ਆਪਣੇ ਹੀ ਤਰੀਕੇ ਨਾਲ ਸਮਝਦਾਰ
ਇਕ ਨਾਈਜੀਰੀਅਨ ਕਹਾਵਤ ਕਹਿੰਦੀ ਹੈ ਕਿ “ਵੱਡਿਆਂ ਕੋਲ ਸਮਝ ਹੁੰਦੀ ਹੈ, ਪਰ ਬੱਚੇ ਵੀ ਆਪਣੇ ਹੀ ਤਰੀਕੇ ਨਾਲ ਸਮਝਦਾਰ ਹੁੰਦੇ ਹਨ।” ਨਾਈਜੀਰੀਆ ਵਿਚ ਇਕ ਮਸੀਹੀ ਬਜ਼ੁਰਗ ਐੱਡਵਨ ਨੇ ਇਸ ਗੱਲ ਨੂੰ ਸੱਚ ਹੁੰਦੇ ਦੇਖਿਆ।
ਇਕ ਦਿਨ ਐੱਡਵਨ ਨੂੰ ਆਪਣੇ ਘਰ ਆਪਣੇ ਡੈੱਸਕ ਥੱਲਿਓਂ ਲੋਹੇ ਦਾ ਇਕ ਡੱਬਾ ਮਿਲਿਆ। ਇਸ ਨੂੰ ਜ਼ੰਗਾਲ ਲੱਗਾ ਹੋਇਆ ਸੀ। ਇਸ ਦਾ ਆਕਾਰ 12 ਸੈਂਟੀਮੀਟਰ ਵਰਗ ਸੀ ਤੇ ਇਸ ਦੇ ਢੱਕਣ ਵਿਚ ਮੋਰੀ ਕੀਤੀ ਹੋਈ ਸੀ।
“ਇਹ ਕਿਹਦਾ ਹੈ?” ਐੱਡਵਨ ਨੇ ਆਪਣੇ ਤਿੰਨਾਂ ਬੱਚਿਆਂ ਨੂੰ ਪੁੱਛਿਆ।
“ਇਹ ਮੇਰਾ ਹੈ,” ਅੱਠ ਸਾਲਾਂ ਦੇ ਇਮੈਨਵਲ ਨੇ ਜਵਾਬ ਦਿੱਤਾ। ਉਸ ਨੇ ਕਾਹਲੀ-ਕਾਹਲੀ ਦੱਸਿਆ ਕਿ ਇਹ ਡੱਬਾ ਸੰਸਾਰ ਭਰ ਵਿਚ ਕੀਤੇ ਜਾਂਦੇ ਯਹੋਵਾਹ ਦੇ ਗਵਾਹਾਂ ਦੇ ਕੰਮ ਵਾਸਤੇ ਚੰਦਾ ਪਾਉਣ ਲਈ ਸੀ। “ਕਿਉਂਕਿ ਮੈਂ ਹਰ ਰੋਜ਼ ਕਿੰਗਡਮ ਹਾਲ ਨਹੀਂ ਜਾਂਦਾ,” ਉਸ ਨੇ ਅੱਗੇ ਕਿਹਾ, “ਇਸ ਲਈ ਮੈਂ ਇਕ ਗੱਲਾ ਬਣਾਉਣ ਦਾ ਫ਼ੈਸਲਾ ਕੀਤਾ ਤਾਂਕਿ ਜਦੋਂ ਵੀ ਮੈਂ ਆਪਣੇ ਪੈਸੇ ਨਹੀਂ ਖ਼ਰਚਦਾ, ਤਾਂ ਉਸ ਨੂੰ ਗੱਲੇ ਵਿਚ ਪਾ ਦੇਵਾਂ।”
ਇਮੈਨਵਲ ਦੇ ਪਿਤਾ ਨੇ ਵੀ ਘਰ ਵਿਚ ਇਕ ਗੱਲਾ ਰੱਖਿਆ ਸੀ ਜਿਸ ਵਿਚ ਉਹ ਸਾਲਾਨਾ ਜ਼ਿਲ੍ਹਾ ਸੰਮੇਲਨ ਵਿਚ ਜਾਣ ਲਈ ਪੈਸੇ ਜਮ੍ਹਾਂ ਕਰਦੇ ਹੁੰਦੇ ਸਨ। ਪਰ ਪਰਿਵਾਰ ਵਿਚ ਪੈਸੇ ਦੀ ਤੰਗੀ ਹੋਣ ਕਰਕੇ ਉਨ੍ਹਾਂ ਨੇ ਉਹ ਪੈਸੇ ਖ਼ਰਚ ਲਏ ਸਨ। ਇਸ ਲਈ, ਇਹ ਪੱਕਾ ਕਰਨ ਲਈ ਕਿ ਉਸ ਦੇ ਚੰਦੇ ਦੇ ਪੈਸੇ ਕਿਸੇ ਹੋਰ ਮਕਸਦ ਲਈ ਖ਼ਰਚ ਨਾ ਕੀਤੇ ਜਾਣ, ਇਮੈਨਵਲ ਇਕ ਪੁਰਾਣੇ ਟੀਨ ਦੇ ਡੱਬੇ ਨੂੰ ਚੰਗੀ ਤਰ੍ਹਾਂ ਸੀਲ ਕਰਨ ਲਈ ਵੈੱਲਡਰ ਕੋਲ ਲੈ ਗਿਆ। ਜਦੋਂ ਉਸ ਵੈੱਲਡਰ ਨੂੰ ਪਤਾ ਲੱਗਾ ਕਿ ਉਹ ਡੱਬਾ ਕਿਉਂ ਬਣਵਾਉਣਾ ਚਾਹੁੰਦਾ ਸੀ, ਤਾਂ ਉਸ ਨੇ ਰੱਦੀ ਧਾਤ ਵਿੱਚੋਂ ਇਮੈਨਵਲ ਲਈ ਇਕ ਗੱਲਾ ਬਣਾਇਆ। ਇਮੈਨਵਲ ਦੇ ਪੰਜ ਸਾਲ ਦੇ ਛੋਟੇ ਭਰਾ ਨੇ ਵੀ ਆਪਣੇ ਲਈ ਇਕ ਗੱਲਾ ਬਣਵਾਇਆ ਸੀ।
ਹੈਰਾਨ ਹੋ ਕੇ ਐੱਡਵਨ ਨੇ ਬੱਚਿਆਂ ਕੋਲੋਂ ਪੁੱਛਿਆ ਕਿ ਉਨ੍ਹਾਂ ਨੂੰ ਗੱਲੇ ਬਣਵਾਉਣ ਦੀ ਕੀ ਲੋੜ ਸੀ। ਮਾਈਕਲ ਨੇ ਜਵਾਬ ਦਿੱਤਾ: “ਮੈਂ ਦਾਨ ਦੇਣਾ ਚਾਹੁੰਦਾ ਹਾਂ!”
ਆਪਣੇ ਮਾਤਾ-ਪਿਤਾ ਨੂੰ ਦੱਸੇ ਬਗੈਰ ਹੀ ਇਮੈਨਵਲ, ਮਾਈਕਲ ਤੇ ਉਨ੍ਹਾਂ ਦੀ ਨੌਂ ਸਾਲ ਦੀ ਭੈਣ ਊਚੇ, ਦੁਪਹਿਰ ਦਾ ਖਾਣਾ ਖ਼ਰੀਦਣ ਲਈ ਮਿਲੇ ਪੈਸਿਆਂ ਵਿੱਚੋਂ ਥੋੜ੍ਹੇ-ਬਹੁਤੇ ਪੈਸੇ ਬਚਾ ਕੇ ਰੱਖਦੇ ਸਨ ਅਤੇ ਉਨ੍ਹਾਂ ਨੂੰ ਆਪਣੇ ਗੱਲਿਆਂ ਵਿਚ ਪਾ ਦਿੰਦੇ ਸਨ। ਇਹ ਖ਼ਿਆਲ ਉਨ੍ਹਾਂ ਨੂੰ ਕਿੱਥੋਂ ਫੁਰਿਆ? ਜਦੋਂ ਇਹ ਬੱਚੇ ਥੋੜ੍ਹੇ ਵੱਡੇ ਹੋ ਕੇ ਆਪਣੇ ਹੱਥਾਂ ਵਿਚ ਪੈਸੇ ਫੜਨ ਦੇ ਯੋਗ ਹੋਏ ਸਨ, ਤਾਂ ਉਦੋਂ ਤੋਂ ਹੀ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਕਿੰਗਡਮ ਹਾਲ ਦੀ ਦਾਨ ਪੇਟੀ ਵਿਚ ਕੁਝ ਪੈਸੇ ਪਾਉਣਾ ਸਿਖਾਇਆ ਸੀ। ਇਹ ਸਾਫ਼ ਜ਼ਾਹਰ ਹੈ ਕਿ ਬੱਚਿਆਂ ਨੇ ਸਿੱਖੀ ਗੱਲ ਨੂੰ ਅਮਲ ਵਿਚ ਲਿਆਂਦਾ।
ਗੱਲੇ ਭਰਨ ਤੇ ਉਨ੍ਹਾਂ ਨੂੰ ਕੱਟ ਕੇ ਖੋਲ੍ਹਿਆ ਗਿਆ। ਉਨ੍ਹਾਂ ਵਿੱਚੋਂ ਜਿੰਨੇ ਪੈਸੇ ਨਿਕਲੇ, ਉਸ ਦੀ ਕੁਲ ਕੀਮਤ 3.13 (ਅਮਰੀਕੀ) ਡਾਲਰਾਂ ਦੇ ਬਰਾਬਰ ਸੀ। ਨਾਈਜੀਰੀਆ ਵਿਚ ਇਹ ਕੋਈ ਮਾਮੂਲੀ ਰਕਮ ਨਹੀਂ ਸੀ ਜਿੱਥੇ ਇਕ ਆਦਮੀ ਦੀ ਔਸਤਨ ਸਾਲਾਨਾ ਆਮਦਨ ਕੁਝ ਸੌ ਡਾਲਰ ਹੀ ਹੁੰਦੀ ਹੈ। ਆਪਣੀ ਇੱਛਾ ਨਾਲ ਦਿੱਤੇ ਅਜਿਹੇ ਚੰਦੇ ਦੁਨੀਆਂ ਭਰ ਦੇ 235 ਦੇਸ਼ਾਂ ਵਿਚ ਕੀਤੇ ਜਾ ਰਹੇ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਕੰਮ ਵਿਚ ਮਦਦ ਕਰਦੇ ਹਨ।
[ਸਫ਼ੇ 32 ਉੱਤੇ ਤਸਵੀਰ]
ਕੀ ਤੁਸੀਂ ਮੁਲਾਕਾਤ ਦਾ ਸੁਆਗਤ ਕਰੋਗੇ?
ਇਸ ਦੁੱਖਾਂ ਭਰੇ ਸੰਸਾਰ ਵਿਚ ਵੀ, ਤੁਸੀਂ ਬਾਈਬਲ ਵਿੱਚੋਂ ਪਰਮੇਸ਼ੁਰ, ਉਸ ਦੇ ਰਾਜ, ਅਤੇ ਮਨੁੱਖਜਾਤੀ ਲਈ ਉਸ ਦੇ ਸ਼ਾਨਦਾਰ ਮਕਸਦ ਬਾਰੇ ਸਹੀ ਗਿਆਨ ਲੈ ਕੇ ਖ਼ੁਸ਼ੀ ਹਾਸਲ ਕਰ ਸਕਦੇ ਹੋ। ਜੇਕਰ ਤੁਸੀਂ ਹੋਰ ਜਾਣਕਾਰੀ ਲੈਣੀ ਪਸੰਦ ਕਰੋਗੇ ਜਾਂ ਚਾਹੋਗੇ ਕਿ ਕੋਈ ਤੁਹਾਡੇ ਘਰ ਆ ਕੇ ਤੁਹਾਡੇ ਨਾਲ ਬਿਨਾਂ ਖ਼ਰਚ ਦੇ ਬਾਈਬਲ ਦਾ ਅਧਿਐਨ ਕਰੇ, ਤਾਂ ਕਿਰਪਾ ਕਰ ਕੇ Jehovah’s Witnesses, The Ridgeway, London NW7 1RN ਨੂੰ, ਜਾਂ ਦੂਜੇ ਸਫ਼ੇ ਉੱਤੇ ਦਿੱਤੇ ਢੁਕਵੇਂ ਪਤੇ ਤੇ ਲਿਖੋ।