ਕੰਮ ਅਤੇ ਆਰਾਮ ਵਿਚ ਸੰਤੁਲਨ
“ਆਰਾਮ ਇਕ ਸੋਹਣੀ ਪੁਸ਼ਾਕ ਹੈ, ਪਰ ਇਸ ਨੂੰ ਹਰ ਵੇਲੇ ਨਹੀਂ ਪਾਇਆ ਜਾ ਸਕਦਾ।” ਇਨ੍ਹਾਂ ਸ਼ਬਦਾਂ ਨਾਲ ਇਕ ਗੁਮਨਾਮ ਲਿਖਾਰੀ ਨੇ ਆਰਾਮ ਦੀ ਮਹੱਤਤਾ ਨੂੰ ਬਿਲਕੁਲ ਸਹੀ ਤਰੀਕੇ ਨਾਲ ਦਰਸਾਇਆ। ਪਰ ਉਸ ਨੇ ਇਹ ਵੀ ਦਿਖਾਇਆ ਕਿ ਆਰਾਮ ਦੇ ਨਾਲ-ਨਾਲ ਫ਼ਾਇਦੇਮੰਦ ਕੰਮ ਕਰਨੇ ਵੀ ਜ਼ਰੂਰੀ ਹਨ।
ਬਾਈਬਲ ਦੇ ਇਕ ਪ੍ਰੇਰਿਤ ਲਿਖਾਰੀ ਸੁਲੇਮਾਨ ਨੇ ਵੀ ਇਸ ਬਾਰੇ ਲਿਖਿਆ ਸੀ। ਇਸ ਬੁੱਧੀਮਾਨ ਰਾਜੇ ਨੇ ਉਨ੍ਹਾਂ ਦੋ ਹੱਦਾਂ ਦੀ ਪਛਾਣ ਕਰਾਈ ਜਿਨ੍ਹਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਪਹਿਲਾਂ ਉਸ ਨੇ ਕਿਹਾ: “ਮੂਰਖ ਆਪਣੇ ਹੱਥ ਉੱਤੇ ਹੱਥ ਧਰਦਾ ਹੈ ਅਤੇ ਆਪਣਾ ਮਾਸ ਆਪ ਹੀ ਖਾਂਦਾ ਹੈ।” (ਉਪਦੇਸ਼ਕ ਦੀ ਪੋਥੀ 4:5) ਜੀ ਹਾਂ, ਆਲਸੀਪੁਣਾ ਇਕ ਵਿਅਕਤੀ ਨੂੰ ਕੰਗਾਲ ਬਣਾ ਸਕਦਾ ਹੈ। ਨਤੀਜੇ ਵਜੋਂ, ਇਸ ਨਾਲ ਆਲਸੀ ਵਿਅਕਤੀ ਦੀ ਸਿਹਤ ਨੂੰ ਅਤੇ ਇੱਥੋਂ ਤਕ ਕਿ ਉਸ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਪਰ ਦੂਜੇ ਪਾਸੇ, ਕੁਝ ਇਹੋ ਜਿਹੇ ਲੋਕ ਵੀ ਹਨ ਜੋ ਸਖ਼ਤ ਮਿਹਨਤ ਦੀ ਖ਼ਾਤਰ ਆਪਣਾ ਸਭ ਕੁਝ ਵਾਰ ਦਿੰਦੇ ਹਨ। ਸੁਲੇਮਾਨ ਨੇ ਇਨ੍ਹਾਂ ਦੀ ਅਟੁੱਟ ਮਿਹਨਤ-ਮੁਸ਼ੱਕਤ ਨੂੰ “ਵਿਅਰਥ ਅਤੇ ਹਵਾ ਦਾ ਫੱਕਣਾ” ਕਿਹਾ ਹੈ।—ਉਪਦੇਸ਼ਕ ਦੀ ਪੋਥੀ 4:4.
ਠੀਕ ਇਸੇ ਕਰਕੇ ਹੀ ਸੁਲੇਮਾਨ ਨੇ ਇਕ ਚੰਗਾ ਸੰਤੁਲਨ ਰੱਖਣ ਦੀ ਸਲਾਹ ਦਿੱਤੀ: “ਕੁਝ ਪਲਾਂ ਦਾ ਆਰਾਮ ਵੀ ਚੰਗਾ ਹੈ, ਬਜਾਏ ਇਸ ਦੇ ਕੇ ਹਰ ਸਮੇਂ ਦੋਵੇਂ ਹੱਥ ਮਿਹਨਤ ਵਿਚ ਰੁਝੇ ਰਹਿਣ, ਜੋ ਕੇਵਲ ਹਵਾ ਨੂੰ ਫੜਨ ਦੇ ਬਰਾਬਰ ਹੈ।” (ਉਪਦੇਸ਼ਕ ਦੀ ਪੋਥੀ 4:6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਕ ਵਿਅਕਤੀ ਨੂੰ ‘ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਉਣਾ’ ਚਾਹੀਦਾ ਹੈ—ਯਾਨੀ ਉਸ ਨੇ ਜੋ ਵੀ ਖੱਟਿਆ ਹੈ, ਉਸ ਦਾ ਆਨੰਦ ਮਾਣਨ ਲਈ ਉਸ ਨੂੰ ਸਮਾਂ ਕੱਢਣਾ ਚਾਹੀਦਾ ਹੈ। (ਉਪਦੇਸ਼ਕ ਦੀ ਪੋਥੀ 2:24) ਅਤੇ ਦੁਨਿਆਵੀ ਕੰਮਾਂ-ਕਾਰਾਂ ਤੋਂ ਇਲਾਵਾ ਹੋਰ ਕਈ ਕੰਮਾਂ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ। ਜਿਵੇਂ ਕਿ ਆਪਣੇ ਪਰਿਵਾਰ ਨੂੰ ਵੀ ਕੁਝ ਸਮਾਂ ਦੇਣਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਸੁਲੇਮਾਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਡਾ ਪਹਿਲਾ ਫ਼ਰਜ਼ ਦੁਨਿਆਵੀ ਕੰਮ-ਕਾਰ ਕਰਨਾ ਨਹੀਂ, ਸਗੋਂ ਪਰਮੇਸ਼ੁਰ ਦੀ ਸੇਵਾ ਕਰਨਾ ਹੈ। (ਉਪਦੇਸ਼ਕ ਦੀ ਪੋਥੀ 12:13) ਕੀ ਤੁਸੀਂ ਉਨ੍ਹਾਂ ਵਿਅਕਤੀਆਂ ਵਿੱਚੋਂ ਇਕ ਹੋ, ਜਿਹੜੇ ਕੰਮ ਪ੍ਰਤੀ ਸੰਤੁਲਿਤ ਰਵੱਈਆ ਰੱਖਣ ਦਾ ਆਨੰਦ ਮਾਣਦੇ ਹਨ?