀ ਭਰੇ ਮੌਕਿਆਂ ਨੂੰ ਗ਼ਲਤ ਰੀਤੀ-ਰਿਵਾਜਾਂ ਨਾਲ ਮਲੀਨ ਨਹੀਂ ਕਰਨਾ ਚਾਹੁੰਦੇ।​— “ਸ਼ੁੱਧ ਭਗਤੀ ਕਰਨ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ” ਨਾਮਕ ਡੱਬੀ ਦੇਖੋ।

ਸ਼ੁੱਧ ਭਗਤੀ ਕਰਨ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ

ਯਹੋਵਾਹ ਖ਼ੁਸ਼ ਰਹਿੰਦਾ ਹੈ ਅਤੇ ਉਹ ਆਪਣੇ ਲੋਕਾਂ ਲਈ ਵੀ ਖ਼ੁਸ਼ੀਆਂ ਚਾਹੁੰਦਾ ਹੈ। ਇਹ ਗੱਲ ਥੱਲੇ ਦਿੱਤੀਆਂ ਆਇਤਾਂ ਤੋਂ ਵੀ ਪਤਾ ਲੱਗਦੀ ਹੈ:

  • “ਚੰਗੇ ਦਿਲ ਵਾਲਾ ਸਦਾ ਦਾਉਤਾਂ ਉਡਾਉਂਦਾ ਹੈ।”​—ਕਹਾਉਤਾਂ 15:15.

  • “ਮੈਂ ਸੱਚ ਜਾਣਦਾ ਹਾਂ ਭਈ ਓਹਨਾਂ ਦੇ ਲਈ ਇਸ ਨਾਲੋਂ ਵਧੀਕ ਹੋਰ ਕੁਝ ਚੰਗਾ ਨਹੀਂ ਜੋ ਅਨੰਦ ਹੋਣ ਅਤੇ ਆਪਣੇ ਜੀਉਂਦੇ ਜੀ ਭਲਿਆਈ ਕਰ ਲੈਣ। ਇਹ ਵੀ ਜੋ ਹਰੇਕ ਆਦਮੀ ਖਾਵੇ ਪੀਵੇ ਅਤੇ ਆਪੋ ਆਪਣੇ ਧੰਦੇ ਦਾ ਲਾਭ ਭੋਗੇ, ਤਾਂ ਇਹ ਵੀ ਪਰਮੇਸ਼ੁਰ ਦੀ ਦਾਤ ਹੈ।”​—ਉਪਦੇਸ਼ਕ ਦੀ ਪੋਥੀ 3:12, 13.

  • “ਖੁਲ੍ਹੇ ਦਿਲ ਵਾਲੇ ਮਨੁੱਖ ਨੂੰ ਅਸੀਸ ਮਿਲਦੀ ਹੈ।”​—ਕਹਾਉਤਾਂ 11:25, CL.

  • “ਹੇ ਥੱਕੇ ਅਤੇ ਭਾਰ ਹੇਠ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ [ਯਿਸੂ] ਤੁਹਾਨੂੰ ਤਰੋ-ਤਾਜ਼ਾ ਕਰਾਂਗਾ . . . ਕਿਉਂਕਿ ਮੇਰਾ ਜੂਲਾ ਚੁੱਕਣਾ ਆਸਾਨ ਹੈ ਅਤੇ ਮੈਂ ਤੁਹਾਨੂੰ ਜੋ ਚੁੱਕਣ ਲਈ ਕਹਿੰਦਾ ਹਾਂ, ਉਹ ਭਾਰਾ ਨਹੀਂ ਹੈ।”​—ਮੱਤੀ 11:28, 30.

  • “ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।”​—ਯੂਹੰਨਾ 8:32.

  • “ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”​—2 ਕੁਰਿੰਥੀਆਂ 9:7.

  • “ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਇਹ ਗੁਣ ਪੈਦਾ ਹੁੰਦੇ ਹਨ: ਪਿਆਰ, ਖ਼ੁਸ਼ੀ, ਸ਼ਾਂਤੀ, ਦਇਆ, ਭਲਾਈ।”​—ਗਲਾਤੀਆਂ 5:22.

  • “ਚਾਨਣ ਦਾ ਫਲ ਹੈ ਹਰ ਤਰ੍ਹਾਂ ਦੀ ਭਲਾਈ ਅਤੇ ਧਾਰਮਿਕਤਾ ਅਤੇ ਸੱਚ।”​—ਅਫ਼ਸੀਆਂ 5:9.

23 ਲੋਕਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣ ਲਈ ਕੁਝ ਯਹੋਵਾਹ ਦੇ ਗਵਾਹਾਂ ਨੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ 16ਵੇਂ ਅਧਿਆਇ ਵਿਚ ਦਿੱਤੀ ਜਾਣਕਾਰੀ ਇਸਤੇਮਾਲ ਕੀਤੀ ਹੈ।g ਇਹ ਯਾਦ ਰੱਖੋ ਕਿ ਸਾਡਾ ਟੀਚਾ ਲੋਕਾਂ ਨਾਲ ਬਹਿਸ ਕਰਨੀ ਨਹੀਂ, ਸਗੋਂ ਉਨ੍ਹਾਂ ਦੇ ਦਿਲ ਜਿੱਤਣਾ ਹੈ। ਇਸ ਲਈ ਸਾਨੂੰ ਸਤਿਕਾਰ ਨਾਲ ਸ਼ਾਂਤ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਅਤੇ ‘ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਸਾਨੂੰ ਸਲੀਕੇ ਨਾਲ ਗੱਲ ਕਰਨੀ ਚਾਹੀਦੀ ਹੈ।’​—ਕੁਲੁੱਸੀਆਂ 4:6.

24, 25. ਯਹੋਵਾਹ ਨਾਲ ਪਿਆਰ ਕਰਨ ਅਤੇ ਉਸ ਉੱਤੇ ਨਿਹਚਾ ਕਰਨ ਵਿਚ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?

24 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅਸੀਂ ਕਿਉਂ ਕੁਝ ਦਿਨ-ਤਿਉਹਾਰ ਮਨਾਉਂਦੇ ਹਾਂ ਤੇ ਕੁਝ ਨਹੀਂ। (ਇਬਰਾਨੀਆਂ 5:14) ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਾਈਬਲ ਦੇ ਅਸੂਲਾਂ ਉੱਤੇ ਸੋਚ-ਵਿਚਾਰ ਕਰਨਾ ਸਿਖਾਉਣ। ਇਸ ਤਰ੍ਹਾਂ ਕਰ ਕੇ ਤੁਸੀਂ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰੋਗੇ ਅਤੇ ਉਨ੍ਹਾਂ ਨੂੰ ਯਕੀਨ ਦਿਵਾਓਗੇ ਕਿ ਯਹੋਵਾਹ ਉਨ੍ਹਾਂ ਨਾਲ ਪਿਆਰ ਕਰਦਾ ਹੈ। ਇਸ ਦੇ ਨਾਲ-ਨਾਲ ਉਹ ਸਿੱਖਣਗੇ ਕਿ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਬਾਈਬਲ ਵਿੱਚੋਂ ਕਿਵੇਂ ਸਮਝਾਉਣਾ ਹੈ।​—ਯਸਾਯਾਹ 48:17, 18; 1 ਪਤਰਸ 3:15.

25 “ਸੱਚਾਈ” ਨਾਲ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਲੋਕ ਦਿਨ-ਤਿਉਹਾਰਾਂ ਤੋਂ ਦੂਰ ਰਹਿਣ ਤੋਂ ਇਲਾਵਾ ਹਰ ਗੱਲ ਵਿਚ ਈਮਾਨਦਾਰ ਰਹਿਣ ਦੀ ਕੋਸ਼ਿਸ਼ ਵੀ ਕਰਦੇ ਹਨ। (ਯੂਹੰਨਾ 4:23) ਅੱਜ ਕਈ ਕਹਿੰਦੇ ਹਨ ਕਿ ਈਮਾਨਦਾਰੀ ਤੋਂ ਕੰਮ ਲੈਣਾ ਬੇਵਕੂਫ਼ੀ ਹੈ। ਪਰ ਜਿਵੇਂ ਅਸੀਂ ਅਗਲੇ ਅਧਿਆਇ ਵਿਚ ਦੇਖਾਂਗੇ, ਪਰਮੇਸ਼ੁਰ ਦੇ ਅਸੂਲਾਂ ʼਤੇ ਚੱਲ ਕੇ ਹਮੇਸ਼ਾ ਸਾਡਾ ਭਲਾ ਹੁੰਦਾ ਹੈ।

a “ਮੈਂ ਕੀ ਕਰਾਂ—ਦਿਨ-ਤਿਉਹਾਰ ਮਨਾਵਾਂ ਜਾਂ ਨਾ ਮਨਾਵਾਂ?” ਨਾਮਕ ਡੱਬੀ ਦੇਖੋ। ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਵਾਚ ਟਾਵਰ ਪਬਲੀਕੇਸ਼ਨ ਇੰਡੈਕਸ ਵਿਚ ਕਈ ਦਿਨ-ਤਿਉਹਾਰਾਂ ਦੀ ਸੂਚੀ ਦਿੱਤੀ ਗਈ ਹੈ।

b ਬਾਈਬਲ ਵਿਚ ਦੱਸੀਆਂ ਗੱਲਾਂ ਅਤੇ ਇਤਿਹਾਸ ਦੇ ਆਧਾਰ ʼਤੇ ਇਹ ਕਿਹਾ ਜਾ ਸਕਦਾ ਹੈ ਕਿ ਯਿਸੂ ਯਹੂਦੀਆਂ ਦੇ ਕਲੰਡਰ ਮੁਤਾਬਕ ਏਥਾਨੀਮ ਦੇ ਮਹੀਨੇ ਪੈਦਾ ਹੋਇਆ ਸੀ ਜੋ ਸਾਡੇ ਕਲੰਡਰ ਦੇ ਹਿਸਾਬ ਨਾਲ ਸਤੰਬਰ/ਅਕਤੂਬਰ ਦੇ ਮਹੀਨੇ ਆਉਂਦਾ ਹੈ।​—ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਐਨਸਾਈਕਲੋਪੀਡੀਆ ਇਨਸਾਈਟ ਔਨ ਦ ਸਕ੍ਰਿਪਚਰਸ, ਖੰਡ 2, ਸਫ਼ੇ 56-57 ਦੇਖੋ।

c “ਦਿਨ-ਤਿਉਹਾਰ ਅਤੇ ਸ਼ੈਤਾਨਵਾਦ” ਨਾਮਕ ਡੱਬੀ ਦੇਖੋ।

d ਮੂਸਾ ਦੇ ਕਾਨੂੰਨ ਮੁਤਾਬਕ, ਬੱਚਾ ਹੋਣ ਤੋਂ ਬਾਅਦ ਮਾਂ ਨੂੰ ਯਹੋਵਾਹ ਸਾਮ੍ਹਣੇ ਪਾਪ ਦੀ ਬਲ਼ੀ ਚੜ੍ਹਾਉਣੀ ਪੈਂਦੀ ਸੀ। (ਲੇਵੀਆਂ 12:1-8) ਇਸ ਨਾਲ ਮਾਂ-ਬਾਪ ਨੂੰ ਯਾਦ ਰਹਿੰਦਾ ਸੀ ਕਿ ਉਹ ਆਪਣੇ ਬੱਚੇ ਨੂੰ ਵਿਰਸੇ ਵਿਚ ਪਾਪ ਦੇ ਰਹੇ ਸਨ ਜੋ ਖ਼ੁਸ਼ੀ ਦੀ ਗੱਲ ਨਹੀਂ ਸੀ। ਇਸ ਕਰਕੇ ਉਹ ਦੂਜੇ ਧਰਮਾਂ ਦੇ ਲੋਕਾਂ ਵਾਂਗ ਜਨਮ-ਦਿਨ ਨਹੀਂ ਮਨਾਉਂਦੇ ਸਨ।​—ਜ਼ਬੂਰਾਂ ਦੀ ਪੋਥੀ 51:5.

e ਵਿਆਹਾਂ ਅਤੇ ਪਾਰਟੀਆਂ ਬਾਰੇ ਪਹਿਰਾਬੁਰਜ 15 ਅਕਤੂਬਰ 2006 ਸਫ਼ੇ 18-31 ਉੱਤੇ ਦਿੱਤੇ ਤਿੰਨ ਲੇਖ ਦੇਖੋ।

f ਪਹਿਰਾਬੁਰਜ 15 ਫਰਵਰੀ 2007 ਸਫ਼ੇ 30-31 ਦੇਖੋ।

g ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

ਸਹੀ ਫ਼ੈਸਲੇ ਕਰਨੇ

ਕਈ ਵਾਰ ਇੱਦਾਂ ਦੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਕਰਕੇ ਸਾਡੀ ਪਰਖ ਹੁੰਦੀ ਹੈ ਕਿ ਅਸੀਂ ਯਹੋਵਾਹ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ ਅਤੇ ਸਾਨੂੰ ਬਾਈਬਲ ਦੇ ਅਸੂਲਾਂ ਦੀ ਕਿੰਨੀ ਕੁ ਸਮਝ ਹੈ। ਮਿਸਾਲ ਲਈ, ਇਕ ਮਸੀਹੀ ਭੈਣ ਦਾ ਪਤੀ ਸੱਚਾਈ ਵਿਚ ਨਹੀਂ ਹੈ। ਇਕ ਦਿਨ ਕਿਸੇ ਦਿਨ-ਤਿਉਹਾਰ ਉੱਤੇ ਉਨ੍ਹਾਂ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਖਾਣੇ ʼਤੇ ਬੁਲਾਇਆ ਜਾਂਦਾ ਹੈ। ਪਤੀ ਆਪਣੀ ਪਤਨੀ ਨੂੰ ਆਪਣੇ ਨਾਲ ਖਾਣੇ ʼਤੇ ਜਾਣ ਲਈ ਕਹਿੰਦਾ ਹੈ। ਕੁਝ ਮਸੀਹੀ ਪਤਨੀਆਂ ਸ਼ਾਇਦ ਖਾਣੇ ʼਤੇ ਚੱਲੀਆਂ ਜਾਣ ਅਤੇ ਕੁਝ ਨਾ ਜਾਣ। ਜੇ ਮਸੀਹੀ ਪਤਨੀ ਖਾਣੇ ʼਤੇ ਚੱਲੀ ਜਾਂਦੀ ਹੈ, ਤਾਂ ਉਸ ਨੂੰ ਸਾਫ਼-ਸਾਫ਼ ਦਿਖਾਉਣਾ ਚਾਹੀਦਾ ਹੈ ਕਿ ਉਹ ਤਿਉਹਾਰ ਵਿਚ ਹਿੱਸਾ ਨਹੀਂ ਲੈ ਰਹੀ ਅਤੇ ਉਹ ਸਿਰਫ਼ ਰਿਸ਼ਤੇਦਾਰਾਂ ਨਾਲ ਬੈਠ ਕੇ ਖਾਣਾ ਖਾਣ ਹੀ ਆਈ ਹੈ।

ਖਾਣੇ ʼਤੇ ਜਾਣ ਤੋਂ ਪਹਿਲਾਂ ਹੀ ਪਤਨੀ ਨੂੰ ਆਪਣੇ ਪਤੀ ਨਾਲ ਗੱਲ ਕਰ ਕੇ ਸਮਝਾਉਣਾ ਚਾਹੀਦਾ ਹੈ ਕਿ ਸ਼ਾਇਦ ਰਿਸ਼ਤੇਦਾਰ ਉਸ ਉੱਤੇ ਤਿਉਹਾਰ ਵਿਚ ਹਿੱਸਾ ਲੈਣ ਦਾ ਦਬਾਅ ਪਾਉਣ, ਪਰ ਉਹ ਹਿੱਸਾ ਨਹੀਂ ਲਵੇਗੀ। ਇਸ ਕਰਕੇ ਪਤੀ ਨੂੰ ਸ਼ਰਮਿੰਦਗੀ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਇਸ ਲਈ ਉਸ ਦਾ ਪਤੀ ਸ਼ਾਇਦ ਉਸ ਦਿਨ ਖਾਣੇ ʼਤੇ ਨਾ ਜਾਣ ਦਾ ਫ਼ੈਸਲਾ ਕਰੇ।​—1 ਪਤਰਸ 3:15.

ਆਪਣੀ ਪਤਨੀ ਦੀ ਗੱਲ ਸੁਣਨ ਤੋਂ ਬਾਅਦ ਜੇ ਪਤੀ ਉਸ ਉੱਤੇ ਜਾਣ ਲਈ ਜ਼ੋਰ ਪਾਉਂਦਾ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ? ਉਹ ਸੋਚ ਸਕਦੀ ਹੈ ਕਿ ਪਰਿਵਾਰ ਦਾ ਸਿਰ ਹੋਣ ਕਰਕੇ ਪਰਿਵਾਰ ਦਾ ਢਿੱਡ ਭਰਨਾ ਪਤੀ ਦੀ ਜ਼ਿੰਮੇਵਾਰੀ ਹੈ। (ਕੁਲੁੱਸੀਆਂ 3:18) ਦਿਨ-ਤਿਉਹਾਰ ਵਾਲੇ ਦਿਨ ਪਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਆਪਣੇ ਪਰਿਵਾਰ ਨੂੰ ਰਿਸ਼ਤੇਦਾਰ ਦੇ ਘਰ ਲੈ ਜਾ ਰਿਹਾ ਹੈ। ਪਤਨੀ ਨੂੰ ਉੱਥੇ ਜਾ ਕੇ ਯਹੋਵਾਹ ਬਾਰੇ ਦੱਸਣ ਦਾ ਮੌਕਾ ਮਿਲ ਸਕਦਾ ਹੈ। ਨਾਲੇ ਦਿਨ-ਤਿਉਹਾਰ ਹੋਣ ਕਰਕੇ ਖਾਣਾ ਕਿਹੜਾ ਅਸ਼ੁੱਧ ਹੋ ਜਾਂਦਾ ਹੈ? (1 ਕੁਰਿੰਥੀਆਂ 8:8) ਪਤਨੀ ਸੋਚ ਸਕਦੀ ਹੈ ਕਿ ਉਹ ਖਾਣਾ ਖਾ ਕੇ ਤਿਉਹਾਰ ਵਿਚ ਹਿੱਸਾ ਨਹੀਂ ਲੈ ਰਹੀ ਹੋਵੇਗੀ। ਪਰ ਉਸ ਨੂੰ ਤਿਉਹਾਰ ਦੀਆਂ ਸ਼ੁੱਭ ਕਾਮਨਾਵਾਂ ਦੇਣ, ਗਾਣੇ ਗਾਉਣ ਜਾਂ ਹੋਰ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ।

ਪਤਨੀ ਨੂੰ ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਉਸ ਦਿਨ ਖਾਣੇ ʼਤੇ ਜਾਣ ਨਾਲ ਹੋਰ ਗਵਾਹ ਕੀ ਸੋਚਣਗੇ। ਇਹ ਨਾ ਹੋਵੇ ਕਿ ਇਸ ਬਾਰੇ ਪਤਾ ਲੱਗਣ ʼਤੇ ਦੂਜੇ ਗਵਾਹਾਂ ਨੂੰ ਠੋਕਰ ਲੱਗੇ।​—1 ਕੁਰਿੰਥੀਆਂ 8:9; 10:23, 24.

ਇਸ ਤੋਂ ਇਲਾਵਾ, ਕੀ ਰਿਸ਼ਤੇਦਾਰ ਪਤਨੀ ਉੱਤੇ ਯਹੋਵਾਹ ਦੇ ਅਸੂਲ ਤੋੜਨ ਦਾ ਦਬਾਅ ਪਾਉਣਗੇ? ਸ਼ਰਮਿੰਦਗੀ ਤੋਂ ਬਚਣ ਲਈ ਉਹ ਸ਼ਾਇਦ ਉਨ੍ਹਾਂ ਦੇ ਦਬਾਅ ਥੱਲੇ ਆ ਜਾਵੇ। ਇਸ ਲਈ ਪਹਿਲਾਂ ਤੋਂ ਹੀ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਲੈਣਾ ਚਾਹੀਦਾ ਹੈ, ਤਾਂਕਿ ਬਾਅਦ ਵਿਚ ਉਸ ਦੀ ਜ਼ਮੀਰ ਉਸ ਨੂੰ ਤੰਗ ਨਾ ਕਰੇ।​—ਰਸੂਲਾਂ ਦੇ ਕੰਮ 24:16.

ਕੀ ਮੈਨੂੰ ਦਿਨ-ਤਿਉਹਾਰ ʼਤੇ ਮਿਲਣ ਵਾਲਾ ਬੋਨਸ ਲੈ ਲੈਣਾ ਚਾਹੀਦਾ ਹੈ?

ਜੇ ਦਿਨ-ਤਿਉਹਾਰ ʼਤੇ ਕਿਸੇ ਮਸੀਹੀ ਦਾ ਮਾਲਕ ਉਸ ਨੂੰ ਕੋਈ ਤੋਹਫ਼ਾ ਜਾਂ ਬੋਨਸ ਦੇਵੇ, ਤਾਂ ਕੀ ਉਸ ਨੂੰ ਇਹ ਲੈਣ ਤੋਂ ਇਨਕਾਰ ਕਰਨਾ ਚਾਹੀਦਾ ਹੈ? ਜ਼ਰੂਰੀ ਨਹੀਂ। ਮਾਲਕ ਸ਼ਾਇਦ ਇਹ ਸੋਚੇ ਵੀ ਨਾ ਕਿ ਬੋਨਸ ਲੈਣ ਨਾਲ ਤੁਸੀਂ ਤਿਉਹਾਰ ਮਨਾ ਰਹੇ ਹੋ। ਉਹ ਸਾਰਿਆਂ ਨੂੰ ਸ਼ਾਇਦ ਕੰਪਨੀ ਨੂੰ ਹੋਏ ਨਫ਼ੇ ਵਿੱਚੋਂ ਕੁਝ ਹਿੱਸਾ ਦੇ ਰਿਹਾ ਹੈ। ਜਾਂ ਬੋਨਸ ਦੇ ਕੇ ਉਹ ਸਾਲ ਭਰ ਮਿਹਨਤ ਕਰਨ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕਰ ਰਿਹਾ ਹੋਵੇ ਤੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਦੀ ਹੱਲਾਸ਼ੇਰੀ ਦੇ ਰਿਹਾ ਹੋਵੇ। ਉਹ ਸ਼ਾਇਦ ਸਾਰੇ ਧਰਮਾਂ ਦੇ ਕਰਮਚਾਰੀਆਂ ਨੂੰ ਤੋਹਫ਼ੇ ਦੇ ਰਿਹਾ ਹੈ, ਚਾਹੇ ਉਹ ਤਿਉਹਾਰ ਮਨਾਉਂਦੇ ਹੋਣ ਜਾਂ ਨਾ। ਜ਼ਰੂਰੀ ਨਹੀਂ ਕਿ ਜੇ ਤਿਉਹਾਰ ਦੇ ਨਾਂ ʼਤੇ ਬੋਨਸ ਜਾਂ ਤੋਹਫ਼ਾ ਦਿੱਤਾ ਜਾਂਦਾ ਹੈ, ਤਾਂ ਯਹੋਵਾਹ ਦੇ ਗਵਾਹ ਇਸ ਨੂੰ ਸਵੀਕਾਰ ਨਾ ਕਰਨ।

ਜੇ ਕਿਸੇ ਤਿਉਹਾਰ ʼਤੇ ਤੁਹਾਨੂੰ ਤੋਹਫ਼ਾ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਸਵੀਕਾਰ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਤੋਹਫ਼ਾ ਦੇਣ ਵਾਲੇ ਦੇ ਧਾਰਮਿਕ ਵਿਸ਼ਵਾਸਾਂ ਨਾਲ ਸਹਿਮਤ ਹੋ। ਰਿਸ਼ਤੇਦਾਰ ਜਾਂ ਕੋਈ ਹੋਰ ਵਿਅਕਤੀ ਗਵਾਹ ਨੂੰ ਸ਼ਾਇਦ ਕਹੇ, “ਮੈਂ ਜਾਣਦਾ ਹਾਂ ਕਿ ਤੁਸੀਂ ਤਿਉਹਾਰ ਨਹੀਂ ਮਨਾਉਂਦੇ, ਪਰ ਫਿਰ ਵੀ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ ਹਾਂ।” ਜੇ ਉਸ ਮਸੀਹੀ ਦੀ ਜ਼ਮੀਰ ਉਸ ਨੂੰ ਇਜਾਜ਼ਤ ਦਿੰਦੀ ਹੈ, ਤਾਂ ਉਹ ਉਸ ਦਾ ਧੰਨਵਾਦ ਕਰਦੇ ਹੋਏ ਤੋਹਫ਼ਾ ਲੈ ਸਕਦਾ ਹੈ। (ਰਸੂਲਾਂ ਦੇ ਕੰਮ 23:1) ਫਿਰ ਬਾਅਦ ਵਿਚ ਕਿਸੇ ਹੋਰ ਸਮੇਂ ਉਹ ਤੋਹਫ਼ਾ ਦੇਣ ਵਾਲੇ ਨੂੰ ਨਾਰਾਜ਼ ਕੀਤੇ ਬਿਨਾਂ ਆਪਣੇ ਵਿਸ਼ਵਾਸਾਂ ਬਾਰੇ ਸਮਝਾ ਸਕਦਾ ਹੈ।

ਹੋ ਸਕਦਾ ਹੈ ਕਿ ਤੋਹਫ਼ਾ ਦੇਣ ਵਾਲਾ ਵਿਅਕਤੀ ਇਹ ਦੇਖਣ ਲਈ ਤੋਹਫ਼ਾ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਸੀਂ ਆਪਣੇ ਵਿਸ਼ਵਾਸਾਂ ਉੱਤੇ ਪੱਕੇ ਰਹੋਗੇ ਜਾਂ ਫਿਰ ਤੋਹਫ਼ੇ ਦੇ ਲਾਲਚ ਵਿਚ ਆ ਕੇ ਆਪਣੇ ਵਿਸ਼ਵਾਸਾਂ ਨੂੰ ਭੁੱਲ ਜਾਓਗੇ। ਜੇ ਇਸ ਤਰ੍ਹਾਂ ਹੈ, ਤਾਂ ਤੁਹਾਨੂੰ ਤੋਹਫ਼ਾ ਲੈਣ ਤੋਂ ਸਾਫ਼ ਇਨਕਾਰ ਕਰ ਦੇਣਾ ਚਾਹੀਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਸਿਰਫ਼ ਯਹੋਵਾਹ ਦੀ ਹੀ ਭਗਤੀ ਕਰਨ ਦਾ ਇਰਾਦਾ ਕੀਤਾ ਹੈ।​—ਮੱਤੀ 4:8-10.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ