ਕਲੀਜਿਅੰਟ ਬਾਈਬਲ ਅਧਿਐਨ ਨੇ ਉਨ੍ਹਾਂ ਨੂੰ ਵੱਖਰਾ ਬਣਾਇਆ
ਕੀ ਤੁਸੀਂ ਕਦੀ ਕਲੀਜਿਅੰਟਾਂ ਬਾਰੇ ਸੁਣਿਆ ਹੈ?
ਸਤਾਰ੍ਹਵੀਂ ਸਦੀ ਦਾ ਇਹ ਛੋਟਾ ਜਿਹਾ ਡੱਚ ਮਜ਼ਹਬੀ ਸਮੂਹ, ਉਸ ਸਮੇਂ ਦਿਆਂ ਸਥਾਪਿਤ ਚਰਚਾਂ ਨਾਲੋਂ ਵੱਖਰਾ ਸੀ। ਇਹ ਕਿਸ ਤਰ੍ਹਾਂ ਵੱਖਰਾ ਸੀ ਅਤੇ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ? ਇਸ ਬਾਰੇ ਪਤਾ ਕਰਨ ਲਈ ਆਓ ਆਪਾਂ ਬੀਤੇ ਸਮੇਂ ਵੱਲ ਧਿਆਨ ਦੇਈਏ।
ਸਾਲ 1587 ਵਿਚ, ਯਾਕੋਬਸ ਆਰਮਿਨੀਅਸ (ਜਾਂ ਯਾਕੋਬ ਹਾਰਮਿਨਸਨ) ਅਮਸਟਰਡਮ ਦੇ ਸ਼ਹਿਰ ਵਿਚ ਪਹੁੰਚਾ। ਨੌਕਰੀ ਲੱਭਣ ਵਿਚ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਕਿਉਂਕਿ ਉਸ ਦੀਆਂ ਯੋਗਤਾਵਾਂ ਦੀ ਚਿੱਠੀ ਬਹੁਤ ਵਧੀਆ ਸੀ। ਇੱਕੀਆਂ ਸਾਲਾਂ ਦੀ ਉਮਰ ਤੇ, ਉਹ ਹਾਲੈਂਡ ਦੀ ਲੇਡਨ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਸੀ। ਉਸ ਤੋਂ ਬਾਅਦ ਉਸ ਨੇ ਪ੍ਰੋਟੈਸਟੈਂਟ ਸੁਧਾਰਕ ਜੌਨ ਕੈਲਵਿਨ ਦੇ ਉਤਰਾਧਿਕਾਰੀ, ਥਿਓਡੋਰ ਡ ਬੇਜ਼, ਨਾਲ ਧਰਮ-ਸ਼ਾਸਤਰ ਦਾ ਅਧਿਐਨ ਕਰਦੇ ਛੇ ਸਾਲ ਸਵਿਟਜ਼ਰਲੈਂਡ ਗੁਜ਼ਾਰੇ ਸਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਮਸਟਰਡਮ ਦੇ ਪ੍ਰੋਟੈਸਟੈਂਟ ਲੋਕ 27 ਸਾਲ ਦੇ ਆਰਮਿਨੀਅਸ ਨੂੰ ਇਕ ਪਾਦਰੀ ਨਿਯੁਕਤ ਕਰਨ ਲਈ ਕਿਉਂ ਇੰਨੇ ਖ਼ੁਸ਼ ਸਨ! ਲੇਕਿਨ, ਕੁਝ ਸਾਲ ਬਾਅਦ ਚਰਚ ਦੇ ਕਈ ਮੈਂਬਰ ਆਪਣੀ ਇਸ ਚੋਣ ਕਰਕੇ ਪਛਤਾਏ। ਕਿਉਂ?
ਕਿਸਮਤ ਦਾ ਵਿਸ਼ਾ
ਆਰਮਿਨੀਅਸ ਦੇ ਪਾਦਰੀ ਬਣਨ ਤੋਂ ਥੋੜ੍ਹੀ ਦੇਰ ਬਾਅਦ, ਅਮਸਟਰਡਮ ਦੇ ਪ੍ਰੋਟੈਸਟੈਂਟ ਲੋਕਾਂ ਵਿਚਕਾਰ ਕਿਸਮਤ ਦੀ ਸਿੱਖਿਆ ਉੱਤੇ ਤਣਾਅ ਪੈਦਾ ਹੋ ਗਿਆ। ਇਹ ਕੈਲਵਿਨਵਾਦ ਦੀ ਸਭ ਤੋਂ ਮੁੱਖ ਸਿੱਖਿਆ ਸੀ, ਪਰ ਚਰਚ ਦੇ ਕੁਝ ਮੈਂਬਰ ਸੋਚਦੇ ਸਨ ਕਿ ਲੋਕਾਂ ਦੀ ਕਿਸਮਤ ਵਿਚ ਦੁੱਖ ਸੁਖ ਲਿਖਣ ਵਾਲਾ ਪਰਮੇਸ਼ੁਰ ਬਹੁਤ ਸਖ਼ਤ ਅਤੇ ਅਨਿਆਈ ਹੈ। ਕੈਲਵਿਨਵਾਦੀ ਆਰਮਿਨੀਅਸ ਤੋਂ ਇਨ੍ਹਾਂ ਮਤਭੇਦੀਆਂ ਨੂੰ ਰਾਹ ਤੇ ਪਾਉਣ ਲਈ ਉਮੀਦ ਰੱਖਦੇ ਸਨ, ਕਿਉਂਕਿ ਉਹ ਬੇਜ਼ ਦਾ ਇਕ ਸ਼ਾਗਿਰਦ ਸੀ। ਲੇਕਿਨ, ਕੈਲਵਿਨਵਾਦੀ ਹੈਰਾਨ ਹੋਏ ਜਦੋਂ ਇਸ ਤਰ੍ਹਾਂ ਕਰਨ ਦੀ ਬਜਾਇ ਆਰਮਿਨੀਅਸ ਨੇ ਦੂਜਿਆਂ ਦਾ ਸਾਥ ਦਿੱਤਾ। ਸਾਲ 1593 ਤਕ ਇਹ ਬਹਿਸ ਇੰਨੀ ਵੱਧ ਚੁੱਕੀ ਸੀ ਕਿ ਉਸ ਨੇ ਸ਼ਹਿਰ ਦੇ ਪ੍ਰੋਟੈਸਟੈਂਟਾਂ ਨੂੰ ਦੋ ਸਮੂਹਾਂ ਵਿਚ ਵੰਡ ਦਿੱਤਾ—ਸਿੱਖਿਆ ਨੂੰ ਮੰਨਣ ਵਾਲੇ ਅਤੇ ਨਾ ਮੰਨਣ ਵਾਲੇ।
ਕੁਝ ਹੀ ਸਾਲਾਂ ਵਿਚ, ਇਸ ਸਥਾਨਕ ਬਹਿਸ ਨੇ ਪ੍ਰੋਟੈਸਟੈਂਟ ਧਰਮ ਵਿਚ ਦੇਸ਼ ਭਰ ਫੁੱਟ ਪਾ ਦਿੱਤੀ। ਆਖ਼ਰਕਾਰ, ਨਵੰਬਰ 1618 ਵਿਚ ਮਾਮਲਾ ਇਸ ਹੱਦ ਤਕ ਪਹੁੰਚ ਗਿਆ ਕਿ ਇਸ ਵਿਸ਼ੇ ਬਾਰੇ ਫ਼ੈਸਲਾ ਕਰਨਾ ਪਿਆ। ਸੈਨਾ ਅਤੇ ਜਨਤਕ ਰਾਇ ਦੇ ਸਹਾਰੇ ਨਾਲ ਕੈਲਵਿਨਵਾਦੀਆਂ ਨੇ ਮਤਭੇਦੀਆਂ (ਜੋ ਉਦੋਂ ਰਿਮੋਨਸਟ੍ਰੰਟa ਕਹਿਲਾਉਂਦੇ ਸਨ) ਨੂੰ ਇਕ ਰਾਸ਼ਟਰੀ ਸਭਾ ਦੇ ਸਾਮ੍ਹਣੇ ਲਿਆਂਦਾ—ਦੋਰਦਰੈਖਟ ਦੀ ਪ੍ਰੋਟੈਸਟੈਂਟ ਸਭਾ। ਇਸ ਸਭਾ ਦੇ ਸਮਾਪਤ ਹੋਣ ਤੇ, ਸਾਰਿਆਂ ਰਿਮੋਨਸਟ੍ਰੰਟ ਪਾਦਰੀਆਂ ਨੂੰ ਫ਼ੈਸਲਾ ਕਰਨਾ ਪਿਆ: ਉਹ ਇਕਰਾਰਨਾਮੇ ਤੇ ਦਸਤਖਤ ਕਰ ਸਕਦੇ ਸਨ ਕਿ ਉਹ ਫਿਰ ਕਦੀ ਵੀ ਪ੍ਰਚਾਰ ਨਹੀਂ ਕਰਨਗੇ, ਜਾਂ ਦੇਸ਼ ਛੱਡ ਕੇ ਜਾ ਸਕਦੇ ਸਨ। ਕਈਆਂ ਨੇ ਦੇਸ਼ ਛੱਡ ਦਿੱਤਾ। ਕੱਟੜ ਕੈਲਵਿਨਵਾਦੀਆਂ ਨੇ ਜਾਣ ਵਾਲੇ ਰਿਮੋਨਸਟ੍ਰੰਟ ਪਾਦਰੀਆਂ ਦੀ ਜਗ੍ਹਾ ਲੈ ਲਈ। ਧਰਮ-ਸਭਾ ਦੇ ਮੁਤਾਬਕ ਕੈਲਵਿਨਵਾਦ ਜਿੱਤ ਗਿਆ।
ਕਲੀਜਿਅੰਟ ਮਜ਼ਹਬ ਦਾ ਜਨਮ ਅਤੇ ਵਾਧਾ
ਹੋਰ ਥਾਵਾਂ ਵਾਂਗ, ਲੇਡਨ ਦੇ ਲਾਗੇ, ਵਾਰਮੁੰਡ ਦੇ ਪਿੰਡ ਵਿਚ ਰਿਮੋਨਸਟ੍ਰੰਟ ਦੀ ਕਲੀਸਿਯਾ ਦਾ ਪਾਦਰੀ ਵੀ ਚਲਾ ਗਿਆ ਸੀ। ਪਰ, ਹੋਰ ਥਾਵਾਂ ਤੋਂ ਭਿੰਨ ਇਸ ਕਲੀਸਿਯਾ ਨੇ ਉਸ ਪਾਦਰੀ ਨੂੰ ਸਵੀਕਾਰ ਨਹੀਂ ਕੀਤਾ ਜਿਸ ਨੂੰ ਸਭਾ ਨੇ ਉਸ ਦੀ ਥਾਂ ਲੈਣ ਲਈ ਚੁਣਿਆ ਸੀ। ਇਸ ਤੋਂ ਇਲਾਵਾ, ਜਦੋਂ 1620 ਵਿਚ ਇਕ ਰਿਮੋਨਸਟ੍ਰੰਟ ਪਾਦਰੀ ਆਪਣੀ ਜਾਣ ਜੋਖਮ ਵਿਚ ਪਾ ਕੇ ਕਲੀਸਿਯਾ ਦੀ ਦੇਖ-ਭਾਲ ਕਰਨ ਲਈ ਵਾਰਮੁੰਡ ਵਾਪਸ ਆਇਆ, ਤਾਂ ਕਲੀਸਿਯਾ ਦੇ ਕੁਝ ਮੈਂਬਰਾਂ ਨੇ ਉਸ ਨੂੰ ਵੀ ਠੁਕਰਾਇਆ। ਇਨ੍ਹਾਂ ਮੈਂਬਰਾਂ ਨੇ ਕਿਸੇ ਵੀ ਪਾਦਰੀ ਦੀ ਮਦਦ ਤੋਂ ਬਗੈਰ ਆਪਣੀਆਂ ਧਾਰਮਿਕ ਸਭਾਵਾਂ ਲਈ ਗੁਪਤ ਵਿਚ ਮਿਲਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ, ਇਨ੍ਹਾਂ ਸਭਾਵਾਂ ਨੂੰ ਕਾਲਜ ਸੱਦਿਆ ਜਾਣ ਲੱਗ ਪਿਆ ਅਤੇ ਉਨ੍ਹਾਂ ਵਿਚ ਹਾਜ਼ਰ ਹੋਣ ਵਾਲਿਆਂ ਨੂੰ ਕਲੀਜਿਅੰਟ।
ਭਾਵੇਂ ਕਿ ਕਲੀਜਿਅੰਟ ਆਪਣੇ ਧਰਮੀ ਸਿਧਾਂਤਾਂ ਕਾਰਨ ਨਹੀਂ ਪਰ ਖ਼ਾਸ ਕਰਕੇ ਆਪਣਿਆਂ ਹਾਲਾਤਾਂ ਕਾਰਨ ਆਰੰਭ ਹੋਏ ਸਨ, ਇਹ ਸਥਿਤੀ ਜਲਦੀ ਬਦਲ ਗਈ। ਕਲੀਸਿਯਾ ਦੇ ਮੈਂਬਰ ਖਿਸਬਰਟ ਵਾਨ ਡਰ ਕੋਡੇ ਨੇ ਤਰਕ ਕੀਤਾ ਕਿ ਪਾਦਰੀਆਂ ਦੀ ਨਿਗਰਾਨੀ ਤੋਂ ਬਗੈਰ ਇਕੱਠੇ ਹੋਣ ਦੁਆਰਾ, ਇਹ ਸਮੂਹ ਸਥਾਪਿਤ ਚਰਚਾਂ ਨਾਲੋਂ ਜ਼ਿਆਦਾ ਨਜ਼ਦੀਕੀ ਨਾਲ ਬਾਈਬਲ ਦੇ ਨਾਲ-ਨਾਲ ਅਤੇ ਮੁਢਲਿਆਂ ਮਸੀਹੀਆਂ ਦੇ ਰਾਹ ਅਨੁਸਾਰ ਚੱਲ ਰਿਹਾ ਸੀ। ਉਸ ਨੇ ਕਿਹਾ ਕਿ ਰਸੂਲਾਂ ਦੀ ਮੌਤ ਤੋਂ ਬਾਅਦ ਪਾਦਰੀ ਵਰਗ ਉਨ੍ਹਾਂ ਆਦਮੀਆਂ ਨੂੰ ਕੰਮ ਦਿਲਾਉਣ ਲਈ ਉਤਪੰਨ ਕੀਤਾ ਗਿਆ ਸੀ ਜੋ ਕੋਈ ਹੋਰ ਕੰਮ-ਧੰਦਾ ਸਿੱਖਣਾ ਨਹੀਂ ਚਾਹੁੰਦੇ ਸਨ।
ਸਾਲ 1621 ਵਿਚ, ਵਾਨ ਡਰ ਕੋਡੇ ਅਤੇ ਉਸ ਵਾਂਗ ਸੋਚਣ ਵਾਲੇ ਹੋਰ ਮੈਂਬਰਾਂ ਨੇ ਆਪਣੀਆਂ ਸਭਾਵਾਂ ਦੀ ਥਾਂ ਬਦਲ ਕੇ ਇਕ ਨਾਲ ਦੇ ਪਿੰਡ, ਰਿੰਸਬੁਰਗb ਵਿਚ ਸ਼ੁਰੂ ਕਰ ਦਿੱਤੀਆਂ। ਕੁਝ ਸਾਲ ਬਾਅਦ, ਜਦੋਂ ਧਾਰਮਿਕ ਮਾਮਲਿਆਂ ਵਿਚ ਅਤਿਆਚਾਰ ਦੇ ਮੌਸਮ ਦੀ ਬਜਾਇ ਬਰਦਾਸ਼ਤ ਦਾ ਮੌਸਮ ਚੱਲ ਪਿਆ, ਤਾਂ ਕਲੀਜਿਅੰਟਾਂ ਦੀਆਂ ਸਭਾਵਾਂ ਦੀ ਨੇਕਨਾਮੀ ਦੇਸ਼ ਦੇ ਕੋਣੇ-ਕੋਣੇ ਤਕ ਫੈਲ ਗਈ ਅਤੇ ਜਿਵੇਂ ਇਤਿਹਾਸਕਾਰ ਜ਼ਿਗਫ੍ਰਿਡ ਜ਼ਿਲਵਰਬਰਗ ਨੇ ਕਿਹਾ ਉਨ੍ਹਾਂ ਵਿਚ ‘ਵੱਖ-ਵੱਖ ਖ਼ਿਆਲਾਂ ਦੇ ਲੋਕਾਂ’ ਨੇ ਦਿਲਚਸਪੀ ਦਿਖਾਈ। ਰਿਮੋਨਸਟ੍ਰੰਟ, ਮੇਨੋਨਾਇਟ, ਸੋਸਿਨਵਾਦੀ ਅਤੇ ਧਰਮ-ਸ਼ਾਸਤਰੀਆਂ ਨੇ ਵੀ। ਕੁਝ ਕਿਸਾਨ ਸਨ। ਦੂਸਰੇ ਸ਼ਾਇਰ, ਛਾਪਕ, ਡਾਕਟਰ ਅਤੇ ਸੌਦਾਗਰ ਸਨ। ਫ਼ਿਲਾਸਫ਼ਰ ਸਪੀਨੋਜ਼ਾ (ਬੇਨੇਡਿਕਟਸ ਡ ਸਪੀਨੋਜ਼ਾ) ਅਤੇ ਸਕੂਲ-ਮਾਸਟਰ ਯੋਹਾਨ ਆਮੋਸ ਕੋਮੇਨੀਅਸ (ਜਾਂ, ਯਾਨ ਕੋਮੈਨਸਕੀ), ਦੇ ਨਾਲ-ਨਾਲ ਮਸ਼ਹੂਰ ਚਿੱਤਰਕਾਰ ਰੈਮਬਰੰਟ ਵਾਨ ਰਾਇਨ ਵੀ ਇਨ੍ਹਾਂ ਨਾਲ ਸਹਿਮਤ ਸਨ। ਇਨ੍ਹਾਂ ਧਰਮੀ ਲੋਕਾਂ ਦੁਆਰਾ ਲਿਆਂਦੇ ਗਏ ਵੱਖਰੇ-ਵੱਖਰੇ ਖ਼ਿਆਲਾਂ ਨੇ ਕਲੀਜਿਅੰਟ ਵਿਸ਼ਵਾਸਾਂ ਦੇ ਵਿਕਾਸ ਉੱਤੇ ਅਸਰ ਪਾਇਆ।
ਇਹ ਜੋਸ਼ੀਲਾ ਸਮੂਹ 1640 ਤੋਂ ਬਾਅਦ ਤੇਜ਼ੀ ਨਾਲ ਵਧਿਆ। ਰਾਟਰਡਮ, ਅਮਸਟਰਡਮ, ਲੇਓਆਰਡੇ, ਅਤੇ ਹੋਰ ਸ਼ਹਿਰਾਂ ਵਿਚ ਕਾਲਜ ਫੈਲਣ ਲੱਗੇ। ਇਤਿਹਾਸ ਦੇ ਪ੍ਰੋਫ਼ੈਸਰ ਐਂਡਰੂ ਸੀ. ਫਿਕਸ ਨੇ ਨੋਟ ਕੀਤਾ ਕਿ 1650 ਅਤੇ 1700 ਦਿਆਂ ਸਾਲਾਂ ਦੌਰਾਨ “ਕਲੀਜਿਅੰਟ . . . ਸਤਾਰ੍ਹਵੀਂ ਸਦੀ ਦੇ ਹਾਲੈਂਡ ਵਿਚ ਸਭ ਤੋਂ ਮਹੱਤਵਪੂਰਣ ਅਤੇ ਪ੍ਰਭਾਵਸ਼ਾਲੀ ਧਾਰਮਿਕ ਸਮੂਹਾਂ ਵਿੱਚੋਂ ਇਕ ਸਮੂਹ ਬਣ ਗਿਆ।”
ਕਲੀਜਿਅੰਟਾਂ ਦੇ ਵਿਸ਼ਵਾਸ
ਤਰਕ, ਸਹਿਣਸ਼ੀਲਤਾ, ਅਤੇ ਬੋਲਣ ਦੀ ਆਜ਼ਾਦੀ ਕਲੀਜਿਅੰਟ ਸਮੂਹ ਦੀ ਨਿਸ਼ਾਨੀ ਸਨ, ਇਸ ਹੀ ਕਰਕੇ ਸਾਰੇ ਮੈਂਬਰ ਵੱਖਰੇ-ਵੱਖਰੇ ਵਿਸ਼ਵਾਸ ਰੱਖ ਸਕਦੇ ਸਨ। ਫਿਰ ਵੀ, ਉਹ ਕੁਝ ਆਮ ਵਿਸ਼ਵਾਸਾਂ ਵਿਚ ਸਹਿਮਤ ਸਨ। ਮਿਸਾਲ ਲਈ, ਸਾਰੇ ਕਲੀਜਿਅੰਟ ਨਿੱਜੀ ਬਾਈਬਲ ਅਧਿਐਨ ਕਰਨ ਦੀ ਮਹੱਤਤਾ ਦੀ ਕਦਰ ਕਰਦੇ ਸਨ। ਇਕ ਕਲੀਜਿਅੰਟ ਨੇ ਲਿਖਿਆ ਕਿ ਹਰੇਕ ਮੈਂਬਰ ਨੂੰ ‘ਕਿਸੇ ਦੂਸਰੇ ਤੋਂ ਨਹੀਂ ਪਰ ਖ਼ੁਦ ਛਾਣ-ਬੀਣ ਕਰਕੇ ਪਰਮੇਸ਼ੁਰ ਨੂੰ ਜਾਣਨਾ ਚਾਹੀਦਾ ਹੈ।’ ਉਹ ਇਸੇ ਤਰ੍ਹਾਂ ਕਰਦੇ ਸਨ। 19ਵੀਂ ਸਦੀ ਦੇ ਚਰਚ ਇਤਿਹਾਸਕਾਰ ਯਾਕੋਬਸ ਸੀ. ਵਾਨ ਸਲੇਈ ਦੇ ਅਨੁਸਾਰ, ਉਸ ਸਮੇਂ ਦੇ ਦੂਸਰੇ ਧਾਰਮਿਕ ਸਮੂਹਾਂ ਨਾਲੋਂ ਕਲੀਜਿਅੰਟਾਂ ਕੋਲ ਜ਼ਿਆਦਾ ਬਾਈਬਲ ਗਿਆਨ ਸੀ। ਬਾਈਬਲ ਨੂੰ ਚੰਗੀ ਤਰ੍ਹਾਂ ਵਰਤਣ ਦੀ ਕਲੀਜਿਅੰਟਾਂ ਦੀ ਯੋਗਤਾ ਕਾਰਨ ਵਿਰੋਧੀਆਂ ਨੇ ਵੀ ਉਨ੍ਹਾਂ ਦੀ ਤਾਰੀਫ਼ ਕੀਤੀ।
ਲੇਕਿਨ, ਜਿੰਨਾ ਜ਼ਿਆਦਾ ਕਲੀਜਿਅੰਟਾਂ ਨੇ ਬਾਈਬਲ ਦਾ ਅਧਿਐਨ ਕੀਤਾ ਉੱਨਾ ਹੀ ਜ਼ਿਆਦਾ ਉਹ ਅਜਿਹੇ ਵਿਸ਼ਵਾਸ ਵਿਕਸਿਤ ਕਰਨ ਲੱਗੇ ਜੋ ਸਥਾਪਿਤ ਚਰਚਾਂ ਤੋਂ ਵੱਖਰੇ ਸਨ। 17ਵੀਂ ਤੋਂ 20ਵੀਂ ਸਦੀ ਦੇ ਕੁਝ ਸ੍ਰੋਤ ਉਨ੍ਹਾਂ ਦੇ ਕੁਝ ਵਿਸ਼ਵਾਸਾਂ ਬਾਰੇ ਦੱਸਦੇ ਹਨ:
ਮੁਢਲਾ ਚਰਚ। ਕਲੀਜਿਅੰਟ ਅਤੇ ਧਰਮ-ਸ਼ਾਸਤਰੀ ਐਡੋਮ ਬੋਰੇਲ ਨੇ 1644 ਵਿਚ ਲਿਖਿਆ ਕਿ ਕਾਂਸਟੰਟਾਈਨ ਸ਼ਹਿਨਸ਼ਾਹ ਦੇ ਸਮੇਂ ਵਿਚ ਜਦੋਂ ਮੁਢਲਾ ਚਰਚ ਰਾਜਨੀਤੀ ਵਿਚ ਹਿੱਸਾ ਲੈਣ ਲੱਗਾ ਤਾਂ ਉਸ ਨੇ ਮਸੀਹ ਦੇ ਨਾਲ ਆਪਣੇ ਨੇਮ ਨੂੰ ਤੋੜ ਲਿਆ ਅਤੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਖੋਹ ਲਈ। ਉਸ ਨੇ ਅੱਗੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਝੂਠੀ ਸਿੱਖਿਆ ਵਧਦੀ ਗਈ ਅਤੇ ਉਸ ਦੇ ਦਿਨ ਤਕ ਜਾਰੀ ਰਹੀ।
ਰਿਫੋਰਮੇਸ਼ਨ। ਲੂਥਰ, ਕੈਲਵਿਨ ਅਤੇ ਹੋਰਨਾਂ ਦੁਆਰਾ ਰਿਫੋਰਮੇਸ਼ਨ ਜਾਂ ਸੁਧਾਰ ਅੰਦੋਲਨ ਨੇ ਚਰਚ ਨੂੰ ਸੁਧਾਰਨ ਵਿਚ ਜ਼ਿਆਦਾ ਕੁਝ ਨਹੀਂ ਕੀਤਾ। ਮੁੱਖ ਕਲੀਜਿਅੰਟ ਅਤੇ ਡਾਕਟਰ ਖਾਲੇਨੁਸ ਆਬਰਾਹਾਮਜ਼ (1622-1706) ਦੇ ਅਨੁਸਾਰ, ਰਿਫੋਰਮੇਸ਼ਨ ਨੇ ਧਾਰਮਿਕ ਸਥਿਤੀ ਨੂੰ ਜ਼ਿਆਦਾ ਖ਼ਰਾਬ ਕਰ ਦਿੱਤਾ, ਕਿਉਂਕਿ ਇਸ ਕਰਕੇ ਝਗੜੇ ਅਤੇ ਨਫ਼ਰਤ ਪੈਦਾ ਹੋਣ ਲੱਗ ਪਏ। ਸੱਚੇ ਸੁਧਾਰ ਨੂੰ ਦਿਲ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ, ਜੋ ਕਿ ਰਿਫੋਰਮੇਸ਼ਨ ਨਹੀਂ ਕਰ ਸਕਿਆ।
ਚਰਚ ਅਤੇ ਪਾਦਰੀ-ਵਰਗ। ਸਥਾਪਿਤ ਚਰਚ ਭ੍ਰਿਸ਼ਟ ਅਤੇ ਦੁਨਿਆਵੀ ਹਨ ਅਤੇ ਈਸ਼ਵਰੀ ਇਖ਼ਤਿਆਰ ਤੋਂ ਵਾਂਝੇ ਹਨ। ਧਰਮ ਬਾਰੇ ਗੰਭੀਰਤਾ ਨਾਲ ਸੋਚਣ ਵਾਲਾ ਹਰ ਵਿਅਕਤੀ ਇਸ ਨਾਲੋਂ ਕੁਝ ਬਿਹਤਰ ਨਹੀਂ ਕਰ ਸਕਦਾ ਕਿ ਉਹ ਉਸ ਚਰਚ ਨੂੰ ਛੱਡ ਦੇਵੇ ਜਿਸ ਦਾ ਉਹ ਮੈਂਬਰ ਸੀ, ਤਾਂਕਿ ਉਹ ਉਸ ਦਿਆਂ ਪਾਪਾਂ ਵਿਚ ਸ਼ਰੀਕ ਨਾ ਹੋਵੇ। ਕਲੀਜਿਅੰਟਾਂ ਨੇ ਕਿਹਾ ਕਿ ਪਾਦਰੀ ਦੀ ਪਦਵੀ ਸ਼ਾਸਤਰ ਦੇ ਵਿਰੁੱਧ ਹੈ ਅਤੇ “ਮਸੀਹੀ ਕਲੀਸਿਯਾ ਦੀ ਰੂਹਾਨੀ ਭਲਾਈ ਲਈ ਨੁਕਸਾਨਦੇਹ ਹੈ।”
ਰਾਜ ਅਤੇ ਫਿਰਦੌਸ। ਅਮਸਟਰਡਮ ਕਾਲਜ ਦੇ ਇਕ ਸਥਾਪਕ, ਡਾਨਿਏਲ ਡ ਬਰੇਨ (1594-1664) ਨੇ ਲਿਖਿਆ ਕਿ ਮਸੀਹ ਦਾ ਰਾਜ ਸਾਡੇ ਦਿਲ ਵਿਚ ਇਕ ਰੂਹਾਨੀ ਰਾਜ ਨਹੀਂ ਹੈ। ਰਾਟਰਡਮ ਵਿਚ ਇਕ ਕਲੀਜਿਅੰਟ ਅਤੇ ਅਧਿਆਪਕ ਯਾਕੋਬ ਉਸਟੰਜ਼ ਨੇ ਕਿਹਾ ਕਿ “ਕੁਲ-ਪਿਤਾ ਧਰਤੀ ਉੱਤੇ ਪੂਰੇ ਹੋਣ ਵਾਲੇ ਵਾਅਦਿਆਂ ਦੀ ਉਮੀਦ ਰੱਖਦੇ ਸਨ।” ਇਸੇ ਤਰ੍ਹਾਂ, ਕਲੀਜਿਅੰਟ ਵੀ ਅਜਿਹੇ ਸਮੇਂ ਦੀ ਉਡੀਕ ਕਰਦੇ ਸਨ ਜਦੋਂ ਧਰਤੀ ਫਿਰਦੌਸ ਵਿਚ ਬਦਲੀ ਜਾਵੇਗੀ।
ਤ੍ਰਿਏਕ। ਕੁਝ ਮੁੱਖ ਕਲੀਜਿਅੰਟਾਂ ਨੇ, ਸੋਸਿਨਵਾਦੀ ਵਿਸ਼ਵਾਸਾਂ ਦੇ ਪ੍ਰਭਾਵ ਕਾਰਨ, ਤ੍ਰਿਏਕc ਦੀ ਸਿੱਖਿਆ ਨੂੰ ਰੱਦ ਕਰ ਦਿੱਤਾ। ਮਿਸਾਲ ਲਈ, ਡਾਨਿਏਲ ਜ਼ਵਿਕਰ (1621-78) ਨੇ ਲਿਖਿਆ ਕਿ ਕੋਈ ਵੀ ਸਿੱਖਿਆ ਜੋ ਤਰਕਹੀਣ ਹੈ, ਜਿਵੇਂ ਕਿ ਤ੍ਰਿਏਕ, “ਅਸੰਭਵ ਅਤੇ ਝੂਠੀ” ਹੈ। 1694 ਵਿਚ ਕਲੀਜਿਅੰਟ ਰੈਨੀਅਰ ਰੋਲੇਓ ਦੁਆਰਾ ਅਨੁਵਾਦ ਕੀਤੀ ਗਈ ਇਕ ਬਾਈਬਲ ਪ੍ਰਕਾਸ਼ਿਤ ਕੀਤੀ ਗਈ ਸੀ। ਉਸ ਵਿਚ ਯੂਹੰਨਾ 1:1 ਦੇ ਦੂਸਰੇ ਹਿੱਸੇ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਸੀ: “ਅਤੇ ਸ਼ਬਦ ਇਕ ਈਸ਼ਵਰ ਸੀ” ਜੋ ਕਿ ਸਾਧਾਰਣ ਤਰਜਮੇ ਤੋਂ ਵੱਖਰਾ ਸੀ: “ਅਤੇ ਸ਼ਬਦ ਪਰਮੇਸ਼ੁਰ ਸੀ।”d
ਹਫ਼ਤੇਵਾਰ ਸਭਾਵਾਂ
ਭਾਵੇਂ ਕਿ ਸਾਰੇ ਕਲੀਜਿਅੰਟ ਆਪਣਿਆਂ ਵਿਸ਼ਵਾਸਾਂ ਦੇ ਸੰਬੰਧ ਵਿਚ ਇਕਸਾਰ ਨਹੀਂ ਸਨ, ਵੱਖਰਿਆਂ-ਵੱਖਰਿਆਂ ਸ਼ਹਿਰਾਂ ਵਿਚ ਉਨ੍ਹਾਂ ਦੇ ਕਾਲਜ ਆਮ ਤੌਰ ਤੇ ਇੱਕੋ ਹੀ ਤਰ੍ਹਾਂ ਚੱਲਦੇ ਸਨ। ਇਤਿਹਾਸਕਾਰ ਵਾਨ ਸਲੇਈ ਰਿਪੋਰਟ ਕਰਦਾ ਹੈ ਕਿ ਕਲੀਜਿਅੰਟ ਅੰਦੋਲਨ ਦੇ ਪਹਿਲਿਆਂ ਦਿਨਾਂ ਵਿਚ, ਸਭਾਵਾਂ ਪਹਿਲਾਂ ਇੰਨੀਆਂ ਤਿਆਰ ਨਹੀਂ ਕੀਤੀਆਂ ਜਾਂਦੀਆਂ ਸਨ। ‘ਅਗੰਮ ਵਾਕ ਕਰਨ’ ਦੀ ਜ਼ਰੂਰਤ ਬਾਰੇ ਪੌਲੁਸ ਰਸੂਲ ਦਿਆਂ ਸ਼ਬਦਾਂ ਦੇ ਆਧਾਰ ਤੇ ਕਲੀਜਿਅੰਟ ਇਹ ਸਮਝਦੇ ਸਨ ਕਿ ਕਲੀਸਿਯਾ ਦੇ ਸਾਰੇ ਆਦਮੀ ਕਾਲਜ ਵਿਚ ਖੁੱਲ੍ਹੀ ਤਰ੍ਹਾਂ ਭਾਸ਼ਣ ਦੇ ਸਕਦੇ ਸਨ। (1 ਕੁਰਿੰਥੀਆਂ 14:1, 3, 26) ਇਸ ਦੇ ਨਤੀਜੇ ਵਜੋਂ, ਸਭਾਵਾਂ ਅਕਸਰ ਰਾਤ ਭਰ ਚਾਲੂ ਰਹਿੰਦੀਆਂ ਸਨ ਅਤੇ ਕੁਝ ਹਾਜ਼ਰੀਨ ‘ਡੂੰਘੀ ਨੀਂਦ ਸੌਂ’ ਜਾਂਦੇ ਸਨ।
ਬਾਅਦ ਵਿਚ, ਸਭਾਵਾਂ ਦਾ ਪ੍ਰਬੰਧ ਚੰਗੀ ਤਰ੍ਹਾਂ ਹੋਣ ਲੱਗ ਪਿਆ। ਕਲੀਜਿਅੰਟ ਸਿਰਫ਼ ਐਤਵਾਰ ਨੂੰ ਹੀ ਨਹੀਂ ਪਰ ਹਫ਼ਤੇ ਦੇ ਦੌਰਾਨ ਕੁਝ ਸ਼ਾਮਾਂ ਨੂੰ ਵੀ ਇਕੱਠੇ ਹੁੰਦੇ ਸਨ। ਉਹ ਇਕ ਪ੍ਰੋਗ੍ਰਾਮ ਛਾਪਦੇ ਸਨ ਜਿਸ ਉੱਤੇ ਪੂਰੇ ਸਾਲ ਵਿਚ ਚਰਚਾ ਕੀਤੇ ਜਾਣ ਵਾਲੇ ਸਾਰੇ ਬਾਈਬਲ ਹਵਾਲਿਆਂ ਦੇ ਨਾਲ-ਨਾਲ ਭਾਸ਼ਣਕਾਰ ਦਾ ਨਾਂ ਹੁੰਦਾ ਸੀ। ਇਹ ਪ੍ਰੋਗ੍ਰਾਮ ਭਾਸ਼ਣਕਾਰ ਅਤੇ ਕਲੀਸਿਯਾ ਦੇ ਮੈਂਬਰਾਂ ਨੂੰ ਸਭਾਵਾਂ ਲਈ ਪਹਿਲਾਂ ਤਿਆਰੀ ਕਰਨ ਵਿਚ ਮਦਦ ਦਿੰਦਾ ਸੀ। ਗੀਤ ਅਤੇ ਪ੍ਰਾਰਥਨਾ ਨਾਲ ਸਭਾ ਨੂੰ ਸ਼ੁਰੂ ਕਰਨ ਤੋਂ ਬਾਅਦ ਇਕ ਭਾਸ਼ਣਕਾਰ ਬਾਈਬਲ ਦੇ ਹਵਾਲਿਆਂ ਨੂੰ ਸਮਝਾਉਂਦਾ ਸੀ। ਜਦੋਂ ਉਸ ਦਾ ਭਾਸ਼ਣ ਖ਼ਤਮ ਹੋ ਜਾਂਦਾ, ਤਾਂ ਉਹ ਆਦਮੀਆਂ ਨੂੰ ਚਰਚਾ ਕੀਤੇ ਗਏ ਵਿਸ਼ੇ ਉੱਤੇ ਟਿੱਪਣੀ ਦੇਣ ਦਾ ਸੱਦਾ ਦਿੰਦਾ ਸੀ। ਫਿਰ ਦੂਸਰਾ ਭਾਸ਼ਣਕਾਰ ਦਿਖਾਉਂਦਾ ਸੀ ਕਿ ਉਨ੍ਹਾਂ ਹਵਾਲਿਆਂ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਸੀ। ਪ੍ਰਾਰਥਨਾ ਅਤੇ ਗੀਤ ਨਾਲ ਸਭਾ ਸਮਾਪਤ ਹੁੰਦੀ ਸੀ।
ਫ੍ਰੀਜ਼ਲੰਡ ਦੇ ਸੂਬੇ ਵਿਚ, ਹਾਰਲਿੰਗਨ ਨਗਰ ਦੇ ਕਲੀਜਿਅੰਟਾਂ ਕੋਲ ਸਭਾਵਾਂ ਨੂੰ ਸਮੇਂ ਅਨੁਸਾਰ ਰੱਖਣ ਦਾ ਇਕ ਅਨੋਖਾ ਤਰੀਕਾ ਸੀ। ਜਿਹੜਾ ਵੀ ਭਾਸ਼ਣਕਾਰ ਆਪਣੇ ਦਿੱਤੇ ਗਏ ਸਮੇਂ ਤੋਂ ਜ਼ਿਆਦਾ ਸਮਾਂ ਲਗਾਉਂਦਾ ਸੀ ਉਸ ਨੂੰ ਛੋਟਾ ਜਿਹਾ ਜੁਰਮਾਨਾ ਭਰਨਾ ਪੈਂਦਾ ਸੀ।
ਰਾਸ਼ਟਰੀ ਸੰਮੇਲਨ
ਕਲੀਜਿਅੰਟਾਂ ਨੇ ਵੱਡੀਆਂ ਸਭਾਵਾਂ ਵਿਚ ਹਾਜ਼ਰ ਹੋਣ ਦੀ ਜ਼ਰੂਰਤ ਵੀ ਦੇਖੀ ਸੀ। ਇਸ ਲਈ, 1640 ਵਿਚ ਸ਼ੁਰੂ ਕਰਦੇ ਹੋਏ, ਪੂਰੇ ਦੇਸ਼ ਤੋਂ ਕਲੀਜਿਅੰਟ ਸਾਲ ਵਿਚ ਦੋ ਵਾਰ (ਬਸੰਤ ਅਤੇ ਗਰਮੀ ਦੀ ਰੁੱਤ ਵਿਚ) ਸਫ਼ਰ ਕਰ ਕੇ ਰਿੰਸਬੁਰਗ ਨੂੰ ਜਾਂਦੇ ਸਨ। ਇਤਿਹਾਸਕਾਰ ਫਿਕਸ ਲਿਖਦਾ ਹੈ ਕਿ ਇਹ ਇਕੱਠ ਉਨ੍ਹਾਂ ਨੂੰ ‘ਦੂਰ-ਦੂਰ ਦੀਆਂ ਥਾਵਾਂ ਤੋਂ ਆਏ ਆਪਣੇ ਭਰਾਵਾਂ ਦੇ ਵਿਚਾਰਾਂ, ਜਜ਼ਬਾਤਾਂ, ਵਿਸ਼ਵਾਸਾਂ ਅਤੇ ਕੰਮਾਂ-ਕਾਰਾਂ ਬਾਰੇ ਜਾਣਨ’ ਦਾ ਮੌਕਾ ਦਿੰਦੇ ਸਨ।
ਬਾਹਰੋਂ ਆਉਣ ਵਾਲੇ ਕੁਝ ਕਲੀਜਿਅੰਟ ਕਿਰਾਏ ਤੇ ਪੇਂਡੂਆਂ ਤੋਂ ਕਮਰੇ ਲੈਂਦੇ ਸਨ ਅਤੇ ਦੂਸਰੇ ਖਰੋਟੇ ਹਉਸ, ਜਾਂ ਵੱਡੇ ਘਰ, ਵਿਚ ਰਹਿੰਦੇ ਸਨ ਜੋ ਕਲੀਜਿਅੰਟਾਂ ਦਾ ਆਪਣਾ 30 ਕਮਰਿਆਂ ਵਾਲਾ ਵੱਡਾ ਮਕਾਨ ਸੀ। ਉੱਥੇ ਇਕੱਠਿਆਂ 60 ਤੋਂ 70 ਲੋਕਾਂ ਲਈ ਖਾਣਾ ਬਣਾਇਆ ਜਾਂਦਾ ਸੀ। ਰੋਟੀ ਖਾਣ ਤੋਂ ਬਾਅਦ ਮਹਿਮਾਨ ਮਕਾਨ ਦੇ ਵੱਡੇ ਬਾਗ਼ ਵਿਚ ‘ਰੱਬ ਦਿਆਂ ਕੰਮਾਂ ਨੂੰ ਦੇਖਣ, ਗੱਲਬਾਤ ਕਰਨ, ਜਾਂ ਮਨਨ ਕਰਨ’ ਲਈ ਘੁੰਮ-ਫਿਰ ਸਕਦੇ ਸਨ।
ਜਦ ਕਿ ਸਾਰੇ ਕਲੀਜਿਅੰਟ ਬਪਤਿਸਮੇ ਨੂੰ ਜ਼ਰੂਰੀ ਨਹੀਂ ਸਮਝਦੇ ਸਨ, ਕਈ ਇਸ ਨੂੰ ਜ਼ਰੂਰੀ ਸਮਝਦੇ ਸਨ। ਇਸ ਲਈ, ਬਪਤਿਸਮਾ ਇਨ੍ਹਾਂ ਵੱਡੇ ਇਕੱਠਾਂ ਦਾ ਇਕ ਭਾਗ ਬਣ ਗਿਆ। ਇਤਿਹਾਸਕਾਰ ਵਾਨ ਸਲੇਈ ਕਹਿੰਦਾ ਹੈ ਕਿ ਆਮ ਤੌਰ ਤੇ ਇਹ ਰਸਮ ਸਿਨੱਚਰਵਾਰ ਦੇ ਸਵੇਰ ਨੂੰ ਪੂਰੀ ਕੀਤੀ ਜਾਂਦੀ ਸੀ। ਗੀਤ ਅਤੇ ਪ੍ਰਾਰਥਨਾ ਤੋਂ ਬਾਅਦ ਬਪਤਿਸਮੇ ਦੀ ਲੋੜ ਉੱਤੇ ਇਕ ਭਾਸ਼ਣ ਦਿੱਤਾ ਜਾਂਦਾ ਸੀ। ਫਿਰ ਭਾਸ਼ਣਕਾਰ ਉਨ੍ਹਾਂ ਬਾਲਗਾਂ ਨੂੰ ਜੋ ਬਪਤਿਸਮਾ ਲੈਣਾ ਚਾਹੁੰਦੇ ਸਨ ਆਪਣੀ ਨਿਹਚਾ ਦਾ ਇਕਰਾਰ ਕਰਨ ਦਾ ਸੱਦਾ ਦਿੰਦਾ ਸੀ, ਜਿਵੇਂ ਕਿ, “ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤਰ ਹੈ।” ਜਦੋਂ ਭਾਸ਼ਣ ਪ੍ਰਾਰਥਨਾ ਨਾਲ ਸਮਾਪਤ ਕੀਤਾ ਜਾਂਦਾ ਸੀ, ਤਾਂ ਸਾਰੇ ਹਾਜ਼ਰ ਲੋਕ ਬਪਤਿਸਮੇ ਦੇ ਤਲਾਬ ਨੂੰ ਜਾਂਦੇ ਹੁੰਦੇ ਸਨ ਅਤੇ ਆਦਮੀ ਅਤੇ ਔਰਤਾਂ ਨੂੰ ਤਲਾਬ ਵਿਚ ਗੋਡਿਆਂ ਭਾਰ ਬੈਠਿਆਂ ਦੇਖਦੇ ਸਨ, ਤਾਂਕਿ ਪਾਣੀ ਉਨ੍ਹਾਂ ਦਿਆਂ ਮੋਢਿਆਂ ਤਕ ਪਹੁੰਚ ਸਕੇ। ਫਿਰ ਬਪਤਿਸਮਾ ਦੇਣ ਵਾਲਾ ਹੌਲੀ-ਹੌਲੀ ਨਵੇਂ ਵਿਸ਼ਵਾਸੀ ਦੇ ਸਿਰ ਨੂੰ ਮੁਹਰ ਨੂੰ ਪਾਣੀ ਦੇ ਹੇਠ ਡਬੋ ਦਿੰਦਾ ਸੀ। ਰਸਮ ਪੂਰੀ ਹੋਣ ਤੋਂ ਬਾਅਦ, ਸਾਰੇ ਹੋਰ ਭਾਸ਼ਣ ਸੁਣਨ ਲਈ ਆਪਣੀਆਂ-ਆਪਣੀਆਂ ਕੁਰਸੀਆਂ ਤੇ ਜਾ ਕੇ ਬੈਠ ਜਾਂਦੇ ਸਨ।
ਸਿਨੱਚਰਵਾਰ ਦੀ ਦੁਪਹਿਰ ਨੂੰ ਪੰਜ ਵਜੇ, ਬਾਈਬਲ ਵਿੱਚੋਂ ਛੋਟੇ ਹਿੱਸੇ ਦੀ ਪੜ੍ਹਾਈ, ਗੀਤ ਅਤੇ ਪ੍ਰਾਰਥਨਾ ਨਾਲ ਸਭਾ ਸ਼ੁਰੂ ਹੁੰਦੀ ਸੀ। ਇਹ ਨਿਸ਼ਚਿਤ ਕਰਨ ਲਈ ਕਿ ਕੋਈ-ਨ-ਕੋਈ ਭਾਸ਼ਣਕਾਰ ਹਮੇਸ਼ਾ ਤਿਆਰ ਹੁੰਦਾ ਸੀ, ਹਰ ਸੰਮੇਲਨ ਲਈ ਰਾਟਰਡਮ, ਲੇਡਨ, ਅਮਸਟਰਡਮ, ਅਤੇ ਉੱਤਰੀ ਹਾਲੈਂਡ ਦੇ ਕਾਲਜ ਵਾਰੀ-ਵਾਰੀ ਭਾਸ਼ਣਕਾਰ ਦਾ ਪ੍ਰਬੰਧ ਕਰਦੇ ਹੁੰਦੇ ਸਨ। ਐਤਵਾਰ ਸਵੇਰ ਪ੍ਰਭੂ ਦੇ ਸੰਧਿਆ ਭੋਜਨ ਦੇ ਉਤਸਵ ਲਈ ਰੱਖਿਆ ਜਾਂਦਾ ਸੀ। ਇਕ ਭਾਸ਼ਣ, ਪ੍ਰਾਰਥਨਾ, ਅਤੇ ਗੀਤ ਤੋਂ ਬਾਅਦ, ਆਦਮੀ ਅਤੇ ਫਿਰ ਔਰਤਾਂ ਰੋਟੀ ਅਤੇ ਦਾਖ-ਰਸ ਲੈਂਦੇ ਸਨ। ਐਤਵਾਰ ਸ਼ਾਮ ਨੂੰ ਹੋਰ ਭਾਸ਼ਣ ਦਿੱਤੇ ਜਾਂਦੇ ਸਨ ਅਤੇ ਸੋਮਵਾਰ ਦੀ ਸਵੇਰ ਨੂੰ ਸਾਰੇ ਜਣੇ ਆਖ਼ਰੀ ਭਾਸ਼ਣ ਲਈ ਇਕੱਠੇ ਹੋ ਜਾਂਦੇ ਸਨ। ਵਾਨ ਸਲੇਈ ਧਿਆਨ ਦਿੰਦਾ ਹੈ ਕਿ ਇਨ੍ਹਾਂ ਸੰਮੇਲਨਾਂ ਤੇ ਦਿੱਤੇ ਗਏ ਕਈ ਭਾਸ਼ਣ ਵਿਹਾਰਕ ਕਿਸਮ ਦੇ ਸਨ, ਜੋ ਵਿਆਖਿਆ ਦੇਣ ਦੀ ਬਜਾਇ ਅਮਲ ਉੱਤੇ ਜ਼ੋਰ ਦਿੰਦੇ ਸਨ।
ਰਿੰਸਬੁਰਗ ਦਾ ਪਿੰਡ ਇਨ੍ਹਾਂ ਇਕੱਠਾਂ ਦੀ ਖ਼ਾਤਰ-ਦਾਰੀ ਕਰਨ ਵਿਚ ਖ਼ੁਸ਼ ਸੀ। ਇਕ 18ਵੀਂ ਸਦੀ ਦੇ ਦਰਸ਼ਕ ਨੇ ਲਿਖਿਆ ਕਿ ਪਰਦੇਸੀਆਂ ਦੇ ਆਉਣ ਨੇ, ਜੋ ਕਿ ਖਾਣ-ਪੀਣ ਤੇ ਕਾਫ਼ੀ ਪੈਸੇ ਖ਼ਰਚ ਕਰਦੇ ਸਨ, ਪਿੰਡ ਦੀ ਆਮਦਨ ਚੰਗੀ ਵਧਾਈ। ਇਸ ਦੇ ਨਾਲ-ਨਾਲ, ਹਰੇਕ ਸੰਮੇਲਨ ਤੋਂ ਬਾਅਦ ਕਲੀਜਿਅੰਟ ਰਿੰਸਬੁਰਗ ਦਿਆਂ ਗ਼ਰੀਬਾਂ ਲਈ ਪੈਸੇ ਦਾਨ ਕਰਦੇ ਸਨ। ਬਿਨਾਂ ਸ਼ੱਕ, ਪਿੰਡ ਨੂੰ ਜ਼ਰੂਰ ਘਾਟਾ ਮਹਿਸੂਸ ਹੋਇਆ ਹੋਣਾ ਜਦੋਂ ਇਹ ਸਭਾਵਾਂ 1787 ਵਿਚ ਬੰਦ ਹੋ ਗਈਆਂ। ਇਸ ਤੋਂ ਬਾਅਦ ਕਲੀਜਿਅੰਟਾਂ ਦਾ ਅੰਦੋਲਨ ਮਿਟ ਗਿਆ। ਕਿਉਂ?
ਉਨ੍ਹਾਂ ਨੂੰ ਕੀ ਹੋਇਆ
ਸਤਾਰ੍ਹਵੀਂ ਸਦੀ ਦੇ ਅੰਤ ਤਕ, ਧਰਮ ਦੀਆਂ ਗੱਲਾਂ ਵਿਚ ਤਰਕ ਕਰਨ ਬਾਰੇ ਇਕ ਝਗੜਾ ਸ਼ੁਰੂ ਹੋ ਗਿਆ ਸੀ। ਕੁਝ ਕਲੀਜਿਅੰਟ ਸੋਚਦੇ ਸਨ ਕਿ ਮਨੁੱਖੀ ਤਰਕ ਨੂੰ ਈਸ਼ਵਰੀ ਪ੍ਰਗਟਾਵੇ ਉੱਤੇ ਪਹਿਲ ਦੇਣੀ ਚਾਹੀਦੀ ਸੀ, ਪਰ ਕੁਝ ਇਸ ਨਾਲ ਸਹਿਮਤ ਨਹੀਂ ਸਨ। ਆਖ਼ਰਕਾਰ, ਇਸ ਝਗੜੇ ਨੇ ਪੂਰੇ ਕਲੀਜਿਅੰਟ ਅੰਦੋਲਨ ਨੂੰ ਹਿਲਾ ਕੇ ਰੱਖ ਦਿੱਤਾ। ਸਿਰਫ਼ ਉਦੋਂ ਹੀ ਕਲੀਜਿਅੰਟਾਂ ਵਿਚ ਏਕਤਾ ਆਈ ਜਦੋਂ ਝਗੜੇ ਦੇ ਦੋਹਾਂ ਪਾਸਿਆਂ ਦੇ ਮੁੱਖ ਸਮਰਥਕ ਮਰ ਚੁੱਕੇ ਸਨ। ਲੇਕਿਨ, ਇਸ ਫੁੱਟ ਤੋਂ ਬਾਅਦ ਇਹ ਅੰਦੋਲਨ “ਫਿਰ ਕਦੀ ਅੱਗੇ ਵਰਗਾ ਨਹੀਂ ਹੋਇਆ,” ਇਤਿਹਾਸਕਾਰ ਫਿਕਸ ਕਹਿੰਦਾ ਹੈ।
ਅਠਾਰ੍ਹਵੀਂ ਸਦੀ ਦੇ ਪ੍ਰੋਟੈਸਟੈਂਟ ਚਰਚਾਂ ਵਿਚਕਾਰ ਵਧਦੀ ਸਹਿਣਸ਼ੀਲਤਾ ਨੇ ਵੀ ਕਲੀਜਿਅੰਟਾਂ ਦੀ ਢਹਿੰਦੀ ਕਲਾ ਉੱਤੇ ਅਸਰ ਪਾਇਆ। ਜਿਉਂ-ਜਿਉਂ ਤਰਕ ਅਤੇ ਸਹਿਣਸ਼ੀਲਤਾ ਬਾਰੇ ਕਲੀਜਿਅੰਟਾਂ ਦੇ ਸਿਧਾਂਤ ਸਮਾਜ ਦੁਆਰਾ ਜ਼ਿਆਦਾ ਸਵੀਕਾਰ ਕੀਤੇ ਜਾਣ ਲੱਗੇ, “ਕਲੀਜਿਅੰਟਵਾਦ ਦਾ ਛੋਟਾ ਜਿਹਾ ਦੀਵਾ ਗਿਆਨ-ਪ੍ਰਾਪਤੀ ਦੇ ਯੁਗ ਦੀ ਰੌਸ਼ਨੀ ਨਾਲ ਮਿਲ ਗਿਆ।” 18ਵੀਂ ਸਦੀ ਦੇ ਅੰਤ ਤਕ, ਜ਼ਿਆਦਤਰ ਕਲੀਜਿਅੰਟ ਮੇਨੋਨਾਇਟਾਂ ਅਤੇ ਹੋਰ ਧਾਰਮਿਕ ਸਮੂਹਾਂ ਵਿਚ ਰਲ-ਮਿਲ ਚੁੱਕੇ ਸਨ।
ਕਿਉਂਕਿ ਕਲੀਜਿਅੰਟਾਂ ਨੇ ਆਪਣੇ ਅੰਦੋਲਨ ਵਿਚ ਵਿਚਾਰਾਂ ਦੀ ਏਕਤਾ ਨੂੰ ਆਪਣਾ ਟੀਚਾ ਨਹੀਂ ਬਣਾਇਆ, ਉਨ੍ਹਾਂ ਵਿਚਕਾਰ ਉੱਨੇ ਹੀ ਵੱਖਰੇ-ਵੱਖਰੇ ਵਿਚਾਰ ਸਨ ਜਿੰਨੇ ਕਲੀਜਿਅੰਟ। ਉਹ ਇਸ ਗੱਲ ਨੂੰ ਪਛਾਣਦੇ ਸਨ ਅਤੇ ਇਸੇ ਲਈ ‘ਇੱਕੋ ਵਿਚਾਰ ਵਿੱਚ ਪੂਰੇ ਹੋਣ’ ਦਾ ਦਾਅਵਾ ਨਹੀਂ ਕਰਦੇ ਸਨ ਜਿਵੇਂ ਪੌਲੁਸ ਰਸੂਲ ਮਸੀਹੀਆਂ ਨੂੰ ਨਸੀਹਤ ਦਿੰਦਾ ਹੈ। (1 ਕੁਰਿੰਥੀਆਂ 1:10) ਫਿਰ ਵੀ, ਇਸ ਦੇ ਨਾਲ-ਨਾਲ ਕਲੀਜਿਅੰਟ ਅਜਿਹੇ ਸਮੇਂ ਦੀ ਉਮੀਦ ਵੀ ਰੱਖਦੇ ਸਨ ਜਦੋਂ ਵਿਚਾਰਾਂ ਦੀ ਏਕਤਾ ਵਰਗੇ ਪ੍ਰਮੁੱਖ ਮਸੀਹੀ ਵਿਸ਼ਵਾਸ ਹਕੀਕਤ ਬਣਨਗੇ।
ਇਸ ਗੱਲ ਉੱਤੇ ਵਿਚਾਰ ਕਰਦੇ ਹੋਏ ਕਿ ਕਲੀਜਿਅੰਟਾਂ ਦੇ ਜ਼ਮਾਨੇ ਵਿਚ ਸੱਚਾ ਗਿਆਨ ਹਾਲੇ ਸਾਰਿਆਂ ਤਕ ਪਹੁੰਚਿਆ ਨਹੀਂ ਸੀ, ਫਿਰ ਵੀ ਉਨ੍ਹਾਂ ਨੇ ਅਜਿਹੀ ਮਿਸਾਲ ਕਾਇਮ ਕੀਤੀ ਜਿਸ ਨੂੰ ਅੱਜ ਕਈ ਧਰਮ ਨੋਟ ਕਰ ਸਕਦੇ ਹਨ। (ਦਾਨੀਏਲ 12:4 ਦੀ ਤੁਲਨਾ ਕਰੋ।) ਉਨ੍ਹਾਂ ਨੇ ਬਾਈਬਲ ਦੇ ਅਧਿਐਨ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਜੋ ਕਿ ਪੌਲੁਸ ਰਸੂਲ ਦੀ ਸਲਾਹ ਦੇ ਅਨੁਸਾਰ ਸੀ ਕਿ “ਸਭਨਾਂ ਗੱਲਾਂ ਨੂੰ ਪਰਖੋ।” (1 ਥੱਸਲੁਨੀਕੀਆਂ 5:21) ਬਾਈਬਲ ਦੇ ਨਿੱਜੀ ਅਧਿਐਨ ਨੇ ਯਾਕੋਬਸ ਆਰਮਿਨੀਅਸ ਅਤੇ ਹੋਰਨਾਂ ਨੂੰ ਸਿਖਾਇਆ ਕਿ ਬਹੁਤ ਚਿਰ ਤੋਂ ਮੰਨੀਆਂ ਗਈਆਂ ਕੁਝ ਸਿੱਖਿਆਵਾਂ ਅਤੇ ਧਾਰਮਿਕ ਅਭਿਆਸ ਬਾਈਬਲ ਉੱਤੇ ਆਧਾਰਿਤ ਹੀ ਨਹੀਂ ਸਨ। ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਤਾਂ ਉਨ੍ਹਾਂ ਨੇ ਸਥਾਪਿਤ ਧਰਮ ਤੋਂ ਵੱਖਰੇ ਹੋਣ ਦੀ ਹਿੰਮਤ ਕੀਤੀ। ਕੀ ਤੁਸੀਂ ਵੀ ਇਸ ਹੀ ਤਰ੍ਹਾਂ ਕੀਤਾ ਹੁੰਦਾ?
[ਫੁਟਨੋਟ]
a ਸਾਲ 1610 ਵਿਚ ਮਤਭੇਦੀਆਂ ਨੇ ਡੱਚ ਹਾਕਮਾਂ ਨੂੰ ਲਿਖ ਕੇ ਇਕ ਸ਼ਿਕਾਇਤਨਾਮਾ ਭੇਜਿਆ (ਰਿਮੋਨਸਟ੍ਰੰਸ [ਇਕ ਦਸਤਾਵੇਜ਼ ਜੋ ਵਿਰੋਧ ਦੇ ਕਾਰਨ ਦੱਸਦਾ ਹੈ])। ਇਸ ਤੋਂ ਬਾਅਦ ਉਨ੍ਹਾਂ ਨੂੰ ਰਿਮੋਨਸਟ੍ਰੰਟ ਸੱਦਿਆ ਜਾਂਦਾ ਸੀ।
b ਇਸ ਜਗ੍ਹਾ ਕਾਰਨ, ਕਲੀਜਿਅੰਟਾਂ ਨੂੰ ਰਿੰਸਬੁਰਗਰ ਵੀ ਕਿਹਾ ਜਾਂਦਾ ਸੀ।
c ਜਾਗਰੂਕ ਬਣੋ!, 22 ਨਵੰਬਰ 1988 (ਅੰਗ੍ਰੇਜ਼ੀ), ਸਫ਼ਾ 19, “ਸੋਸਿਨਵਾਦੀ—ਉਨ੍ਹਾਂ ਨੇ ਤ੍ਰਿਏਕ ਨੂੰ ਕਿਉਂ ਰੱਦ ਕੀਤਾ?” ਨੂੰ ਦੇਖੋ।
d ਸਾਡੇ ਪ੍ਰਭੂ ਯਿਸੂ ਮਸੀਹ ਦਾ ਨਵਾਂ ਨੇਮ, ਰੈਨੀਅਰ ਰੋਲੇਓ, ਐੱਮ.ਡੀ. ਦੁਆਰਾ ਯੂਨਾਨੀ ਭਾਸ਼ਾ ਤੋਂ ਅਨੁਵਾਦ ਕੀਤਾ (ਡੱਚ)।
[ਸਫ਼ੇ 24 ਉੱਤੇ ਤਸਵੀਰ]
ਰੈਮਬਰੰਟ ਵਾਨ ਰਾਇਨ
[ਸਫ਼ੇ 26 ਉੱਤੇ ਤਸਵੀਰਾਂ]
ਵਾਰਮੁੰਡ ਦਾ ਪਿੰਡ ਜਿੱਥੇ ਕਲੀਜਿਅੰਟ ਪਹਿਲਾਂ ਸ਼ੁਰੂ ਹੋਏ ਸਨ, ਅਤੇ ਡ ਵਲੀਟ ਨਦੀ ਜਿੱਥੇ ਬਪਤਿਸਮਾ ਦਿੱਤਾ ਜਾਂਦਾ ਸੀ
[ਸਫ਼ੇ 23 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Background: Courtesy of the American Bible Society Library, New York