ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਨਮੀਬੀਆ ਵਿਚ ਪਰਮੇਸ਼ੁਰ ਦੇ ਲੋਕਾਂ ਵਿਚ ਵਾਧਾ
ਨਮੀਬੀਆ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੰਨ 1928 ਵਿਚ ਪਹੁੰਚੀ। ਉਸ ਸਮੇਂ ਤੋਂ ਲੈ ਕੇ ਹੁਣ ਤਕ ਸੈਂਕੜੇ ਨੇਕਦਿਲ ਲੋਕਾਂ ਨੇ ਪਰਮੇਸ਼ੁਰ ਦੇ ਮੁਕਤੀ ਦੇ ਸੰਦੇਸ਼ ਪ੍ਰਤੀ ਚੰਗਾ ਹੁੰਗਾਰਾ ਭਰਿਆ ਹੈ। ਹੇਠਾਂ ਦਿੱਤੇ ਅਨੁਭਵ ਦਿਖਾਉਂਦੇ ਹਨ ਕਿ ਯਹੋਵਾਹ ਇਨ੍ਹਾਂ ਮਨਭਾਉਂਦੇ ਲੋਕਾਂ ਨੂੰ ਆਪਣੇ ਲੋਕਾਂ ਵਿਚ ਕਿਵੇਂ ਰਲਾ ਰਿਹਾ ਹੈ।—ਹੱਜਈ 2:7.
◻ ਨਮੀਬੀਆ ਦੇ ਉੱਤਰ-ਪੂਰਬੀ ਹਿੱਸੇ ਵਿਚ ਰਹਿਣ ਵਾਲਾ ਪੋਲਸ ਗੁਜ਼ਾਰੇ ਦੀ ਖੇਤੀਬਾੜੀ ਕਰਨ ਵਾਲਾ ਇਕ ਕਿਸਾਨ ਹੈ। ਉਸ ਨੂੰ ਉਦੋਂ ਪਹਿਲੀ ਵਾਰ ਯਹੋਵਾਹ ਦੇ ਗਵਾਹ ਮਿਲੇ ਸਨ ਜਦੋਂ ਉਹ ਕਿਸੇ ਕੰਮ ਰਾਜਧਾਨੀ ਵਿੰਧੋਏਕ ਗਿਆ ਸੀ। ਪੋਲਸ ਛੇਤੀ ਹੀ ਕਾਇਲ ਹੋ ਗਿਆ ਸੀ ਕਿ ਉਸ ਨੂੰ ਸੱਚਾਈ ਮਿਲ ਗਈ ਹੈ। ਆਪਣੇ ਘਰ ਪਰਤਣ ਸਮੇਂ, ਉਹ ਆਪਣੇ ਨਾਲ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਨਾਮਕ ਕਿਤਾਬ ਲੈ ਕੇ ਆਇਆ। ਸਭ ਤੋਂ ਨੇੜੇ ਦਾ ਰਾਜ ਗ੍ਰਹਿ ਰੂਨਡੂ ਸ਼ਹਿਰ ਵਿਚ ਸੀ, ਇਸ ਲਈ ਪੋਲਸ ਨੇ ਉੱਥੇ ਜਾ ਕੇ ਗਵਾਹਾਂ ਨੂੰ ਲੱਭਿਆ ਤੇ ਉਨ੍ਹਾਂ ਨੂੰ ਮਿੰਨਤ ਕੀਤੀ ਕਿ ਉਹ ਉਸ ਦੇ ਘਰ ਆਉਣ।
ਪਰ ਪੋਲਸ ਦਾ ਘਰ ਬਹੁਤ ਦੂਰ ਹੋਣ ਕਰਕੇ, ਉਸ ਨੂੰ ਹਫ਼ਤਾਵਾਰ ਬਾਈਬਲ ਅਧਿਐਨ ਕਰਾਉਣ ਜਾਣਾ ਗਵਾਹਾਂ ਲਈ ਮੁਮਕਿਨ ਨਹੀਂ ਸੀ। ਪਰ ਪੋਲਸ ਨੇ ਹਾਰ ਨਾ ਮੰਨੀ ਤੇ ਆਪਣੇ ਆਪ ਹੀ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ, ਉਹ ਜੋ ਕੁਝ ਵੀ ਸਿੱਖ ਰਿਹਾ ਸੀ, ਉਸ ਬਾਰੇ ਉਸ ਨੇ ਜੋਸ਼ ਨਾਲ ਦੂਜਿਆਂ ਨੂੰ ਵੀ ਪ੍ਰਚਾਰ ਕੀਤਾ। ਸਮਾਂ ਪੈਣ ਤੇ, ਉੱਥੇ ਬਾਈਬਲ ਅਧਿਐਨ ਕਰਨ ਲਈ ਇਕ ਗਰੁੱਪ ਬਣ ਗਿਆ। ਜਦੋਂ ਇਸ ਛੋਟੇ ਜਿਹੇ ਗਰੁੱਪ ਨੇ ਰੇਡੀਓ ਤੇ ਇਹ ਸੁਣਿਆ ਕਿ ਯਹੋਵਾਹ ਦੇ ਗਵਾਹਾਂ ਦਾ ਇਕ ਸੰਮੇਲਨ ਰੂਨਡੂ ਵਿਚ ਹੋਣ ਜਾ ਰਿਹਾ ਹੈ, ਤਾਂ ਉਨ੍ਹਾਂ ਨੇ ਆਪਣੀ ਥੋੜ੍ਹੀ-ਬਹੁਤੀ ਕਮਾਈ ਇਕੱਠੀ ਕੀਤੀ ਅਤੇ ਜਾਣ ਲਈ ਗੱਡੀ ਦਾ ਪ੍ਰਬੰਧ ਕੀਤਾ।
ਯਹੋਵਾਹ ਦੇ ਗਵਾਹਾਂ ਨੂੰ ਪਹਿਲੀ ਵਾਰ ਮਿਲਣਾ ਉਨ੍ਹਾਂ ਲਈ ਕਿੰਨੀ ਵੱਡੀ ਖ਼ੁਸ਼ੀ ਦੀ ਗੱਲ ਸੀ! ਜਲਦੀ ਹੀ ਇਸ ਗਰੁੱਪ ਨੂੰ ਨਿਯਮਿਤ ਤੌਰ ਤੇ ਮਿਲਣ ਲਈ, ਯੋਗ ਭਰਾਵਾਂ ਨੂੰ ਭੇਜਣ ਦਾ ਪ੍ਰਬੰਧ ਕੀਤਾ ਗਿਆ। ਅੱਜ, ਪੋਲਸ ਜਿਸ ਪਿੰਡ ਵਿਚ ਰਹਿੰਦਾ ਹੈ, ਉੱਥੇ ਕੁੱਲ ਛੇ ਪ੍ਰਕਾਸ਼ਕ ਹਨ।
◻ ਯੋਹਾਨਾ ਦੀ ਦਿਲਚਸਪੀ ਪਰਮੇਸ਼ੁਰ ਦੇ ਨਾਂ ਵਿਚ ਉਦੋਂ ਜਾਗੀ, ਜਦੋਂ ਉਸ ਨੇ ਕਿਸੇ ਨੂੰ ਯਹੋਵਾਹ ਦੇ ਗਵਾਹਾਂ ਬਾਰੇ ਬੁਰਾ-ਭਲਾ ਕਹਿੰਦੇ ਸੁਣਿਆ। ਉਹ ਯਾਦ ਕਰਦੀ ਹੈ: “ਜਦੋਂ ਮੈਂ ਪਹਿਲੀ ਵਾਰ ਪਰਮੇਸ਼ੁਰ ਦਾ ਨਾਂ ਸੁਣਿਆ ਤਾਂ ਇਹ ਮੇਰੇ ਦਿਮਾਗ਼ ਵਿਚ ਪੱਕੀ ਤਰ੍ਹਾਂ ਬਹਿ ਗਿਆ ਤੇ ਮੈਂ ਸੋਚਣਾ ਸ਼ੁਰੂ ਕਰ ਦਿੱਤਾ ਕਿ ਯਹੋਵਾਹ ਕੌਣ ਹੈ। ਮੈਂ ਆਪਣੇ ਪਤੀ ਨਾਲ ਵੈਲਵਿਸ ਖਾੜੀ ਦੇ ਨੇੜੇ ਨਮੀਬੀਆ ਦੇ ਤਟੀ ਇਲਾਕੇ ਵਿਚ ਰਹਿੰਦੀ ਸੀ। ਇਕ ਵਾਰ ਅਸੀਂ ਸ਼ਹਿਰ ਗਏ ਤੇ ਉੱਥੇ ਮੈਂ ਕਈ ਯਹੋਵਾਹ ਦੇ ਗਵਾਹਾਂ ਨੂੰ ਸੜਕ ਤੇ ਪਹਿਰਾਬੁਰਜ ਰਸਾਲਾ ਵੰਡਦੇ ਦੇਖਿਆ। ਮੈਂ ਇਕ ਪਹਿਰਾਬੁਰਜ ਲੈ ਤਾਂ ਲਿਆ, ਪਰ ਮੇਰੇ ਮਨ ਵਿਚ ਢੇਰ ਸਾਰੇ ਸਵਾਲ ਸਨ, ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਮੈਨੂੰ ਬਾਈਬਲ ਅਧਿਐਨ ਕਰਾਉਣ। ਮੈਂ ਉਦੋਂ ਰੋਣ ਲੱਗ ਪਈ, ਜਦੋਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਗੱਡੀ ਖ਼ਰਾਬ ਹੋਣ ਕਰਕੇ ਉਹ ਅਧਿਐਨ ਕਰਾਉਣ ਲਈ ਨਹੀਂ ਆ ਸਕਦੇ। ਉਸ ਤੋਂ ਕੁਝ ਸਮੇਂ ਬਾਅਦ ਮੇਰੇ ਪਤੀ ਗੁਜ਼ਰ ਗਏ ਤੇ ਮੈਂ ਕੇਟਮਾਨਸ਼ੋਪ ਸ਼ਹਿਰ ਵਿਚ ਰਹਿਣ ਲਈ ਚਲੀ ਗਈ। ਉਸ ਸ਼ਹਿਰ ਵਿਚ ਇਕ ਵਿਸ਼ੇਸ਼ ਪਾਇਨੀਅਰ (ਪੂਰਣ-ਕਾਲੀ ਪ੍ਰਚਾਰਕ) ਸੀ ਅਤੇ ਮੈਂ ਉਸ ਕੋਲੋਂ ਸੱਚ ਜਿਹੜਾ ਅਨੰਤ ਜ਼ਿੰਦਗੀ ਵੱਲ ਲੈ ਜਾਂਦਾ ਹੈ ਨਾਮਕ ਕਿਤਾਬ ਲਈ। ਉਸ ਨੂੰ ਪੜ੍ਹਨਾ ਸ਼ੁਰੂ ਕਰਨ ਤੇ ਹੀ ਮੈਨੂੰ ਪਤਾ ਲੱਗ ਗਿਆ ਕਿ ਬੱਸ ਇਹੀ ਸੱਚਾਈ ਹੈ।
“ਆਖ਼ਰ, ਜਦੋਂ ਪ੍ਰਚਾਰ ਕਰਨ ਦਾ ਸਮਾਂ ਆਇਆ, ਤਾਂ ਲੋਕਾਂ ਦਾ ਡਰ ਮੇਰੇ ਤੇ ਹਾਵੀ ਹੋ ਗਿਆ। ਮੈਨੂੰ ਇੰਨਾ ਡਰ ਲੱਗਦਾ ਸੀ ਕਿ ਪਹਿਲੀ ਵਾਰ ਘਰ-ਘਰ ਦੀ ਸੇਵਕਾਈ ਲਈ ਜਾਂਦੇ ਸਮੇਂ, ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਪ੍ਰਚਾਰ ਕਰਨ ਦੀ ਬਜਾਇ ਮੈਂ ਮਰ ਹੀ ਜਾਵਾਂ ਤਾਂ ਚੰਗਾ ਹੈ। ਜਦੋਂ ਮੈਂ ਪਹਿਲੀ ਵਾਰ ਸੜਕ ਤੇ ਗਵਾਹੀ ਦੇਣ ਲਈ ਗਈ, ਤਾਂ ਮੈਂ ਇਕ ਭੀੜੀ ਜਿਹੀ ਗਲੀ ਵਿਚ ਜਾ ਕੇ ਲੁਕ ਗਈ ਤਾਂਕਿ ਮੈਨੂੰ ਕੋਈ ਦੇਖੇ ਨਾ। ਆਖ਼ਰਕਾਰ, ਮੈਂ ਆਪਣੇ ਦਿਲ ਨੂੰ ਮਜ਼ਬੂਤ ਕਰ ਕੇ ਇਕ ਰਾਹਗੀਰ ਨੂੰ ਰਸਾਲਾ ਦਿੱਤਾ, ਤਾਂ ਕਿਤੇ ਜਾ ਕੇ ਮੈਂ ਆਪਣੇ ਮੂੰਹੋਂ ਕੁਝ ਬੋਲ ਸਕੀ। ਉਸ ਦਿਨ ਯਹੋਵਾਹ ਦੀ ਮਦਦ ਨਾਲ ਮੈਂ ਕਈ ਲੋਕਾਂ ਨਾਲ ਆਪਣੀ ਬਾਈਬਲ ਆਧਾਰਿਤ ਉਮੀਦ ਸਾਂਝੀ ਕੀਤੀ।
“ਅੱਜ, 12 ਸਾਲਾਂ ਬਾਅਦ, ਚਾਹੇ ਮੇਰੇ ਕੋਲ ਬਹੁਤਾ ਪੈਸਾ-ਧੇਲਾ ਨਹੀਂ ਹੈ, ਪਰ ਮੈਂ ਅਜੇ ਤਕ ਪਾਇਨੀਅਰ ਸੇਵਾ ਨੂੰ ਇਕ ਖ਼ਜ਼ਾਨੇ ਦੇ ਤੁੱਲ ਸਮਝਦੀ ਹਾਂ ਅਤੇ ਦੂਜਿਆਂ ਨਾਲ ਰਾਜ ਦੀ ਸੱਚਾਈ ਸਾਂਝੀ ਕਰਨ ਦਾ ਹੱਦੋਂ ਵੱਧ ਆਨੰਦ ਮਾਣਦੀ ਹਾਂ।”