ਜੀਵਨੀ
ਉੱਥੇ ਸੇਵਾ ਕਰਨੀ ਜਿੱਥੇ ਮੇਰੀ ਜ਼ਿਆਦਾ ਲੋੜ ਸੀ
ਜੇਮਜ਼ ਬੀ. ਬੈਰੀ ਦੀ ਜ਼ਬਾਨੀ
ਸਾਲ 1939 ਦੀ ਗੱਲ ਹੈ। ਅਮਰੀਕਾ ਵਿਚ ਮਹਾਂ-ਮੰਦੀ ਛਾਈ ਹੋਣ ਕਰਕੇ ਲੋਕਾਂ ਦਾ ਜੀਉਣਾ ਔਖਾ ਹੋ ਗਿਆ ਸੀ ਤੇ ਯੂਰਪ ਵਿਚ ਲੜਾਈ ਹੋਣ ਦਾ ਖ਼ਤਰਾ ਮੰਡਲਾ ਰਿਹਾ ਸੀ। ਮੈਂ ਤੇ ਮੇਰਾ ਛੋਟਾ ਭਰਾ ਬੈਨੱਟ, ਮਿਸਿਸਿਪੀ ਛੱਡ ਕੇ ਟੈਕਸਸ ਦੇ ਹਿਉਸਟਨ ਸ਼ਹਿਰ ਵਿਚ ਕੰਮ-ਕਾਰ ਲੱਭਣ ਚਲੇ ਗਏ।
ਗਰਮੀਆਂ ਦੀ ਰੁੱਤ ਤਕਰੀਬਨ ਖ਼ਤਮ ਹੋਣ ਵਾਲੀ ਸੀ ਜਦੋਂ ਇਕ ਦਿਨ ਅਸੀਂ ਰੇਡੀਓ ਤੇ ਕੜ-ਕੜ ਕਰਦੀ ਆਵਾਜ਼ ਵਿਚ ਇਕ ਜ਼ਬਰਦਸਤ ਘੋਸ਼ਣਾ ਸੁਣੀ: ਹਿਟਲਰ ਦੀਆਂ ਫ਼ੌਜਾਂ ਪੋਲੈਂਡ ਵਿਚ ਆ ਗਈਆਂ ਹਨ। ਮੇਰੇ ਭਰਾ ਨੇ ਚੀਕ ਕੇ ਕਿਹਾ: “ਆਰਮਾਗੇਡਨ ਸ਼ੁਰੂ ਹੋ ਗਿਆ ਹੈ!” ਅਸੀਂ ਫ਼ੌਰਨ ਆਪਣੀਆਂ ਨੌਕਰੀਆਂ ਤੋਂ ਅਸਤੀਫ਼ਾ ਦੇ ਦਿੱਤਾ। ਅਸੀਂ ਸਭ ਤੋਂ ਲਾਗਲੇ ਇਕ ਕਿੰਗਡਮ ਹਾਲ ਵਿਚ ਗਏ ਤੇ ਆਪਣੀ ਪਹਿਲੀ ਸਭਾ ਵਿਚ ਹਾਜ਼ਰ ਹੋਏ। ਇਕ ਕਿੰਗਡਮ ਹਾਲ ਵਿਚ ਕਿਉਂ? ਆਓ ਮੈਂ ਤੁਹਾਨੂੰ ਸ਼ੁਰੂ ਤੋਂ ਕਹਾਣੀ ਸੁਣਾਵਾਂ।
ਮੇਰਾ ਜਨਮ 1915 ਵਿਚ ਮਿਸਿਸਿਪੀ ਸ਼ਹਿਰ ਦੇ ਹਿਬਰਨ ਵਿਖੇ ਹੋਇਆ। ਅਸੀਂ ਪੇਂਡੂ ਇਲਾਕੇ ਵਿਚ ਰਹਿੰਦੇ ਸਾਂ। ਉਦੋਂ ਯਹੋਵਾਹ ਦੇ ਗਵਾਹ, ਜਿਨ੍ਹਾਂ ਨੂੰ ਬਾਈਬਲ ਸਟੂਡੈਂਟਸ ਕਿਹਾ ਜਾਂਦਾ ਸੀ, ਸਾਲ ਵਿਚ ਇਕ ਵਾਰ ਸਾਡੇ ਇਲਾਕੇ ਵਿਚ ਆ ਕੇ ਕਿਸੇ ਦੇ ਘਰ ਭਾਸ਼ਣ ਦਿੰਦੇ ਹੁੰਦੇ ਸਨ। ਇਸੇ ਕਰਕੇ, ਮੇਰੇ ਮੰਮੀ-ਡੈਡੀ ਜੀ ਕੋਲ ਬਹੁਤ ਸਾਰੀਆਂ ਬਾਈਬਲ ਦੀਆਂ ਕਿਤਾਬਾਂ ਸਨ। ਇਨ੍ਹਾਂ ਕਿਤਾਬਾਂ ਦੀਆਂ ਕਈ ਗੱਲਾਂ ਉੱਤੇ ਮੈਂ ਤੇ ਬੈੱਨਟ ਨੇ ਵਿਸ਼ਵਾਸ ਕਰ ਲਿਆ ਜਿਵੇਂ ਕਿ ਨਰਕ ਵਿਚ ਲੋਕਾਂ ਨੂੰ ਤੜਫ਼ਾਇਆ ਨਹੀਂ ਜਾਂਦਾ, ਆਤਮਾ ਮਰ ਜਾਂਦੀ ਹੈ, ਧਰਮੀ ਲੋਕ ਇਸ ਜ਼ਮੀਨ ਤੇ ਹਮੇਸ਼ਾ ਜੀਉਂਦੇ ਰਹਿਣਗੇ। ਫਿਰ ਵੀ, ਅਸੀਂ ਅਜੇ ਹੋਰ ਬਹੁਤ ਕੁਝ ਸਿੱਖਣਾ ਸੀ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਤੇ ਮੇਰਾ ਭਰਾ ਟੈਕਸਸ ਵਿਚ ਕੰਮ ਦੀ ਭਾਲ ਲਈ ਚਲੇ ਗਏ।
ਅਖ਼ੀਰ ਜਦੋਂ ਕਿੰਗਡਮ ਹਾਲ ਵਿਚ ਸਾਡੀ ਮੁਲਾਕਾਤ ਗਵਾਹਾਂ ਨਾਲ ਹੋਈ, ਤਾਂ ਉਨ੍ਹਾਂ ਨੇ ਸਾਨੂੰ ਪੁੱਛਿਆ ਕਿ ਕੀ ਅਸੀਂ ਪਾਇਨੀਅਰ ਹਾਂ। ਸਾਨੂੰ ਉਦੋਂ ਭੋਰਾ ਵੀ ਨਹੀਂ ਪਤਾ ਸੀ ਕਿ ਯਹੋਵਾਹ ਦੇ ਗਵਾਹਾਂ ਦੇ ਪੂਰਣ-ਕਾਲੀ ਸੇਵਕਾਂ ਨੂੰ ਪਾਇਨੀਅਰ ਕਿਹਾ ਜਾਂਦਾ ਹੈ। ਉਨ੍ਹਾਂ ਨੇ ਸਾਨੂੰ ਪੁੱਛਿਆ ਕਿ ਕੀ ਅਸੀਂ ਪ੍ਰਚਾਰ ਕਰਨਾ ਚਾਹੁੰਦੇ ਹਾਂ? ਅਸੀਂ ਜਵਾਬ ਦਿੱਤਾ: “ਹਾਂ, ਬਿਲਕੁਲ!” ਅਸੀਂ ਸੋਚਿਆ ਕਿ ਉਹ ਸ਼ਾਇਦ ਸਾਡੇ ਨਾਲ ਕਿਸੇ ਨੂੰ ਇਹ ਦੱਸਣ ਲਈ ਭੇਜਣਗੇ ਕਿ ਪ੍ਰਚਾਰ ਕਿਵੇਂ ਕਰੀਦਾ ਹੈ। ਪਰ ਉਨ੍ਹਾਂ ਨੇ ਤਾਂ ਸਾਡੇ ਹੱਥ ਨਕਸ਼ਾ ਫੜਾ ਕੇ ਕਿਹਾ, “ਉੱਥੇ ਕੰਮ ਕਰੋ!” ਮੈਨੂੰ ਤੇ ਬੈੱਨਟ ਨੂੰ ਤਾਂ ਉੱਕਾ ਹੀ ਨਹੀਂ ਪਤਾ ਸੀ ਕਿ ਪ੍ਰਚਾਰ ਕਿੱਦਾਂ ਕਰੀਦਾ ਹੈ, ਨਾਲੇ ਅਸੀਂ ਨਹੀਂ ਚਾਹੁੰਦੇ ਸਾਂ ਕਿ ਸਾਨੂੰ ਲੋਕਾਂ ਸਾਮ੍ਹਣੇ ਸ਼ਰਮਿੰਦੇ ਹੋਣਾ ਪਵੇ। ਇਸ ਲਈ, ਅਸੀਂ ਉਹ ਨਕਸ਼ਾ ਡਾਕ ਰਾਹੀਂ ਕਲੀਸਿਯਾ ਨੂੰ ਵਾਪਸ ਭੇਜ ਕੇ ਖ਼ੁਦ ਮਿਸਿਸਿਪੀ ਵਾਪਸ ਆ ਗਏ!
ਬਾਈਬਲ ਸੱਚਾਈ ਨੂੰ ਆਪਣਾ ਬਣਾਉਣਾ
ਘਰ ਵਾਪਸ ਪਰਤਣ ਤੋਂ ਬਾਅਦ, ਅਸੀਂ ਇਕ ਸਾਲ ਤਕ ਤਕਰੀਬਨ ਹਰ ਰੋਜ਼ ਗਵਾਹਾਂ ਦੀਆਂ ਕਿਤਾਬਾਂ ਪੜ੍ਹਦੇ ਰਹੇ। ਸਾਡੇ ਘਰ ਬਿਜਲੀ ਨਹੀਂ ਸੀ ਜਿਸ ਕਰਕੇ ਅਸੀਂ ਰਾਤ ਨੂੰ ਅੱਗ ਦੀ ਰੌਸ਼ਨੀ ਵਿਚ ਪੜ੍ਹਦੇ ਸਾਂ। ਉਨ੍ਹਾਂ ਦਿਨਾਂ ਵਿਚ ਸਫ਼ਰੀ ਨਿਗਾਹਬਾਨ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਆਉਂਦੇ ਸਨ ਤੇ ਦੂਰ-ਦੁਰਾਡੇ ਦੇ ਗਿਣੇ-ਚੁਣੇ ਭਰਾਵਾਂ ਨੂੰ ਅਧਿਆਤਮਿਕ ਪੱਖੋਂ ਮਜ਼ਬੂਤ ਕਰਦੇ ਸਨ। ਇਨ੍ਹਾਂ ਸਫ਼ਰੀ ਨਿਗਾਹਬਾਨਾਂ ਵਿੱਚੋਂ ਟੈੱਡ ਕਲਾਈਨ ਨਾਂ ਦਾ ਭਰਾ ਸਾਡੀ ਕਲੀਸਿਯਾ ਵਿਚ ਆਇਆ ਤੇ ਉਸ ਨੇ ਮੇਰੇ ਤੇ ਬੈਨੱਟ ਨਾਲ ਘਰ-ਘਰ ਦੀ ਸੇਵਕਾਈ ਕੀਤੀ। ਉਹ ਅਕਸਰ ਸਾਨੂੰ ਦੋਹਾਂ ਨੂੰ ਆਪਣੇ ਨਾਲ ਲੈ ਜਾਂਦਾ ਸੀ। ਉਸ ਨੇ ਹੀ ਸਾਨੂੰ ਸਮਝਾਇਆ ਕਿ ਪਾਇਨੀਅਰੀ ਕਰਨੀ ਕੀ ਹੁੰਦੀ ਹੈ।
ਵਾਕਈ ਉਸ ਦੇ ਨਾਲ ਰਹਿ ਕੇ ਅਸੀਂ ਹੋਰ ਜ਼ਿਆਦਾ ਪਰਮੇਸ਼ੁਰ ਦੀ ਸੇਵਾ ਕਰਨ ਬਾਰੇ ਸੋਚਣ ਲੱਗ ਪਏ। ਫਿਰ 18 ਅਪ੍ਰੈਲ 1940 ਨੂੰ ਭਰਾ ਕਲਾਈਨ ਨੇ ਬੈੱਨਟ ਨੂੰ, ਸਾਡੀ ਭੈਣ ਵੈੱਲਵਾ ਨੂੰ ਤੇ ਮੈਨੂੰ ਬਪਤਿਸਮਾ ਦਿੱਤਾ। ਸਾਡੇ ਬਪਤਿਸਮੇ ਵੇਲੇ ਸਾਡੇ ਮੰਮੀ-ਡੈਡੀ ਜੀ ਮੌਜੂਦ ਸਨ ਤੇ ਉਹ ਸਾਡੇ ਇਸ ਫ਼ੈਸਲੇ ਤੋਂ ਬੜੇ ਖ਼ੁਸ਼ ਸਨ। ਤਕਰੀਬਨ ਦੋ ਸਾਲਾਂ ਬਾਅਦ ਉਨ੍ਹਾਂ ਨੇ ਵੀ ਬਪਤਿਸਮਾ ਲੈ ਲਿਆ। ਦੋਵੇਂ ਹੀ ਆਪਣੀ ਮੌਤ ਤਕ ਯਾਨੀ ਡੈਡੀ ਜੀ 1956 ਤੇ ਮੰਮੀ ਜੀ 1975 ਤਕ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹੇ।
ਜਦੋਂ ਭਰਾ ਕਲਾਈਨ ਨੇ ਮੈਨੂੰ ਪਾਇਨੀਅਰੀ ਕਰਨ ਲਈ ਪੁੱਛਿਆ, ਤਾਂ ਮੈਂ ਕਿਹਾ ਕਿ ਮੈਂ ਕਰਨੀ ਤਾਂ ਚਾਹੁੰਦਾ ਹਾਂ, ਪਰ ਮੇਰੇ ਕੋਲ ਨਾ ਤਾਂ ਪੈਸਾ-ਧੇਲਾ, ਨਾ ਕੋਈ ਕੱਪੜਾ-ਲੱਤਾ, ਕੁਝ ਵੀ ਤਾਂ ਨਹੀਂ ਹੈ। ਉਸ ਨੇ ਕਿਹਾ: “ਤੂੰ ਚਿੰਤਾ ਨਾ ਕਰ। ਮੈਂ ਸਭ ਚੀਜ਼ਾਂ ਦਾ ਇੰਤਜ਼ਾਮ ਕਰ ਦਿਆਂਗਾ।” ਉਸ ਨੇ ਇੰਜ ਹੀ ਕੀਤਾ। ਪਹਿਲਾਂ ਉਸ ਨੇ ਪਾਇਨੀਅਰੀ ਲਈ ਮੇਰੀ ਅਰਜ਼ੀ ਭੇਜੀ। ਫਿਰ ਉਹ ਮੈਨੂੰ ਆਪਣੇ ਨਾਲ 300 ਕਿਲੋਮੀਟਰ ਦੂਰ ਨਿਊ ਓਰਲੀਨਜ਼ ਵਿਖੇ ਲੈ ਗਿਆ। ਉੱਥੇ ਮੈਨੂੰ ਕਿੰਗਡਮ ਹਾਲ ਉੱਤੇ ਬਣੇ ਹੋਏ ਚੰਗੇ ਕਮਰੇ ਦਿਖਾਏ। ਇਹ ਪਾਇਨੀਅਰ ਭੈਣ-ਭਰਾਵਾਂ ਲਈ ਸਨ। ਛੇਤੀ ਹੀ ਮੈਂ ਉੱਥੇ ਆ ਕੇ ਪਾਇਨੀਅਰੀ ਕਰਨ ਲੱਗ ਪਿਆ। ਨਿਊ ਓਰਲੀਨਜ਼ ਦੇ ਭੈਣ-ਭਰਾ ਪਾਇਨੀਅਰਾਂ ਨੂੰ ਕੱਪੜੇ, ਪੈਸੇ ਤੇ ਭੋਜਨ ਦੇ ਕੇ ਉਨ੍ਹਾਂ ਦੀ ਮਦਦ ਕਰਦੇ ਸਨ। ਦਿਨ ਵੇਲੇ ਭਰਾ ਸਾਡੇ ਲਈ ਭੋਜਨ ਲਿਆ ਕੇ ਦਰਵਾਜ਼ੇ ਤੇ ਛੱਡ ਜਾਂਦੇ, ਇੱਥੋਂ ਤਕ ਕਿ ਫਰਿੱਜ ਵਿਚ ਵੀ ਰੱਖ ਜਾਂਦੇ ਸਨ। ਲਾਗੇ ਹੀ ਇਕ ਭਰਾ ਦਾ ਆਪਣਾ ਰੈਸਤੋਰਾਂ ਸੀ। ਉਹ ਰੈਸਤੋਰਾਂ ਬੰਦ ਕਰਨ ਵੇਲੇ ਅਕਸਰ ਸਾਨੂੰ ਉੱਥੇ ਆਉਣ ਲਈ ਕਹਿੰਦਾ ਤਾਂਕਿ ਅਸੀਂ ਦਿਨ ਦਾ ਬਚਿਆ ਹੋਇਆ ਤਾਜ਼ਾ ਭੋਜਨ ਜਿਵੇਂ ਕਿ ਮੀਟ, ਬਰੈੱਡ, ਰਾਜਮਾਂਹ ਤੇ ਕੇਕ ਆਦਿ ਖਾ ਸਕੀਏ।
ਹਿੰਸਕ ਭੀੜ ਦਾ ਸਾਮ੍ਹਣਾ ਕਰਨਾ
ਕੁਝ ਸਮੇਂ ਬਾਅਦ ਮੈਨੂੰ ਮਿਸਿਸਿਪੀ ਦੇ ਜੈਕਸਨ ਸ਼ਹਿਰ ਵਿਚ ਪਾਇਨੀਅਰ ਵਜੋਂ ਨਿਯੁਕਤ ਕੀਤਾ ਗਿਆ। ਉੱਥੇ ਮੈਂ ਤੇ ਮੇਰੇ ਨੌਜਵਾਨ ਸਾਥੀ ਨੇ ਗੁੱਸੇ ਵਿਚ ਭੜਕੀ ਹੋਈ ਭੀੜ ਦਾ ਸਾਮ੍ਹਣਾ ਕੀਤਾ। ਇੰਜ ਜਾਪਦਾ ਸੀ ਕਿ ਇਸ ਦੇ ਪਿੱਛੇ ਪੁਲਸ ਦਾ ਹੱਥ ਸੀ! ਅਗਲੀ ਨਿਯੁਕਤੀ ਯਾਨੀ ਮਿਸਿਸਿਪੀ ਦੇ ਕੋਲੰਬਸ ਸ਼ਹਿਰ ਵਿਚ ਵੀ ਇੰਜ ਹੀ ਹੋਇਆ। ਹਾਲਾਂਕਿ ਅਸੀਂ ਸਾਰੀਆਂ ਜਾਤਾਂ ਅਤੇ ਕੌਮਾਂ ਦੇ ਲੋਕਾਂ ਨੂੰ ਪ੍ਰਚਾਰ ਕਰਦੇ ਸਾਂ, ਪਰ ਕੁਝ ਗੋਰੇ ਲੋਕ ਸਾਡੇ ਤੋਂ ਨਫ਼ਰਤ ਕਰਦੇ ਸਨ। ਕਈ ਲੋਕਾਂ ਨੇ ਸਾਡੇ ਤੇ ਬਾਗ਼ੀ ਹੋਣ ਦਾ ਇਲਜ਼ਾਮ ਲਾਇਆ। ਦੇਸ਼-ਭਗਤ ਸੰਗਠਨ ਅਮੈਰੀਕਨ ਲੀਜਨ ਦੇ ਮੁਖੀ ਦੇ ਵੀ ਸਾਡੇ ਬਾਰੇ ਇਹੀ ਵਿਚਾਰ ਸਨ। ਉਸ ਨੇ ਕਈ ਵਾਰ ਗੁੱਸੇ ਨਾਲ ਭੜਕੀ ਹੋਈ ਭੀੜ ਨੂੰ ਸਾਡੇ ਤੇ ਹਮਲਾ ਕਰਨ ਲਈ ਉਕਸਾਇਆ।
ਕੋਲੰਬਸ ਵਿਚ ਸਾਡੇ ਤੇ ਪਹਿਲੀ ਵਾਰ ਹਮਲਾ ਉਦੋਂ ਹੋਇਆ ਜਦੋਂ ਅਸੀਂ ਸੜਕਾਂ ਤੇ ਰਸਾਲੇ ਵੰਡ ਰਹੇ ਸਾਂ। ਉਨ੍ਹਾਂ ਨੇ ਸਾਨੂੰ ਵੱਡੇ-ਵੱਡੇ ਸ਼ੀਸ਼ਿਆਂ ਵਾਲੀ ਇਕ ਦੁਕਾਨ ਦੀ ਤਾਕੀ ਵੱਲ ਧੱਕ ਕੇ ਚਾਰੇ ਪਾਸਿਓਂ ਘੇਰਾ ਪਾ ਲਿਆ। ਜੋ ਕੁਝ ਹੋ ਰਿਹਾ ਸੀ ਉਸ ਨੂੰ ਦੇਖਣ ਲਈ ਭੀੜ ਇਕੱਠੀ ਹੋ ਗਈ। ਛੇਤੀ ਹੀ ਪੁਲਸ ਆਈ ਤੇ ਸਾਨੂੰ ਕਚਹਿਰੀ ਲੈ ਗਈ। ਭੀੜ ਵੀ ਸਾਡੇ ਪਿੱਛੇ-ਪਿੱਛੇ ਆਈ ਤੇ ਉਨ੍ਹਾਂ ਨੇ ਸਾਰੇ ਸਰਕਾਰੀ ਅਧਿਕਾਰੀਆਂ ਸਾਮ੍ਹਣੇ ਕਿਹਾ ਕਿ ਜੇ ਅਸੀਂ ਇਸ ਫਲਾਨੀ ਤਾਰੀਖ਼ ਤਕ ਸ਼ਹਿਰ ਛੱਡ ਦਿੱਤਾ, ਤਾਂ ਸਾਨੂੰ ਜ਼ਿੰਦਾ ਛੱਡ ਦਿੱਤਾ ਜਾਵੇਗਾ, ਪਰ ਜੇ ਅਸੀਂ ਨਾ ਛੱਡਿਆ, ਤਾਂ ਸਾਨੂੰ ਨੁਕਸਾਨ ਪਹੁੰਚਾਇਆ ਜਾਵੇਗਾ ਸ਼ਾਇਦ ਸਾਨੂੰ ਜਾਨੋਂ ਮਾਰ ਦਿੱਤਾ ਜਾ ਸਕਦਾ ਹੈ! ਅਸੀਂ ਸੋਚਿਆ ਕਿ ਥੋੜ੍ਹੇ ਸਮੇਂ ਲਈ ਸ਼ਹਿਰ ਨੂੰ ਛੱਡ ਦੇਣਾ ਹੀ ਚੰਗਾ ਹੋਵੇਗਾ। ਫਿਰ ਕੁਝ ਹਫ਼ਤਿਆਂ ਬਾਅਦ ਵਾਪਸ ਆ ਕੇ ਅਸੀਂ ਮੁੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਕੁਝ ਹੀ ਸਮੇਂ ਪਿੱਛੋਂ, ਅੱਠ ਆਦਮੀਆਂ ਦੇ ਇਕ ਗੈਂਗ ਨੇ ਸਾਡੇ ਤੇ ਹਮਲਾ ਕੀਤਾ ਤੇ ਸਾਨੂੰ ਜ਼ਬਰਦਸਤੀ ਆਪਣੀਆਂ ਦੋਹਾਂ ਕਾਰਾਂ ਵਿਚ ਧੱਕ ਕੇ ਲੈ ਗਏ। ਉਨ੍ਹਾਂ ਨੇ ਸਾਨੂੰ ਜੰਗਲ ਵਿਚ ਲਿਜਾ ਕੇ ਸਾਡੇ ਕੱਪੜੇ ਲਾਹ ਦਿੱਤੇ ਅਤੇ ਮੇਰੀ ਹੀ ਬੈਲਟ ਨਾਲ ਸਾਨੂੰ 30-30 ਕੋਰੜੇ ਮਾਰੇ! ਉਨ੍ਹਾਂ ਕੋਲ ਬੰਦੂਕਾਂ ਤੇ ਰੱਸੇ ਸਨ ਤੇ ਸੱਚੀ ਜਾਣੋਂ ਅਸੀਂ ਬੜੇ ਡਰੇ ਹੋਏ ਸਾਂ। ਮੈਂ ਤਾਂ ਸੋਚਿਆ ਕਿ ਉਹ ਸਾਨੂੰ ਬੰਨ੍ਹ ਕੇ ਨਦੀ ਵਿਚ ਸੁੱਟ ਦੇਣਗੇ। ਉਨ੍ਹਾਂ ਨੇ ਸਾਡਾ ਸਾਹਿੱਤ ਫਾੜ ਕੇ ਖਿਲਾਰ ਦਿੱਤਾ ਤੇ ਸਾਡੇ ਫੋਨੋਗ੍ਰਾਫ ਨੂੰ ਰੁੱਖ ਦੇ ਟੁੰਡ ਨਾਲ ਮਾਰ ਕੇ ਟੋਟੇ-ਟੋਟੇ ਕਰ ਛੱਡਿਆ।
ਕੋਰੜੇ ਮਾਰਨ ਤੋਂ ਬਾਅਦ, ਉਨ੍ਹਾਂ ਨੇ ਸਾਨੂੰ ਕੱਪੜੇ ਪਾਉਣ ਲਈ ਕਿਹਾ ਤੇ ਜੰਗਲ ਵਿਚ ਪਿੱਛੇ ਦੇਖੇ ਬਿਨਾਂ ਸਿੱਧੇ ਤੁਰਨ ਲਈ ਕਿਹਾ। ਤੁਰਦੇ-ਤੁਰਦੇ ਅਸੀਂ ਪੱਕਾ ਸੋਚ ਲਿਆ ਕਿ ਜੇ ਅਸੀਂ ਜ਼ਰਾ ਵੀ ਪਿੱਛੇ ਦੇਖਣ ਦੀ ਹਿੰਮਤ ਕੀਤੀ, ਤਾਂ ਉਹ ਸਾਨੂੰ ਜਾਨੋਂ ਮਾਰ ਦੇਣਗੇ ਤੇ ਖ਼ੁਦ ਸਜ਼ਾ ਤੋਂ ਬਚ ਜਾਣਗੇ! ਪਰ ਕੁਝ ਹੀ ਮਿੰਟਾਂ ਬਾਅਦ ਉਹ ਆਪਣੀ ਕਾਰ ਲੈ ਕੇ ਰਫ਼ੂ ਚੱਕਰ ਹੋ ਗਏ।
ਇਕ ਹੋਰ ਮੌਕੇ ਤੇ ਗੁੱਸੇ ਨਾਲ ਪਾਗਲ ਹੋਈ ਭੀੜ ਨੇ ਜਦੋਂ ਸਾਡਾ ਪਿੱਛਾ ਕੀਤਾ, ਤਾਂ ਆਪਣੀਆਂ ਜਾਨਾਂ ਬਚਾਉਣ ਲਈ ਸਾਨੂੰ ਆਪਣੇ ਕੱਪੜੇ ਗਰਦਨਾਂ ਦੁਆਲੇ ਬੰਨ੍ਹ ਕੇ ਨਦੀ ਪਾਰ ਕਰਨੀ ਪਈ। ਇਸ ਗੱਲ ਨੂੰ ਹੋਇਆਂ ਅਜੇ ਥੋੜ੍ਹੀ ਦੇਰ ਵੀ ਨਹੀਂ ਹੋਈ ਸੀ ਕਿ ਸਾਨੂੰ ਬਾਗ਼ੀ ਹੋਣ ਦੇ ਦੋਸ਼ ਵਿਚ ਗਿਰਫ਼ਤਾਰ ਕਰ ਲਿਆ ਗਿਆ। ਮੁਕੱਦਮਾ ਚੱਲਣ ਤੋਂ ਪਹਿਲਾਂ ਅਸੀਂ ਤਿੰਨ ਹਫ਼ਤੇ ਜੇਲ੍ਹ ਵਿਚ ਬਿਤਾਏ। ਕੋਲੰਬਸ ਵਿਚ ਹਰ ਪਾਸੇ ਸਾਡੇ ਮੁਕੱਦਮੇ ਦਾ ਐਲਾਨ ਕੀਤਾ ਗਿਆ। ਉਸ ਮੁਕੱਦਮੇ ਨੂੰ ਸੁਣਨ ਲਈ ਨੇੜੇ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਕਲਾਸਾਂ ਵਿੱਚੋਂ ਛੇਤੀ ਛੁੱਟੀ ਦੇ ਦਿੱਤੀ ਗਈ। ਜਦੋਂ ਮੁਕੱਦਮੇ ਦਾ ਦਿਨ ਆਇਆ, ਤਾਂ ਕਚਹਿਰੀ ਖਚਾਖਚ ਭਰੀ ਹੋਈ ਸੀ ਤੇ ਬੈਠਣ ਲਈ ਥਾਂ ਤਕ ਨਹੀਂ ਸੀ! ਸਾਡੇ ਖ਼ਿਲਾਫ਼ ਗਵਾਹੀ ਦੇਣ ਲਈ ਦੋ ਪ੍ਰਚਾਰਕ, ਇਕ ਮੇਅਰ ਅਤੇ ਪੁਲਸ ਵਾਲੇ ਵੀ ਸਰਕਾਰੀ ਗਵਾਹ ਸਨ।
ਜੀ. ਸੀ. ਕਲਾਰਕ ਨਾਂ ਦੇ ਭਰਾ ਤੇ ਉਸ ਦੇ ਸਾਥੀ ਨੂੰ ਸਾਡਾ ਮੁਕੱਦਮਾ ਲੜਨ ਲਈ ਭੇਜਿਆ ਗਿਆ। ਉਨ੍ਹਾਂ ਨੇ ਸਾਡੇ ਤੇ ਬਾਗ਼ੀ ਹੋਣ ਦੇ ਸਬੂਤਾਂ ਦੀ ਘਾਟ ਕਾਰਨ ਇਹ ਮੁਕੱਦਮਾ ਬਰਖ਼ਾਸਤ ਕਰਨ ਲਈ ਕਿਹਾ। ਜਿਹੜਾ ਵਕੀਲ ਭਰਾ ਕਲਾਰਕ ਨਾਲ ਕੰਮ ਕਰ ਰਿਹਾ ਸੀ, ਉਹ ਯਹੋਵਾਹ ਦਾ ਗਵਾਹ ਨਹੀਂ ਸੀ, ਪਰ ਉਸ ਨੇ ਸਾਡੇ ਪੱਖ ਵਿਚ ਜ਼ਬਰਦਸਤ ਦਲੀਲਾਂ ਦਿੱਤੀਆਂ। ਮਿਸਾਲ ਵਜੋਂ ਉਸ ਨੇ ਜੱਜ ਨੂੰ ਕਿਹਾ: “ਲੋਕ ਕਹਿੰਦੇ ਹਨ ਕਿ ਯਹੋਵਾਹ ਦੇ ਗਵਾਹ ਪਾਗਲ ਹਨ। ਪਾਗਲ? ਫੇਰ ਤਾਂ ਥਾਮਸ ਐਡੀਸਨ ਵੀ ਪਾਗਲ ਸੀ!” ਉਸ ਨੇ ਬਿਜਲੀ ਦੇ ਬੱਲਬ ਵੱਲ ਇਸ਼ਾਰਾ ਕਰਦੇ ਹੋਏ ਕਿਹਾ: “ਇਸ ਬੱਲਬ ਵੱਲ ਦੇਖੋ!” ਐਡੀਸਨ ਜਿਸ ਨੇ ਬੱਲਬ ਦੀ ਕਾਢ ਕੱਢੀ ਸੀ ਸ਼ਾਇਦ ਉਸ ਨੂੰ ਵੀ ਕੁਝ ਲੋਕਾਂ ਨੇ ਉਸ ਵੇਲੇ ਪਾਗਲ ਕਿਹਾ ਹੋਵੇ, ਪਰ ਕੋਈ ਵੀ ਇਨਸਾਨ ਉਸ ਦੀਆਂ ਪ੍ਰਾਪਤੀਆਂ ਤੇ ਸਵਾਲ ਨਹੀਂ ਉਠਾ ਸਕਦਾ।
ਪੂਰੀ ਗਵਾਹੀ ਸੁਣਨ ਤੋਂ ਬਾਅਦ, ਸਰਕਟ ਕੋਰਟ ਦੇ ਜੱਜ ਨੇ ਸਰਕਾਰੀ ਵਕੀਲ ਨੂੰ ਕਿਹਾ: “ਉਨ੍ਹਾਂ ਦੇ ਬਾਗ਼ੀ ਹੋਣ ਦਾ ਤੁਹਾਡੇ ਕੋਲ ਕੋਈ ਵੀ ਸਬੂਤ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਇਹ ਕੰਮ ਕਰਨ ਦਾ ਪੂਰਾ-ਪੂਰਾ ਹੱਕ ਹੈ। ਜਦ ਤਕ ਤੁਹਾਨੂੰ ਕੋਈ ਸਬੂਤ ਨਾ ਮਿਲ ਜਾਵੇ, ਤਦ ਤਕ ਤੁਸੀਂ ਇਨ੍ਹਾਂ ਨੂੰ ਕਚਹਿਰੀ ਵਿਚ ਲਿਆ ਕੇ ਨਾ ਤਾਂ ਮੇਰਾ ਸਮਾਂ ਤੇ ਨਾ ਹੀ ਸਰਕਾਰ ਦਾ ਸਮਾਂ ਤੇ ਪੈਸਾ ਬਰਬਾਦ ਕਰੋ!” ਅਸੀਂ ਜਿੱਤ ਗਏ!
ਇਸ ਤੋਂ ਬਾਅਦ ਜੱਜ ਨੇ ਸਾਨੂੰ ਆਪਣੇ ਕਮਰੇ ਵਿਚ ਬੁਲਾਇਆ। ਉਹ ਜਾਣਦਾ ਸੀ ਕਿ ਸਾਰਾ ਸ਼ਹਿਰ ਉਸ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਸੀ। ਇਸ ਲਈ ਉਸ ਨੇ ਸਾਨੂੰ ਚੇਤਾਵਨੀ ਦਿੱਤੀ: “ਮੈਂ ਜੋ ਕੁਝ ਕਿਹਾ ਉਹ ਕਾਨੂੰਨ ਮੁਤਾਬਕ ਸੀ, ਪਰ ਮੇਰੀ ਰਾਇ ਹੈ ਕਿ ਤੁਸੀਂ ਦੋਵੇਂ ਇੱਥੋਂ ਚੁੱਪ-ਚੁਪੀਤੇ ਖਿਸਕ ਜਾਓ ਨਹੀਂ ਤਾਂ ਉਹ ਤੁਹਾਨੂੰ ਜਾਨੋਂ ਮਾਰ ਦੇਣਗੇ!” ਅਸੀਂ ਜਾਣਦੇ ਸਾਂ ਕਿ ਉਹ ਸਹੀ ਕਹਿ ਰਿਹਾ ਸੀ, ਇਸ ਲਈ ਅਸੀਂ ਉਹ ਸ਼ਹਿਰ ਛੱਡ ਦਿੱਤਾ।
ਉੱਥੋਂ ਮੈਂ ਬੈਨੱਟ ਤੇ ਵੈੱਲਵਾ ਨਾਲ ਮਿਲ ਕੇ ਪਾਇਨੀਅਰੀ ਕਰਨ ਲੱਗ ਪਿਆ ਜੋ ਟੈਨਿਸੀ ਦੇ ਕਲਾਰਕਸਵਿਲ ਸ਼ਹਿਰ ਵਿਚ ਵਿਸ਼ੇਸ਼ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਸਨ। ਕੁਝ ਮਹੀਨਿਆਂ ਬਾਅਦ, ਸਾਨੂੰ ਕੈਂਟਕੀ ਦੇ ਪੈਰਸ ਸ਼ਹਿਰ ਵਿਚ ਨਿਯੁਕਤ ਕੀਤਾ ਗਿਆ। ਡੇਢ ਸਾਲ ਬਾਅਦ ਜਦੋਂ ਅਸੀਂ ਇੱਥੇ ਇਕ ਕਲੀਸਿਯਾ ਬਣਾਉਣ ਵਾਲੇ ਹੀ ਸਾਂ ਕਿ ਮੈਨੂੰ ਤੇ ਬੈਨੱਟ ਨੂੰ ਇਕ ਖ਼ਾਸ ਸੱਦਾ-ਪੱਤਰ ਮਿਲਿਆ।
ਮਿਸ਼ਨਰੀ ਸੇਵਾ
ਜਦੋਂ ਸਾਨੂੰ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਦੂਜੀ ਕਲਾਸ ਦਾ ਸੱਦਾ ਮਿਲਿਆ, ਤਾਂ ਅਸੀਂ ਸੋਚਿਆ ਕਿ ‘ਉਨ੍ਹਾਂ ਕੋਲੋਂ ਗ਼ਲਤੀ ਹੋ ਗਈ ਹੈ! ਭਲਾ ਉਹ ਕਿਉਂ ਮਿਸਿਸਿਪੀ ਦੇ ਦੋ ਸਿੱਧੇ-ਸਾਦੇ ਨੌਜਵਾਨਾਂ ਨੂੰ ਸਕੂਲ ਲਈ ਬੁਲਾਉਣਗੇ?’ ਕਿਉਂਕਿ ਅਸੀਂ ਸੋਚਿਆ ਸੀ ਕਿ ਉਹ ਪੜ੍ਹੇ-ਲਿਖੇ ਲੋਕਾਂ ਨੂੰ ਬੁਲਾਉਂਦੇ ਹੋਣਗੇ, ਖ਼ੈਰ ਅਸੀਂ ਚਲੇ ਗਏ। ਸਕੂਲ ਵਿਚ ਕੁੱਲ ਸੌ ਵਿਦਿਆਰਥੀ ਸਨ ਅਤੇ ਇਹ ਕੋਰਸ ਪੰਜ ਮਹੀਨਿਆਂ ਤਕ ਚੱਲਿਆ। ਗ੍ਰੈਜੂਏਸ਼ਨ 31 ਜਨਵਰੀ 1944 ਨੂੰ ਸੀ ਤੇ ਅਸੀਂ ਵਿਦੇਸ਼ ਵਿਚ ਸੇਵਾ ਕਰਨ ਲਈ ਬੇਚੈਨ ਸਾਂ। ਪਰ, ਉਨ੍ਹਾਂ ਦਿਨਾਂ ਵਿਚ ਪਾਸਪੋਰਟ ਅਤੇ ਵੀਜ਼ਾ ਲੈਣ ਨੂੰ ਕਾਫ਼ੀ ਸਮਾਂ ਲੱਗ ਜਾਂਦਾ ਸੀ, ਇਸ ਲਈ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਥੋੜ੍ਹੇ ਚਿਰ ਲਈ ਨਿਯੁਕਤ ਕਰ ਦਿੱਤਾ ਜਾਂਦਾ ਸੀ। ਐਲਬਾਮਾ ਤੇ ਜਾਰਜੀਆ ਵਿਚ ਥੋੜ੍ਹੇ ਸਮੇਂ ਤਕ ਪਾਇਨੀਅਰੀ ਕਰਨ ਤੋਂ ਬਾਅਦ ਮੈਨੂੰ ਤੇ ਬੈਨੱਟ ਨੂੰ ਵੈਸਟ ਇੰਡੀਜ਼ ਦੇ ਬਾਰਬੇਡੋਸ ਟਾਪੂ ਤੇ ਨਿਯੁਕਤੀ ਮਿਲੀ।
ਉਦੋਂ ਦੂਸਰਾ ਵਿਸ਼ਵ ਯੁੱਧ ਚੱਲ ਰਿਹਾ ਸੀ ਤੇ ਬਾਰਬੇਡੋਸ ਸਮੇਤ ਬਹੁਤ ਸਾਰੀਆਂ ਹੋਰ ਥਾਵਾਂ ਤੇ ਯਹੋਵਾਹ ਦੇ ਗਵਾਹਾਂ ਦੇ ਕੰਮ ਅਤੇ ਸਾਹਿੱਤ ਉੱਤੇ ਪਾਬੰਦੀ ਲੱਗੀ ਹੋਈ ਸੀ। ਕਸਟਮ-ਵਿਭਾਗ ਦੇ ਅਧਿਕਾਰੀਆਂ ਨੇ ਸਾਡਾ ਸਾਮਾਨ ਖੋਲ੍ਹ ਕੇ ਤਲਾਸ਼ੀ ਲਈ ਤੇ ਉਨ੍ਹਾਂ ਨੂੰ ਉਹ ਸਾਹਿੱਤ ਲੱਭ ਗਿਆ ਜੋ ਅਸੀਂ ਅੰਦਰ ਲੁਕਾਇਆ ਹੋਇਆ ਸੀ। ਅਸੀਂ ਸੋਚਿਆ, ‘ਹੁਣ ਸਾਡੀ ਖ਼ੈਰ ਨਹੀਂ।’ ਪਰ ਇਕ ਅਧਿਕਾਰੀ ਨੇ ਸਿਰਫ਼ ਇਹੀ ਕਿਹਾ: “ਮਾਫ਼ ਕਰਨਾ ਅਸੀਂ ਤੁਹਾਡੇ ਸਾਮਾਨ ਦੀ ਤਲਾਸ਼ੀ ਲਈ ਕਿਉਂਕਿ ਬਾਰਬੇਡੋਸ ਵਿਚ ਅਜਿਹਾ ਸਾਹਿੱਤ ਲਿਜਾਣਾ ਮਨ੍ਹਾ ਹੈ।” ਉਸ ਨੇ ਸਾਡਾ ਸਾਹਿੱਤ ਵਾਪਸ ਕਰ ਦਿੱਤਾ ਤੇ ਸਾਨੂੰ ਬਾਰਬੇਡੋਸ ਜਾਣ ਦਿੱਤਾ! ਬਾਅਦ ਵਿਚ, ਜਦੋਂ ਅਸੀਂ ਸਰਕਾਰੀ ਅਧਿਕਾਰੀਆਂ ਨੂੰ ਗਵਾਹੀ ਦਿੱਤੀ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਭਲਾ ਅਜਿਹੇ ਸਾਹਿੱਤ ਤੇ ਪਾਬੰਦੀ ਕਿਉਂ ਲਾਈ ਗਈ ਹੈ। ਕੁਝ ਮਹੀਨਿਆਂ ਬਾਅਦ ਪਾਬੰਦੀ ਹਟਾ ਦਿੱਤੀ ਗਈ।
ਬਾਰਬੇਡੋਸ ਵਿਚ ਪ੍ਰਚਾਰ ਕਰਨਾ ਕਾਫ਼ੀ ਕਾਮਯਾਬ ਰਿਹਾ। ਸਾਡੇ ਵਿੱਚੋਂ ਹਰ ਜਣੇ ਕੋਲ 15 ਸਟੱਡੀਆਂ ਸਨ ਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀਆਂ ਨੇ ਅਧਿਆਤਮਿਕ ਪੱਖੋਂ ਤਰੱਕੀ ਵੀ ਕੀਤੀ। ਉਨ੍ਹਾਂ ਵਿੱਚੋਂ ਕੁਝ ਨੂੰ ਸਭਾਵਾਂ ਵਿਚ ਆਉਂਦੇ ਵੇਖ ਕੇ ਸਾਨੂੰ ਬੜੀ ਖ਼ੁਸ਼ੀ ਹੁੰਦੀ ਸੀ। ਪਰ, ਕੁਝ ਸਮੇਂ ਲਈ ਸਾਹਿੱਤ ਤੇ ਪਾਬੰਦੀ ਲੱਗੀ ਹੋਣ ਕਰਕੇ ਉੱਥੇ ਦੇ ਭਰਾਵਾਂ ਨੂੰ ਇਹ ਪਤਾ ਨਹੀਂ ਸੀ ਲੱਗਦਾ ਕਿ ਹੁਣ ਸਭਾਵਾਂ ਕਿਵੇਂ ਚਲਾਈਆਂ ਜਾਣੀਆਂ ਚਾਹੀਦੀਆਂ ਸਨ। ਛੇਤੀ ਹੀ ਅਸੀਂ ਕੁਝ ਯੋਗ ਭਰਾਵਾਂ ਨੂੰ ਸਿੱਖਿਅਤ ਕੀਤਾ। ਸਾਨੂੰ ਬੜੀ ਖ਼ੁਸ਼ੀ ਮਿਲੀ ਕਿ ਅਸੀਂ ਆਪਣੇ ਬਹੁਤ ਸਾਰੇ ਵਿਦਿਆਰਥੀਆਂ ਦੀ ਸੇਵਕਾਈ ਸ਼ੁਰੂ ਕਰਨ ਵਿਚ ਮਦਦ ਕੀਤੀ ਤੇ ਕਲੀਸਿਯਾ ਨੂੰ ਵਧਦੇ-ਫੁੱਲਦੇ ਦੇਖਿਆ।
ਪਰਿਵਾਰ
ਬਾਰਬੇਡੋਸ ਵਿਚ ਤਕਰੀਬਨ 18 ਮਹੀਨਿਆਂ ਬਾਅਦ, ਮੇਰਾ ਓਪਰੇਸ਼ਨ ਹੋਣਾ ਸੀ ਜਿਸ ਕਰਕੇ ਮੈਨੂੰ ਅਮਰੀਕਾ ਵਾਪਸ ਜਾਣਾ ਪਿਆ। ਉੱਥੇ ਇਕ ਡੌਰਥੀ ਨਾਂ ਦੀ ਕੁੜੀ ਨਾਲ ਮੇਰਾ ਵਿਆਹ ਹੋ ਗਿਆ। ਅਸੀਂ ਪਹਿਲਾਂ ਤੋਂ ਹੀ ਇਕ-ਦੂਜੇ ਨੂੰ ਚਿੱਠੀ-ਪੱਤਰ ਲਿਖਦੇ ਹੁੰਦੇ ਸਾਂ। ਮੈਂ ਤੇ ਮੇਰੀ ਪਤਨੀ ਨੇ ਫ਼ਲੋਰਿਡਾ ਦੇ ਟੈਲਹੈਸੀ ਸ਼ਹਿਰ ਵਿਖੇ ਪਾਇਨੀਅਰੀ ਕੀਤੀ, ਪਰ ਛੇ ਮਹੀਨਿਆਂ ਬਾਅਦ ਹੀ ਅਸੀਂ ਕੈਂਟਕੀ ਦੇ ਲੂਈਵਿਲ ਸ਼ਹਿਰ ਵਿਖੇ ਚਲੇ ਗਏ ਜਿੱਥੇ ਮੈਨੂੰ ਇਕ ਗਵਾਹ ਨੇ ਨੌਕਰੀ ਦੀ ਪੇਸ਼ਕਸ਼ ਕੀਤੀ। ਮੇਰੇ ਭਰਾ ਬੈੱਨਟ ਨੇ ਕਈ ਸਾਲਾਂ ਤਕ ਬਾਰਬੇਡੋਸ ਵਿਚ ਸੇਵਾ ਜਾਰੀ ਰੱਖੀ। ਬਾਅਦ ਵਿਚ ਉਸ ਦਾ ਇਕ ਮਿਸ਼ਨਰੀ ਭੈਣ ਨਾਲ ਵਿਆਹ ਹੋ ਗਿਆ ਤੇ ਉਹ ਦੋਵੇਂ ਪਤੀ-ਪਤਨੀ ਟਾਪੂਆਂ ਤੇ ਸਫ਼ਰੀ ਕੰਮ ਕਰਨ ਲੱਗ ਪਏ। ਪਰ ਕੁਝ ਸਿਹਤ ਸਮੱਸਿਆਵਾਂ ਕਰਕੇ ਉਨ੍ਹਾਂ ਨੂੰ ਮੁੜ ਅਮਰੀਕਾ ਆਉਣਾ ਪਿਆ। ਉਹ 1990 ਤਕ ਸਪੈਨਿਸ਼ ਭਾਸ਼ਾ ਬੋਲਣ ਵਾਲੀਆਂ ਕਲੀਸਿਯਾਵਾਂ ਵਿਚ ਸਫ਼ਰੀ ਕੰਮ ਕਰਦੇ ਰਹੇ ਤੇ ਉਸੇ ਸਾਲ 73 ਸਾਲ ਦੀ ਉਮਰ ਵਿਚ ਬੈਨੱਟ ਗੁਜ਼ਰ ਗਿਆ।
ਸਾਲ 1950 ਵਿਚ ਡੌਰਥੀ ਨੇ ਸਾਡੇ ਪਹਿਲੇ ਬੱਚੇ ਯਾਨੀ ਕੁੜੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਅਸੀਂ ਡੈੱਰਲ ਰੱਖਿਆ। ਸਾਡੇ ਕੁੱਲ ਪੰਜ ਬੱਚੇ ਹੋਏ। ਸਾਡੇ ਦੂਜੇ ਬੱਚੇ ਡੈਰਿਕ ਨੂੰ ਰੀੜ੍ਹ ਦੀ ਹੱਡੀ ਦੀ ਬੀਮਾਰੀ ਸੀ ਜਿਸ ਕਾਰਨ ਉਹ ਢਾਈ ਵਰ੍ਹਿਆਂ ਦੀ ਉਮਰ ਵਿਚ ਚੱਲ ਵਸਿਆ। ਲੈੱਸਲੀ 1956 ਅਤੇ ਇਵਰਟ 1958 ਵਿਚ ਪੈਦਾ ਹੋਏ। ਅਸੀਂ ਦੋਹਾਂ ਨੇ ਬੱਚਿਆਂ ਦੀ ਬਾਈਬਲ ਸੱਚਾਈ ਵਿਚ ਪਰਵਰਿਸ਼ ਕਰਨ ਲਈ ਸਖ਼ਤ ਮਿਹਨਤ ਕੀਤੀ। ਅਸੀਂ ਹਮੇਸ਼ਾ ਹਫ਼ਤਾਵਾਰ ਬਾਈਬਲ ਸਟੱਡੀ ਕਰਨ ਅਤੇ ਇਸ ਨੂੰ ਬੱਚਿਆਂ ਲਈ ਮਜ਼ੇਦਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਡੈੱਰਲ, ਲੈੱਸਲੀ ਤੇ ਇਵਰਟ ਅਜੇ ਛੋਟੇ ਹੀ ਸਨ, ਤਾਂ ਅਸੀਂ ਉਨ੍ਹਾਂ ਨੂੰ ਹਰ ਹਫ਼ਤੇ ਰਿਸਰਚ ਕਰਨ ਲਈ ਸਵਾਲ ਦਿੰਦੇ ਸਾਂ ਤੇ ਅਗਲੇ ਹਫ਼ਤੇ ਉਨ੍ਹਾਂ ਕੋਲੋਂ ਜਵਾਬ ਪੁੱਛਦੇ ਸਾਂ। ਉਹ ਘਰ-ਘਰ ਪ੍ਰਚਾਰ ਕਰਨ ਦੀ ਐਕਟਿੰਗ ਵੀ ਕਰਦੇ ਸਨ। ਇਕ ਜਣਾ ਸਟੋਰ ਅੰਦਰ ਜਾ ਕੇ ਘਰ-ਸੁਆਮੀ ਹੋਣ ਦਾ ਨਾਟਕ ਕਰਦਾ ਸੀ। ਦੂਜਾ ਜਣਾ ਬਾਹਰ ਖੜ੍ਹਾ ਹੋ ਕੇ ਦਰਵਾਜ਼ਾ ਖੜਕਾਉਂਦਾ ਸੀ। ਇਕ-ਦੂਜੇ ਨੂੰ ਬੋਂਦਲਾਉਣ ਲਈ ਉਹ ਇਕ ਦੂਜੇ ਨੂੰ ਹਾਸੇ-ਮਜ਼ਾਕ ਵਾਲੀਆਂ ਗੱਲਾਂ ਵੀ ਕਹਿੰਦੇ ਸਨ, ਪਰ ਇਸ ਨਾਲ ਉਨ੍ਹਾਂ ਨੂੰ ਪ੍ਰਚਾਰ ਕੰਮ ਨਾਲ ਪਿਆਰ ਹੋ ਗਿਆ। ਅਸੀਂ ਉਨ੍ਹਾਂ ਨਾਲ ਪ੍ਰਚਾਰ ਤੇ ਵੀ ਲਗਾਤਾਰ ਜਾਂਦੇ ਸਾਂ।
ਜਦੋਂ ਸਾਡਾ ਸਭ ਤੋਂ ਛੋਟਾ ਮੁੰਡਾ ਐਲਟਨ 1973 ਵਿਚ ਪੈਦਾ ਹੋਇਆ, ਤਾਂ ਉਸ ਵੇਲੇ ਡੌਰਥੀ ਤਕਰੀਬਨ 50 ਸਾਲਾਂ ਦੀ ਤੇ ਮੈਂ ਕਰੀਬ 60 ਸਾਲਾਂ ਦਾ ਸੀ। ਕਲੀਸਿਯਾ ਵਿਚ ਭੈਣ-ਭਰਾ ਸਾਨੂੰ ਅਬਰਾਹਾਮ ਤੇ ਸਾਰਾਹ ਕਹਿੰਦੇ ਸਨ! (ਉਤਪਤ 17:15-17) ਵੱਡੇ ਮੁੰਡੇ ਅਕਸਰ ਐਲਟਨ ਨੂੰ ਪ੍ਰਚਾਰ ਵਿਚ ਲੈ ਜਾਂਦੇ ਸਨ। ਐਲਟਨ ਦੇ ਵੱਡੇ ਭਰਾ ਵਾਰੋ-ਵਾਰੀ ਉਸ ਨੂੰ ਆਪਣੇ ਮੋਢਿਆਂ ਤੇ ਚੁੱਕ ਲੈਂਦੇ ਸਨ ਅਤੇ ਉਸ ਦੇ ਹੱਥ ਵਿਚ ਇਕ ਬਾਈਬਲ ਟ੍ਰੈਕਟ ਫੜਾ ਦਿੰਦੇ ਸਨ। ਜ਼ਿਆਦਾਤਰ ਲੋਕ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਦੇ ਸਨ ਜਦੋਂ ਉਹ ਦਰਵਾਜ਼ਾ ਖੋਲ੍ਹਣ ਤੇ ਇਸ ਛੋਟੇ ਨਿਆਣੇ ਨੂੰ ਆਪਣੇ ਭਰਾਵਾਂ ਦੇ ਮੋਢੇ ਤੇ ਬੈਠਾ ਵੇਖਦੇ ਸਨ। ਮੁੰਡਿਆਂ ਨੇ ਐਲਟਨ ਨੂੰ ਸਿਖਾਇਆ ਕਿ ਉਹ ਗੱਲਬਾਤ ਖ਼ਤਮ ਹੋ ਜਾਣ ਤੇ ਉਸ ਵਿਅਕਤੀ ਨੂੰ ਟ੍ਰੈਕਟ ਦੇਵੇ ਤੇ ਥੋੜ੍ਹੇ ਲਫ਼ਜ਼ਾਂ ਵਿਚ ਕੁਝ ਕਹੇ। ਇੰਜ ਐਲਟਨ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸਾਨੂੰ ਲੱਗਦਾ ਸੀ ਕਿ ਜਦੋਂ ਪਰਿਵਾਰ ਦੇ ਮੈਂਬਰ ਯਾਨੀ ਭੈਣ-ਭਰਾ, ਮਾਪੇ ਤੇ ਬੱਚੇ ਇਕੱਠੇ ਮਿਲ ਕੇ ਕੰਮ ਕਰਦੇ ਅਤੇ ਦੂਜਿਆਂ ਨਾਲ ਸੱਚਾਈ ਸਾਂਝੀ ਕਰਦੇ ਸਨ, ਤਾਂ ਲੋਕਾਂ ਨੂੰ ਇਕ ਜ਼ਬਰਦਸਤ ਗਵਾਹੀ ਮਿਲਦੀ ਸੀ।
ਹੁਣ ਤਕ ਅਸੀਂ ਕਈ ਲੋਕਾਂ ਦੀ ਯਹੋਵਾਹ ਬਾਰੇ ਜਾਣਨ ਵਿਚ ਮਦਦ ਕੀਤੀ ਹੈ। ਸਾਲ 1970 ਵਿਚ ਅਸੀਂ ਲੂਈਵਿਲ ਤੋਂ ਕੈਂਟਕੀ ਦੇ ਸ਼ੈੱਲਬੀਵਿਲ ਸ਼ਹਿਰ ਦੀ ਕਲੀਸਿਯਾ ਵਿਚ ਚਲੇ ਗਏ ਜਿੱਥੇ ਸਾਡੀ ਲੋੜ ਸੀ। ਅਸੀਂ ਨਾ ਸਿਰਫ਼ ਉੱਥੇ ਦੀ ਕਲੀਸਿਯਾ ਦੀ ਤਰੱਕੀ ਹੁੰਦੀ ਦੇਖੀ, ਸਗੋਂ ਜ਼ਮੀਨ ਲੱਭਣ ਤੇ ਕਿੰਗਡਮ ਹਾਲ ਬਣਾਉਣ ਵਿਚ ਵੀ ਮਦਦ ਕੀਤੀ। ਫਿਰ ਸਾਨੂੰ ਥੋੜ੍ਹੀ ਹੀ ਦੂਰੀ ਤੇ ਇਕ ਹੋਰ ਕਲੀਸਿਯਾ ਵਿਚ ਸੇਵਾ ਕਰਨ ਲਈ ਕਿਹਾ ਗਿਆ।
ਪਰਿਵਾਰਕ ਉਤਾਰ-ਚੜਾਅ
ਮੇਰੀ ਖ਼ਾਹਸ਼ ਸੀ ਕਿ ਮੈਂ ਕਹਾਂ ਕਿ ਮੇਰੇ ਸਾਰੇ ਬੱਚੇ ਯਹੋਵਾਹ ਦੇ ਰਾਹ ਉੱਤੇ ਚੱਲੇ, ਪਰ ਅਫ਼ਸੋਸ ਇੰਜ ਨਾ ਹੋ ਸਕਿਆ। ਵੱਡੇ ਹੋਣ ਤੇ ਘਰੋਂ ਦੂਰ ਚਲੇ ਜਾਣ ਕਰਕੇ ਸਾਡੇ ਤਿੰਨ ਬੱਚਿਆਂ ਨੇ ਸੱਚਾਈ ਦਾ ਰਸਤਾ ਛੱਡ ਦਿੱਤਾ। ਪਰ ਸਾਡਾ ਮੁੰਡਾ ਇਵਰਟ ਮੇਰੀ ਮਿਸਾਲ ਤੇ ਚੱਲਿਆ ਅਤੇ ਉਸ ਨੇ ਪੂਰਣ-ਕਾਲੀ ਸੇਵਕਾਈ ਕੀਤੀ। ਬਾਅਦ ਵਿਚ ਉਸ ਨੇ ਨਿਊਯਾਰਕ ਵਿਖੇ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਵਿਚ ਸੇਵਾ ਕੀਤੀ ਤੇ 1984 ਵਿਚ ਉਸ ਨੂੰ ਗਿਲਿਅਡ ਦੀ 77ਵੀਂ ਕਲਾਸ ਲਈ ਬੁਲਾਇਆ ਗਿਆ। ਗ੍ਰੈਜੂਏਸ਼ਨ ਤੋਂ ਬਾਅਦ ਉਹ ਦੱਖਣੀ ਅਫ਼ਰੀਕਾ ਦੇ ਸੀਅਰਾ ਲਿਓਨ ਵਿਖੇ ਸੇਵਾ ਕਰਨ ਚਲਾ ਗਿਆ। ਸਾਲ 1988 ਵਿਚ ਉਸ ਦਾ ਵਿਆਹ ਬੈਲਜੀਅਮ ਦੀ ਇਕ ਪਾਇਨੀਅਰ ਕੁੜੀ ਮਾਰੀਆਨ ਨਾਲ ਹੋਇਆ। ਉਦੋਂ ਤੋਂ ਉਹ ਇਕੱਠੇ ਮਿਸ਼ਨਰੀਆਂ ਵਜੋਂ ਸੇਵਾ ਕਰ ਰਹੇ ਹਨ।
ਆਪਣੇ ਬੱਚਿਆਂ ਨੂੰ ਸੱਚਾਈ ਤੋਂ ਦੂਰ ਜਾਂਦਾ ਦੇਖ ਕੇ ਹਰ ਮਾਂ-ਬਾਪ ਦਾ ਦਿਲ ਟੁੱਟ ਜਾਂਦਾ ਹੈ। ਸਾਡੇ ਨਾਲ ਵੀ ਇੰਜ ਹੀ ਹੋਇਆ ਜਦੋਂ ਅਸੀਂ ਆਪਣੇ ਤਿੰਨ ਬੱਚਿਆਂ ਨੂੰ ਉਸ ਰਾਹ ਤੋਂ ਦੂਰ ਹੁੰਦੇ ਦੇਖਿਆ ਜਿਸ ਤੋਂ ਅੱਜ ਸੰਤੁਸ਼ਟੀ ਅਤੇ ਭਵਿੱਖ ਵਿਚ ਸੋਹਣੇ ਬਾਗ਼ ਵਰਗੀ ਧਰਤੀ ਤੇ ਹਮੇਸ਼ਾ ਦੀ ਜ਼ਿੰਦਗੀ ਦੀ ਆਸ ਮਿਲਦੀ ਹੈ। ਕਦੇ-ਕਦੇ ਮੈਂ ਖ਼ੁਦ ਨੂੰ ਹੀ ਕਸੂਰਵਾਰ ਸਮਝਦਾ ਹਾਂ। ਪਰ ਮੈਨੂੰ ਇਹ ਜਾਣ ਕੇ ਦਿਲਾਸਾ ਮਿਲਿਆ ਹੈ ਕਿ ਯਹੋਵਾਹ ਦੇ ਵੀ ਆਪਣੇ ਕਈ ਆਤਮਿਕ ਪੁੱਤਰਾਂ ਯਾਨੀ ਦੂਤਾਂ ਨੇ ਉਸ ਦੀ ਸੇਵਾ ਕਰਨੀ ਛੱਡ ਦਿੱਤੀ ਸੀ ਹਾਲਾਂਕਿ ਯਹੋਵਾਹ ਪਿਆਰ ਤੇ ਦਇਆ ਨਾਲ ਅਨੁਸ਼ਾਸਨ ਦਿੰਦਾ ਹੈ। ਨਾਲੇ ਯਹੋਵਾਹ ਤਾਂ ਕਦੇ ਗ਼ਲਤੀ ਨਹੀਂ ਕਰਦਾ। (ਬਿਵਸਥਾ ਸਾਰ 32:4; ਯੂਹੰਨਾ 8:44; ਪਰਕਾਸ਼ ਦੀ ਪੋਥੀ 12:4, 9) ਇਸ ਤੋਂ ਮੈਂ ਇਹ ਸਿੱਖਿਆ ਕਿ ਭਾਵੇਂ ਮਾਂ-ਬਾਪ ਆਪਣੇ ਬੱਚਿਆਂ ਦੀ ਯਹੋਵਾਹ ਦੇ ਰਾਹ ਮੁਤਾਬਕ ਪਰਵਰਿਸ਼ ਕਰਨ ਦੀ ਕਿੰਨੀ ਹੀ ਕੋਸ਼ਿਸ਼ ਤੇ ਮਿਹਨਤ ਕਿਉਂ ਨਾ ਕਰਨ, ਪਰ ਫਿਰ ਵੀ ਉਨ੍ਹਾਂ ਵਿੱਚੋਂ ਸ਼ਾਇਦ ਕਈ ਸੱਚਾਈ ਸਵੀਕਾਰ ਨਾ ਕਰਨ।
ਜਿੱਦਾਂ ਇਕ ਰੁੱਖ ਤੇਜ਼ ਹਵਾਵਾਂ ਦੇ ਸਾਮ੍ਹਣੇ ਝੁਕ ਜਾਂਦਾ ਹੈ ਉੱਦਾਂ ਹੀ ਸਾਨੂੰ ਵੀ ਜ਼ਿੰਦਗੀ ਦੇ ਰਸਤੇ ਵਿਚ ਆਉਣ ਵਾਲੀਆਂ ਔਕੜਾਂ ਤੇ ਸਮੱਸਿਆਵਾਂ ਮੁਤਾਬਕ ਢਲ਼ਣਾ ਪੈਂਦਾ ਹੈ। ਸਮਾਂ ਬੀਤਣ ਦੇ ਨਾਲ-ਨਾਲ ਬਾਕਾਇਦਾ ਬਾਈਬਲ ਅਧਿਐਨ ਅਤੇ ਸਭਾਵਾਂ ਨੇ ਮੈਨੂੰ ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਮਦਦ ਦਿੱਤੀ ਹੈ ਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਰਹਿਣ ਦੀ ਤਾਕਤ ਦਿੱਤੀ ਹੈ। ਉਮਰ ਦੇ ਵਧਣ ਦੇ ਨਾਲ-ਨਾਲ ਜਦੋਂ ਮੈਂ ਬੀਤੇ ਸਮੇਂ ਵਿਚ ਕੀਤੀਆਂ ਆਪਣੀਆਂ ਗ਼ਲਤੀਆਂ ਨੂੰ ਯਾਦ ਕਰਦਾ ਹਾਂ, ਤਾਂ ਮੈਂ ਜ਼ਿੰਦਗੀ ਦੇ ਚੰਗੇ ਪਹਿਲੂਆਂ ਵੱਲ ਦੇਖਣ ਦੀ ਕੋਸ਼ਿਸ਼ ਵੀ ਕਰਦਾ ਹਾਂ। ਜੇ ਅਸੀਂ ਵਫ਼ਾਦਾਰ ਰਹਿੰਦੇ ਹਾਂ, ਤਾਂ ਅਜਿਹੇ ਤਜਰਬੇ ਸਾਡੀ ਅਧਿਆਤਮਿਕਤਾ ਨੂੰ ਹੋਰ ਵੀ ਵਧਾਉਂਦੇ ਹਨ। ਜੇ ਅਸੀਂ ਗ਼ਲਤੀਆਂ ਤੋਂ ਸਿੱਖੀਏ, ਤਾਂ ਅਸੀਂ ਜ਼ਿੰਦਗੀ ਦੇ ਕੌੜੇ ਤਜਰਬਿਆਂ ਤੋਂ ਵਧੀਆ ਸਬਕ ਸਿੱਖ ਸਕਦੇ ਹਾਂ।—ਯਾਕੂਬ 1:2, 3.
ਹੁਣ ਯਹੋਵਾਹ ਦੀ ਸੇਵਾ ਵਿਚ ਮੈਂ ਤੇ ਡੌਰਥੀ ਜੋ ਕੁਝ ਕਰਨਾ ਚਾਹੁੰਦੇ ਹਾਂ ਉਸ ਲਈ ਸਾਡੇ ਕੋਲ ਨਾ ਤਾਂ ਚੰਗੀ ਸਿਹਤ ਤੇ ਨਾ ਹੀ ਤਾਕਤ ਹੈ। ਪਰ ਅਸੀਂ ਆਪਣੇ ਪਿਆਰੇ ਭੈਣ-ਭਰਾਵਾਂ ਦੀ ਮਦਦ ਦੇ ਬੜੇ ਧੰਨਵਾਦੀ ਹਾਂ। ਹਰ ਸਭਾ ਵਿਚ ਭੈਣ-ਭਰਾ ਸਾਨੂੰ ਦੱਸਦੇ ਹਨ ਕਿ ਉਹ ਸਾਡੀ ਮੌਜੂਦਗੀ ਦੀ ਬੜੀ ਕਦਰ ਕਰਦੇ ਹਨ। ਉਹ ਸਾਡੀ ਹਰ ਹੀਲੇ ਮਦਦ ਕਰਦੇ ਹਨ—ਇੱਥੋਂ ਤਕ ਕਿ ਉਹ ਸਾਡੇ ਘਰ ਅਤੇ ਕਾਰ ਦੀ ਵੀ ਮੁਰੰਮਤ ਕਰਦੇ ਹਨ।
ਕਦੇ-ਕਦਾਈਂ ਅਸੀਂ ਸਹਾਇਕ ਪਾਇਨੀਅਰੀ ਕਰ ਲੈਂਦੇ ਹਾਂ ਅਤੇ ਦਿਲਚਸਪੀ ਰੱਖਣ ਵਾਲਿਆਂ ਨੂੰ ਸਟੱਡੀ ਕਰਾਉਂਦੇ ਹਾਂ। ਸਭ ਤੋਂ ਖ਼ਾਸ ਖ਼ੁਸ਼ੀ ਸਾਨੂੰ ਉਦੋਂ ਮਿਲਦੀ ਹੈ ਜਦੋਂ ਸਾਨੂੰ ਅਫ਼ਰੀਕਾ ਵਿਚ ਸੇਵਾ ਕਰ ਰਹੇ ਆਪਣੇ ਮੁੰਡੇ ਕੋਲੋਂ ਖ਼ਬਰ-ਸਾਰ ਮਿਲਦੀ ਹੈ। ਸਾਡੀ ਅਜੇ ਵੀ ਪਰਿਵਾਰਕ ਬਾਈਬਲ ਸਟੱਡੀ ਹੁੰਦੀ ਹੈ ਚਾਹੇ ਕਿ ਅਸੀਂ ਦੋਵੇਂ ਹੀ ਕਰਦੇ ਹਾਂ। ਅਸੀਂ ਖ਼ੁਸ਼ ਹਾਂ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਇੰਨੇ ਸਾਲ ਬਿਤਾਏ ਹਨ। ਯਹੋਵਾਹ ਭਰੋਸਾ ਦਿਵਾਉਂਦਾ ਹੈ ਕਿ ਉਹ ਅਜਿਹਾ ਨਹੀਂ ਜਿਹੜਾ ‘ਸਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਅਸਾਂ ਉਹ ਦੇ ਨਾਮ ਨਾਲ ਵਿਖਾਇਆ’ ਹੈ।—ਇਬਰਾਨੀਆਂ 6:10.
[ਸਫ਼ੇ 25 ਉੱਤੇ ਤਸਵੀਰ]
18 ਅਪ੍ਰੈਲ 1940 ਨੂੰ ਟੈਡ ਕਲਾਈਨ ਕੋਲੋਂ ਬਪਤਿਸਮਾ ਲੈਂਦੇ ਹੋਏ ਮੈਂ, ਵੈਲਵਾ ਅਤੇ ਬੈਨੱਟ
[ਸਫ਼ੇ 26 ਉੱਤੇ ਤਸਵੀਰਾਂ]
ਆਪਣੀ ਪਤਨੀ ਡੌਰਥੀ ਨਾਲ 1940 ਦੇ ਸ਼ੁਰੂ ਵਿਚ ਤੇ 1997 ਵਿਚ
[ਸਫ਼ੇ 27 ਉੱਤੇ ਤਸਵੀਰ]
ਬਾਰਬੇਡੋਸ ਵਿਖੇ ਬਸ ਦੁਆਰਾ ਜਨਤਕ ਭਾਸ਼ਣ “ਸ਼ਾਂਤੀ ਦਾ ਰਾਜਕੁਮਾਰ” ਦਾ ਐਲਾਨ
[ਸਫ਼ੇ 27 ਉੱਤੇ ਤਸਵੀਰ]
ਮਿਸ਼ਨਰੀ ਘਰ ਦੇ ਸਾਮ੍ਹਣੇ ਮੇਰਾ ਭਰਾ ਬੈਨੱਟ