ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w02 2/1 ਸਫ਼ੇ 30-31
  • ਪਹਾੜ ਉੱਤੇ ਨਗਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਹਾੜ ਉੱਤੇ ਨਗਰ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਮਿਲਦੀ-ਜੁਲਦੀ ਜਾਣਕਾਰੀ
  • ‘ਤੁਹਾਡਾ ਚਾਨਣ ਚਮਕੇ’
    2011 ਸਾਡੀ ਰਾਜ ਸੇਵਕਾਈ—2011
  • ਯਹੋਵਾਹ ਦਾ ਭਵਨ ਉੱਚਾ ਕੀਤਾ ਗਿਆ
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 1
  • “ਨਿੱਕਾ ਜਿਹਾ ਹਜ਼ਾਰ” ਹੋ ਗਿਆ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਯਹੋਵਾਹ ਦੀ ਵਡਿਆਈ ਕਰਨ ਲਈ ਆਪਣਾ “ਚਾਨਣ ਚਮਕਾਓ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
w02 2/1 ਸਫ਼ੇ 30-31

ਪਹਾੜ ਉੱਤੇ ਨਗਰ

ਯਿਸੂ ਨੇ ਆਪਣੇ ਪ੍ਰਸਿੱਧ ਪਹਾੜੀ ਉਪਦੇਸ਼ ਵਿਚ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਝਾ ਨਹੀਂ ਰਹਿ ਸੱਕਦਾ।”—ਮੱਤੀ 5:14.

ਯਹੂਦਿਯਾ ਤੇ ਗਲੀਲ ਦੇ ਕਈ ਨਗਰ ਘਾਟੀਆਂ ਦੀ ਬਜਾਇ ਪਹਾੜਾਂ ਉੱਤੇ ਬਣੇ ਹੁੰਦੇ ਸਨ। ਉੱਚੀਆਂ ਥਾਵਾਂ ਚੁਣਨ ਦਾ ਮੁੱਖ ਕਾਰਨ ਸੀ ਸੁਰੱਖਿਆ। ਹਮਲਾਵਰ ਸੈਨਾਵਾਂ ਤੋਂ ਇਲਾਵਾ, ਇਸਰਾਏਲੀ ਨਗਰਾਂ ਨੂੰ ਤਹਿਸ-ਨਹਿਸ ਕਰਨ ਵਾਸਤੇ ਲੁਟੇਰਿਆਂ ਦੇ ਜੱਥਿਆਂ ਦੇ ਜੱਥੇ ਵੀ ਆਉਂਦੇ ਹੁੰਦੇ ਸਨ। (2 ਰਾਜਿਆਂ 5:2; 24:2) ਬਹਾਦਰ ਨਾਗਰਿਕ ਪਹਾੜ ਦੀ ਚੋਟੀ ਉੱਤੇ ਨਾਲ-ਨਾਲ ਬਣੇ ਬਹੁਤ ਸਾਰੇ ਘਰਾਂ ਦੀ ਜ਼ਿਆਦਾ ਆਸਾਨੀ ਨਾਲ ਰੱਖਿਆ ਕਰ ਸਕਦੇ ਸਨ ਜਦ ਕਿ ਨੀਵੀਂ ਥਾਂ ਤੇ ਵਸੇ ਕਸਬੇ ਦੀ ਸੁਰੱਖਿਆ ਲਈ ਜ਼ਿਆਦਾ ਲੰਮੀ-ਚੌੜੀ ਕੰਧ ਬਣਾਉਣੀ ਪੈਂਦੀ ਸੀ।

ਯਹੂਦੀ ਘਰਾਂ ਦੀਆਂ ਕੰਧਾਂ ਨੂੰ ਅਕਸਰ ਚੂਨੇ ਨਾਲ ਲਿਪਿਆ ਜਾਂਦਾ ਸੀ, ਇਸ ਲਈ ਚੋਟੀ ਉੱਤੇ ਨੇੜੇ-ਨੇੜੇ ਬਣੇ ਬਹੁਤ ਸਾਰੇ ਚਿੱਟੇ ਘਰਾਂ ਨੂੰ ਕਈ ਕਿਲੋਮੀਟਰ ਦੀ ਦੂਰੀ ਤੋਂ ਆਸਾਨੀ ਨਾਲ ਦੇਖਿਆ ਜਾ ਸਕਦਾ ਸੀ। (ਰਸੂਲਾਂ ਦੇ ਕਰਤੱਬ 23:3) ਫਲਸਤੀਨ ਦੀ ਤਿੱਖੀ ਧੁੱਪ ਵਿਚ ਚੋਟੀ ਤੇ ਬਣੇ ਇਹ ਘਰ ਚਾਨਣ-ਮੁਨਾਰਿਆਂ ਦੀ ਤਰ੍ਹਾਂ ਚਮਕਦੇ ਸਨ ਜਿਵੇਂ ਅੱਜ ਵੀ ਭੂਮੱਧ-ਸਾਗਰ ਦੇ ਇਲਾਕਿਆਂ ਵਿਚ ਬਣੇ ਕਸਬੇ ਚਮਕਦੇ ਹਨ।

ਯਿਸੂ ਨੇ ਗਲੀਲ ਤੇ ਯਹੂਦਿਯਾ ਦੇ ਕਸਬਿਆਂ ਦੇ ਇਸ ਦਿਲਚਸਪ ਪਹਿਲੂ ਨੂੰ ਆਪਣੇ ਚੇਲਿਆਂ ਨੂੰ ਇਹ ਸਿਖਾਉਣ ਲਈ ਵਰਤਿਆ ਕਿ ਇਕ ਸੱਚੇ ਮਸੀਹੀ ਨੂੰ ਕਿਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਹਨ। ਉਸ ਨੇ ਉਨ੍ਹਾਂ ਨੂੰ ਕਿਹਾ: “ਇਸੇ ਤਰਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।” (ਮੱਤੀ 5:16) ਹਾਲਾਂਕਿ ਮਸੀਹੀ ਇਨਸਾਨਾਂ ਕੋਲੋਂ ਆਪਣੀ ਵਡਿਆਈ ਕਰਾਉਣ ਲਈ ਸ਼ੁਭ ਕਰਮ ਨਹੀਂ ਕਰਦੇ, ਫਿਰ ਵੀ ਉਨ੍ਹਾਂ ਦਾ ਚੰਗਾ ਚਾਲ-ਚਲਣ ਲੁਕਿਆ ਨਹੀਂ ਰਹਿੰਦਾ।—ਮੱਤੀ 6:1.

ਅਜਿਹਾ ਚੰਗਾ ਚਾਲ-ਚਲਣ ਖ਼ਾਸਕਰ ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨਾਂ ਦੌਰਾਨ ਸਪੱਸ਼ਟ ਦੇਖਣ ਨੂੰ ਮਿਲਦਾ ਹੈ। ਸਪੇਨ ਦੀ ਇਕ ਅਖ਼ਬਾਰ ਨੇ ਹਾਲ ਹੀ ਵਿਚ ਹੋਏ ਸੰਮੇਲਨ ਦਾ ਹਵਾਲਾ ਦਿੰਦੇ ਹੋਏ ਕਿਹਾ: “ਹਾਲਾਂਕਿ ਦੂਜੇ ਫਿਰਕਿਆਂ ਦੀ ਧਾਰਮਿਕ ਗੱਲਾਂ ਵਿਚ ਦਿਲਚਸਪੀ ਘੱਟਦੀ ਜਾ ਰਹੀ ਹੈ, ਪਰ ਯਹੋਵਾਹ ਦੇ ਗਵਾਹਾਂ ਵਿਚ ਇਸ ਤਰ੍ਹਾਂ ਨਹੀਂ ਹੈ। ਬਾਈਬਲ ਦੀ ਅਹਿਮੀਅਤ ਨੂੰ ਸਮਝਦੇ ਹੋਏ ਉਹ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਨ।”

ਉੱਤਰ-ਪੱਛਮੀ ਸਪੇਨ ਵਿਚ ਜਿਸ ਸਟੇਡੀਅਮ ਨੂੰ ਗਵਾਹ ਬਾਕਾਇਦਾ ਵਰਤਦੇ ਸਨ, ਉਸ ਦੀ ਦੇਖ-ਭਾਲ ਕਰਨ ਵਾਲੇ ਆਦਮੀ ਟੌਮਸ ਨੇ ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਵਾਲੇ ਲੋਕਾਂ ਦੀ ਸੰਗਤੀ ਦਾ ਆਨੰਦ ਮਾਣਿਆ। ਉਸ ਨੇ ਕਈ ਹਫ਼ਤਿਆਂ ਲਈ ਆਪਣੀ ਰਿਟਾਇਰਮੈਂਟ ਨੂੰ ਮੁਲਤਵੀ ਕਰ ਦਿੱਤਾ ਤਾਂਕਿ ਉਹ ਯਹੋਵਾਹ ਦੇ ਗਵਾਹਾਂ ਦੇ ਜ਼ਿਲ੍ਹਾ ਸੰਮੇਲਨ ਦੌਰਾਨ ਉੱਥੇ ਹਾਜ਼ਰ ਰਹਿ ਸਕੇ। ਸੰਮੇਲਨ ਤੋਂ ਬਾਅਦ ਜਦੋਂ ਬਹੁਤ ਸਾਰੇ ਯਹੋਵਾਹ ਦੇ ਗਵਾਹ, ਨਾਲੇ ਨੌਜਵਾਨ ਵੀ ਉਸ ਦੇ ਪਿਛਲੇ ਕਈ ਸਾਲਾਂ ਦੌਰਾਨ ਦਿੱਤੇ ਸਹਿਯੋਗ ਦਾ ਧੰਨਵਾਦ ਕਰਨ ਅਤੇ ਉਸ ਦੀ ਰਿਟਾਇਰਮੈਂਟ ਲਈ ਉਸ ਨੂੰ ਸ਼ੁਭ-ਕਾਮਨਾਵਾਂ ਦੇਣ ਗਏ, ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਨੇ ਕਿਹਾ: “ਤੁਹਾਨੂੰ ਲੋਕਾਂ ਨੂੰ ਜਾਣਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਤਜਰਬਾ ਰਿਹਾ ਹੈ।”

ਜਿਹੜਾ ਨਗਰ ਪਹਾੜ ਦੀ ਟੀਸੀ ਉੱਤੇ ਹੋਵੇ ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਤੇ ਇਸ ਵਿਚ ਜੇ ਕੋਈ ਚਿੱਟਾ ਘਰ ਹੋਵੇ ਤਾਂ ਉਹ ਸੂਰਜ ਦੀ ਰੌਸ਼ਨੀ ਵਿਚ ਚਮਕਦਾ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਸੱਚੇ ਮਸੀਹੀ ਵੱਖਰੇ ਨਜ਼ਰ ਆਉਂਦੇ ਹਨ ਕਿਉਂਕਿ ਉਹ ਈਮਾਨਦਾਰੀ, ਨੈਤਿਕਤਾ ਅਤੇ ਦਇਆ ਵਰਗੇ ਬਾਈਬਲ ਦੇ ਉੱਚੇ ਮਿਆਰਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ।

ਇਸ ਤੋਂ ਇਲਾਵਾ, ਮਸੀਹੀ ਆਪਣੇ ਪ੍ਰਚਾਰ ਦਾ ਕੰਮ ਕਰਨ ਦੁਆਰਾ ਸੱਚਾਈ ਦਾ ਚਾਨਣ ਚਮਕਾਉਂਦੇ ਹਨ। ਪੌਲੁਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਕਿਹਾ: “ਜਦੋਂ ਅਸਾਂ ਇਹ ਸੇਵਕਾਈ ਪਾਈ ਹੈ ਤਾਂ ਜਿਵੇਂ ਸਾਡੇ ਉੱਤੇ ਦਯਾ ਹੋਈ ਅਸੀਂ ਹੌਸਲਾ ਨਹੀਂ ਹਾਰਦੇ। . . . ਸਗੋਂ ਸਤ ਨੂੰ ਪਰਗਟ ਕਰ ਕੇ ਹਰੇਕ ਮਨੁੱਖ ਦੇ ਅੰਤਹਕਰਨ ਵਿੱਚ ਪਰਮੇਸ਼ੁਰ ਦੇ ਅੱਗੇ ਆਪਣਾ ਪਰਮਾਣ ਦਿੰਦੇ ਹਾਂ।” (2 ਕੁਰਿੰਥੀਆਂ 4:1, 2) ਹਾਲਾਂਕਿ ਉਨ੍ਹਾਂ ਨੇ ਜਿੱਥੇ ਵੀ ਪ੍ਰਚਾਰ ਕੀਤਾ ਉਨ੍ਹਾਂ ਨੂੰ ਸਤਾਹਟਾਂ ਦਾ ਸਾਮ੍ਹਣਾ ਕਰਨਾ ਪਿਆ, ਪਰ ਯਹੋਵਾਹ ਨੇ ਉਨ੍ਹਾਂ ਦੀ ਸੇਵਕਾਈ ਉੱਤੇ ਬਰਕਤ ਪਾਈ ਜਿਸ ਕਰਕੇ 60 ਸਾ.ਯੁ. ਵਿਚ ਪੌਲੁਸ ਲਿਖ ਸਕਿਆ ਕਿ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਗਿਆ ਸੀ।—ਕੁਲੁੱਸੀਆਂ 1:23.

ਯਿਸੂ ਦੇ ਹੁਕਮ ਮੁਤਾਬਕ ਅੱਜ ਯਹੋਵਾਹ ਦੇ ਗਵਾਹ ਵੀ ‘ਆਪਣਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕਾਉਣ’ ਦੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਉਂਦੇ ਹਨ। ਦੁਨੀਆਂ ਭਰ ਵਿਚ 235 ਦੇਸ਼ਾਂ ਵਿਚ ਯਹੋਵਾਹ ਦੇ ਗਵਾਹ ਜ਼ਬਾਨੀ ਅਤੇ ਕਿਤਾਬਾਂ-ਰਸਾਲਿਆਂ ਦੁਆਰਾ ਰਾਜ ਦੀ ਖ਼ੁਸ਼ ਖ਼ਬਰੀ ਫੈਲਾਉਂਦੇ ਹਨ। ਉਨ੍ਹਾਂ ਨੇ ਤਕਰੀਬਨ 370 ਭਾਸ਼ਾਵਾਂ ਵਿਚ ਬਾਈਬਲ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਛਾਪੀਆਂ ਹਨ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਬਾਈਬਲ ਸੱਚਾਈ ਦਾ ਚਾਨਣ ਪਹੁੰਚ ਸਕੇ।—ਮੱਤੀ 24:14; ਪਰਕਾਸ਼ ਦੀ ਪੋਥੀ 14:6, 7.

ਬਹੁਤ ਸਾਰੀਆਂ ਥਾਵਾਂ ਤੇ ਗਵਾਹਾਂ ਨੇ ਉਨ੍ਹਾਂ ਦੇਸ਼ਾਂ ਤੋਂ ਆਏ ਲੋਕਾਂ ਦੀਆਂ ਭਾਸ਼ਾਵਾਂ ਸਿੱਖਣ ਦੀ ਚੁਣੌਤੀ ਸਵੀਕਾਰ ਕੀਤੀ ਹੈ ਜਿੱਥੇ ਸਾਡੇ ਪ੍ਰਚਾਰ ਕੰਮ ਉੱਤੇ ਪਾਬੰਦੀ ਲੱਗੀ ਹੋਈ ਹੈ ਜਾਂ ਲੱਗੀ ਹੋਈ ਸੀ। ਉਦਾਹਰਣ ਲਈ ਉੱਤਰੀ ਅਮਰੀਕਾ ਦੇ ਕਈ ਵੱਡੇ ਸ਼ਹਿਰਾਂ ਵਿਚ ਬਹੁਤ ਸਾਰੇ ਲੋਕ ਚੀਨ ਤੇ ਰੂਸ ਤੋਂ ਆਏ ਹਨ। ਉੱਥੋਂ ਦੇ ਗਵਾਹਾਂ ਨੇ ਇਨ੍ਹਾਂ ਨਵੇਂ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਚੀਨੀ, ਰੂਸੀ ਅਤੇ ਹੋਰ ਭਾਸ਼ਾਵਾਂ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ ਹੈ। ਅਸਲ ਵਿਚ, ਭੈਣ-ਭਰਾਵਾਂ ਨੂੰ ਨਵੀਆਂ ਭਾਸ਼ਾਵਾਂ ਸਿਖਾਉਣ ਲਈ ਕਈ ਕੋਰਸ ਚਲਾਏ ਜਾ ਰਹੇ ਹਨ ਤਾਂਕਿ ਜਦੋਂ ਤਕ ਪੈਲੀ “ਵਾਢੀ ਦੇ ਲਈ” ਤਿਆਰ ਹੈ ਇਹ ਗਵਾਹ ਹੋਰ ਬਹੁਤ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਣ।—ਯੂਹੰਨਾ 4:35.

ਯਸਾਯਾਹ ਨਬੀ ਨੇ ਪਹਿਲਾਂ ਹੀ ਦੱਸਿਆ ਸੀ: “ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ।” ਯਹੋਵਾਹ ਦੇ ਗਵਾਹ ਆਪਣੇ ਚਾਲ-ਚਲਣ ਅਤੇ ਆਪਣੀ ਸੇਵਕਾਈ ਦੁਆਰਾ ਹਰ ਥਾਂ ਦੇ ਲੋਕਾਂ ਦੀ ‘ਪਰਮੇਸ਼ੁਰ ਦੇ ਭਵਨ ਦੇ ਪਰਬਤ’ ਵੱਲ ਆਉਣ ਵਿਚ ਮਦਦ ਕਰ ਰਹੇ ਹਨ ਤਾਂਕਿ ਲੋਕ ਪਰਮੇਸ਼ੁਰ ਦੇ ਰਾਹਾਂ ਬਾਰੇ ਸਿੱਖ ਸਕਣ ਅਤੇ ਉਸ ਦੇ ਮਾਰਗਾਂ ਵਿਚ ਚੱਲ ਸਕਣ। (ਯਸਾਯਾਹ 2:2, 3) ਯਿਸੂ ਦੇ ਕਹਿਣ ਮੁਤਾਬਕ ਇਸ ਦਾ ਚੰਗਾ ਨਤੀਜਾ ਇਹ ਨਿਕਲਿਆ ਹੈ ਕਿ ਉਹ ਇਕੱਠੇ ਹੋ ਕੇ ‘ਆਪਣੇ ਸੁਰਗੀ ਪਿਤਾ ਦੀ ਵਡਿਆਈ’ ਕਰਦੇ ਹਨ।—ਮੱਤੀ 5:16; 1 ਪਤਰਸ 2:12.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ