ਸਰਕਾਰੀ ਅਧਿਕਾਰੀ ਗਵਾਹਾਂ ਦੀ ਪ੍ਰਸ਼ੰਸਾ ਕਰਦੇ ਹਨ
ਸਪੇਨ ਵਿਚ ਮੈਡਰਿਡ ਦੇ ਦੱਖਣ-ਪੱਛਮ ਵੱਲ ਕੁਝ 500 ਕਿਲੋਮੀਟਰ ਦੀ ਦੂਰੀ ਤੇ ਕਾਦੀਥ ਨਾਮਕ ਬੰਦਰਗਾਹ ਸਥਿਤ ਹੈ। ਉਸ ਵਿਚ ਨਗਰ-ਪ੍ਰਧਾਨ ਡੋਨਿਆ ਟਿਓਫੀਲਾ ਮਾਰਟੀਨਜ਼ ਨੇ ਯਹੋਵਾਹ ਦੇ ਗਵਾਹਾਂ ਨੂੰ ਇਕ ਤਖ਼ਤੀ (ਜਿਸ ਦੀ ਤਸਵੀਰ ਉੱਤੇ ਦਿੱਤੀ ਗਈ ਹੈ) ਭੇਟ ਕੀਤੀ। ਇਸ ਉੱਤੇ ਲਿਖਿਆ ਸੀ: “ਕਾਦੀਥ ਦੀ ਨਗਰਪਾਲਿਕਾ ਵੱਲੋਂ ਯਹੋਵਾਹ ਦੇ ਗਵਾਹਾਂ ਨੂੰ, ਉਨ੍ਹਾਂ ਵੱਲੋਂ ਇਸ ਸ਼ਹਿਰ ਨੂੰ ਦਿੱਤੇ ਗਏ ਸਹਿਯੋਗ ਦੀ ਅਤੇ ਉਨ੍ਹਾਂ ਦੇ ਜਤਨਾਂ ਦੀ ਸ਼ੁਕਰਗੁਜ਼ਾਰੀ ਵਿਚ।” ਇਸ ਸਨਮਾਨ ਨੂੰ ਹਾਸਲ ਕਰਨ ਲਈ ਗਵਾਹਾਂ ਨੇ ਕੀ ਕੀਤਾ ਸੀ?
ਗਵਾਹਾਂ ਨੇ ਸ਼ਹਿਰ ਦੀ ਨਗਰਪਾਲਿਕਾ ਦੇ ਸਟੇਡੀਅਮ ਦੇ ਇਕ ਹਿੱਸੇ ਦੀ ਮੁਰੰਮਤ ਕੀਤੀ ਸੀ ਅਤੇ ਇਸੇ ਵਧੀਆ ਕੰਮ ਲਈ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਸੀ। ਕਈ ਸਪਤਾਹ-ਅੰਤਾਂ ਦੌਰਾਨ, ਸੈਂਕੜੇ ਗਵਾਹਾਂ ਨੇ ਸਵੈ-ਇੱਛਾ ਨਾਲ ਕਰਾਂਜ਼ਾ ਫੁਟਬਾਲ ਸਟੇਡੀਅਮ ਦੀ ਹੇਠਲੀ ਮੰਜ਼ਲ ਦੇ ਪਖਾਨਿਆਂ ਦਾ ਪੁਨਰ-ਨਿਰਮਾਣ ਕਰਨ ਵਿਚ ਮਦਦ ਕੀਤੀ ਸੀ। ਹੁਣ, ਸਟੇਡੀਅਮ ਨੂੰ ਵਰਤਣ ਵਾਲੇ ਸਾਰੇ ਲੋਕ ਉੱਥੇ ਲਗਾਏ ਗਏ ਪਾਈਪਾਂ, ਨਲਸਾਜ਼ੀ ਅਤੇ ਨਵੇਂ ਬਣਾਏ ਗਏ ਫ਼ਰਸ਼ ਤੋਂ ਲਾਭ ਪ੍ਰਾਪਤ ਕਰ ਰਹੇ ਹਨ।
ਕਾਫ਼ੀ ਸਮੇਂ ਤੋਂ ਯਹੋਵਾਹ ਦੇ ਗਵਾਹਾਂ ਨੇ ਕਾਦੀਥ ਸ਼ਹਿਰ ਨਾਲ ਚੰਗੇ ਸੰਬੰਧ ਦਾ ਆਨੰਦ ਮਾਣਿਆ ਹੈ। ਉੱਥੇ ਦੀ ਨਗਰਪਾਲਿਕਾ ਹਰ ਸਾਲ ਗਵਾਹਾਂ ਨੂੰ ਉਨ੍ਹਾਂ ਦਾ ਸਾਲਾਨਾ ਜ਼ਿਲ੍ਹਾ ਮਹਾਂ-ਸੰਮੇਲਨ ਆਯੋਜਿਤ ਕਰਨ ਲਈ ਕਰਾਂਜ਼ਾ ਸਟੇਡੀਅਮ ਇਸਤੇਮਾਲ ਕਰਨ ਦਿੰਦੀ ਹੈ। ਇਸ ਲਈ, ਸਟੇਡੀਅਮ ਨੂੰ ਚੰਗੀ ਹਾਲਤ ਵਿਚ ਰੱਖਣ ਲਈ ਯਹੋਵਾਹ ਦੇ ਗਵਾਹ ਹਰ ਤਰੀਕੇ ਨਾਲ ਮਦਦ ਕਰਨ ਨੂੰ ਤਿਆਰ ਰਹਿੰਦੇ ਹਨ।
ਪਰੰਤੂ, ਕਦੇ-ਕਦਾਈਂ ਇਸ ਤਰ੍ਹਾਂ ਦੀ ਮਿਹਨਤ ਕਰਨ ਤੋਂ ਇਲਾਵਾ, ਯਹੋਵਾਹ ਦੇ ਗਵਾਹ ਹੋਰ ਤਰੀਕੇ ਨਾਲ ਵੀ ਲੋਕਾਂ ਦੀ ਮਦਦ ਕਰਨ ਲਈ ਨਿਯਮਿਤ ਤੌਰ ਤੇ ਉਨ੍ਹਾਂ ਦੇ ਘਰਾਂ ਨੂੰ ਜਾਂਦੇ ਹਨ। ਉਹ ਪਰਮੇਸ਼ੁਰ ਦੇ ਰਾਜ ਦੀ “ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕਰਦੇ ਹਨ। ਨਿਰਸੰਦੇਹ, ਉਹ ਪ੍ਰਚਾਰ ਦਾ ਕੰਮ ਮਨੁੱਖਾਂ ਕੋਲੋਂ ਆਪਣੀ ਪ੍ਰਸ਼ੰਸਾ ਕਰਾਉਣ ਲਈ ਨਹੀਂ ਕਰਦੇ। ਬਲਕਿ ਉਹ ਯਿਸੂ ਵੱਲੋਂ ਦਿੱਤੇ ਗਏ ਹੁਕਮ ਦੀ ਪਾਲਣਾ ਕਰਦੇ ਹਨ ਕਿ “ਰਾਜ ਦੀ ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕਰੋ ਅਤੇ “ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” (ਮੱਤੀ 24:14; 28:19) ਇਸ ਤਰੀਕੇ ਨਾਲ, ਯਹੋਵਾਹ ਦੇ ਗਵਾਹ ਉਮੀਦ ਕਰਦੇ ਹਨ ਕਿ ਲੋਕਾਂ ਨੂੰ “ਧਰਮ ਦੇ ਰਾਹ” ਦੀ ਸਿੱਖਿਆ ਦੇਣ ਦੁਆਰਾ ਉਹ ਸਮਾਜ ਦੀ ਸੇਵਾ ਕਰ ਸਕਣਗੇ।—ਕਹਾਉਤਾਂ 12:28.