ਉਨ੍ਹਾਂ ਨੂੰ ਪ੍ਰੇਮ ਦਿਖਾਉਣਾ ਜੋ ਸਾਡੇ ਸੰਗੀ ‘ਨਿਹਚਾਵਾਨ’ ਹਨ
ਅਸਲੀ ਮਸੀਹੀ ਆਪਸ ਵਿਚ ਪਰਿਵਾਰ ਜਿਹਾ ਬੰਧਨ ਰੱਖਦੇ ਹਨ। ਦਰਅਸਲ, ਪਹਿਲੀ ਸਦੀ ਤੋਂ ਉਨ੍ਹਾਂ ਨੇ ਇਕ ਦੂਜੇ ਨੂੰ “ਭਰਾ” ਅਤੇ “ਭੈਣ” ਬੁਲਾਇਆ ਹੈ। (ਮਰਕੁਸ 3:31-35; ਫਿਲੇਮੋਨ 1, 2) ਇਹ ਸਿਰਫ਼ ਸ਼ਬਦ ਹੀ ਨਹੀਂ; ਇਹ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਪਰਮੇਸ਼ੁਰ ਦੇ ਉਪਾਸਕ ਇਕ ਦੂਜੇ ਬਾਰੇ ਕਿਵੇਂ ਮਹਿਸੂਸ ਕਰਦੇ ਹਨ। (1 ਯੂਹੰਨਾ 4:7, 8 ਦੀ ਤੁਲਨਾ ਕਰੋ।) ਯਿਸੂ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:35.
ਅਜਿਹਾ ਪ੍ਰੇਮ ਜੁਲਾਈ 1997 ਵਿਚ ਜ਼ਾਹਰ ਹੋਇਆ ਜਦੋਂ ਚਿਲੀ ਦੇਸ਼ ਵਿਚ ਲੰਬੇ ਸਮੇਂ ਦੇ ਸੋਕੇ ਤੋਂ ਬਾਅਦ ਜ਼ੋਰਦਾਰ ਬਾਰਸ਼ ਦੇ ਨਾਲ-ਨਾਲ ਹੜ੍ਹ ਵੀ ਆਏ। ਇਕਦਮ, ਕਈਆਂ ਨੂੰ ਰੋਟੀ, ਕੱਪੜੇ, ਅਤੇ ਹੋਰ ਚੀਜ਼ਾਂ ਦੀ ਲੋੜ ਪੈ ਗਈ। ਬਿਪਤਾ ਦਿਆਂ ਸਮਿਆਂ ਵਿਚ, ਯਹੋਵਾਹ ਦੇ ਗਵਾਹ ਗਲਾਤੀਆਂ ਨੂੰ ਦਿੱਤੇ ਪੌਲੁਸ ਦੇ ਉਪਦੇਸ਼ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਨ: “ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।”—ਗਲਾਤੀਆਂ 6:10.
ਇਸ ਲਈ, ਯਹੋਵਾਹ ਦੇ ਗਵਾਹਾਂ ਨੇ ਮਦਦ ਕਰਨ ਲਈ ਬਹੁਤ ਜਲਦੀ ਪ੍ਰਬੰਧ ਬਣਾਏ। ਰੋਟੀ, ਕੱਪੜੇ, ਵਗੈਰਾ, ਇਕੱਠੇ ਕੀਤੇ ਗਏ ਸੀ, ਅਤੇ ਫਿਰ ਇਨ੍ਹਾਂ ਨੂੰ ਪੈਕ ਕਰ ਕੇ ਬਿਪਤਾ ਵਾਲੇ ਇਲਾਕੇ ਨੂੰ ਭੇਜਿਆ ਗਿਆ ਸੀ। ਬੱਚਿਆਂ ਨੇ ਆਪਣੇ ਖਿਡੌਣੇ ਵੀ ਦੇ ਦਿੱਤੇ! ਇਕ ਭੈਣ ਬਿਲਕੁਲ ਹੈਰਾਨ ਹੋ ਗਈ ਜਦੋਂ ਉਸ ਨੇ ਸਮਾਨ ਨਾਲ ਭਰਿਆ ਹੋਇਆ ਕਿੰਗਡਮ ਹਾਲ ਦੇਖਿਆ। “ਮੈਂ ਹੱਕੀ-ਬੱਕੀ ਰਹਿ ਗਈ, ਮੈਨੂੰ ਪਤਾ ਨਹੀਂ ਲੱਗਾ ਕਿ ਮੈਂ ਰੋਵਾਂ ਜਾਂ ਹੱਸਾਂ,” ਉਸ ਨੇ ਕਿਹਾ। “ਸਾਨੂੰ ਇਨ੍ਹਾਂ ਹੀ ਚੀਜ਼ਾਂ ਦੀ ਲੋੜ ਸੀ।”
ਫਿਰ, ਅਚਾਨਕ ਹੀ, ਹੜ੍ਹ ਦੇ ਇਲਾਕੇ ਵਿਚ ਕਿਸੇ ਜਗ੍ਹਾ ਤੇ ਇਕ ਭੁਚਾਲ ਆ ਗਿਆ। ਕਈ ਘਰ ਢਹਿ-ਢੇਰੀ ਹੋ ਗਏ। ਮਦਦ ਦਾ ਪ੍ਰਬੰਧ ਕਰਨ ਵਾਸਤੇ, ਹੋਰ ਕਮੇਟੀਆਂ ਬਣਾਈਆਂ ਗਈਆਂ। ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਲਈ ਇਮਾਰਤਾਂ ਦੀ ਉਸਾਰੀ ਦੇ ਕੰਮ ਦਾ ਇੰਤਜ਼ਾਮ ਕਰਨ ਵਾਲੀਆਂ ਪ੍ਰਾਦੇਸ਼ਕ ਨਿਰਮਾਣ ਸਮਿਤੀਆਂ ਨੇ ਵੀ ਮਦਦ ਕੀਤੀ। ਇਸ ਦਾ ਨਤੀਜਾ ਕੀ ਸੀ? ਜਿਨ੍ਹਾਂ ਦੇ ਘਰ ਢਹਿ-ਢੇਰੀ ਹੋ ਗਏ ਸਨ, ਉਨ੍ਹਾਂ ਲਈ ਸਾਦੇ ਘਰ ਬਣਾਏ ਗਏ, ਜੋ ਕਿ ਭਰਾਵਾਂ ਦੁਆਰਾ ਹੀ ਡੀਜ਼ਾਈਨ ਅਤੇ ਉਸਾਰੇ ਗਏ ਸਨ। ਭਾਵੇਂ ਕਿ ਇਹ ਘਰ ਸ਼ਾਨਦਾਰ ਨਹੀਂ ਸਨ, ਫਿਰ ਵੀ ਇਹ ਉਨ੍ਹਾਂ ਘਰਾਂ ਨਾਲੋਂ ਕਾਫ਼ੀ ਵੱਖਰੇ ਸਨ ਜੋ ਸਰਕਾਰੀ ਸਹਾਇਤਾ ਨਾਲ ਦੂਜਿਆਂ ਵਾਸਤੇ ਕਰਜ਼ੇ ਤੇ ਬਣਾਏ ਗਏ ਸਨ। ਇਨ੍ਹਾਂ ਘਰਾਂ ਵਿਚ ਨਾ ਹੀ ਫ਼ਰਸ਼ ਅਤੇ ਖਿੜਕੀਆਂ ਸਨ ਅਤੇ ਨਾ ਹੀ ਇਨ੍ਹਾਂ ਨੂੰ ਰੰਗਿਆ ਗਿਆ ਸੀ।
ਕੁਝ ਭਰਾ ਬਹੁਤ ਦੂਰੋਂ ਮਦਦ ਕਰਨ ਆਏ। ਪ੍ਰਾਦੇਸ਼ਕ ਨਿਰਮਾਣ ਦੀ ਇਕ ਸਮਿਤੀ ਦੇ ਚੇਅਰਮੈਨ ਨੇ ਦੋ ਦਿਨਾਂ ਲਈ ਇਲਾਕੇ ਦਾ ਦੌਰਾ ਕੀਤਾ, ਭਾਵੇਂ ਕਿ ਉਹ ਪਹੀਏਦਾਰ ਕੁਰਸੀ ਵਿਚ ਸੀ। ਇਕ ਅੰਨ੍ਹੇ ਭਰਾ ਨੇ ਸਹੀ-ਸਹੀ ਲੰਬਾਈ ਵਿਚ ਕੱਟਣ ਵਾਸਤੇ ਤਰਖਾਣ ਤਕ ਲੱਕੜ ਚੁੱਕ ਕੇ ਲੈ ਜਾਣ ਵਿਚ ਬੜੀ ਮਿਹਨਤ ਕੀਤੀ। ਇਕ ਬੋਲ਼ਾ ਭਰਾ ਇਨ੍ਹਾਂ ਲੱਕੜਾਂ ਨੂੰ ਇਕੱਠਾ ਕਰ ਕੇ ਜਿੱਥੇ ਲੋੜ ਪਈ ਉੱਥੇ ਲੈ ਗਿਆ।
ਆਲੇ-ਦੁਆਲਿਓਂ ਦੇਖਣ ਵਾਲੇ ਕਈ ਲੋਕ ਭਰਾਵਾਂ ਦੁਆਰਾ ਦਿੱਤੀ ਗਈ ਮਦਦ ਤੋਂ ਪ੍ਰਭਾਵਿਤ ਹੋਏ। ਇਕ ਨਗਰ ਵਿਚ ਪੁਲਸ ਦੀ ਕਾਰ ਸਾਡੀ ਇਕ ਭੈਣ ਦੇ ਘਰ ਨੇੜੇ ਖੜ੍ਹੀ ਸੀ, ਜਿਸ ਦੇ ਘਰ ਦੀ ਮੁਰੰਮਤ ਕੀਤੀ ਜਾ ਰਹੀ ਸੀ। ਪੁਲਸ ਵਾਲੇ ਜਿਗਿਆਸੂ ਸਨ। ਇਕ ਜਣੇ ਨੇ ਸਾਡੇ ਭਰਾ ਨੂੰ ਪੁੱਛਿਆ: “ਇਹ ਕੰਮ ਕਰਨ ਵਾਲੇ ਕੌਣ ਹਨ ਜਿਹੜੇ ਇੰਨੇ ਖ਼ੁਸ਼ ਲੱਗਦੇ ਹਨ, ਅਤੇ ਇਨ੍ਹਾਂ ਦੀ ਤਨਖ਼ਾਹ ਕਿੰਨੀ ਕੁ ਹੈ?” ਭਰਾ ਨੇ ਸਮਝਾਇਆ ਕਿ ਇਹ ਸਾਰੇ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ ਸਨ। ਇਕ ਪੁਲਸ ਵਾਲੇ ਨੇ ਕਿਹਾ ਉਹ ਆਪਣੇ ਗਿਰਜੇ ਨੂੰ ਹਰ ਮਹੀਨੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਦਿੰਦਾ ਹੈ, ਪਰ ਉਸ ਦਾ ਪਾਦਰੀ ਭੁਚਾਲ ਤੋਂ ਬਾਅਦ ਉਸ ਨੂੰ ਮਿਲਣ ਵੀ ਨਹੀਂ ਆਇਆ! ਅਗਲੇ ਦਿਨ ਭੈਣ ਨੂੰ ਕਿਸੇ ਪੁਲਸ ਅਧਿਕਾਰੀ ਦਾ ਫ਼ੋਨ ਆਇਆ। ਉਸ ਨੇ ਵੀ ਭਰਾਵਾਂ ਨੂੰ ਕੰਮ ਕਰਦਿਆਂ ਦੇਖਿਆ ਸੀ। ਉਸ ਨੇ ਕਿਹਾ ਕਿ ਉਹ ਉਨ੍ਹਾਂ ਦੇ ਜੋਸ਼ੀਲੇ ਰਵੱਈਏ ਦੇ ਕਾਰਨ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਦਾ ਵੀ ਉਨ੍ਹਾਂ ਦੇ ਨਾਲ ਕੰਮ ਕਰਨ ਲਈ ਜੀਅ ਕੀਤਾ!
ਸੱਚ-ਮੁੱਚ, ਚਿਲੀ ਦੇਸ਼ ਵਿਚ ਮਦਦ ਕਰਨ ਦਾ ਇਹ ਪ੍ਰਬੰਧ, ਕੰਮ ਕਰਨ ਵਾਲਿਆਂ ਲਈ ਇਕ ਖ਼ੁਸ਼ੀ-ਭਰਿਆ ਤਜਰਬਾ ਸੀ ਅਤੇ ਦੇਖਣ ਵਾਲਿਆਂ ਲਈ ਇਕ ਵਧੀਆ ਗਵਾਹੀ।