ਰਾਜ ਘੋਸ਼ਕ ਰਿਪੋਰਟ ਕਰਦੇ ਹਨ
“ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ”
ਉੱਪਰ ਦਿੱਤੇ ਗਏ ਇਹ ਸ਼ਬਦ ਮੱਤੀ 19:26 ਵਿਚ ਪਾਏ ਜਾਂਦੇ ਹਨ। ਇਹ ਸ਼ਬਦ ਵੈਨੇਜ਼ੁਏਲਾ ਦੀ ਇਕ ਜਵਾਨ ਤੀਵੀਂ ਲਈ ਸੱਚ ਸਾਬਤ ਹੋਏ। ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਬਾਰੇ ਸਿੱਖਣ ਤੋਂ ਬਾਅਦ, ਉਹ ਇਕ ਗੰਭੀਰ ਸਮੱਸਿਆ ਉੱਤੇ ਕਾਬੂ ਪਾਉਣ ਦੇ ਯੋਗ ਹੋਈ। ਉਹ ਦੱਸਦੀ ਹੈ:
“ਮੇਰੇ ਨਾਨੀ ਜੀ ਬਹੁਤ ਹੀ ਦਿਆਲੂ ਅਤੇ ਪਿਆਰ ਕਰਨ ਵਾਲੇ ਸਨ। ਦੁੱਖ ਦੀ ਗੱਲ ਹੈ, ਜਦੋਂ ਮੈਂ ਸਿਰਫ਼ 16 ਵਰ੍ਹਿਆਂ ਦੀ ਸੀ ਤਾਂ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਮੇਰੇ ਲਈ ਇਕ ਭਿਆਨਕ ਸਦਮਾ ਸੀ। ਮੈਂ ਦਿਮਾਗ਼ੀ ਤੌਰ ਤੇ ਆਪਣਾ ਸੰਤੁਲਨ ਗੁਆ ਬੈਠੀ, ਇੱਥੋਂ ਤਕ ਕਿ ਮੈਂ ਘਰੋਂ ਬਾਹਰ ਵਿਹੜੇ ਵਿਚ ਵੀ ਨਹੀਂ ਜਾਣਾ ਚਾਹੁੰਦੀ ਸੀ। ਮੈਂ ਬਿਲਕੁਲ ਇਕਾਂਤ ਵਿਚ ਰਹਿਣ ਲੱਗ ਪਈ।
“ਮੈਂ ਸਕੂਲ ਨਹੀਂ ਗਈ, ਨਾ ਹੀ ਮੇਰੇ ਕੋਲ ਨੌਕਰੀ ਸੀ। ਮੈਂ ਸਿਰਫ਼ ਆਪਣੇ ਕਮਰੇ ਵਿਚ ਹੀ ਰਹਿੰਦੀ ਸੀ। ਇਕੱਲੀ ਅਤੇ ਬਿਨਾਂ ਕਿਸੇ ਦੋਸਤ ਦੇ, ਮੈਂ ਗੰਭੀਰ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ। ਮੈਂ ਆਪਣੇ ਆਪ ਨੂੰ ਬਿਲਕੁਲ ਘਟੀਆ ਮਹਿਸੂਸ ਕੀਤਾ ਅਤੇ ਮਰ ਕੇ ਇਹ ਸਭ ਕੁਝ ਖ਼ਤਮ ਕਰਨਾ ਚਾਹਿਆ। ਮੈਂ ਆਪਣੇ ਆਪ ਤੋਂ ਪੁੱਛਦੀ ਰਹੀ, ‘ਮੈਂ ਕਿਉਂ ਜ਼ਿੰਦਾ ਹਾਂ?’
“ਮੇਰੇ ਮਾਤਾ ਜੀ ਇਕ ਨੌਜਵਾਨ ਗਵਾਹ ਗੀਸੇਲਾ ਕੋਲੋਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲੈਂਦੇ ਸਨ। ਇਕ ਦਿਨ ਮੇਰੀ ਮਾਂ ਨੇ ਗੀਸੇਲਾ ਨੂੰ ਸਾਡੇ ਘਰ ਦੇ ਕੋਲੋਂ ਲੰਘਦਿਆਂ ਦੇਖਿਆ ਅਤੇ ਉਸ ਨੂੰ ਮੇਰੀ ਮਦਦ ਕਰਨ ਲਈ ਕਿਹਾ। ਗੀਸੇਲਾ ਕੋਸ਼ਿਸ਼ ਕਰਨ ਲਈ ਮੰਨ ਗਈ, ਪਰ ਮੈਂ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਪਰ ਗੀਸੇਲਾ ਨੇ ਹਾਰ ਨਹੀਂ ਮੰਨੀ। ਉਸ ਨੇ ਮੈਨੂੰ ਇਕ ਚਿੱਠੀ ਲਿਖੀ ਅਤੇ ਮੈਨੂੰ ਕਿਹਾ ਕਿ ਉਹ ਮੇਰੀ ਦੋਸਤ ਬਣਨਾ ਚਾਹੁੰਦੀ ਸੀ ਅਤੇ ਕਿ ਇਕ ਹੋਰ ਵਿਅਕਤੀ ਜੋ ਉਸ ਨਾਲੋਂ ਵੀ ਜ਼ਿਆਦਾ ਮਹੱਤਵਪੂਰਣ ਹੈ ਮੇਰਾ ਦੋਸਤ ਬਣਨਾ ਚਾਹੁੰਦਾ ਹੈ। ਉਸ ਨੇ ਕਿਹਾ ਉਹ ਵਿਅਕਤੀ ਯਹੋਵਾਹ ਪਰਮੇਸ਼ੁਰ ਸੀ।
“ਇਸ ਨੇ ਮੇਰੇ ਦਿਲ ਨੂੰ ਛੂਹ ਲਿਆ ਅਤੇ ਮੈਂ ਉਸ ਦੀ ਚਿੱਠੀ ਦਾ ਜਵਾਬ ਦਿੱਤਾ। ਅਸੀਂ ਤਿੰਨ ਮਹੀਨੇ ਤਕ ਇਕ ਦੂਜੇ ਨੂੰ ਚਿੱਠੀਆਂ ਲਿਖਦੇ ਰਹੇ। ਉਸ ਦੇ ਕਾਫ਼ੀ ਸਮਝਾਉਣ ਤੋਂ ਬਾਅਦ ਆਖ਼ਰਕਾਰ ਮੈਂ ਗੀਸੇਲਾ ਨੂੰ ਮਿਲਣ ਦਾ ਹੌਸਲਾ ਕੀਤਾ। ਸਾਡੇ ਪਹਿਲੀ ਵਾਰ ਮਿਲਣ ਤੇ, ਗੀਸੇਲਾ ਨੇ ਪੁਸਤਕ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਦਾ ਇਸਤੇਮਾਲ ਕਰ ਕੇ ਮੇਰੇ ਨਾਲ ਬਾਈਬਲ ਦਾ ਅਧਿਐਨ ਕੀਤਾ। ਅਧਿਐਨ ਤੋਂ ਬਾਅਦ, ਉਸ ਨੇ ਮੈਨੂੰ ਸਥਾਨਕ ਰਾਜ ਗ੍ਰਹਿ ਵਿਖੇ ਸਭਾ ਵਿਚ ਆਉਣ ਦਾ ਸੱਦਾ ਦਿੱਤਾ। ਮੈਂ ਬੜੀ ਹੈਰਾਨ ਹੋਈ। ਮੈਂ ਚਾਰ ਸਾਲਾਂ ਤੋਂ ਘਰੋਂ ਬਾਹਰ ਨਹੀਂ ਨਿਕਲੀ ਸੀ ਅਤੇ ਸੜਕ ਤੇ ਜਾਣ ਦਾ ਖ਼ਿਆਲ ਵੀ ਮੇਰੇ ਲਈ ਬਹੁਤ ਡਰਾਉਣਾ ਸੀ।
“ਗੀਸੇਲਾ ਮੇਰੇ ਨਾਲ ਬੜੇ ਧੀਰਜ ਨਾਲ ਪੇਸ਼ ਆਈ। ਉਸ ਨੇ ਮੈਨੂੰ ਭਰੋਸਾ ਦਿਵਾਇਆ ਕਿ ਇਸ ਵਿਚ ਡਰਨ ਵਾਲੀ ਕੋਈ ਗੱਲ ਨਹੀਂ ਸੀ ਅਤੇ ਕਿ ਉਹ ਸਭਾ ਵਿਚ ਮੇਰੇ ਨਾਲ ਰਹੇਗੀ। ਆਖ਼ਰਕਾਰ ਮੈਂ ਉਸ ਦੀ ਗੱਲ ਮੰਨ ਲਈ। ਜਦੋਂ ਅਸੀਂ ਰਾਜ ਗ੍ਰਹਿ ਵਿਚ ਪਹੁੰਚੀਆਂ, ਤਾਂ ਮੈਂ ਕੰਬਣ ਲੱਗ ਪਈ ਅਤੇ ਮੈਨੂੰ ਪਸੀਨਾ ਆਉਣਾ ਸ਼ੁਰੂ ਹੋ ਗਿਆ। ਮੈਂ ਕਿਸੇ ਨੂੰ ਵੀ ਨਮਸਤੇ ਨਾ ਕਹਿ ਸਕੀ। ਫਿਰ ਵੀ, ਮੈਂ ਲਗਾਤਾਰ ਸਭਾਵਾਂ ਵਿਚ ਹਾਜ਼ਰ ਹੋਣ ਲਈ ਤਿਆਰ ਹੋ ਗਈ ਸੀ ਅਤੇ ਗੀਸੇਲਾ ਮੈਨੂੰ ਹਰ ਹਫ਼ਤੇ ਵਫ਼ਾਦਾਰੀ ਨਾਲ ਬੁਲਾਉਂਦੀ ਸੀ।
“ਘਬਰਾਹਟ ਤੇ ਕਾਬੂ ਪਾਉਣ ਵਿਚ ਮੇਰੀ ਮਦਦ ਕਰਨ ਲਈ, ਗੀਸੇਲਾ ਮੈਨੂੰ ਸਮੇਂ ਤੋਂ ਪਹਿਲਾਂ ਹੀ ਸਭਾ ਵਿਚ ਲੈ ਜਾਂਦੀ ਸੀ। ਅਸੀਂ ਦਰਵਾਜ਼ੇ ਤੇ ਖੜ੍ਹੀਆਂ ਹੋ ਜਾਂਦੀਆਂ ਅਤੇ ਜਦੋਂ ਕੋਈ ਅੰਦਰ ਆਉਂਦਾ, ਤਾਂ ਅਸੀਂ ਉਸ ਨੂੰ ਮਿਲਦੀਆਂ। ਇਸ ਤਰੀਕੇ ਨਾਲ ਮੈਂ ਇੱਕੋ ਵਾਰੀ ਵੱਡੇ ਗਰੁੱਪ ਨੂੰ ਮਿਲਣ ਦੀ ਬਜਾਇ ਸਿਰਫ਼ ਇਕ ਜਾਂ ਦੋ ਭੈਣ-ਭਰਾਵਾਂ ਨੂੰ ਮਿਲਦੀ। ਜਦੋਂ ਮੈਂ ਮਹਿਸੂਸ ਕੀਤਾ ਕਿ ਮੈਂ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੀ, ਤਾਂ ਗੀਸੇਲਾ ਮੱਤੀ 19:26 ਦਾ ਜ਼ਿਕਰ ਕਰਦੀ: ‘ਇਹ ਮਨੁੱਖ ਤੋਂ ਅਣਹੋਣਾ ਹੈ ਪਰ ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ।’
“ਭਾਵੇਂ ਕਿ ਇਹ ਆਸਾਨ ਨਹੀਂ ਸੀ, ਪਰ ਅਖ਼ੀਰ ਮੈਂ ਸਰਕਟ ਸੰਮੇਲਨ ਵਰਗੇ ਵੱਡੇ ਇਕੱਠ ਵਿਚ ਹਾਜ਼ਰ ਹੋ ਸਕੀ। ਇਹ ਮੇਰੇ ਲਈ ਕਿੰਨਾ ਵੱਡਾ ਕਦਮ ਸੀ! ਸਤੰਬਰ 1995 ਵਿਚ, ਮੈਂ ਘਰ-ਘਰ ਦੀ ਸੇਵਕਾਈ ਵਿਚ ਜਾਣ ਬਾਰੇ ਬਜ਼ੁਰਗਾਂ ਨਾਲ ਗੱਲ ਕਰਨ ਦੀ ਹਿੰਮਤ ਕੀਤੀ। ਛੇ ਮਹੀਨਿਆਂ ਬਾਅਦ, ਅਪ੍ਰੈਲ 1996 ਵਿਚ, ਮੈਂ ਯਹੋਵਾਹ ਨੂੰ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲਿਆ।
“ਜਦੋਂ ਹਾਲ ਹੀ ਵਿਚ ਕਿਸੇ ਨੇ ਮੈਨੂੰ ਪੁੱਛਿਆ ਕਿ ਮੈਂ ਇਸ ਨੂੰ ਕਰਨ ਲਈ ਕਿਸ ਤਰ੍ਹਾਂ ਹਿੰਮਤ ਜੁਟਾਈ, ਤਾਂ ਮੈਂ ਜਵਾਬ ਦਿੱਤਾ: ‘ਯਹੋਵਾਹ ਨੂੰ ਖ਼ੁਸ਼ ਕਰਨ ਦੀ ਮੇਰੀ ਇੱਛਾ ਮੇਰੇ ਡਰ ਨਾਲੋਂ ਕਿਤੇ ਵੱਡੀ ਹੈ।’ ਹੁਣ ਵੀ ਮੈਨੂੰ ਕਦੀ-ਕਦੀ ਡਿਪਰੈਸ਼ਨ ਦਾ ਦੌਰਾ ਪੈਂਦਾ ਹੈ, ਪਰ ਨਿਯਮਿਤ ਪਾਇਨੀਅਰ ਵਜੋਂ ਸੇਵਾ ਕਰਨ ਨਾਲ ਮੇਰੀ ਖ਼ੁਸ਼ੀ ਵਧਦੀ ਹੈ। ਪਿੱਛੇ ਵੇਖਦੇ ਹੋਏ, ਮੈਂ ਗੀਸੇਲਾ ਨਾਲ ਸਹਿਮਤ ਹਾਂ। ਹੁਣ ਇਕ ਅਜਿਹਾ ਵਿਅਕਤੀ ਮੇਰਾ ਦੋਸਤ ਹੈ ਜਿਹੜਾ ਮੇਰੇ ਵਿਚ ਦਿਲਚਸਪੀ ਲੈਂਦਾ ਹੈ ਅਤੇ ‘ਮੈਨੂੰ ਬਲ ਦਿੰਦਾ ਹੈ।’”—ਫ਼ਿਲਿੱਪੀਆਂ 4:13.
[ਸਫ਼ੇ 8 ਉੱਤੇ ਤਸਵੀਰਾਂ]
“ਯਹੋਵਾਹ ਨੂੰ ਖ਼ੁਸ਼ ਕਰਨ ਦੀ ਮੇਰੀ ਇੱਛਾ ਮੇਰੇ ਡਰ ਨਾਲੋਂ ਕਿਤੇ ਵੱਡੀ ਹੈ”