ਕੀ ਬਾਈਬਲ ਅੱਜ-ਕੱਲ੍ਹ ਦੇ ਜ਼ਮਾਨੇ ਵਿਚ ਸਾਡੀ ਮਦਦ ਕਰ ਸਕਦੀ ਹੈ?
ਇਆਦਮੀ ਦੇ ਅਨੁਸਾਰ, “ਸਾਰੀ ਬਾਈਬਲ ਵਿੱਚੋਂ ਸਿਰਫ਼ 1 ਫੀ ਸਦੀ ਹੀ ਪੜ੍ਹਨ ਦੇ ਯੋਗ ਹੈ, ਅਤੇ ਬਾਕੀ ਦੀ ਅੱਜ-ਕੱਲ੍ਹ ਦੇ ਜ਼ਮਾਨੇ ਵਿਚ ਕੋਈ ਮਹੱਤਤਾ ਨਹੀਂ ਰੱਖਦੀ।” ਇਸ ਆਦਮੀ ਦੇ ਵਿਚਾਰਾਂ ਨਾਲ ਕਾਫ਼ੀ ਲੋਕ ਸਹਿਮਤ ਹਨ। ਭਾਵੇਂ ਕਿ ਬਾਈਬਲ ਸੰਸਾਰ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਪੁਸਤਕ ਹੈ, ਲੱਖਾਂ ਹੀ ਲੋਕ ਨਾ ਇਸ ਦੀਆਂ ਸਿੱਖਿਆਵਾਂ ਜਾਣਦੇ ਹਨ, ਅਤੇ ਨਾ ਹੀ ਉਨ੍ਹਾਂ ਦੀ ਪਾਲਣਾ ਕਰਦੇ ਹਨ।
ਸੁਡਡੋਏਚੇ ਟਸਾਈਟੁੰਗ ਨਾਂ ਦੀ ਜਰਮਨ ਅਖ਼ਬਾਰ ਨੇ ਕ੍ਰਿਸਮਸ ਦੇ ਆਪਣੇ 1996 ਐਡੀਸ਼ਨ ਵਿਚ ਦੱਸਿਆ ਕਿ ਬਾਈਬਲ “ਹੁਣ ਬਹੁਤ ਹੀ ਘੱਟ ਪੜ੍ਹੀ ਜਾਂਦੀ ਹੈ। ਇਸ ਵਿਗਿਆਨਕ ਅਤੇ ਦੁਨਿਆਵੀ ਯੁਗ ਵਿਚ, ਲੋਕਾਂ ਨੂੰ ਬਾਈਬਲ ਦੀਆਂ ਕਹਾਣੀਆਂ ਬੜੀਆਂ ਅਨੋਖੀਆਂ ਲੱਗਦੀਆਂ ਹਨ। ਉਨ੍ਹਾਂ ਲਈ ਇਹ ਸਮਝਣੀਆਂ ਮੁਸ਼ਕਲ ਹਨ।” ਇਸ ਸੰਬੰਧ ਵਿਚ ਸਰਵੇਖਣ ਇਹ ਦਿਖਾਉਂਦੇ ਹਨ ਕਿ ਇਹ ਗੱਲ ਸੱਚ ਹੀ ਹੈ। ਕੁਝ ਰਿਪੋਰਟਾਂ ਪ੍ਰਗਟ ਕਰਦੀਆਂ ਹਨ ਕਿ ਬਹੁਤ ਸਾਰੇ ਬੱਚੇ ਇਹ ਵੀ ਨਹੀਂ ਜਾਣਦੇ ਕਿ ਯਿਸੂ ਅਸਲ ਵਿਚ ਕੌਣ ਸੀ। ਇਕ ਰਿਪੋਰਟ ਦੇ ਅਨੁਸਾਰ, ਕੁਝ ਇੰਟਰਵਿਊ ਕੀਤੇ ਗਏ ਲੋਕਾਂ ਵਿੱਚੋਂ ਅੱਧਿਆਂ ਤੋਂ ਘੱਟ ਹੀ ਉਜਾੜੂ ਪੁੱਤਰ ਅਤੇ ਸਾਮਰੀ ਗੁਆਂਢੀ ਬਾਰੇ ਬਾਈਬਲ ਦੀਆਂ ਕਹਾਣੀਆਂ ਸੁਣਾ ਸਕੇ।
ਸਵਿੱਸ ਈਵੈਂਜੈਲੀਕਲ ਚਰਚ ਦੁਆਰਾ ਰੀਫੌਰਮੀਅਰਟਸ ਫ਼ੋਰਮ ਨਾਂ ਦਾ ਪ੍ਰਕਾਸ਼ਨ ਦੱਸਦਾ ਹੈ ਕਿ ਸਵਿਟਜ਼ਰਲੈਂਡ ਵਿਚ ਅੱਗੇ ਨਾਲੋਂ ਬਾਈਬਲ ਦੀ ਮੰਗ ਘੱਟ ਗਈ ਹੈ। ਜਿਨ੍ਹਾਂ ਕੋਲ ਬਾਈਬਲ ਦੀ ਕਾਪੀ ਹੈ ਵੀ, ਉਹ ਸ਼ੈਲਫ ਦੀ ਸਜਾਵਟ ਤੋਂ ਸਿਵਾਇ ਹੋਰ ਕਿਸੇ ਕੰਮ ਦੀ ਨਹੀਂ ਹੁੰਦੀ। ਬਰਤਾਨੀਆ ਵਿਚ ਵੀ ਇਹੀ ਹਾਲ ਹੈ। ਇਕ ਰਿਪੋਰਟ ਅਨੁਸਾਰ, ਭਾਵੇਂ ਕਿ ਜ਼ਿਆਦਾਤਰ ਲੋਕਾਂ ਕੋਲ ਬਾਈਬਲ ਹੈ, ਉਨ੍ਹਾਂ ਵਿੱਚੋਂ ਘੱਟ ਹੀ ਇਸ ਨੂੰ ਪੜ੍ਹਦੇ ਹਨ।
ਦੂਜੇ ਪਾਸੇ, ਲੱਖਾਂ ਇਸ ਤਰ੍ਹਾਂ ਦੇ ਵਿਅਕਤੀ ਹਨ ਜੋ ਬਾਈਬਲ ਨੂੰ ਵੱਖਰੀ ਨਜ਼ਰੋਂ ਦੇਖਦੇ ਹਨ। ਉਹ ਉਸ ਨੂੰ ਪਰਮੇਸ਼ੁਰ ਦਾ ਸ਼ਬਦ ਵਿਚਾਰ ਕੇ ਕੀਮਤੀ ਅਤੇ ਫ਼ਾਇਦੇਮੰਦ ਸਮਝਦੇ ਹਨ। ਇਸ ਕਰਕੇ ਉਹ ਇਸ ਨੂੰ ਬਾਕਾਇਦਾ ਪੜ੍ਹਦੇ ਹਨ। ਇਕ ਮੁਟਿਆਰ ਨੇ ਲਿਖਿਆ ਕਿ “ਮੈਂ ਰੋਜ਼ ਬਾਈਬਲ ਦੇ ਇਕ ਜਾਂ ਦੋ ਅਧਿਆਇ ਪੜ੍ਹਨ ਦੀ ਕੋਸ਼ਿਸ਼ ਕਰਦੀ ਹਾਂ। ਮੈਨੂੰ ਇਹ ਬਹੁਤ ਹੀ ਪਸੰਦ ਹੈ।” ਅਜਿਹੇ ਵਿਅਕਤੀ ਬਹੁਤ ਧਿਆਨ ਦਿੰਦੇ ਹਨ ਕਿ ਬਾਈਬਲ ਕੀ ਸਿਖਾਉਂਦੀ ਹੈ, ਅਤੇ ਉਹ ਉਸ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਇਹ ਮੰਨਦੇ ਹਨ ਕਿ ਅੱਜ-ਕੱਲ੍ਹ ਦੇ ਦੁੱਖ-ਭਰੇ ਸੰਸਾਰ ਵਿਚ ਬਾਈਬਲ ਉਨ੍ਹਾਂ ਦੀ ਮਦਦ ਕਰ ਸਕਦੀ ਹੈ।
ਤੁਹਾਡਾ ਕੀ ਵਿਚਾਰ ਹੈ? ਕੀ ਅੱਜ-ਕੱਲ੍ਹ ਦੇ ਜ਼ਮਾਨੇ ਵਿਚ ਬਾਈਬਲ ਮਹੱਤਤਾ ਰੱਖਦੀ ਹੈ? ਕੀ ਇਹ ਕੀਮਤੀ ਅਤੇ ਲਾਭਦਾਇਕ ਹੈ? ਕੀ ਬਾਈਬਲ ਅੱਜ-ਕੱਲ੍ਹ ਦੇ ਜ਼ਮਾਨੇ ਵਿਚ ਸਾਡੀ ਮਦਦ ਕਰ ਸਕਦੀ ਹੈ?