ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਪਰਮੇਸ਼ੁਰ ਤੇ ਇਨਸਾਨਾਂ ਦੀ ਨਜ਼ਰ ਵਿਚ ਆਦਰਯੋਗ ਵਿਆਹ-ਸ਼ਾਦੀ
    ਪਹਿਰਾਬੁਰਜ—2006 | ਅਕਤੂਬਰ 15
    • ਪਰਮੇਸ਼ੁਰ ਤੇ ਇਨਸਾਨਾਂ ਦੀ ਨਜ਼ਰ ਵਿਚ ਆਦਰਯੋਗ ਵਿਆਹ-ਸ਼ਾਦੀ

      “ਕਾਨਾ ਵਿੱਚ ਇੱਕ ਵਿਆਹ ਹੋਇਆ ਅਤੇ . . . ਯਿਸੂ ਅਰ ਉਹ ਦੇ ਚੇਲੇ ਵੀ ਵਿਆਹ ਵਿੱਚ ਬੁਲਾਏ ਗਏ।”—ਯੂਹੰਨਾ 2:1, 2.

      1. ਕਾਨਾ ਵਿਚ ਹੋਏ ਵਿਆਹ ਦੇ ਬਿਰਤਾਂਤ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

      ਯਿਸੂ, ਉਸ ਦੀ ਮਾਤਾ ਅਤੇ ਉਸ ਦੇ ਕਈ ਚੇਲੇ ਵਿਆਹ ਦੇ ਮੌਕੇ ਤੇ ਮਿਲਣ ਵਾਲੀਆਂ ਖ਼ੁਸ਼ੀਆਂ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਕਾਨਾ ਵਿਚ ਹੋਏ ਇਕ ਵਿਆਹ ਵਿਚ ਤਾਂ ਯਿਸੂ ਨੇ ਆਪਣਾ ਪਹਿਲਾ ਚਮਤਕਾਰ ਕਰ ਕੇ ਉਸ ਵਿਆਹ ਦੇ ਸ਼ੁਭ ਮੌਕੇ ਦੀਆਂ ਖ਼ੁਸ਼ੀਆਂ ਨੂੰ ਚਾਰ ਚੰਨ ਲਾ ਦਿੱਤੇ ਸਨ। (ਯੂਹੰਨਾ 2:1-11) ਤੁਸੀਂ ਵੀ ਯਹੋਵਾਹ ਦੇ ਭਗਤਾਂ ਦੇ ਵਿਆਹਾਂ ਵਿਚ ਗਏ ਹੋਵੋਗੇ। ਜਾਂ ਹੋ ਸਕਦਾ ਹੈ ਕਿ ਤੁਹਾਡਾ ਆਪਣਾ ਵਿਆਹ ਹੋਣ ਵਾਲਾ ਹੈ ਜਾਂ ਤੁਸੀਂ ਆਪਣੇ ਕਿਸੇ ਦੋਸਤ ਦੇ ਵਿਆਹ ਦੀਆਂ ਤਿਆਰੀਆਂ ਕਰਨ ਵਿਚ ਉਸ ਦਾ ਹੱਥ ਵਟਾ ਰਹੇ ਹੋ। ਖ਼ੁਸ਼ੀ ਦੇ ਇਸ ਮੌਕੇ ਦੀ ਤਿਆਰੀ ਕਰਨ ਵੇਲੇ ਅਸੀਂ ਕਿਨ੍ਹਾਂ ਕੁਝ ਗੱਲਾਂ ਨੂੰ ਚੇਤੇ ਰੱਖ ਸਕਦੇ ਹਾਂ?

      2. ਬਾਈਬਲ ਵਿਆਹ-ਸ਼ਾਦੀ ਬਾਰੇ ਕੀ ਕਹਿੰਦੀ ਹੈ?

      2 ਯਹੋਵਾਹ ਦੇ ਗਵਾਹਾਂ ਨੇ ਦੇਖਿਆ ਹੈ ਕਿ ਵਿਆਹ-ਸ਼ਾਦੀ ਦੇ ਮਾਮਲੇ ਵਿਚ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਸਲਾਹ ਉੱਤੇ ਚੱਲਣਾ ਬਹੁਤ ਫ਼ਾਇਦੇਮੰਦ ਹੈ। (2 ਤਿਮੋਥਿਉਸ 3:16, 17) ਬਾਈਬਲ ਮਸੀਹੀਆਂ ਨੂੰ ਇਹ ਨਹੀਂ ਦੱਸਦੀ ਹੈ ਕਿ ਉਨ੍ਹਾਂ ਨੂੰ ਵਿਆਹ ਕਿਵੇਂ ਕਰਾਉਣਾ ਚਾਹੀਦਾ ਹੈ ਕਿਉਂਕਿ ਜ਼ਮਾਨੇ ਦੇ ਬਦਲਣ ਨਾਲ ਵਿਆਹ ਦੀਆਂ ਰਸਮਾਂ ਵੀ ਬਦਲ ਜਾਂਦੀਆਂ ਹਨ। ਇਸ ਤੋਂ ਇਲਾਵਾ, ਹਰ ਥਾਂ ਦੇ ਆਪੋ-ਆਪਣੇ ਰੀਤੀ-ਰਿਵਾਜ ਅਤੇ ਕਾਨੂੰਨ ਹੁੰਦੇ ਹਨ। ਮਿਸਾਲ ਲਈ, ਪ੍ਰਾਚੀਨ ਇਸਰਾਏਲ ਵਿਚ ਵਿਆਹ ਬਹੁਤ ਸਾਦੇ ਹੁੰਦੇ ਸਨ। ਵਿਆਹ ਵਾਲੇ ਦਿਨ ਲਾੜਾ ਜਾ ਕੇ ਕੁੜੀ ਨੂੰ ਆਪਣੇ ਘਰ ਜਾਂ ਆਪਣੇ ਪਿਉ ਦੇ ਘਰ ਲੈ ਆਉਂਦਾ ਸੀ। (ਉਤਪਤ 24:67; ਯਸਾਯਾਹ 61:10; ਮੱਤੀ 1:24) ਉਨ੍ਹੀਂ ਦਿਨੀਂ ਇਸੇ ਨੂੰ ਵਿਆਹ ਦੀ ਰਸਮ ਮੰਨਿਆ ਜਾਂਦਾ ਸੀ।

      3. ਕਾਨਾ ਵਿਚ ਯਿਸੂ ਨੇ ਕਿਸ ਮੌਕੇ ਤੇ ਚਮਤਕਾਰ ਕੀਤਾ ਸੀ?

      3 ਪ੍ਰਾਚੀਨ ਇਸਰਾਏਲ ਵਿਚ ਮੁੰਡੇ ਵਾਲੇ ਕੁੜੀ ਨੂੰ ਘਰ ਲਿਆਉਣ ਤੋਂ ਬਾਅਦ ਵਿਆਹ ਦੀ ਖ਼ੁਸ਼ੀ ਵਿਚ ਦਾਅਵਤ ਦਿੰਦੇ ਸਨ। ਇਸ ਦੀ ਇਕ ਮਿਸਾਲ ਯੂਹੰਨਾ 2:1 ਵਿਚ ਦਿੱਤੀ ਗਈ ਹੈ। ਪੰਜਾਬੀ ਬਾਈਬਲਾਂ ਵਿਚ ਇਸ ਆਇਤ ਵਿਚ ਸਿਰਫ਼ ਇੰਨਾ ਹੀ ਦੱਸਿਆ ਹੈ ਕਿ ‘ਕਾਨਾ ਵਿੱਚ ਇੱਕ ਵਿਆਹ ਹੋਇਆ।’ ਪਰ ਮੂਲ ਬਾਈਬਲ ਵਿਚ ਜਿਹੜਾ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਸ ਦਾ ਸਹੀ ਮਤਲਬ ਹੈ ‘ਵਿਆਹ ਭੋਜ।’a ਇਸ ਦੀਆਂ ਕੁਝ ਮਿਸਾਲਾਂ ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਮੱਤੀ 22:2-10; 25:10 ਅਤੇ ਲੂਕਾ 14:8 ਵਿਚ ਦੇਖੀਆਂ ਜਾ ਸਕਦੀਆਂ ਹਨ। ਕਾਨਾ ਵਿਚ ਹੋਏ ਵਿਆਹ ਦਾ ਪੂਰਾ ਬਿਰਤਾਂਤ ਪੜ੍ਹਨ ਤੇ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਵਿਆਹ ਦੀ ਦਾਅਵਤ ਵਿਚ ਗਿਆ ਸੀ ਤੇ ਉੱਥੇ ਉਸ ਨੇ ਚਮਤਕਾਰ ਕਰ ਕੇ ਪਾਣੀ ਨੂੰ ਮੈ ਵਿਚ ਬਦਲਿਆ ਸੀ। ਪਰ ਅੱਜ-ਕੱਲ੍ਹ ਵਿਆਹ-ਸ਼ਾਦੀ ਕਰਨ ਦਾ ਢੰਗ ਬਹੁਤ ਬਦਲ ਗਿਆ ਹੈ।

      4. ਕਈ ਮਸੀਹੀ ਕਿਹੋ ਜਿਹਾ ਵਿਆਹ ਕਰਾਉਣਾ ਪਸੰਦ ਕਰਦੇ ਹਨ ਅਤੇ ਕਿਉਂ?

      4 ਅੱਜ ਕਈ ਦੇਸ਼ਾਂ ਵਿਚ ਮਸੀਹੀਆਂ ਨੂੰ ਵਿਆਹ ਕਰਾਉਣ ਲਈ ਕਈ ਕਾਨੂੰਨੀ ਮੰਗਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਕਾਨੂੰਨੀ ਮੰਗਾਂ ਪੂਰੀਆਂ ਕਰਨ ਤੋਂ ਬਾਅਦ ਉਹ ਕਿਸੇ ਵੀ ਜਾਇਜ਼ ਤਰੀਕੇ ਨਾਲ ਵਿਆਹ ਕਰਾ ਸਕਦੇ ਹਨ। ਮਿਸਾਲ ਲਈ, ਕੁਝ ਲੋਕ ਆਪਣਾ ਵਿਆਹ ਜੱਜ ਜਾਂ ਮੇਅਰ ਦੀ ਹਾਜ਼ਰੀ ਵਿਚ ਜਾਂ ਫਿਰ ਸਰਕਾਰ ਵੱਲੋਂ ਨਿਯੁਕਤ ਕੀਤੇ ਕਿਸੇ ਮੈਰਿਜ ਰਜਿਸਟਰਾਰ ਦੀ ਹਾਜ਼ਰੀ ਵਿਚ ਕਰਾਉਂਦੇ ਹਨ। ਉਹ ਸ਼ਾਇਦ ਆਪਣੇ ਕੁਝ ਸਕੇ-ਸੰਬੰਧੀਆਂ ਜਾਂ ਦੋਸਤਾਂ-ਮਿੱਤਰਾਂ ਨੂੰ ਇਸ ਖ਼ੁਸ਼ੀ ਦੇ ਮੌਕੇ ਤੇ ਸੱਦਣ ਜਾਂ ਫਿਰ ਸ਼ਾਇਦ ਉਹ ਇਕ-ਅੱਧ ਲੋਕਾਂ ਨੂੰ ਆਪਣੇ ਵਿਆਹ ਦੇ ਚਸ਼ਮਦੀਦ ਗਵਾਹਾਂ ਦੇ ਤੌਰ ਤੇ ਦਸਤਖਤ ਕਰਨ ਲਈ ਬੁਲਾਉਣ। (ਯਿਰਮਿਯਾਹ 33:11; ਯੂਹੰਨਾ 3:29) ਇਸੇ ਤਰ੍ਹਾਂ, ਕੁਝ ਮਸੀਹੀ ਵਿਆਹ ਦੀ ਵੱਡੀ ਸਾਰੀ ਦਾਅਵਤ ਦੇਣ ਦੀ ਬਜਾਇ ਥੋੜ੍ਹੇ ਜਿਹੇ ਦੋਸਤਾਂ-ਮਿੱਤਰਾਂ ਨੂੰ ਖਾਣੇ ਤੇ ਸੱਦ ਲੈਂਦੇ ਹਨ। ਚਾਹੇ ਅਸੀਂ ਵੱਡੀ ਦਾਅਵਤ ਰੱਖੀਏ ਜਾਂ ਛੋਟੀ, ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਇਸ ਮਾਮਲੇ ਵਿਚ ਸਾਰਿਆਂ ਦੀ ਆਪੋ-ਆਪਣੀ ਪਸੰਦ ਹੁੰਦੀ ਹੈ।—ਰੋਮੀਆਂ 14:3, 4.

      5. ਮਸੀਹੀਆਂ ਦੇ ਵਿਆਹਾਂ ਵਿਚ ਅਕਸਰ ਬਾਈਬਲ ਉੱਤੇ ਆਧਾਰਿਤ ਭਾਸ਼ਣ ਕਿਉਂ ਦਿੱਤਾ ਜਾਂਦਾ ਹੈ ਅਤੇ ਇਸ ਵਿਚ ਕੀ ਕੁਝ ਦੱਸਿਆ ਜਾਂਦਾ ਹੈ?

      5 ਆਮ ਤੌਰ ਤੇ ਯਹੋਵਾਹ ਦੇ ਗਵਾਹਾਂ ਦੇ ਵਿਆਹ ਵੇਲੇ ਕਿੰਗਡਮ ਹਾਲ ਵਿਚ ਜਾਂ ਮੈਰਿਜ-ਹਾਲ ਵਿਚ ਬਾਈਬਲ-ਆਧਾਰਿਤ ਭਾਸ਼ਣ ਦਿੱਤਾ ਜਾਂਦਾ ਹੈ।b ਕਿਉਂ? ਕਿਉਂਕਿ ਉਹ ਜਾਣਦੇ ਹਨ ਕਿ ਵਿਆਹ ਦਾ ਪ੍ਰਬੰਧ ਯਹੋਵਾਹ ਵੱਲੋਂ ਹੈ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਆਪਣੇ ਬਚਨ ਵਿਚ ਵਧੀਆ ਸਲਾਹ ਦਿੱਤੀ ਹੈ ਜਿਸ ਤੇ ਚੱਲ ਕੇ ਪਤੀ-ਪਤਨੀ ਆਪਣੀ ਵਿਆਹੁਤਾ ਜ਼ਿੰਦਗੀ ਦਾ ਸੁਖ ਮਾਣ ਸਕਦੇ ਹਨ। (ਉਤਪਤ 2:22-24; ਮਰਕੁਸ 10:6-9; ਅਫ਼ਸੀਆਂ 5:22-33) ਜ਼ਿਆਦਾਤਰ ਨਵ-ਵਿਆਹੇ ਜੋੜੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰ ਤੇ ਦੋਸਤ-ਮਿੱਤਰ ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਾਮਲ ਹੋਣ। ਪਰ ਵੱਖ-ਵੱਖ ਥਾਵਾਂ ਤੇ ਵੱਖੋ-ਵੱਖਰੇ ਕਾਨੂੰਨੀ ਨਿਯਮ, ਮੰਗਾਂ ਅਤੇ ਰੀਤੀ-ਰਿਵਾਜ ਹੁੰਦੇ ਹਨ। ਸਾਨੂੰ ਇਨ੍ਹਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ? ਇਸ ਲੇਖ ਵਿਚ ਅਸੀਂ ਕੁਝ ਥਾਵਾਂ ਦੀਆਂ ਕਾਨੂੰਨੀ ਮੰਗਾਂ ਬਾਰੇ ਚਰਚਾ ਕਰਾਂਗੇ। ਇਨ੍ਹਾਂ ਵਿੱਚੋਂ ਕਈ ਸ਼ਾਇਦ ਤੁਹਾਡੇ ਦੇਸ਼ ਜਾਂ ਸਮਾਜ ਦੀਆਂ ਕਾਨੂੰਨੀ ਮੰਗਾਂ ਤੋਂ ਵੱਖਰੀਆਂ ਹੋਣ। ਪਰ ਫਿਰ ਵੀ ਅਸੀਂ ਕੁਝ ਆਮ ਸਿਧਾਂਤਾਂ ਵੱਲ ਧਿਆਨ ਦੇ ਸਕਦੇ ਹਾਂ ਜੋ ਪਰਮੇਸ਼ੁਰ ਦੇ ਸੇਵਕਾਂ ਲਈ ਮਹੱਤਵਪੂਰਣ ਹਨ।

      ਕਾਨੂੰਨ ਦੀ ਪਾਲਣਾ ਕਰੋ

      6, 7. ਸਾਨੂੰ ਵਿਆਹ ਸੰਬੰਧੀ ਕਾਨੂੰਨੀ ਮੰਗਾਂ ਕਿਉਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਕਿਵੇਂ?

      6 ਇਹ ਸੱਚ ਹੈ ਕਿ ਯਹੋਵਾਹ ਨੇ ਵਿਆਹ ਦੀ ਸ਼ੁਰੂਆਤ ਕੀਤੀ ਸੀ। ਪਰ ਮਨੁੱਖੀ ਸਰਕਾਰਾਂ ਦੁਆਰਾ ਵਿਆਹ-ਸ਼ਾਦੀ ਸੰਬੰਧੀ ਬਣਾਏ ਗਏ ਕਾਨੂੰਨਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ। ਇੱਦਾਂ ਕਰਨਾ ਸਹੀ ਹੈ ਕਿਉਂਕਿ ਯਿਸੂ ਨੇ ਕਿਹਾ ਸੀ ਕਿ “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ।” (ਮਰਕੁਸ 12:17) ਪੌਲੁਸ ਰਸੂਲ ਨੇ ਵੀ ਹਿਦਾਇਤ ਦਿੱਤੀ ਸੀ: “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੀ ਵੱਲੋਂ ਨਾ ਹੋਵੇ ਅਤੇ ਜਿੰਨੀਆਂ ਹਕੂਮਤਾਂ ਹਨ ਓਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ।”—ਰੋਮੀਆਂ 13:1; ਤੀਤੁਸ 3:1.

      7 ਜ਼ਿਆਦਾਤਰ ਦੇਸ਼ਾਂ ਵਿਚ “ਕੈਸਰ” ਯਾਨੀ ਸਰਕਾਰ ਦੁਆਰਾ ਵਿਆਹ-ਸ਼ਾਦੀ ਸੰਬੰਧੀ ਕਈ ਕਾਨੂੰਨ ਹੁੰਦੇ ਹਨ। ਸੋ ਜਦੋਂ ਮਸੀਹੀ ਮੁੰਡਾ-ਕੁੜੀ ਵਿਆਹ ਕਰਾਉਣ ਦਾ ਫ਼ੈਸਲਾ ਕਰਦੇ ਹਨ, ਤਾਂ ਉਹ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਕਾਨੂੰਨ ਮੁਤਾਬਕ ਉਨ੍ਹਾਂ ਨੂੰ ਸ਼ਾਇਦ ਲਸੰਸ ਲੈਣਾ ਪਵੇ ਜਾਂ ਸਰਕਾਰ ਦੁਆਰਾ ਠਹਿਰਾਏ ਮੈਰਿਜ ਰਜਿਸਟਰਾਰ ਕੋਲ ਜਾਣਾ ਪਵੇ। ਹੋ ਸਕਦਾ ਕਿ ਉਨ੍ਹਾਂ ਨੂੰ ਆਪਣਾ ਵਿਆਹ ਰਜਿਸਟਰ ਵੀ ਕਰਾਉਣਾ ਪਵੇ। ਪਹਿਲੀ ਸਦੀ ਵਿਚ ਜਦੋਂ ਕੈਸਰ ਔਗੂਸਤੁਸ ਨੇ ਪੂਰੇ ਰੋਮੀ ਸਾਮਰਾਜ ਵਿਚ “ਮਰਦੁਮਸ਼ੁਮਾਰੀ” ਕਰਾਈ ਸੀ, ਤਾਂ ਉਸ ਨੇ ਨਾਗਰਿਕਾਂ ਨੂੰ ਆਪੋ-ਆਪਣੇ ਜੱਦੀ ਪਿੰਡ ਜਾ ਕੇ ਨਾਂ ਰਜਿਸਟਰ ਕਰਨ ਦਾ ਹੁਕਮ ਦਿੱਤਾ ਸੀ। ਉਦੋਂ ਯੂਸੁਫ਼ ਤੇ ਮਰਿਯਮ ਨੇ ਆਪਣਾ ‘ਨਾਉਂ ਲਿਖਾਉਣ’ ਲਈ ਬੈਤਲਹਮ ਜਾ ਕੇ ਕਾਨੂੰਨ ਦੀ ਪਾਲਣਾ ਕੀਤੀ ਸੀ।—ਲੂਕਾ 2:1-5.

      8. ਵਿਆਹ ਦਾ ਬੰਧਨ ਕਿੰਨੇ ਚਿਰ ਲਈ ਹੁੰਦਾ ਹੈ ਅਤੇ ਯਹੋਵਾਹ ਦੇ ਗਵਾਹ ਕਿਵੇਂ ਦਿਖਾਉਂਦੇ ਹਨ ਕਿ ਉਹ ਇਸ ਗੱਲ ਨੂੰ ਮੰਨਦੇ ਹਨ?

      8 ਜਦੋਂ ਮਸੀਹੀ ਮੁੰਡਾ-ਕੁੜੀ ਕਾਨੂੰਨ ਅਨੁਸਾਰ ਵਿਆਹ ਕਰਾਉਂਦੇ ਹਨ, ਤਾਂ ਪਰਮੇਸ਼ੁਰ ਦੀ ਨਜ਼ਰ ਵਿਚ ਉਹ ਜ਼ਿੰਦਗੀ ਭਰ ਲਈ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝ ਜਾਂਦੇ ਹਨ। ਸੋ ਯਹੋਵਾਹ ਦੇ ਗਵਾਹ ਵਾਰ-ਵਾਰ ਵਿਆਹ ਦੀਆਂ ਰਸਮਾਂ ਨਹੀਂ ਦੁਹਰਾਉਂਦੇ ਅਤੇ ਨਾ ਹੀ ਉਹ 25ਵੀਂ ਜਾਂ 50ਵੀਂ ਵਰ੍ਹੇ-ਗੰਢ ਤੇ ਇਕ-ਦੂਜੇ ਦਾ ਜੀਵਨ-ਭਰ ਸਾਥ ਨਿਭਾਉਣ ਦਾ ਫਿਰ ਤੋਂ ਵਾਅਦਾ ਕਰਦੇ ਹਨ। (ਮੱਤੀ 5:37) (ਕੁਝ ਪਾਦਰੀ ਕਹਿੰਦੇ ਹਨ ਕਿ ਸਿਵਲ ਜਾਂ ਕੋਰਟ ਮੈਰਿਜ ਨੂੰ ਉਦੋਂ ਤਕ ਜਾਇਜ਼ ਵਿਆਹ ਨਹੀਂ ਮੰਨਿਆ ਜਾ ਸਕਦਾ ਜਦ ਤਕ ਕੋਈ ਪਾਦਰੀ ਮੁੰਡੇ-ਕੁੜੀ ਦਾ ਵਿਆਹ ਕਰਾ ਕੇ ਉਨ੍ਹਾਂ ਨੂੰ ਪਤੀ-ਪਤਨੀ ਕਰਾਰ ਨਾ ਦੇਵੇ।) ਕਈ ਦੇਸ਼ਾਂ ਵਿਚ ਕੁਝ ਯਹੋਵਾਹ ਦੇ ਗਵਾਹਾਂ ਨੂੰ ਮੈਰਿਜ ਰਜਿਸਟਰਾਰ ਦੇ ਤੌਰ ਤੇ ਨਿਯੁਕਤ ਕੀਤਾ ਜਾਂਦਾ ਹੈ। ਇਸ ਲਈ ਵਿਆਹ ਦਾ ਭਾਸ਼ਣ ਦੇਣ ਮਗਰੋਂ ਵਿਆਹ ਦੀ ਰਸਮ ਕਿੰਗਡਮ ਹਾਲ ਵਿਚ ਹੀ ਪੂਰੀ ਕੀਤੀ ਜਾ ਸਕਦੀ ਹੈ। ਕਿੰਗਡਮ ਹਾਲ ਵਿਚ ਯਹੋਵਾਹ ਪਰਮੇਸ਼ੁਰ ਦੀ ਭਗਤੀ ਕੀਤੀ ਜਾਂਦੀ ਹੈ, ਸੋ ਇੱਥੇ ਵਿਆਹ ਦੇ ਪਵਿੱਤਰ ਬੰਧਨ ਬਾਰੇ ਭਾਸ਼ਣ ਦੇਣਾ ਉਚਿਤ ਹੋਵੇਗਾ।

      9. (ੳ) ਸਿਵਲ ਮੈਰਿਜ ਕਰਾਉਣ ਤੋਂ ਬਾਅਦ ਮੁੰਡਾ-ਕੁੜੀ ਕੀ ਕਰ ਸਕਦੇ ਹਨ? (ਅ) ਕਿੰਗਡਮ ਹਾਲ ਦੀ ਵਰਤੋਂ ਸੰਬੰਧੀ ਕਲੀਸਿਯਾ ਦੇ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਹੈ?

      9 ਕੁਝ ਦੇਸ਼ਾਂ ਵਿਚ ਮੁੰਡੇ-ਕੁੜੀ ਨੂੰ ਸਰਕਾਰੀ ਦਫ਼ਤਰ ਜਾ ਕੇ ਵਿਆਹ ਕਰਾਉਣਾ ਪੈਂਦਾ ਹੈ ਜਿਵੇਂ ਕਿ ਸਿਟੀ ਹਾਲ ਵਿਚ ਜਾਂ ਕਿਸੇ ਸਰਕਾਰੀ ਅਫ਼ਸਰ ਦੇ ਦਫ਼ਤਰ ਵਿਚ। ਕਾਨੂੰਨੀ ਰਸਮ ਪੂਰੀ ਕਰਨ ਤੋਂ ਬਾਅਦ ਉਸੇ ਦਿਨ ਜਾਂ ਅਗਲੇ ਦਿਨ ਕਿੰਗਡਮ ਹਾਲ ਵਿਚ ਵਿਆਹ ਦਾ ਭਾਸ਼ਣ ਦਿੱਤਾ ਜਾ ਸਕਦਾ ਹੈ। (ਇਹ ਜਲਦ ਤੋਂ ਜਲਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਿਵਲ ਮੈਰਿਜ ਕਰਾਉਣ ਤੇ ਮੁੰਡਾ-ਕੁੜੀ ਪਰਮੇਸ਼ੁਰ, ਇਨਸਾਨ ਅਤੇ ਮਸੀਹੀ ਕਲੀਸਿਯਾ ਦੀ ਨਜ਼ਰ ਵਿਚ ਵਿਆਹੇ ਹੋਏ ਹਨ।) ਜੇ ਲਾੜਾ-ਲਾੜੀ ਸਿਵਲ ਮੈਰਿਜ ਕਰਨ ਤੋਂ ਬਾਅਦ ਕਿੰਗਡਮ ਹਾਲ ਦੀ ਵਰਤੋਂ ਕਰਨ ਬਾਰੇ ਸੋਚ ਰਹੇ ਹਨ, ਤਾਂ ਉਨ੍ਹਾਂ ਨੂੰ ਪਹਿਲਾਂ ਹੀ ਉੱਥੇ ਦੀ ਕਲੀਸਿਯਾ ਸੇਵਾ ਕਮੇਟੀ ਦੇ ਬਜ਼ੁਰਗਾਂ ਦੀ ਇਜਾਜ਼ਤ ਲੈ ਲੈਣੀ ਚਾਹੀਦੀ ਹੈ। ਬਜ਼ੁਰਗ ਪੱਕਾ ਕਰਨਗੇ ਕਿ ਮੁੰਡੇ-ਕੁੜੀ ਦੋਨਾਂ ਦੀ ਕਲੀਸਿਯਾ ਵਿਚ ਨੇਕਨਾਮੀ ਹੈ। ਉਹ ਧਿਆਨ ਰੱਖਣਗੇ ਕਿ ਜਿਸ ਸਮੇਂ ਮੁੰਡਾ-ਕੁੜੀ ਹਾਲ ਨੂੰ ਵਰਤਣਾ ਚਾਹੁੰਦੇ ਹਨ, ਉਹ ਸਮਾਂ ਕਲੀਸਿਯਾ ਦੀ ਕਿਸੇ ਸਭਾ ਜਾਂ ਹੋਰ ਪ੍ਰੋਗ੍ਰਾਮਾਂ ਦਾ ਸਮਾਂ ਨਾ ਹੋਵੇ। (1 ਕੁਰਿੰਥੀਆਂ 14:33, 40) ਜੇ ਮੁੰਡਾ-ਕੁੜੀ ਕਿੰਗਡਮ ਹਾਲ ਨੂੰ ਸਜਾਉਣਾ ਚਾਹੁੰਦੇ ਹਨ, ਤਾਂ ਪਹਿਲਾਂ ਉਨ੍ਹਾਂ ਨੂੰ ਬਜ਼ੁਰਗਾਂ ਦੀ ਇਜਾਜ਼ਤ ਲੈਣੀ ਚਾਹੀਦੀ ਹੈ। ਬਜ਼ੁਰਗ ਫ਼ੈਸਲਾ ਕਰਨਗੇ ਕਿ ਵਿਆਹ ਦੇ ਇਸ ਪ੍ਰੋਗ੍ਰਾਮ ਬਾਰੇ ਕਲੀਸਿਯਾ ਵਿਚ ਘੋਸ਼ਣਾ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ।

      10. ਜੇ ਮੁੰਡੇ-ਕੁੜੀ ਨੇ ਸਿਵਲ ਮੈਰਿਜ ਕਰਾ ਲਈ ਹੈ, ਤਾਂ ਇਸ ਦਾ ਵਿਆਹ ਦੇ ਭਾਸ਼ਣ ਉੱਤੇ ਕੀ ਅਸਰ ਪਵੇਗਾ?

      10 ਵਿਆਹ ਦਾ ਭਾਸ਼ਣ ਦੇਣ ਵਾਲਾ ਮਸੀਹੀ ਬਜ਼ੁਰਗ ਬੜੇ ਪਿਆਰ ਅਤੇ ਆਦਰ ਭਰੇ ਅੰਦਾਜ਼ ਨਾਲ ਨਵ-ਵਿਆਹੁਤਾ ਜੋੜੇ ਨੂੰ ਪਰਮੇਸ਼ੁਰੀ ਅਸੂਲਾਂ ਤੇ ਚੱਲਣ ਦੀ ਪ੍ਰੇਰਣਾ ਦੇਵੇਗਾ। ਜੇ ਜੋੜੇ ਦੀ ਸਿਵਲ ਮੈਰਿਜ ਹੋ ਚੁੱਕੀ ਹੈ, ਤਾਂ ਭਾਸ਼ਣਕਾਰ ਇਸ ਦਾ ਜ਼ਿਕਰ ਕਰੇਗਾ। ਜੇ ਕਾਨੂੰਨੀ ਰਸਮ ਦੌਰਾਨ ਜੋੜੇ ਨੇ ਇਕ-ਦੂਜੇ ਦਾ ਜੀਵਨ-ਭਰ ਸਾਥ ਨਿਭਾਉਣ ਦੀ ਸਹੁੰ ਨਹੀਂ ਖਾਧੀ ਸੀ, ਤਾਂ ਉਹ ਭਾਸ਼ਣ ਦੌਰਾਨ ਇਹ ਸਹੁੰ ਖਾ ਸਕਦੇ ਹਨ।c ਪਰ ਜੇ ਸਿਵਲ ਮੈਰਿਜ ਕਰਾਉਣ ਵੇਲੇ ਉਨ੍ਹਾਂ ਨੇ ਸਹੁੰ ਖਾਧੀ ਸੀ, ਲੇਕਿਨ ਉਹ ਯਹੋਵਾਹ ਅਤੇ ਕਲੀਸਿਯਾ ਦੇ ਸਾਮ੍ਹਣੇ ਫਿਰ ਤੋਂ ਸਹੁੰ ਖਾਣੀ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਭੂਤਕਾਲ ਵਿਚ ਵਾਕ ਬੋਲਣੇ ਚਾਹੀਦੇ ਹਨ ਜਿਵੇਂ ‘ਮੈਂ ਤੈਨੂੰ ਆਪਣੀ ਪਤਨੀ ਸਵੀਕਾਰ ਕਰਦਾ ਹਾਂ’ ਦੀ ਥਾਂ ‘ਮੈਂ ਤੈਨੂੰ ਆਪਣੀ ਪਤਨੀ ਸਵੀਕਾਰ ਕਰ ਚੁੱਕਾ ਹਾਂ’ ਵਗੈਰਾ। ਇਸ ਤਰ੍ਹਾਂ ਉਹ ਦਿਖਾਉਣਗੇ ਕਿ ਉਹ ਕਾਨੂੰਨੀ ਤੌਰ ਤੇ ਪਹਿਲਾਂ ਹੀ ‘ਜੋੜ ਦਿੱਤੇ’ ਗਏ ਹਨ।—ਮੱਤੀ 19:6; 22:21.

      11. ਕਈ ਥਾਵਾਂ ਤੇ ਵਿਆਹ ਕਿਵੇਂ ਹੁੰਦਾ ਹੈ ਅਤੇ ਇਸ ਦਾ ਵਿਆਹ ਦੇ ਭਾਸ਼ਣ ਉੱਤੇ ਕੀ ਅਸਰ ਪੈਂਦਾ ਹੈ?

      11 ਕਈ ਦੇਸ਼ਾਂ ਵਿਚ ਵਿਆਹ ਸੰਬੰਧੀ ਕੋਈ ਕਾਨੂੰਨੀ ਰਸਮ ਨਹੀਂ ਹੁੰਦੀ। ਵਿਆਹ ਕਰਾਉਣ ਲਈ ਮੁੰਡੇ-ਕੁੜੀ ਨੂੰ ਸਿਰਫ਼ ਰਜਿਸਟਰੇਸ਼ਨ ਫਾਰਮ ਤੇ ਦਸਤਖਤ ਕਰ ਕੇ ਫਾਰਮ ਸਰਕਾਰੀ ਅਧਿਕਾਰੀ ਨੂੰ ਦੇਣਾ ਪੈਂਦਾ ਹੈ ਜਿਸ ਤੇ ਵਿਆਹ ਰਜਿਸਟਰ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਪਤੀ-ਪਤਨੀ ਮੰਨੇ ਜਾਂਦੇ ਹਨ ਅਤੇ ਫਾਰਮ ਤੇ ਦਿੱਤੀ ਤਾਰੀਖ਼ ਹੀ ਉਨ੍ਹਾਂ ਦੇ ਵਿਆਹ ਦੀ ਤਾਰੀਖ਼ ਹੁੰਦੀ ਹੈ। ਵਿਆਹ ਰਜਿਸਟਰ ਕਰਾਉਣ ਤੋਂ ਬਾਅਦ ਨਵ-ਵਿਆਹੁਤਾ ਜੋੜਾ ਕਿੰਗਡਮ ਹਾਲ ਵਿਚ ਕਲੀਸਿਯਾ ਦੇ ਕਿਸੇ ਮਸੀਹੀ ਬਜ਼ੁਰਗ ਨੂੰ ਵਿਆਹ ਦਾ ਭਾਸ਼ਣ ਦੇਣ ਲਈ ਕਹਿ ਸਕਦਾ ਹੈ। ਭਾਸ਼ਣਕਾਰ ਮਹਿਮਾਨਾਂ ਨੂੰ ਦੱਸੇਗਾ ਕਿ ਲਾੜੇ-ਲਾੜੀ ਦਾ ਵਿਆਹ ਰਜਿਸਟਰ ਹੋ ਚੁੱਕਾ ਹੈ। ਉਨ੍ਹਾਂ ਦੁਆਰਾ ਇਕ-ਦੂਜੇ ਦਾ ਜੀਵਨ-ਭਰ ਸਾਥ ਨਿਭਾਉਣ ਦੀ ਸਹੁੰ ਖਾਣ ਸੰਬੰਧੀ ਪੈਰਾ 10 ਅਤੇ ਉਸ ਦੇ ਫੁਟਨੋਟ ਵਿਚ ਦਿੱਤੀ ਜਾਣਕਾਰੀ ਅਨੁਸਾਰ ਚੱਲੋ। ਸਾਰੇ ਮਹਿਮਾਨ ਨਵ-ਵਿਆਹੁਤਾ ਜੋੜੇ ਦੀ ਖ਼ੁਸ਼ੀ ਵਿਚ ਸ਼ਰੀਕ ਹੁੰਦੇ ਹਨ ਅਤੇ ਉਹ ਭਾਸ਼ਣ ਵਿਚ ਦਿੱਤੀ ਸਲਾਹ ਤੋਂ ਲਾਭ ਹਾਸਲ ਕਰਦੇ ਹਨ।—ਸਰੇਸ਼ਟ ਗੀਤ 3:11.

      ਰਵਾਇਤੀ ਵਿਆਹ ਅਤੇ ਸਿਵਲ ਮੈਰਿਜ

      12. ਰਵਾਇਤੀ ਵਿਆਹ ਕੀ ਹੁੰਦਾ ਹੈ ਅਤੇ ਇਹੋ ਜਿਹਾ ਵਿਆਹ ਕਰਾਉਣ ਤੋਂ ਬਾਅਦ ਕੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ?

      12 ਕੁਝ ਦੇਸ਼ਾਂ ਵਿਚ ਵਿਆਹ ਰਵਾਇਤੀ ਤਰੀਕੇ ਨਾਲ ਹੁੰਦਾ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਮੁੰਡਾ-ਕੁੜੀ ਵਿਆਹ ਕੀਤੇ ਬਿਨਾਂ ਇਕੱਠੇ ਰਹਿੰਦੇ ਹਨ? ਨਹੀਂ, ਸਗੋਂ ਰਵਾਇਤੀ ਵਿਆਹ ਉਹ ਹੁੰਦਾ ਹੈ ਜੋ ਕਿਸੇ ਕਬੀਲੇ ਜਾਂ ਸਮਾਜ ਦੇ ਰਸਮਾਂ-ਰਿਵਾਜਾਂ ਮੁਤਾਬਕ ਕੀਤਾ ਜਾਂਦਾ ਹੈ। ਮਿਸਾਲ ਲਈ, ਕੁਝ ਸਮਾਜਾਂ ਵਿਚ ਮੁੰਡੇ ਵੱਲੋਂ ਕੁੜੀ ਦੇ ਮਾਪਿਆਂ ਨੂੰ ਕੁਝ ਕੀਮਤ ਅਦਾ ਕਰਨੀ ਹੀ ਵਿਆਹ ਦੀ ਰਸਮ ਮੰਨੀ ਜਾਂਦੀ ਹੈ। ਸਰਕਾਰ ਇਸ ਨੂੰ ਕਾਨੂੰਨੀ ਵਿਆਹ ਮੰਨਦੀ ਹੈ। ਇਸ ਲਈ ਰਵਾਇਤੀ ਵਿਆਹ ਕਰਾਉਣ ਵਾਲੇ ਮੁੰਡਾ-ਕੁੜੀ ਸਰਕਾਰ ਦੀਆਂ ਨਜ਼ਰਾਂ ਵਿਚ ਅਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਵਿਆਹੇ ਹੋਏ ਹਨ। ਰਵਾਇਤੀ ਵਿਆਹ ਕਰਨ ਤੋਂ ਬਾਅਦ ਆਮ ਤੌਰ ਤੇ ਮੁੰਡਾ-ਕੁੜੀ ਸਰਕਾਰੀ ਦਫ਼ਤਰ ਜਾ ਕੇ ਆਪਣਾ ਵਿਆਹ ਰਜਿਸਟਰ ਕਰਾ ਲੈਂਦੇ ਹਨ ਜਿਸ ਤੇ ਉਨ੍ਹਾਂ ਨੂੰ ਵਿਆਹ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਸ ਸਰਟੀਫਿਕੇਟ ਦੇ ਬਹੁਤ ਫ਼ਾਇਦੇ ਹੁੰਦੇ ਹਨ। ਮਿਸਾਲ ਲਈ, ਜੇ ਪਤੀ ਦੀ ਅਚਾਨਕ ਮੌਤ ਹੋ ਜਾਵੇ, ਤਾਂ ਇਹ ਸਰਟੀਫਿਕੇਟ ਉਸ ਦੀ ਵਿਧਵਾ ਅਤੇ ਬੱਚਿਆਂ ਦੀ ਕਾਨੂੰਨੀ ਤੌਰ ਤੇ ਰਾਖੀ ਕਰ ਸਕਦਾ ਹੈ। ਕਲੀਸਿਯਾ ਨੂੰ ਇਹੋ ਜਿਹੇ ਰਵਾਇਤੀ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀ ਨੂੰ ਜਲਦ ਤੋਂ ਜਲਦ ਵਿਆਹ ਰਜਿਸਟਰ ਕਰਨ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਇਹ ਧਿਆਨ ਦੇਣ ਯੋਗ ਗੱਲ ਹੈ ਕਿ ਮੂਸਾ ਦੀ ਬਿਵਸਥਾ ਅਨੁਸਾਰ ਵਿਆਹ ਅਤੇ ਜਨਮ ਨੂੰ ਕਾਨੂੰਨੀ ਤੌਰ ਤੇ ਦਰਜ ਕੀਤਾ ਜਾਂਦਾ ਸੀ।—ਮੱਤੀ 1:1-16.

      13. ਰਵਾਇਤੀ ਵਿਆਹ ਕਰਾਉਣ ਤੋਂ ਬਾਅਦ ਵਿਆਹ ਦੇ ਭਾਸ਼ਣ ਦੇ ਸੰਬੰਧ ਵਿਚ ਕੀ ਕਰਨਾ ਸਹੀ ਹੋਵੇਗਾ?

      13 ਰਵਾਇਤੀ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀਆਂ ਨੂੰ ਕਾਨੂੰਨੀ ਤੌਰ ਤੇ ਪਤੀ-ਪਤਨੀ ਮੰਨਿਆ ਜਾਂਦਾ ਹੈ। ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਵਿਆਹ ਕਰਨ ਤੋਂ ਬਾਅਦ ਨਵ-ਵਿਆਹੁਤਾ ਜੋੜਾ ਸ਼ਾਇਦ ਕਿੰਗਡਮ ਹਾਲ ਵਿਚ ਵਿਆਹ ਦਾ ਭਾਸ਼ਣ ਸੁਣਨ ਅਤੇ ਇਕ-ਦੂਜੇ ਦਾ ਜੀਵਨ-ਭਰ ਸਾਥ ਨਿਭਾਉਣ ਦੀ ਸਹੁੰ ਖਾਣ ਦਾ ਇੰਤਜ਼ਾਮ ਕਰ ਸਕਦਾ ਹੈ। ਭਾਸ਼ਣਕਾਰ ਸਾਰਿਆਂ ਨੂੰ ਦੱਸੇਗਾ ਕਿ ਲਾੜੇ-ਲਾੜੀ ਦਾ ਵਿਆਹ ਹੋ ਚੁੱਕਾ ਹੈ। ਵਿਆਹ ਦਾ ਇੱਕੋ ਭਾਸ਼ਣ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਇੱਕੋ ਵਾਰ ਵਿਆਹ ਹੋਇਆ ਹੈ ਜੋ ਕਿ ਰਵਾਇਤੀ ਤਰੀਕੇ ਨਾਲ ਹੋਇਆ ਸੀ। ਵਿਆਹ ਕਰਾਉਣ ਤੋਂ ਤੁਰੰਤ ਬਾਅਦ ਕਿੰਗਡਮ ਹਾਲ ਵਿਚ ਭਾਸ਼ਣ ਦੇਣ ਨਾਲ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਉਹ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝ ਚੁੱਕੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਵਿਆਹ ਸਾਰਿਆਂ ਦੀਆਂ ਨਜ਼ਰਾਂ ਵਿਚ ਆਦਰਯੋਗ ਮੰਨਿਆ ਜਾਵੇਗਾ।

      14. ਜਿਨ੍ਹਾਂ ਥਾਵਾਂ ਤੇ ਲੋਕ ਰਵਾਇਤੀ ਵਿਆਹ ਅਤੇ ਸਿਵਲ ਮੈਰਿਜ ਕਰਾ ਸਕਦੇ ਹਨ, ਉੱਥੇ ਯਹੋਵਾਹ ਦੇ ਗਵਾਹ ਕੀ ਕਰਨਗੇ?

      14 ਕੁਝ ਦੇਸ਼ਾਂ ਵਿਚ ਜਿੱਥੇ ਰਵਾਇਤੀ ਵਿਆਹਾਂ ਨੂੰ ਕਾਨੂੰਨੀ ਮੰਨਿਆ ਜਾਂਦਾ ਹੈ, ਉੱਥੇ ਸਿਵਲ ਮੈਰਿਜ ਕਰਾਉਣ ਦਾ ਵੀ ਪ੍ਰਬੰਧ ਹੁੰਦਾ ਹੈ। ਸਿਵਲ ਮੈਰਿਜ ਆਮ ਤੌਰ ਤੇ ਸਰਕਾਰੀ ਅਫ਼ਸਰ ਕਰਾਉਂਦਾ ਹੈ ਜਿਸ ਦੌਰਾਨ ਲਾੜਾ-ਲਾੜੀ ਇਕ-ਦੂਜੇ ਦਾ ਜੀਵਨ-ਭਰ ਸਾਥ ਨਿਭਾਉਣ ਦੀ ਸਹੁੰ ਖਾਂਦੇ ਹਨ ਅਤੇ ਰਜਿਸਟਰ ਵਿਚ ਦਸਤਖਤ ਕਰਦੇ ਹਨ। ਕੁਝ ਯਹੋਵਾਹ ਦੇ ਗਵਾਹ ਰਵਾਇਤੀ ਵਿਆਹ ਕਰਾਉਣ ਦੀ ਥਾਂ ਸਿਵਲ ਮੈਰਿਜ ਕਰਾਉਣਾ ਪਸੰਦ ਕਰਦੇ ਹਨ। ਦੋਨਾਂ ਤਰੀਕਿਆਂ ਨਾਲ ਵਿਆਹ ਕਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਕਾਨੂੰਨ ਦੀ ਨਜ਼ਰ ਵਿਚ ਦੋਵੇਂ ਤਰੀਕੇ ਹੀ ਜਾਇਜ਼ ਹਨ। ਵਿਆਹ ਦੇ ਭਾਸ਼ਣ ਅਤੇ ਸਹੁੰ ਖਾਣ ਦੇ ਸੰਬੰਧ ਵਿਚ 9ਵੇਂ ਤੇ 10ਵੇਂ ਪੈਰੇ ਵਿਚ ਦਿੱਤੀ ਜਾਣਕਾਰੀ ਅਨੁਸਾਰ ਚੱਲੋ। ਯਹੋਵਾਹ ਦੇ ਗਵਾਹਾਂ ਲਈ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਉਹ ਅਜਿਹੇ ਜਾਇਜ਼ ਤਰੀਕੇ ਨਾਲ ਵਿਆਹ ਕਰਾਉਣ ਜੋ ਪਰਮੇਸ਼ੁਰ ਤੇ ਇਨਸਾਨ ਦੋਨਾਂ ਦੀਆਂ ਨਜ਼ਰਾਂ ਵਿਚ ਆਦਰਯੋਗ ਹੋਵੇ।—ਲੂਕਾ 20:25; 1 ਪਤਰਸ 2:13, 14.

      ਵਿਆਹ ਨੂੰ ਆਦਰਯੋਗ ਬਣਾਈ ਰੱਖੋ

      15, 16. ਵਿਆਹ ਵੇਲੇ ਆਦਰ ਕਿਵੇਂ ਦਿਖਾਇਆ ਜਾਣਾ ਚਾਹੀਦਾ ਹੈ?

      15 ਹਜ਼ਾਰਾਂ ਸਾਲ ਪਹਿਲਾਂ ਜਦੋਂ ਫ਼ਾਰਸ ਦੇਸ਼ ਦੇ ਇਕ ਰਾਜੇ ਦੀ ਮਲਕਾ ਨੇ ਉਸ ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ, ਤਾਂ ਰਾਜੇ ਦੇ ਮੁੱਖ ਸਲਾਹਕਾਰ ਮਮੂਕਾਨ ਨੇ ਰਾਜੇ ਨੂੰ ਅਜਿਹਾ ਕਦਮ ਚੁੱਕਣ ਦੀ ਸਲਾਹ ਦਿੱਤੀ ਜਿਸ ਦੇ ਨਤੀਜੇ ਵਜੋਂ ‘ਸਾਰੀਆਂ ਇਸਤ੍ਰੀਆਂ ਆਪਣੇ ਪਤੀਆਂ ਦਾ ਆਦਰ ਕਰਨਗੀਆਂ।’ (ਅਸਤਰ 1:20) ਅੱਜ ਮਸੀਹੀ ਪਤਨੀਆਂ ਕਿਸੇ ਮਨੁੱਖੀ ਰਾਜੇ ਦੇ ਹੁਕਮ ਕਰਕੇ ਨਹੀਂ, ਬਲਕਿ ਦਿਲੋਂ ਆਪਣੇ ਪਤੀ ਦਾ ਆਦਰ ਕਰਦੀਆਂ ਹਨ। ਇਸੇ ਤਰ੍ਹਾਂ ਮਸੀਹੀ ਪਤੀ ਵੀ ਆਪਣੀਆਂ ਪਤਨੀਆਂ ਦਾ ਆਦਰ ਕਰਦੇ ਹਨ ਤੇ ਉਨ੍ਹਾਂ ਦੀ ਦਿਲੋਂ ਤਾਰੀਫ਼ ਕਰਦੇ ਹਨ। (ਕਹਾਉਤਾਂ 31:11, 30; 1 ਪਤਰਸ 3:7) ਪਤੀ-ਪਤਨੀ ਨੂੰ ਵਿਆਹ ਦੇ ਦਿਨ ਤੋਂ ਹੀ ਇਕ-ਦੂਸਰੇ ਦਾ ਆਦਰ-ਮਾਣ ਕਰਨਾ ਚਾਹੀਦਾ ਹੈ।

      16 ਵਿਆਹ ਦੇ ਦਿਨ ਤੇ ਲਾੜੇ-ਲਾੜੀ ਨੂੰ ਤਾਂ ਇਕ-ਦੂਜੇ ਦਾ ਆਦਰ ਕਰਨਾ ਹੀ ਚਾਹੀਦਾ ਹੈ, ਪਰ ਵਿਆਹ ਦਾ ਭਾਸ਼ਣ ਦੇਣ ਵਾਲੇ ਭਰਾ ਨੂੰ ਵੀ ਮਾਣ-ਮਰਯਾਦਾ ਵਿਚ ਰਹਿ ਕੇ ਭਾਸ਼ਣ ਦੇਣ ਦੀ ਲੋੜ ਹੈ। ਭਾਸ਼ਣ ਦਿੰਦੇ ਵੇਲੇ ਉਹ ਲਾੜੇ-ਲਾੜੀ ਨੂੰ ਸੰਬੋਧਨ ਕਰ ਕੇ ਉਨ੍ਹਾਂ ਦਾ ਆਦਰ ਕਰੇਗਾ। ਉਹ ਵਿਆਹ ਦੇ ਪਵਿੱਤਰ ਬੰਧਨ ਦਾ ਮਜ਼ਾਕ ਨਹੀਂ ਉਡਾਏਗਾ ਤੇ ਨਾ ਹੀ ਲੋਕ-ਕਥਾਵਾਂ ਦੇ ਆਧਾਰ ਤੇ ਉਨ੍ਹਾਂ ਨੂੰ ਨਸੀਹਤਾਂ ਦੇਵੇਗਾ। ਉਸ ਨੂੰ ਲਾੜੇ-ਲਾੜੀ ਬਾਰੇ ਇੱਦਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਸ ਤੇ ਉਹ ਅਤੇ ਮਹਿਮਾਨ ਸ਼ਰਮ ਨਾਲ ਪਾਣੀ-ਪਾਣੀ ਹੋ ਜਾਣ। ਇਸ ਦੀ ਬਜਾਇ, ਉਹ ਯਹੋਵਾਹ ਅਤੇ ਉਸ ਦੀਆਂ ਉੱਤਮ ਨਸੀਹਤਾਂ ਉੱਤੇ ਜ਼ੋਰ ਦਿੰਦੇ ਹੋਏ ਬੜੇ ਪਿਆਰ ਤੇ ਸਤਿਕਾਰ ਨਾਲ ਭਾਸ਼ਣ ਦੇਵੇਗਾ। ਜੀ ਹਾਂ, ਆਦਰ ਭਰੇ ਅੰਦਾਜ਼ ਨਾਲ ਦਿੱਤਾ ਭਾਸ਼ਣ ਨਵ-ਵਿਆਹੁਤਾ ਜੋੜੇ ਦੀ ਮਦਦ ਕਰੇਗਾ ਕਿ ਉਹ ਆਪਣੇ ਵਿਆਹੁਤਾ ਜੀਵਨ ਨੂੰ ਸਫ਼ਲ ਬਣਾ ਕੇ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਕਰਨ।

      17. ਮਸੀਹੀ ਵਿਆਹਾਂ ਦੇ ਸੰਬੰਧ ਵਿਚ ਅਸੀਂ ਕਾਨੂੰਨ ਦੀ ਪਾਲਣਾ ਕਿਉਂ ਕਰਦੇ ਹਾਂ?

      17 ਇਸ ਲੇਖ ਵਿਚ ਤੁਸੀਂ ਵਿਆਹ ਦੀ ਕਾਨੂੰਨੀ ਕਾਰਵਾਈ ਬਾਰੇ ਕਈ ਗੱਲਾਂ ਸਿੱਖੀਆਂ ਹਨ। ਹੋ ਸਕਦਾ ਕਿ ਕੁਝ ਗੱਲਾਂ ਤੁਹਾਡੇ ਇਲਾਕੇ ਵਿਚ ਲਾਗੂ ਨਾ ਹੁੰਦੀਆਂ ਹੋਣ। ਪਰ ਸਾਨੂੰ ਸਾਰਿਆਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਵਿਆਹ ਦੇ ਮਾਮਲੇ ਵਿਚ ਯਹੋਵਾਹ ਦੇ ਗਵਾਹਾਂ ਲਈ ਕਾਨੂੰਨ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। (ਲੂਕਾ 20:25) ਪੌਲੁਸ ਨੇ ਤਾਕੀਦ ਕੀਤੀ: “ਸਭਨਾਂ ਦਾ ਹੱਕ ਭਰ ਦਿਓ। ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ, ਜਿਹ ਨੂੰ ਮਸੂਲ ਚਾਹੀਦਾ ਹੈ ਮਸੂਲ ਦਿਓ, . . . ਜਿਹ ਦਾ ਆਦਰ ਚਾਹੀਦਾ ਹੈ ਆਦਰ ਕਰੋ।” (ਰੋਮੀਆਂ 13:7) ਹਾਂ, ਇਹ ਜ਼ਰੂਰੀ ਹੈ ਕਿ ਮਸੀਹੀ ਹੋਣ ਦੇ ਨਾਤੇ ਅਸੀਂ ਸਰਕਾਰ ਦੇ ਬਣਾਏ ਕਾਇਦੇ-ਕਾਨੂੰਨਾਂ ਨੂੰ ਮੰਨੀਏ ਕਿਉਂਕਿ ਮਨੁੱਖੀ ਸਰਕਾਰਾਂ ਪਰਮੇਸ਼ੁਰ ਦੀ ਇਜਾਜ਼ਤ ਨਾਲ ਕੰਮ ਕਰਦੀਆਂ ਹਨ।

      18. ਵਿਆਹ ਦੀ ਰਸਮ ਤੋਂ ਇਲਾਵਾ ਸਾਨੂੰ ਕਿਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਬਾਰੇ ਸਾਨੂੰ ਕਿੱਥੋਂ ਜਾਣਕਾਰੀ ਮਿਲ ਸਕਦੀ ਹੈ?

      18 ਵਿਆਹ ਦੀ ਰਸਮ ਪੂਰੀ ਕਰਨ ਤੋਂ ਬਾਅਦ ਅਕਸਰ ਮਸੀਹੀ ਜੋੜੇ ਆਪਣੇ ਸਕੇ-ਸੰਬੰਧੀਆਂ ਤੇ ਦੋਸਤਾਂ-ਮਿੱਤਰਾਂ ਨੂੰ ਖਾਣੇ ਤੇ ਬੁਲਾਉਂਦੇ ਹਨ। ਯਿਸੂ ਵੀ ਇਸੇ ਤਰ੍ਹਾਂ ਦੀ ਇਕ ਦਾਅਵਤ ਵਿਚ ਗਿਆ ਸੀ। ਵਿਆਹ ਦੀ ਦਾਅਵਤ ਦੇਣ ਜਾਂ ਉਸ ਵਿਚ ਮਹਿਮਾਨ ਬਣ ਕੇ ਜਾਣ ਸੰਬੰਧੀ ਸਾਨੂੰ ਬਾਈਬਲ ਦੇ ਕਿਹੜੇ ਸਿਧਾਂਤ ਚੇਤੇ ਰੱਖਣੇ ਚਾਹੀਦੇ ਹਨ ਤਾਂਕਿ ਪਰਮੇਸ਼ੁਰ ਦੀ ਮਹਿਮਾ ਹੋਵੇ ਤੇ ਨਵ-ਵਿਆਹੁਤਾ ਜੋੜੇ ਅਤੇ ਮਸੀਹੀ ਕਲੀਸਿਯਾ ਦੀ ਨੇਕਨਾਮੀ ਤੇ ਵੀ ਕੋਈ ਧੱਬਾ ਨਾ ਲੱਗੇ? ਅਗਲੇ ਲੇਖ ਵਿਚ ਅਸੀਂ ਇਸ ਬਾਰੇ ਹੋਰ ਚਰਚਾ ਕਰਾਂਗੇ।d

  • ਆਪਣੇ ਜੀਵਨ-ਢੰਗ ਦੁਆਰਾ ਨਿਹਚਾ ਦਾ ਸਬੂਤ ਦਿਓ
    ਪਹਿਰਾਬੁਰਜ—2006 | ਅਕਤੂਬਰ 15
    • ਆਪਣੇ ਜੀਵਨ-ਢੰਗ ਦੁਆਰਾ ਨਿਹਚਾ ਦਾ ਸਬੂਤ ਦਿਓ

      “ਨਿਹਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ।”—ਯਾਕੂਬ 2:17.

      1. ਪਹਿਲੀ ਸਦੀ ਦੇ ਮਸੀਹੀਆਂ ਨੇ ਆਪਣੀ ਨਿਹਚਾ ਦੇ ਨਾਲ-ਨਾਲ ਆਪਣੇ ਕੰਮਾਂ ਵੱਲ ਵੀ ਕਿਉਂ ਧਿਆਨ ਦਿੱਤਾ?

      ਪਹਿਲੀ ਸਦੀ ਵਿਚ ਜ਼ਿਆਦਾਤਰ ਮਸੀਹੀਆਂ ਨੇ ਆਪਣੇ ਜੀਵਨ-ਢੰਗ ਦੁਆਰਾ ਆਪਣੀ ਪੱਕੀ ਨਿਹਚਾ ਦਾ ਸਬੂਤ ਦਿੱਤਾ। ਯਿਸੂ ਦੇ ਚੇਲੇ ਯਾਕੂਬ ਨੇ ਸਾਰੇ ਮਸੀਹੀਆਂ ਨੂੰ ਤਾਕੀਦ ਕੀਤੀ: “ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ . . . ਨਿਰੇ ਸੁਣਨ ਵਾਲੇ ਹੀ ਨਾ ਹੋਵੋ।” ਫਿਰ ਉਸ ਨੇ ਕਿਹਾ: “ਜਿੱਕੁਰ ਆਤਮਾ ਬਾਝੋਂ ਸਰੀਰ ਮੁਰਦਾ ਹੈ ਤਿੱਕੁਰ ਹੀ ਅਮਲਾਂ ਬਾਝੋਂ ਨਿਹਚਾ ਮੁਰਦਾ ਹੈ।” (ਯਾਕੂਬ 1:22; 2:26) ਯਾਕੂਬ ਦੁਆਰਾ ਇਹ ਸ਼ਬਦ ਲਿਖੇ ਜਾਣ ਤੋਂ 35 ਸਾਲ ਬਾਅਦ ਵੀ ਬਹੁਤ ਸਾਰੇ ਮਸੀਹੀ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦੇ ਰਹੇ ਸਨ। ਪਰ ਦੁੱਖ ਦੀ ਗੱਲ ਹੈ ਕਿ ਕੁਝ ਮਸੀਹੀਆਂ ਨੇ ਇੱਦਾਂ ਨਹੀਂ ਕੀਤਾ। ਯਿਸੂ ਨੇ ਸਮੁਰਨੇ ਦੀ ਕਲੀਸਿਯਾ ਦੀ ਸ਼ਲਾਘਾ ਕੀਤੀ, ਪਰ ਸਾਰਦੀਸ ਦੀ ਕਲੀਸਿਯਾ ਦੇ ਕਈ ਮੈਂਬਰਾਂ ਨੂੰ ਕਿਹਾ: ‘ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ ਜੋ ਤੁਸੀਂ ਜੀਉਂਦੇ ਕਹਾਉਂਦੇ ਹੋ ਅਤੇ ਹੋ ਮੁਰਦੇ।’—ਪਰਕਾਸ਼ ਦੀ ਪੋਥੀ 2:8-11; 3:1.

      2. ਮਸੀਹੀਆਂ ਨੂੰ ਆਪਣੀ ਨਿਹਚਾ ਦੇ ਸੰਬੰਧ ਵਿਚ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

      2 ਯਿਸੂ ਨੇ ਸਾਰਦੀਸ ਦੀ ਕਲੀਸਿਯਾ ਨੂੰ ਇਹ ਸਾਬਤ ਕਰਨ ਦੀ ਪ੍ਰੇਰਣਾ ਦਿੱਤੀ ਕਿ ਉਹ ਉਸ ਦੀਆਂ ਸਿੱਖਿਆਵਾਂ ਦੀ ਗਹਿਰੀ ਕਦਰ ਕਰਦੇ ਸਨ ਅਤੇ ਰੂਹਾਨੀ ਤੌਰ ਤੇ ਜਾਗ ਰਹੇ ਸਨ। (ਪਰਕਾਸ਼ ਦੀ ਪੋਥੀ 3:2, 3) ਇਹ ਸਲਾਹ ਅੱਜ ਸਾਡੇ ਉੱਤੇ ਵੀ ਲਾਗੂ ਹੁੰਦੀ ਹੈ। ਅਸੀਂ ਇਹ ਸਵਾਲ ਪੁੱਛ ਕੇ ਆਪੋ-ਆਪਣੀ ਜਾਂਚ ਕਰ ਸਕਦੇ ਹਾਂ: ‘ਮੇਰੇ ਕੰਮ ਕਿਹੋ ਜਿਹੇ ਹਨ? ਕੀ ਮੇਰੇ ਕੰਮਾਂ ਤੋਂ ਜ਼ਾਹਰ ਹੁੰਦਾ ਹੈ ਕਿ ਮੇਰੀ ਨਿਹਚਾ ਪੱਕੀ ਹੈ ਤੇ ਮੈਂ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦਾ ਹਾਂ? ਕੀ ਮੈਂ ਪ੍ਰਚਾਰ ਦੇ ਕੰਮ ਜਾਂ ਕਲੀਸਿਯਾ ਦੀਆਂ ਸਭਾਵਾਂ ਤੋਂ ਇਲਾਵਾ ਹੋਰ ਕੰਮਾਂ ਵਿਚ ਵੀ ਦਿਖਾਉਂਦਾ ਹਾਂ ਕਿ ਮੇਰੀ ਨਿਹਚਾ ਪੱਕੀ ਹੈ?’ (ਲੂਕਾ 16:10) ਨਿਹਚਾ ਦੇ ਸੰਬੰਧ ਵਿਚ ਅਸੀਂ ਜ਼ਿੰਦਗੀ ਦੇ ਕਈ ਪਹਿਲੂਆਂ ਉੱਤੇ ਗੱਲ ਕਰ ਸਕਦੇ ਹਾਂ। ਪਰ ਇਸ ਲੇਖ ਵਿਚ ਅਸੀਂ ਪਾਰਟੀਆਂ, ਖ਼ਾਸ ਕਰਕੇ ਵਿਆਹ ਦੀਆਂ ਦਾਅਵਤਾਂ ਉੱਤੇ ਚਰਚਾ ਕਰਾਂਗੇ। ਅਸੀਂ ਦੇਖਾਂਗੇ ਕਿ ਅਸੀਂ ਇਨ੍ਹਾਂ ਮੌਕਿਆਂ ਤੇ ਆਪਣੀ ਨਿਹਚਾ ਦਾ ਸਬੂਤ ਕਿਵੇਂ ਦੇ ਸਕਦੇ ਹਾਂ।

      ਛੋਟੀਆਂ-ਮੋਟੀਆਂ ਪਾਰਟੀਆਂ

      3. ਪਾਰਟੀਆਂ ਬਾਰੇ ਬਾਈਬਲ ਕੀ ਕਹਿੰਦੀ ਹੈ?

      3 ਸਾਨੂੰ ਬੜੀ ਖ਼ੁਸ਼ੀ ਹੁੰਦੀ ਹੈ ਜਦੋਂ ਸਾਡੇ ਮਸੀਹੀ ਭੈਣ-ਭਰਾ ਸਾਨੂੰ ਕਿਸੇ ਪਾਰਟੀ ਤੇ ਸੱਦਦੇ ਹਨ। ਯਹੋਵਾਹ ਖ਼ੁਸ਼ਦਿਲ ਪਰਮੇਸ਼ੁਰ ਹੈ ਜੋ ਚਾਹੁੰਦਾ ਹੈ ਕਿ ਉਸ ਦੇ ਸੇਵਕ ਵੀ ਖ਼ੁਸ਼ ਰਹਿਣ। (1 ਤਿਮੋਥਿਉਸ 1:11) ਇਸੇ ਲਈ ਉਸ ਨੇ ਰਾਜਾ ਸੁਲੇਮਾਨ ਨੂੰ ਬਾਈਬਲ ਵਿਚ ਇਹ ਲਿਖਣ ਲਈ ਪ੍ਰੇਰਿਤ ਕੀਤਾ: “ਮੈਂ ਅਨੰਦ ਨੂੰ ਸਲਾਹਿਆ ਕਿਉਂ ਜੋ ਸੂਰਜ ਦੇ ਹੇਠ ਆਦਮੀ ਲਈ ਇਸ ਨਾਲੋਂ ਚੰਗੀ ਗੱਲ ਕੋਈ ਨਹੀਂ ਜੋ ਖਾਵੇ ਪੀਵੇ ਅਤੇ ਅਨੰਦ ਰਹੇ ਕਿਉਂ ਜੋ ਉਹ ਦੇ ਧੰਦੇ ਦੇ ਵਿੱਚ ਉਹ ਦੇ ਜੀਉਣ ਦੇ ਸਾਰਿਆਂ ਦਿਨਾਂ ਤੋੜੀ ਜੋ ਪਰਮੇਸ਼ੁਰ ਨੇ ਸੂਰਜ ਦੇ ਹੇਠ ਉਹ ਨੂੰ ਦਿੱਤਾ ਹੈ ਉਹ ਦੇ ਨਾਲ ਏਹ ਰਹੇਗਾ।” (ਉਪਦੇਸ਼ਕ ਦੀ ਪੋਥੀ 3:1, 4, 13; 8:15) ਮਸੀਹੀ ਆਪਣੇ ਘਰਦਿਆਂ ਨਾਲ ਰੋਟੀ ਖਾਣ ਜਾਂ ਛੋਟੀਆਂ-ਮੋਟੀਆਂ ਪਾਰਟੀਆਂ ਵਿਚ ਮਸੀਹੀ ਦੋਸਤਾਂ-ਮਿੱਤਰਾਂ ਦੀ ਸੰਗਤ ਦਾ ਬਹੁਤ ਆਨੰਦ ਮਾਣਦੇ ਹਨ।—ਅੱਯੂਬ 1:4, 5, 18; ਲੂਕਾ 10:38-42; 14:12-14.

      4. ਦੋਸਤਾਂ ਨੂੰ ਘਰ ਸੱਦਣ ਜਾਂ ਪਾਰਟੀ ਦੇਣ ਵੇਲੇ ਕੀ ਕਰਨਾ ਜ਼ਰੂਰੀ ਹੈ?

      4 ਅਸੀਂ ਭਾਵੇਂ ਇਕ-ਅੱਧ ਮਸੀਹੀ ਭੈਣ-ਭਰਾਵਾਂ ਨੂੰ ਘਰ ਸੱਦਦੇ ਹਾਂ ਜਾਂ ਪਾਰਟੀ ਦਿੰਦੇ ਹਾਂ, ਫਿਰ ਵੀ ਸਾਨੂੰ ਸੋਚ-ਸਮਝ ਕੇ ਪ੍ਰਬੰਧ ਕਰਨ ਦੀ ਲੋੜ ਹੈ। (ਰੋਮੀਆਂ 12:13) ਕਿਉਂ? ਕਿਉਂਕਿ ਅਸੀਂ ਇਹੋ ਚਾਹੁੰਦੇ ਹਾਂ ਕਿ ਸਭ ਕੁਝ ਬਾਈਬਲ ਦੇ ਅਸੂਲਾਂ ਮੁਤਾਬਕ “ਢਬ ਸਿਰ” ਹੋਵੇ। (1 ਕੁਰਿੰਥੀਆਂ 14:40; ਯਾਕੂਬ 3:17) ਇਸ ਬਾਰੇ ਪੌਲੁਸ ਰਸੂਲ ਨੇ ਲਿਖਿਆ: ‘ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ। ਤੁਸੀਂ ਪਰਮੇਸ਼ੁਰ ਦੀ ਕਲੀਸਿਯਾ ਦੇ ਲਈ ਠੋਕਰ ਦੇ ਕਾਰਨ ਨਾ ਬਣੋ।’ (1 ਕੁਰਿੰਥੀਆਂ 10:31, 32) ਪਾਰਟੀ ਦੇਣ ਦੇ ਮਾਮਲੇ ਵਿਚ ਅਸੀਂ ਕੁਝ ਖ਼ਾਸ ਗੱਲਾਂ ਵੱਲ ਧਿਆਨ ਦੇ ਸਕਦੇ ਹਾਂ ਜਿਨ੍ਹਾਂ ਰਾਹੀਂ ਸਾਡੀ ਨਿਹਚਾ ਜ਼ਾਹਰ ਹੋਵੇਗੀ।  ਆਓ ਆਪਾਂ ਕੁਝ ਗੱਲਾਂ ਉੱਤੇ ਗੌਰ ਕਰੀਏ।—ਰੋਮੀਆਂ 12:2.

      ਪਾਰਟੀ ਜਾਂ ਦਾਅਵਤ ਕਿੱਦਾਂ ਦੀ ਹੋਵੇ?

      5. ਪਾਰਟੀ ਵਿਚ ਸ਼ਰਾਬ ਵਰਤਾਉਣ ਜਾਂ ਗੀਤ-ਸੰਗੀਤ ਬਾਰੇ ਮੇਜ਼ਬਾਨ ਨੂੰ ਕਿਉਂ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ?

      5 ਪਾਰਟੀ ਕਰਨ ਸੰਬੰਧੀ ਕਈ ਮਸੀਹੀ ਇਸ ਕਸ਼ਮਕਸ਼ ਵਿਚ ਪੈ ਜਾਂਦੇ ਹਨ ਕਿ ਉਹ ਮਹਿਮਾਨਾਂ ਨੂੰ ਸ਼ਰਾਬ ਪਿਲਾਉਣ ਜਾਂ ਨਾ। ਪਾਰਟੀ ਨੂੰ ਸਫ਼ਲ ਬਣਾਉਣ ਲਈ ਸ਼ਰਾਬ ਦਾ ਹੋਣਾ ਜ਼ਰੂਰੀ ਨਹੀਂ ਹੈ। ਯਾਦ ਕਰੋ ਕਿ ਜਦੋਂ ਯਿਸੂ ਨੇ ਹਜ਼ਾਰਾਂ ਲੋਕਾਂ ਨੂੰ ਖਾਣਾ ਖੁਆਇਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਰੋਟੀਆਂ ਤੇ ਮੱਛੀਆਂ ਛਕਾਈਆਂ ਸਨ। ਉਸ ਨੇ ਚਮਤਕਾਰ ਕਰ ਕੇ ਉਨ੍ਹਾਂ ਲਈ ਸ਼ਰਾਬ ਦਾ ਬੰਦੋਬਸਤ ਨਹੀਂ ਕੀਤਾ ਸੀ, ਹਾਲਾਂਕਿ ਜੇ ਉਹ ਚਾਹੁੰਦਾ ਤਾਂ ਇੱਦਾਂ ਕਰ ਸਕਦਾ ਸੀ। (ਮੱਤੀ 14:14-21) ਜੇ ਤੁਸੀਂ ਸ਼ਰਾਬ ਵਰਤਾਉਣ ਦਾ ਫ਼ੈਸਲਾ ਕਰਦੇ ਹੋ, ਤਾਂ ਹੱਦੋਂ ਵੱਧ ਨਾ ਵਰਤਾਓ। ਨਾਲੇ ਉਨ੍ਹਾਂ ਮਹਿਮਾਨਾਂ ਦੇ ਪੀਣ ਲਈ ਕੋਲਡ ਡ੍ਰਿੰਕ ਜਾਂ ਚਾਹ-ਕੌਫੀ ਦਾ ਪ੍ਰਬੰਧ ਕਰੋ ਜੋ ਸ਼ਰਾਬ ਨਹੀਂ ਪੀਂਦੇ। (1 ਤਿਮੋਥਿਉਸ 3:2, 3, 8; 5:23; 1 ਪਤਰਸ 4:3) ਧਿਆਨ ਰੱਖੋ ਕਿ ਸ਼ਰਾਬ ਕਈਆਂ ਨੂੰ ‘ਸੱਪ ਦੀ ਨਿਆਈਂ ਡੱਸ ਸਕਦੀ ਹੈ’ ਯਾਨੀ ਉਨ੍ਹਾਂ ਨੂੰ ਛੇਤੀ ਚੜ੍ਹ ਜਾਂਦੀ ਹੈ। ਇਸ ਲਈ ਜੇ ਕੋਈ ਮਹਿਮਾਨ ਸ਼ਰਾਬ ਨਹੀਂ ਪੀਣੀ ਚਾਹੁੰਦਾ, ਤਾਂ ਉਸ ਨੂੰ ਮਜਬੂਰ ਨਾ ਕਰੋ। (ਕਹਾਉਤਾਂ 23:29-32) ਕੀ ਪਾਰਟੀ ਵਿਚ ਗੀਤ-ਸੰਗੀਤ ਹੋਵੇਗਾ? ਜੇ ਹੋਵੇਗਾ, ਤਾਂ ਤੁਹਾਨੂੰ ਗਾਣੇ ਸੋਚ-ਸਮਝ ਕੇ ਚੁਣਨੇ ਚਾਹੀਦੇ ਹਨ ਤਾਂਕਿ ਗਾਣਿਆਂ ਦੇ ਬੋਲ ਅਤੇ ਤਾਲ ਮਸੀਹੀ ਪਾਰਟੀਆਂ ਲਈ ਢੁਕਵੇਂ ਹੋਣ। (ਕੁਲੁੱਸੀਆਂ 3:8; ਯਾਕੂਬ 1:21) ਕਈਆਂ ਨੇ ਦੇਖਿਆ ਹੈ ਕਿ ਪਾਰਟੀ ਵਿਚ ਕਿੰਗਡਮ ਮੈਲੋਡੀਜ਼ ਵਜਾਉਣ ਜਾਂ ਯਹੋਵਾਹ ਦੇ ਗੁਣ ਗਾਓ ਨਾਮਕ ਪੁਸਤਕ ਵਿੱਚੋਂ ਮਿਲ ਕੇ ਗੀਤ ਗਾਉਣ ਨਾਲ ਮਾਹੌਲ ਖ਼ੁਸ਼ਗਵਾਰ ਬਣਿਆ ਰਹਿੰਦਾ ਹੈ। (ਅਫ਼ਸੀਆਂ 5:19, 20) ਸਮੇਂ-ਸਮੇਂ ਤੇ ਸੰਗੀਤ ਦੀ ਆਵਾਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂਕਿ ਉੱਚੀ ਆਵਾਜ਼ ਵਿਚ ਸੰਗੀਤ ਵੱਜਣ ਕਾਰਨ ਮਹਿਮਾਨਾਂ ਨੂੰ ਗੱਲਬਾਤ ਕਰਨ ਵਿਚ ਔਖ ਨਾ ਹੋਵੇ ਜਾਂ ਆਂਢੀ-ਗੁਆਂਢੀ ਤੰਗ ਨਾ ਹੋਣ।—ਮੱਤੀ 7:12.

      6. ਪਾਰਟੀ ਵਿਚ ਗੱਲਾਂ-ਬਾਤਾਂ ਦੇ ਮਾਮਲੇ ਵਿਚ ਮੇਜ਼ਬਾਨ ਕਿਵੇਂ ਆਪਣੀ ਨਿਹਚਾ ਦਾ ਸਬੂਤ ਦੇ ਸਕਦਾ ਹੈ?

      6 ਜਦੋਂ ਮੇਜ਼ਬਾਨ ਦੋਸਤਾਂ-ਮਿੱਤਰਾਂ ਨੂੰ ਘਰ ਸੱਦਦਾ ਹੈ, ਤਾਂ ਕਈ ਵਿਸ਼ਿਆਂ ਤੇ ਗੱਲਾਂ-ਬਾਤਾਂ ਚੱਲ ਪੈਂਦੀਆਂ ਹਨ। ਕਈ ਲੋਕ ਵਧੀਆ ਤਜਰਬੇ ਦੱਸਦੇ ਹਨ ਜਾਂ ਕੁਝ ਪੜ੍ਹ ਕੇ ਸੁਣਾਉਂਦੇ ਹਨ। ਜੇ ਇਤਰਾਜ਼ਯੋਗ ਵਿਸ਼ਿਆਂ ਤੇ ਗੱਲਬਾਤ ਸ਼ੁਰੂ ਹੋ ਜਾਂਦੀ ਹੈ, ਤਾਂ ਮੇਜ਼ਬਾਨ ਬੜੀ ਸੂਝ ਨਾਲ ਗੱਲ ਨੂੰ ਕਿਸੇ ਹੋਰ ਵਿਸ਼ੇ ਵੱਲ ਮੋੜਨ ਦੀ ਕੋਸ਼ਿਸ਼ ਕਰੇਗਾ। ਉਹ ਧਿਆਨ ਰੱਖੇਗਾ ਕਿ ਕੋਈ ਇਕ ਜਣਾ ਆਪਣੀਆਂ ਹੀ ਗੱਲਾਂ ਨਾ ਮਾਰੀ ਜਾਵੇ। ਉਹ ਕਿਸੇ ਦੇ ਜਜ਼ਬਾਤ ਨੂੰ ਠੇਸ ਪਹੁੰਚਾਏ ਬਗੈਰ ਸਮਝਦਾਰੀ ਨਾਲ ਵਿਸ਼ੇ ਨੂੰ ਬਦਲ ਸਕਦਾ ਹੈ ਤਾਂਕਿ ਦੂਸਰਿਆਂ ਨੂੰ ਵੀ ਬੋਲਣ ਦਾ ਮੌਕਾ ਮਿਲੇ। ਉਹ ਬੱਚਿਆਂ ਨੂੰ ਕੁਝ ਸਵਾਲ ਪੁੱਛ ਕੇ ਉਨ੍ਹਾਂ ਨੂੰ ਵੀ ਗੱਲਬਾਤ ਵਿਚ ਸ਼ਾਮਲ ਕਰ ਸਕਦਾ ਹੈ। ਇਸ ਤਰ੍ਹਾਂ ਵੱਡੇ-ਛੋਟੇ ਸਾਰੇ ਹੀ ਪਾਰਟੀ ਦਾ ਮਜ਼ਾ ਲੈ ਸਕਣਗੇ। ਇਨ੍ਹਾਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੀ ਸੂਝ-ਬੂਝ ਦਾ ਸਬੂਤ ਦੇ ਸਕਦੇ ਹਾਂ। ਇਸ ਤਰ੍ਹਾਂ ਲੋਕ ਦੇਖ ਸਕਣਗੇ ਕਿ ਅਸੀਂ ਜੋ ਕੁਝ ਵੀ ਕਰਦੇ ਹਾਂ, ਉਹ ਸਾਡੀ ਨਿਹਚਾ ਦੇ ਮੁਤਾਬਕ ਹੈ।

      ਵਿਆਹ ਦੀ ਰਸਮ ਅਤੇ ਦਾਅਵਤ

      7. ਸਾਨੂੰ ਵਿਆਹਾਂ ਦੀਆਂ ਦਾਅਵਤਾਂ ਦਾ ਪ੍ਰਬੰਧ ਸੋਚ-ਸਮਝ ਕੇ ਕਿਉਂ ਕਰਨਾ ਚਾਹੀਦਾ ਹੈ?

      7 ਵਿਆਹ-ਸ਼ਾਦੀ ਮਸੀਹੀਆਂ ਲਈ ਖ਼ੁਸ਼ੀਆਂ ਮਨਾਉਣ ਦਾ ਖ਼ਾਸ ਮੌਕਾ ਹੁੰਦਾ ਹੈ। ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਲੋਕ ਇਹੋ ਜਿਹੇ ਸ਼ੁੱਭ ਮੌਕਿਆਂ ਤੇ ਆਨੰਦ ਕਰਦੇ ਸਨ। ਯਿਸੂ ਤੇ ਉਸ ਦੇ ਚੇਲੇ ਵੀ ਵਿਆਹ ਦੀਆਂ ਦਾਅਵਤਾਂ ਵਿਚ ਜਾਂਦੇ ਸਨ। (ਉਤਪਤ 29:21, 22; ਯੂਹੰਨਾ 2:1, 2) ਵਿਆਹ-ਸ਼ਾਦੀ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹੈ ਅਤੇ ਵਿਆਹ ਦੀ ਦਾਅਵਤ ਦੇਣ ਵਿਚ ਵੀ ਕੋਈ ਬੁਰਾਈ ਨਹੀਂ ਹੈ। ਪਰ ਹਾਲ ਹੀ ਦੇ ਸਾਲਾਂ ਵਿਚ ਵਿਆਹ ਕਰਾਉਣ ਦੇ ਢੰਗ ਬਹੁਤ ਬਦਲ ਗਏ ਹਨ। ਅੱਜ-ਕੱਲ੍ਹ ਵਿਆਹਾਂ ਵਿਚ ਅਜਿਹਾ ਬਹੁਤ ਕੁਝ ਹੁੰਦਾ ਹੈ ਜੋ ਮਸੀਹੀਆਂ ਲਈ ਵਾਜਬ ਨਹੀਂ ਹੁੰਦਾ। ਇਸ ਲਈ ਮਸੀਹੀਆਂ ਨੂੰ ਵਿਆਹਾਂ ਦੀਆਂ ਦਾਅਵਤਾਂ ਦਾ ਪ੍ਰਬੰਧ ਕਰਨ ਵੇਲੇ ਬਹੁਤ ਧਿਆਨ ਰੱਖਣ ਦੀ ਲੋੜ ਹੈ ਤਾਂਕਿ ਸਾਡੇ ਕੰਮਾਂ ਰਾਹੀਂ ਸਾਡੀ ਨਿਹਚਾ ਜ਼ਾਹਰ ਹੋਵੇ।

      8, 9. ਕਈ ਵਿਆਹ 1 ਯੂਹੰਨਾ 2:16, 17 ਦੇ ਸ਼ਬਦਾਂ ਨੂੰ ਕਿਵੇਂ ਸੱਚ ਸਾਬਤ ਕਰਦੇ ਹਨ?

      8 ਜਿਹੜੇ ਲੋਕ ਬਾਈਬਲ ਦੇ ਅਸੂਲਾਂ ਦੀ ਕੋਈ ਪਰਵਾਹ ਨਹੀਂ ਕਰਦੇ, ਉਹ ਸੋਚਦੇ ਹਨ ਕਿ ਵਿਆਹ ਦੇ ਮੌਕੇ ਤੇ ਕੁਝ ਵੀ ਚੱਲਦਾ ਹੈ। ਕਈ ਤਾਂ ਵਿਆਹਾਂ ਨੂੰ ਆਪਣੀ ਦੌਲਤ ਤੇ ਸ਼ਾਨੋ-ਸ਼ੌਕਤ ਦਾ ਦਿਖਾਵਾ ਕਰਨ ਦਾ ਵਧੀਆ ਮੌਕਾ ਸਮਝਦੇ ਹਨ। ਇਕ ਯੂਰਪੀ ਰਸਾਲੇ ਵਿਚ ਇਕ ਕੁੜੀ ਆਪਣੇ ਠਾਠ-ਬਾਠ ਨਾਲ ਹੋਏ ਵਿਆਹ ਬਾਰੇ ਦੱਸਦੀ ਹੈ: ‘ਮੈਂ ਚਾਰ ਘੋੜਿਆਂ ਵਾਲੀ ਬੱਘੀ ਤੇ ਸਵਾਰ ਸੀ ਤੇ ਮੇਰੇ ਪਿੱਛੇ-ਪਿੱਛੇ 12 ਹੋਰ ਸਜੇ-ਧਜੇ ਟਾਂਗੇ ਸਨ। ਸ਼ਾਹੀ ਢੰਗ ਨਾਲ ਸਜਾਏ ਗਏ ਇਕ ਟ੍ਰਾਲੇ ਤੇ ਬੈਂਡ-ਵਾਜੇ ਵਾਲੇ ਸਨ। ਵਿਆਹ ਦੀ ਦਾਅਵਤ ਵਿਚ ਲਜ਼ੀਜ਼ ਤੋਂ ਲਜ਼ੀਜ਼ ਪਕਵਾਨ ਪਰੋਸੇ ਗਏ ਤੇ ਸੰਗੀਤ ਵੀ ਲਾਜਵਾਬ ਸੀ! ਸਭ ਕੁਝ ਉੱਦਾਂ ਹੀ ਹੋਇਆ ਜਿੱਦਾਂ ਮੈਂ ਚਾਹੁੰਦੀ ਸਾਂ। ਉਸ ਦਿਨ ਤਾਂ ਮੈਂ ਕਿਸੇ ਮਲਕਾ ਨਾਲੋਂ ਘੱਟ ਨਹੀਂ ਸੀ।’

      9 ਹਾਲਾਂਕਿ ਵੱਖੋ-ਵੱਖਰੇ ਦੇਸ਼ਾਂ ਦੇ ਆਪੋ-ਆਪਣੇ ਰਿਵਾਜ ਹੁੰਦੇ ਹਨ, ਪਰ ਇਸ ਕੁੜੀ ਦੀਆਂ ਗੱਲਾਂ ਯੂਹੰਨਾ ਰਸੂਲ ਦੇ ਸ਼ਬਦਾਂ ਨੂੰ ਸੱਚ ਸਾਬਤ ਕਰਦੀਆਂ ਹਨ: “ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।” ਕੀ ਤੁਹਾਡੇ ਖ਼ਿਆਲ ਵਿਚ ਯਹੋਵਾਹ ਨੂੰ ਮੰਨਣ ਵਾਲਾ ਕੋਈ ਵੀ ਸੱਚਾ ਭਗਤ ਆਪਣੀ ਸ਼ਾਨ ਵਧਾਉਣ ਲਈ ਇੰਨੇ ਧੂਮ-ਧੜੱਕੇ ਨਾਲ ਵਿਆਹ ਕਰਾਉਣਾ ਚਾਹੇਗਾ? ਨਹੀਂ, ਸਗੋਂ ਉਹ ਹਮੇਸ਼ਾ ਇਹ ਗੱਲ ਚੇਤੇ ਰੱਖੇਗਾ ਕਿ “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:16, 17.

      10. (ੳ) ਵਿਆਹ ਦੀ ਦਾਅਵਤ ਸੰਬੰਧੀ ਅਕਲ ਤੋਂ ਕੰਮ ਲੈਣਾ ਕਿਉਂ ਜ਼ਰੂਰੀ ਹੈ? (ਅ) ਮਹਿਮਾਨ ਸੱਦਣ ਸੰਬੰਧੀ ਫ਼ੈਸਲੇ ਕਿਵੇਂ ਕੀਤੇ ਜਾਣੇ ਚਾਹੀਦੇ ਹਨ?

      10 ਮਸੀਹੀ ਲਾੜਾ-ਲਾੜੀ ਦਾਅਵਤ ਦੇਣ ਦੇ ਮਾਮਲੇ ਵਿਚ ਬਾਈਬਲ ਦੀ ਸਲਾਹ ਉੱਤੇ ਚੱਲਣ ਦੇ ਨਾਲ-ਨਾਲ ਆਪਣੀ ਅਕਲ ਤੋਂ ਵੀ ਕੰਮ ਲੈਣਗੇ। ਉਹ ਜਾਣਦੇ ਹਨ ਕਿ ਭਾਵੇਂ ਵਿਆਹ ਦਾ ਦਿਨ ਉਨ੍ਹਾਂ ਲਈ ਖ਼ਾਸ ਦਿਨ ਹੈ, ਪਰ ਇਹ ਵਿਆਹੁਤਾ ਜ਼ਿੰਦਗੀ ਦੀ ਸਿਰਫ਼ ਸ਼ੁਰੂਆਤ ਹੀ ਹੈ ਅਤੇ ਉਨ੍ਹਾਂ ਅੱਗੇ ਹਮੇਸ਼ਾ ਦੀ ਜ਼ਿੰਦਗੀ ਪਈ ਹੈ। ਉਹ ਜਾਣਦੇ ਹਨ ਕਿ ਦਾਅਵਤ ਦੇਣੀ ਜਾਂ ਨਾ ਦੇਣੀ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ। ਜੇ ਉਹ ਦਾਅਵਤ ਦੇਣ ਦਾ ਫ਼ੈਸਲਾ ਕਰਦੇ ਵੀ ਹਨ, ਤਾਂ ਉਨ੍ਹਾਂ ਲਈ ਸਾਰਿਆਂ ਨੂੰ ਬੁਲਾਉਣਾ ਜ਼ਰੂਰੀ ਨਹੀਂ ਹੈ। ਵਿਆਹੁਤਾ ਜੋੜੇ ਨੂੰ ਬੈਠ ਕੇ ਲੇਖਾ-ਜੋਖਾ ਕਰਨਾ ਚਾਹੀਦਾ ਹੈ ਕਿ ਉਹ ਦਾਅਵਤ ਉੱਤੇ ਕਿੰਨਾ ਕੁ ਪੈਸਾ ਖ਼ਰਚ ਕਰ ਸਕਦੇ ਹਨ ਤੇ ਦਾਅਵਤ ਵਿਚ ਕੀ ਕੁਝ ਸ਼ਾਮਲ ਕਰਨਗੇ। (ਲੂਕਾ 14:28) ਮਸੀਹੀ ਘਰਾਣੇ ਵਿਚ ਪਤੀ ਪਤਨੀ ਦਾ ਸਿਰ ਹੁੰਦਾ ਹੈ। (1 ਕੁਰਿੰਥੀਆਂ 11:3; ਅਫ਼ਸੀਆਂ 5:22, 23) ਸੋ ਵਿਆਹ ਦੀ ਦਾਅਵਤ ਸੰਬੰਧੀ ਫ਼ੈਸਲੇ ਲਾੜੇ ਨੂੰ ਕਰਨੇ ਚਾਹੀਦੇ ਹਨ। ਉਹ ਆਪਣੀ ਹੋਣ ਵਾਲੀ ਪਤਨੀ ਨਾਲ ਸਲਾਹ-ਮਸ਼ਵਰਾ ਕਰ ਕੇ ਫ਼ੈਸਲਾ ਕਰੇਗਾ ਕਿ ਦਾਅਵਤ ਵਿਚ ਕਿੰਨੇ ਲੋਕ ਅਤੇ ਕੌਣ-ਕੌਣ ਸੱਦੇ ਜਾਣਗੇ। ਸਾਰੇ ਜਾਣ-ਪਛਾਣ ਵਾਲਿਆਂ ਨੂੰ ਸੱਦਣ ਦੀ ਸ਼ਾਇਦ ਉਨ੍ਹਾਂ ਦੀ ਹੈਸੀਅਤ ਨਾ ਹੋਵੇ। ਇਸ ਲਈ ਉਨ੍ਹਾਂ ਨੂੰ ਆਪਣੀ ਹੈਸੀਅਤ ਮੁਤਾਬਕ ਸੋਚ-ਸਮਝ ਕੇ ਫ਼ੈਸਲਾ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਮਸੀਹੀ ਭੈਣ-ਭਰਾਵਾਂ ਤੇ ਭਰੋਸਾ ਹੈ ਕਿ ਉਹ ਉਨ੍ਹਾਂ ਦੀ ਮਜਬੂਰੀ ਨੂੰ ਸਮਝਣਗੇ ਅਤੇ ਵਿਆਹ ਦੀ ਦਾਅਵਤ ਵਿਚ ਨਾ ਸੱਦੇ ਜਾਣ ਤੇ ਨਾਰਾਜ਼ ਨਹੀਂ ਹੋਣਗੇ।—ਉਪਦੇਸ਼ਕ ਦੀ ਪੋਥੀ 7:9.

      ਦਾਅਵਤ ਦਾ ਨਿਗਰਾਨ

      11. ਦਾਅਵਤ ਦੇ ਨਿਗਰਾਨ ਦੀ ਕੀ ਜ਼ਿੰਮੇਵਾਰੀ ਹੈ?

      11 ਜੇ ਮੁੰਡਾ-ਕੁੜੀ ਵਿਆਹ ਦੀ ਦਾਅਵਤ ਦੇਣੀ ਚਾਹੁੰਦੇ ਹਨ, ਤਾਂ ਉਹ ਕਿਵੇਂ ਧਿਆਨ ਰੱਖ ਸਕਦੇ ਹਨ ਕਿ ਦਾਅਵਤ ਵਿਚ ਅਜਿਹਾ ਕੁਝ ਨਾ ਹੋਵੇ ਜਿਸ ਨਾਲ ਕਿਸੇ ਨੂੰ ਠੋਕਰ ਵੱਜੇ? ਇਸ ਮਾਮਲੇ ਵਿਚ ਅਸੀਂ ਯੂਹੰਨਾ 2:9, 10 ਤੋਂ ਇਕ ਵਧੀਆ ਗੱਲ ਸਿੱਖਦੇ ਹਾਂ। ਇਸ ਵਿਚ ਦੱਸਿਆ ਹੈ ਕਿ ਕਾਨਾ ਵਿਖੇ ਜਿਸ ਦਾਅਵਤ ਵਿਚ ਯਿਸੂ ਗਿਆ ਸੀ, ਉਸ ਵਿਚ ‘ਸਭਾ ਦਾ ਪਰਧਾਨ’ ਯਾਨੀ ਦਾਅਵਤ ਦਾ ਨਿਗਰਾਨ ਸੀ। ਇਹ ਨਿਗਰਾਨ ਯਕੀਨਨ ਯਹੋਵਾਹ ਨੂੰ ਮੰਨਣ ਵਾਲਾ ਇਕ ਸੂਝਵਾਨ ਵਿਅਕਤੀ ਸੀ ਜਿਸ ਦੀ ਜ਼ਿੰਮੇਵਾਰੀ ਇਹ ਦੇਖਣਾ ਸੀ ਕਿ ਦਾਅਵਤ ਵਿਚ ਸਭ ਕੁਝ ਸਹੀ-ਸਹੀ ਕੀਤਾ ਜਾ ਰਿਹਾ ਸੀ। ਇਸੇ ਤਰ੍ਹਾਂ, ਅਕਲਮੰਦ ਲਾੜਾ ਵੀ ਕਿਸੇ ਸੂਝਵਾਨ ਮਸੀਹੀ ਭਰਾ ਨੂੰ ਦਾਅਵਤ ਦੌਰਾਨ ਸਭ ਚੀਜ਼ਾਂ ਤੇ ਨਿਗਰਾਨੀ ਰੱਖਣ ਲਈ ਚੁਣੇਗਾ। ਇਹ ਭਰਾ ਲਾੜੇ ਨਾਲ ਸਲਾਹ-ਮਸ਼ਵਰਾ ਕਰੇਗਾ ਅਤੇ ਫਿਰ ਦਾਅਵਤ ਤੋਂ ਪਹਿਲਾਂ ਅਤੇ ਦਾਅਵਤ ਦੇ ਦੌਰਾਨ ਲਾੜੇ ਦੀ ਇੱਛਾ ਮੁਤਾਬਕ ਸਭ ਕੰਮ ਕਰੇਗਾ।

      12. ਵਿਆਹ ਦੀ ਦਾਅਵਤ ਵਿਚ ਸ਼ਰਾਬ ਵਰਤਾਉਣ ਦੇ ਮਾਮਲੇ ਵਿਚ ਲਾੜੇ ਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ?

      12 ਪੈਰਾ 5 ਵਿਚ ਦੱਸੇ ਕਾਰਨਾਂ ਕਰਕੇ ਕੁਝ ਜੋੜੇ ਵਿਆਹ ਦੀ ਦਾਅਵਤ ਵਿਚ ਸ਼ਰਾਬ ਨਾ ਵਰਤਾਉਣ ਦਾ ਫ਼ੈਸਲਾ ਕਰਦੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਸ਼ਰਾਬੀ ਹੋ ਕੇ ਵਿਆਹ ਦੀਆਂ ਖ਼ੁਸ਼ੀਆਂ ਨੂੰ ਭੰਗ ਕਰਨ। (ਰੋਮੀਆਂ 13:13; 1 ਕੁਰਿੰਥੀਆਂ 5:11) ਪਰ ਜੇ ਜੋੜਾ ਦਾਅਵਤ ਵਿਚ ਸ਼ਰਾਬ ਵਰਤਾਉਣ ਦੀ ਸੋਚ ਰਿਹਾ ਹੈ, ਤਾਂ ਲਾੜਾ ਇਸ ਗੱਲ ਦਾ ਖ਼ਿਆਲ ਰੱਖੇਗਾ ਕਿ ਹੱਦੋਂ ਵੱਧ ਸ਼ਰਾਬ ਨਾ ਵਰਤਾਈ ਜਾਵੇ। ਕਾਨਾ ਵਿਖੇ ਹੋਏ ਵਿਆਹ ਵਿਚ ਮਹਿਮਾਨਾਂ ਨੂੰ ਮੈ ਵਰਤਾਈ ਗਈ ਸੀ ਅਤੇ ਯਿਸੂ ਨੇ ਚਮਤਕਾਰ ਕਰ ਕੇ ਪਾਣੀ ਨੂੰ ਉੱਤਮ ਮੈ ਵਿਚ ਬਦਲਿਆ ਸੀ। ਦਿਲਚਸਪੀ ਦੀ ਗੱਲ ਹੈ ਕਿ ਉਸ ਦਾਅਵਤ ਦੇ ਪ੍ਰਧਾਨ ਨੇ ਯਿਸੂ ਨੂੰ ਕਿਹਾ: “ਹਰੇਕ ਮਨੁੱਖ ਪਹਿਲਾਂ ਅੱਛੀ ਮੈ ਦਿੰਦਾ ਹੈ ਅਤੇ ਜਾਂ ਬਹੁਤ ਪੀ ਚੁੱਕੇ ਤਾਂ ਮਗਰੋਂ ਮਾੜੀ, ਪਰ ਤੈਂ ਅੱਛੀ ਮੈ ਹੁਣ ਤੀਕਰ ਰੱਖ ਛੱਡੀ ਹੈ!” (ਯੂਹੰਨਾ 2:10) ਕੀ ਯਿਸੂ ਪਾਣੀ ਨੂੰ ਮੈ ਵਿਚ ਬਦਲ ਕੇ ਮਹਿਮਾਨਾਂ ਨੂੰ ਮਤਵਾਲੇ ਹੋਣ ਦੀ ਹੱਲਾਸ਼ੇਰੀ ਦੇ ਰਿਹਾ ਸੀ? ਨਹੀਂ, ਉਹ ਇੱਦਾਂ ਕਦੇ ਨਹੀਂ ਕਰ ਸਕਦਾ ਕਿਉਂਕਿ ਉਹ ਤਾਂ ਮਤਵਾਲੇ ਹੋਣ ਨੂੰ ਗ਼ਲਤ ਸਮਝਦਾ ਸੀ। (ਲੂਕਾ 12:45, 46) ਤਾਂ ਫਿਰ ਦਾਅਵਤ ਦੇ ਪ੍ਰਧਾਨ ਦੇ ਕਹਿਣ ਦਾ ਕੀ ਮਤਲਬ ਸੀ? ਉਹ ਤਾਂ ਕੇਵਲ ਇਹੋ ਕਹਿ ਰਿਹਾ ਸੀ ਕਿ ਉਸ ਨੇ ਕਈ ਵਿਆਹਾਂ ਵਿਚ ਮਹਿਮਾਨਾਂ ਨੂੰ ਮਤਵਾਲੇ ਹੁੰਦੇ ਦੇਖਿਆ ਸੀ। (ਰਸੂਲਾਂ ਦੇ ਕਰਤੱਬ 2:15; 1 ਥੱਸਲੁਨੀਕੀਆਂ 5:7) ਇਸ ਲਈ ਲਾੜੇ ਨੂੰ ਅਤੇ ਉਸ ਵੱਲੋਂ ਚੁਣੇ ਗਏ ਦਾਅਵਤ ਦੇ ਨਿਗਰਾਨ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਸਾਰੇ ਮਹਿਮਾਨ ਇਸ ਸਲਾਹ ਨੂੰ ਮੰਨਣ: “ਮੈ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ।”—ਅਫ਼ਸੀਆਂ 5:18; ਕਹਾਉਤਾਂ 20:1; ਹੋਸ਼ੇਆ 4:11.

      13. ਵਿਆਹ ਦੀ ਦਾਅਵਤ ਵਿਚ ਸੰਗੀਤ ਦਾ ਪ੍ਰਬੰਧ ਕਰਦੇ ਵੇਲੇ ਲਾੜੇ-ਲਾੜੀ ਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਉਂ?

      13 ਹੋਰ ਦਾਅਵਤਾਂ ਵਾਂਗ, ਜੇ ਵਿਆਹ ਦੀ ਪਾਰਟੀ ਵਿਚ ਗੀਤ-ਸੰਗੀਤ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂ ਸੰਗੀਤ ਦੀ ਆਵਾਜ਼ ਨੂੰ ਘੱਟ ਰੱਖੋ ਤਾਂਕਿ ਮਹਿਮਾਨਾਂ ਨੂੰ ਇਕ-ਦੂਜੇ ਦੀ ਗੱਲ ਸੁਣਨ ਵਿਚ ਮੁਸ਼ਕਲ ਨਾ ਹੋਵੇ। ਇਕ ਮਸੀਹੀ ਨਿਗਾਹਬਾਨ ਕਹਿੰਦਾ ਹੈ: “ਜਿਉਂ-ਜਿਉਂ ਪਾਰਟੀ ਜ਼ੋਰ ਫੜਦੀ ਜਾਂਦੀ ਹੈ ਜਾਂ ਨਾਚ-ਗਾਣਾ ਸ਼ੁਰੂ ਹੁੰਦਾ ਹੈ, ਤਿਉਂ-ਤਿਉਂ ਸੰਗੀਤ ਦੀ ਆਵਾਜ਼ ਵੀ ਉੱਚੀ ਹੁੰਦੀ ਜਾਂਦੀ ਹੈ। ਉਦੋਂ ਮਹਿਮਾਨਾਂ ਲਈ ਇਕ-ਦੂਸਰੇ ਨਾਲ ਗੱਲ ਕਰਨੀ ਔਖੀ ਹੋ ਜਾਂਦੀ ਹੈ। ਵਿਆਹ ਦੀਆਂ ਦਾਅਵਤਾਂ ਮਸੀਹੀ ਭੈਣਾਂ-ਭਰਾਵਾਂ ਨਾਲ ਸੰਗਤ ਕਰਨ ਦਾ ਵਧੀਆ ਮੌਕਾ ਹੁੰਦਾ ਹੈ। ਪਰ ਅਫ਼ਸੋਸ ਦੀ ਗੱਲ ਹੈ ਕਿ ਕਈ ਵਿਆਹਾਂ ਵਿਚ ਸੰਗੀਤ ਇੰਨਾ ਉੱਚਾ ਹੁੰਦਾ ਹੈ ਕਿ ਲੋਕ ਇਕ-ਦੂਜੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਹੀ ਛੱਡ ਦਿੰਦੇ ਹਨ!” ਸੋ ਲਾੜੇ ਅਤੇ ਦਾਅਵਤ ਦੇ ਪ੍ਰਧਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਗੀਤ ਆਪ ਚੁਣਨ ਅਤੇ ਸੰਗੀਤ ਦੀ ਆਵਾਜ਼ ਨੂੰ ਕੰਟ੍ਰੋਲ ਵਿਚ ਰੱਖਣ। ਸੰਗੀਤਕਾਰਾਂ ਨੂੰ ਖੁੱਲ੍ਹੀ ਛੁੱਟੀ ਨਹੀਂ ਦੇਣੀ ਚਾਹੀਦੀ, ਚਾਹੇ ਉਹ ਕਿਰਾਏ ਦੇ ਹੋਣ ਜਾਂ ਨਾ। ਪੌਲੁਸ ਨੇ ਲਿਖਿਆ: “ਸਭ ਜੋ ਕੁਝ ਤੁਸੀਂ ਕਰੋ ਭਾਵੇਂ ਬਚਨ ਭਾਵੇਂ ਕਰਮ ਸੱਭੋ ਹੀ ਪ੍ਰਭੁ ਯਿਸੂ ਦੇ ਨਾਮ ਉੱਤੇ ਕਰੋ।” (ਕੁਲੁੱਸੀਆਂ 3:17) ਜਦੋਂ ਮਹਿਮਾਨ ਰਿਸੈਪਸ਼ਨ ਤੋਂ ਬਾਅਦ ਘਰ ਜਾਣ, ਤਾਂ ਗੀਤ-ਸੰਗੀਤ ਬਾਰੇ ਉਨ੍ਹਾਂ ਦੇ ਮਨਾਂ ਵਿਚ ਇਹੋ ਖ਼ਿਆਲ ਹੋਣਾ ਚਾਹੀਦਾ ਹੈ ਕਿ ਨਵ-ਵਿਆਹੁਤਾ ਜੋੜੇ ਨੇ ਸਭ ਕੁਝ ਯਿਸੂ ਦੇ ਨਾਮ ਤੇ ਕੀਤਾ।

      14. ਘਰ ਪਰਤਦੇ ਸਮੇਂ ਮਹਿਮਾਨਾਂ ਨੂੰ ਵਿਆਹ ਦੀਆਂ ਕਿਹੜੀਆਂ ਯਾਦਾਂ ਆਪਣੇ ਨਾਲ ਲੈ ਕੇ ਜਾਣੀਆਂ ਚਾਹੀਦੀਆਂ ਹਨ?

      14 ਜੀ ਹਾਂ, ਜੇ ਵਿਆਹ ਦੀ ਦਾਅਵਤ ਦਾ ਪ੍ਰਬੰਧ ਸੋਚ-ਸਮਝ ਕੇ ਕੀਤਾ ਜਾਵੇ, ਤਾਂ ਸਾਰੇ ਇਸ ਦਾ ਆਨੰਦ ਮਾਣਨਗੇ ਅਤੇ ਇਸ ਸ਼ੁੱਭ ਮੌਕੇ ਨੂੰ ਯਾਦ ਰੱਖਣਗੇ। ਐਦਮ ਤੇ ਐਡੀਟਾ ਦੇ ਵਿਆਹ ਨੂੰ 30 ਸਾਲ ਹੋ ਗਏ ਹਨ। ਉਹ ਇਕ ਵਿਆਹ ਦੀ ਦਾਅਵਤ ਬਾਰੇ ਦੱਸਦੇ ਹਨ: “ਉਹ ਦਾਅਵਤ ਵਾਕਈ ਮਸੀਹੀਆਂ ਨੂੰ ਸ਼ੋਭਾ ਦਿੰਦੀ ਸੀ। ਕਈਆਂ ਨੇ ਯਹੋਵਾਹ ਦੀ ਮਹਿਮਾ ਕਰਨ ਲਈ ਗੀਤ ਗਾਏ ਅਤੇ ਹੋਰਨਾਂ ਤਰੀਕਿਆਂ ਨਾਲ ਮਹਿਮਾਨਾਂ ਦਾ ਦਿਲ ਬਹਿਲਾਇਆ। ਪਾਰਟੀ ਵਿਚ ਨਾਚ-ਗਾਣਾ ਵੀ ਸੀ, ਪਰ ਬਹੁਤ ਜ਼ਿਆਦਾ ਨਹੀਂ। ਉੱਥੇ ਖ਼ੁਸ਼ੀ ਦਾ ਮਾਹੌਲ ਸੀ ਅਤੇ ਸਭ ਕੁਝ ਬਾਈਬਲ ਦੇ ਅਸੂਲਾਂ ਮੁਤਾਬਕ ਸੀ।” ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਲਾੜਾ-ਲਾੜੀ ਆਪਣੇ ਕੰਮਾਂ ਰਾਹੀਂ ਆਪਣੀ ਨਿਹਚਾ ਦਾ ਸਬੂਤ ਦੇ ਸਕਦੇ ਹਨ।

      ਵਿਆਹ ਦੇ ਤੋਹਫ਼ੇ

      15. ਵਿਆਹ ਦੇ ਤੋਹਫ਼ਿਆਂ ਦੇ ਸੰਬੰਧ ਵਿਚ ਬਾਈਬਲ ਦੀ ਕਿਹੜੀ ਸਲਾਹ ਯਾਦ ਰੱਖਣੀ ਚੰਗੀ ਗੱਲ ਹੋਵੇਗੀ?

      15 ਕਈ ਦੇਸ਼ਾਂ ਵਿਚ ਲਾੜੇ-ਲਾੜੀ ਨੂੰ ਤੋਹਫ਼ਾ ਦੇਣ ਦਾ ਰਿਵਾਜ ਹੁੰਦਾ ਹੈ। ਤੋਹਫ਼ਾ ਦਿੰਦੇ ਸਮੇਂ ਸਾਨੂੰ ਕੀ ਚੇਤੇ ਰੱਖਣ ਦੀ ਲੋੜ ਹੈ? ਅਸੀਂ ਯੂਹੰਨਾ ਰਸੂਲ ਦੇ ਸ਼ਬਦਾਂ ਨੂੰ ਯਾਦ ਰੱਖਾਂਗੇ ਅਤੇ “ਜੀਵਨ ਦਾ ਅਭਮਾਨ” ਯਾਨੀ ਆਪਣੀ ਅਮੀਰੀ ਦਾ ਦਿਖਾਵਾ ਨਹੀਂ ਕਰਾਂਗੇ। ਇਹੋ ਜਿਹਾ ਦਿਖਾਵਾ ਸੱਚੀ ਨਿਹਚਾ ਦਾ ਸਬੂਤ ਨਹੀਂ ਹੈ, ਸਗੋਂ “ਸੰਸਾਰ” ਦਾ ਲੱਛਣ ਹੈ ‘ਜੋ ਬੀਤਦਾ ਜਾਂਦਾ ਹੈ।’ (1 ਯੂਹੰਨਾ 2:16, 17) ਲਾੜੇ-ਲਾੜੀ ਨੂੰ ਤੋਹਫ਼ੇ ਦੇਣ ਵਾਲਿਆਂ ਦੇ ਨਾਂ ਪੜ੍ਹ ਕੇ ਨਹੀਂ ਸੁਣਾਉਣੇ ਚਾਹੀਦੇ। ਜਦੋਂ ਮਕਦੂਨਿਯਾ ਅਤੇ ਅਖਾਯਾ ਸ਼ਹਿਰ ਦੇ ਮਸੀਹੀਆਂ ਨੇ ਯਰੂਸ਼ਲਮ ਦੇ ਭਰਾਵਾਂ ਲਈ ਤੋਹਫ਼ੇ ਘੱਲੇ ਸਨ, ਤਾਂ ਉਨ੍ਹਾਂ ਦੇ ਨਾਂ ਨਹੀਂ ਦੱਸੇ ਗਏ ਸਨ। (ਰੋਮੀਆਂ 15:26) ਕੁਝ ਮਸੀਹੀ ਨਹੀਂ ਚਾਹੁੰਦੇ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਉਨ੍ਹਾਂ ਨੇ ਕੀ ਤੋਹਫ਼ਾ ਦਿੱਤਾ ਕਿਉਂਕਿ ਉਹ ਆਪਣੇ ਵੱਲ ਧਿਆਨ ਨਹੀਂ ਖਿੱਚਣਾ ਚਾਹੁੰਦੇ। ਇਸ ਮਾਮਲੇ ਵਿਚ ਤੁਸੀਂ ਯਿਸੂ ਦੀ ਸਲਾਹ ਪੜ੍ਹ ਸਕਦੇ ਹੋ ਜੋ ਮੱਤੀ 6:1-4 ਵਿਚ ਦਿੱਤੀ ਗਈ ਹੈ।

      16. ਤੋਹਫ਼ਿਆਂ ਦੇ ਮਾਮਲੇ ਵਿਚ ਲਾੜਾ-ਲਾੜੀ ਦੂਸਰਿਆਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਤੋਂ ਕਿਵੇਂ ਪਰਹੇਜ਼ ਕਰ ਸਕਦੇ ਹਨ?

      16 ਤੋਹਫ਼ੇ ਦੇਣ ਵਾਲਿਆਂ ਦੇ ਨਾਂ ਪੜ੍ਹਨ ਨਾਲ ਸ਼ਾਇਦ ਮਹਿਮਾਨ “ਇੱਕ ਦੂਏ ਨਾਲ ਖਾਰ” ਕਰਨ ਲੱਗ ਪੈਣ। ਹੋ ਸਕਦਾ ਕਿ ਉਹ ਦੂਸਰਿਆਂ ਨਾਲ ਆਪਣੀ ਤੁਲਨਾ ਕਰਨ ਲੱਗ ਪੈਣ ਕਿ ਕਿਸ ਨੇ ਸਭ ਤੋਂ ਵਧੀਆ ਤੇ ਕੀਮਤੀ ਤੋਹਫ਼ਾ ਦਿੱਤਾ। ਸੋ ਲਾੜੇ-ਲਾੜੀ ਨੂੰ ਤੋਹਫ਼ੇ ਦੇਣ ਵਾਲਿਆਂ ਦੇ ਨਾਂ ਪੜ੍ਹ ਕੇ ਸੁਣਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਹ ਉਨ੍ਹਾਂ ਮਹਿਮਾਨਾਂ ਨੂੰ ਸ਼ਰਮਿੰਦਾ ਨਹੀਂ ਕਰਨਗੇ ਜੋ ਤੋਹਫ਼ਾ ਨਹੀਂ ਦੇ ਸਕੇ ਹਨ। (ਗਲਾਤੀਆਂ 5:26; 6:10) ਮਹਿਮਾਨ ਆਪਣੇ ਤੋਹਫ਼ੇ ਨਾਲ ਲੱਗੇ ਕਾਰਡ ਤੇ ਆਪਣਾ ਨਾਂ ਲਿਖ ਸਕਦੇ ਹਨ ਤਾਂਕਿ ਲਾੜਾ-ਲਾੜੀ ਜਾਣ ਸਕਣ ਕਿ ਕਿਸ ਨੇ ਕਿਹੜਾ ਤੋਹਫ਼ਾ ਦਿੱਤਾ ਹੈ। ਵਿਆਹ ਦਾ ਤੋਹਫ਼ਾ ਲੈਣ ਜਾਂ ਦੇਣ ਵੇਲੇ ਅਸੀਂ ਸਾਰੇ ਦਿਖਾ ਸਕਦੇ ਹਾਂ ਕਿ ਅਸੀਂ ਸਭ ਕੁਝ ਆਪਣੀ ਨਿਹਚਾ ਮੁਤਾਬਕ ਕਰਦੇ ਹਾਂ।a

      17. ਆਪਣੀ ਨਿਹਚਾ ਅਤੇ ਕੰਮਾਂ ਦੇ ਸੰਬੰਧ ਵਿਚ ਸਾਡਾ ਕੀ ਟੀਚਾ ਹੋਣਾ ਚਾਹੀਦਾ ਹੈ?

      17 ਇਹ ਸੱਚ ਹੈ ਕਿ ਅਸੀਂ ਬੁਰੇ ਕੰਮਾਂ ਤੋਂ ਦੂਰ ਰਹਿ ਕੇ, ਮਸੀਹੀ ਸਭਾਵਾਂ ਵਿਚ ਜਾ ਕੇ ਅਤੇ ਪ੍ਰਚਾਰ ਦਾ ਕੰਮ ਕਰ ਕੇ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ। ਪਰ ਅਸਲ ਵਿਚ ਸਾਡੇ ਹਰ ਕੰਮ ਤੋਂ ਸਾਡੀ ਨਿਹਚਾ ਦਾ ਸਬੂਤ ਮਿਲਣਾ ਚਾਹੀਦਾ ਹੈ। ਜੀ ਹਾਂ, ਸਾਡਾ ਹਰ ਕੰਮ, ਇੱਥੋਂ ਤਕ ਕਿ ਵਿਆਹ ਸੰਬੰਧੀ ਸਾਰੇ ਪ੍ਰਬੰਧ ਵੀ ਇਹੋ ਜਿਹੇ ਹੋਣੇ ਚਾਹੀਦੇ ਹਨ ਕਿ ਸਾਡੀ ਨਿਹਚਾ ‘ਪੂਰੀ ਪਾਈ ਜਾਵੇ।’—ਪਰਕਾਸ਼ ਦੀ ਪੋਥੀ 3:2.

      18. ਮਸੀਹੀ ਵਿਆਹਾਂ ਅਤੇ ਦਾਅਵਤਾਂ ਵਿਚ ਅਸੀਂ ਯੂਹੰਨਾ 13:17 ਦੀ ਸਲਾਹ ਉੱਤੇ ਕਿਵੇਂ ਚੱਲ ਸਕਦੇ ਹਾਂ?

      18 ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਦੇ ਪੈਰ ਧੋ ਕੇ ਉਨ੍ਹਾਂ ਨੂੰ ਹਲੀਮ ਬਣਨ ਦੀ ਸਿੱਖਿਆ ਦਿੱਤੀ ਸੀ। ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਏਹ ਗੱਲਾਂ ਜਾਣਦੇ ਹੋ ਤਾਂ ਧੰਨ ਹੋ ਜੇ ਇਨ੍ਹਾਂ  ਨੂੰ ਕਰੋ ਭੀ।” (ਯੂਹੰਨਾ 13:4-17) ਸਾਡੇ ਦੇਸ਼ ਵਿਚ ਸ਼ਾਇਦ ਘਰ ਆਏ ਮਹਿਮਾਨਾਂ ਦੇ ਪੈਰ ਧੋਣ ਦਾ ਰਿਵਾਜ ਨਾ ਹੋਵੇ ਜਾਂ ਇੱਦਾਂ ਕਰਨ ਦੀ ਸ਼ਾਇਦ ਕੋਈ ਲੋੜ ਵੀ ਨਾ ਹੋਵੇ। ਪਰ ਜਿਵੇਂ ਅਸੀਂ ਇਸ ਲੇਖ ਵਿਚ ਦੇਖਿਆ ਹੈ, ਅਸੀਂ ਕਈ ਹੋਰ ਗੱਲਾਂ ਵਿਚ ਵੀ ਆਪਣੀ ਨਿਹਚਾ ਦਾ ਸਬੂਤ ਦੇ ਸਕਦੇ ਹਾਂ। ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਾਂਗੇ ਜਿਸ ਨਾਲ ਦੂਸਰਿਆਂ ਨੂੰ ਠੋਕਰ ਵੱਜੇ ਜਾਂ ਉਨ੍ਹਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੇ। ਵਿਆਹ-ਸ਼ਾਦੀ ਅਤੇ ਦਾਅਵਤਾਂ ਦੇ ਮਾਮਲੇ ਵਿਚ ਵੀ ਅਸੀਂ ਆਪਣੀ ਨਿਹਚਾ ਜ਼ਾਹਰ ਕਰਾਂਗੇ, ਭਾਵੇਂ ਵਿਆਹ ਸਾਡਾ ਹੋਵੇ ਜਾਂ ਅਸੀਂ ਕਿਸੇ ਹੋਰ ਦੇ ਵਿਆਹ ਵਿਚ ਮਹਿਮਾਨ ਬਣ ਕੇ ਜਾਈਏ।

      [ਫੁਟਨੋਟ]

      a “ਤੁਹਾਡੇ ਵਿਆਹ ਦਾ ਦਿਨ ਆਦਰਯੋਗ ਤੇ ਖ਼ੁਸ਼ੀ-ਭਰਿਆ ਹੋਵੇ” ਨਾਮਕ ਅਗਲੇ ਲੇਖ ਵਿਚ ਵਿਆਹ ਅਤੇ ਰਿਸੈਪਸ਼ਨ ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ।

      ਤੁਸੀਂ ਕੀ ਜਵਾਬ ਦਿਓਗੇ?

      ਤੁਸੀਂ ਉਦੋਂ ਆਪਣੀ ਨਿਹਚਾ ਦਾ ਸਬੂਤ ਕਿਵੇਂ ਦਿਓਗੇ ਜਦੋਂ:

      • ਤੁਸੀਂ ਕੋਈ ਪਾਰਟੀ ਰੱਖਦੇ ਹੋ?

      • ਵਿਆਹ ਜਾਂ ਰਿਸੈਪਸ਼ਨ ਦਾ ਪ੍ਰਬੰਧ ਕਰਦੇ ਹੋ?

      • ਵਿਆਹ ਦੇ ਤੋਹਫ਼ੇ ਦਿੰਦੇ ਜਾਂ ਲੈਂਦੇ ਹੋ?

      [ਸਫ਼ਾ 24 ਉੱਤੇ ਤਸਵੀਰ]

      ਛੋਟੀਆਂ-ਮੋਟੀਆਂ ਪਾਰਟੀਆਂ ਵਿਚ ਵੀ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰੋ

  • ਤੁਹਾਡੇ ਵਿਆਹ ਦਾ ਦਿਨ ਖ਼ੁਸ਼ੀ ਭਰਿਆ ਤੇ ਆਦਰਯੋਗ ਹੋਵੇ
    ਪਹਿਰਾਬੁਰਜ—2006 | ਅਕਤੂਬਰ 15
    • ਤੁਹਾਡੇ ਵਿਆਹ ਦਾ ਦਿਨ ਖ਼ੁਸ਼ੀ ਭਰਿਆ ਤੇ ਆਦਰਯੋਗ ਹੋਵੇ

      ਗੋਰਡਨ ਨਾਂ ਦੇ ਇਕ ਮਸੀਹੀ ਨੇ ਕਿਹਾ: “ਮੇਰੇ ਵਿਆਹ ਦਾ ਦਿਨ ਮੇਰੀ ਜ਼ਿੰਦਗੀ ਦਾ ਇਕ ਸਭ ਤੋਂ ਅਹਿਮ ਤੇ ਖ਼ੁਸ਼ੀਆਂ ਭਰਿਆ ਦਿਨ ਸੀ।” ਉਸ ਦਾ ਵਿਆਹ ਹੋਏ ਨੂੰ 60 ਸਾਲ ਹੋ ਚੁੱਕੇ ਹਨ। ਸੱਚੇ ਮਸੀਹੀਆਂ ਲਈ ਉਨ੍ਹਾਂ ਦੇ ਵਿਆਹ ਦਾ ਦਿਨ ਇੰਨਾ ਅਹਿਮ ਕਿਉਂ ਹੁੰਦਾ ਹੈ? ਕਿਉਂਕਿ ਇਸ ਦਿਨ ਉਹ ਯਹੋਵਾਹ ਪਰਮੇਸ਼ੁਰ ਅੱਗੇ ਆਪਣੇ ਜੀਵਨ ਸਾਥੀ ਦਾ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕਰਦੇ ਹਨ। (ਮੱਤੀ 22:37; ਅਫ਼ਸੀਆਂ 5:22-29) ਵਿਆਹ ਕਰਾਉਣ ਬਾਰੇ ਸੋਚ ਰਹੇ ਮੁੰਡਾ-ਕੁੜੀ ਆਪਣੇ ਵਿਆਹ ਦੇ ਦਿਨ ਦਾ ਪੂਰਾ ਮਜ਼ਾ ਲੈਣਾ ਚਾਹੁੰਦੇ ਹਨ, ਪਰ ਇਸ ਦੇ ਨਾਲ ਹੀ ਉਹ ਵਿਆਹ ਦੀ ਸ਼ੁਰੂਆਤ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਦੀ ਵੀ ਵਡਿਆਈ ਕਰਨੀ ਚਾਹੁੰਦੇ ਹਨ।—ਉਤਪਤ 2:18-24; ਮੱਤੀ 19:5, 6.

      ਲਾੜਾ ਇਸ ਖ਼ੁਸ਼ੀ ਭਰੇ ਮੌਕੇ ਨੂੰ ਆਦਰਯੋਗ ਕਿਵੇਂ ਬਣਾ ਸਕਦਾ ਹੈ? ਲਾੜੀ ਆਪਣੇ ਪਤੀ ਅਤੇ ਯਹੋਵਾਹ ਦਾ ਕਿਸ ਤਰ੍ਹਾਂ ਸਨਮਾਨ ਕਰ ਸਕਦੀ ਹੈ? ਪਰਾਹੁਣੇ ਵਿਆਹ ਦੇ ਦਿਨ ਦੀ ਖ਼ੁਸ਼ੀ ਵਿਚ ਕਿਵੇਂ ਵਾਧਾ ਕਰ ਸਕਦੇ ਹਨ? ਆਓ ਆਪਾਂ ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ ਬਾਈਬਲ ਦੇ ਕੁਝ ਅਸੂਲਾਂ ਉੱਤੇ ਵਿਚਾਰ ਕਰੀਏ, ਜਿਨ੍ਹਾਂ ਤੇ ਚੱਲ ਕੇ ਵਿਆਹ ਦੇ ਸ਼ੁਭ ਮੌਕੇ ਤੇ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਘਟਾਇਆ ਜਾ ਸਕਦਾ ਹੈ।

      ਵਿਆਹ ਦੀਆਂ ਤਿਆਰੀਆਂ ਕਰਨ ਦੀ ਮੁੱਖ ਜ਼ਿੰਮੇਵਾਰੀ ਕਿਸ ਦੀ ਹੈ?

      ਬਹੁਤ ਸਾਰੇ ਦੇਸ਼ਾਂ ਵਿਚ ਸਰਕਾਰ ਵੱਲੋਂ ਕੁਝ ਯਹੋਵਾਹ ਦੇ ਗਵਾਹਾਂ ਨੂੰ ਮੈਰਿਜ ਰਜਿਸਟਰਾਰ ਨਿਯੁਕਤ ਕੀਤਾ ਜਾਂਦਾ ਹੈ। ਪਰ ਕਈ ਦੇਸ਼ਾਂ ਵਿਚ ਇਹ ਕੰਮ ਸਿਰਫ਼ ਸਰਕਾਰੀ ਅਧਿਕਾਰੀ ਹੀ ਕਰ ਸਕਦਾ ਹੈ। ਇੱਦਾਂ ਹੋਣ ਤੇ ਵਿਆਹ ਤੋਂ ਬਾਅਦ ਮੁੰਡਾ-ਕੁੜੀ ਬਾਈਬਲ ਤੇ ਆਧਾਰਿਤ ਭਾਸ਼ਣ ਦਾ ਪ੍ਰਬੰਧ ਕਰ ਸਕਦੇ ਹਨ। ਇਸ ਭਾਸ਼ਣ ਵਿਚ ਲਾੜੇ ਨੂੰ ਚੇਤੇ ਕਰਾਇਆ ਜਾਂਦਾ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਪਰਿਵਾਰ ਦਾ ਮੁਖੀ ਠਹਿਰਾਇਆ ਹੈ। (1 ਕੁਰਿੰਥੀਆਂ 11:3) ਇਸ ਕਰਕੇ ਵਿਆਹ ਦੇ ਦਿਨ ਜੋ ਕੁਝ ਹੁੰਦਾ ਹੈ, ਉਸ ਲਈ ਮੁੱਖ ਤੌਰ ਤੇ ਲਾੜਾ ਜ਼ਿੰਮੇਵਾਰ ਹੋਵੇਗਾ। ਪਰ ਆਮ ਕਰਕੇ ਵਿਆਹ ਅਤੇ ਰਿਸੈਪਸ਼ਨ ਦੇ ਪ੍ਰਬੰਧ ਕਾਫ਼ੀ ਸਮਾਂ ਪਹਿਲਾਂ ਹੀ ਕਰ ਲਏ ਜਾਂਦੇ ਹਨ। ਇਸ ਮਾਮਲੇ ਵਿਚ ਲਾੜੇ ਨੂੰ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ?

      ਇਕ ਮੁਸ਼ਕਲ ਤਾਂ ਇਹ ਹੈ ਕਿ ਮੁੰਡੇ-ਕੁੜੀ ਦੇ ਰਿਸ਼ਤੇਦਾਰ ਆਪਣੇ ਮੁਤਾਬਕ ਵਿਆਹ ਦੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਰੋਡੋਲਫੋ ਇਕ ਮੈਰਿਜ ਰਜਿਸਟਰਾਰ ਹੈ। ਉਹ ਦੱਸਦਾ ਹੈ: “ਕਈ ਵਾਰ ਰਿਸ਼ਤੇਦਾਰ ਮੁੰਡੇ ਤੇ ਬਹੁਤ ਜ਼ੋਰ ਪਾਉਂਦੇ ਹਨ, ਖ਼ਾਸ ਕਰਕੇ ਜੇ ਰਿਸ਼ਤੇਦਾਰ ਰਿਸੈਪਸ਼ਨ ਦਾ ਖ਼ਰਚਾ ਦੇ ਰਹੇ ਹੋਣ। ਉਹ ਆਪਣੀ ਗੱਲ ਮੰਨਵਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਵਿਆਹ ਅਤੇ ਰਿਸੈਪਸ਼ਨ ਕਿੱਦਾਂ ਦੀ ਹੋਣੀ ਚਾਹੀਦੀ ਹੈ। ਇਸ ਨਾਲ ਮੁੰਡੇ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਨਹੀਂ ਮਿਲਦਾ।”

      ਮੈਕਸ 35 ਸਾਲਾਂ ਤੋਂ ਯਹੋਵਾਹ ਦੇ ਗਵਾਹਾਂ ਦਾ ਮੈਰਿਜ ਰਜਿਸਟਰਾਰ ਰਿਹਾ ਹੈ। ਉਹ ਦੱਸਦਾ ਹੈ: “ਮੈਂ ਦੇਖਿਆ ਹੈ ਕਿ ਆਮ ਤੌਰ ਤੇ ਕੁੜੀ ਫ਼ੈਸਲਾ ਕਰਦੀ ਹੈ ਕਿ ਵਿਆਹ ਅਤੇ ਰਿਸੈਪਸ਼ਨ ਕਿੱਦਾਂ ਦੀ ਹੋਣੀ ਚਾਹੀਦੀ ਹੈ ਤੇ ਮੁੰਡੇ ਤੋਂ ਜ਼ਿਆਦਾ ਪੁੱਛਿਆ ਨਹੀਂ ਜਾਂਦਾ।” ਡੇਵਿਡ ਨੇ ਵੀ ਕਈ ਗਵਾਹਾਂ ਦਾ ਵਿਆਹ ਕਰਾਇਆ ਹੈ। ਉਸ ਦਾ ਕਹਿਣਾ ਹੈ: “ਕਦੀ-ਕਦੀ ਮੁੰਡਾ ਹੀ ਫ਼ੈਸਲੇ ਕਰਨ ਵਿਚ ਢਿੱਲਾ ਹੁੰਦਾ ਹੈ ਤੇ ਵਿਆਹ ਦੀਆਂ ਤਿਆਰੀਆਂ ਵਿਚ ਉਹ ਬਹੁਤਾ ਕੁਝ ਨਹੀਂ ਕਰਦਾ।” ਇਸ ਮਾਮਲੇ ਵਿਚ ਮੁੰਡਾ ਆਪਣੀ ਜ਼ਿੰਮੇਵਾਰੀ ਕਿਵੇਂ ਪੂਰੀ ਕਰ ਸਕਦਾ ਹੈ?

      ਸਲਾਹ-ਮਸ਼ਵਰਾ ਕਰਨ ਨਾਲ ਖ਼ੁਸ਼ੀ ਵਧਦੀ ਹੈ

      ਵਿਆਹ ਦੀਆਂ ਤਿਆਰੀਆਂ ਸੰਬੰਧੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਜ਼ਰੂਰੀ ਹੈ ਕਿ ਮੁੰਡਾ ਆਪਣੀ ਹੋਣ ਵਾਲੀ ਪਤਨੀ ਨਾਲ, ਘਰਦਿਆਂ ਨਾਲ ਅਤੇ ਹੋਰ ਪਰਿਪੱਕ ਮਸੀਹੀਆਂ ਨਾਲ ਸਲਾਹ-ਮਸ਼ਵਰਾ ਕਰੇ ਜੋ ਬਾਈਬਲ ਵਿੱਚੋਂ ਉਸ ਨੂੰ ਸਲਾਹ ਦੇਣਗੇ। ਬਾਈਬਲ ਸਾਫ਼-ਸਾਫ਼ ਦੱਸਦੀ ਹੈ: “ਬਿਨਾਂ ਸਲਾਹ ਲਿਆ ਯੋਜਨਾਵਾਂ ਅਸਫਲ ਹੋ ਜਾਂਦੀਆਂ ਹਨ।” (ਕਹਾਉਤਾਂ 15:22, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਹਿਲਾਂ ਹੀ ਦੂਸਰਿਆਂ ਨਾਲ ਗੱਲ ਕਰ ਲੈਣ ਨਾਲ ਬਾਅਦ ਵਿਚ ਸਮੱਸਿਆਵਾਂ ਖੜ੍ਹੀਆਂ ਨਹੀਂ ਹੋਣਗੀਆਂ।

      ਜੀ ਹਾਂ, ਇਹ ਬਹੁਤ ਜ਼ਰੂਰੀ ਹੈ ਕਿ ਮੁੰਡਾ-ਕੁੜੀ ਦੋਵੇਂ ਬੈਠ ਕੇ ਵਿਆਹ ਦੀਆਂ ਤਿਆਰੀਆਂ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਗੱਲ ਕਰਨ। ਕਿਉਂ? ਆਈਵਨ ਤੇ ਉਸ ਦੀ ਪਤਨੀ ਡੈਲਵਿਨ ਦੀ ਗੱਲ ਤੇ ਗੌਰ ਕਰੋ ਜਿਨ੍ਹਾਂ ਦੇ ਵਿਆਹ ਨੂੰ ਕਈ ਸਾਲ ਹੋ ਗਏ ਹਨ। ਇਨ੍ਹਾਂ ਦੋਵਾਂ ਦਾ ਸਭਿਆਚਾਰਕ ਪਿਛੋਕੜ ਵੱਖਰਾ ਸੀ। ਆਪਣੇ ਵਿਆਹ ਨੂੰ ਯਾਦ ਕਰਦਿਆਂ ਆਈਵਨ ਦੱਸਦਾ ਹੈ: “ਮੈਂ ਕਈ ਗੱਲਾਂ ਦਾ ਫ਼ੈਸਲਾ ਕਰ ਲਿਆ ਸੀ ਜਿਵੇਂ ਕਿ ਵਿਆਹ ਕਿੱਦਾਂ ਹੋਵੇਗਾ, ਰਿਸੈਪਸ਼ਨ ਤੇ ਮੇਰੇ ਸਾਰੇ ਦੋਸਤ-ਮਿੱਤਰ ਆਉਣਗੇ, ਵਿਆਹ ਦਾ ਵੱਡਾ ਸਾਰਾ ਕੇਕ ਕੱਟਿਆ ਜਾਏਗਾ ਤੇ ਡੈਲਵਿਨ ਵਿਆਹ ਦਾ ਚਿੱਟਾ ਗਾਊਨ ਪਾਏਗੀ। ਪਰ ਡੈਲਵਿਨ ਇਹ ਸਭ ਨਹੀਂ ਚਾਹੁੰਦੀ ਸੀ, ਸਗੋਂ ਉਹ ਸਾਦਾ ਜਿਹਾ ਵਿਆਹ ਚਾਹੁੰਦੀ ਸੀ। ਉਸ ਨੇ ਤਾਂ ਇਹ ਵੀ ਸੋਚਿਆ ਸੀ ਕਿ ਉਹ ਵੈਡਿੰਗ ਗਾਊਨ ਦੀ ਬਜਾਇ ਕੁਝ ਹੋਰ ਪਾਵੇਗੀ।”

      ਇਸ ਜੋੜੇ ਨੇ ਇਸ ਮਸਲੇ ਨੂੰ ਕਿਵੇਂ ਹੱਲ ਕੀਤਾ? ਪਿਆਰ ਨਾਲ ਖੁੱਲ੍ਹ ਕੇ ਗੱਲ ਕਰਨ ਦੁਆਰਾ। (ਕਹਾਉਤਾਂ 12:18) ਆਈਵਨ ਦੱਸਦਾ ਹੈ: “ਅਸੀਂ ਵਿਆਹ ਬਾਰੇ ਕਈ ਬਾਈਬਲ-ਆਧਾਰਿਤ ਲੇਖ ਪੜ੍ਹੇ, ਜਿਵੇਂ ਕਿ ਪਹਿਰਾਬੁਰਜ, 15 ਅਪ੍ਰੈਲ 1984.a ਇਹ ਲੇਖ ਪੜ੍ਹ ਕੇ ਅਸੀਂ ਵਿਆਹ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਨੂੰ ਜਾਣਿਆ। ਕਿਉਂਕਿ ਅਸੀਂ ਦੋਵੇਂ ਵੱਖੋ-ਵੱਖਰੇ ਪਿਛੋਕੜਾਂ ਤੋਂ ਸਾਂ, ਇਸ ਲਈ ਸਾਨੂੰ ਕਈ ਗੱਲਾਂ ਵਿਚ ਸਮਝੌਤਾ ਕਰਨਾ ਪਿਆ। ਇਕ-ਦੂਜੇ ਦੀ ਪਸੰਦ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਵਿਆਹ ਦੀਆਂ ਤਿਆਰੀਆਂ ਕੀਤੀਆਂ।”

      ਐਰਟ ਤੇ ਪੈਨੀ ਨੇ ਵੀ ਇਸੇ ਤਰ੍ਹਾਂ ਕੀਤਾ ਸੀ। ਆਪਣੇ ਵਿਆਹ ਦੇ ਦਿਨ ਬਾਰੇ ਐਰਟ ਕਹਿੰਦਾ ਹੈ: “ਮੈਂ ਤੇ ਪੈਨੀ ਨੇ ਵਿਆਹ ਬਾਰੇ ਆਪੋ-ਆਪਣੀ ਪਸੰਦ ਬਾਰੇ ਗੱਲ ਕੀਤੀ ਤੇ ਫਿਰ ਇਕ-ਦੂਜੇ ਦੀ ਪਸੰਦ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਵਿਆਹ ਦੀਆਂ ਤਿਆਰੀਆਂ ਕੀਤੀਆਂ। ਅਸੀਂ ਆਪਣੇ ਵਿਆਹ ਦੇ ਦਿਨ ਤੇ ਯਹੋਵਾਹ ਦੀ ਬਰਕਤ ਲਈ ਪ੍ਰਾਰਥਨਾ ਕੀਤੀ। ਮੈਂ ਆਪਣੇ ਅਤੇ ਪੈਨੀ ਦੇ ਮਾਤਾ-ਪਿਤਾ ਤੇ ਕਲੀਸਿਯਾ ਦੇ ਸਿਆਣੇ ਵਿਆਹੇ ਭੈਣਾਂ-ਭਰਾਵਾਂ ਦੀ ਸਲਾਹ ਵੀ ਲਈ। ਉਨ੍ਹਾਂ ਨੇ ਸਾਨੂੰ ਚੰਗੇ ਸੁਝਾਅ ਦਿੱਤੇ। ਨਤੀਜੇ ਵਜੋਂ ਸਾਡਾ ਵਿਆਹ ਦਾ ਦਿਨ ਬਹੁਤ ਹੀ ਖ਼ੁਸ਼ੀਆਂ-ਭਰਿਆ ਸੀ।”

      ਚੱਜ ਦੇ ਕੱਪੜੇ

      ਮੁੰਡਾ-ਕੁੜੀ ਆਪਣੇ ਵਿਆਹ ਤੇ ਸਜਦੇ-ਧੱਜਦੇ ਹਨ। (ਜ਼ਬੂਰਾਂ ਦੀ ਪੋਥੀ 45:8-15) ਉਹ ਵਿਆਹ ਦੇ ਕੱਪੜੇ ਪਸੰਦ ਕਰਨ ਤੇ ਖ਼ਰੀਦਣ ਵਿਚ ਕਾਫ਼ੀ ਸਮਾਂ ਤੇ ਪੈਸਾ ਲਾਉਂਦੇ ਹਨ। ਬਾਈਬਲ ਦੇ ਕਿਹੜੇ ਅਸੂਲ ਉਨ੍ਹਾਂ ਦੀ ਅਜਿਹੇ ਕੱਪੜੇ ਚੁਣਨ ਵਿਚ ਮਦਦ ਕਰ ਸਕਦੇ ਹਨ ਜਿਨ੍ਹਾਂ ਨੂੰ ਪਾ ਕੇ ਉਹ ਇੱਜ਼ਤਦਾਰ ਵੀ ਲੱਗਣ ਤੇ ਸੋਹਣੇ ਵੀ?

      ਜ਼ਰਾ ਲਾੜੀ ਦੇ ਕੱਪੜਿਆਂ ਵੱਲ ਧਿਆਨ ਦਿਓ। ਹਰ ਕੁੜੀ ਦੀ ਆਪੋ-ਆਪਣੀ ਪਸੰਦ ਹੁੰਦੀ ਹੈ ਤੇ ਹਰ ਦੇਸ਼ ਵਿਚ ਕੱਪੜਿਆਂ ਦਾ ਸਟਾਈਲ ਵੀ ਵੱਖੋ-ਵੱਖਰਾ ਹੁੰਦਾ ਹੈ। ਫਿਰ ਵੀ ਬਾਈਬਲ ਦੀ ਸਲਾਹ ਹਰ ਜਗ੍ਹਾ ਲਾਗੂ ਕੀਤੀ ਜਾ ਸਕਦੀ ਹੈ। ਬਾਈਬਲ ਸਲਾਹ ਦਿੰਦੀ ਹੈ ਕਿ ਔਰਤਾਂ “ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨ।” ਇਹ ਸਲਾਹ ਮਸੀਹੀ ਔਰਤਾਂ ਤੇ ਹਰ ਸਮੇਂ ਲਾਗੂ ਹੁੰਦੀ ਹੈ, ਵਿਆਹ ਵਾਲੇ ਦਿਨ ਵੀ। ਵਿਆਹ ਦੀ ਖ਼ੁਸ਼ੀ ਨੂੰ ਵਧਾਉਣ ਲਈ ਜ਼ਰੂਰੀ ਨਹੀਂ ਕਿ ‘ਭਾਰੇ ਮੁੱਲ ਦੇ ਬਸਤ੍ਰ’ ਪਾਏ ਜਾਣ। (1 ਤਿਮੋਥਿਉਸ 2:9; 1 ਪਤਰਸ 3:3, 4) ਇਹ ਸਲਾਹ ਲਾਗੂ ਕਰਨ ਦਾ ਬਹੁਤ ਫ਼ਾਇਦਾ ਹੋਵੇਗਾ।

      ਡੇਵਿਡ ਜਿਸ ਦਾ ਉੱਪਰ ਜ਼ਿਕਰ ਕੀਤਾ ਗਿਆ ਹੈ, ਦੱਸਦਾ ਹੈ: “ਬਹੁਤ ਸਾਰੇ ਜੋੜੇ ਬਾਈਬਲ ਦੇ ਅਸੂਲਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਉਨ੍ਹਾਂ ਦੀ ਸਿਫ਼ਤ ਕੀਤੀ ਜਾਣੀ ਚਾਹੀਦੀ ਹੈ। ਪਰ ਕਈ ਵਿਆਹਾਂ ਵਿਚ ਦੇਖਿਆ ਗਿਆ ਹੈ ਕਿ ਲਾੜੀਆਂ ਤੇ ਉਨ੍ਹਾਂ ਦੀਆਂ ਸਹੇਲੀਆਂ ਦੇ ਕੱਪੜਿਆਂ ਦੇ ਗਲੇ ਬਹੁਤ ਵੱਡੇ ਸਨ ਜਾਂ ਉਨ੍ਹਾਂ ਦੇ ਕੱਪੜਿਆਂ ਵਿੱਚੋਂ ਆਰ-ਪਾਰ ਦਿੱਸਦਾ ਸੀ।” ਮਸੀਹੀ ਕਲੀਸਿਯਾ ਦਾ ਇਕ ਬਜ਼ੁਰਗ ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਨੂੰ ਮਿਲ ਕੇ ਵਿਆਹ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਰੱਖਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। ਕਿਵੇਂ? ਉਹ ਉਨ੍ਹਾਂ ਨੂੰ ਪੁੱਛਦਾ ਹੈ ਕਿ ਉਹ ਜਿਹੜੇ ਕੱਪੜੇ ਸਿਲਾਉਣ ਬਾਰੇ ਸੋਚ ਰਹੇ ਹਨ, ਉਹ ਮਸੀਹੀ ਸਭਾਵਾਂ ਵਿਚ ਪਾਏ ਜਾ ਸਕਦੇ ਹਨ ਜਾਂ ਨਹੀਂ। ਇਹ ਸੱਚ ਹੈ ਕਿ ਵਿਆਹ ਦੇ ਕੱਪੜਿਆਂ ਦਾ ਸਟਾਈਲ ਮੀਟਿੰਗ ਵਿਚ ਪਾਏ ਜਾਂਦੇ ਕੱਪੜਿਆਂ ਤੋਂ ਵੱਖਰਾ ਹੁੰਦਾ ਹੈ ਤੇ ਇਹ ਸ਼ਾਇਦ ਸਥਾਨਕ ਰਿਵਾਜਾਂ ਤੇ ਨਿਰਭਰ ਕਰੇ। ਪਰ ਵਿਆਹ ਦੇ ਦਿਨ ਮੁੰਡੇ-ਕੁੜੀ ਦੇ ਕੱਪੜੇ ਉੱਚੇ ਮਸੀਹੀ ਮਿਆਰਾਂ ਅਨੁਸਾਰ ਹੋਣੇ ਚਾਹੀਦੇ ਹਨ। ਭਾਵੇਂ ਦੁਨਿਆਵੀ ਲੋਕ ਸੋਚਣ ਕਿ ਬਾਈਬਲ ਦੇ ਨੈਤਿਕ ਮਿਆਰ ਪੁਰਾਣੇ ਹਨ, ਪਰ ਸੱਚੇ ਮਸੀਹੀ ਦੁਨੀਆਂ ਵਰਗੇ ਨਹੀਂ ਬਣਨਾ ਚਾਹੁਣਗੇ।—ਰੋਮੀਆਂ 12:2; 1 ਪਤਰਸ 4:4.

      ਪੈਨੀ ਕਹਿੰਦੀ ਹੈ: “ਕੱਪੜਿਆਂ ਤੇ ਰਿਸੈਪਸ਼ਨ ਵੱਲ ਪੂਰਾ ਧਿਆਨ ਦੇਣ ਦੀ ਬਜਾਇ ਮੈਂ ਤੇ ਐਰਟ ਨੇ ਵਿਆਹ ਦੀ ਰਸਮ ਵੱਲ ਜ਼ਿਆਦਾ ਧਿਆਨ ਦਿੱਤਾ। ਇਹ ਵਿਆਹ ਦਾ ਸਭ ਤੋਂ ਅਹਿਮ ਹਿੱਸਾ ਸੀ। ਉਸ ਦਿਨ ਦੀਆਂ ਦੋ ਖ਼ਾਸ ਗੱਲਾਂ ਮੈਨੂੰ ਯਾਦ ਹਨ। ਇਹ ਨਹੀਂ ਕਿ ਮੈਂ ਕੀ ਪਾਇਆ ਸੀ ਜਾਂ ਕੀ ਖਾਧਾ ਸੀ, ਸਗੋਂ ਇਹ ਕਿ ਜਿਸ ਆਦਮੀ ਨੂੰ ਮੈਂ ਪਿਆਰ ਕਰਦੀ ਸੀ ਉਸ ਨਾਲ ਵਿਆਹ ਕਰ ਕੇ ਮੈਂ ਕਿੰਨੀ ਖ਼ੁਸ਼ ਸੀ ਅਤੇ ਉਸ ਦਿਨ ਕੌਣ-ਕੌਣ ਸਾਡੀ ਖ਼ੁਸ਼ੀ ਵਿਚ ਸ਼ਾਮਲ ਹੋਏ ਸਨ।” ਵਿਆਹ ਦੀਆਂ ਤਿਆਰੀਆਂ ਕਰ ਰਹੇ ਮੁੰਡੇ-ਕੁੜੀਆਂ ਨੂੰ ਇਹ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ।

      ਕਿੰਗਡਮ ਹਾਲ ਵਿਚ ਵਿਆਹ

      ਬਹੁਤ ਸਾਰੇ ਮਸੀਹੀ ਮੁੰਡੇ-ਕੁੜੀਆਂ ਕਿੰਗਡਮ ਹਾਲ ਵਿਚ ਵਿਆਹ ਕਰਾਉਂਦੇ ਹਨ। ਕਿਉਂ? ਇਕ ਜੋੜੇ ਨੇ ਇਸ ਦਾ ਕਾਰਨ ਦੱਸਿਆ: “ਸਾਨੂੰ ਪਤਾ ਸੀ ਕਿ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ ਸ਼ੁਰੂਆਤ ਯਹੋਵਾਹ ਨੇ ਕੀਤੀ ਸੀ। ਕਿੰਗਡਮ ਹਾਲ ਵਿਚ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ, ਇਸ ਲਈ ਕਿੰਗਡਮ ਹਾਲ ਵਿਚ ਵਿਆਹ ਕਰਾਉਣ ਨਾਲ ਸਾਨੂੰ ਇਹ ਗੱਲ ਯਾਦ ਰਹੀ ਕਿ ਯਹੋਵਾਹ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ। ਹੋਰ ਜਗ੍ਹਾ ਵਿਆਹ ਕਰਾਉਣ ਦੀ ਬਜਾਇ ਕਿੰਗਡਮ ਹਾਲ ਵਿਚ ਵਿਆਹ ਕਰਾਉਣ ਦਾ ਇਕ ਹੋਰ ਫ਼ਾਇਦਾ ਇਹ ਸੀ ਕਿ ਸਾਡੇ ਉਨ੍ਹਾਂ ਰਿਸ਼ਤੇਦਾਰਾਂ ਨੂੰ ਜੋ ਸੱਚਾਈ ਵਿਚ ਨਹੀਂ ਹਨ, ਪਤਾ ਲੱਗ ਗਿਆ ਕਿ ਯਹੋਵਾਹ ਦੀ ਭਗਤੀ ਸਾਡੇ ਲਈ ਕਿੰਨੀ ਅਹਿਮੀਅਤ ਰੱਖਦੀ ਹੈ।”

      ਜੇ ਕਲੀਸਿਯਾ ਦੇ ਬਜ਼ੁਰਗ ਵਿਆਹ ਵਾਸਤੇ ਕਿੰਗਡਮ ਹਾਲ ਵਰਤਣ ਦੀ ਇਜਾਜ਼ਤ ਦਿੰਦੇ ਹਨ, ਤਾਂ ਮੁੰਡੇ-ਕੁੜੀ ਨੂੰ ਵਿਆਹ ਦੀਆਂ ਤਿਆਰੀਆਂ ਸੰਬੰਧੀ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ। ਵਿਆਹ ਲਈ ਸਮੇਂ ਸਿਰ ਕਿੰਗਡਮ ਹਾਲ ਪਹੁੰਚ ਕੇ ਮੁੰਡਾ-ਕੁੜੀ ਆਏ ਮਹਿਮਾਨਾਂ ਦੀ ਇੱਜ਼ਤ ਕਰਦੇ ਹਨ। ਨਾਲੇ ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰਾ ਕੁਝ ਵਧੀਆ ਤਰੀਕੇ ਨਾਲ ਹੋਵੇ।b (1 ਕੁਰਿੰਥੀਆਂ 14:40) ਉਹ ਕਿੰਗਡਮ ਹਾਲ ਵਿਚ ਦਿਖਾਵੇ ਵਾਲਾ ਜਾਂ ਮੌਜ-ਮਸਤੀ ਵਾਲਾ ਮਾਹੌਲ ਪੈਦਾ ਕਰਨ ਤੋਂ ਪਰਹੇਜ਼ ਕਰਨਗੇ ਜੋ ਅਕਸਰ ਦੁਨਿਆਵੀ ਵਿਆਹਾਂ ਵਿਚ ਦੇਖਿਆ ਜਾਂਦਾ ਹੈ।—1 ਯੂਹੰਨਾ 2:15, 16.

      ਵਿਆਹ ਵਿਚ ਸੱਦੇ ਗਏ ਮਹਿਮਾਨ ਵੀ ਦਿਖਾ ਸਕਦੇ ਹਨ ਕਿ ਉਹ ਵਿਆਹ ਸੰਬੰਧੀ ਯਹੋਵਾਹ ਦਾ ਨਜ਼ਰੀਆ ਰੱਖਦੇ ਹਨ। ਉਦਾਹਰਣ ਲਈ, ਉਹ ਇਹ ਆਸ ਨਹੀਂ ਰੱਖਣਗੇ ਕਿ ਇਹ ਵਿਆਹ ਦੂਸਰੇ ਵਿਆਹਾਂ ਦੇ ਮੁਕਾਬਲੇ ਜ਼ਿਆਦਾ ਠਾਠ-ਬਾਠ ਵਾਲਾ ਹੋਵੇ। ਸਿਆਣੇ ਮਸੀਹੀਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਕਿੰਗਡਮ ਹਾਲ ਵਿਚ ਬਾਈਬਲ ਤੇ ਆਧਾਰਿਤ ਭਾਸ਼ਣ ਸੁਣਨਾ ਦਾਅਵਤ ਜਾਂ ਰਿਸੈਪਸ਼ਨ ਨਾਲੋਂ ਜ਼ਿਆਦਾ ਅਹਿਮ ਤੇ ਫ਼ਾਇਦੇਮੰਦ ਹੈ। ਜੇ ਕਿਸੇ ਵਜ੍ਹਾ ਕਰਕੇ ਸਿਰਫ਼ ਇੱਕੋ ਜਗ੍ਹਾ ਜਾਇਆ ਜਾ ਸਕਦਾ ਹੈ, ਤਾਂ ਚੰਗਾ ਹੋਵੇਗਾ ਕਿ ਮਹਿਮਾਨ ਕਿੰਗਡਮ ਹਾਲ ਭਾਸ਼ਣ ਸੁਣਨ ਲਈ ਜਾਣ। ਵਿਲਿਅਮ ਨਾਂ ਦੇ ਇਕ ਬਜ਼ੁਰਗ ਨੇ ਕਿਹਾ: “ਜੇ ਮਹਿਮਾਨ ਬਿਨਾਂ ਵਜ੍ਹਾ ਕਿੰਗਡਮ ਹਾਲ ਨਹੀਂ ਜਾਂਦੇ, ਪਰ ਰਿਸੈਪਸ਼ਨ ਵਿਚ ਪਹੁੰਚ ਜਾਂਦੇ ਹਨ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਵਿਆਹ ਦੀ ਪਵਿੱਤਰਤਾ ਦੀ ਕਦਰ ਨਹੀਂ ਕਰਦੇ। ਭਾਵੇਂ ਸਾਨੂੰ ਰਿਸੈਪਸ਼ਨ ਤੇ ਆਉਣ ਦਾ ਸੱਦਾ ਨਾ ਵੀ ਮਿਲਿਆ ਹੋਵੇ, ਤਾਂ ਵੀ ਅਸੀਂ ਕਿੰਗਡਮ ਹਾਲ ਵਿਚ ਵਿਆਹ ਦੀ ਰਸਮ ਵਿਚ ਹਾਜ਼ਰ ਹੋ ਕੇ ਮੁੰਡੇ-ਕੁੜੀ ਦਾ ਸਨਮਾਨ ਕਰਦੇ ਹਾਂ ਅਤੇ ਜੋ ਰਿਸ਼ਤੇਦਾਰ ਸੱਚਾਈ ਵਿਚ ਨਹੀਂ ਹਨ, ਉਨ੍ਹਾਂ ਨੂੰ ਅਸੀਂ ਵਧੀਆ ਗਵਾਹੀ ਦਿੰਦੇ ਹਾਂ।”

      ਵਿਆਹ ਤੋਂ ਬਾਅਦ ਖ਼ੁਸ਼ੀਆਂ-ਭਰੀ ਜ਼ਿੰਦਗੀ

      ਵਿਆਹ ਨੂੰ ਵੀ ਅੱਜ ਕਾਰੋਬਾਰ ਬਣਾ ਦਿੱਤਾ ਗਿਆ ਹੈ। ਇਕ ਰਿਪੋਰਟ ਅਨੁਸਾਰ ਆਮ ਤੌਰ ਤੇ ਅਮਰੀਕਾ ਵਿਚ ਵਿਆਹ ਤੇ “22,000 ਡਾਲਰ ਖ਼ਰਚ ਹੁੰਦਾ ਹੈ ਜੋ ਕਿ ਇਕ ਅਮਰੀਕੀ ਪਰਿਵਾਰ ਦੀ [ਸਾਲਾਨਾ] ਆਮਦਨੀ ਦਾ ਅੱਧਾ ਹਿੱਸਾ ਹੈ।” ਵਿਆਹ ਦੀ ਤੜਕ-ਭੜਕ ਦੀਆਂ ਮਸ਼ਹੂਰੀਆਂ ਦੇਖ ਕੇ ਬਹੁਤ ਸਾਰੇ ਮੁੰਡੇ-ਕੁੜੀਆਂ ਜਾਂ ਉਨ੍ਹਾਂ ਦੇ ਪਰਿਵਾਰ ਵਿਆਹ ਉੱਤੇ ਦਿਲ ਖੋਲ੍ਹ ਕੇ ਖ਼ਰਚ ਕਰਦੇ ਹਨ ਤੇ ਕਈ ਸਾਲਾਂ ਲਈ ਕਰਜ਼ੇ ਹੇਠ ਦੱਬੇ ਜਾਂਦੇ ਹਨ। ਕੀ ਇਸ ਤਰ੍ਹਾਂ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸਮਝਦਾਰੀ ਹੋਵੇਗੀ? ਜੋ ਲੋਕ ਬਾਈਬਲ ਦੇ ਅਸੂਲਾਂ ਬਾਰੇ ਨਹੀਂ ਜਾਣਦੇ ਜਾਂ ਇਨ੍ਹਾਂ ਦੀ ਕਦਰ ਨਹੀਂ ਕਰਦੇ, ਉਹ ਲੋਕ ਇਸ ਤਰ੍ਹਾਂ ਦੀ ਫ਼ਜ਼ੂਲਖ਼ਰਚੀ ਕਰਦੇ ਹਨ। ਪਰ ਸੱਚੇ ਮਸੀਹੀ ਇਸ ਤਰ੍ਹਾਂ ਦੀ ਗ਼ਲਤੀ ਨਹੀਂ ਕਰਨਗੇ।

      ਬਹੁਤ ਸਾਰੇ ਮਸੀਹੀਆਂ ਨੇ ਆਪਣੇ ਵਿਆਹ ਤੇ ਭੀੜ ਇਕੱਠੀ ਨਹੀਂ ਕੀਤੀ ਤੇ ਨਾ ਹੀ ਫ਼ਜ਼ੂਲਖ਼ਰਚੀ ਕੀਤੀ, ਸਗੋਂ ਉਨ੍ਹਾਂ ਨੇ ਵਿਆਹ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਅਪਣਾਇਆ ਹੈ। ਇਸ ਤਰ੍ਹਾਂ ਉਨ੍ਹਾਂ ਨੇ ਪੈਸਾ ਤੇ ਸਮਾਂ ਬਚਾਇਆ ਜੋ ਉਨ੍ਹਾਂ ਨੇ ਪਰਮੇਸ਼ੁਰ ਦੀ ਹੋਰ ਜ਼ਿਆਦਾ ਸੇਵਾ ਕਰਨ ਵਿਚ ਲਗਾਇਆ। (ਮੱਤੀ 6:33) ਲੋਇਡ ਤੇ ਐਲਿਗਜ਼ਾਨਡ੍ਰਾ ਨੇ ਇਸੇ ਤਰ੍ਹਾਂ ਕੀਤਾ ਜੋ ਆਪਣੇ ਵਿਆਹ ਤੋਂ ਬਾਅਦ 17 ਸਾਲਾਂ ਤੋਂ ਪਾਇਨੀਅਰੀ ਕਰਨ ਦਾ ਆਨੰਦ ਮਾਣ ਰਹੇ ਹਨ। ਲੋਇਡ ਕਹਿੰਦਾ ਹੈ: “ਕਈ ਲੋਕ ਸ਼ਾਇਦ ਕਹਿਣ ਕਿ ਸਾਡਾ ਵਿਆਹ ਬਹੁਤ ਸਾਦਾ ਸੀ, ਪਰ ਉਸ ਦਿਨ ਮੈਂ ਤੇ ਐਲਿਗਜ਼ਾਨਡ੍ਰਾ ਬਹੁਤ ਖ਼ੁਸ਼ ਸੀ। ਅਸੀਂ ਮਹਿਸੂਸ ਕੀਤਾ ਕਿ ਵਿਆਹ ਕਰਕੇ ਸਾਡੇ ਸਿਰ ਤੇ ਕਰਜ਼ਾ ਨਹੀਂ ਚੜ੍ਹਨਾ ਚਾਹੀਦਾ, ਸਗੋਂ ਇਸ ਤੋਂ ਸਾਨੂੰ ਦੋਵਾਂ ਨੂੰ ਖ਼ੁਸ਼ੀ ਮਿਲਣੀ ਚਾਹੀਦੀ ਹੈ।”

      ਐਲਿਗਜ਼ਾਨਡ੍ਰਾ ਦੱਸਦੀ ਹੈ: “ਵਿਆਹ ਤੋਂ ਪਹਿਲਾਂ ਮੈਂ ਪਾਇਨੀਅਰੀ ਕਰਦੀ ਸੀ ਅਤੇ ਮੈਂ ਵਿਆਹ ਤੇ ਜ਼ਿਆਦਾ ਖ਼ਰਚਾ ਕਰਨ ਲਈ ਪਾਇਨੀਅਰੀ ਛੱਡਣੀ ਨਹੀਂ ਚਾਹੁੰਦੀ ਸੀ। ਸਾਡਾ ਵਿਆਹ ਦਾ ਦਿਨ ਬਹੁਤ ਹੀ ਵਧੀਆ ਰਿਹਾ। ਪਰ ਇਹ ਸਾਡੀ ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ਹੀ ਸੀ। ਅਸੀਂ ਸਿਰਫ਼ ਵਿਆਹ ਕਰਾਉਣ ਉੱਤੇ ਪੂਰਾ ਧਿਆਨ ਨਾ ਦੇਣ ਦੀ ਸਲਾਹ ਨੂੰ ਲਾਗੂ ਕੀਤਾ। ਅਸੀਂ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਕਿ ਯਹੋਵਾਹ ਦੀਆਂ ਹਿਦਾਇਤਾਂ ਉੱਤੇ ਚੱਲ ਕੇ ਅਸੀਂ ਆਪਣੀ ਵਿਆਹੁਤਾ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਈਏ। ਇਸ ਵਿਚ ਯਹੋਵਾਹ ਨੇ ਸਾਡੀ ਮਦਦ ਕੀਤੀ ਹੈ।”c

      ਜੀ ਹਾਂ, ਵਿਆਹ ਦਾ ਦਿਨ ਬਹੁਤ ਹੀ ਖ਼ਾਸ ਹੁੰਦਾ ਹੈ। ਉਸ ਦਿਨ ਪ੍ਰਤੀ ਤੁਹਾਡੇ ਨਜ਼ਰੀਏ ਅਤੇ ਰਵੱਈਏ ਤੋਂ ਪਤਾ ਲੱਗੇਗਾ ਕਿ ਤੁਹਾਡੀ ਵਿਆਹੁਤਾ ਜ਼ਿੰਦਗੀ ਕਿੱਦਾਂ ਦੀ ਹੋਵੇਗੀ। ਇਸ ਲਈ ਯਹੋਵਾਹ ਦੇ ਅਸੂਲਾਂ ਤੇ ਚੱਲੋ। (ਕਹਾਉਤਾਂ 3:5, 6) ਵਿਆਹ ਦੇ ਦਿਨ ਬਾਰੇ ਯਹੋਵਾਹ ਦਾ ਨਜ਼ਰੀਆ ਰੱਖੋ। ਘਰ-ਗ੍ਰਹਿਸਥੀ ਚਲਾਉਣ ਵਿਚ ਪਰਮੇਸ਼ੁਰ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਇਕ-ਦੂਜੇ ਦਾ ਸਾਥ ਦਿਓ। ਇਸ ਤਰ੍ਹਾਂ ਤੁਸੀਂ ਵਿਆਹ ਦੀ ਨੀਂਹ ਪੱਕੀ ਕਰੋਗੇ ਅਤੇ ਯਹੋਵਾਹ ਦੀ ਬਰਕਤ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਮਾਣੋਗੇ।—ਕਹਾਉਤਾਂ 18:22.

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ