ਕੀ ਤੁਹਾਨੂੰ ਆਪਣੇ ਦ੍ਰਿਸ਼ਟੀਕੋਣ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ?
ਜਦੋਂ ਇਕ ਤਬਾਹਕੁਨ ਭੁਚਾਲ ਨੇ ਪੱਛਮੀ ਜਪਾਨ ਵਿਚ ਕੋਬੇ ਸ਼ਹਿਰ ਨੂੰ ਹਿਲਾ ਦਿੱਤਾ, ਤਾਂ ਜਲਦੀ ਵਿਚ ਆਪਣੀ ਹੀ ਮਰਜ਼ੀ ਨਾਲ ਕਈ ਲੋਕ ਬੇਬਸ ਨਿਵਾਸੀਆਂ ਦੀ ਮਦਦ ਕਰਨ ਲਈ ਆਏ। ਲੇਕਿਨ, ਬਾਹਰੋ ਆਏ ਡਾਕਟਰਾਂ ਦੇ ਇਕ ਸਮੂਹ ਨੂੰ ਪਤਾ ਲੱਗਾ ਕਿ ਡਾਕਟਰੀ ਸਪਲਾਈ ਵਾਸਤੇ ਉਨ੍ਹਾਂ ਦੀ ਫਰਮਾਇਸ਼ ਸ਼ਹਿਰ ਦੇ ਸਿਹਤ ਦਫ਼ਤਰ ਵਿਚ ਕਿਸੇ ਵਿਅਕਤੀ ਦੁਆਰਾ ਮੋੜੀ ਗਈ ਸੀ। ਇਹ ਅਧਿਕਾਰੀ, ਇਕ ਵੱਡੇ ਸਰਕਾਰੀ ਹਸਪਤਾਲ ਦਾ ਡਾਇਰੈਕਟਰ ਵੀ ਸੀ। ਉਹ ਇਹ ਨਹੀਂ ਚਾਹੁੰਦਾ ਸੀ ਕਿ ਡਾਕਟਰ ਰਿਲੀਫ ਕੇਂਦਰਾਂ ਵਿਚ ਮਰੀਜ਼ਾਂ ਨੂੰ ਮਹਿੰਗੇ-ਮਹਿੰਗੇ ਟੀਕੇ ਲਾਉਣ ਅਤੇ ਹੋਰ ਅੰਤਰ-ਨਸੀ ਦਵਾਈਆਂ ਚੜ੍ਹਾਉਣ, ਪਰ ਉਹ ਚਾਹੁੰਦਾ ਸੀ ਕਿ ਮਰੀਜ਼ ਕੋਬੇ ਦਿਆਂ ਹਸਪਤਾਲਾਂ ਨੂੰ ਜਾਣ। ਅੰਤ ਵਿਚ, ਡਾਕਟਰਾਂ ਦੀ ਫਰਮਾਇਸ਼ ਪੂਰੀ ਕੀਤੀ ਗਈ, ਪਰ ਸ਼ੁਰੂ ਵਿਚ ਉਸ ਅਧਿਕਾਰੀ ਦੇ ਕਠੋਰ ਰਵੱਈਏ ਅਤੇ ਬੇਰਹਿਮੀ ਨੇ ਕਈਆਂ ਵੱਲੋਂ ਆਲੋਚਨਾ ਲਿਆਂਦੀ।
ਸ਼ਾਇਦ ਤੁਹਾਨੂੰ ਵੀ ਕਿਸੇ ਅਧਿਕਾਰ ਵਾਲੇ ਵਿਅਕਤੀ ਦੇ ਕਠੋਰ ਸਲੂਕ ਦਾ ਸਾਮ੍ਹਣਾ ਕਰਨਾ ਪਿਆ ਹੈ। ਹੋ ਸਕਦਾ ਹੈ ਕਿ ਤੁਸੀਂ ਵੀ ਕਿਸੇ ਨਾਲ ਅਜਿਹਾ ਸਲੂਕ ਕੀਤਾ ਹੈ। ਕੀ ਤੁਸੀਂ ਆਪਣੇ ਦ੍ਰਿਸ਼ਟੀਕੋਣ ਵਿਚ ਤਬਦੀਲੀ ਲਿਆ ਕੇ ਲਾਭ ਪ੍ਰਾਪਤ ਕਰ ਸਕਦੇ ਹੋ?
ਮਾਮਲੇ ਨੂੰ ਪੂਰੀ ਤਰ੍ਹਾਂ ਸਮਝੋ
ਲੋਕਾਂ ਲਈ ਮਾਮਲਿਆਂ ਨੂੰ ਇੱਕੋ ਹੀ ਪਾਸਿਓਂ, ਜਾਂ ਇੱਕੋ ਦ੍ਰਿਸ਼ਟੀਕੋਣ ਤੋਂ ਦੇਖਣਾ ਆਮ ਹੈ, ਜਿਸ ਕਰਕੇ ਉਹ ਮਾਮਲਿਆਂ ਬਾਰੇ ਆਪਣੇ ਗਿਆਨ ਅਤੇ ਸਮਝ ਨੂੰ ਸੀਮਿਤ ਕਰਦੇ ਹਨ। ਇਹ ਅਕਸਰ ਸਿੱਖਿਆ, ਜ਼ਿੰਦਗੀ ਦੇ ਤਜਰਬਿਆਂ, ਅਤੇ ਪਿਛੋਕੜ ਵਰਗੀਆਂ ਚੀਜ਼ਾਂ ਦੇ ਕਾਰਨ ਹੁੰਦਾ ਹੈ। ਜ਼ਿਆਦਾ ਬੁੱਧੀਮਾਨ ਫ਼ੈਸਲੇ ਕੀਤੇ ਜਾ ਸਕਦੇ ਹਨ ਜਦੋਂ ਤੁਸੀਂ ਮਾਮਲੇ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹੋ। ਮਿਸਾਲ ਲਈ, ਜੇ ਤੁਸੀਂ ਕਿਸੇ ਬਹੁਤ ਹੀ ਚੱਲ ਰਹੀ ਸੜਕ ਨੂੰ ਪਾਰ ਕਰਨਾ ਹੋਵੇ ਜਿੱਥੇ ਕੋਈ ਟ੍ਰੈਫਿਕ-ਲਾਇਟਾਂ ਨਾ ਹੋਣ, ਤਾਂ ਕੀ ਸਿਰਫ਼ ਸਿੱਧੇ ਹੀ ਦੇਖਣਾ ਬੁੱਧੀ ਦੀ ਗੱਲ ਹੋਵੇਗੀ? ਬਿਲਕੁਲ ਨਹੀਂ! ਇਸੇ ਤਰ੍ਹਾਂ, ਗੱਲ ਪੂਰੀ ਤਰ੍ਹਾਂ ਸਮਝਣ ਲਈ ਆਪਣੇ ਦ੍ਰਿਸ਼ਟੀਕੋਣ ਵਿਚ ਤਬਦੀਲੀ ਲਿਆਉਣੀ ਫ਼ੈਸਲੇ ਬਣਾਉਣ ਵਿਚ ਅਤੇ ਜ਼ਿੰਮੇਵਾਰ ਬਣਨ ਵਿਚ ਸਹਾਇਕ ਹੋ ਸਕਦਾ ਹੈ। ਇਸ ਨਾਲ ਤੁਹਾਡੀ ਜਾਨ ਵੀ ਬਚਾਈ ਜਾ ਸਕਦੀ ਹੈ।
ਸੰਭਵ ਹੈ ਕਿ ਅਸੀਂ ਸਾਰੇ ਹੀ ਇਸ ਗੱਲ ਵਿਚ ਸੁਧਾਰ ਲਿਆ ਸਕਦੇ ਹਾਂ। ਇਸ ਲਈ ਆਪਣੇ ਆਪ ਤੋਂ ਪੁੱਛੋ, ‘ਆਪਣੀ ਸੋਚਣੀ ਵਿਚ ਤਬਦੀਲੀ ਲਿਆ ਕੇ ਮੈਨੂੰ ਕਿਨ੍ਹਾਂ ਕੁਝ ਗੱਲਾਂ ਵਿਚ ਸ਼ਾਇਦ ਫ਼ਾਇਦਾ ਹੋ ਸਕਦਾ ਹੈ?’
ਦੂਜਿਆਂ ਬਾਰੇ ਤੁਹਾਡਾ ਦ੍ਰਿਸ਼ਟੀਕੋਣ
ਜਦੋਂ ਤੁਸੀਂ ਦੂਜਿਆਂ ਵੱਲ ਦੇਖਦੇ ਹੋ ਤਾਂ ਤੁਹਾਨੂੰ ਕੀ ਦਿੱਸਦਾ ਹੈ? ਕੀ ਤੁਸੀਂ ਦੂਜਿਆਂ ਦੀ ਕਹਿਣੀ ਜਾਂ ਕਰਨੀ ਬਾਰੇ ਇਹ ਸੋਚਣ ਦਾ ਝੁਕਾਅ ਰੱਖਦੇ ਹੋ ਕਿ ਉਹ ਸਿਰਫ਼ ਚੰਗੀ ਹੈ ਜਾਂ ਬੁਰੀ, ਜਿਵੇਂ ਕਿ ਚੰਗੇ-ਬੁਰੇ ਦਰਮਿਆਨ ਹੋਰ ਕੁਝ ਨਹੀਂ? ਕੀ ਕਿਸੇ ਦੀ ਗੱਲ ਤੁਹਾਡੀ ਤਾਰੀਫ਼ ਹੀ ਕਰਦੀ ਹੈ ਜਾਂ ਤੁਹਾਡੀ ਬੇਇੱਜ਼ਤੀ ਹੀ ਕਰਦੀ ਹੈ? ਕੀ ਕੋਈ ਵਿਅਕਤੀ ਸਿਰਫ਼ ਸੱਚਾ ਜਾਂ ਝੂਠਾ ਹੈ। ਅਜਿਹਾ ਨਜ਼ਰੀਆ ਰੱਖਣਾ ਇਕ ਅਜਿਹੇ ਫੋਟੋ ਖਿੱਚਣ ਵਾਲੇ ਵਰਗਾ ਹੋਵੇਗਾ ਜੋ ਪਤਝੜ ਦੇ ਕੁਦਰਤੀ ਦ੍ਰਿਸ਼ ਵਿਚ ਕਈ ਵੱਖੋ-ਵੱਖਰੇ ਰੰਗਾਂ ਨੂੰ ਨਜ਼ਰਅੰਦਾਜ਼ ਕਰਦਾ ਹੋਇਆ ਸਿਰਫ਼ ਕਾਲੀਆਂ ਅਤੇ ਚਿੱਟੀਆਂ ਫੋਟੋਆਂ ਖਿੱਚਦਾ ਹੈ। ਜਾਂ ਕੀ ਤੁਸੀਂ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦੇ ਭੈੜਿਆਂ ਗੁਣਾਂ ਉੱਤੇ ਧਿਆਨ ਲਗਾਉਂਦੇ ਹੋ, ਅਜਿਹੇ ਮੁਸਾਫ਼ਰ ਵਾਂਗ ਜੋ ਇਕ ਸੁੰਦਰ ਦ੍ਰਿਸ਼ ਦੇਖਣ ਦੇ ਆਪਣੇ ਆਨੰਦ ਨੂੰ ਮਿਟਣ ਦਿੰਦਾ ਹੈ ਕਿਉਂਕਿ ਉਸ ਨੇ ਕਿਸੇ ਦੀ ਲਾਪਰਵਾਹੀ ਨਾਲ ਛੱਡੇ ਗਏ ਕੂੜੇ ਨੂੰ ਦੇਖ ਲਿਆ?—ਉਪਦੇਸ਼ਕ ਦੀ ਪੋਥੀ 7:16 ਦੀ ਤੁਲਨਾ ਕਰੋ।
ਮਨੁੱਖੀ ਗ਼ਲਤੀਆਂ ਬਾਰੇ ਯਹੋਵਾਹ ਦੇ ਦ੍ਰਿਸ਼ਟੀਕੋਣ ਉੱਤੇ ਗੌਰ ਕਰ ਕੇ ਅਸੀਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਜਦ ਕਿ ਉਹ ਮਨੁੱਖਾਂ ਦੀਆਂ ਕਮਜ਼ੋਰੀਆਂ ਅਤੇ ਗ਼ਲਤੀਆਂ ਬਾਰੇ ਜਾਣੂ ਹੈ, ਉਹ ਉਨ੍ਹਾਂ ਉੱਤੇ ਧਿਆਨ ਲਗਾਈ ਰੱਖਣ ਜਾਂ ਉਨ੍ਹਾਂ ਬਾਰੇ ਸੋਚੀ ਜਾਣਾ ਨਹੀਂ ਪਸੰਦ ਕਰਦਾ। ਜ਼ਬੂਰਾਂ ਦੇ ਸ਼ੁਕਰਗੁਜ਼ਾਰ ਲਿਖਾਰੀ ਨੇ ਕਿਹਾ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ . . . ਕੌਣ ਖੜਾ ਰਹਿ ਸੱਕਦਾ?” (ਜ਼ਬੂਰ 130:3) ਯਹੋਵਾਹ ਪਛਤਾਉਣ ਵਾਲੇ ਪਾਪੀਆਂ ਤੋਂ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਦੂਰ ਕਰਨ, ਹਾਂ ਖੁੱਲ੍ਹ-ਦਿਲੀ ਨਾਲ ਉਨ੍ਹਾਂ ਨੂੰ ਮਿਟਾਉਣ ਲਈ ਤਿਆਰ ਹੈ, ਤਾਂਕਿ ਉਸ ਨਾਲ ਸਾਡੇ ਰਿਸ਼ਤੇ ਉੱਤੇ ਇਹ ਗ਼ਲਤੀਆਂ ਇਕ ਕਲੰਕ ਨਾ ਹੋਣ। (ਜ਼ਬੂਰ 51:1; 103:12) ਯਹੋਵਾਹ ਰਾਜਾ ਦਾਊਦ ਬਾਰੇ ਕਹਿ ਸਕਿਆ, ਜਿਸ ਨੇ ਪਹਿਲਾਂ ਬਥ-ਸ਼ਬਾ ਨਾਲ ਗੰਭੀਰ ਪਾਪ ਕੀਤਾ ਸੀ, ਕਿ ਉਹ ਅਜਿਹਾ ਬੰਦਾ ਸੀ ਜੋ “ਸਾਰੇ ਮਨ ਨਾਲ ਮੇਰੇ ਮਗਰ ਚੱਲਿਆ ਅਤੇ ਉਹੋ ਹੀ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ।” (1 ਰਾਜਿਆਂ 14:8) ਯਹੋਵਾਹ ਦਾਊਦ ਬਾਰੇ ਇਹ ਕਿਉਂ ਕਹਿ ਸਕਿਆ? ਕਿਉਂਕਿ ਉਸ ਨੇ ਦਾਊਦ ਦੇ ਬਿਹਤਰੀਨ ਗੁਣਾਂ ਉੱਤੇ ਧਿਆਨ ਲਾਇਆ। ਉਸ ਨੇ ਸਾਰੇ ਹੀ ਸੰਬੰਧਿਤ ਪਹਿਲੂਆਂ ਉੱਤੇ ਗੌਰ ਕਰ ਕੇ ਆਪਣੇ ਸੇਵਕ ਪ੍ਰਤੀ ਦਇਆ ਦਿਖਾਉਂਦੇ ਰਹਿਣਾ ਪਸੰਦ ਕੀਤਾ।
ਯਿਸੂ ਮਸੀਹ ਨੇ ਸੰਪੂਰਣ ਤੌਰ ਤੇ ਦੂਜਿਆਂ ਦੀਆਂ ਗ਼ਲਤੀਆਂ ਬਾਰੇ ਇਸੇ ਖੁੱਲ੍ਹੇ ਦ੍ਰਿਸ਼ਟੀਕੋਣ ਦੀ ਰੀਸ ਕੀਤੀ। (ਯੂਹੰਨਾ 5:19) ਜਦੋਂ ਉਸ ਦੇ ਰਸੂਲਾਂ ਦੀਆਂ ਕਮਜ਼ੋਰੀਆਂ ਉਸ ਦੇ ਸਾਮ੍ਹਣੇ ਪ੍ਰਗਟ ਹੋਈਆਂ, ਤਾਂ ਯਿਸੂ ਨੇ ਦਇਆ ਅਤੇ ਸਮਝ ਦਿਖਾਈ। ਉਸ ਨੇ ਅਪੂਰਣ ਮਨੁੱਖਾਂ ਦੇ ਸੰਬੰਧ ਵਿਚ ਇਹ ਗੱਲ ਪਛਾਣੀ ਕਿ ‘ਆਤਮਾ ਭਾਵੇਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।’ (ਮੱਤੀ 26:41) ਇਸ ਗੱਲ ਨੂੰ ਮਨ ਵਿਚ ਰੱਖਦਿਆਂ, ਯਿਸੂ ਆਪਣੇ ਚੇਲਿਆਂ ਦੀਆਂ ਕਮਜ਼ੋਰੀਆਂ ਅਤੇ ਗ਼ਲਤੀਆਂ ਨਾਲ ਇਕ ਧੀਰਜਵਾਨ ਅਤੇ ਸਮਝਦਾਰ ਤਰੀਕੇ ਵਿਚ ਨਿਪਟ ਸਕਦਾ ਸੀ। ਉਸ ਨੇ ਉਨ੍ਹਾਂ ਦੀਆਂ ਕਮੀਆਂ ਉੱਤੇ ਨਹੀਂ, ਪਰ ਉਨ੍ਹਾਂ ਦੇ ਚੰਗੇ ਗੁਣਾਂ ਉੱਤੇ ਧਿਆਨ ਕੇਂਦ੍ਰਿਤ ਕੀਤਾ।
ਇਕ ਵਾਰੀ ਜਦੋਂ ਯਿਸੂ ਦੇ ਰਸੂਲ ਝਗੜ ਰਹੇ ਸਨ ਕਿ ਉਨ੍ਹਾਂ ਵਿੱਚੋਂ ਕੌਣ ਸਭ ਤੋਂ ਵੱਡਾ ਹੈ ਤਾਂ ਯਿਸੂ ਨੇ ਉਨ੍ਹਾਂ ਨੂੰ ਤਾੜਨਾ ਦੇਣ ਤੋਂ ਬਾਅਦ ਇਹ ਕਿਹਾ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ। ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।” (ਲੂਕਾ 22:24-30) ਜੀ ਹਾਂ, ਆਪਣੇ ਰਸੂਲਾਂ ਦੀਆਂ ਕਮੀਆਂ ਦੇ ਬਾਵਜੂਦ, ਯਿਸੂ ਨੇ ਉਨ੍ਹਾਂ ਦੀ ਵਫ਼ਾਦਾਰੀ ਅਤੇ ਉਸ ਲਈ ਉਨ੍ਹਾਂ ਦੇ ਪ੍ਰੇਮ ਨੂੰ ਚੇਤੇ ਰੱਖਿਆ। (ਕਹਾਉਤਾਂ 17:17) ਯਿਸੂ ਨੇ ਉਸ ਵਿਚ ਭਰੋਸਾ ਕੀਤਾ ਜੋ ਉਹ ਕਰ ਸਕਦੇ ਸਨ ਅਤੇ ਜੋ ਉਹ ਅੱਗੇ ਵੀ ਕਰਨਗੇ, ਇਸ ਕਰਕੇ ਉਸ ਨੇ ਉਨ੍ਹਾਂ ਨਾਲ ਰਾਜ ਲਈ ਇਕ ਨੇਮ ਬੰਨ੍ਹਿਆ। ਹਾਂ, ‘ਯਿਸੂ ਅੰਤ ਤੋੜੀ ਆਪਣੇ ਚੇਲਿਆਂ ਨੂੰ ਪਿਆਰ ਕਰਦਾ ਰਿਹਾ।’—ਯੂਹੰਨਾ 13:1.
ਇਸ ਲਈ ਜੇ ਕਿਸੇ ਦੀਆਂ ਕਮੀਆਂ ਤੁਹਾਨੂੰ ਹਮੇਸ਼ਾ ਚਿੜਾਉਂਦੀਆਂ ਹਨ, ਤਾਂ ਯਹੋਵਾਹ ਅਤੇ ਯਿਸੂ ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰੋ। ਆਪਣੀ ਸੋਚਣੀ ਵਿਚ ਤਬਦੀਲੀ ਲਿਆਓ ਅਤੇ ਸਾਰੇ ਹੀ ਪਹਿਲੂਆਂ ਉੱਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰੋ। ਸਾਰੀਆਂ ਚੀਜ਼ਾਂ ਨੂੰ ਸਹੀ-ਸਹੀ ਪੱਖੋਂ ਦੇਖਣ ਨਾਲ ਤੁਹਾਡੇ ਲਈ ਆਪਣੇ ਭਰਾਵਾਂ ਨਾਲ ਪ੍ਰੇਮ ਕਰਨਾ ਅਤੇ ਉਨ੍ਹਾਂ ਦੀ ਕਦਰ ਕਰਨੀ ਹੋਰ ਸੌਖੀ ਹੋ ਜਾਵੇਗੀ।
ਦੇਣ ਵਿਚ
ਮਸੀਹੀਆਂ ਕੋਲ ਦੂਜਿਆਂ ਨੂੰ ਦੇਣ ਦਾ ਸਨਮਾਨ ਹੈ ਅਤੇ ਇਹ ਉਨ੍ਹਾਂ ਲਈ ਆਨੰਦ ਦਾ ਇਕ ਕਾਰਨ ਹੈ। ਪਰ, ਕੀ ਸਾਨੂੰ ਸਿਰਫ਼ ਇੱਕੋ ਹੀ ਤਰੀਕੇ ਵਿਚ ਦੇਣ ਬਾਰੇ ਸੋਚਣਾ ਚਾਹੀਦਾ ਹੈ, ਜਿਵੇਂ ਕਿ ਪ੍ਰਚਾਰ ਦੇ ਕੰਮ ਵਿਚ? (ਮੱਤੀ 24:14; 28:19, 20) ਜਾਂ ਕੀ ਤੁਸੀਂ ਦੂਜਿਆਂ ਦੀ ਭੌਤਿਕ ਲੋੜ ਅਤੇ ਭਲਿਆਈ ਬਾਰੇ ਵੀ ਸੋਚ ਸਕਦੇ ਹੋ? ਬਿਨਾਂ ਸ਼ੱਕ, ਸਾਰੇ ਮਸੀਹੀ ਇਸ ਗੱਲ ਨੂੰ ਸਮਝਦੇ ਹਨ ਕਿ ਰੂਹਾਨੀ ਤੌਰ ਤੇ ਦੇਣਾ ਸਭ ਤੋਂ ਮਹੱਤਵਪੂਰਣ ਹੈ। (ਯੂਹੰਨਾ 6:26, 27; ਰਸੂਲਾਂ ਦੇ ਕਰਤੱਬ 1:8) ਫਿਰ ਵੀ, ਰੂਹਾਨੀ ਤੌਰ ਤੇ ਦੇਣਾ ਭਾਵੇਂ ਕਿੰਨਾ ਮਹੱਤਵਪੂਰਣ ਕਿਉਂ ਨਾ ਹੋਵੇ, ਭੌਤਿਕ ਤੌਰ ਤੇ ਦੇਣਾ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।—ਯਾਕੂਬ 2:15, 16.
ਜਿਉਂ ਹੀ ਅਸੀਂ ਆਪਣੀ ਹੀ ਕਲੀਸਿਯਾ ਵਿਚ ਅਤੇ ਪੂਰੀ ਧਰਤੀ ਵਿਚ ਆਪਣੇ ਭਰਾਵਾਂ ਦੀਆਂ ਸਖ਼ਤ ਲੋੜਾਂ ਉੱਤੇ ਗੌਰ ਕਰਦੇ ਹਾਂ, ਤਾਂ ਅਸੀਂ ਹੋਰ ਚੰਗੀ ਤਰ੍ਹਾਂ ਦੇਖ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ। ਜਦੋਂ ਉਹ ਵਿਅਕਤੀ ਜਿਹੜੇ ਜ਼ਿਆਦਾ ਦੇਣ ਦੇ ਯੋਗ ਹਨ ਖੁੱਲ੍ਹ-ਦਿਲੀ ਨਾਲ ਇਉਂ ਕਰਦੇ ਹਨ, ਤਾਂ ਬਰਾਬਰੀ ਹੋ ਜਾਂਦੀ ਹੈ। ਇਸ ਤਰੀਕੇ ਵਿਚ ਸਾਡੇ ਸਾਰਿਆਂ ਭਰਾਵਾਂ ਦੀਆਂ ਲੋੜਾਂ ਦੀ ਦੇਖ-ਭਾਲ ਕੀਤੀ ਜਾਂਦੀ ਹੈ। ਇਕ ਮਸੀਹੀ ਬਜ਼ੁਰਗ ਨੇ ਇਸ ਤਰ੍ਹਾਂ ਗੱਲ ਸਮਝਾਈ: “ਜੇ ਦੁਨੀਆਂ ਦੇ ਕਿਸੇ ਇਲਾਕੇ ਵਿਚ ਲੋੜ ਪੈ ਜਾਏ, ਤਾਂ ਦੁਨੀਆਂ ਦੇ ਕਿਸੇ ਹੋਰ ਇਲਾਕੇ ਵਿੱਚੋਂ ਭਰਾ ਉਨ੍ਹਾਂ ਦੀ ਮਦਦ ਕਰਦੇ ਹਨ। ਜੇ ਉਹ ਨਹੀਂ ਮਦਦ ਕਰ ਸਕਦੇ, ਤਾਂ ਹੋਰ ਕਿਤਿਓਂ ਭਰਾ ਮਦਦ ਕਰ ਦੇਣਗੇ। ਇਸ ਤਰ੍ਹਾਂ ਦੁਨੀਆਂ ਭਰ ਵਿਚ ਸਾਡੇ ਭਰਾਵਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਸੰਸਾਰ ਭਰ ਵਿਚ ਭਾਈਬੰਦੀ ਸੱਚ-ਮੁੱਚ ਵਧੀਆ ਹੈ।”—2 ਕੁਰਿੰਥੀਆਂ 8:13-15; 1 ਪਤਰਸ 2:17.
ਇਕ ਮਸੀਹੀ ਭੈਣ ਪੂਰਬੀ ਯੂਰਪ ਵਿਚ ਇਕ ਅੰਤਰਰਾਸ਼ਟਰੀ ਮਹਾਂ-ਸੰਮੇਲਨ ਨੂੰ ਸੱਚ-ਮੁੱਚ ਜਾਣਾ ਚਾਹੁੰਦੀ ਸੀ, ਪਰ ਉਹ ਆਪਣੇ ਹਾਲਾਤ ਕਾਰਨ ਜਾ ਨਾ ਸਕੀ। ਲੇਕਿਨ, ਉਸ ਨੂੰ ਪਤਾ ਲੱਗਾ ਕਿ ਉੱਥੇ ਦੇ ਭਰਾਵਾਂ ਨੂੰ ਬਾਈਬਲਾਂ ਦੀ ਸਖ਼ਤ ਜ਼ਰੂਰਤ ਸੀ, ਇਸ ਲਈ ਉਸ ਨੇ ਕਿਸੇ ਹੋਰ ਰਾਹੀਂ, ਜੋ ਸੰਮੇਲਨ ਨੂੰ ਜਾ ਰਿਹਾ ਸੀ, ਬਾਈਬਲਾਂ ਵਾਸਤੇ ਆਪਣੇ ਕੋਲੋਂ ਪੈਸੇ ਭੇਜ ਦਿੱਤੇ। ਇਸ ਲਈ ਉਸ ਨੇ ਦੇਣ ਦੀ ਖ਼ੁਸ਼ੀ ਅਨੁਭਵ ਕੀਤੀ, ਯਾਨੀ ਵਿਦੇਸ਼ ਵਿਚ ਆਪਣੇ ਭਰਾਵਾਂ ਨੂੰ ਦੇਣ ਦੀ ਖ਼ੁਸ਼ੀ।—ਰਸੂਲਾਂ ਦੇ ਕਰਤੱਬ 20:35.
ਸ਼ਾਇਦ ਆਪਣੀ ਸੋਚਣੀ ਵਿਚ ਤਬਦੀਲੀ ਲਿਆ ਕੇ ਤੁਸੀਂ ਦੁਨੀਆਂ ਭਰ ਵਿਚ ਹਮੇਸ਼ਾ ਵੱਧ ਰਹੇ ਬਾਈਬਲੀ ਸਿੱਖਿਆ ਦੇਣ ਦੇ ਕੰਮ ਵਿਚ ਹੋਰ ਵੀ ਵੱਡਾ ਹਿੱਸਾ ਪਾ ਸਕਦੇ ਹੋ, ਜਿਸ ਨਾਲ ਤੁਹਾਨੂੰ ਅਤੇ ਦੂਜਿਆਂ ਨੂੰ ਵੀ ਆਨੰਦ ਮਿਲੇਗਾ।—ਬਿਵਸਥਾ ਸਾਰ 15:7; ਕਹਾਉਤਾਂ 11:24; ਫ਼ਿਲਿੱਪੀਆਂ 4:14-19.
ਸਲਾਹ ਦੇਣ ਵਿਚ
ਜੇ ਸਾਨੂੰ ਕਿਸੇ ਨੂੰ ਸਲਾਹ ਜਾਂ ਤਾੜਨਾ ਦੇਣੀ ਪਵੇ, ਤਾਂ ਆਪਣੇ ਅਧਿਆਤਮਿਕ ਭਰਾਵਾਂ ਦਾ ਸਤਿਕਾਰ ਪ੍ਰਾਪਤ ਕਰਨ ਅਤੇ ਸੱਚ-ਮੁੱਚ ਚੰਗੀ ਸਹਾਇਤਾ ਦੇਣ ਵਿਚ ਲਿਹਾਜ਼ ਅਤੇ ਸੰਤੁਲਨ ਇਸਤੇਮਾਲ ਕਰਨਾ ਸਾਡੀ ਮਦਦ ਕਰੇਗਾ। ਸਿਰਫ਼ ਇਕ-ਦੋ ਗੱਲਾਂ ਉੱਤੇ ਧਿਆਨ ਲਾ ਕੇ ਅਤੇ ਕਾਹਲੀ ਵਿਚ, ਇੱਕੋ ਹੀ ਪੱਖੋ ਦੇਖ ਕੇ ਸਿੱਟਾ ਕੱਢਣਾ ਸੌਖਾ ਹੈ। ਇਹ ਸ਼ਾਇਦ ਸਾਨੂੰ ਇਕ ਤੰਗ-ਨਜ਼ਰ ਵਿਅਕਤੀ ਵਜੋਂ ਦਰਸਾਏ, ਜਾਂ ਯਿਸੂ ਦੇ ਦਿਨ ਵਿਚ ਉਨ੍ਹਾਂ ਧਾਰਮਿਕ ਆਗੂਆਂ ਵਾਂਗ ਬਿਲਕੁਲ ਬੰਦ-ਨਜ਼ਰ, ਜੋ ਦੂਜਿਆਂ ਉੱਤੇ ਆਪਣੇ ਬੇਹੱਦ ਨਿਯਮਾਂ ਦਾ ਬੋਝ ਪਾਉਂਦੇ ਹੁੰਦੇ ਸਨ। (ਮੱਤੀ 23:2-4) ਦੂਜੇ ਪਾਸੇ ਜੇ ਅਸੀਂ ਜ਼ਿਆਦਾ ਸਖ਼ਤ ਨਾ ਹੋਈਏ ਅਤੇ ਸ਼ਾਸਤਰ ਦਿਆਂ ਸਿਧਾਂਤਾਂ ਤੇ ਪੱਕੀ ਤਰ੍ਹਾਂ ਆਧਾਰਿਤ ਚੰਗੀ ਸਲਾਹ ਦੇਈਏ, ਜੋ ਯਹੋਵਾਹ ਦੀ ਧਰਮੀ ਪਰ ਸੰਤੁਲਿਤ ਅਤੇ ਦਇਆਵਾਨ ਸੋਚਣੀ ਦੇ ਅਨੁਸਾਰ ਹੈ, ਤਾਂ ਦੂਜਿਆਂ ਵਾਸਤੇ ਸਾਡਿਆਂ ਸੁਝਾਵਾਂ ਨੂੰ ਸਵੀਕਾਰ ਕਰਨਾ ਅਤੇ ਲਾਗੂ ਕਰਨਾ ਹੋਰ ਸੌਖਾ ਹੋਵੇਗਾ।
ਕੁਝ ਸਾਲ ਪਹਿਲਾਂ ਕਈਆਂ ਕਲੀਸਿਯਾਵਾਂ ਤੋਂ ਕਈ ਨੌਜਵਾਨ ਭਰਾ ਖੇਡ ਖੇਡਣ ਲਈ ਇਕੱਠੇ ਹੋਏ। ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਵਿਚਕਾਰ ਮੁਕਾਬਲੇ ਦੀ ਭਾਵਨਾ ਪੈਦਾ ਹੋ ਗਈ, ਜਿਸ ਦੇ ਨਤੀਜੇ ਵਜੋਂ ਉਹ ਇਕ ਦੂਜੇ ਨੂੰ ਬੁਰਾ-ਭਲਾ ਕਹਿਣ ਲੱਗੇ। ਉੱਥੇ ਦੇ ਬਜ਼ੁਰਗਾਂ ਨੇ ਮਾਮਲਾ ਕਿਸ ਤਰ੍ਹਾਂ ਸੁਲਝਾਇਆ? ਇਸ ਗੱਲ ਦੀ ਪਛਾਣ ਕਰਦਿਆਂ ਕਿ ਨੌਜਵਾਨਾਂ ਨੂੰ ਦਿਲਪਰਚਾਵੇ ਦੀ ਲੋੜ ਹੈ, ਉਨ੍ਹਾਂ ਨੇ ਇਹ ਸਲਾਹ ਨਹੀਂ ਦਿੱਤੀ ਕਿ ਉਹ ਆਪਣੀਆਂ ਖੇਡਾਂ ਬਿਲਕੁਲ ਬੰਦ ਕਰ ਦੇਣ। (ਅਫ਼ਸੀਆਂ 5:17; 1 ਤਿਮੋਥਿਉਸ 4:8) ਇਸ ਦੀ ਬਜਾਇ, ਉਨ੍ਹਾਂ ਨੇ ਦ੍ਰਿੜ੍ਹ ਪਰ ਤਰਕਸ਼ੀਲ ਚੇਤਾਵਨੀਆਂ ਦਿੱਤੀਆਂ ਕਿ ਮੁਕਾਬਲੇ ਦੀ ਭਾਵਨਾ ਦੇ ਨਤੀਜੇ ਕੀ ਹੋ ਸਕਦੇ ਹਨ। ਉਨ੍ਹਾਂ ਨੇ ਸਹਾਇਕ ਸੁਝਾਅ ਵੀ ਦਿੱਤੇ, ਜਿਵੇਂ ਕਿ ਸਿਆਣੇ, ਜ਼ਿੰਮੇਵਾਰ ਵਿਅਕਤੀਆਂ ਨੂੰ ਨਾਲ ਲਿਜਾਇਆ ਜਾਵੇ। ਨੌਜਵਾਨਾਂ ਨੇ ਇਸ ਸਲਾਹ ਦੀ ਬੁੱਧ ਅਤੇ ਸੰਤੁਲਨ ਦੀ ਕਦਰ ਕੀਤੀ ਅਤੇ ਇਸ ਨੂੰ ਲਾਗੂ ਕੀਤਾ। ਇਸ ਤੋਂ ਇਲਾਵਾ, ਬਜ਼ੁਰਗਾਂ ਲਈ ਉਨ੍ਹਾਂ ਦਾ ਆਦਰ ਅਤੇ ਪ੍ਰੇਮ ਵੀ ਵੱਧ ਗਿਆ।
ਜਤਨ ਕਰ ਕੇ ਆਪਣੀ ਸੋਚਣੀ ਵਿਚ ਤਬਦੀਲੀ ਲਿਆਓ
ਭਾਵੇਂ ਕਿ ਤੁਸੀਂ ਜਾਣ-ਬੁੱਝ ਕੇ ਦੂਜਿਆਂ ਬਾਰੇ ਰਾਇ ਨਹੀਂ ਬਣਾਈ ਰੱਖਦੇ ਹੋ, ਫਿਰ ਵੀ ਤੁਹਾਨੂੰ ਆਪਣੀ ਸੋਚਣੀ ਵਿਚ ਤਬਦੀਲੀ ਲਿਆਉਣ ਵਿਚ ਜਤਨ ਕਰਨਾ ਪਵੇਗਾ। ਜਿਉਂ ਹੀ ਤੁਸੀਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹੋ, ਉਸ ਉੱਤੇ ਮਨਨ ਕਰੋ ਤਾਂਕਿ ਤੁਸੀਂ ਯਹੋਵਾਹ ਦੇ ਸੋਚਣ ਦੇ ਢੰਗ ਨੂੰ ਸਮਝ ਸਕੋ ਅਤੇ ਇਸ ਦੀ ਕਦਰ ਕਰ ਸਕੋ। (ਜ਼ਬੂਰ 139:17) ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਬਾਈਬਲ ਵਿਚ ਕੋਈ ਖ਼ਾਸ ਗੱਲ ਕਿਉਂ ਕਹੀ ਗਈ ਹੈ ਅਤੇ ਇਸ ਦੇ ਨਾਲ ਕਿਹੜੇ-ਕਿਹੜੇ ਸਿਧਾਂਤ ਸ਼ਾਮਲ ਹਨ, ਅਤੇ ਮਾਮਲਿਆਂ ਨੂੰ ਉਸ ਤਰ੍ਹਾਂ ਵਿਚਾਰਨ ਦੀ ਕੋਸ਼ਿਸ਼ ਕਰੋ ਜਿਸ ਤਰ੍ਹਾਂ ਯਹੋਵਾਹ ਵਿਚਾਰਦਾ ਹੈ। ਇਹ ਦਾਊਦ ਦੀ ਪ੍ਰਾਰਥਨਾ ਦੀ ਇਕਸੁਰਤਾ ਵਿਚ ਹੋਵੇਗਾ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ। ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਲ।”—ਜ਼ਬੂਰ 25:4, 5.
ਜਿਉਂ ਹੀ ਤੁਸੀਂ ਆਪਣੇ ਦ੍ਰਿਸ਼ਟੀਕੋਣ ਵਿਚ ਤਬਦੀਲੀ ਲਿਆਉਂਦੇ ਹੋ, ਤੁਹਾਨੂੰ ਬਰਕਤਾਂ ਮਿਲਣਗੀਆਂ। ਖੁੱਲ੍ਹੇ ਦ੍ਰਿਸ਼ਟੀਕੋਣ ਦੀ ਇਕ ਬਰਕਤ ਇਹ ਹੈ ਕਿ ਤੁਸੀਂ ਸੰਤੁਲਿਤ ਅਤੇ ਸਮਝਦਾਰ ਹੋਣ ਦੀ ਨੇਕਨਾਮੀ ਖੱਟੋਗੇ। ਵੱਖ-ਵੱਖ ਸਥਿਤੀਆਂ ਵਿਚ ਸਹਾਇਤਾ ਦਿੰਦੇ ਸਮੇਂ ਤੁਸੀਂ ਇਕ ਤਰਕਸ਼ੀਲ ਅਤੇ ਸਮਝਦਾਰ ਤਰੀਕੇ ਵਿਚ ਮਦਦ ਕਰ ਸਕੋਗੇ। ਇਸ ਦੇ ਨਾਲ-ਨਾਲ, ਤੁਸੀਂ ਮਸੀਹੀ ਭਾਈਚਾਰੇ ਦੀ ਅਨੋਖੀ ਏਕਤਾ ਅਤੇ ਇਕਸੁਰਤਾ ਵਿਚ ਵੀ ਹਿੱਸਾ ਪਾਓਗੇ।
[ਸਫ਼ੇ 12 ਉੱਤੇ ਤਸਵੀਰਾਂ]
ਖੁੱਲ੍ਹ-ਦਿਲੀ ਨਾਲ ਦੂਜਿਆਂ ਨੂੰ ਦੇਣਾ, ਦੇਣ ਵਾਲੇ ਨੂੰ ਆਨੰਦ ਲਿਆਉਂਦਾ ਹੈ, ਅਤੇ ਸਾਡੇ ਸਵਰਗੀ ਪਿਤਾ ਨੂੰ ਪ੍ਰਸੰਨ ਕਰਦਾ ਹੈ