ਧਾਰਮਿਕ ਕਦਰਾਂ-ਕੀਮਤਾਂ—ਕੀ ਇਹ ਪਤਨ ਵੱਲ ਜਾ ਰਹੀਆਂ ਹਨ?
“ਪੰਦਰਾਂ ਜੋੜੇ ਵਿਆਹ ਕਰਾਉਣ ਤੋਂ ਪਹਿਲਾਂ ਸਲਾਹ-ਮਸ਼ਵਰਿਆਂ ਲਈ ਇਕ [ਕੈਥੋਲਿਕ] ਸਭਾ ਵਿਚ ਆਏ। ਇਨ੍ਹਾਂ 30 ਜਣਿਆਂ ਵਿੱਚੋਂ ਸਿਰਫ਼ ਤਿੰਨ ਵਿਅਕਤੀਆਂ ਨੇ ਕਿਹਾ ਕਿ ਉਹ ਪਰਮੇਸ਼ੁਰ ਨੂੰ ਮੰਨਦੇ ਹਨ।” ਲਾ ਕ੍ਰਵਾ, ਫਰਾਂਸੀਸੀ ਕੈਥੋਲਿਕ ਅਖ਼ਬਾਰ।
ਧਾਰਮਿਕ ਕਦਰਾਂ-ਕੀਮਤਾਂ ਅੱਜ ਵਿਗੜਦੀਆਂ ਜਾ ਰਹੀਆਂ ਹਨ। ਨਿਊਜ਼ਵੀਕ ਰਸਾਲੇ ਦੇ ਅੰਤਰਰਾਸ਼ਟਰੀ ਐਡੀਸ਼ਨ ਵਿਚ, 12 ਜੁਲਾਈ 1999 ਦੇ ਅੰਕ ਦੇ ਮੁੱਖ ਸਫ਼ੇ ਉੱਤੇ ਇਹ ਸਵਾਲ ਛਪਿਆ ਸੀ: “ਕੀ ਪਰਮੇਸ਼ੁਰ ਮਰ ਚੁੱਕਾ ਹੈ?” ਇਸ ਸਵਾਲ ਦੇ ਜਵਾਬ ਵਿਚ ਇਸੇ ਰਸਾਲੇ ਨੇ ਕਿਹਾ ਕਿ ਪੱਛਮੀ ਯੂਰਪ ਵਿਚ ਤਾਂ ਇਸੇ ਤਰ੍ਹਾਂ ਲੱਗਦਾ ਹੈ। ਉਸੇ ਸਾਲ ਦੇ ਅਕਤੂਬਰ ਮਹੀਨੇ ਵਿਚ ਹੋਈ ਕੈਥੋਲਿਕ ਚਰਚ ਦੀ ਧਰਮ-ਸਭਾ ਉੱਤੇ ਰਿਪੋਰਟ ਦਿੰਦੇ ਹੋਏ, ਫਰਾਂਸੀਸੀ ਅਖ਼ਬਾਰ ਲ ਮੌਂਡ ਨੇ ਕਿਹਾ: “ਪਾਦਰੀਆਂ ਲਈ ਆਪਣੇ ਭਗਤਾਂ ਨੂੰ ਉਪਦੇਸ਼ ਦੇਣਾ ਔਖਾ ਹੁੰਦਾ ਜਾ ਰਿਹਾ ਹੈ ਕਿਉਂਕਿ ਭਗਤਾਂ ਨੂੰ ਇਸ ਉਪਦੇਸ਼ ਤੋਂ ‘ਘਿਣ ਆਉਂਦੀ ਹੈ।’ . . . ਇਟਲੀ ਵਿਚ ਹੁਣ ਜ਼ਿਆਦਾਤਰ ਕੈਥੋਲਿਕ ਲੋਕਾਂ ਦੀਆਂ ਆਪਣੀਆਂ-ਆਪਣੀਆਂ ਕਦਰਾਂ-ਕੀਮਤਾਂ ਹਨ। . . . ਜਰਮਨੀ ਵਿਚ ਲੋਕਾਂ ਨੂੰ ਗਰਭਪਾਤ ਸੰਬੰਧੀ ਸਲਾਹ-ਮਸ਼ਵਰਾ ਦੇਣ ਲਈ ਖੋਲ੍ਹੇ ਗਏ ਕੇਂਦਰਾਂ ਨੂੰ ਲੈ ਕੇ ਕਾਫ਼ੀ ਬਹਿਸਬਾਜ਼ੀ ਚੱਲ ਰਹੀ ਹੈ। ਪੋਪ ਅਤੇ ਕੈਥੋਲਿਕ ਲੋਕਾਂ ਵਿਚ ਪਾੜ ਵਧਦਾ ਜਾ ਰਿਹਾ ਹੈ ਕਿਉਂਕਿ ਲੋਕ ਹੁਣ ਪੋਪ ਦੇ ਫ਼ਰਮਾਨਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ [ਨੀਦਰਲੈਂਡਜ਼ ਵਿਚ] ਲੋਕਾਂ ਨੇ ਨੈਤਿਕ ਕਦਰਾਂ-ਕੀਮਤਾਂ ਨੂੰ ਠੁਕਰਾਉਣ ਅਤੇ ਯੂਥਨੇਸ਼ੀਆ ਯਾਨੀ ਲਾਇਲਾਜ ਮਰੀਜ਼ਾਂ ਨੂੰ ਮੌਤ ਦੀ ਨੀਂਦ ਸੁਲਾਉਣ ਦੇ ਕਰਮ ਨੂੰ ਸਹੀ ਕਹਿਣ ਦੀ ਇਸ ਲਈ ਗੁਸਤਾਖ਼ੀ ਕੀਤੀ ਹੈ ਕਿਉਂਕਿ ਲੋਕਾਂ ਨੇ ਈਸਾਈ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਤਿਆਗ ਦਿੱਤਾ ਹੈ।”
ਦੂਸਰੇ ਦੇਸ਼ਾਂ ਵਿਚ ਵੀ ਅਸੀਂ ਇਹੋ ਹਾਲ ਦੇਖਦੇ ਹਾਂ। ਸਾਲ 1999 ਵਿਚ ਕੈਂਟਰਬਰੀ ਦੇ ਆਰਚਬਿਸ਼ਪ ਜੌਰਜ ਕੈਰੀ ਨੇ ਚੇਤਾਵਨੀ ਦਿੱਤੀ ਸੀ ਕਿ ਚਰਚ ਆਫ਼ ਇੰਗਲੈਂਡ “ਅਗਲੀ ਪੀੜ੍ਹੀ ਵਿਚ ਖ਼ਤਮ” ਹੋ ਜਾਵੇਗਾ। ਫਰਾਂਸੀਸੀ ਅਖ਼ਬਾਰ ਲ ਫ਼ੀਗਾਰੋ ਵਿਚ “ਈਸਾਈ ਯੂਰਪ ਦਾ ਅੰਤ” ਨਾਂ ਦੇ ਲੇਖ ਵਿਚ ਲਿਖਿਆ ਸੀ: “ਸਾਰੇ ਦੇਸ਼ਾਂ ਦਾ ਇਹੋ ਹਾਲ ਹੈ। . . . ਜ਼ਿਆਦਾ ਤੋਂ ਜ਼ਿਆਦਾ ਲੋਕ ਹੁਣ ਨੈਤਿਕ ਤੇ ਧਾਰਮਿਕ ਸਿਧਾਂਤਾਂ ਉੱਤੇ ਸਵਾਲ ਕਰ ਰਹੇ ਹਨ।”
ਲੋਕਾਂ ਦੀ ਘੱਟਦੀ ਸ਼ਰਧਾ
ਯੂਰਪ ਵਿਚ ਗਿਰਜੇ ਜਾਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਘੱਟਦੀ ਜਾ ਰਹੀ ਹੈ। ਫਰਾਂਸ ਵਿਚ 10 ਤੋਂ ਵੀ ਘੱਟ ਪ੍ਰਤਿਸ਼ਤ ਕੈਥੋਲਿਕ ਹਰ ਐਤਵਾਰ ਗਿਰਜੇ ਜਾਂਦੇ ਹਨ ਅਤੇ ਪੈਰਿਸ ਸ਼ਹਿਰ ਵਿਚ ਸਿਰਫ਼ 3-4 ਪ੍ਰਤਿਸ਼ਤ ਕੈਥੋਲਿਕ ਹੀ ਬਾਕਾਇਦਾ ਗਿਰਜੇ ਜਾਂਦੇ ਹਨ। ਇੰਗਲੈਂਡ, ਜਰਮਨੀ ਅਤੇ ਸਕੈਂਡੇਨੇਵੀਅਨ ਦੇਸ਼ਾਂ ਦੇ ਗਿਰਜਿਆਂ ਵਿਚ ਵੀ ਸ਼ਰਧਾਲੂਆਂ ਦੀ ਹਾਜ਼ਰੀ ਇੰਨੀ ਹੀ ਘੱਟ ਹੈ ਜਾਂ ਇਸ ਤੋਂ ਵੀ ਘੱਟ ਦੇਖੀ ਗਈ ਹੈ।
ਧਾਰਮਿਕ ਅਧਿਕਾਰੀਆਂ ਲਈ ਇਕ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਬਹੁਤ ਘੱਟ ਲੋਕ ਪਾਦਰੀ ਬਣਨ ਲਈ ਅੱਗੇ ਆ ਰਹੇ ਹਨ। ਇਕ ਸਦੀ ਤੋਂ ਵੀ ਘੱਟ ਸਮੇਂ ਵਿਚ, ਫਰਾਂਸ ਵਿਚ ਪਾਦਰੀਆਂ ਦੀ ਗਿਣਤੀ 14 ਪਾਦਰੀ ਪ੍ਰਤੀ 10,000 ਨਾਗਰਿਕਾਂ ਤੋਂ ਡਿੱਗ ਕੇ 1 ਪਾਦਰੀ ਪ੍ਰਤੀ 10,000 ਨਾਗਰਿਕ ਤਕ ਆ ਗਈ ਹੈ। ਪੂਰੇ ਯੂਰਪ ਵਿਚ ਜ਼ਿਆਦਾਤਰ ਪਾਦਰੀ ਹੁਣ ਵੱਡੀ ਉਮਰ ਦੇ ਹਨ ਅਤੇ ਆਇਰਲੈਂਡ ਤੇ ਬੈਲਜੀਅਮ ਵਰਗੇ ਦੇਸ਼ ਵੀ ਇਸ ਸਮੱਸਿਆ ਦੇ ਅਸਰਾਂ ਤੋਂ ਬਚੇ ਹੋਏ ਨਹੀਂ ਹਨ। ਇਸ ਤੋਂ ਇਲਾਵਾ, ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਵਾਲੀਆਂ ਕਲਾਸਾਂ ਵਿਚ ਵੀ ਬੱਚਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਇਹ ਸਭ ਕੁਝ ਦੇਖ ਕੇ ਤਾਂ ਇਹੋ ਲੱਗਦਾ ਕਿ ਕੈਥੋਲਿਕ ਚਰਚ ਦਾ ਮਾੜਾ ਹਾਲ ਹੈ।
ਅੱਜ-ਕੱਲ੍ਹ ਲੋਕਾਂ ਦਾ ਧਰਮ ਤੋਂ ਵਿਸ਼ਵਾਸ ਉੱਠ ਗਿਆ ਲੱਗਦਾ ਹੈ। ਸਿਰਫ਼ 6 ਪ੍ਰਤਿਸ਼ਤ ਫਰਾਂਸੀਸੀ ਲੋਕ ਮੰਨਦੇ ਹਨ ਕਿ “ਸਿਰਫ਼ ਇੱਕੋ ਧਰਮ ਸੱਚਾਈ ਸਿਖਾਉਂਦਾ ਹੈ,” ਜਦ ਕਿ 1981 ਵਿਚ 15 ਪ੍ਰਤਿਸ਼ਤ ਲੋਕ ਅਤੇ 1952 ਵਿਚ 50 ਪ੍ਰਤਿਸ਼ਤ ਲੋਕ ਇਹ ਵਿਸ਼ਵਾਸ ਕਰਦੇ ਸਨ। ਧਰਮ ਪ੍ਰਤੀ ਲਾਪਰਵਾਹੀ ਫੈਲਦੀ ਜਾ ਰਹੀ ਹੈ। ਸਾਲ 1980 ਵਿਚ 26 ਪ੍ਰਤਿਸ਼ਤ ਲੋਕ ਕਹਿੰਦੇ ਸਨ ਕਿ ਉਹ ਕਿਸੇ ਧਰਮ ਦੇ ਮੈਂਬਰ ਨਹੀਂ ਸਨ। ਪਰ ਸਾਲ 2000 ਵਿਚ ਅਜਿਹੇ ਲੋਕਾਂ ਦੀ ਗਿਣਤੀ ਵਧ ਕੇ 42 ਪ੍ਰਤਿਸ਼ਤ ਹੋ ਗਈ ਹੈ।—ਫਰਾਂਸੀਸੀ ਲੋਕਾਂ ਦੀਆਂ ਕਦਰਾਂ-ਕੀਮਤਾਂ—1980 ਤੋਂ ਲੈ ਕੇ 2000 ਤਕ ਦਾ ਵਿਕਾਸ (ਫਰਾਂਸੀਸੀ)।
ਨੈਤਿਕ ਕਦਰਾਂ-ਕੀਮਤਾਂ ਵਿਚ ਵੱਡੀ ਤਬਦੀਲੀ
ਲੋਕਾਂ ਦੀਆਂ ਕਦਰਾਂ-ਕੀਮਤਾਂ ਵਿਚ ਆਈ ਗਿਰਾਵਟ ਨੇ ਨੈਤਿਕ ਮਿਆਰਾਂ ਉੱਤੇ ਵੀ ਅਸਰ ਪਾਇਆ ਹੈ। ਜਿਵੇਂ ਇਸ ਲੇਖ ਦੇ ਸ਼ੁਰੂ ਵਿਚ ਦੱਸਿਆ ਗਿਆ ਸੀ, ਚਰਚ ਜਾਣ ਵਾਲੇ ਬਹੁਤ ਸਾਰੇ ਲੋਕ ਹੁਣ ਆਪਣੇ ਧਰਮ ਦੇ ਨੈਤਿਕ ਕਾਨੂੰਨਾਂ ਨੂੰ ਨਹੀਂ ਮੰਨਦੇ ਹਨ। ਉਹ ਸੋਚਦੇ ਹਨ ਕਿ ਧਾਰਮਿਕ ਆਗੂਆਂ ਨੂੰ ਚਾਲ-ਚਲਣ ਦੇ ਮਾਮਲੇ ਵਿਚ ਲੋਕਾਂ ਲਈ ਕਾਨੂੰਨ ਬਣਾਉਣ ਦਾ ਕੋਈ ਹੱਕ ਨਹੀਂ ਹੈ। ਜਦੋਂ ਪੋਪ ਨੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਆਵਾਜ਼ ਉਠਾਈ ਸੀ, ਤਾਂ ਲੋਕਾਂ ਨੇ ਉਸ ਦੀ ਸ਼ਲਾਘਾ ਕੀਤੀ ਸੀ। ਪਰ ਜਦੋਂ ਪੋਪ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਉੱਤੇ ਅਸਰ ਪਾਉਣ ਵਾਲੇ ਅਸੂਲਾਂ ਦੀ ਗੱਲ ਕੀਤੀ, ਤਾਂ ਇਨ੍ਹਾਂ ਲੋਕਾਂ ਨੇ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਮਿਸਾਲ ਲਈ, ਜਦੋਂ ਪੋਪ ਨੇ ਗਰਭ-ਨਿਰੋਧ ਨਾ ਵਰਤਣ ਬਾਰੇ ਗੱਲ ਕੀਤੀ, ਤਾਂ ਜ਼ਿਆਦਾਤਰ ਲੋਕਾਂ ਨੇ, ਇੱਥੋਂ ਤਕ ਕਿ ਕਈ ਕੈਥੋਲਿਕ ਜੋੜਿਆਂ ਨੇ ਵੀ ਪੋਪ ਦੀ ਗੱਲ ਨੂੰ ਅਣਗੌਲਿਆਂ ਕਰ ਦਿੱਤਾ।
ਇਹੋ ਨਜ਼ਰੀਆ ਅਸੀਂ ਸਮਾਜ ਦੇ ਹਰ ਪੱਧਰ ਦੇ ਲੋਕਾਂ ਵਿਚ ਦੇਖਦੇ ਹਾਂ, ਭਾਵੇਂ ਉਹ ਧਰਮ ਨੂੰ ਮੰਨਦੇ ਹਨ ਜਾਂ ਨਹੀਂ। ਪਵਿੱਤਰ ਸ਼ਾਸਤਰ ਵਿਚ ਨਿੰਦੇ ਗਏ ਕੰਮਾਂ ਨੂੰ ਲੋਕ ਆਮ ਗੱਲ ਸਮਝ ਕੇ ਬਰਦਾਸ਼ਤ ਕਰ ਲੈਂਦੇ ਹਨ। ਵੀਹ ਸਾਲ ਪਹਿਲਾਂ ਫਰਾਂਸ ਵਿਚ 45 ਪ੍ਰਤਿਸ਼ਤ ਲੋਕ ਸਮਲਿੰਗੀ ਸੰਬੰਧਾਂ ਨੂੰ ਗ਼ਲਤ ਕਹਿੰਦੇ ਸਨ। ਪਰ ਅੱਜ-ਕੱਲ੍ਹ 80 ਪ੍ਰਤਿਸ਼ਤ ਲੋਕ ਇਸ ਨੂੰ ਸਹੀ ਕਹਿੰਦੇ ਹਨ। ਭਾਵੇਂ ਕਿ ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਪਤੀ-ਪਤਨੀ ਨੂੰ ਇਕ ਦੂਸਰੇ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ, ਪਰ ਸਿਰਫ਼ 36 ਪ੍ਰਤਿਸ਼ਤ ਲੋਕ ਇਹ ਮੰਨਦੇ ਹਨ ਕਿ ਜ਼ਨਾਹ ਹਰ ਹਾਲਤ ਵਿਚ ਗ਼ਲਤ ਹੈ।—ਰੋਮੀਆਂ 1:26, 27; 1 ਕੁਰਿੰਥੀਆਂ 6:9, 10; ਇਬਰਾਨੀਆਂ 13:4.
ਧਾਰਮਿਕ ਖਿਚੜੀ
ਪੱਛਮੀ ਸਭਿਅਤਾ ਦੇ ਲੋਕਾਂ ਵਿਚ ਆਪਣਾ-ਧਰਮ-ਆਪ-ਬਣਾਓ ਦਾ ਰਵੱਈਆ ਕਾਫ਼ੀ ਪ੍ਰਚਲਿਤ ਹੋ ਰਿਹਾ ਹੈ। ਇਸ ਨਵੇਂ ਵਿਚਾਰ ਅਨੁਸਾਰ, ਲੋਕ ਆਪਣੀ ਪਸੰਦ ਦੇ ਧਾਰਮਿਕ ਵਿਸ਼ਵਾਸ ਚੁਣ ਸਕਦੇ ਹਨ। ਉਹ ਕੁਝ ਧਾਰਮਿਕ ਸਿਧਾਂਤਾਂ ਨੂੰ ਸਵੀਕਾਰ ਕਰ ਲੈਂਦੇ ਹਨ ਅਤੇ ਦੂਸਰਿਆਂ ਨੂੰ ਰੱਦ ਕਰ ਦਿੰਦੇ ਹਨ। ਕਈ ਲੋਕ ਆਪਣੇ ਆਪ ਨੂੰ ਈਸਾਈ ਕਹਿੰਦੇ ਹਨ, ਪਰ ਉਹ ਪੁਨਰ-ਜਨਮ ਵਿਚ ਵੀ ਵਿਸ਼ਵਾਸ ਕਰਦੇ ਹਨ। ਹੋਰ ਦੂਸਰੇ ਲੋਕ ਇੱਕੋ ਸਮੇਂ ਤੇ ਕਈ ਧਰਮਾਂ ਨੂੰ ਮੰਨਦੇ ਹਨ। (ਉਪਦੇਸ਼ਕ ਦੀ ਪੋਥੀ 9:5, 10; ਹਿਜ਼ਕੀਏਲ 18:4, 20; ਮੱਤੀ 7:21; ਅਫ਼ਸੀਆਂ 4:5, 6) ਫਰਾਂਸੀਸੀ ਲੋਕਾਂ ਦੀਆਂ ਕਦਰਾਂ-ਕੀਮਤਾਂ ਕਿਤਾਬ ਸਾਫ਼-ਸਾਫ਼ ਕਹਿੰਦੀ ਹੈ ਕਿ ਅੱਜ-ਕੱਲ੍ਹ ਬਹੁਤ ਸਾਰੇ ਈਸਾਈ ਲੋਕ ਚਰਚ ਦੁਆਰਾ ਸਥਾਪਿਤ ਕੀਤੇ ਗਏ ਰਾਹਾਂ ਤੋਂ ਬਹੁਤ ਹੀ ਦੂਰ ਚਲੇ ਗਏ ਹਨ ਅਤੇ ਉਨ੍ਹਾਂ ਦੇ ਵਾਪਸ ਮੁੜਨ ਦੀ ਕੋਈ ਆਸ ਨਹੀਂ।
ਪਰ ਇਸ ਤਰ੍ਹਾਂ ਦੀ ਧਾਰਮਿਕ ਆਜ਼ਾਦੀ ਖ਼ਤਰਿਆਂ ਤੋਂ ਖਾਲੀ ਨਹੀਂ। ਇਕ ਧਾਰਮਿਕ ਇਤਿਹਾਸਕਾਰ ਅਤੇ ਇੰਸਟੀਟਯੂ ਡ ਫ਼ਰਾਂਸ ਨਾਂ ਦੀ ਸੰਸਥਾ ਦਾ ਮੈਂਬਰ ਜ਼ੌਨ ਡੈੱਲੂਮੋ ਦਾ ਕਹਿਣਾ ਹੈ ਕਿ ਇਕ ਵਿਅਕਤੀ ਕਿਸੇ ਮੁੱਖ ਧਰਮ ਤੋਂ ਆਜ਼ਾਦ ਹੋ ਕੇ ਆਪਣਾ ਵੱਖਰਾ ਧਰਮ ਨਹੀਂ ਬਣਾ ਸਕਦਾ। “ਜਿਹੜੀ ਨਿਹਚਾ ਕਿਸੇ ਧਰਮ ਦੇ ਸਿਧਾਂਤਾਂ ਦੀ ਪੱਕੀ ਨੀਂਹ ਉੱਤੇ ਬਣੀ ਹੋਈ ਨਾ ਹੋਵੇ, ਉਹ ਜ਼ਿਆਦਾ ਦੇਰ ਤਕ ਟਿਕ ਨਹੀਂ ਸਕਦੀ।” ਇਕ ਵਿਅਕਤੀ ਦੀਆਂ ਧਾਰਮਿਕ ਕਦਰਾਂ-ਕੀਮਤਾਂ ਅਤੇ ਉਸ ਦੇ ਧਾਰਮਿਕ ਕੰਮਾਂ ਵਿਚ ਮੇਲ ਹੋਣਾ ਚਾਹੀਦਾ ਹੈ। ਪਰ ਕੀ ਇਹ ਅੱਜ ਦੀ ਲਗਾਤਾਰ ਬਦਲ ਰਹੀ ਦੁਨੀਆਂ ਵਿਚ ਸੰਭਵ ਹੈ?
ਬਾਈਬਲ ਵਿਚ ਵਾਰ-ਵਾਰ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਪਰਮੇਸ਼ੁਰ ਹੀ ਸਹੀ ਚਾਲ-ਚਲਣ ਅਤੇ ਨੈਤਿਕਤਾ ਦੇ ਮਿਆਰ ਸਥਾਪਿਤ ਕਰਦਾ ਹੈ, ਭਾਵੇਂ ਕਿ ਉਸ ਨੇ ਇਨਸਾਨਾਂ ਨੂੰ ਇਹ ਫ਼ੈਸਲਾ ਕਰਨ ਦੀ ਆਜ਼ਾਦੀ ਦਿੱਤੀ ਹੋਈ ਹੈ ਕਿ ਉਹ ਇਨ੍ਹਾਂ ਮਿਆਰਾਂ ਉੱਤੇ ਚੱਲਣਗੇ ਜਾਂ ਨਹੀਂ। ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਇਸ ਬਹੁਮੁੱਲੀ ਕਿਤਾਬ ਵਿਚ ਦਿੱਤੀ ਗਈ ਸਲਾਹ ਅੱਜ ਦੇ ਜ਼ਮਾਨੇ ਲਈ ਬਹੁਤ ਹੀ ਲਾਭਦਾਇਕ ਹੈ। ਉਹ ਬਾਈਬਲ ਨੂੰ ‘ਆਪਣੇ ਪੈਰਾਂ ਲਈ ਦੀਪਕ, ਅਤੇ ਆਪਣੇ ਰਾਹ ਦਾ ਚਾਨਣ’ ਮੰਨਦੇ ਹਨ। (ਜ਼ਬੂਰਾਂ ਦੀ ਪੋਥੀ 119:105) ਉਹ ਇਸ ਸਿੱਟੇ ਤੇ ਕਿੱਦਾਂ ਪਹੁੰਚੇ? ਅਗਲਾ ਲੇਖ ਇਸ ਬਾਰੇ ਹੋਰ ਦੱਸੇਗਾ।