ਦੂਜਿਆਂ ਨੂੰ ਮਾਫ਼ ਕਿਉਂ ਕਰੀਏ?
“ਵਿਗਿਆਨੀਆਂ ਵੱਲੋਂ ਕੀਤੀ ਇਕ ਖੋਜ ਤੋਂ ਪਤਾ ਲੱਗਾ ਹੈ ਕਿ ਮਾਫ਼ੀ ਸਾਡੇ ਜਜ਼ਬਾਤਾਂ ਤੇ ਅਸਰ ਪਾਉਣ ਤੋਂ ਇਲਾਵਾ ਸਾਡੀ ਸਿਹਤ ਤੇ ਵੀ ਚੰਗਾ ਅਸਰ ਪਾ ਸਕਦੀ ਹੈ।” ਇਹ ਰਿਪੋਰਟ ਕੈਨੇਡਾ ਦੇ ਦ ਟੋਰੌਂਟੋ ਸਟਾਰ ਨਾਂ ਦੇ ਇਕ ਅਖ਼ਬਾਰ ਨੇ ਦਿੱਤੀ। ਪਰ, ਇਸ ਖੋਜ ਦੇ ਮੋਹਰੀ ਸਟੈਨਫੋਰਡ ਯੂਨੀਵਰਸਿਟੀ, ਅਮਰੀਕਾ ਦੇ ਇਕ ਪ੍ਰੋਫ਼ੈਸਰ ਕੌਰਲ ਥੋਰਸਨ ਦਾ ਕਹਿਣਾ ਹੈ ਕਿ “ਬਹੁਤ ਘੱਟ ਲੋਕ ਜਾਣਦੇ ਹਨ ਕਿ ਮਾਫ਼ੀ ਕੀ ਹੁੰਦੀ ਹੈ ਤੇ ਇਸ ਦੇ ਕੀ-ਕੀ ਫ਼ਾਇਦੇ ਹਨ।”
ਸੱਚੇ ਦਿਲੋਂ ਦੂਜਿਆਂ ਨੂੰ ਮਾਫ਼ ਕਰਨਾ ਮਸੀਹੀਅਤ ਦਾ ਇਕ ਜ਼ਰੂਰੀ ਹਿੱਸਾ ਹੈ। ਦ ਟੋਰੌਂਟੋ ਸਟਾਰ ਦੀ ਰਿਪੋਰਟ ਮੁਤਾਬਕ ਮਾਫ਼ੀ ਦਾ ਮਤਲਬ ਹੈ: “ਜਿਸ ਬੰਦੇ ਨੇ ਤੁਹਾਡੇ ਦਿਲ ਨੂੰ ਠੇਸ ਪਹੁੰਚਾਈ ਹੈ, ਉਸ ਪ੍ਰਤੀ ਆਪਣਾ ਸਾਰਾ ਗੁੱਸਾ-ਗਿਲਾ ਛੱਡ ਦੇਣਾ ਅਤੇ ਅਖ਼ੀਰ ਠੇਸ ਪਹੁੰਚਾਉਣ ਵਾਲੇ ਵਿਅਕਤੀ ਨਾਲ ਨਰਮਾਈ ਅਤੇ ਪਿਆਰ ਨਾਲ ਪੇਸ਼ ਆਉਣਾ।” ਮਾਫ਼ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਦੂਜਿਆਂ ਦੀਆਂ ਗ਼ਲਤੀਆਂ ਨੂੰ ਅੱਖੋਂ ਓਹਲੇ ਕਰੀ ਜਾਈਏ ਜਾਂ ਉਨ੍ਹਾਂ ਨੂੰ ਵਾਰ-ਵਾਰ ਬਖ਼ਸ਼ੀ ਜਾਈਏ। ਇਸ ਦਾ ਇਹ ਵੀ ਮਤਲਬ ਨਹੀਂ ਕਿ ਅਸੀਂ ਦੂਜਿਆਂ ਦੀਆਂ ਗ਼ਲਤੀਆਂ ਬਿਲਕੁਲ ਭੁਲਾ ਹੀ ਦਈਏ ਜਾਂ ਇਹ ਸੋਚ ਕੇ ਉਨ੍ਹਾਂ ਦੀਆਂ ਗ਼ਲਤੀਆਂ ਟਾਲ ਦੇਈਏ ਕਿ ਚਲੋ ਕੋਈ ਗੱਲ ਨਹੀਂ। ਮਾਫ਼ ਕਰਨ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਕਿਸੇ ਕੋਲੋਂ ਬੁਰਾ-ਭਲਾ ਸੁਣਦੇ ਹੀ ਜਾਈਏ। ਇਹ ਰਿਪੋਰਟ ਕਹਿੰਦੀ ਹੈ ਕਿ ਸੱਚੇ ਦਿਲੋਂ ਮਾਫ਼ ਕਰਨ ਦਾ ਮਤਲਬ ਹੈ: “ਸਾਰਾ ਗੁੱਸਾ-ਗਿਲਾ ਛੱਡ ਕੇ ਮਨ ਵਿਚ ਕੁਝ ਨਾ ਰੱਖਣਾ।”
ਖੋਜਕਾਰ ਕਹਿੰਦੇ ਹਨ ਕਿ ਮਾਫ਼ ਕਰਨ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਉੱਤੇ ਅਜੇ ਹੋਰ ਖੋਜ ਕਰਨ ਦੀ ਲੋੜ ਹੈ। ਪਰ, ਉਨ੍ਹਾਂ ਨੇ ਦੱਸਿਆ ਹੈ ਕਿ ਮਾਫ਼ ਕਰਨ ਦੇ ਹੋਰ ਵੀ ਕਈ ਫ਼ਾਇਦੇ ਹੁੰਦੇ ਹਨ ਜਿਵੇਂ “ਘੱਟ ਦਿਮਾਗ਼ੀ ਬੋਝ, ਘੱਟ ਚਿੰਤਾ ਅਤੇ ਘੱਟ ਨਿਰਾਸ਼ਾ।”
ਸਾਨੂੰ ਦੂਜਿਆਂ ਨੂੰ ਮਾਫ਼ ਕਿਉਂ ਕਰਨਾ ਚਾਹੀਦਾ ਹੈ, ਇਸ ਦਾ ਇਕ ਸਭ ਤੋਂ ਵਧੀਆ ਕਾਰਨ ਅਫ਼ਸੀਆਂ 4:32 ਵਿਚ ਦਿੱਤਾ ਗਿਆ ਹੈ ਜੋ ਇੰਜ ਕਹਿੰਦਾ ਹੈ: “ਤੁਸੀਂ ਇੱਕ ਦੂਜੇ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।” ਬਾਕੀ ਗੱਲਾਂ ਵਾਂਗ ਸਾਨੂੰ ਮਾਫ਼ ਕਰਨ ਦੇ ਮਾਮਲੇ ਵਿਚ ਵੀ ਪਰਮੇਸ਼ੁਰ ਦੀ ਰੀਸ ਕਰਨੀ ਚਾਹੀਦੀ ਹੈ।—ਅਫ਼ਸੀਆਂ 5:1.
ਜਦੋਂ ਕਿਸੇ ਨੂੰ ਮਾਫ਼ ਕੀਤਾ ਜਾ ਸਕਦਾ ਹੋਵੇ, ਪਰ ਅਸੀਂ ਮਾਫ਼ ਨਾ ਕਰੀਏ ਤਾਂ ਇੰਜ ਕਰਨ ਨਾਲ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਵਿਗੜ ਸਕਦਾ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਕ ਦੂਜੇ ਨੂੰ ਮਾਫ਼ ਕਰੀਏ। ਜੇ ਅਸੀਂ ਇੰਜ ਕਰਦੇ ਹਾਂ, ਤਾਂ ਹੀ ਅਸੀਂ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ ਕਹਿ ਸਕਦੇ ਹਾਂ ਕਿ ਉਹ ਸਾਡੀਆਂ ਗ਼ਲਤੀਆਂ ਨੂੰ ਮਾਫ਼ ਕਰੇ।—ਮੱਤੀ 6:14; ਮਰਕੁਸ 11:25; 1 ਯੂਹੰਨਾ 4:11.