“ਫ਼ਰਾਂਸ ਵਿਚ ਕੀ ਹੋ ਰਿਹਾ ਹੈ?”
“ਆਜ਼ਾਦੀ, ਪਿਆਰੀ ਆਜ਼ਾਦੀ।” ਇਹ ਸ਼ਬਦ ਫ਼ਰਾਂਸ ਦੇ ਰਾਸ਼ਟਰੀ ਗੀਤ “ਲਾ ਮੌਰਸੇਯਾਜ਼” ਦੇ ਬੋਲ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਜ਼ਾਦੀ ਸਾਰਿਆਂ ਨੂੰ ਪਿਆਰੀ ਹੁੰਦੀ ਹੈ। ਪਰ ਹਾਲ ਹੀ ਵਿਚ ਫ਼ਰਾਂਸ ਵਿਚ ਵਾਪਰੀਆਂ ਘਟਨਾਵਾਂ ਇਹ ਚਿੰਤਾ ਪੈਦਾ ਕਰ ਰਹੀਆਂ ਹਨ ਕਿ ਲੋਕਾਂ ਦੀ ਬੁਨਿਆਦੀ ਆਜ਼ਾਦੀ ਖ਼ਤਰੇ ਵਿਚ ਹੈ। ਇਸੇ ਕਰਕੇ ਸ਼ੁੱਕਰਵਾਰ, 3 ਨਵੰਬਰ 2000 ਨੂੰ ਇਕ ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹਾਂ ਨੇ ਇਕ ਖ਼ਾਸ ਟ੍ਰੈਕਟ ਦੀਆਂ ਇਕ ਕਰੋੜ ਵੀਹ ਲੱਖ ਕਾਪੀਆਂ ਵੰਡੀਆਂ। ਇਸ ਟ੍ਰੈਕਟ ਦਾ ਨਾਂ ਸੀ “ਫ਼ਰਾਂਸ ਵਿਚ ਕੀ ਹੋ ਰਿਹਾ ਹੈ? ਕੀ ਆਜ਼ਾਦੀ ਖੋਹੀ ਜਾ ਰਹੀ ਹੈ?”
ਕਈ ਸਾਲਾਂ ਤੋਂ ਫ਼ਰਾਂਸ ਵਿਚ ਵੱਸਦੇ ਯਹੋਵਾਹ ਦੇ ਗਵਾਹਾਂ ਨੂੰ ਅਲੱਗ-ਅਲੱਗ ਸਿਆਸਤਦਾਨਾਂ ਅਤੇ ਫਿਰਕਾ-ਵਿਰੋਧੀ ਸਮੂਹਾਂ ਦੇ ਹਮਲਿਆਂ ਦਾ ਸਾਮ੍ਹਣਾ ਕਰਨਾ ਪਿਆ ਹੈ। ਇਸ ਕਰਕੇ ਗਵਾਹਾਂ ਨੂੰ ਨਿੱਜੀ ਤੌਰ ਤੇ, ਕਲੀਸਿਯਾ ਦੇ ਤੌਰ ਤੇ ਅਤੇ ਕੌਮੀ ਪੱਧਰ ਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ। ਪਰ 23 ਜੂਨ 2000 ਨੂੰ ਫ਼ਰਾਂਸ ਦੀ ਸਭ ਤੋਂ ਉੱਚੀ ਪ੍ਰਸ਼ਾਸਕੀ ਅਦਾਲਤ, ਕੌਂਸੇ ਡੇਟਾ ਨੇ ਇਕ ਬਹੁਤ ਹੀ ਮਹੱਤਵਪੂਰਣ ਫ਼ੈਸਲਾ ਸੁਣਾਇਆ ਜਿਸ ਨੇ 31 ਲੋਵਰ ਕੋਰਟਾਂ ਦੁਆਰਾ 1,100 ਕੇਸਾਂ ਵਿਚ ਕੀਤੇ ਫ਼ੈਸਲਿਆਂ ਦੀ ਪੁਸ਼ਟੀ ਕੀਤੀ। ਉੱਚ ਅਦਾਲਤ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਯਹੋਵਾਹ ਦੇ ਗਵਾਹਾਂ ਦੁਆਰਾ ਕੀਤੀ ਜਾਂਦੀ ਉਪਾਸਨਾ ਪੂਰੀ ਤਰ੍ਹਾਂ ਫ਼ਰਾਂਸੀਸੀ ਕਾਨੂੰਨ ਦੇ ਅਨੁਸਾਰ ਹੈ ਅਤੇ ਦੂਸਰੇ ਧਰਮਾਂ ਵਾਂਗ ਉਨ੍ਹਾਂ ਦੇ ਕਿੰਗਡਮ ਹਾਲਾਂ ਨੂੰ ਵੀ ਟੈਕਸ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ।
ਪਰ ਇਸ ਫ਼ੈਸਲੇ ਦੀ ਉੱਕਾ ਹੀ ਪਰਵਾਹ ਨਾ ਕਰਦਿਆਂ ਫ਼ਰਾਂਸ ਦਾ ਵਿੱਤ ਮੰਤਰਾਲਾ ਯਹੋਵਾਹ ਦੇ ਗਵਾਹਾਂ ਨੂੰ ਟੈਕਸਾਂ ਵਿਚ ਕਾਨੂੰਨੀ ਛੋਟ ਦੇਣ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ ਜੋ ਧਾਰਮਿਕ ਸੰਗਠਨਾਂ ਨੂੰ ਦਿੱਤੀ ਜਾਂਦੀ। ਇਸ ਮੰਤਰਾਲੇ ਨੇ ਫ਼ਰਾਂਸ ਵਿਚ 1,500 ਕਲੀਸਿਯਾਵਾਂ ਦੇ ਗਵਾਹਾਂ ਅਤੇ ਉਨ੍ਹਾਂ ਨਾਲ ਸੰਗਤੀ ਕਰਨ ਵਾਲੇ ਦੋਸਤਾਂ ਦੁਆਰਾ ਦਿੱਤੇ ਜਾਂਦੇ ਚੰਦੇ ਉੱਤੇ 60 ਪ੍ਰਤਿਸ਼ਤ ਟੈਕਸ ਲਾਇਆ ਹੈ। ਇਸ ਵੇਲੇ ਇਸ ਕੇਸ ਦਾ ਮੁਕੱਦਮਾ ਚੱਲ ਰਿਹਾ ਹੈ।
ਉੱਪਰ ਦੱਸੀ ਗਈ ਮੁਹਿੰਮ ਦਾ ਮਕਸਦ ਇਸ ਪੱਖਪਾਤ ਨੂੰ ਜੱਗ ਜ਼ਾਹਰ ਕਰਨਾ ਅਤੇ ਲੋਕਾਂ ਨੂੰ ਇਸ ਗੱਲ ਪ੍ਰਤੀ ਸਚੇਤ ਕਰਨਾ ਸੀ ਕਿ ਟੈਕਸ ਲਾਉਣ ਦੇ ਅਜਿਹੇ ਆਪਹੁਦਰੇ ਫ਼ੈਸਲੇ ਅਤੇ ਸਾਰਿਆਂ ਦੀ ਧਾਰਮਿਕ ਆਜ਼ਾਦੀ ਉੱਤੇ ਹਮਲਾ ਕਰਨ ਵਾਲੇ ਪ੍ਰਸਤਾਵਤ ਕਾਨੂੰਨਾਂ ਦੇ ਕਿਹੜੇ ਭੈੜੇ ਨਤੀਜੇ ਨਿਕਲ ਸਕਦੇ ਹਨ।a
ਇਕ ਲੰਬਾ ਦਿਨ
ਸਵੇਰੇ 2 ਵਜੇ ਕੁਝ ਕਲੀਸਿਯਾਵਾਂ ਦੇ ਗਵਾਹਾਂ ਨੇ ਰੇਲਵੇ ਸਟੇਸ਼ਨਾਂ, ਫੈਕਟਰੀਆਂ ਅਤੇ ਫਿਰ ਹਵਾਈ ਅੱਡਿਆਂ ਦੇ ਬਾਹਰ ਟ੍ਰੈਕਟ ਵੰਡਣੇ ਸ਼ੁਰੂ ਕੀਤੇ। ਛੇ ਵਜੇ ਪੈਰਿਸ ਸ਼ਹਿਰ ਵਿਚ ਕੰਮ-ਧੰਦਿਆਂ ਦਾ ਸਮਾਂ ਹੋਇਆ। ਤਕਰੀਬਨ 6,000 ਸਵੈ-ਸੇਵਕਾਂ ਨੂੰ ਖ਼ਾਸ-ਖ਼ਾਸ ਥਾਵਾਂ ਤੇ ਖੜ੍ਹਾ ਕੀਤਾ ਗਿਆ ਤਾਂਕਿ ਉਹ ਕੰਮ ਤੇ ਜਾਣ ਵਾਲੇ ਲੋਕਾਂ ਨਾਲ ਗੱਲ ਕਰ ਸਕਣ। ਇਕ ਜਵਾਨ ਤੀਵੀਂ ਨੇ ਕਿਹਾ: “ਤੁਸੀਂ ਧਾਰਮਿਕ ਆਜ਼ਾਦੀ ਲਈ ਜੋ ਵੀ ਕਰ ਰਹੇ ਹੋ, ਉਹ ਬਹੁਤ ਚੰਗੀ ਗੱਲ ਹੈ। ਇਸ ਦਾ ਅਸਰ ਸਿਰਫ਼ ਯਹੋਵਾਹ ਦੇ ਗਵਾਹਾਂ ਉੱਤੇ ਹੀ ਨਹੀਂ ਪਵੇਗਾ।” ਮਾਰਸੇਲਜ਼ ਵਿਚ 350 ਤੋਂ ਜ਼ਿਆਦਾ ਗਵਾਹਾਂ ਨੇ ਜ਼ਮੀਨਦੋਜ਼ ਰੇਲਵੇ ਸਟੇਸ਼ਨਾਂ ਅਤੇ ਸੜਕਾਂ-ਗਲੀਆਂ ਵਿਚ ਟ੍ਰੈਕਟ ਵੰਡੇ। ਇਕ ਘੰਟੇ ਦੇ ਅੰਦਰ-ਅੰਦਰ ਹੀ, ਨੈਸ਼ਨਲ ਰੇਡੀਓ ਨੇ ਇਸ ਮੁਹਿੰਮ ਦਾ ਐਲਾਨ ਕਰਦੇ ਹੋਏ ਆਪਣੇ ਸ੍ਰੋਤਿਆਂ ਨੂੰ ਕਿਹਾ ਕਿ ਜੇ ਯਹੋਵਾਹ ਦੇ ਗਵਾਹ ਉਨ੍ਹਾਂ ਨੂੰ ਰੋਕ ਕੇ ਗੱਲ ਕਰਨ, ਤਾਂ ਉਹ ਹੈਰਾਨ ਨਾ ਹੋਣ। ਸਟ੍ਰਾਸਬਰਗ, ਜਿੱਥੇ ਮਨੁੱਖੀ ਅਧਿਕਾਰਾਂ ਦੀ ਯੂਰਪੀਅਨ ਅਦਾਲਤ ਦਾ ਮੁੱਖ ਦਫ਼ਤਰ ਹੈ, ਵਿਚ ਸੈਂਟ੍ਰਲ ਸਟੇਸ਼ਨ ਤੇ ਲੋਕ ਇਸ ਟ੍ਰੈਕਟ ਦੀ ਇਕ ਕਾਪੀ ਲੈਣ ਲਈ ਧੀਰਜ ਨਾਲ ਲਾਈਨ ਵਿਚ ਖੜ੍ਹੇ ਰਹੇ। ਇਕ ਵਕੀਲ ਨੇ ਟਿੱਪਣੀ ਕੀਤੀ ਕਿ ਚਾਹੇ ਉਹ ਸਾਡੇ ਧਾਰਮਿਕ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਹੈ, ਫਿਰ ਵੀ ਉਹ ਸਾਡੇ ਕੇਸ ਬਾਰੇ ਪੂਰੀ ਜਾਣਕਾਰੀ ਰੱਖ ਰਿਹਾ ਹੈ ਕਿਉਂਕਿ ਸਾਡੀ ਲੜਾਈ ਅਹਿਮ ਅਤੇ ਜਾਇਜ਼ ਹੈ।
ਅੱਠ ਵਜੇ ਬਹੁਤ ਮੀਂਹ ਪੈਣ ਦੇ ਬਾਵਜੂਦ ਵੀ ਐਲਪਸ ਪਹਾੜ ਤੇ ਵਸੇ ਗਰੇਨੋਬਲ ਸ਼ਹਿਰ ਵਿਚ 507 ਯਹੋਵਾਹ ਦੇ ਗਵਾਹਾਂ ਨੇ ਸੜਕਾਂ-ਗਲੀਆਂ ਵਿਚ ਲੋਕਾਂ ਨੂੰ ਟ੍ਰੈਕਟ ਵੰਡੇ ਜਾਂ ਘਰਾਂ ਦੇ ਲੈਟਰ ਬਕਸਿਆਂ ਵਿਚ ਟ੍ਰੈਕਟ ਪਾਏ। ਕਾਰਾਂ ਤੇ ਟ੍ਰਾਮਾਂ ਦੇ ਡਰਾਈਵਰਾਂ ਨੇ ਜਦੋਂ ਇੰਨੇ ਸਾਰੇ ਲੋਕਾਂ ਨੂੰ ਟ੍ਰੈਕਟ ਵੰਡਦਿਆਂ ਦੇਖਿਆ, ਤਾਂ ਉਨ੍ਹਾਂ ਨੇ ਆਪਣੀਆਂ ਗੱਡੀਆਂ ਰੋਕ ਕੇ ਟ੍ਰੈਕਟ ਮੰਗੇ। ਫ਼ਰਾਂਸ ਦੇ ਪੱਛਮੀ ਇਲਾਕੇ ਵਿਚ ਸ਼ਹਿਰ ਪੁਐਟੀਏ ਵਿਖੇ ਟ੍ਰੇਨ ਰਾਹੀਂ ਨੌਂ ਵਜੇ ਪਹੁੰਚਣ ਵਾਲੇ ਯਾਤਰੀਆਂ ਨੂੰ ਪਹਿਲਾਂ ਹੀ ਉਸ ਜਗ੍ਹਾ ਤੋਂ ਟ੍ਰੈਕਟ ਮਿਲ ਗਏ ਸਨ ਜਿੱਥੋਂ ਉਨ੍ਹਾਂ ਨੇ ਟ੍ਰੇਨ ਫੜੀ ਸੀ। ਤਦ ਤਕ, ਜਰਮਨੀ ਦੀ ਸਰਹੱਦ ਦੇ ਨੇੜੇ ਮਲੂਜ਼ ਸ਼ਹਿਰ ਵਿਚ 40,000 ਕਾਪੀਆਂ ਵੰਡੀਆਂ ਜਾ ਚੁੱਕੀਆਂ ਸਨ।
ਦਸ ਵਜੇ ਤਕ ਬਹੁਤ ਸਾਰੀਆਂ ਕਲੀਸਿਯਾਵਾਂ ਨੇ ਆਪਣੇ ਅੱਧੇ ਤੋਂ ਜ਼ਿਆਦਾ ਟ੍ਰੈਕਟ ਵੰਡ ਦਿੱਤੇ ਸਨ। ਸਵੇਰ ਦੇ ਸਮੇਂ ਦੌਰਾਨ ਬਹੁਤ ਘੱਟ ਲੋਕਾਂ ਨੇ ਟ੍ਰੈਕਟ ਲੈਣ ਤੋਂ ਇਨਕਾਰ ਕੀਤਾ ਅਤੇ ਕਈਆਂ ਨੇ ਦਿਲਚਸਪੀ ਦਿਖਾਉਂਦੇ ਹੋਏ ਗਵਾਹਾਂ ਨਾਲ ਗੱਲ ਵੀ ਕੀਤੀ। ਸਵਿਟਜ਼ਰਲੈਂਡ ਦੀ ਸਰਹੱਦ ਤੋਂ ਲਗਭਗ 80 ਕਿਲੋਮੀਟਰ ਦੂਰ ਬਜ਼ਾਸੋਂ ਸ਼ਹਿਰ ਵਿਚ ਇਕ ਨੌਜਵਾਨ ਨੇ ਬਾਈਬਲ ਵਿਚ ਆਪਣੀ ਦਿਲਚਸਪੀ ਜ਼ਾਹਰ ਕੀਤੀ ਅਤੇ ਪੁੱਛਿਆ ਕਿ ਪਰਮੇਸ਼ੁਰ ਨੇ ਦੁਨੀਆਂ ਵਿਚ ਦੁੱਖ ਕਿਉਂ ਰਹਿਣ ਦਿੱਤੇ ਹਨ। ਗਵਾਹਾਂ ਨੇ ਉਸ ਨੂੰ ਨੇੜੇ ਦੇ ਕਿੰਗਡਮ ਹਾਲ ਵਿਚ ਆ ਕੇ ਇਸ ਵਿਸ਼ੇ ਉੱਤੇ ਹੋਰ ਜ਼ਿਆਦਾ ਚਰਚਾ ਕਰਨ ਦਾ ਸੱਦਾ ਦਿੱਤਾ ਜਿੱਥੇ ਉਸ ਨਾਲ ਉਸੇ ਵੇਲੇ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਨਾਮਕ ਬਰੋਸ਼ਰ ਵਿੱਚੋਂ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ।
ਦੁਪਹਿਰ ਨੂੰ ਬਹੁਤ ਸਾਰੇ ਗਵਾਹਾਂ ਨੇ ਆਪਣੀ ਦੁਪਹਿਰ ਦੀ ਛੁੱਟੀ ਦੌਰਾਨ ਇਕ ਜਾਂ ਦੋ ਘੰਟੇ ਪ੍ਰਚਾਰ ਕੀਤਾ। ਪੂਰੀ ਦੁਪਹਿਰ ਦੌਰਾਨ ਟ੍ਰੈਕਟ ਦੀ ਵੰਡਾਈ ਜਾਰੀ ਰਹੀ; ਕਈ ਕਲੀਸਿਯਾਵਾਂ ਨੇ ਸ਼ਾਮ ਦੇ ਤਿੰਨ ਜਾਂ ਚਾਰ ਵਜੇ ਤਕ ਮੁਹਿੰਮ ਜਾਰੀ ਰੱਖੀ। ਆਪਣੀ ਸ਼ੈਮਪੇਨ ਲਈ ਪ੍ਰਸਿੱਧ ਸ਼ਹਿਰ ਰੀਮਜ਼ ਵਿਚ ਕੁਝ ਲੋਕਾਂ, ਜਿਨ੍ਹਾਂ ਨੇ ਪਹਿਲਾਂ ਯਹੋਵਾਹ ਦੇ ਗਵਾਹਾਂ ਨਾਲ ਅਧਿਐਨ ਕੀਤਾ ਸੀ ਜਾਂ ਉਨ੍ਹਾਂ ਨਾਲ ਸੰਗਤੀ ਕਰਦੇ ਸਨ, ਨੇ ਕਲੀਸਿਯਾ ਨਾਲ ਦੁਬਾਰਾ ਸੰਗਤੀ ਕਰਨ ਦੀ ਇੱਛਾ ਜ਼ਾਹਰ ਕੀਤੀ। ਬੋਰਡੋ ਵਿਚ ਤਿੰਨ ਬਾਈਬਲ ਅਧਿਐਨ ਸ਼ੁਰੂ ਕੀਤੇ ਗਏ। ਇਸੇ ਸ਼ਹਿਰ ਵਿਚ ਜਦੋਂ ਇਕ ਗਵਾਹ ਅਖ਼ਬਾਰ ਲੈਣ ਲਈ ਦੁਕਾਨ ਤੇ ਗਈ, ਤਾਂ ਉੱਥੇ ਉਸ ਨੇ ਕਾਊਂਟਰ ਉੱਤੇ ਇਨ੍ਹਾਂ ਟ੍ਰੈਕਟਾਂ ਦਾ ਥੱਬਾ ਪਿਆ ਦੇਖਿਆ। ਇਸ ਦੁਕਾਨ ਦੀ ਮਾਲਕਣ, ਜੋ ਪਹਿਲਾਂ ਗਵਾਹ ਸੀ, ਨੂੰ ਇਸ ਦੀ ਇਕ ਕਾਪੀ ਮਿਲੀ ਸੀ। ਜਦੋਂ ਉਸ ਨੇ ਦੇਖਿਆ ਕਿ ਇਹ ਟ੍ਰੈਕਟ ਬਹੁਤ ਮਹੱਤਵਪੂਰਣ ਹੈ, ਤਾਂ ਉਸ ਨੇ ਆਪ ਇਸ ਦੀਆਂ ਕਾਪੀਆਂ ਵੰਡਣ ਲਈ ਇਸ ਦੀਆਂ ਫੋਟੋ ਕਾਪੀਆਂ ਕਰ ਲਈਆਂ।
ਲਾ ਹਾਵਰ, ਨੋਰਮੰਡੀ ਵਿਚ ਜਦੋਂ ਇਕ ਪ੍ਰੋਟੈਸਟੈਂਟ ਤੀਵੀਂ ਨੇ ਰੇਡੀਓ ਤੇ ਸੁਣਿਆ ਕਿ ਯਹੋਵਾਹ ਦੇ ਗਵਾਹਾਂ ਦੇ ਚੰਦੇ ਉੱਤੇ ਟੈਕਸ ਲਾਇਆ ਜਾ ਰਿਹਾ ਹੈ, ਤਾਂ ਉਸ ਨੂੰ ਬਹੁਤ ਧੱਕਾ ਲੱਗਾ। ਉਸ ਨੇ ਖ਼ੁਸ਼ੀ-ਖ਼ੁਸ਼ੀ ਟ੍ਰੈਕਟ ਲੈ ਲਿਆ ਅਤੇ ਅਜਿਹੇ ਅਨਿਆਂ ਦੇ ਵਿਰੁੱਧ ਆਵਾਜ਼ ਚੁੱਕਣ ਲਈ ਗਵਾਹਾਂ ਦੀ ਸ਼ਲਾਘਾ ਕੀਤੀ। ਸ਼ਾਮ 7:20 ਤੇ ਲੀਅਨਜ਼ ਦੀਆਂ ਸਥਾਨਕ ਟੈਲੀਵਿਯਨ ਖ਼ਬਰਾਂ ਵਿਚ ਇਸ ਮੁਹਿੰਮ ਬਾਰੇ ਟਿੱਪਣੀ ਕੀਤੀ ਗਈ: “ਅੱਜ ਸਵੇਰੇ ਮੀਂਹ ਤੋਂ ਬਚਣਾ ਆਸਾਨ ਸੀ, ਪਰ ਯਹੋਵਾਹ ਦੇ ਗਵਾਹਾਂ ਦੇ ਟ੍ਰੈਕਟਾਂ ਤੋਂ ਬਚਣਾ ਬਹੁਤ ਮੁਸ਼ਕਲ ਸੀ।” ਦੋ ਗਵਾਹਾਂ ਦੀ ਇੰਟਰਵਿਊ ਲਈ ਗਈ ਜਿਨ੍ਹਾਂ ਨੇ ਇਸ ਮੁਹਿੰਮ ਦਾ ਮਕਸਦ ਸਮਝਾਇਆ।
ਜਿਹੜੇ ਗਵਾਹ ਕੰਮ ਤੋਂ ਬਾਅਦ ਇਸ ਮੁਹਿੰਮ ਵਿਚ ਹਿੱਸਾ ਲੈਣਾ ਚਾਹੁੰਦੇ ਸਨ, ਉਨ੍ਹਾਂ ਨੇ ਆਪਣੇ ਕੰਮਾਂ-ਕਾਰਾਂ ਤੋਂ ਪਰਤਦੇ ਲੋਕਾਂ ਨੂੰ ਟ੍ਰੈਕਟ ਵੰਡੇ ਅਤੇ ਘਰਾਂ ਦੇ ਲੈਟਰ ਬਕਸਿਆਂ ਵਿਚ ਵੀ ਪਾਏ। ਲਿਮੋਜ਼, ਜਿਹੜਾ ਆਪਣੇ ਚੀਨੀ ਮਿੱਟੀ ਦੇ ਭਾਂਡਿਆਂ ਲਈ ਪ੍ਰਸਿੱਧ ਹੈ, ਅਤੇ ਬ੍ਰੈਸਟ ਨਾਮਕ ਕਸਬਿਆਂ ਵਿਚ ਰਾਤ ਨੂੰ ਗਿਆਰਾਂ ਵਜੇ ਸਿਨਮਾ ਦੇਖ ਕੇ ਘਰ ਵਾਪਸ ਆ ਰਹੇ ਲੋਕਾਂ ਨੂੰ ਵੀ ਟ੍ਰੈਕਟ ਦਿੱਤੇ ਗਏ। ਬਾਕੀ ਬਚੇ ਟ੍ਰੈਕਟ ਇਕੱਠੇ ਕਰ ਕੇ ਅਗਲੇ ਦਿਨ ਸਵੇਰੇ ਵੰਡੇ ਗਏ।
ਨਤੀਜੇ
ਇਕ ਗਵਾਹ ਨੇ ਲਿਖਿਆ: “ਸਾਡੇ ਵੈਰੀ ਸੋਚਦੇ ਹਨ ਕਿ ਉਹ ਸਾਨੂੰ ਕਮਜ਼ੋਰ ਕਰ ਰਹੇ ਹਨ। ਅਸਲ ਵਿਚ ਇਸ ਨਾਲੋਂ ਉਲਟ ਹੋ ਰਿਹਾ ਹੈ।” ਜ਼ਿਆਦਾਤਰ ਕਲੀਸਿਯਾਵਾਂ ਵਿਚ 75 ਪ੍ਰਤਿਸ਼ਤ ਤੋਂ ਜ਼ਿਆਦਾ ਗਵਾਹਾਂ ਨੇ ਉਸ ਦਿਨ ਮੁਹਿੰਮ ਵਿਚ ਹਿੱਸਾ ਲਿਆ; ਕਈਆਂ ਨੇ ਇਸ ਵਿਚ 10, 12 ਜਾਂ 14 ਘੰਟੇ ਬਿਤਾਏ। ਫ਼ਰਾਂਸ ਦੇ ਉੱਤਰ ਵਿਚ ਸਥਿਤ ਐੱਮ ਸ਼ਹਿਰ ਵਿਚ ਇਕ ਗਵਾਹ ਨੇ ਰਾਤ ਦੀ ਸ਼ਿਫ਼ਟ ਕਰਨ ਤੋਂ ਬਾਅਦ ਸਵੇਰੇ ਪੰਜ ਵਜੇ ਤੋਂ ਲੈ ਕੇ ਦੁਪਹਿਰ ਦੇ ਤਿੰਨ ਵਜੇ ਤਕ ਟ੍ਰੈਕਟ ਵੰਡੇ। ਇਸ ਸ਼ਹਿਰ ਦੇ ਲਾਗੇ ਹੀ ਡਨੈਨ ਨਾਮਕ ਸ਼ਹਿਰ, ਜਿੱਥੇ ਸਾਲ 1906 ਵਿਚ ਕਲੀਸਿਯਾ ਸਥਾਪਿਤ ਕੀਤੀ ਗਈ ਸੀ, ਵਿਚ 75 ਗਵਾਹਾਂ ਨੇ ਸ਼ੁੱਕਰਵਾਰ ਨੂੰ ਟ੍ਰੈਕਟ ਵੰਡਣ ਵਿਚ 200 ਘੰਟੇ ਬਿਤਾਏ। ਕਈ ਦੂਸਰੇ ਗਵਾਹਾਂ ਨੇ ਬੁਢਾਪੇ, ਬੀਮਾਰੀ ਜਾਂ ਖ਼ਰਾਬ ਮੌਸਮ ਦੇ ਬਾਵਜੂਦ ਵੀ ਇਸ ਵਿਚ ਹਿੱਸਾ ਲੈਣ ਦਾ ਦ੍ਰਿੜ੍ਹ ਇਰਾਦਾ ਕੀਤਾ। ਉਦਾਹਰਣ ਲਈ ਲ ਮਾਂ ਸ਼ਹਿਰ ਵਿਚ ਤਿੰਨ ਮਹਿਲਾ ਗਵਾਹਾਂ, ਜਿਨ੍ਹਾਂ ਦੀ ਉਮਰ 80 ਸਾਲਾਂ ਤੋਂ ਉੱਪਰ ਹੈ, ਨੇ ਦੋ ਘੰਟਿਆਂ ਤਕ ਲੈਟਰ ਬਕਸਿਆਂ ਵਿਚ ਟ੍ਰੈਕਟ ਪਾਏ ਅਤੇ ਵੀਲ੍ਹ-ਚੇਅਰ ਤੇ ਬੈਠੇ ਇਕ ਗਵਾਹ ਨੇ ਰੇਲਵੇ ਸਟੇਸ਼ਨ ਦੇ ਸਾਮ੍ਹਣੇ ਟ੍ਰੈਕਟ ਵੰਡੇ। ਇਹ ਦੇਖ ਕੇ ਕਿੰਨੀ ਖ਼ੁਸ਼ੀ ਹੋਈ ਕਿ ਕਈ ਗਵਾਹ ਜਿਨ੍ਹਾਂ ਨੇ ਪ੍ਰਚਾਰ ਕਰਨਾ ਛੱਡ ਦਿੱਤਾ ਸੀ, ਉਨ੍ਹਾਂ ਨੇ ਵੀ ਇਸ ਖ਼ਾਸ ਕੰਮ ਵਿਚ ਹਿੱਸਾ ਲਿਆ!
ਬਿਨਾਂ ਸ਼ੱਕ, ਇਸ ਮੁਹਿੰਮ ਦੁਆਰਾ ਵੱਡੇ ਪੱਧਰ ਤੇ ਗਵਾਹੀ ਦਿੱਤੀ ਗਈ। ਸਮਾਜ ਦੇ ਹਰ ਵਰਗ ਦੇ ਲੋਕਾਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਦੀ-ਕਦਾਈਂ ਹੀ ਘਰ ਮਿਲਦੇ ਹਨ, ਨੂੰ ਇਸ ਟ੍ਰੈਕਟ ਦੀ ਇਕ ਕਾਪੀ ਮਿਲੀ। ਅਨੇਕ ਲੋਕਾਂ ਨੇ ਮਹਿਸੂਸ ਕੀਤਾ ਕਿ ਇਸ ਮੁਹਿੰਮ ਰਾਹੀਂ ਸਿਰਫ਼ ਗਵਾਹਾਂ ਦੇ ਹਿੱਤਾਂ ਦੀ ਹੀ ਰਾਖੀ ਨਹੀਂ ਹੋਵੇਗੀ। ਉਨ੍ਹਾਂ ਦੀ ਰਾਇ ਸੀ ਕਿ ਇਸ ਮੁਹਿੰਮ ਰਾਹੀਂ ਫ਼ਰਾਂਸ ਦੇ ਸਾਰੇ ਲੋਕਾਂ ਦੇ ਅੰਤਹਕਰਣ ਅਤੇ ਉਪਾਸਨਾ ਦੀ ਆਜ਼ਾਦੀ ਦੀ ਵੀ ਰਾਖੀ ਹੋਵੇਗੀ। ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਕਈ ਲੋਕਾਂ ਨੇ ਆਪਣੇ ਦੋਸਤਾਂ, ਸਹਿਕਰਮੀਆਂ ਜਾਂ ਰਿਸ਼ਤੇਦਾਰਾਂ ਨੂੰ ਦੇਣ ਲਈ ਇਸ ਟ੍ਰੈਕਟ ਦੀਆਂ ਹੋਰ ਕਾਪੀਆਂ ਮੰਗੀਆਂ।
ਜੀ ਹਾਂ, ਫ਼ਰਾਂਸ ਵਿਚ ਯਹੋਵਾਹ ਦੇ ਗਵਾਹਾਂ ਨੂੰ ਇਸ ਗੱਲ ਤੇ ਮਾਣ ਹੈ ਕਿ ਉਹ ਯਹੋਵਾਹ ਦੇ ਨਾਂ ਦਾ ਪ੍ਰਚਾਰ ਕਰ ਰਹੇ ਹਨ ਅਤੇ ਪਰਮੇਸ਼ੁਰ ਦੇ ਰਾਜ ਦੇ ਹਿੱਤਾਂ ਦੀ ਰਾਖੀ ਕਰ ਰਹੇ ਹਨ। (1 ਪਤਰਸ 3:15) ਉਹ ਆਸ਼ਾ ਰੱਖਦੇ ਹਨ ਹੈ ਕਿ ਉਹ ‘ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗਦੇ’ ਰਹਿ ਸਕਣਗੇ ਅਤੇ ਕਿ ਹੋਰ ਹਜ਼ਾਰਾਂ ਲੋਕ ਉਨ੍ਹਾਂ ਨਾਲ ਮਿਲ ਕੇ ਉਨ੍ਹਾਂ ਦੇ ਸਵਰਗੀ ਪਿਤਾ ਯਹੋਵਾਹ ਦੀ ਮਹਿਮਾ ਕਰਨਗੇ।—1 ਤਿਮੋਥਿਉਸ 2:2.
[ਫੁਟਨੋਟ]
a ਧਾਰਮਿਕ ਪੱਖਪਾਤ ਦੇ ਵਿਰੋਧ ਵਿਚ ਜਨਵਰੀ 1999 ਵਿਚ ਵੀ ਅਜਿਹੀ ਹੀ ਇਕ ਮੁਹਿੰਮ ਚਲਾਈ ਗਈ ਸੀ। ਪਹਿਰਾਬੁਰਜ, 1 ਅਗਸਤ 1999, ਸਫ਼ਾ 9, ਅਤੇ ਯਹੋਵਾਹ ਦੇ ਗਵਾਹਾਂ ਦੀ ਯੀਅਰ ਬੁੱਕ 2000 (ਅੰਗ੍ਰੇਜ਼ੀ), ਸਫ਼ੇ 24-6 ਦੇਖੋ।