ਇਕ ਗੜਬੜੀ ਭਰੇ ਦੇਸ਼ ਵਿਚ ਸੱਚੀ ਸ਼ਾਂਤੀ ਪਾਉਣਾ
“ਫਿਰਕੂ ਹਿੰਸਾ ਵੱਸ ਤੋਂ ਬਾਹਰ ਹੋ ਗਈ ਹੈ,” 1969 ਦੀ ਇਕ ਰਿਪੋਰਟ ਨੇ ਕਿਹਾ। ਇਹ ਉਹ ਸਾਲ ਸੀ ਜਦੋਂ ਉੱਤਰੀ ਆਇਰਲੈਂਡ ਵਿਚ ਪ੍ਰੋਟੈਸਟੈਂਟਾਂ ਅਤੇ ਕੈਥੋਲਿਕਾਂ ਵਿਚਕਾਰ ਲੜਾਈ-ਝਗੜਿਆਂ ਦੀ ਸ਼ੁਰੂਆਤ ਹੋਈ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤਕ ਦੇ ਸਮੇਂ ਨੂੰ ਟ੍ਰਬਲਜ਼ ਕਿਹਾ ਜਾਂਦਾ ਹੈ।
ਫਿਰਕੂ ਹਿੰਸਾ ਅਤੇ ਕਤਲਾਮ ਆਮ ਜਿਹੀ ਗੱਲ ਹੋ ਗਈ ਹੈ, ਜਿਉਂ-ਜਿਉਂ ਰਾਜਨੀਤਿਕ ਅਤੇ ਧਾਰਮਿਕ ਫੁੱਟ ਦੇ “ਦੋਵੇਂ ਪਾਸਿਆਂ ਤੋਂ ਵਹਿਸ਼ੀ ਬੰਦਿਆਂ” ਨੇ, ਅਰਥਾਤ ਪ੍ਰੋਟੈਸਟੈਂਟ ਅਤੇ ਕੈਥੋਲਿਕ ਕਾਤਲਾਂ ਨੇ ਆਇਰਲੈਂਡ ਵਿਚ ਆਪਣਾ ਦਬਦਬਾ ਬਣਾਈ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਤੋਂ ਲੈ ਕੇ ਹੁਣ ਤਕ, “ਤਕਰੀਬਨ 30 ਸਾਲਾਂ ਦੇ ਇਸ ਹਿੰਸਾ ਦੇ ਸਮੇਂ ਦੌਰਾਨ 3,600 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਹੀ ਅਪਾਹਜ ਹੋ ਗਏ ਹਨ,” ਦੀ ਆਇਰਿਸ਼ ਟਾਈਮਜ਼ ਰਿਪੋਰਟ ਕਰਦੀ ਹੈ।
ਬੇਸ਼ੱਕ ਇਹ ਕੋਈ ਨਵੀਂ ਜੱਦੋ-ਜਹਿਦ ਨਹੀਂ ਹੈ। ਇਸ ਨੇ ਸਦੀਆਂ ਤੋਂ ਆਇਰਲੈਂਡ ਨੂੰ ਪੀੜਿਤ ਕੀਤਾ ਹੋਇਆ ਹੈ। ਹਾਲ ਹੀ ਦੇ ਸਾਲਾਂ ਦੌਰਾਨ ਉੱਤਰੀ ਆਇਰਲੈਂਡ ਵਿਚ ਇਸ ਦੇ ਸਭ ਤੋਂ ਵਧ ਮਾਰੂ ਅਸਰ ਮਹਿਸੂਸ ਕੀਤੇ ਗਏ ਹਨ, ਪਰ ਇਸ ਜੱਦੋ-ਜਹਿਦ ਦੁਆਰਾ ਪੈਦਾ ਹੋਏ ਵੈਰ ਅਤੇ ਲੜਾਈ-ਝਗੜਿਆਂ ਨੇ ਆਇਰਲੈਂਡ ਦੇ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਮਾਰੂ ਅਸਰ ਪਾਇਆ ਹੈ।
ਇਸ ਹਾਲਤ ਵਿਚ, ਸੌ ਸਾਲਾਂ ਤੋਂ ਵੀ ਵਧ ਸਮੇਂ ਤੋਂ ਯਹੋਵਾਹ ਦੇ ਗਵਾਹ ਇਸ ਗੜਬੜੀ ਭਰੇ ਦੇਸ਼ ਵਿਚ ਸਮੱਸਿਆਵਾਂ ਦੇ ਅਸਲੀ ਹੱਲ ਬਾਰੇ ਦੱਸ ਰਹੇ ਹਨ। ਉਹ ਹੱਲ ਹੈ ਯਿਸੂ ਮਸੀਹ ਦੇ ਹੱਥਾਂ ਵਿਚ ਪਰਮੇਸ਼ੁਰ ਦਾ ਰਾਜ। (ਮੱਤੀ 6:9, 10) 1969 ਵਿਚ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਵਿਚਕਾਰ ਝਗੜਿਆਂ ਦੀ ਸ਼ੁਰੂਆਤ ਸਮੇਂ ਆਇਰਲੈਂਡ ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ 876 ਸੀ। ਪਰ ਹੁਣ ਇੱਥੇ 100 ਤੋਂ ਵੀ ਜ਼ਿਆਦਾ ਕਲੀਸਿਯਾਵਾਂ ਵਿਚ 4,500 ਤੋਂ ਵੀ ਵਧ ਯਹੋਵਾਹ ਦੇ ਗਵਾਹ ਹਨ। ਇੱਥੇ ਕੁਝ ਭੈਣ-ਭਰਾਵਾਂ ਦੇ ਅਨੁਭਵ ਦਿੱਤੇ ਗਏ ਹਨ ਜਿਨ੍ਹਾਂ ਨੇ ਰਾਜਨੀਤਿਕ ਅਤੇ ਪੈਰਾ-ਮਿਲਟਰੀ (ਅੱਤਵਾਦੀ) ਸਰਗਰਮੀਆਂ ਵਿਚ ਹਿੱਸਾ ਲੈਣਾ ਬੰਦ ਕਰ ਦਿੱਤਾ।
“ਜਦੋਂ ਮੈਂ ਵੱਡਾ ਹੋਵਾਂਗਾ, ਤਾਂ ਮੈਂ ਵੀ ਆਈ. ਆਰ. ਏ ਦਾ ਮੈਂਬਰ ਬਣਾਂਗਾ!”
ਮਾਈਕਲa ਇਕ ਕੈਥੋਲਿਕ ਵਜੋਂ ਆਇਰਲੈਂਡ ਗਣਰਾਜ ਵਿਚ ਵੱਡਾ ਹੋਇਆ ਸੀ। ਸਕੂਲ ਵਿਚ ਉਸ ਨੂੰ ਆਇਰਲੈਂਡ ਦੇ ਇਤਿਹਾਸ ਅਤੇ ਬਰਤਾਨੀਆ ਨਾਲ ਚਲ ਰਹੀ ਸਦੀਆਂ ਪੁਰਾਣੀ ਲੜਾਈ ਬਾਰੇ ਕੁਝ-ਕੁਝ ਸਿਖਾਇਆ ਗਿਆ ਸੀ। ਬਚਪਨ ਤੋਂ ਹੀ ਉਹ ਅੰਗ੍ਰੇਜ਼ਾਂ ਨਾਲ ਬਹੁਤ ਜ਼ਿਆਦਾ ਨਫ਼ਰਤ ਕਰਨ ਲੱਗ ਪਿਆ ਜਿਨ੍ਹਾਂ ਨੂੰ ਉਸ ਨੇ “ਆਇਰਿਸ਼ ਲੋਕਾਂ ਦੇ ਅਤਿਆਚਾਰੀਆਂ” ਵਜੋਂ ਦੇਖਿਆ ਸੀ। ਜਦੋਂ ਉਹ ਦਸਾਂ ਸਾਲਾਂ ਦਾ ਸੀ, ਤਾਂ ਉਸ ਨੇ ਆਪਣੀ ਨਾਨੀ ਜੀ ਨੂੰ ਕਿਹਾ, “ਜਦੋਂ ਮੈਂ ਵੱਡਾ ਹੋਵਾਂਗਾ, ਤਾਂ ਮੈਂ ਵੀ ਆਈ. ਆਰ. ਏ (ਆਇਰਿਸ਼ ਰਿਪਬਲਿਕਨ ਆਰਮੀ) ਦਾ ਮੈਂਬਰ ਬਣਾਂਗਾ!” ਉਹ ਕਹਿੰਦਾ ਹੈ, “ਮੇਰੇ ਮੂੰਹ ਉੱਤੇ ਅਜਿਹੀ ਚਪੇੜ ਪਈ ਜੋ ਮੈਨੂੰ ਅਜੇ ਤਕ ਯਾਦ ਹੈ।” ਉਸ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਸ ਦੇ ਨਾਨਾ ਜੀ ਪਹਿਲੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਫ਼ੌਜ ਵਿਚ ਸਨ। ਇਕ ਵਾਰ ਜਦੋਂ ਆਈ. ਆਰ. ਏ ਦੇ ਮੈਂਬਰ ਉਸ ਦੇ ਨਾਨਾ ਜੀ ਨੂੰ ਆਪਣੀ ਗੋਲੀ ਦਾ ਸ਼ਿਕਾਰ ਬਣਾਉਣ ਲੱਗੇ ਸਨ, ਤਾਂ ਉਸ ਦੀ ਨਾਨੀ ਜੀ ਨੇ ਉਸ ਦੇ ਅੱਗੇ ਖੜ੍ਹ ਕੇ ਉਸ ਨੂੰ ਆਈ. ਆਰ. ਏ ਤੋਂ ਬਚਾਇਆ ਸੀ।
ਜਦੋਂ ਮਾਈਕਲ ਵੱਡਾ ਹੋਇਆ, ਤਾਂ ਉਹ ਉੱਤਰੀ ਆਇਰਲੈਂਡ ਦੇ ਆਪਣੇ ਸੰਗੀ ਕੈਥੋਲਿਕਾਂ ਦੀ ਮਦਦ ਲਈ ਕੁਝ ਕਰਨਾ ਚਾਹੁੰਦਾ ਸੀ। ਉਹ ਕਹਿੰਦਾ ਹੈ, “ਮੈਨੂੰ ਉਸ ਵੇਲੇ ਲੱਗਾ ਕਿ ਉੱਤਰੀ ਆਇਰਲੈਂਡ ਦੇ ਕੈਥੋਲਿਕ ਲੋਕਾਂ ਦੀ ਮਦਦ ਜੇਕਰ ਕੋਈ ਕਰ ਰਿਹਾ ਸੀ, ਤਾਂ ਉਹ ਸਿਰਫ਼ ਆਈ. ਆਰ. ਏ ਹੀ ਸੀ।” ਇਸੇ ਗੱਲ ਤੋਂ ਪ੍ਰੇਰਿਤ ਹੋ ਕੇ ਉਹ ਆਈ. ਆਰ. ਏ ਦਾ ਮੈਂਬਰ ਬਣ ਗਿਆ ਅਤੇ ਉਸ ਨੇ ਹਥਿਆਰਾਂ ਨੂੰ ਇਸਤੇਮਾਲ ਕਰਨ ਦੀ ਸਿਖਲਾਈ ਹਾਸਲ ਕੀਤੀ। ਉੱਤਰੀ ਆਇਰਲੈਂਡ ਵਿਚ ਪ੍ਰੋਟੈਸਟੈਂਟ ਪੈਰਾ-ਮਿਲਟਰੀਆਂ ਨਾਲ ਲੜਦੇ-ਲੜਦੇ ਉਸ ਦੇ ਤਿੰਨ ਦੋਸਤ ਮਾਰੇ ਗਏ।
ਪਰ ਆਖ਼ਰਕਾਰ ਮਾਈਕਲ ਦਾ ਭਰੋਸਾ ਪੈਰਾ-ਮਿਲਟਰੀ ਗਰੁੱਪਾਂ ਤੋਂ ਉੱਠ ਗਿਆ। ਉਦਾਹਰਣ ਲਈ, ਉਸ ਵੇਲੇ ਅਲੱਗ-ਅਲੱਗ ਪੈਰਾ-ਮਿਲਟਰੀ ਗਰੁੱਪਾਂ ਦੇ ਆਪਸ ਵਿਚ ਹੀ ਬਹੁਤ ਜ਼ਿਆਦਾ ਲੜਾਈ-ਝਗੜੇ ਹੁੰਦੇ ਰਹਿੰਦੇ ਸਨ, ਜਿਸ ਨੂੰ ਦੇਖ ਕੇ ਉਹ ਬਹੁਤ ਪਰੇਸ਼ਾਨ ਹੋ ਗਿਆ ਸੀ। ਜਦੋਂ ਆਈ. ਆਰ. ਏ ਦੇ ਇਕ ਮੈਂਬਰ ਵਜੋਂ ਕੀਤੇ ਗਏ ਉਸ ਦੇ ਅਪਰਾਧਾਂ ਕਰਕੇ ਉਸ ਨੂੰ ਜੇਲ੍ਹ ਹੋ ਗਈ, ਤਾਂ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਨੂੰ ਸਥਾਈ ਸ਼ਾਂਤੀ ਅਤੇ ਨਿਆਂ ਦਾ ਸਹੀ ਰਾਹ ਲੱਭਣ ਵਿਚ ਮਦਦ ਦੇਵੇ। ਕੁਝ ਸਮੇਂ ਬਾਅਦ ਯਹੋਵਾਹ ਦੇ ਗਵਾਹ ਉਸ ਦੇ ਘਰ ਆਏ। ਉਹ ਗਵਾਹ ਅੰਗ੍ਰੇਜ਼ ਸਨ ਅਤੇ ਅੰਗ੍ਰੇਜ਼ਾਂ ਨਾਲ ਡੂੰਘੀ ਨਫ਼ਰਤ ਹੋਣ ਕਰਕੇ ਮਾਈਕਲ ਲਈ ਉਨ੍ਹਾਂ ਗਵਾਹਾਂ ਦੀ ਗੱਲ ਸੁਣਨੀ ਮੁਸ਼ਕਲ ਹੋ ਗਈ। ਉਸ ਨੇ ਕਿਹਾ, “ਮੈਂ ਅਕਸਰ ਉਨ੍ਹਾਂ ਨੂੰ ਇਹ ਮਹਿਸੂਸ ਕਰਾਉਂਦਾ ਸੀ ਕਿ ਮੈਨੂੰ ਉਨ੍ਹਾਂ ਦਾ ਆਉਣਾ ਚੰਗਾ ਨਹੀਂ ਲੱਗਦਾ ਹੈ, ਪਰ ਫਿਰ ਵੀ ਉਹ ਲਗਾਤਾਰ ਆਉਂਦੇ ਰਹੇ ਅਤੇ ਮੇਰੇ ਨਾਲ ਗੱਲ ਕਰਦੇ ਰਹੇ ਤੇ ਹੌਲੀ-ਹੌਲੀ ਮੈਨੂੰ ਅਹਿਸਾਸ ਹੋਣ ਲੱਗਾ ਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਸਾਰੀਆਂ ਰਾਜਨੀਤਿਕ ਅਤੇ ਸਮਾਜਕ ਬੇਇਨਸਾਫ਼ੀਆਂ ਨੂੰ ਖ਼ਤਮ ਕਰ ਦੇਵੇਗਾ ਜਿਨ੍ਹਾਂ ਨੂੰ ਖ਼ਤਮ ਕਰਨ ਲਈ ਮੈਂ ਲੜ ਰਿਹਾ ਸੀ।”—ਜ਼ਬੂਰਾਂ ਦੀ ਪੋਥੀ 37:10, 11; 72:12-14.
ਇਕ ਸ਼ਾਮ ਇਕ ਨਾਜ਼ੁਕ ਸਥਿਤੀ ਉਦੋਂ ਪੈਦਾ ਹੋ ਗਈ ਜਦੋਂ ਮਾਈਕਲ ਆਈ. ਆਰ. ਏ ਦੇ ਆਪਣੇ ਕਮਾਨਡਿੰਗ ਅਫ਼ਸਰ ਨੂੰ ਮਿਲਿਆ, ਜਿਸ ਨੇ ਉਸ ਨੂੰ ਕਿਹਾ, “ਸਾਡੇ ਕੋਲ ਤੇਰੇ ਲਈ ਇਕ ਕੰਮ ਹੈ।” “ਮੈਂ ਮਹਿਸੂਸ ਕੀਤਾ ਕਿ ਮੈਨੂੰ ਉਸੇ ਵੇਲੇ ਹੀ ਚੋਣ ਕਰਨੀ ਪੈਣੀ ਸੀ,” ਮਾਈਕਲ ਕਹਿੰਦਾ ਹੈ, “ਇਸ ਕਰਕੇ ਮੈਂ ਇਕ ਲੰਬਾ ਸਾਹ ਲਿਆ ਅਤੇ ਕਿਹਾ, ‘ਮੈਂ ਹੁਣ ਇਕ ਯਹੋਵਾਹ ਦਾ ਗਵਾਹ ਹਾਂ,’ ਭਾਵੇਂ ਕਿ ਮੈਂ ਉਸ ਵੇਲੇ ਬਪਤਿਸਮਾ ਨਹੀਂ ਲਿਆ ਸੀ। ਪਰ ਮੈਂ ਇੰਨਾ ਜ਼ਰੂਰ ਜਾਣਦਾ ਸੀ ਕਿ ਮੈਂ ਇਕ ਯਹੋਵਾਹ ਦਾ ਸੇਵਕ ਬਣਨਾ ਚਾਹੁੰਦਾ ਸੀ।” ਕਮਾਨਡਿੰਗ ਅਫ਼ਸਰ ਨੇ ਜਵਾਬ ਦਿੱਤਾ, “ਤੈਨੂੰ ਤਾਂ ਕੰਧ ਸਾਮ੍ਹਣੇ ਖੜ੍ਹਾ ਕਰ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ।” ਮਾਈਕਲ ਨੇ ਇਸ ਧਮਕੀ ਦੇ ਬਾਵਜੂਦ ਆਈ. ਆਰ. ਏ ਛੱਡ ਦਿੱਤੀ। ਉਸ ਨੇ ਪਰਮੇਸ਼ੁਰ ਦੇ ਬਚਨਾਂ ਨੂੰ ਆਪਣੇ ਦਿਲ-ਦਿਮਾਗ਼ ਵਿਚ ਬਿਠਾਉਣ ਦੁਆਰਾ ਇਸ ਤਰ੍ਹਾਂ ਕਰਨ ਦੀ ਹਿੰਮਤ ਹਾਸਲ ਕੀਤੀ। “ਸਮਾਂ ਪੈਣ ਤੇ ਮੇਰੀ ਪਤਨੀ ਅਤੇ ਮੇਰੇ ਕੁਝ ਬੱਚਿਆਂ ਨੇ ਵੀ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ। ਹੁਣ ਸਾਡੇ ਦਿਲਾਂ ਨੂੰ ਸੱਚੀ ਸ਼ਾਂਤੀ ਮਿਲੀ ਹੈ। ਅਤੇ ਅਸੀਂ ਹਮੇਸ਼ਾ ਯਹੋਵਾਹ ਦੇ ਧੰਨਵਾਦੀ ਰਹਾਂਗੇ ਕਿ ਉਸ ਨੇ ਸਾਨੂੰ ਸੱਚਾਈ ਸਿੱਖਣ ਦਾ ਅਤੇ ਇਕ ਗੜਬੜੀ ਭਰੇ ਦੇਸ਼ ਵਿਚ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਸੁਣਾਉਣ ਦਾ ਮੌਕਾ ਦਿੱਤਾ।”—ਜ਼ਬੂਰਾਂ ਦੀ ਪੋਥੀ 34:14; 119:165.
ਨਿਰਪੱਖ ਰਹਿਣਾ ਹੀ ਅਸਲੀ ਸੁਰੱਖਿਆ ਹੈ
“ਮੈਂ ਉੱਤਰੀ ਆਇਰਲੈਂਡ ਵਿਚ ਕਾਉਂਟੀ ਡੈਰੀ ਦੇ ਪੇਂਡੂ ਇਲਾਕੇ ਵਿਚ ਵੱਡਾ ਹੋਇਆ,” ਪੈਟਰਿਕ ਕਹਿੰਦਾ ਹੈ। “ਬਚਪਨ ਤੋਂ ਹੀ ਮੈਂ ਪ੍ਰੋਟੈਸਟੈਂਟਾਂ ਅਤੇ ਕੈਥੋਲਿਕਾਂ ਵਿਚਕਾਰ ਲੜਾਈ-ਝਗੜੇ ਦੇਖੇ ਸਨ, ਜਿਸ ਕਰਕੇ ਇਸ ਮਾਹੌਲ ਨੇ ਸਪੱਸ਼ਟ ਤੌਰ ਤੇ ਮੇਰੇ ਨਜ਼ਰੀਏ ਅਤੇ ਮੇਰੀ ਸੋਚਣੀ ਨੂੰ ਪ੍ਰਭਾਵਿਤ ਕੀਤਾ।” ਪੈਟਰਿਕ ਨੇ ਰਾਸ਼ਟਰਵਾਦ ਅਤੇ ਡੂੰਘੀਆਂ ਬ੍ਰਿਟਿਸ਼-ਵਿਰੋਧੀ ਭਾਵਨਾਵਾਂ ਦੇ ਅਸਰ ਹੇਠ ਆ ਕੇ ਅੱਤਵਾਦੀ ਵਿਚਾਰਾਂ ਨੂੰ ਅਪਣਾ ਲਿਆ। ਉਸ ਨੇ ਦੋਹਾਂ ਧਿਰਾਂ ਦੇ ਧਾਰਮਿਕ ਲੋਕਾਂ ਨੂੰ ਇਸ ਰਾਜਨੀਤਿਕ ਜੱਦੋ-ਜਹਿਦ ਵਿਚ ਬੁਨਿਆਦੀ ਮਸੀਹੀ ਸਿਧਾਂਤਾਂ ਦੀ ਤੇ ਨਾਲ ਹੀ ਨਾਲ ਇਨਸਾਨੀਅਤ ਦੀ ਵੀ ਉਲੰਘਣਾ ਕਰਦੇ ਹੋਏ ਦੇਖਿਆ। ਸਿੱਟੇ ਵਜੋਂ, ਉਸ ਨੇ ਧਰਮ ਨੂੰ ਮੰਨਣਾ ਛੱਡ ਦਿੱਤਾ ਤੇ ਆਖ਼ਰਕਾਰ ਉਹ ਨਾਸਤਿਕ ਅਤੇ ਇਕ ਪੱਕਾ ਮਾਰਕਸਵਾਦੀ ਬਣ ਗਿਆ।—ਮੱਤੀ 15:7-9; 23:27, 28 ਦੀ ਤੁਲਨਾ ਕਰੋ।
“ਉੱਤਰੀ ਆਇਰਲੈਂਡ ਦੇ ਗਣਤੰਤਰਵਾਦੀ ਕੈਦੀਆਂ ਦੁਆਰਾ ਕੀਤੀਆਂ ਗਈਆਂ ਭੁੱਖ-ਹੜਤਾਲਾਂ ਹੀ ਮੇਰੀਆਂ ਕੁਝ ਪਹਿਲੀਆਂ ਯਾਦਾਂ ਹਨ,” ਪੈਟਰਿਕ ਕਹਿੰਦਾ ਹੈ। “ਇਨ੍ਹਾਂ ਨੇ ਮੈਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕੀਤਾ। ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਹਰ ਥਾਂ ਤੇ ਆਇਰਿਸ਼ ਝੰਡੇ ਗੱਡਿਆ ਕਰਦਾ ਸੀ ਅਤੇ ਜਿੱਥੇ ਕਿਤੇ ਮੈਂ ਲਿਖ ਸਕਦਾ ਸੀ ਉੱਥੇ ਕੰਧਾਂ ਉੱਤੇ ਅੰਗ੍ਰੇਜ਼ਾਂ ਦੇ ਖ਼ਿਲਾਫ਼ ਨਾਅਰੇ ਲਿਖਦਾ ਹੁੰਦਾ ਸੀ। ਸਿਰਫ਼ 15 ਸਾਲ ਦੀ ਉਮਰ ਵਿਚ, ਮੈਂ ਭੁੱਖ-ਹੜਤਾਲ ਕਰਨ ਵਾਲੇ ਇਕ ਵਿਅਕਤੀ ਦੇ ਅੰਤਿਮ-ਸੰਸਕਾਰ ਦਾ ਪ੍ਰਬੰਧਕ ਬਣਿਆ ਜਿਸ ਦੀ ਜੇਲ੍ਹ ਵਿਚ ਮੌਤ ਹੋ ਗਈ ਸੀ।” ਬਹੁਤਿਆਂ ਵਾਂਗ ਜੋ ਉਸ ਸਮੇਂ ਦੀ ਗੜਬੜੀ ਅਤੇ ਉਲਝਣ ਵਿਚ ਫਸੇ ਹੋਏ ਸਨ, ਪੈਟਰਿਕ ਨੇ ਵੀ ਸਮਾਜਕ ਨਿਆਂ ਅਤੇ ਬਰਾਬਰ ਦਾ ਹੱਕ ਹਾਸਲ ਕਰਨ ਦੀ ਕੋਸ਼ਿਸ਼ ਵਿਚ ਦੰਗਿਆਂ ਤੇ ਰੋਸ-ਪ੍ਰਗਟਾਉ ਜਲੂਸਾਂ ਵਿਚ ਹਿੱਸਾ ਲਿਆ। ਉਸ ਨੇ ਕਈ ਕੱਟੜ ਰਾਸ਼ਟਰਵਾਦੀਆਂ ਨਾਲ ਪੱਕੀ ਦੋਸਤੀ ਕਰ ਲਈ, ਜਿਨ੍ਹਾਂ ਵਿੱਚੋਂ ਕਈ ਬ੍ਰਿਟਿਸ਼ ਅਧਿਕਾਰੀਆਂ ਵੱਲੋਂ ਕੈਦ ਕੀਤੇ ਗਏ ਸਨ।
“ਫਿਰ,” ਪੈਟਰਿਕ ਕਹਿੰਦਾ ਹੈ, “ਨੌਕਰੀ ਕਰਨ ਲਈ ਮੈਂ ਕੁਝ ਸਮਾਂ ਇੰਗਲੈਂਡ ਵਿਚ ਬਿਤਾਇਆ। ਜਦੋਂ ਮੈਂ ਉੱਥੇ ਸੀ, ਤਾਂ ਬ੍ਰਿਟਿਸ਼ ਪੁਲਸ ਨੇ ਮੇਰੇ ਇਕ ਦੋਸਤ ਨੂੰ ਗਿਰਫ਼ਤਾਰ ਕਰ ਲਿਆ ਜੋ ਕਿ ਬੰਬ ਲਗਾਉਣ ਦੇ ਮਿਸ਼ਨ ਉੱਤੇ ਆਇਆ ਹੋਇਆ ਸੀ।” ਭਾਵੇਂ ਕਿ ਪੈਟਰਿਕ ਆਇਰਲੈਂਡ ਦੇ ਬਰਤਾਨੀਆ ਤੋਂ ਆਜ਼ਾਦ ਹੋਣ ਦੇ ਪੱਖ ਵਿਚ ਸੀ, ਪਰ ਹੌਲੀ-ਹੌਲੀ ਉਸ ਦਾ ਰਵੱਈਆ ਬਦਲਣਾ ਸ਼ੁਰੂ ਹੋ ਗਿਆ। ਉਸ ਨੇ ਦੇਖਿਆ ਕਿ ਅੰਗ੍ਰੇਜ਼ਾਂ ਨਾਲ ਦੁਸ਼ਮਣੀ ਰੱਖਣੀ ਬੇਬੁਨਿਆਦ ਸੀ। ਉਹ ਕਹਿੰਦਾ ਹੈ, “ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਪੈਰਾ-ਮਿਲਟਰੀ ਕਾਰਵਾਈਆਂ ਕਦੇ ਵੀ ਸਮੱਸਿਆਵਾਂ ਨੂੰ ਨਹੀਂ ਸੁਲਝਾ ਸਕਦੀਆਂ ਅਤੇ ਨਾ ਹੀ ਉਨ੍ਹਾਂ ਬੇਇਨਸਾਫ਼ੀਆਂ ਨੂੰ ਖ਼ਤਮ ਕਰ ਸਕਦੀਆਂ ਜਿਨ੍ਹਾਂ ਨੇ ਮੈਨੂੰ ਦੁਖੀ ਕੀਤਾ ਸੀ। ਜਿਹੜੇ ਵਿਅਕਤੀ ਪੈਰਾ-ਮਿਲਟਰੀ ਸੰਗਠਨਾਂ ਨੂੰ ਚਲਾਉਂਦੇ ਸਨ ਉਨ੍ਹਾਂ ਵਿਚ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਅਤੇ ਦੂਸਰੀਆਂ ਊਣਤਾਈਆਂ ਪਾਈਆਂ ਜਾਂਦੀਆਂ ਸਨ।”—ਉਪਦੇਸ਼ਕ ਦੀ ਪੋਥੀ 4:1; ਯਿਰਮਿਯਾਹ 10:23.
ਆਖ਼ਰਕਾਰ ਪੈਟਰਿਕ ਉੱਤਰੀ ਆਇਰਲੈਂਡ ਵਾਪਸ ਪਰਤ ਆਇਆ। “ਜਦੋਂ ਮੈਂ ਵਾਪਸ ਆਇਆ, ਤਾਂ ਮੇਰੇ ਇਕ ਦੋਸਤ ਨੇ ਮੈਨੂੰ ਯਹੋਵਾਹ ਦੇ ਗਵਾਹਾਂ ਨਾਲ ਮਿਲਾਇਆ।” ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰ ਕੇ ਪੈਟਰਿਕ ਨੇ ਇਨਸਾਨੀ ਲੜਾਈ-ਝਗੜਿਆਂ ਅਤੇ ਮਤ-ਭੇਦਾਂ ਦੇ ਅਸਲੀ ਹੱਲ ਬਾਰੇ ਸਿੱਖਿਆ। ਜਿਉਂ-ਜਿਉਂ ਬਾਈਬਲ ਸਿਧਾਂਤ ਉਸ ਦੇ ਦਿਲ ਅਤੇ ਦਿਮਾਗ਼ ਨੂੰ ਪ੍ਰਭਾਵਿਤ ਕਰਦੇ ਗਏ, ਤਿਉਂ-ਤਿਉਂ ਉਹ ਤੇਜ਼ੀ ਨਾਲ ਅਧਿਆਤਮਿਕ ਤਰੱਕੀ ਕਰਦਾ ਗਿਆ। (ਅਫ਼ਸੀਆਂ 4:20-24) ਉਹ ਕਹਿੰਦਾ ਹੈ, “ਮੌਜੂਦਾ ਸਮਾਜਕ ਅਤੇ ਰਾਜਨੀਤਿਕ ਵਿਵਸਥਾ ਨੂੰ ਬਦਲਣ ਦੀ ਬਜਾਇ, ਮੈਂ ਹੁਣ ਬਾਈਬਲ ਵਿਚ ਪਾਏ ਜਾਂਦੇ ਸ਼ਾਂਤੀ ਦੇ ਸੰਦੇਸ਼ ਦਾ ਪ੍ਰਚਾਰ ਕਰ ਰਿਹਾ ਹਾਂ, ਇੱਥੋਂ ਤਕ ਕਿ ਉਨ੍ਹਾਂ ਪ੍ਰੋਟੈਸਟੈਂਟ ਇਲਾਕਿਆਂ ਵਿਚ ਵੀ ਜਿੱਥੇ ਸ਼ਾਇਦ ਮੈਂ ਕਦੇ ਵੀ ਨਾ ਜਾਂਦਾ। ਦਰਅਸਲ, ਇਕ ਸਮੇਂ ਜਦੋਂ ਬੇਲਫ਼ਾਸਟ ਵਿਚ ਫ਼ਿਰਕੂ ਧੜਿਆਂ ਵੱਲੋਂ ਬਹੁਤ ਜ਼ਿਆਦਾ ਕਤਲਾਮ ਹੋ ਰਹੇ ਸਨ, ਤਾਂ ਸਿਰਫ਼ ਯਹੋਵਾਹ ਦੇ ਗਵਾਹ ਹੀ ਬਿਨਾਂ ਬਕਤਰਬੰਦ ਕਾਰਾਂ ਦੇ ਕੈਥੋਲਿਕ ਅਤੇ ਪ੍ਰੋਟੈਸਟੈਂਟ ਦੋਵੇਂ ਇਲਾਕਿਆਂ ਵਿਚ ਬਿਨਾਂ ਰੋਕ-ਟੋਕ ਦੇ ਆ ਜਾ ਸਕਦੇ ਸਨ।” ਉੱਤਰੀ ਆਇਰਲੈਂਡ ਵਿਚ ਦੂਸਰੇ ਗਵਾਹਾਂ ਦੀ ਤਰ੍ਹਾਂ, ਉਸ ਨੇ ਵੀ ਦੇਖਿਆ ਕਿ ਮੁਢਲੇ ਮਸੀਹੀਆਂ ਵਾਂਗ ਨਿਰਪੱਖ ਰਹਿਣਾ ਹੀ ਅਸਲੀ ਸੁਰੱਖਿਆ ਹੈ। (ਯੂਹੰਨਾ 17:16; 18:36) ਆਖ਼ਰ ਵਿਚ ਉਹ ਕਹਿੰਦਾ ਹੈ: “ਇਹ ਦੇਖ ਕੇ ਕਿੰਨੀ ਰਾਹਤ ਮਿਲਦੀ ਹੈ ਕਿ ਯਹੋਵਾਹ ਯਿਸੂ ਮਸੀਹ ਦੇ ਰਾਹੀਂ ਸਾਰੇ ਇਨਸਾਨਾਂ ਨੂੰ ਸੱਚਾ ਨਿਆਂ ਅਤੇ ਅਤਿਆਚਾਰ ਤੋਂ ਆਜ਼ਾਦੀ ਦਿਲਾਵੇਗਾ।”—ਯਸਾਯਾਹ 32:1, 16-18.
“ਮੇਰੀਆਂ ਬੰਦੂਕਾਂ ਹੀ ਮੇਰੀ ਸੁਰੱਖਿਆ ਸਨ”
“ਮੈਂ ਪ੍ਰੋਟੈਸਟੈਂਟ ਪਰਿਵਾਰ ਵਿਚ ਵੱਡਾ ਹੋਇਆ,” ਵਿਲਿਅਮ ਕਹਿੰਦਾ ਹੈ। “ਬਾਕੀ ਪ੍ਰੋਟੈਸਟੈਂਟਾਂ ਵਾਂਗ ਮੈਂ ਵੀ ਕੈਥੋਲਿਕਾਂ ਨਾਲ ਬਹੁਤ ਨਫ਼ਰਤ ਕਰਦਾ ਸੀ। ਜੇ ਜ਼ਰੂਰੀ ਨਾ ਹੋਵੇ, ਤਾਂ ਮੈਂ ਇਕ ਕੈਥੋਲਿਕ ਦੁਕਾਨ ਵਿਚ ਨਹੀਂ ਜਾਂਦਾ ਸੀ ਅਤੇ ਮੈਂ ਸਿਰਫ਼ ਇਕ ਵਾਰ ਹੀ ਆਇਰਲੈਂਡ ਦੇ ਗਣਰਾਜ ਵਿਚ ਗਿਆ ਸੀ। ਮੈਂ ਵੱਖੋ-ਵੱਖਰੇ ਪ੍ਰੋਟੈਸਟੈਂਟ ਗਰੁੱਪਾਂ ਅਤੇ ਸੰਸਥਾਵਾਂ ਵਿਚ ਸ਼ਾਮਲ ਹੋਇਆ, ਜਿਵੇਂ ਕਿ ਔਰਿੰਜ ਆਰਡਰ—ਇਕ ਅਜਿਹੀ ਸੰਸਥਾ ਜੋ ਪ੍ਰੋਟੈਸਟੈਂਟ ਧਰਮ ਅਤੇ ਪ੍ਰੋਟੈਸਟੈਂਟ ਰਹਿਣੀ-ਬਹਿਣੀ ਨੂੰ ਬਚਾਉਣ ਲਈ ਸਮਰਪਿਤ ਸੀ।” ਵਿਲਿਅਮ 22 ਸਾਲਾਂ ਦੀ ਉਮਰ ਵਿਚ ਹੀ ਅਲਸਟਰ ਡਿਫੈਨਸ ਰੈਜੀਮੈਂਟ ਵਿਚ ਭਰਤੀ ਹੋ ਗਿਆ, ਜੋ ਕਿ ਬ੍ਰਿਟਿਸ਼ ਫ਼ੌਜ ਦਾ ਹੀ ਹਿੱਸਾ ਸੀ ਅਤੇ ਸਥਾਨਕ ਫ਼ੌਜੀਆਂ ਨਾਲ ਬਣਿਆ ਸੀ। ਇਸ ਦੇ ਜ਼ਿਆਦਾਤਰ ਮੈਂਬਰ ਪ੍ਰੋਟੈਸਟੈਂਟ ਸਨ। ਉਹ ਆਪਣੇ ਵਿਰਸੇ ਨੂੰ ਬਚਾਉਣ ਲਈ ਕਿਸੇ ਦਾ ਵੀ ਕਤਲ ਕਰਨ ਲਈ ਤਿਆਰ ਸੀ। “ਮੇਰੇ ਕੋਲ ਕਈ ਬੰਦੂਕਾਂ ਸਨ ਅਤੇ ਲੋੜ ਪੈਣ ਤੇ ਮੈਂ ਉਨ੍ਹਾਂ ਨੂੰ ਜ਼ਰੂਰ ਇਸਤੇਮਾਲ ਕਰਦਾ। ਰਾਤ ਨੂੰ ਮੈਂ ਇਕ ਬੰਦੂਕ ਆਪਣੇ ਸਿਰ੍ਹਾਣੇ ਥੱਲੇ ਰੱਖਦਾ ਸੀ।”
ਪਰ ਮੇਰੀ ਜ਼ਿੰਦਗੀ ਵਿਚ ਇਕ ਮਹੱਤਵਪੂਰਣ ਮੋੜ ਆਇਆ। “ਜਦੋਂ ਮੈਂ ਯਹੋਵਾਹ ਦੇ ਇਕ ਗਵਾਹ ਨਾਲ ਇਕ ਪੁਰਾਣੇ ਘਰ ਦੀ ਮੁਰੰਮਤ ਕਰ ਰਿਹਾ ਸੀ, ਤਾਂ ਉਦੋਂ ਮੈਨੂੰ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਯਹੋਵਾਹ ਦੇ ਗਵਾਹਾਂ ਵਿਚ ਜ਼ਰੂਰ ਕੋਈ ਖ਼ਾਸ ਗੱਲ ਹੈ। ਇਸ ਸੰਗੀ ਕਾਮੇ ਨੇ ਮੇਰੇ ਉੱਤੇ ਡੂੰਘਾ ਅਸਰ ਪਾਇਆ। ਜਦੋਂ ਅਸੀਂ ਇਕੱਠਿਆਂ ਨੇ ਘਰ ਬਣਾਇਆ, ਤਾਂ ਮੈਂ ਉਸ ਨੂੰ ਕੈਥੋਲਿਕ ਅਤੇ ਪ੍ਰੋਟੈਸਟੈਂਟਾਂ ਵਿਚਕਾਰਲੇ ਲੜਾਈ-ਝਗੜਿਆਂ ਬਾਰੇ, ਧਰਮ ਬਾਰੇ ਅਤੇ ਪਰਮੇਸ਼ੁਰ ਬਾਰੇ ਬਹੁਤ ਸਾਰੇ ਸਵਾਲ ਪੁੱਛੇ ਜਿਨ੍ਹਾਂ ਨੇ ਮੈਨੂੰ ਪਰੇਸ਼ਾਨ ਕੀਤਾ ਹੋਇਆ ਸੀ। ਉਸ ਦੇ ਸਰਲ, ਸਪੱਸ਼ਟ ਜਵਾਬਾਂ ਨੇ ਮੇਰੀ ਇਹ ਦੇਖਣ ਵਿਚ ਮਦਦ ਕੀਤੀ ਕਿ ਅਸਲ ਵਿਚ ਯਹੋਵਾਹ ਦੇ ਗਵਾਹ ਕਿਸ ਤਰ੍ਹਾਂ ਦੇ ਲੋਕ ਹਨ—ਉਹ ਇਕਜੁੱਟ, ਅਹਿੰਸਾਵਾਦੀ ਅਤੇ ਰਾਜਨੀਤਿਕ ਤੌਰ ਤੇ ਨਿਰਪੱਖ ਲੋਕ ਹਨ, ਜੋ ਪਰਮੇਸ਼ੁਰ ਅਤੇ ਗੁਆਂਢੀ ਨੂੰ ਪ੍ਰੇਮ ਕਰਦੇ ਹਨ।”—ਯੂਹੰਨਾ 13:34, 35.
ਬਾਈਬਲ ਅਧਿਐਨ ਸ਼ੁਰੂ ਕਰਨ ਦੇ ਚਾਰ ਮਹੀਨਿਆਂ ਦੇ ਵਿਚ-ਵਿਚ ਹੀ ਵਿਲਿਅਮ ਦਾ ਜਿਨ੍ਹਾਂ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨਾਲ ਸੰਬੰਧ ਸੀ ਉਸ ਨੇ ਉਨ੍ਹਾਂ ਸਾਰਿਆਂ ਨੂੰ ਛੱਡ ਦਿੱਤਾ। ਉਹ ਯਾਦ ਕਰਦਾ ਹੈ, “ਮੇਰੇ ਲਈ ਇਹ ਕਦਮ ਚੁੱਕਣਾ ਮਹੱਤਵਪੂਰਣ ਇਸ ਕਰਕੇ ਸੀ ਕਿਉਂਕਿ ਜਿਹੜੇ ਪੁਰਾਣੇ ਰੀਤੀ-ਰਿਵਾਜ ਮੈਨੂੰ ਬਹੁਤ ਅਜ਼ੀਜ਼ ਸਨ, ਉਹ ਸਾਰੇ ਮੈਨੂੰ ਛੱਡਣੇ ਪਏ ਸਨ।” ਪਰ ਉਸ ਉੱਤੇ ਸਭ ਤੋਂ ਵੱਡਾ ਪਰਤਾਵਾ ਅਜੇ ਆਉਣਾ ਸੀ। “ਉੱਤਰੀ ਆਇਰਲੈਂਡ ਦੇ ਹਾਲਾਤਾਂ ਨੂੰ ਦੇਖ ਕੇ ਮੈਂ ਮਹਿਸੂਸ ਕੀਤਾ ਕਿ ਮੇਰੀਆਂ ਬੰਦੂਕਾਂ ਹੀ ਮੇਰੀ ਸੁਰੱਖਿਆ ਸਨ। ਆਈ. ਆਰ. ਏ ਦੇ ਪੈਰਾ-ਮਿਲਟਰੀ ਮੈਨੂੰ ਆਪਣਾ ‘ਖ਼ਾਸ ਨਿਸ਼ਾਨਾ’ ਵਿਚਾਰਦੇ ਸਨ। ਇਸ ਕਰਕੇ ਇਨ੍ਹਾਂ ਹਥਿਆਰਾਂ ਨੂੰ ਛੱਡਣਾ ਮੇਰੇ ਲਈ ਬਹੁਤ ਮੁਸ਼ਕਲ ਸੀ।” ਪਰ ਹੌਲੀ-ਹੌਲੀ ਯਸਾਯਾਹ 2:2-4 ਵਿਚ ਪਾਈ ਜਾਂਦੀ ਬਾਈਬਲ ਦੀ ਸਲਾਹ ਨੇ ਉਸ ਦੇ ਨਜ਼ਰੀਏ ਨੂੰ ਬਦਲ ਦਿੱਤਾ। ਉਸ ਨੇ ਦੇਖਿਆ ਕਿ ਯਹੋਵਾਹ ਹੀ ਉਸ ਦੀ ਅਸਲੀ ਸੁਰੱਖਿਆ ਸੀ ਜਿਵੇਂ ਉਹ ਪਹਿਲੀ ਸਦੀ ਦੇ ਮਸੀਹੀਆਂ ਲਈ ਸੀ। ਤਦ ਵਿਲਿਅਮ ਨੇ ਆਪਣੀਆਂ ਬੰਦੂਕਾਂ ਸੁੱਟ ਦਿੱਤੀਆਂ।
“ਇਕ ਗੱਲ ਜਿਸ ਤੋਂ ਮੈਂ ਬਹੁਤ ਖ਼ੁਸ਼ ਹਾਂ,” ਵਿਲਿਅਮ ਕਹਿੰਦਾ ਹੈ, “ਉਹ ਇਹ ਹੈ ਕਿ ਹੁਣ ਮੇਰੀ ਉਨ੍ਹਾਂ ਲੋਕਾਂ ਨਾਲ ਡੂੰਘੀ ਅਤੇ ਪੱਕੀ ਦੋਸਤੀ ਹੈ ਜਿਨ੍ਹਾਂ ਨੂੰ ਪਹਿਲਾਂ ਕਦੇ ਮੈਂ ਆਪਣੇ ਜਾਨੀ ਦੁਸ਼ਮਣ ਸਮਝਦਾ ਸੀ। ਨਾਲੇ, ਜਿਹੜੀਆਂ ਥਾਵਾਂ ਮੇਰੇ ਲਈ ਪਹਿਲਾਂ ਵਰਜਿਤ ਸਨ, ਹੁਣ ਉੱਥੇ ਜਾ ਕੇ ਲੋਕਾਂ ਨੂੰ ਬਾਈਬਲ ਵਿੱਚੋਂ ਅਸਲੀ ਉਮੀਦ ਦਾ ਸੰਦੇਸ਼ ਦੇਣਾ ਸੱਚ-ਮੁੱਚ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ। ਜਦੋਂ ਮੈਂ ਇਹ ਸੋਚਦਾ ਹਾਂ ਕਿ ਸੱਚਾਈ ਨੇ ਮੇਰੇ ਲਈ ਅਤੇ ਮੇਰੇ ਪਰਿਵਾਰ ਲਈ ਕਿੰਨਾ ਕੁਝ ਕੀਤਾ ਹੈ, ਤਾਂ ਉਸ ਵੇਲੇ ਮੈਂ ਯਹੋਵਾਹ ਅਤੇ ਉਸ ਦੇ ਸੰਗਠਨ ਦਾ ਦਿਲੋਂ ਧੰਨਵਾਦ ਕਰਦਾ ਹਾਂ।”
“ਮੈਨੂੰ ਇਹ ਗੱਲਾਂ ਬੇਤੁਕੀਆਂ ਲੱਗਦੀਆਂ ਸਨ”
ਰਾਬਰਟ ਅਤੇ ਟਰੀਜ਼ਾ ਦਾ ਪਿਛੋਕੜ ਬਿਲਕੁਲ ਵੱਖੋ-ਵੱਖਰਾ ਸੀ। “ਮੈਂ ਕੱਟੜ ਪ੍ਰੋਟੈਸਟੈਂਟ ਪਰਿਵਾਰ ਤੋਂ ਹਾਂ,” ਰਾਬਰਟ ਕਹਿੰਦਾ ਹੈ। “ਮੇਰੇ ਕੁਝ ਰਿਸ਼ਤੇਦਾਰ ਪੈਰਾ-ਮਿਲਟਰੀ ਸਰਗਰਮੀਆਂ ਵਿਚ ਹਿੱਸਾ ਲੈਂਦੇ ਸਨ। ਮੈਂ ਖ਼ੁਦ 19 ਸਾਲ ਦੀ ਉਮਰ ਵਿਚ ਬ੍ਰਿਟਿਸ਼ ਫ਼ੌਜ ਦੀ ਅਲਸਟਰ ਡਿਫੈਨਸ ਰੈਜੀਮੈਂਟ ਵਿਚ ਭਰਤੀ ਹੋ ਗਿਆ। ਮੈਂ ਜ਼ਿਆਦਾਤਰ ਸਮਾਂ ਉਸ ਇਲਾਕੇ ਵਿਚ ਗਸ਼ਤ ਕਰਦਾ ਸੀ ਜਿੱਥੇ ਟਰੀਜ਼ਾ ਰਹਿੰਦੀ ਸੀ। ਇਕ ਰਾਤ ਮੈਨੂੰ ਉਸ ਕੰਮ ਤੋਂ ਹਟਾ ਕੇ ਦੂਸਰੇ ਕੰਮ ਤੇ ਭੇਜ ਦਿੱਤਾ ਗਿਆ। ਉਸ ਰਾਤ ਜਿਸ ਕਾਰ ਵਿਚ ਮੈਂ ਗਸ਼ਤ ਕਰਨੀ ਸੀ ਉਸ ਨੂੰ ਬੰਬ ਨਾਲ ਉਡਾ ਦਿੱਤਾ ਗਿਆ। ਦੋ ਸਿਪਾਹੀ ਮਾਰੇ ਗਏ ਅਤੇ ਦੋ ਜ਼ਖ਼ਮੀ ਹੋ ਗਏ।”
ਫਿਰ ਰਾਬਰਟ ਨੇ ਜ਼ਿੰਦਗੀ ਦੇ ਮਕਸਦ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। “ਮੈਂ ਹਮੇਸ਼ਾ ਪਰਮੇਸ਼ੁਰ ਵਿਚ ਵਿਸ਼ਵਾਸ ਕਰਦਾ ਸੀ, ਪਰ ਜਦੋਂ ਮੈਂ ਉੱਤਰੀ ਆਇਰਲੈਂਡ ਦੇ ਗੜਬੜੀ ਭਰੇ ਹਾਲਾਤਾਂ ਨੂੰ ਦੇਖਦਾ ਸੀ, ਤਾਂ ਮੈਨੂੰ ਇਹ ਗੱਲਾਂ ਬੇਤੁਕੀਆਂ ਲੱਗਦੀਆਂ ਸਨ। ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ। ਮੈਂ ਪਰਮੇਸ਼ੁਰ ਨੂੰ ਬੇਨਤੀ ਕੀਤੀ ਕਿ ਜੇਕਰ ਉਹ ਸੱਚ-ਮੁੱਚ ਹੋਂਦ ਵਿਚ ਹੈ, ਤਾਂ ਮੈਨੂੰ ਆਪਣੀ ਜ਼ਿੰਦਗੀ ਜੀਉਣ ਦਾ ਸਹੀ ਰਾਹ ਦਿਖਾਵੇ। ਮੈਨੂੰ ਯਾਦ ਹੈ ਕਿ ਮੈਂ ਪਰਮੇਸ਼ੁਰ ਨੂੰ ਕਿਹਾ ਸੀ ਕਿ ਕਿਤੇ ਤਾਂ ਇਕ ਸੱਚਾ ਧਰਮ ਜ਼ਰੂਰ ਹੋਣਾ ਚਾਹੀਦਾ ਹੈ!” ਕੁਝ ਹੀ ਦਿਨਾਂ ਬਾਅਦ, ਇਕ ਯਹੋਵਾਹ ਦਾ ਗਵਾਹ ਰਾਬਰਟ ਦੇ ਘਰ ਆਇਆ ਅਤੇ ਕੁਝ ਸਾਹਿੱਤ ਛੱਡ ਗਿਆ। ਜਦੋਂ ਉਹ ਦੇਰ ਰਾਤ ਨੂੰ ਗਸ਼ਤ ਤੋਂ ਘਰ ਵਾਪਸ ਪਰਤਿਆ, ਤਾਂ ਰਾਬਰਟ ਨੇ ਇਸ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਸਵੇਰ ਦੇ ਪੰਜ ਵਜੇ ਤਕ ਪੜ੍ਹਦਾ ਰਿਹਾ। “ਮੈਂ ਫ਼ੌਰਨ ਸਮਝ ਗਿਆ ਕਿ ਇਹੀ ਸੱਚਾਈ ਹੈ,” ਉਹ ਕਹਿੰਦਾ ਹੈ, “ਅਤੇ ਮੈਂ ਦੇਖ ਸਕਦਾ ਸੀ ਕਿ ਹਰ ਗੱਲ ਦਾ ਜਵਾਬ ਬਾਈਬਲ ਵਿੱਚੋਂ ਦਿੱਤਾ ਜਾ ਰਿਹਾ ਸੀ।” (2 ਤਿਮੋਥਿਉਸ 3:16) ਉਸ ਨੇ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਥੋੜ੍ਹੇ ਹੀ ਸਮੇਂ ਵਿਚ ਉਸ ਨੇ ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤੀ।
‘ਗਵਾਹਾਂ ਨੇ ਹਮੇਸ਼ਾ ਸਾਨੂੰ ਬਾਈਬਲ ਵੱਲ ਨਿਰਦੇਸ਼ਿਤ ਕੀਤਾ’
ਦੂਜੇ ਪਾਸੇ ਟਰੀਜ਼ਾ ਕੈਥੋਲਿਕ ਪਿਛੋਕੜ ਤੋਂ ਸੀ ਜੋ ਆਇਰਲੈਂਡ ਦੇ ਬਰਤਾਨੀਆ ਤੋਂ ਆਜ਼ਾਦ ਹੋਣ ਦੇ ਪੱਖ ਵਿਚ ਸੀ। “ਨੌਜਵਾਨ ਕੁੜੀ ਵਜੋਂ, ਮੈਂ ਸ਼ਿਨ ਫ਼ੇਨb ਦੀ ਮੈਂਬਰ ਬਣ ਗਈ।” ਟਰੀਜ਼ਾ ਕਬੂਲ ਕਰਦੀ ਹੈ: “ਇਸ ਤਰ੍ਹਾਂ ਮੈਂ ਪੈਰਾ-ਮਿਲਟਰੀ ਕਾਰਵਾਈਆਂ ਦਾ ਸਮਰਥਨ ਕਰਨ ਲੱਗ ਪਈ। ਮੈਂ ਪੈਰਾ-ਮਿਲਟਰੀ ਲੜਾਈ ਲਈ ਫੰਡ ਇਕੱਠੇ ਕਰਨ ਵਿਚ ਮਦਦ ਕੀਤੀ। ਮੈਂ ਆਈ. ਆਰ. ਏ ਨੂੰ ਆਪਣੇ ਇਲਾਕੇ ਵਿਚ ਵਾਪਰ ਰਹੀਆਂ ਘਟਨਾਵਾਂ ਦੀ ਖ਼ਬਰ ਦਿੰਦੀ ਹੁੰਦੀ ਸੀ। ਮੈਂ ਦੰਗਿਆਂ ਵਿਚ ਹਿੱਸਾ ਲੈਂਦੀ ਸੀ ਤੇ ਪੁਲਸ ਅਤੇ ਗਸ਼ਤ ਕਰ ਰਹੀ ਫ਼ੌਜ ਉੱਤੇ ਪੱਥਰ ਸੁੱਟ ਕੇ ਹਮਲੇ ਵੀ ਕਰਦੀ ਸੀ।”
ਜਦੋਂ ਟਰੀਜ਼ਾ ਦੇ ਪਰਿਵਾਰ ਦੇ ਕੁਝ ਮੈਂਬਰ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨ ਲੱਗ ਪਏ, ਤਾਂ ਉਸ ਦੀ ਵੀ ਉਤਸੁਕਤਾ ਵਧ ਗਈ। ਪਰਮੇਸ਼ੁਰ ਦੇ ਬਚਨ ਨੇ ਉਸ ਉੱਤੇ ਡੂੰਘਾ ਅਸਰ ਪਾਇਆ। “ਗਵਾਹਾਂ ਨੇ ਹਮੇਸ਼ਾ ਸਾਨੂੰ ਸਵਾਲਾਂ ਦੇ ਜਵਾਬ ਲੱਭਣ ਲਈ ਬਾਈਬਲ ਵੱਲ ਨਿਰਦੇਸ਼ਿਤ ਕੀਤਾ,” ਉਹ ਕਹਿੰਦੀ ਹੈ। “ਦਾਨੀਏਲ 2:44 ਵਿਚ ਕੀਤਾ ਗਿਆ ਵਾਅਦਾ ਸੱਚ-ਮੁੱਚ ਅੱਖਾਂ ਖੋਲ੍ਹ ਦੇਣ ਵਾਲਾ ਸੀ। ਮੈਂ ਦੇਖਿਆ ਕਿ ਜਿਨ੍ਹਾਂ ਬੇਇਨਸਾਫ਼ੀਆਂ ਨੂੰ ਖ਼ਤਮ ਕਰਨ ਲਈ ਮੈਂ ਸੰਘਰਸ਼ ਕਰ ਰਹੀ ਸੀ, ਉਨ੍ਹਾਂ ਨੂੰ ਖ਼ਤਮ ਕਰਨ ਦਾ ਅਸਲੀ ਜ਼ਰੀਆ ਪਰਮੇਸ਼ੁਰ ਦਾ ਰਾਜ ਹੀ ਸੀ।” ਉਹ ਪੈਰਾ-ਮਿਲਟਰੀਆਂ ਦੁਆਰਾ ਕੀਤੇ ਜਾਂਦੇ ਅਤਿਆਚਾਰਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਣ ਲੱਗ ਪਈ। ਉਦਾਹਰਣ ਲਈ, ਟਰੀਜ਼ਾ ਇਹ ਨਾ ਸਮਝ ਸਕੀ ਕਿ ਇਕ ਹਮਦਰਦ ਅਤੇ ਸਾਊ ਇਨਸਾਨ ਕਿਵੇਂ ਅੱਤਵਾਦੀ ਕੰਮਾਂ ਦੀਆਂ ਖ਼ਬਰਾਂ ਸੁਣ ਕੇ ਖ਼ੁਸ਼ ਹੋ ਸਕਦਾ ਹੈ ਜਿਨ੍ਹਾਂ ਕਰਕੇ ਹਜ਼ਾਰਾਂ ਹੀ ਸਿਪਾਹੀ ਜਾਂ ਦੂਜੇ ਲੋਕ ਮਾਰੇ ਜਾਂਦੇ ਹਨ ਜਾਂ ਅਪਾਹਜ ਬਣ ਜਾਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਸੋਗ ਅਤੇ ਦੁੱਖ ਦੇ ਕਾਰਨ ਅੰਦਰੋਂ ਟੁੱਟ ਜਾਂਦੇ ਹਨ। ਆਖ਼ਰ ਟਰੀਜ਼ਾ ਬਾਈਬਲ ਵਿਚ ਦਿੱਤੀ ਸੱਚਾਈ ਤੋਂ ਪ੍ਰਭਾਵਿਤ ਹੋਈ ਅਤੇ ਉਸ ਨੇ ਵੀ ਆਪਣੀ ਸੋਚਣੀ ਨੂੰ ਪਰਮੇਸ਼ੁਰ ਦੇ ਸਿਧਾਂਤਾਂ ਅਨੁਸਾਰ ਢਾਲ਼ਿਆ। ਉਸ ਨੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਅਤੇ ਜਲਦੀ ਹੀ ਬਪਤਿਸਮਾ ਲੈ ਲਿਆ।—ਕਹਾਉਤਾਂ 2:1-5, 10-14.
ਟਰੀਜ਼ਾ ਰਾਬਰਟ ਨੂੰ ਉਦੋਂ ਮਿਲੀ ਜਦੋਂ ਉਹ ਦੋਵੇਂ ਉੱਤਰੀ ਆਇਰਲੈਂਡ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾ ਸਭਾਵਾਂ ਵਿਚ ਗਏ। ਉਸ ਨੇ ਟਿੱਪਣੀ ਕੀਤੀ: “ਜਦੋਂ ਮੈਂ ਪਹਿਲੀ ਵਾਰ ਰਾਬਰਟ ਨੂੰ ਮਿਲੀ, ਤਾਂ ਮੇਰੇ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੋ ਗਿਆ ਕਿ ਮੈਂ ਇਕ ਅਜਿਹੇ ਵਿਅਕਤੀ ਨਾਲ ਠੰਢੇ ਸੁਭਾਅ ਅਤੇ ਸ਼ਾਂਤੀ ਨਾਲ ਗੱਲ-ਬਾਤ ਕਰ ਰਹੀ ਸੀ ਜਿਸ ਨੂੰ ਥੋੜ੍ਹਾ ਸਮਾਂ ਪਹਿਲਾਂ ਮੈਂ ਬਰਤਾਨੀਆ ਦੀ ਰਾਜਨੀਤਿਕ ਅਤੇ ਫ਼ੌਜੀ ਵਿਵਸਥਾ ਦਾ ਭਾਗ ਸਮਝਦੀ ਸੀ। ਯਕੀਨਨ, ਪਰਮੇਸ਼ੁਰ ਦੇ ਬਚਨ ਨੇ ਡੂੰਘੀ ਨਫ਼ਰਤ ਅਤੇ ਦੁਸ਼ਮਣੀ ਨੂੰ ਮੇਰੇ ਦਿਲ ਵਿੱਚੋਂ ਕੱਢਣ ਵਿਚ ਮਦਦ ਕੀਤੀ।” ਉਸ ਨੇ ਅਤੇ ਰਾਬਰਟ ਨੇ ਦੇਖਿਆ ਕਿ ਅਲੱਗ-ਅਲੱਗ ਰੀਤੀ-ਰਿਵਾਜਾਂ ਅਤੇ ਸਭਿਆਚਾਰਾਂ ਦੇ ਕਾਰਨ ਪੈਦਾ ਹੋਈ ਨਫ਼ਰਤ ਅਤੇ ਦੁਸ਼ਮਣੀ ਕਰਕੇ ਅੱਡ ਹੋਣ ਦੀ ਬਜਾਇ, ਹੁਣ ਉਨ੍ਹਾਂ ਵਿਚ ਬਹੁਤ ਸਾਰੀਆਂ ਗੱਲਾਂ ਇੱਕੋ ਜਿਹੀਆਂ ਸਨ। ਇਨ੍ਹਾਂ ਵਿਚ ਸਭ ਤੋਂ ਤਾਕਤਵਰ ਗੱਲ ਯਹੋਵਾਹ ਪਰਮੇਸ਼ੁਰ ਲਈ ਪ੍ਰੇਮ ਸੀ। ਉਨ੍ਹਾਂ ਦਾ ਵਿਆਹ ਹੋ ਗਿਆ। ਹੁਣ ਉਹ ਇਕੱਠੇ ਮਿਲ ਕੇ ਇਸ ਗੜਬੜੀ ਭਰੇ ਦੇਸ਼ ਵਿਚ ਪਰਮੇਸ਼ੁਰ ਦੀ ਸੱਚੀ ਸ਼ਾਂਤੀ ਦਾ ਸੰਦੇਸ਼ ਹਰ ਤਰ੍ਹਾਂ ਦੇ ਪਿਛੋਕੜ ਦੇ ਅਤੇ ਅਲੱਗ-ਅਲੱਗ ਧਰਮ ਦੇ ਲੋਕਾਂ ਨੂੰ ਦੇ ਰਹੇ ਹਨ।
ਆਇਰਲੈਂਡ ਵਿਚ ਦੂਸਰਿਆਂ ਦੇ ਵੀ ਅਜਿਹੇ ਅਨੁਭਵ ਰਹੇ ਹਨ। ਪਰਮੇਸ਼ੁਰ ਦੇ ਪ੍ਰੇਰਿਤ ਬਚਨ ਦੀਆਂ ਸਿੱਖਿਆਵਾਂ ਨੂੰ ਸੁਣਨ ਅਤੇ ਸਵੀਕਾਰ ਕਰਨ ਦੁਆਰਾ, ਉਹ ਇਨਸਾਨਾਂ ਦੀ “ਫ਼ੈਲਸੂਫ਼ੀ ਅਤੇ ਲਾਗ ਲਪੇਟ” ਤੋਂ ਬਚਾਏ ਗਏ ਹਨ। (ਕੁਲੁੱਸੀਆਂ 2:8) ਹੁਣ ਉਹ ਬਾਈਬਲ ਵਿਚ ਦਰਜ ਕੀਤੇ ਗਏ ਪਰਮੇਸ਼ੁਰ ਦੇ ਵਾਅਦਿਆਂ ਵਿਚ ਆਪਣਾ ਪੂਰਾ ਭਰੋਸਾ ਰੱਖਦੇ ਹਨ। ਜਿਹੜੇ ਵਿਅਕਤੀ ਸੁਣਨਾ ਚਾਹੁੰਦੇ ਹਨ, ਉਹ ਉਨ੍ਹਾਂ ਸਾਰਿਆਂ ਨਾਲ ਇਕ ਸ਼ਾਂਤੀਪੂਰਣ ਭਵਿੱਖ ਦੀ ਉਮੀਦ ਨੂੰ ਸਾਂਝਾ ਕਰਕੇ ਖ਼ੁਸ਼ ਹੁੰਦੇ ਹਨ—ਅਜਿਹਾ ਭਵਿੱਖ ਜੋ ਫ਼ਿਰਕੂ ਅਤੇ ਦੂਸਰੀ ਤਰ੍ਹਾਂ ਦੀ ਹਿੰਸਾ ਤੋਂ ਬਿਲਕੁਲ ਮੁਕਤ ਹੋਵੇਗਾ।—ਯਸਾਯਾਹ 11:6-9.
[ਫੁਟਨੋਟ]
a ਨਾਂ ਬਦਲ ਦਿੱਤੇ ਗਏ ਹਨ।
b ਇਹ ਇਕ ਰਾਜਨੀਤਿਕ ਪਾਰਟੀ ਹੈ ਜੋ ਸਹਾਇਕ ਆਈ. ਆਰ. ਏ ਨਾਲ ਨਜ਼ਦੀਕੀ ਤੌਰ ਤੇ ਸੰਬੰਧਿਤ ਹੈ।
[ਸਫ਼ੇ 10 ਉੱਤੇ ਤਸਵੀਰਾਂ]
ਉੱਤਰੀ ਆਇਰਲੈਂਡ ਵਿਚ ਹਰ ਕਿਤੇ ਕੰਧਾਂ ਉੱਤੇ ਬਣਾਈਆਂ ਗਈਆਂ ਤਸਵੀਰਾਂ ਪੈਰਾ-ਮਿਲਟਰੀ ਕਾਰਵਾਈਆਂ ਦੀ ਵਡਿਆਈ ਕਰਦੀਆਂ ਹਨ