“ਸੋਹਣੀ ਪਹਾੜੀ ਬੱਕਰੀ”
ਸਾਡੇ ਵਿੱਚੋਂ ਬਹੁਤ ਘੱਟ ਲੋਕ ਬੱਕਰੀ ਦੀ ਗੱਲ ਕਰਨ ਲੱਗਿਆਂ ਉਸ ਨੂੰ ਸੋਹਣੀ ਕਹਿਣਗੇ। ਅਸੀਂ ਸਾਰੇ ਜਾਣਦੇ ਹਾਂ ਕਿ ਬੱਕਰੀ ਇਕ ਲਾਹੇਵੰਦ ਜਾਨਵਰ ਹੈ ਜੋ ਕੋਈ ਵੀ ਚੀਜ਼ ਖਾਂ ਲੈਂਦੀ ਹੈ, ਤੇ ਸਾਨੂੰ ਸੁਆਦੀ ਮੀਟ ਅਤੇ ਪੌਸ਼ਟਿਕ ਦੁੱਧ ਦਿੰਦੀ ਹੈ। ਪਰ ਫੇਰ ਵੀ ਸਾਡੇ ਵਿੱਚੋਂ ਕੋਈ ਵੀ ਇਸ ਨੂੰ ਸੋਹਣੀ ਨਹੀਂ ਕਹੇਗਾ।
ਪਰ, ਬਾਈਬਲ ਵਿਚ ਇਕ ਪਤਨੀ ਦੀ ਤੁਲਨਾ “ਪਿਆਰੀ ਹਿਰਨੀ ਅਤੇ ਸੋਹਣੀ ਪਹਾੜੀ ਬੱਕਰੀ” ਨਾਲ ਕੀਤੀ ਗਈ ਹੈ। (ਕਹਾਉਤਾਂ 5:18, 19, ਨਿ ਵ) ਕਹਾਉਤਾਂ ਦੇ ਇਕ ਲਿਖਾਰੀ ਸੁਲੇਮਾਨ ਨੇ ਇਸਰਾਏਲ ਦੇ ਜੰਗਲੀ ਜਾਨਵਰਾਂ ਨੂੰ ਬੜੇ ਗਹੁ ਨਾਲ ਦੇਖਿਆ ਸੀ, ਇਸੇ ਲਈ ਉਸ ਨੇ ਸ਼ਾਇਦ ਇਹ ਉਦਾਹਰਣ ਇਸਤੇਮਾਲ ਕੀਤੀ। (1 ਰਾਜਿਆਂ 4:30-33) ਉਸ ਨੇ ਸ਼ਾਇਦ ਆਪਣੇ ਪਿਤਾ ਦਾਊਦ ਵਾਂਗ ਮ੍ਰਿਤ ਸਾਗਰ ਦੇ ਕੰਡਿਆਂ ਤੇ ਏਨ-ਗੱਦੀ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪਹਾੜੀ ਬੱਕਰੀਆਂ ਨੂੰ ਦੇਖਿਆ ਸੀ।
ਅੱਜ ਵੀ ਯਹੂਦਿਯਾ ਦੇ ਰੇਗਿਸਤਾਨ ਵਿਚ ਲਾਗੇ ਰਹਿਣ ਵਾਲੀਆਂ ਪਹਾੜੀ ਬੱਕਰੀਆਂ ਦੇ ਛੋਟੇ-ਛੋਟੇ ਝੁੰਡ ਏਨ-ਗੱਦੀ ਦੇ ਚਸ਼ਮੇ ਤੇ ਪਾਣੀ ਪੀਣ ਲਈ ਰੋਜ਼ ਆਉਂਦੇ ਹਨ। ਇਸ ਸੁੱਕੇ ਇਲਾਕੇ ਵਿਚ ਏਨ-ਗੱਦੀ ਵਿਚ ਹਮੇਸ਼ਾ ਪਾਣੀ ਰਹਿੰਦਾ ਹੈ, ਇਸ ਲਈ ਕਈਆਂ ਸਦੀਆਂ ਤੋਂ ਇਹ ਇਲਾਕਾ ਪਹਾੜੀ ਬੱਕਰੀਆਂ ਲਈ ਪਾਣੀ ਪੀਣ ਦੀ ਇਕ ਮਨਭਾਉਂਦੀ ਥਾਂ ਬਣਿਆ ਰਿਹਾ। ਸੰਭਵ ਹੈ ਕਿ ਏਨ-ਗੱਦੀ ਨਾਂ ਦਾ ਮਤਲਬ ਹੈ—“ਮੇਮਣੇ ਦਾ ਚਸ਼ਮਾ” ਜੋ ਇਸ ਗੱਲ ਦਾ ਸਬੂਤ ਹੈ ਕਿ ਅਕਸਰ ਇਸ ਇਲਾਕੇ ਵਿਚ ਮੇਮਣੇ ਪਾਣੀ ਪੀਣ ਆਉਂਦੇ ਸਨ। ਇੱਥੇ ਆ ਕੇ ਸ਼ਾਊਲ ਤੋਂ ਬਚਣ ਲਈ ਰਾਜਾ ਦਾਊਦ ਨੇ ਪਨਾਹ ਲਈ ਸੀ ਭਾਵੇਂ ਕਿ ਉਸ ਨੂੰ ਪਹਾੜੀ ਜਾਂ “ਜੰਗਲੀ ਬੱਕਰੀਆਂ ਦੇ ਟੇਕਰੇ” ਤੇ ਇਕ ਭਗੌੜੇ ਦੀ ਜ਼ਿੰਦਗੀ ਬਿਤਾਉਣੀ ਪਈ ਸੀ।—1 ਸਮੂਏਲ 24:1, 2.
ਏਨ-ਗੱਦੀ ਵਿਚ ਤੁਸੀਂ ਅਜੇ ਵੀ ਪਹਾੜੀ ਬੱਕਰੀ ਨੂੰ ਬੜੀ ਸੋਹਣੀ ਤਰ੍ਹਾਂ ਬੱਕਰੇ ਦੇ ਪਿੱਛੇ-ਪਿੱਛੇ ਤੁਰਦੀ ਦੇਖ ਸਕਦੇ ਹੋ ਜਿਉਂ ਹੀ ਉਹ ਦੋਨੋਂ ਪਹਾੜੀ ਖੱਡਾਂ ਵਿਚ ਪਾਣੀ ਵੱਲ ਜਾਂਦੇ ਹਨ। ਹੁਣ ਤੁਸੀਂ ਸਮਝ ਸਕਦੇ ਹੋ ਕਿ ਇਕ ਵਫ਼ਾਦਾਰ ਪਤਨੀ ਦੀ ਤੁਲਨਾ ਜੰਗਲੀ ਬੱਕਰੀ ਨਾਲ ਕਿਉਂ ਕੀਤੀ ਗਈ ਹੈ। ਉਸ ਦਾ ਸ਼ਾਂਤ ਸੁਭਾਅ ਅਤੇ ਛੈਲ-ਛਬੀਲਾ ਅੰਦਾਜ਼ ਇਸਤਰੀ ਦੀਆਂ ਖੂਬੀਆਂ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ “ਸੋਹਣੀ” ਸ਼ਬਦ ਪਹਾੜੀ ਬੱਕਰੀ ਦੇ ਗੁਣਾਂ ਅਤੇ ਉਸ ਦੀ ਸੁੰਦਰਤਾ ਵੱਲ ਇਸ਼ਾਰਾ ਕਰਦਾ ਹੈ।a
ਜੰਗਲੀ ਬੱਕਰੀ ਸੋਹਣੀ ਹੋਣ ਦੇ ਨਾਲ-ਨਾਲ ਤਕੜੀ ਵੀ ਹੁੰਦੀ ਹੈ। ਯਹੋਵਾਹ ਨੇ ਅੱਯੂਬ ਨੂੰ ਦੱਸਿਆ ਸੀ ਕਿ ਪਹਾੜੀ ਬੱਕਰੀਆਂ ਆਪਣੇ ਬੱਚਿਆਂ ਨੂੰ ਚਟਾਨਾਂ, ਯਾਨੀ ਪਥਰੀਲੀਆਂ ਤੇ ਦੂਰ-ਦੂਰੇਡੀਆਂ ਥਾਵਾਂ ਤੇ ਜਨਮ ਦਿੰਦੀਆਂ ਹਨ, ਜਿੱਥੇ ਖਾਣ ਦੀ ਕਮੀ ਅਤੇ ਬਹੁਤ ਠੰਢ ਹੁੰਦੀ ਹੈ। (ਅੱਯੂਬ 39:1) ਪਰ, ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ, ਬੱਕਰੀ ਆਪਣੇ ਬੱਚਿਆਂ ਨੂੰ ਪਾਲਦੀ-ਪੋਸਦੀ ਹੈ ਅਤੇ ਉਨ੍ਹਾਂ ਨੂੰ ਪਹਾੜੀਆਂ ਵਿਚ ਆਪਣੇ ਵਾਂਗ ਫੁਰਤੀ ਨਾਲ ਚੜ੍ਹਨਾ ਤੇ ਛਲਾਂਗਾਂ ਮਾਰਨੀਆਂ ਸਿਖਾਉਂਦੀ ਹੈ। ਪਹਾੜੀ ਬੱਕਰੀ ਬਹਾਦਰੀ ਨਾਲ ਆਪਣੇ ਬੱਚਿਆਂ ਦੀ ਖੂੰਖਾਰ ਜਾਨਵਰਾਂ ਤੋਂ ਵੀ ਰੱਖਿਆ ਕਰਦੀ ਹੈ। ਇਕ ਵਿਅਕਤੀ ਨੇ ਇਕ ਪਹਾੜੀ ਬੱਕਰੀ ਨੂੰ ਇੱਲ ਨਾਲ ਤਕਰੀਬਨ ਅੱਧੇ ਘੰਟੇ ਤਕ ਮੁਕਾਬਲਾ ਕਰਦੇ ਹੋਏ ਦੇਖਿਆ, ਜਦ ਕਿ ਬੱਕਰੀ ਦਾ ਬੱਚਾ ਬਚਾਅ ਲਈ ਉਸ ਦੇ ਹੇਠਾਂ ਦਬਕ ਕੇ ਬੈਠਾ ਹੋਇਆ ਸੀ।
ਅੱਜ ਮਸੀਹੀ ਪਤਨੀਆਂ ਅਤੇ ਮਾਵਾਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਔਖਿਆਂ ਹਾਲਾਤਾਂ ਵਿਚ ਕਰਨੀ ਪੈਂਦੀ ਹੈ। ਉਹ ਪਰਮੇਸ਼ੁਰ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਪਹਾੜੀ ਬੱਕਰੀ ਵਾਂਗ, ਬੜੀ ਮਿਹਨਤ ਨਾਲ ਅਤੇ ਬਿਨਾਂ ਸੁਆਰਥ ਦੇ ਪੂਰਾ ਕਰਦੀਆਂ ਹਨ। ਉਹ ਬੜੀ ਬਹਾਦਰੀ ਨਾਲ ਆਪਣੇ ਬੱਚਿਆਂ ਦੀ ਰੱਖਿਆ ਵੀ ਕਰਦੀਆਂ ਹਨ ਤਾਂਕਿ ਉਹ ਸੱਚਾਈ ਨੂੰ ਨਾ ਛੱਡਣ। ਇਸ ਲਈ, ਇਕ ਤੀਵੀਂ ਦੀ ਬੱਕਰੀ ਨਾਲ ਤੁਲਨਾ ਕਰ ਕੇ ਸੁਲੇਮਾਨ ਔਰਤ ਦੀ ਕਦਰ ਨਹੀਂ ਘਟਾ ਰਿਹਾ ਸੀ, ਸਗੋਂ ਉਸ ਦੇ ਅਧਿਆਤਮਿਕ ਗੁਣਾਂ ਅਤੇ ਉਸ ਦੇ ਸੋਹਣੇਪਣ ਵੱਲ ਧਿਆਨ ਦਿਵਾ ਰਿਹਾ ਸੀ। ਅਜਿਹੇ ਗੁਣ ਡਾਢੇ ਔਖੇ ਹਾਲਾਤਾਂ ਵਿਚ ਵੀ ਲਿਸ਼-ਲਿਸ਼ ਕਰਦੇ ਹਨ।
[ਫੁਟਨੋਟ]
a ਇਕ ਅੰਗ੍ਰੇਜ਼ੀ ਸ਼ਬਦ-ਕੋਸ਼ ਮੁਤਾਬਕ ਇਸ ਪ੍ਰਸੰਗ ਵਿਚ ਇਬਰਾਨੀ ਸ਼ਬਦ ਚੈਨ ਦਾ ਤਰਜਮਾ “ਸੋਹਣਾ” ਕੀਤਾ ਗਿਆ ਹੈ, ਅਤੇ ਇਸ ਦਾ ਅਰਥ ‘ਸੁੰਦਰਤਾ ਅਤੇ ਰੂਪਵੰਤ’ ਹੈ।
[ਸਫ਼ੇ 30, 31 ਉੱਤੇ ਤਸਵੀਰਾਂ]
ਇਕ ਮਸੀਹੀ ਪਤਨੀ ਅਤੇ ਮਾਂ, ਪਰਮੇਸ਼ੁਰ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਵਧੀਆ ਅਧਿਆਤਮਿਕ ਗੁਣ ਦਿਖਾਉਂਦੀ ਹੈ