ਕਲੋਵਸ ਦਾ ਬਪਤਿਸਮਾ—ਫ਼ਰਾਂਸ ਵਿਚ ਕੈਥੋਲਿਕ ਧਰਮ ਦੇ 1,500 ਸਾਲ
“ਪੋਪ ਦੇ ਨਾਂ, ਧੁੰਮ-ਧਮਾਕੇ ਨਾਲ ਫਟ ਜਾ!” ਇਕ ਸੰਦੇਸ਼ ਵਿਚ ਇਸ ਤਰ੍ਹਾਂ ਲਿਖਿਆ ਸੀ ਜੋ ਇਕ ਦੇਸੀ ਬੰਬ ਦੇ ਨਾਲ ਰੱਖਿਆ ਹੋਇਆ ਸੀ। ਇਹ ਬੰਬ ਫ਼ਰਾਂਸ ਦੇ ਇਕ ਚਰਚ ਵਿੱਚੋਂ ਮਿਲਿਆ ਸੀ ਜਿੱਥੇ ਸਤੰਬਰ 1996 ਵਿਚ ਪੋਪ ਜਾਨ-ਪੌਲ ਦੂਜੇ ਨੇ ਆਉਣਾ ਸੀ। ਫ਼ਰਾਂਸ ਵਿਚ ਉਸ ਦੇ ਪੰਜਵੇਂ ਦੌਰੇ ਦੇ ਵਿਰੋਧ ਦੀ ਇਹ ਇਕ ਜ਼ਬਰਦਸਤ ਉਦਾਹਰਣ ਸੀ। ਫਿਰ ਵੀ, ਉਸ ਸਾਲ ਤਕਰੀਬਨ 2,00,000 ਲੋਕ ਫ਼ਰਾਂਕੀ ਜਾਤੀ ਦੇ ਰਾਜੇ ਕਲੋਵਸ ਦੇ ਕੈਥੋਲਿਕ ਧਰਮ ਨੂੰ ਅਪਣਾਉਣ ਦੀ 1,500ਵੀਂ ਵਰ੍ਹੇ-ਗੰਢ ਮਨਾਉਣ ਲਈ ਫ਼ਰਾਂਸ ਦੇ ਸ਼ਹਿਰ ਰੀਮਜ਼ ਵਿਚ ਇਕੱਠੇ ਹੋਏ ਸਨ। ਇਹ ਰਾਜਾ ਕੌਣ ਸੀ ਜਿਸ ਦੇ ਬਪਤਿਸਮੇ ਨੂੰ ਫ਼ਰਾਂਸ ਦਾ ਬਪਤਿਸਮਾ ਸੱਦਿਆ ਗਿਆ ਹੈ? ਤੇ ਇਸ ਦੀ ਵਰ੍ਹੇ-ਗੰਢ ਦੇ ਸਮਾਰੋਹ ਨੇ ਕਿਉਂ ਇੰਨਾ ਝਗੜਾ ਖੜ੍ਹਾ ਕੀਤਾ?
ਇਕ ਕਮਜ਼ੋਰ ਸਾਮਰਾਜ
ਕਲੋਵਸ 466 ਸਾ.ਯੁ. ਵਿਚ ਪੈਦਾ ਹੋਇਆ ਸੀ। ਉਸ ਦਾ ਪਿਤਾ ਚਿਲਡ੍ਰਿਕ ਪਹਿਲਾ ਸੇਲੀਅਨ ਨਾਂ ਦੇ ਫ਼ਰਾਂਕੀ ਕਬੀਲੇ ਦਾ ਰਾਜਾ ਸੀ। ਸਾਲ 358 ਸਾ.ਯੁ. ਵਿਚ ਰੋਮੀਆਂ ਦੁਆਰਾ ਉਸ ਨੂੰ ਆਪਣੇ ਅਧੀਨ ਕਰ ਲੈਣ ਤੋਂ ਬਾਅਦ ਇਸ ਜਰਮੈਨਿਕ ਕਬੀਲੇ ਨੂੰ ਇਕ ਸ਼ਰਤ ਤੇ ਉਸ ਇਲਾਕੇ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਜੋ ਅੱਜ ਬੈਲਜੀਅਮ ਦੇਸ਼ ਹੈ। ਸ਼ਰਤ ਇਹ ਸੀ ਕਿ ਉਹ ਸਰਹੱਦ ਦੀ ਰੱਖਿਆ ਕਰਨਗੇ ਅਤੇ ਰੋਮ ਦੀ ਫ਼ੌਜ ਲਈ ਫ਼ੌਜੀ ਮੁਹੱਈਆ ਕਰਨਗੇ। ਉੱਥੇ ਰਹਿੰਦੇ ਫਰਾਂਸੀਸੀ-ਰੋਮੀ ਲੋਕਾਂ ਨਾਲ ਨਜ਼ਦੀਕੀ ਸੰਬੰਧ ਕਰਕੇ ਇਸ ਫ਼ਰਾਂਕੀ ਕਬੀਲੇ ਨੇ ਵੀ ਹੌਲੀ-ਹੌਲੀ ਰੋਮੀ ਤੌਰ-ਤਰੀਕੇ ਅਪਣਾ ਲਏ। ਚਿਲਡ੍ਰਿਕ ਪਹਿਲਾ ਰੋਮੀਆਂ ਦਾ ਦੋਸਤ ਸੀ ਤੇ ਉਹ ਵਿਸੀਗੋਥਜ਼ ਤੇ ਸੈਕਸਨਜ਼ ਵਰਗੇ ਦੂਸਰੇ ਜਰਮੈਨਿਕ ਕਬੀਲਿਆਂ ਵਿਰੁੱਧ ਜੰਗ ਕਰ ਰਿਹਾ ਸੀ। ਇਸ ਕਰਕੇ ਫਰਾਂਸੀਸੀ-ਰੋਮੀ ਲੋਕ ਉਸ ਨੂੰ ਪਸੰਦ ਕਰਨ ਲੱਗ ਪਏ।
ਰੋਮੀ ਸੂਬਾ ਗੌਲ ਉੱਤਰ ਵਿਚ ਰਾਈਨ ਨਦੀ ਤੋਂ ਲੈ ਕੇ ਦੱਖਣ ਵਿਚ ਪਿਰੇਨੀਜ਼ ਤਕ ਫੈਲਿਆ ਹੋਇਆ ਸੀ। ਪਰ 454 ਸਾ.ਯੁ. ਵਿਚ ਰੋਮੀ ਜਨਰਲ ਏਈਸ਼ਸ ਦੀ ਮੌਤ ਤੋਂ ਬਾਅਦ ਸੱਤਾ ਸੰਭਾਲਣ ਵਾਲਾ ਕੋਈ ਨਹੀਂ ਸੀ। ਇਸ ਤੋਂ ਇਲਾਵਾ, 476 ਸਾ.ਯੁ. ਵਿਚ ਰੋਮ ਦੇ ਆਖ਼ਰੀ ਸਮਰਾਟ ਰੌਮਯਲਸ ਔਗਸਟੁਲਸ ਦੇ ਹਾਰ ਜਾਣ ਤੋਂ ਬਾਅਦ ਅਤੇ ਰੋਮੀ ਸਾਮਰਾਜ ਦੇ ਪੱਛਮੀ ਹਿੱਸੇ ਦੇ ਖ਼ਤਮ ਹੋ ਜਾਣ ਨਾਲ ਇਸ ਇਲਾਕੇ ਵਿਚ ਬਹੁਤ ਜ਼ਿਆਦਾ ਰਾਜਨੀਤਿਕ ਗੜਬੜੀ ਪੈਦਾ ਹੋ ਗਈ। ਇਸ ਦੇ ਨਤੀਜੇ ਵਜੋਂ, ਗੌਲ ਇਕ ਪੱਕੇ ਹੋਏ ਫਲ ਵਾਂਗ ਸੀ ਜਿਸ ਨੂੰ ਇਸ ਦੀ ਸਰਹੱਦ ਤੇ ਵਸੇ ਕਬੀਲੇ ਤੋੜਨ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਆਪਣੇ ਪਿਤਾ ਤੋਂ ਬਾਅਦ ਕਲੋਵਸ ਨੇ ਆਪਣੇ ਰਾਜ ਦੀਆਂ ਹੱਦਾਂ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ। ਸਾਲ 486 ਸਾ.ਯੁ. ਵਿਚ ਉਸ ਨੇ ਗੌਲ ਵਿਚ ਰੋਮ ਦੇ ਆਖ਼ਰੀ ਸ਼ਾਸਕ ਨੂੰ ਸਵਾਸੋਨ ਸ਼ਹਿਰ ਦੇ ਨੇੜੇ ਲੜਾਈ ਵਿਚ ਹਰਾ ਦਿੱਤਾ। ਇਸ ਜਿੱਤ ਨਾਲ ਉੱਤਰ ਵਿਚ ਸੌਮ ਨਦੀ ਅਤੇ ਲੋਆਰ ਨਦੀ ਦੇ ਵਿਚਕਾਰ ਇਲਾਕਿਆਂ ਉੱਤੇ ਅਤੇ ਕੇਂਦਰੀ ਅਤੇ ਪੱਛਮੀ ਗੌਲ ਉੱਤੇ ਉਸ ਦਾ ਅਧਿਕਾਰ ਹੋ ਗਿਆ।
ਉਹ ਆਦਮੀ ਜੋ ਰਾਜਾ ਬਣੇਗਾ
ਦੂਸਰੇ ਜਰਮੈਨਿਕ ਕਬੀਲਿਆਂ ਤੋਂ ਉਲਟ ਫ਼ਰਾਂਕੀ ਕਬੀਲਿਆਂ ਨੇ ਈਸਾਈ ਧਰਮ ਨਹੀਂ ਅਪਣਾਇਆ ਸੀ। ਪਰ ਕਲੋਵਸ ਦੇ ਬਰਗੰਡੀ ਦੀ ਰਾਜਕੁਮਾਰੀ ਕਲੋਟਿਲਡਾ ਨਾਲ ਵਿਆਹ ਨੇ ਉਸ ਦੀ ਜ਼ਿੰਦਗੀ ਉੱਤੇ ਬਹੁਤ ਪ੍ਰਭਾਵ ਪਾਇਆ। ਕਲਾਟਿਲਡਾ ਇਕ ਪੱਕੀ ਕੈਥੋਲਿਕ ਸੀ ਇਸ ਲਈ ਉਸ ਨੇ ਆਪਣੇ ਪਤੀ ਨੂੰ ਵੀ ਕੈਥੋਲਿਕ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਤੂਰ ਸ਼ਹਿਰ ਦੇ ਗ੍ਰੈਗਰੀ ਦੁਆਰਾ ਛੇਵੀਂ ਸਦੀ ਵਿਚ ਲਿਖੇ ਇਤਿਹਾਸ ਅਨੁਸਾਰ, 496 ਸਾ.ਯੁ. ਵਿਚ ਅਲਮਾਨੀ ਕਬੀਲੇ ਨਾਲ ਟੋਲਬੀਆਕ (ਜ਼ੁਲਪਿਕ, ਜਰਮਨੀ) ਦੀ ਲੜਾਈ ਦੌਰਾਨ ਕਲੋਵਸ ਨੇ ਵਾਅਦਾ ਕੀਤਾ ਸੀ ਕਿ ਜੇ ਕਲਾਟਿਲਡਾ ਦਾ ਪਰਮੇਸ਼ੁਰ ਉਸ ਨੂੰ ਜਿੱਤ ਬਖ਼ਸ਼ੇ, ਤਾਂ ਉਹ ਆਪਣਾ ਧਰਮ ਬਦਲ ਲਵੇਗਾ। ਭਾਵੇਂ ਕਿ ਕਲੋਵਸ ਦੀਆਂ ਫ਼ੌਜਾਂ ਲਗਭਗ ਹਾਰ ਹੀ ਚੁੱਕੀਆਂ ਸਨ, ਅਲਮਾਨੀ ਰਾਜਾ ਮਾਰਿਆ ਗਿਆ ਅਤੇ ਉਸ ਦੀਆਂ ਫ਼ੌਜਾਂ ਨੇ ਆਪਣੇ ਆਪ ਨੂੰ ਕਲੋਵਸ ਦੇ ਹਵਾਲੇ ਕਰ ਦਿੱਤਾ। ਕਲੋਵਸ ਨੂੰ ਯਕੀਨ ਹੋ ਗਿਆ ਕਿ ਕਲਾਟਿਲਡਾ ਦੇ ਪਰਮੇਸ਼ੁਰ ਨੇ ਹੀ ਉਸ ਨੂੰ ਜਿੱਤ ਬਖ਼ਸ਼ੀ ਸੀ। ਇਕ ਲੋਕ ਕਹਾਣੀ ਅਨੁਸਾਰ, ਕਲੋਵਸ ਨੂੰ “ਸੇਂਟ” ਰਮੀਯੀਅਸ ਨੇ ਰੀਮਜ਼ ਦੇ ਕੈਥੀਡ੍ਰਲ ਵਿਚ 25 ਦਸੰਬਰ 496 ਸਾ.ਯੁ. ਨੂੰ ਬਪਤਿਸਮਾ ਦਿੱਤਾ ਸੀ। ਪਰ ਕੁਝ ਲੋਕ ਕਹਿੰਦੇ ਹਨ ਕਿ ਬਪਤਿਸਮੇ ਦੀ ਸਹੀ ਤਾਰੀਖ਼ 498/9 ਸਾ.ਯੁ. ਦੀ ਕੋਈ ਤਾਰੀਖ਼ ਹੈ।
ਕਲੋਵਸ ਨੇ ਦੱਖਣ-ਪੂਰਬੀ ਹਿੱਸੇ ਵਿਚ ਬਰਗੰਡੀ ਦੇ ਰਾਜ ਨੂੰ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਇਆ। ਪਰ ਉਹ ਵਿਸੀਗੋਥ ਕਬੀਲੇ ਦੇ ਵਿਰੁੱਧ 507 ਸਾ.ਯੁ. ਵਿਚ ਕਾਮਯਾਬ ਹੋਇਆ ਜਦੋਂ ਉਸ ਨੇ ਉਨ੍ਹਾਂ ਨੂੰ ਪੋਏਤੀਏ ਨੇੜੇ ਵੂਯੇ ਵਿਚ ਹਰਾਇਆ ਜਿਸ ਕਰਕੇ ਦੱਖਣ-ਪੱਛਮੀ ਗੌਲ ਦੇ ਜ਼ਿਆਦਾਤਰ ਇਲਾਕੇ ਉੱਤੇ ਉਸ ਦਾ ਕਬਜ਼ਾ ਹੋ ਗਿਆ। ਇਸ ਜਿੱਤ ਦੀ ਮਾਨਤਾ ਵਿਚ ਪੂਰਬੀ ਰੋਮੀ ਸਾਮਰਾਜ ਦੇ ਸਮਰਾਟ ਐਨਾਸਟੈਜ਼ਿਅਸ ਨੇ ਉਸ ਨੂੰ ਮੈਜਿਸਟ੍ਰੇਟ ਦਾ ਖ਼ਿਤਾਬ ਦਿੱਤਾ। ਇਸ ਤਰ੍ਹਾਂ ਦੂਸਰੇ ਪੱਛਮੀ ਰਾਜਿਆਂ ਵਿਚ ਉਸ ਦਾ ਰੁਤਬਾ ਸਾਰਿਆਂ ਨਾਲੋਂ ਉੱਚਾ ਹੋ ਗਿਆ ਅਤੇ ਫਰਾਂਸੀਸੀ-ਰੋਮੀ ਲੋਕਾਂ ਦੀਆਂ ਨਜ਼ਰਾਂ ਵਿਚ ਉਸ ਦਾ ਸ਼ਾਸਨ ਕਾਨੂੰਨੀ ਹੋ ਗਿਆ।
ਰਾਈਨ ਦਰਿਆ ਦੇ ਪੂਰਬੀ ਹਿੱਸੇ ਵਿਚ ਵਸੇ ਫ਼ਰਾਂਕੀ ਕਬੀਲੇ ਦੇ ਇਲਾਕੇ ਨੂੰ ਆਪਣੇ ਕਬਜ਼ੇ ਹੇਠ ਕਰਨ ਤੋਂ ਬਾਅਦ ਕਲੋਵਸ ਨੇ ਪੈਰਿਸ ਨੂੰ ਆਪਣੀ ਰਾਜਧਾਨੀ ਬਣਾ ਲਿਆ। ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲਾਂ ਦੌਰਾਨ ਉਸ ਨੇ ਲੈੱਕਸ ਸਾਲਿਕਾ ਨਾਂ ਦਾ ਇਕ ਲਿਖਤੀ ਨਿਯਮ ਸਥਾਪਿਤ ਕੀਤਾ। ਉਸ ਨੇ ਚਰਚ ਅਤੇ ਰਾਜ ਵਿਚਕਾਰ ਸੰਬੰਧਾਂ ਨੂੰ ਸਪੱਸ਼ਟ ਕਰਨ ਲਈ ਓਰਲੀਨਜ਼ ਵਿਚ ਇਕ ਚਰਚ ਕੌਂਸਲ ਵੀ ਬਣਾਈ। ਇਸ ਤਰ੍ਹਾਂ ਉਸ ਨੇ ਆਪਣੇ ਰਾਜ ਨੂੰ ਮਜ਼ਬੂਤ ਕੀਤਾ। ਇਹ ਸੰਭਵ ਹੈ ਕਿ ਉਸ ਦੀ ਮੌਤ 27 ਨਵੰਬਰ 511 ਸਾ.ਯੁ. ਨੂੰ ਹੋਈ ਸੀ। ਉਸ ਵੇਲੇ ਉਹ ਗੌਲ ਦੇ ਤਿੰਨ ਚੌਥਾਈ ਇਲਾਕੇ ਦਾ ਇਕੱਲਾ ਸ਼ਾਸਕ ਸੀ।
ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ ਕਲੋਵਸ ਦਾ ਕੈਥੋਲਿਕ ਧਰਮ ਨੂੰ ਅਪਣਾਉਣਾ “ਪੱਛਮੀ ਯੂਰਪ ਦੇ ਇਤਿਹਾਸ ਵਿਚ ਇਕ ਮਹੱਤਵਪੂਰਣ ਘਟਨਾ ਸੀ।” ਇਸ ਗ਼ੈਰ-ਈਸਾਈ ਰਾਜੇ ਦਾ ਆਪਣੇ ਧਰਮ ਨੂੰ ਬਦਲਣਾ ਇੰਨਾ ਮਹੱਤਵਪੂਰਣ ਕਿਉਂ ਸੀ? ਇਹ ਇਸ ਲਈ ਮਹੱਤਵਪੂਰਣ ਸੀ ਕਿਉਂਕਿ ਕਲੋਵਸ ਨੇ ਏਰੀਅਸਵਾਦ ਦੀ ਬਜਾਇ ਕੈਥੋਲਿਕ ਧਰਮ ਨੂੰ ਚੁਣਿਆ ਸੀ।
ਏਰੀਅਸ ਧਰਮ ਦਾ ਵਾਦ-ਵਿਵਾਦ
ਲਗਭਗ 320 ਸਾ.ਯੁ. ਵਿਚ ਮਿਸਰ ਦੇ ਸ਼ਹਿਰ ਸਿਕੰਦਰੀਆ ਵਿਚ ਇਕ ਪਾਦਰੀ ਨੇ ਤ੍ਰਿਏਕ ਬਾਰੇ ਨਵੇਂ ਵਿਚਾਰ ਫੈਲਾਉਣੇ ਸ਼ੁਰੂ ਕਰ ਦਿੱਤੇ। ਏਰੀਅਸ ਨੇ ਇਹ ਮੰਨਣ ਤੋਂ ਇਨਕਾਰ ਕੀਤਾ ਕਿ ਪੁੱਤਰ ਤੇ ਪਿਤਾ ਇਕ ਹੀ ਵਿਅਕਤੀ ਹਨ। ਪੁੱਤਰ ਪਰਮੇਸ਼ੁਰ ਨਹੀਂ ਹੋ ਸਕਦਾ ਸੀ ਜਾਂ ਆਪਣੇ ਪਿਤਾ ਦੇ ਬਰਾਬਰ ਨਹੀਂ ਹੋ ਸਕਦਾ ਸੀ ਕਿਉਂਕਿ ਪੁੱਤਰ ਪੈਦਾ ਹੋਇਆ ਸੀ। (ਕੁਲੁੱਸੀਆਂ 1:15) ਪਵਿੱਤਰ ਆਤਮਾ ਦੇ ਸੰਬੰਧ ਵਿਚ ਏਰੀਅਸ ਵਿਸ਼ਵਾਸ ਕਰਦਾ ਸੀ ਕਿ ਇਹ ਇਕ ਵਿਅਕਤੀ ਸੀ ਪਰ ਪਿਤਾ ਤੇ ਪੁੱਤਰ ਦੋਹਾਂ ਤੋਂ ਛੋਟਾ ਸੀ। ਇਹ ਸਿੱਖਿਆ ਬਹੁਤ ਮਸ਼ਹੂਰ ਹੋ ਗਈ ਪਰ ਇਸ ਨੇ ਚਰਚ ਦੇ ਅੰਦਰ ਬਹੁਤ ਸਖ਼ਤ ਵਿਰੋਧ ਖੜ੍ਹਾ ਕਰ ਦਿੱਤਾ। ਸਾਲ 325 ਸਾ.ਯੁ. ਵਿਚ ਨਾਇਸੀਆ ਦੀ ਕੌਂਸਲ ਵਿਚ ਏਰੀਅਸ ਨੂੰ ਦੇਸ਼ਨਿਕਾਲਾ ਦੇ ਦਿੱਤਾ ਗਿਆ ਤੇ ਉਸ ਦੀਆਂ ਸਿੱਖਿਆਵਾਂ ਦੀ ਨਿਖੇਧੀ ਕੀਤੀ ਗਈ।a
ਪਰ ਇਸ ਨਾਲ ਇਹ ਵਾਦ-ਵਿਵਾਦ ਖ਼ਤਮ ਨਹੀਂ ਹੋਇਆ। ਇਸ ਸਿੱਖਿਆ ਉੱਤੇ ਲਗਭਗ 60 ਸਾਲ ਤਕ ਬਹਿਸ ਚੱਲਦੀ ਰਹੀ ਜਿਸ ਦੌਰਾਨ ਰਾਜੇ ਕਦੇ ਇਸ ਗੱਲ ਨਾਲ ਸਹਿਮਤ ਹੁੰਦੇ ਸਨ ਕਦੇ ਉਸ ਗੱਲ ਨਾਲ। ਅਖ਼ੀਰ 392 ਸਾ.ਯੁ. ਵਿਚ ਸਮਰਾਟ ਥੀਓਡੋਸਿਅਸ ਪਹਿਲੇ ਨੇ ਕੱਟੜ ਕੈਥੋਲਿਕ ਧਰਮ ਨੂੰ ਅਤੇ ਤ੍ਰਿਏਕ ਦੀ ਸਿੱਖਿਆ ਨੂੰ ਪੂਰੇ ਰੋਮੀ ਸਾਮਰਾਜ ਦਾ ਧਰਮ ਬਣਾ ਦਿੱਤਾ। ਇਸ ਸਮੇਂ ਦੌਰਾਨ ਉਲਫੀਲਾਸ ਨਾਂ ਦੇ ਇਕ ਜਰਮੈਨਿਕ ਬਿਸ਼ਪ ਨੇ ਗਾਥੀ ਲੋਕਾਂ ਦੇ ਧਰਮ ਨੂੰ ਏਰੀਅਸ ਧਰਮ ਵਿਚ ਬਦਲ ਦਿੱਤਾ। ਦੂਸਰੇ ਜਰਮੈਨਿਕ ਕਬੀਲਿਆਂ ਨੇ ਇਸ ਕਿਸਮ ਦੀ “ਮਸੀਹੀਅਤ” ਨੂੰ ਫਟਾਫਟ ਅਪਣਾ ਲਿਆ।b
ਕਲੋਵਸ ਦੇ ਸਮੇਂ ਤਕ ਗੌਲ ਵਿਚ ਕੈਥੋਲਿਕ ਧਰਮ ਖ਼ਤਰੇ ਵਿਚ ਸੀ। ਏਰੀਅਸ ਵਿਸੀਗੋਥ ਲੋਕ ਮਰੇ ਹੋਏ ਬਿਸ਼ਪਾਂ ਦੀ ਥਾਂ ਨਵੇਂ ਬਿਸ਼ਪਾਂ ਦੀ ਨਿਯੁਕਤੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂਕਿ ਕੈਥੋਲਿਕ ਧਰਮ ਖ਼ਤਮ ਹੋ ਜਾਵੇ। ਇਸ ਤੋਂ ਇਲਾਵਾ ਰੋਮ ਵਿਚ ਦੋ ਪੋਪਾਂ ਦੇ ਧੜਿਆਂ ਕਰਕੇ ਚਰਚ ਵਿਚ ਲੜਾਈ ਚੱਲ ਰਹੀ ਸੀ। ਦੋਵੇਂ ਧੜਿਆਂ ਦੇ ਲੋਕ ਇਕ ਦੂਜੇ ਨੂੰ ਮਾਰ ਰਹੇ ਸਨ। ਇਸ ਝਗੜੇ ਤੋਂ ਇਲਾਵਾ ਕੁਝ ਕੈਥੋਲਿਕ ਲਿਖਾਰੀਆਂ ਨੇ ਇਸ ਵਿਚਾਰ ਨੂੰ ਫੈਲਾਇਆ ਕਿ ਸਾਲ 500 ਸਾ.ਯੁ. ਵਿਚ ਦੁਨੀਆਂ ਦਾ ਅੰਤ ਹੋ ਜਾਵੇਗਾ। ਇਸ ਤਰ੍ਹਾਂ ਫ਼ਰਾਂਕੀ ਰਾਜੇ ਦਾ ਕੈਥੋਲਿਕ ਧਰਮ ਨੂੰ ਅਪਣਾਉਣਾ ਸ਼ੁਭ ਸਮਝਿਆ ਗਿਆ ਤੇ ਇਸ ਨਾਲ “ਸੰਤਾਂ ਦਾ ਇਕ ਨਵਾਂ ਯੁੱਗ ਸ਼ੁਰੂ” ਹੋਇਆ।
ਪਰ ਕਲੋਵਸ ਦੇ ਇਰਾਦੇ ਕੀ ਸਨ? ਹੋ ਸਕਦਾ ਹੈ ਕਿ ਉਹ ਧਾਰਮਿਕ ਇਰਾਦੇ ਸਨ, ਪਰ ਉਸ ਦੇ ਮਨ ਵਿਚ ਕੁਝ ਰਾਜਨੀਤਿਕ ਇਰਾਦੇ ਵੀ ਸਨ। ਕੈਥੋਲਿਕ ਧਰਮ ਨੂੰ ਚੁਣਨ ਨਾਲ ਕਲੋਵਸ ਨੇ ਫਰਾਂਸੀਸੀ-ਰੋਮੀ ਕੈਥੋਲਿਕ ਧਰਮ ਦੀ ਵੱਡੀ ਆਬਾਦੀ ਦੀ ਤਰਫ਼ਦਾਰੀ ਅਤੇ ਚਰਚ ਦੇ ਪ੍ਰਭਾਵਕਾਰੀ ਪਾਦਰੀ-ਸੰਘ ਦੀ ਹਿਮਾਇਤ ਵੀ ਹਾਸਲ ਕਰ ਲਈ। ਇਸ ਨਾਲ ਉਸ ਦੇ ਰਾਜਨੀਤਿਕ ਵਿਰੋਧੀਆਂ ਵਿਚ ਉਸ ਦਾ ਰੁਤਬਾ ਬਿਨਾਂ ਸ਼ੱਕ ਉੱਚਾ ਹੋ ਗਿਆ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਲਿਖਦਾ ਹੈ ਕਿ “ਗੌਲ ਉੱਤੇ ਉਸ ਦੀ ਜਿੱਤ ਨਫ਼ਰਤ ਭਰੇ ਏਰੀਅਸ ਕਾਫਰਾਂ ਤੋਂ ਆਜ਼ਾਦੀ ਦੀ ਲੜਾਈ ਬਣ ਗਈ।”
ਕਲੋਵਸ ਅਸਲ ਵਿਚ ਕਿੱਦਾਂ ਦਾ ਇਨਸਾਨ ਸੀ?
ਸਾਲ 1996 ਵਿਚ ਸਮਾਰੋਹ ਦੇ ਸ਼ੁਰੂ ਹੋਣ ਤੋਂ ਪਹਿਲਾਂ, ਰੀਮਜ਼ ਦੇ ਮੁੱਖ ਪਾਦਰੀ ਜ਼ਰਾਰ ਡਿਫੁਆ ਨੇ ਕਲੋਵਸ ਬਾਰੇ ਕਿਹਾ ਕਿ ਉਸ ਨੇ “ਸੋਚ-ਸਮਝ ਕੇ ਹੀ ਧਰਮ ਬਦਲਿਆ ਸੀ।” ਪਰ ਫਰਾਂਸੀਸੀ ਇਤਿਹਾਸਕਾਰ ਅਰਨੈਸਟ ਲਾਵੀਸ ਨੇ ਕਿਹਾ: “ਕਲੋਵਸ ਦੇ ਨਵੇਂ ਧਰਮ ਨੇ ਉਸ ਦੇ ਸੁਭਾਅ ਨੂੰ ਬਿਲਕੁਲ ਨਹੀਂ ਬਦਲਿਆ; ਇੰਜੀਲ ਦੇ ਕੋਮਲ ਅਤੇ ਸ਼ਾਂਤੀਪੂਰਣ ਸਦਾਚਾਰ ਨਾਲ ਉਸ ਦਾ ਦਿਲ ਨਰਮ ਨਹੀਂ ਹੋਇਆ।” ਇਕ ਹੋਰ ਇਤਿਹਾਸਕਾਰ ਨੇ ਟਿੱਪਣੀ ਕੀਤੀ: “ਓਡਿਨ [ਨਾਰਵੇ ਦਾ ਇਕ ਦੇਵਤਾ] ਦੀ ਜਗ੍ਹਾ ਉਸ ਨੇ ਮਸੀਹ ਦਾ ਨਾਂ ਜਪਿਆ ਪਰ ਉਸ ਨੇ ਕੋਈ ਤਬਦੀਲੀਆਂ ਨਹੀਂ ਕੀਤੀਆਂ।” ਕਲੋਵਸ ਦਾ ਸੁਭਾਅ ਕਾਂਸਟੰਟੀਨ ਦੇ ਸੁਭਾਅ ਦੀ ਯਾਦ ਕਰਾਉਂਦਾ ਹੈ। ਉਸ ਨੇ ਵੀ ਈਸਾਈ ਧਰਮ ਅਪਣਾਇਆ ਸੀ। ਕਲੋਵਸ ਆਪਣੇ ਸ਼ਾਸਨ ਨੂੰ ਮਜ਼ਬੂਤ ਕਰਨ ਲਈ ਸਿਲਸਿਲੇਵਾਰ ਸਿੰਘਾਸਣ ਦੇ ਸਾਰੇ ਦਾਅਵੇਦਾਰਾਂ ਨੂੰ ਮਾਰਨ ਲੱਗ ਪਿਆ। ਉਸ ਨੇ “ਆਪਣੇ ਸਾਰੇ ਦੂਰ ਦੇ ਰਿਸ਼ਤੇਦਾਰਾਂ ਨੂੰ ਵੀ” ਇਸ ਲਈ ਮਾਰ ਦਿੱਤਾ।
ਕਲੋਵਸ ਦੇ ਮਰਨ ਤੋਂ ਬਾਅਦ, ਕਥਾ-ਕਹਾਣੀਆਂ ਸ਼ੁਰੂ ਹੋ ਗਈਆਂ ਜਿਨ੍ਹਾਂ ਨੇ ਉਸ ਨੂੰ ਇਕ ਜ਼ਾਲਮ ਤੇ ਲੜਾਕੇ ਆਦਮੀ ਤੋਂ ਇਕ ਨੇਕ ਸੰਤ ਦੇ ਰੂਪ ਵਿਚ ਦਿਖਾਇਆ। ਤੂਰ ਦੇ ਗ੍ਰੈਗਰੀ ਦੁਆਰਾ ਤਕਰੀਬਨ ਇਕ ਸਦੀ ਬਾਅਦ ਲਿਖੇ ਗਏ ਬਿਰਤਾਂਤ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਕਲੋਵਸ ਦੀ ਤੁਲਨਾ “ਮਸੀਹੀਅਤ” ਨੂੰ ਅਪਣਾਉਣ ਵਾਲੇ ਪਹਿਲੇ ਰੋਮੀ ਸਮਰਾਟ ਕਾਂਸਟੰਟੀਨ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਕਲੋਵਸ ਦੇ ਬਪਤਿਸਮੇ ਵੇਲੇ ਉਸ ਦੀ ਉਮਰ 30 ਸਾਲ ਦੱਸਣ ਨਾਲ ਗ੍ਰੈਗਰੀ ਨੇ ਉਸ ਦੀ ਤੁਲਨਾ ਮਸੀਹ ਨਾਲ ਕਰਨ ਦੀ ਕੋਸ਼ਿਸ਼ ਕੀਤੀ।—ਲੂਕਾ 3:23.
ਰੀਮਜ਼ ਦੇ ਬਿਸ਼ਪ ਅੰਕਮਾਰ ਨੇ ਵੀ ਨੌਵੀਂ ਸਦੀ ਵਿਚ ਇਸੇ ਤਰ੍ਹਾਂ ਕੀਤਾ। ਜਿਸ ਵੇਲੇ ਚਰਚ ਸ਼ਰਧਾਲੂਆਂ ਵਾਸਤੇ ਤਰਸ ਰਹੇ ਸਨ, ਉਸ ਵੇਲੇ ਉਸ ਨੇ ਆਪਣੇ ਤੋਂ ਪਹਿਲਾਂ ਦੇ ਬਿਸ਼ਪ “ਸੇਂਟ” ਰਮੀਜੀਸ ਦੀ ਜੀਵਨੀ ਲਿਖੀ। ਉਸ ਦਾ ਇਰਾਦਾ ਸੀ ਕਿ ਉਸ ਦਾ ਚਰਚ ਮਸ਼ਹੂਰ ਹੋਵੇ ਅਤੇ ਚਰਚ ਦੀ ਦੌਲਤ ਵਿਚ ਵਾਧਾ ਹੋਵੇ। ਇਸ ਵਿਚ ਉਸ ਨੇ ਲਿਖਿਆ ਕਿ ਕਲੋਵਸ ਦੇ ਬਪਤਿਸਮੇ ਵੇਲੇ ਉਸ ਨੂੰ ਮਸਹ ਕਰਨ ਲਈ ਉਹ ਇਕ ਚਿੱਟਾ ਕਬੂਤਰ ਅਤੇ ਤੇਲ ਦੀ ਸ਼ੀਸ਼ੀ ਲੈ ਕੇ ਆਇਆ ਸੀ। ਇਹ ਯਿਸੂ ਨੂੰ ਪਵਿੱਤਰ ਆਤਮਾ ਨਾਲ ਮਸਹ ਕਰਨ ਦਾ ਇਕ ਹਵਾਲਾ ਹੈ। (ਮੱਤੀ 3:16) ਇਸ ਤਰ੍ਹਾਂ ਅੰਕਮਾਰ ਨੇ ਕਲੋਵਸ, ਰੀਮਜ਼, ਅਤੇ ਕਲੋਵਸ ਦੀ ਬਾਦਸ਼ਾਹਤ ਵਿਚ ਇਕ ਸੰਬੰਧ ਸਥਾਪਿਤ ਕੀਤਾ ਅਤੇ ਇਸ ਵਿਚਾਰ ਨੂੰ ਫੈਲਾਇਆ ਕਿ ਕਲੋਵਸ ਪ੍ਰਭੂ ਦਾ ਮਸਹ ਕੀਤਾ ਹੋਇਆ ਸੇਵਕ ਸੀ।c
ਯਾਦਗਾਰੀ ਸਮਾਰੋਹ ਦਾ ਵਾਦ-ਵਿਵਾਦ
ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਚਾਰਲਜ਼ ਡੀ ਗੌਲ ਨੇ ਇਕ ਵਾਰ ਕਿਹਾ ਸੀ: “ਮੇਰੇ ਵਿਚਾਰ ਵਿਚ ਫ਼ਰਾਂਸ ਦਾ ਇਤਿਹਾਸ ਕਲੋਵਸ ਨਾਲ ਸ਼ੁਰੂ ਹੁੰਦਾ ਹੈ ਜਿਸ ਨੂੰ ਫ਼ਰਾਂਕੀ ਕਬੀਲੇ ਨੇ ਫ਼ਰਾਂਸ ਦਾ ਰਾਜਾ ਚੁਣਿਆ ਸੀ ਤੇ ਜਿਨ੍ਹਾਂ ਨੇ ਫ਼ਰਾਂਸ ਨੂੰ ਆਪਣਾ ਨਾਂ ਦਿੱਤਾ।” ਪਰ ਸਾਰੇ ਇਸ ਗੱਲ ਨਾਲ ਨਹੀਂ ਸਹਿਮਤ। ਕਲੋਵਸ ਦੇ ਬਪਤਿਸਮੇ ਦੀ 1,500ਵੀਂ ਵਰ੍ਹੇ-ਗੰਢ ਦਾ ਯਾਦਗਾਰੀ ਸਮਾਰੋਹ ਵਾਦ-ਵਿਵਾਦ ਦਾ ਵਿਸ਼ਾ ਬਣ ਗਿਆ। ਫ਼ਰਾਂਸ ਵਿਚ ਚਰਚ ਅਤੇ ਸਰਕਾਰ ਨੂੰ ਕਾਨੂੰਨੀ ਤੌਰ ਤੇ 1905 ਵਿਚ ਵੱਖ ਕਰ ਦਿੱਤਾ ਗਿਆ ਸੀ, ਇਸ ਲਈ ਉੱਥੇ ਬਹੁਤ ਸਾਰੇ ਲੋਕਾਂ ਨੇ ਧਾਰਮਿਕ ਸਮਝੇ ਗਏ ਇਸ ਸਮਾਰੋਹ ਵਿਚ ਸਰਕਾਰ ਦੀ ਭਾਗੀਦਾਰੀ ਦੀ ਆਲੋਚਨਾ ਕੀਤੀ। ਜਦੋਂ ਰੀਮਜ਼ ਨਗਰ ਦੀ ਕੌਂਸਲ ਨੇ ਪੋਪ ਦੇ ਦੌਰੇ ਦੌਰਾਨ ਵਰਤੀ ਜਾਣ ਵਾਲੀ ਸਟੇਜ ਬਣਾਉਣ ਲਈ ਪੈਸਾ ਦੇਣ ਦੀ ਯੋਜਨਾ ਬਣਾਈ, ਤਾਂ ਇਕ ਸੰਸਥਾ ਨੇ ਕਚਹਿਰੀ ਵਿਚ ਇਸ ਯੋਜਨਾ ਨੂੰ ਗ਼ੈਰ-ਕਾਨੂੰਨੀ ਸਾਬਤ ਕਰ ਕੇ ਇਸ ਨੂੰ ਰੱਦ ਕਰਵਾ ਦਿੱਤਾ। ਕਈ ਦੂਸਰੇ ਲੋਕ ਮਹਿਸੂਸ ਕਰ ਰਹੇ ਸਨ ਕਿ ਚਰਚ ਫ਼ਰਾਂਸ ਉੱਤੇ ਆਪਣੀ ਨੈਤਿਕ ਅਤੇ ਦੁਨਿਆਵੀ ਅਧਿਕਾਰ ਦੁਬਾਰਾ ਥੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਵਿਵਾਦ ਹੋਰ ਵੀ ਗੁੰਝਲਦਾਰ ਬਣ ਗਿਆ ਜਦੋਂ ਕਲੋਵਸ ਨੂੰ ਅੱਤ ਕੱਟੜਪੰਥੀ ਕੌਮੀ ਮੋਰਚੇ ਅਤੇ ਮੂਲਵਾਦੀ ਕੈਥੋਲਿਕ ਸਮੂਹਾਂ (National Front and fundamentalist Catholic groups) ਦੇ ਇਕ ਚਿੰਨ੍ਹ ਵਜੋਂ ਵਰਤਿਆ ਗਿਆ।
ਦੂਸਰੇ ਲੋਕਾਂ ਨੇ ਇਤਿਹਾਸਕ ਨਜ਼ਰੀਏ ਤੋਂ ਇਸ ਸਮਾਰਕ ਸਮਾਰੋਹ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਲੋਵਸ ਦੇ ਬਪਤਿਸਮੇ ਨਾਲ ਫ਼ਰਾਂਸ ਨੇ ਕੈਥੋਲਿਕ ਧਰਮ ਨਹੀਂ ਅਪਣਾਇਆ ਸੀ ਕਿਉਂਕਿ ਇਹ ਧਰਮ ਤਾਂ ਫਰਾਂਸੀਸੀ-ਰੋਮੀ ਲੋਕਾਂ ਵਿਚ ਪਹਿਲਾਂ ਹੀ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਚੁੱਕਾ ਸੀ। ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਸ ਦੇ ਬਪਤਿਸਮੇ ਨਾਲ ਫ਼ਰਾਂਸ ਇਕ ਕੌਮ ਨਹੀਂ ਬਣਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ 843 ਸਾ.ਯੁ. ਵਿਚ ਸ਼ਾਰਲਮੇਨ ਦੇ ਰਾਜ ਦੇ ਬਟਵਾਰੇ ਤੋਂ ਬਾਅਦ ਹੋਇਆ ਸੀ ਜਦੋਂ ਚਾਰਲਜ਼ ਦ ਬਾਲਡ ਨੂੰ, ਨਾ ਕਿ ਕਲੋਵਸ ਨੂੰ, ਫ਼ਰਾਂਸ ਦਾ ਪਹਿਲਾ ਰਾਜਾ ਬਣਾਇਆ ਗਿਆ ਸੀ।
ਕੈਥੋਲਿਕ ਧਰਮ ਦੇ 1,500 ਸਾਲ
ਫ਼ਰਾਂਸ ਵਿਚ ਕੈਥੋਲਿਕ ਧਰਮ ਨੂੰ “ਚਰਚ ਦੀ ਜੇਠੀ ਕੁੜੀ” ਕਿਹਾ ਜਾਂਦਾ ਹੈ। ਪਰ ਫ਼ਰਾਂਸ ਵਿਚ 1,500 ਸਾਲ ਬਾਅਦ ਅੱਜ ਕੈਥੋਲਿਕ ਧਰਮ ਦਾ ਕੀ ਹਾਲ ਹੈ? ਸਾਲ 1938 ਤਕ ਫ਼ਰਾਂਸ ਵਿਚ ਦੁਨੀਆਂ ਦੇ ਸਭ ਤੋਂ ਜ਼ਿਆਦਾ ਬਪਤਿਸਮਾ-ਪ੍ਰਾਪਤ ਕੈਥੋਲਿਕ ਸਨ। ਹੁਣ ਇਹ ਛੇਵੇਂ ਨੰਬਰ ਤੇ ਹੈ ਅਤੇ ਫ਼ਿਲਪੀਨ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਪਿੱਛੇ ਹੈ। ਫ਼ਰਾਂਸ ਵਿਚ 4.5 ਕਰੋੜ ਕੈਥੋਲਿਕ ਹਨ, ਪਰ ਉਨ੍ਹਾਂ ਵਿੱਚੋਂ ਸਿਰਫ਼ 60 ਲੱਖ ਹੀ ਨਿਯਮਿਤ ਤੌਰ ਤੇ ਰੱਬੀ ਭੋਜ ਵਿਚ ਹਾਜ਼ਰ ਹੁੰਦੇ ਹਨ। ਫ਼ਰਾਂਸ ਦੇ ਕੈਥੋਲਿਕਾਂ ਦੇ ਹਾਲ ਹੀ ਵਿਚ ਕੀਤੇ ਗਏ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ 65 ਪ੍ਰਤਿਸ਼ਤ ਲੋਕ “ਜਿਨਸੀ ਸੰਬੰਧਾਂ ਬਾਰੇ ਚਰਚ ਦੀਆਂ ਸਿੱਖਿਆਵਾਂ ਵੱਲ ਕੋਈ ਧਿਆਨ ਨਹੀਂ ਦਿੰਦੇ” ਅਤੇ ਉਨ੍ਹਾਂ ਵਿੱਚੋਂ 5 ਪ੍ਰਤਿਸ਼ਤ ਲੋਕਾਂ ਲਈ ਯਿਸੂ “ਕੋਈ ਮਾਅਨੇ ਨਹੀਂ ਰੱਖਦਾ।” ਅਜਿਹੇ ਮਾੜੇ ਰਵੱਈਏ ਕਰਕੇ 1980 ਵਿਚ ਫ਼ਰਾਂਸ ਵਿਚ ਆਪਣੀ ਯਾਤਰਾ ਦੌਰਾਨ ਪੋਪ ਇਹ ਕਹਿਣ ਲਈ ਮਜਬੂਰ ਹੋਇਆ: “ਫ਼ਰਾਂਸ, ਤੂੰ ਆਪਣੇ ਬਪਤਿਸਮੇ ਦੇ ਵਾਅਦੇ ਨਾਲ ਕੀ ਕੀਤਾ ਹੈ?”
[ਫੁਟਨੋਟ]
c ਲੁਈ ਨਾਂ ਕਲੋਵਸ ਤੋਂ ਆਇਆ ਹੈ ਜਿਸ ਤੋਂ ਬਾਅਦ ਫ਼ਰਾਂਸ ਦੇ 19 ਰਾਜਿਆਂ ਦੇ ਨਾਂ ਲੁਈ (ਜਿਨ੍ਹਾਂ ਵਿਚ ਲੁਈ ਸਤਾਰ੍ਹਵਾਂ ਅਤੇ ਲੁਈ-ਫਿਲਪੀ ਵੀ ਸ਼ਾਮਲ ਸਨ) ਰੱਖੇ ਗਏ ਸਨ।
[ਸਫ਼ੇ 27 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਸੈਕਸਨਜ਼
ਰਾਈਨ ਦਰਿਆ
ਸੌਮ ਦਰਿਆ
ਰੀਮਜ਼
ਸਵਾਸੋਨ
ਪੈਰਿਸ
ਗੌਲ
ਲੋਆਰ ਦਰਿਆ
ਵੂਯੇ
ਪੋਏਤੀਏ
ਪਿਰੇਨੀਜ਼
ਵਿਸੀਗੋਥਜ਼
ਰੋਮ
[ਸਫ਼ੇ 26 ਉੱਤੇ ਤਸਵੀਰ]
ਚੌਦਵੀਂ ਸਦੀ ਦੇ ਇਕ ਮੂਲਪਾਠ ਵਿਚ ਕਲੋਵਸ ਦਾ ਬਪਤਿਸਮਾ
[ਕ੍ਰੈਡਿਟ ਲਾਈਨ]
© Cliché Bibliothèque nationale de France, Paris
[ਸਫ਼ੇ 28 ਉੱਤੇ ਤਸਵੀਰ]
ਫ਼ਰਾਂਸ ਦੇ ਰੀਮਜ਼ ਕੈਥੀਡ੍ਰਲ ਦੇ ਬਾਹਰ ਕਲੋਵਸ (ਗੱਭੇ) ਦੇ ਬਪਤਿਸਮੇ ਦੀ ਮੂਰਤੀ
[ਸਫ਼ੇ 29 ਉੱਤੇ ਤਸਵੀਰ]
ਕਲੋਵਸ ਦੇ ਬਪਤਿਸਮੇ ਦਾ ਯਾਦਗਾਰੀ ਸਮਾਰੋਹ ਮਨਾਉਣ ਲਈ ਪੋਪ ਜਾਨ ਪੌਲ ਦੂਜੇ ਦੀ ਫ਼ਰਾਂਸ ਯਾਤਰਾ ਨੇ ਵਾਦ-ਵਿਵਾਦ ਖੜ੍ਹਾ ਕੀਤਾ