ਯਹੋਵਾਹ ਨੂੰ ਆਪਣਾ ਪਰਮੇਸ਼ੁਰ ਬਣਾਓ
ਬਾਈਬਲ ਸਮਿਆਂ ਵਿਚ ਕੁਝ ਵਿਅਕਤੀਆਂ ਦਾ ਯਹੋਵਾਹ ਨਾਲ ਇੰਨਾ ਗੂੜ੍ਹਾ ਰਿਸ਼ਤਾ ਸੀ ਕਿ ਯਹੋਵਾਹ ਨੂੰ ਉਨ੍ਹਾਂ ਦਾ ਪਰਮੇਸ਼ੁਰ ਕਿਹਾ ਗਿਆ ਸੀ। ਉਦਾਹਰਣ ਲਈ, ਬਾਈਬਲ ਵਿਚ ਯਹੋਵਾਹ ਨੂੰ “ਅਬਰਾਹਾਮ ਦਾ ਪਰਮੇਸ਼ੁਰ,” “ਦਾਊਦ ਦਾ ਪਰਮੇਸ਼ੁਰ” ਅਤੇ “ਏਲੀਯਾਹ ਦਾ ਪਰਮੇਸ਼ੁਰ” ਕਿਹਾ ਗਿਆ ਹੈ।—ਉਤਪਤ 31:42; 2 ਰਾਜਿਆਂ 2:14; 20:5.
ਇਹ ਵਿਅਕਤੀ ਪਰਮੇਸ਼ੁਰ ਦੇ ਇੰਨੇ ਨੇੜੇ ਕਿਵੇਂ ਆ ਸਕੇ? ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ ਤਾਂਕਿ ਅਸੀਂ ਵੀ ਆਪਣੇ ਸਿਰਜਣਹਾਰ ਨਾਲ ਗੂੜ੍ਹਾ ਰਿਸ਼ਤਾ ਬਣਾ ਕੇ ਰੱਖ ਸਕੀਏ?
ਅਬਰਾਹਾਮ ਨੇ “ਯਹੋਵਾਹ ਦੀ ਪਰਤੀਤ ਕੀਤੀ”
ਅਬਰਾਹਾਮ ਪਹਿਲਾ ਵਿਅਕਤੀ ਸੀ ਜਿਸ ਬਾਰੇ ਬਾਈਬਲ ਕਹਿੰਦੀ ਹੈ: “ਉਸ ਨੇ ਯਹੋਵਾਹ ਦੀ ਪਰਤੀਤ ਕੀਤੀ।” ਅਬਰਾਹਾਮ ਦੀ ਪਰਤੀਤ ਜਾਂ ਨਿਹਚਾ ਕਰਕੇ ਹੀ ਉਸ ਨੂੰ ਪਰਮੇਸ਼ੁਰ ਦੀ ਮਿਹਰ ਹਾਸਲ ਹੋਈ ਸੀ। ਅਸਲ ਵਿਚ ਯਹੋਵਾਹ ਅਬਰਾਹਾਮ ਨੂੰ ਇੰਨਾ ਪਿਆਰ ਕਰਦਾ ਸੀ ਕਿ ਕਈ ਸਾਲਾਂ ਬਾਅਦ ਸਿਰਜਣਹਾਰ ਯਹੋਵਾਹ ਨੇ ਮੂਸਾ ਨੂੰ ਆਪਣੀ ਜਾਣ-ਪਛਾਣ ‘ਅਬਰਾਹਾਮ ਦੇ ਪਰਮੇਸ਼ੁਰ’ ਅਤੇ ਉਸ ਦੇ ਪੁੱਤਰ ਇਸਹਾਕ ਤੇ ਪੋਤੇ ਯਾਕੂਬ ਦੇ ਪਰਮੇਸ਼ੁਰ ਦੇ ਤੌਰ ਤੇ ਕਰਾਈ ਸੀ।—ਉਤਪਤ 15:6; ਕੂਚ 3:6.
ਅਬਰਾਹਾਮ ਦੀ ਪਰਮੇਸ਼ੁਰ ਉੱਤੇ ਇੰਨੀ ਨਿਹਚਾ ਕਿਉਂ ਸੀ? ਪਹਿਲੀ ਗੱਲ, ਅਬਰਾਹਾਮ ਨੇ ਠੋਸ ਕਾਰਨਾਂ ਦੇ ਆਧਾਰ ਤੇ ਆਪਣੇ ਵਿਚ ਨਿਹਚਾ ਪੈਦਾ ਕੀਤੀ ਸੀ। ਨੂਹ ਦੇ ਪੁੱਤਰ ਸ਼ੇਮ ਨੇ ਸ਼ਾਇਦ ਉਸ ਨੂੰ ਯਹੋਵਾਹ ਤੇ ਉਸ ਦੇ ਰਾਹਾਂ ਬਾਰੇ ਸਿਖਾਇਆ ਸੀ। ਸ਼ੇਮ ਨੇ ਆਪਣੀ ਅੱਖੀਂ ਯਹੋਵਾਹ ਨੂੰ ਆਪਣੇ ਭਗਤਾਂ ਨੂੰ ਬਚਾਉਂਦੇ ਦੇਖਿਆ ਸੀ। ਸ਼ੇਮ ਇਸ ਗੱਲ ਦਾ ਜੀਉਂਦਾ-ਜਾਗਦਾ ਸਬੂਤ ਸੀ ਕਿ ਯਹੋਵਾਹ ਨੇ “ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ ਤਾਂ ਨੂਹ ਨੂੰ ਜਿਹੜਾ ਧਰਮ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਸਣੇ ਬਚਾ ਲਿਆ।” (2 ਪਤਰਸ 2:5) ਅਬਰਾਹਾਮ ਨੇ ਸ਼ੇਮ ਤੋਂ ਹੀ ਸਿੱਖਿਆ ਹੋਣਾ ਕਿ ਯਹੋਵਾਹ ਇਕ ਵਾਰ ਵਾਅਦਾ ਕਰ ਕੇ ਉਸ ਤੋਂ ਮੁੱਕਰਦਾ ਨਹੀਂ। ਜਦੋਂ ਪਰਮੇਸ਼ੁਰ ਨੇ ਖ਼ੁਦ ਅਬਰਾਹਾਮ ਨਾਲ ਇਕ ਵਾਅਦਾ ਕੀਤਾ, ਤਾਂ ਅਬਰਾਹਾਮ ਇਸ ਤੇ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਇਸ ਵਾਅਦੇ ਦੀ ਪੂਰਤੀ ਉੱਤੇ ਪੱਕਾ ਭਰੋਸਾ ਰੱਖਦਿਆਂ ਆਪਣੀ ਜ਼ਿੰਦਗੀ ਬਤੀਤ ਕੀਤੀ।
ਦੂਜੀ ਗੱਲ, ਅਬਰਾਹਾਮ ਨੇ ਨਿਹਚਾ ਦੇ ਕੰਮ ਕਰ ਕੇ ਆਪਣੀ ਨਿਹਚਾ ਨੂੰ ਹੋਰ ਪੱਕਾ ਕੀਤਾ। ਪੌਲੁਸ ਰਸੂਲ ਨੇ ਲਿਖਿਆ: “ਨਿਹਚਾ ਨਾਲ ਅਬਰਾਹਾਮ ਜਾਂ ਸੱਦਿਆ ਗਿਆ ਤਾਂ ਓਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਹ ਨੂੰ ਉਹ ਨੇ ਅਧਕਾਰ ਵਿੱਚ ਲੈਣਾ ਸੀ, ਅਤੇ ਭਾਵੇਂ ਉਹ ਨਹੀਂ ਸੀ ਜਾਣਦਾ ਭਈ ਮੈਂ ਕਿੱਧਰ ਨੂੰ ਲਗਾ ਜਾਂਦਾ ਹਾਂ ਤਾਂ ਵੀ ਨਿੱਕਲ ਤੁਰਿਆ।” (ਇਬਰਾਨੀਆਂ 11:8) ਘਰ-ਬਾਰ ਛੱਡਣ ਦਾ ਹੁਕਮ ਮੰਨ ਲੈਣ ਤੇ ਅਬਰਾਹਾਮ ਦੀ ਨਿਹਚਾ ਹੋਰ ਮਜ਼ਬੂਤ ਹੋਈ। ਇਸ ਬਾਰੇ ਚੇਲੇ ਯਾਕੂਬ ਨੇ ਲਿਖਿਆ: “ਤੂੰ ਵੇਖਦਾ ਹੈਂ ਭਈ ਨਿਹਚਾ ਉਹ ਦੇ ਅਮਲਾਂ ਨਾਲ ਗੁਣਕਾਰ ਹੋਈ ਅਤੇ ਅਮਲਾਂ ਤੋਂ ਨਿਹਚਾ ਸੰਪੂਰਨ ਹੋਈ।”—ਯਾਕੂਬ 2:22.
ਇਸ ਤੋਂ ਇਲਾਵਾ, ਅਬਰਾਹਾਮ ਦੀ ਨਿਹਚਾ ਦੀ ਪਰਖ ਹੋਈ ਜਿਸ ਕਰਕੇ ਉਸ ਦੀ ਨਿਹਚਾ ਵਿਚ ਹੋਰ ਮਜ਼ਬੂਤੀ ਆਈ। ਪੌਲੁਸ ਨੇ ਕਿਹਾ: “ਨਿਹਚਾ ਨਾਲ ਅਬਰਾਹਾਮ ਨੇ ਜਦ ਪਰਤਾਇਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਲਈ ਚੜ੍ਹਾਇਆ।” ਅਜ਼ਮਾਇਸ਼ਾਂ ਨਿਹਚਾ ਨੂੰ ਨਿਖਾਰ ਕੇ ਇਸ ਨੂੰ ਮਜ਼ਬੂਤ ਬਣਾਉਂਦੀਆਂ ਹਨ ਤੇ ਇਸ ਨੂੰ ‘ਸੋਨੇ ਨਾਲੋਂ ਅੱਤ ਭਾਰੇ ਮੁੱਲ’ ਦਾ ਬਣਾਉਂਦੀਆਂ ਹਨ।—ਇਬਰਾਨੀਆਂ 11:17; 1 ਪਤਰਸ 1:7.
ਭਾਵੇਂ ਅਬਰਾਹਾਮ ਨੇ ਆਪਣੇ ਜੀਉਂਦੇ-ਜੀ ਪਰਮੇਸ਼ੁਰ ਦੇ ਸਾਰੇ ਵਾਅਦੇ ਪੂਰੇ ਹੁੰਦੇ ਨਹੀਂ ਦੇਖੇ, ਪਰ ਦੂਸਰਿਆਂ ਨੂੰ ਆਪਣੀ ਮਿਸਾਲ ਉੱਤੇ ਚੱਲਦੇ ਹੋਏ ਦੇਖ ਕੇ ਉਸ ਨੂੰ ਬਹੁਤ ਖ਼ੁਸ਼ੀ ਹੋਈ। ਬਾਈਬਲ ਵਿਚ ਉਸ ਦੀ ਪਤਨੀ ਸਾਰਾਹ ਤੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਇਸਹਾਕ, ਯਾਕੂਬ ਤੇ ਯੂਸੁਫ਼ ਦੀ ਮਜ਼ਬੂਤ ਨਿਹਚਾ ਕਰਕੇ ਤਾਰੀਫ਼ ਕੀਤੀ ਗਈ ਹੈ।—ਇਬਰਾਨੀਆਂ 11:11, 20-22.
ਅਬਰਾਹਾਮ ਵਰਗੀ ਨਿਹਚਾ
ਯਹੋਵਾਹ ਨੂੰ ਆਪਣਾ ਪਰਮੇਸ਼ੁਰ ਬਣਾਉਣ ਵਾਲੇ ਹਰ ਵਿਅਕਤੀ ਲਈ ਨਿਹਚਾ ਰੱਖਣੀ ਬਹੁਤ ਜ਼ਰੂਰੀ ਹੈ। “ਨਿਹਚਾ ਬਾਝੋਂ [ਪਰਮੇਸ਼ੁਰ] ਦੇ ਮਨ ਨੂੰ ਭਾਉਣਾ ਅਣਹੋਣਾ ਹੈ।” (ਇਬਰਾਨੀਆਂ 11:6) ਅੱਜ ਪਰਮੇਸ਼ੁਰ ਦੇ ਸੇਵਕ ਅਬਰਾਹਾਮ ਵਾਂਗ ਪੱਕੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹਨ?
ਅਬਰਾਹਾਮ ਵਰਗੀ ਨਿਹਚਾ ਪੈਦਾ ਕਰਨ ਲਈ ਸਾਡੀ ਨਿਹਚਾ ਦਾ ਵੀ ਪੱਕਾ ਆਧਾਰ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਬਾਈਬਲ ਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਬਾਕਾਇਦਾ ਅਧਿਐਨ ਕਰਨਾ ਪਵੇਗਾ। ਬਾਈਬਲ ਪੜ੍ਹ ਕੇ ਤੇ ਮਨਨ ਕਰ ਕੇ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ। ਫਿਰ ਸਾਨੂੰ ਉਤਸ਼ਾਹ ਮਿਲੇਗਾ ਕਿ ਅਸੀਂ ਇਨ੍ਹਾਂ ਵਾਅਦਿਆਂ ਨੂੰ ਧਿਆਨ ਵਿਚ ਰੱਖ ਕੇ ਆਪਣੀ ਜ਼ਿੰਦਗੀ ਜੀਈਏ। ਫਿਰ ਪ੍ਰਚਾਰ ਕਰਨ, ਸਭਾਵਾਂ ਵਿਚ ਜਾਣ ਅਤੇ ਪਰਮੇਸ਼ੁਰ ਦੇ ਹੋਰ ਹੁਕਮਾਂ ਨੂੰ ਮੰਨ ਕੇ ਸਾਡੀ ਨਿਹਚਾ ਹੋਰ ਮਜ਼ਬੂਤ ਹੋਵੇਗੀ।—ਮੱਤੀ 24:14; 28:19, 20; ਇਬਰਾਨੀਆਂ 10:24, 25.
ਵਿਰੋਧ, ਗੰਭੀਰ ਬੀਮਾਰੀ, ਕਿਸੇ ਦੀ ਮੌਤ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਸਾਡੀ ਨਿਹਚਾ ਜ਼ਰੂਰ ਪਰਖੀ ਜਾਵੇਗੀ। ਅਜ਼ਮਾਇਸ਼ਾਂ ਅਧੀਨ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਨਾਲ ਸਾਡੀ ਨਿਹਚਾ ਹੋਰ ਪੱਕੀ ਹੋਵੇਗੀ ਤੇ ਸੋਨੇ ਨਾਲੋਂ ਵੀ ਕੀਮਤੀ ਬਣੇਗੀ। ਪਰਮੇਸ਼ੁਰ ਦੇ ਵਾਅਦੇ ਸਾਡੇ ਜੀਉਂਦੇ-ਜੀ ਪੂਰੇ ਹੋਣਗੇ ਜਾਂ ਨਹੀਂ, ਪਰ ਅਸੀਂ ਪੱਕੀ ਨਿਹਚਾ ਰੱਖ ਕੇ ਯਹੋਵਾਹ ਦੇ ਹੋਰ ਨੇੜੇ ਆਵਾਂਗੇ। ਇਸ ਤੋਂ ਇਲਾਵਾ, ਸਾਡੀ ਮਿਸਾਲ ਤੋਂ ਦੂਸਰਿਆਂ ਨੂੰ ਆਪਣੀ ਨਿਹਚਾ ਮਜ਼ਬੂਤ ਕਰਨ ਦਾ ਉਤਸ਼ਾਹ ਮਿਲੇਗਾ। (ਇਬਰਾਨੀਆਂ 13:7) ਮਿਸਾਲ ਲਈ, ਰਾਲਫ਼ ਨੇ ਆਪਣੇ ਮਾਤਾ-ਪਿਤਾ ਦੀ ਨਿਹਚਾ ਦੀ ਨਕਲ ਕੀਤੀ। ਉਹ ਦੱਸਦਾ ਹੈ:
“ਜਦੋਂ ਮੈਂ ਆਪਣੇ ਮਾਤਾ-ਪਿਤਾ ਨਾਲ ਰਹਿ ਰਿਹਾ ਸੀ, ਤਾਂ ਉਨ੍ਹਾਂ ਨੇ ਪੂਰੇ ਪਰਿਵਾਰ ਨੂੰ ਸਵੇਰੇ ਜਲਦੀ ਉੱਠਣ ਦੀ ਹੱਲਾਸ਼ੇਰੀ ਦਿੱਤੀ ਤਾਂਕਿ ਅਸੀਂ ਇਕੱਠੇ ਹੋ ਕੇ ਬਾਈਬਲ ਪੜ੍ਹ ਸਕੀਏ। ਇਸ ਤਰ੍ਹਾਂ ਅਸੀਂ ਪੂਰੀ ਬਾਈਬਲ ਪੜ੍ਹੀ।” ਰਾਲਫ਼ ਅਜੇ ਵੀ ਰੋਜ਼ ਸਵੇਰੇ ਬਾਈਬਲ ਪੜ੍ਹਦਾ ਹੈ ਤੇ ਇਸ ਨਾਲ ਉਸ ਦਾ ਦਿਨ ਵਧੀਆ ਤਰੀਕੇ ਨਾਲ ਸ਼ੁਰੂ ਹੁੰਦਾ ਹੈ। ਰਾਲਫ਼ ਹਰ ਹਫ਼ਤੇ ਆਪਣੇ ਪਿਤਾ ਨਾਲ ਪ੍ਰਚਾਰ ਤੇ ਜਾਇਆ ਕਰਦਾ ਸੀ। “ਉਸ ਵੇਲੇ ਮੈਂ ਪੁਨਰ-ਮੁਲਾਕਾਤਾਂ ਤੇ ਬਾਈਬਲ ਸਟੱਡੀਆਂ ਕਰਾਉਣੀਆਂ ਸਿੱਖੀਆਂ।” ਰਾਲਫ਼ ਹੁਣ ਯੂਰਪ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫ਼ਿਸ ਵਿਚ ਵਲੰਟੀਅਰ ਦੇ ਤੌਰ ਤੇ ਸੇਵਾ ਕਰਦਾ ਹੈ। ਉਸ ਦੇ ਮਾਤਾ-ਪਿਤਾ ਦੀ ਨਿਹਚਾ ਦਾ ਕਿੰਨਾ ਚੰਗਾ ਨਤੀਜਾ ਨਿਕਲਿਆ!
ਯਹੋਵਾਹ ਦਾ ਮਨਭਾਉਂਦਾ ਸੇਵਕ
ਅਬਰਾਹਾਮ ਤੋਂ ਲਗਭਗ 900 ਸਾਲ ਬਾਅਦ ਪੈਦਾ ਹੋਇਆ ਦਾਊਦ ਯਹੋਵਾਹ ਦਾ ਇਕ ਖ਼ਾਸ ਸੇਵਕ ਸੀ। ਯਹੋਵਾਹ ਦੁਆਰਾ ਦਾਊਦ ਨੂੰ ਇਸਰਾਏਲ ਦਾ ਰਾਜਾ ਚੁਣੇ ਜਾਣ ਬਾਰੇ ਸਮੂਏਲ ਨਬੀ ਨੇ ਕਿਹਾ: “ਪ੍ਰਭੂ ਆਪਣੀ ਮਨ ਪਸੰਦ ਦੇ ਕਿਸੇ ਦੂਜੇ ਆਦਮੀ ਨੂੰ ਆਪਣੇ ਲਈ ਚੁਣੇਗਾ।” (1 ਸਮੂਏਲ 13:14, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਹੋਵਾਹ ਅਤੇ ਦਾਊਦ ਦਾ ਰਿਸ਼ਤਾ ਇੰਨਾ ਗੂੜ੍ਹਾ ਸੀ ਕਿ ਸਦੀਆਂ ਬਾਅਦ ਯਸਾਯਾਹ ਨਬੀ ਨੇ ਰਾਜਾ ਹਿਜ਼ਕੀਯਾਹ ਨਾਲ ਗੱਲ ਕਰਦੇ ਹੋਏ ਯਹੋਵਾਹ ਨੂੰ “ਤੇਰੇ ਪਿਤਾ ਦਾਊਦ ਦਾ ਪਰਮੇਸ਼ੁਰ” ਕਿਹਾ।—1 ਸਮੂਏਲ 13:14; 2 ਰਾਜਿਆਂ 20:5; ਯਸਾਯਾਹ 38:5.
ਭਾਵੇਂ ਦਾਊਦ ਯਹੋਵਾਹ ਦਾ ਮਨਭਾਉਂਦਾ ਸੇਵਕ ਸੀ, ਫਿਰ ਵੀ ਕਈ ਵਾਰ ਉਸ ਨੇ ਆਪਣੀਆਂ ਇੱਛਾਵਾਂ ਨੂੰ ਆਪਣੇ ਉੱਤੇ ਭਾਰੂ ਹੋਣ ਦਿੱਤਾ। ਉਸ ਨੇ ਤਿੰਨ ਵਾਰ ਗੰਭੀਰ ਗ਼ਲਤੀਆਂ ਕੀਤੀਆਂ: ਉਸ ਨੇ ਨੇਮ ਦੇ ਸੰਦੂਕ ਨੂੰ ਗ਼ਲਤ ਤਰੀਕੇ ਨਾਲ ਯਰੂਸ਼ਲਮ ਲੈ ਜਾਣ ਦਿੱਤਾ; ਉਸ ਨੇ ਬਥ-ਸ਼ਬਾ ਨਾਲ ਵਿਭਚਾਰ ਕੀਤਾ ਤੇ ਉਸ ਦੇ ਪਤੀ ਊਰਿੱਯਾਹ ਦੇ ਕਤਲ ਦੀ ਸਾਜ਼ਸ਼ ਘੜੀ; ਨਾਲੇ ਉਸ ਨੇ ਯਹੋਵਾਹ ਤੋਂ ਪੁੱਛੇ ਬਗੈਰ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਦੀ ਗਿਣਤੀ ਕਰਾਈ। ਇਨ੍ਹਾਂ ਸਾਰੀਆਂ ਗੱਲਾਂ ਵਿਚ ਦਾਊਦ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਉਲੰਘਣਾ ਕੀਤੀ।—2 ਸਮੂਏਲ 6:2-10; 11:2-27; 24:1-9.
ਪਰ ਜਦੋਂ ਦਾਊਦ ਦੇ ਪਾਪ ਸਾਮ੍ਹਣੇ ਆਏ, ਤਾਂ ਉਸ ਨੇ ਇਨ੍ਹਾਂ ਨੂੰ ਕਬੂਲ ਕੀਤਾ ਤੇ ਦੂਸਰਿਆਂ ਉੱਤੇ ਇਸ ਦਾ ਦੋਸ਼ ਮੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਮੰਨਿਆ ਕਿ ਨੇਮ ਦੇ ਸੰਦੂਕ ਨੂੰ ਸਹੀ ਤਰੀਕੇ ਨਾਲ ਨਹੀਂ ਲਿਆਂਦਾ ਗਿਆ ਸੀ ਤੇ ਕਿਹਾ, “ਅਸਾਂ [ਯਹੋਵਾਹ] ਦੀ ਭਾਲ ਠਹਿਰਾਈ ਹੋਈ ਰੀਤੀ ਨਾਲ ਨਾ ਕੀਤੀ।” ਜਦੋਂ ਨਾਥਾਨ ਨਬੀ ਨੇ ਦਾਊਦ ਦੇ ਵਿਭਚਾਰ ਦਾ ਪਰਦਾ ਫਾਸ਼ ਕੀਤਾ, ਤਾਂ ਦਾਊਦ ਨੇ ਕਿਹਾ: “ਮੈਂ ਯਹੋਵਾਹ ਦਾ ਪਾਪ ਕੀਤਾ।” ਇਸੇ ਤਰ੍ਹਾਂ, ਜਦੋਂ ਦਾਊਦ ਨੂੰ ਲੋਕਾਂ ਦੀ ਗਿਣਤੀ ਕਰਨ ਦੀ ਬੇਵਕੂਫ਼ੀ ਪਤਾ ਲੱਗੀ, ਤਾਂ ਉਸ ਨੇ ਮੰਨਿਆ: “ਏਹ ਜੋ ਮੈਂ ਕੀਤਾ ਹੈ ਵੱਡਾ ਪਾਪ ਹੈ!” ਦਾਊਦ ਨੇ ਤੋਬਾ ਕੀਤੀ ਅਤੇ ਯਹੋਵਾਹ ਦੇ ਨੇੜੇ ਰਿਹਾ।—1 ਇਤਹਾਸ 15:13; 2 ਸਮੂਏਲ 12:13; 24:10.
ਜਦੋਂ ਅਸੀਂ ਗ਼ਲਤੀ ਕਰਦੇ ਹਾਂ
ਯਹੋਵਾਹ ਨੂੰ ਆਪਣਾ ਪਰਮੇਸ਼ੁਰ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹਿਣ ਵਿਚ ਦਾਊਦ ਦੀ ਮਿਸਾਲ ਸਾਡੀ ਮਦਦ ਕਰਦੀ ਹੈ। ਜੇ ਯਹੋਵਾਹ ਦਾ ਮਨਭਾਉਂਦਾ ਸੇਵਕ ਇੰਨੇ ਗੰਭੀਰ ਪਾਪ ਕਰ ਸਕਦਾ ਹੈ, ਤਾਂ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਜੇ ਅਸੀਂ ਚੁਕੰਨੇ ਰਹਿਣ ਦੇ ਬਾਵਜੂਦ ਵੀ ਗ਼ਲਤੀਆਂ ਜਾਂ ਗੰਭੀਰ ਪਾਪ ਕਰ ਬੈਠਦੇ ਹਾਂ। (ਉਪਦੇਸ਼ਕ ਦੀ ਪੋਥੀ 7:20) ਅਸੀਂ ਇਸ ਗੱਲੋਂ ਖ਼ੁਸ਼ ਹੋ ਸਕਦੇ ਹਾਂ ਕਿ ਦਾਊਦ ਦੇ ਤੋਬਾ ਕਰਨ ਤੇ ਉਸ ਦੇ ਪਾਪ ਮਾਫ਼ ਕਰ ਦਿੱਤੇ ਗਏ ਸਨ। ਕੁਝ ਸਾਲ ਪਹਿਲਾਂ ਊਵੇa ਨਾਂ ਦੇ ਮਸੀਹੀ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ।
ਊਵੇ ਯਹੋਵਾਹ ਦੇ ਗਵਾਹਾਂ ਦੀ ਕਲੀਸਿਯਾ ਵਿਚ ਇਕ ਬਜ਼ੁਰਗ ਦੇ ਤੌਰ ਤੇ ਸੇਵਾ ਕਰਦਾ ਸੀ। ਇਕ ਵਾਰ ਉਹ ਆਪਣੀਆਂ ਗ਼ਲਤ ਇੱਛਾਵਾਂ ਵਿਚ ਪੈ ਕੇ ਵਿਭਚਾਰ ਕਰ ਬੈਠਾ। ਪਹਿਲਾਂ ਤਾਂ ਊਵੇ ਨੇ ਰਾਜਾ ਦਾਊਦ ਵਾਂਗ ਇਹ ਗੱਲ ਲੁਕਾ ਕੇ ਰੱਖੀ ਤੇ ਸੋਚਿਆ ਕਿ ਯਹੋਵਾਹ ਉਸ ਦੀ ਗ਼ਲਤੀ ਨੂੰ ਨਜ਼ਰਅੰਦਾਜ਼ ਕਰ ਦੇਵੇਗਾ। ਪਰ ਉਸ ਦੀ ਜ਼ਮੀਰ ਨੇ ਉਸ ਨੂੰ ਇੰਨੀਆਂ ਲਾਅਨਤਾਂ ਪਾਈਆਂ ਕਿ ਅਖ਼ੀਰ ਉਸ ਨੇ ਇਕ ਹੋਰ ਬਜ਼ੁਰਗ ਨੂੰ ਸਾਰੀ ਗੱਲ ਦੱਸੀ। ਫਿਰ ਊਵੇ ਦੀ ਅਧਿਆਤਮਿਕ ਤੌਰ ਤੇ ਠੀਕ ਹੋਣ ਵਿਚ ਮਦਦ ਕੀਤੀ ਗਈ।
ਊਵੇ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਅਤੇ ਯਹੋਵਾਹ ਤੇ ਉਸ ਦੇ ਸੰਗਠਨ ਨੂੰ ਨਹੀਂ ਛੱਡਿਆ। ਉਹ ਇਸ ਗੱਲ ਦਾ ਬਹੁਤ ਅਹਿਸਾਨਮੰਦ ਸੀ ਕਿ ਉਸ ਦੀ ਤੋਬਾ ਕਰਨ ਵਿਚ ਮਦਦ ਕੀਤੀ ਗਈ ਤੇ ਉਸ ਨੇ ਕੁਝ ਹਫ਼ਤਿਆਂ ਬਾਅਦ ਦੂਸਰੇ ਬਜ਼ੁਰਗਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਲਿਖਿਆ: “ਮੈਂ ਗ਼ਲਤੀ ਕਰ ਕੇ ਯਹੋਵਾਹ ਦੇ ਨਾਂ ਦੀ ਜੋ ਬਦਨਾਮੀ ਕੀਤੀ ਸੀ, ਉਸ ਨੂੰ ਦੂਰ ਕਰਨ ਵਿਚ ਤੁਸੀਂ ਮੇਰੀ ਮਦਦ ਕੀਤੀ।” ਊਵੇ ਨੇ ਯਹੋਵਾਹ ਨਾਲ ਆਪਣਾ ਰਿਸ਼ਤਾ ਬਣਾ ਕੇ ਰੱਖਿਆ ਅਤੇ ਕੁਝ ਸਮੇਂ ਬਾਅਦ ਉਸ ਨੂੰ ਉਸੇ ਕਲੀਸਿਯਾ ਵਿਚ ਸਹਾਇਕ ਸੇਵਕ ਦੇ ਤੌਰ ਤੇ ਨਿਯੁਕਤ ਕੀਤਾ ਗਿਆ।
“ਸਾਡੇ ਵਰਗਾ ਦੁਖ ਸੁਖ ਭੋਗਣ ਵਾਲਾ ਮਨੁੱਖ”
ਏਲੀਯਾਹ ਦਾਊਦ ਤੋਂ ਇਕ ਸਦੀ ਬਾਅਦ ਪੈਦਾ ਹੋਇਆ ਸੀ ਤੇ ਉਹ ਇਸਰਾਏਲ ਦੇ ਨਬੀਆਂ ਵਿੱਚੋਂ ਇਕ ਪ੍ਰਮੁੱਖ ਨਬੀ ਸੀ। ਜਦੋਂ ਹਰ ਪਾਸੇ ਭ੍ਰਿਸ਼ਟਾਚਾਰ ਤੇ ਅਨੈਤਿਕਤਾ ਫੈਲੀ ਹੋਈ ਸੀ, ਉਸ ਵੇਲੇ ਵੀ ਏਲੀਯਾਹ ਨੇ ਸੱਚੀ ਉਪਾਸਨਾ ਦਾ ਸਮਰਥਨ ਕਰਨਾ ਨਹੀਂ ਛੱਡਿਆ। ਉਹ ਯਹੋਵਾਹ ਦੀ ਭਗਤੀ ਕਰਨ ਤੋਂ ਪਿੱਛੇ ਨਹੀਂ ਹਟਿਆ। ਇਸੇ ਕਰਕੇ ਉਸ ਤੋਂ ਬਾਅਦ ਆਏ ਨਬੀ ਅਲੀਸ਼ਾ ਨੇ ਇਕ ਵਾਰ ਯਹੋਵਾਹ ਨੂੰ “ਏਲੀਯਾਹ ਦਾ ਪਰਮੇਸ਼ੁਰ” ਕਿਹਾ।—2 ਰਾਜਿਆਂ 2:14.
ਪਰ ਏਲੀਯਾਹ ਕੋਈ ਮਹਾਂਬਲੀ ਨਹੀਂ ਸੀ। ਯਾਕੂਬ ਨੇ ਲਿਖਿਆ: “ਏਲੀਯਾਹ ਸਾਡੇ ਵਰਗਾ ਦੁਖ ਸੁਖ ਭੋਗਣ ਵਾਲਾ ਮਨੁੱਖ ਸੀ।” (ਯਾਕੂਬ 5:17) ਉਦਾਹਰਣ ਲਈ, ਇਸਰਾਏਲ ਵਿਚ ਬਆਲ ਦੇ ਉਪਾਸਕਾਂ ਨੂੰ ਬੁਰੀ ਤਰ੍ਹਾਂ ਹਰਾਉਣ ਤੋਂ ਬਾਅਦ, ਏਲੀਯਾਹ ਨੂੰ ਰਾਣੀ ਈਜ਼ਬਲ ਨੇ ਮਾਰ ਦੇਣ ਦੀ ਧਮਕੀ ਦਿੱਤੀ। ਇਸ ਦਾ ਉਸ ਤੇ ਕੀ ਅਸਰ ਪਿਆ? ਉਹ ਡਰ ਕੇ ਉਜਾੜ ਵਿਚ ਭੱਜ ਗਿਆ। ਉੱਥੇ ਰਤਮੇ ਦੇ ਰੁੱਖ ਹੇਠ ਬੈਠ ਕੇ ਏਲੀਯਾਹ ਨੇ ਵਾਸਤਾ ਪਾਇਆ: “ਹੇ ਯਹੋਵਾਹ, ਹੁਣ ਇੰਨਾ ਹੀ ਬਹੁਤ ਹੈ ਮੇਰੀ ਜਾਨ ਕੱਢ ਲੈ।” ਏਲੀਯਾਹ ਨਬੀ ਦੇ ਤੌਰ ਤੇ ਕੰਮ ਨਹੀਂ ਕਰਨਾ ਚਾਹੁੰਦਾ ਸੀ, ਸਗੋਂ ਉਸ ਨੇ ਮਰਨਾ ਪਸੰਦ ਕੀਤਾ।—1 ਰਾਜਿਆਂ 19:4.
ਪਰ ਯਹੋਵਾਹ ਨੇ ਏਲੀਯਾਹ ਦੀ ਹਾਲਤ ਨੂੰ ਸਮਝਿਆ। ਪਰਮੇਸ਼ੁਰ ਨੇ ਉਸ ਨੂੰ ਹੌਸਲਾ ਦਿੰਦੇ ਹੋਏ ਦੱਸਿਆ ਕਿ ਉਹ ਇਕੱਲਾ ਨਹੀਂ ਸੀ, ਸਗੋਂ ਹੋਰ ਵੀ ਬਹੁਤ ਸਾਰੇ ਲੋਕ ਵਫ਼ਾਦਾਰੀ ਨਾਲ ਸੱਚੀ ਉਪਾਸਨਾ ਕਰ ਰਹੇ ਸਨ। ਇਸ ਤੋਂ ਇਲਾਵਾ, ਯਹੋਵਾਹ ਨੇ ਉਸ ਉੱਤੇ ਭਰੋਸਾ ਕਰਨਾ ਨਹੀਂ ਛੱਡਿਆ, ਸਗੋਂ ਉਸ ਨੂੰ ਕੰਮ ਦਿੱਤਾ।—1 ਰਾਜਿਆਂ 19:5-18.
ਏਲੀਯਾਹ ਬਹੁਤ ਘਬਰਾਇਆ ਹੋਇਆ ਸੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਪਰਮੇਸ਼ੁਰ ਉਸ ਤੋਂ ਨਾਰਾਜ਼ ਹੋ ਗਿਆ ਸੀ। ਤਕਰੀਬਨ 1,000 ਸਾਲ ਬਾਅਦ ਜਦੋਂ ਮਸੀਹ ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੀ ਮਹਿਮਾ ਦਾ ਦਰਸ਼ਣ ਦਿੱਤਾ ਸੀ, ਤਾਂ ਉਸ ਵੇਲੇ ਯਹੋਵਾਹ ਨੇ ਦਰਸ਼ਣ ਵਿਚ ਕਿਨ੍ਹਾਂ ਨੂੰ ਯਿਸੂ ਨਾਲ ਦਿਖਾਇਆ ਸੀ? ਮੂਸਾ ਅਤੇ ਏਲੀਯਾਹ ਨੂੰ। (ਮੱਤੀ 17:1-9) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਨਜ਼ਰ ਵਿਚ ਏਲੀਯਾਹ ਨਬੀ ਇਕ ਚੰਗੀ ਮਿਸਾਲ ਸੀ। ਭਾਵੇਂ ਏਲੀਯਾਹ “ਸਾਡੇ ਵਰਗਾ ਦੁਖ ਸੁਖ ਭੋਗਣ ਵਾਲਾ ਮਨੁੱਖ ਸੀ,” ਪਰ ਉਸ ਨੇ ਸੱਚੀ ਉਪਾਸਨਾ ਨੂੰ ਮੁੜ ਸ਼ੁਰੂ ਕਰਨ ਅਤੇ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ ਲਈ ਸਖ਼ਤ ਮਿਹਨਤ ਕੀਤੀ ਸੀ। ਇਸ ਕਰਕੇ ਯਹੋਵਾਹ ਨੇ ਉਸ ਦੀ ਬਹੁਤ ਕਦਰ ਕੀਤੀ।
ਸਾਡੀਆਂ ਜਜ਼ਬਾਤੀ ਮੁਸ਼ਕਲਾਂ
ਅੱਜ ਯਹੋਵਾਹ ਦੇ ਸੇਵਕ ਕਈ ਵਾਰ ਨਿਰਾਸ਼ਾ ਜਾਂ ਚਿੰਤਾ ਨਾਲ ਘਿਰ ਜਾਂਦੇ ਹਨ। ਸਾਨੂੰ ਇਹ ਜਾਣ ਕੇ ਤਸੱਲੀ ਮਿਲਦੀ ਹੈ ਕਿ ਏਲੀਯਾਹ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਇਸ ਗੱਲ ਤੋਂ ਵੀ ਸਾਨੂੰ ਹੌਸਲਾ ਮਿਲਦਾ ਹੈ ਕਿ ਜਿਵੇਂ ਯਹੋਵਾਹ ਨੇ ਏਲੀਯਾਹ ਦੀਆਂ ਭਾਵਨਾਵਾਂ ਨੂੰ ਸਮਝਿਆ ਸੀ, ਉਸੇ ਤਰ੍ਹਾਂ ਉਹ ਸਾਡੀ ਜਜ਼ਬਾਤੀ ਕਸ਼ਮਕਸ਼ ਨੂੰ ਵੀ ਸਮਝਦਾ ਹੈ।—ਜ਼ਬੂਰਾਂ ਦੀ ਪੋਥੀ 103:14.
ਅਸੀਂ ਪਰਮੇਸ਼ੁਰ ਤੇ ਲੋਕਾਂ ਨੂੰ ਪਿਆਰ ਕਰਦੇ ਹਾਂ ਜਿਸ ਕਰਕੇ ਅਸੀਂ ਯਹੋਵਾਹ ਵੱਲੋਂ ਦਿੱਤਾ ਖ਼ੁਸ਼ ਖ਼ਬਰੀ ਦਾ ਪ੍ਰਚਾਰ ਦਾ ਕੰਮ ਕਰਨਾ ਚਾਹੁੰਦੇ ਹਾਂ। ਪਰ ਕਈ ਲੋਕ ਸਾਡੀ ਗੱਲ ਨਹੀਂ ਸੁਣਦੇ ਜਾਂ ਸੱਚੀ ਉਪਾਸਨਾ ਦੇ ਵੈਰੀ ਸਾਨੂੰ ਧਮਕੀਆਂ ਦਿੰਦੇ ਹਨ ਜਿਸ ਕਰਕੇ ਅਸੀਂ ਸ਼ਾਇਦ ਨਿਰਾਸ਼ ਜਾਂ ਚਿੰਤਿਤ ਹੋ ਜਾਈਏ। ਫਿਰ ਵੀ, ਜਿਵੇਂ ਯਹੋਵਾਹ ਨੇ ਏਲੀਯਾਹ ਨੂੰ ਕੰਮ ਕਰਨ ਦੀ ਤਾਕਤ ਦਿੱਤੀ ਸੀ, ਉਸੇ ਤਰ੍ਹਾਂ ਅੱਜ ਉਹ ਆਪਣੇ ਸੇਵਕਾਂ ਨੂੰ ਵੀ ਤਾਕਤ ਦਿੰਦਾ ਹੈ। ਇਹ ਗੱਲ ਅਸੀਂ ਹਰਬਰਟ ਅਤੇ ਗਰਟਰੂਟ ਦੀ ਮਿਸਾਲ ਤੋਂ ਦੇਖ ਸਕਦੇ ਹਾਂ।
ਹਰਬਰਟ ਅਤੇ ਗਰਟਰੂਟ ਨੇ 1952 ਵਿਚ ਸਾਬਕਾ ਜਰਮਨ ਲੋਕਤੰਤਰੀ ਗਣਰਾਜ ਦੇ ਸ਼ਹਿਰ ਲੀਪਸਿਗ ਵਿਚ ਯਹੋਵਾਹ ਦੇ ਗਵਾਹਾਂ ਵਜੋਂ ਬਪਤਿਸਮਾ ਲਿਆ ਸੀ। ਉਸ ਵੇਲੇ ਯਹੋਵਾਹ ਦੀ ਸੇਵਾ ਕਰਨੀ ਬਹੁਤ ਖ਼ਤਰਨਾਕ ਸੀ ਕਿਉਂਕਿ ਉਨ੍ਹਾਂ ਦੇ ਪ੍ਰਚਾਰ ਕੰਮ ਉੱਤੇ ਪਾਬੰਦੀ ਲੱਗੀ ਹੋਈ ਸੀ। ਹਰਬਰਟ ਘਰ-ਘਰ ਦੀ ਸੇਵਕਾਈ ਕਰਦੇ ਵੇਲੇ ਕਿਵੇਂ ਮਹਿਸੂਸ ਕਰਦਾ ਸੀ?
“ਅਸੀਂ ਕਈ ਵਾਰ ਬਹੁਤ ਡਰ-ਡਰ ਕੇ ਪ੍ਰਚਾਰ ਕਰਦੇ ਸੀ। ਜਦੋਂ ਅਸੀਂ ਘਰ-ਘਰ ਜਾਂਦੇ ਸੀ, ਤਾਂ ਸਾਨੂੰ ਇਹੀ ਖਦਸ਼ਾ ਰਹਿੰਦਾ ਸੀ ਕਿ ਪੁਲਸ ਅਚਾਨਕ ਆ ਕੇ ਸਾਨੂੰ ਫੜ ਲਵੇਗੀ।” ਕਿਹੜੀ ਗੱਲ ਨੇ ਹਰਬਰਟ ਤੇ ਦੂਸਰੇ ਗਵਾਹਾਂ ਦੀ ਇਸ ਡਰ ਤੇ ਕਾਬੂ ਪਾਉਣ ਵਿਚ ਮਦਦ ਕੀਤੀ? “ਅਸੀਂ ਬਾਈਬਲ ਦਾ ਬਹੁਤ ਅਧਿਐਨ ਕੀਤਾ। ਅਤੇ ਯਹੋਵਾਹ ਨੇ ਸਾਨੂੰ ਪ੍ਰਚਾਰ ਦਾ ਕੰਮ ਕਰਦੇ ਰਹਿਣ ਦੀ ਤਾਕਤ ਦਿੱਤੀ।” ਪ੍ਰਚਾਰ ਦੌਰਾਨ ਹਰਬਰਟ ਨੂੰ ਅਜਿਹੇ ਕਈ ਤਜਰਬੇ ਹੋਏ ਜਿਨ੍ਹਾਂ ਤੋਂ ਉਸ ਨੂੰ ਤਾਕਤ ਮਿਲੀ। ਕੁਝ ਤਜਰਬੇ ਹਾਸਜਨਕ ਵੀ ਸਨ।
ਇਕ ਵਾਰ ਹਰਬਰਟ ਇਕ ਅੱਧਖੜ ਉਮਰ ਦੀ ਤੀਵੀਂ ਨੂੰ ਮਿਲਿਆ ਜਿਸ ਨੇ ਬਾਈਬਲ ਵਿਚ ਦਿਲਚਸਪੀ ਦਿਖਾਈ। ਹਰਬਰਟ ਕੁਝ ਦਿਨਾਂ ਬਾਅਦ ਉਸ ਤੀਵੀਂ ਨੂੰ ਘਰ ਮਿਲਣ ਗਿਆ। ਉੱਥੇ ਇਕ ਨੌਜਵਾਨ ਮੁੰਡਾ ਬੈਠਾ ਸੀ ਜਿਸ ਨੇ ਉਨ੍ਹਾਂ ਦੀ ਗੱਲਬਾਤ ਸੁਣੀ। ਕੁਝ ਮਿੰਟਾਂ ਬਾਅਦ ਹਰਬਰਟ ਇਕ ਚੀਜ਼ ਨੂੰ ਦੇਖ ਕੇ ਧੁਰ ਅੰਦਰ ਤਕ ਕੰਬ ਗਿਆ। ਕਮਰੇ ਦੇ ਇਕ ਕੋਨੇ ਵਿਚ ਕੁਰਸੀ ਉੱਤੇ ਇਕ ਪੁਲਸ ਅਫ਼ਸਰ ਦੀ ਟੋਪੀ ਪਈ ਸੀ। ਇਹ ਉਸ ਨੌਜਵਾਨ ਦੀ ਸੀ ਜੋ ਇਕ ਪੁਲਸ ਅਫ਼ਸਰ ਸੀ ਤੇ ਹਰਬਰਟ ਨੂੰ ਗਿਰਫ਼ਤਾਰ ਕਰਨ ਵਾਲਾ ਸੀ।
ਉਸ ਨੌਜਵਾਨ ਨੇ ਕਿਹਾ: “ਤੁਸੀਂ ਯਹੋਵਾਹ ਦੇ ਗਵਾਹ ਹੋ। ਮੈਨੂੰ ਆਪਣਾ ਸ਼ਨਾਖਤੀ ਕਾਰਡ ਦਿਖਾਓ।” ਹਰਬਰਟ ਨੇ ਉਸ ਨੂੰ ਆਪਣਾ ਸ਼ਨਾਖਤੀ ਕਾਰਡ ਦਿਖਾਇਆ। ਪਰ ਫਿਰ ਉਹ ਹੋਇਆ ਜਿਸ ਦੀ ਹਰਬਰਟ ਨੂੰ ਬਿਲਕੁਲ ਆਸ ਨਹੀਂ ਸੀ। ਉਸ ਤੀਵੀਂ ਨੇ ਪੁਲਸ ਅਫ਼ਸਰ ਨੂੰ ਚੇਤਾਵਨੀ ਦਿੱਤੀ: “ਜੇ ਇਸ ਰੱਬ ਦੇ ਬੰਦੇ ਨੂੰ ਕੁਝ ਹੋਇਆ, ਤਾਂ ਤੂੰ ਇਸ ਘਰ ਵਿਚ ਫਿਰ ਕਦੇ ਪੈਰ ਨਾ ਰੱਖੀਂ।”
ਉਹ ਨੌਜਵਾਨ ਇਕ ਪਲ ਲਈ ਰੁਕਿਆ, ਫਿਰ ਹਰਬਰਟ ਨੂੰ ਉਸ ਦਾ ਸ਼ਨਾਖਤੀ ਕਾਰਡ ਦੇ ਦਿੱਤਾ ਤੇ ਉਸ ਨੂੰ ਗਿਰਫ਼ਤਾਰ ਨਹੀਂ ਕੀਤਾ। ਹਰਬਰਟ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਹ ਪੁਲਸ ਅਫ਼ਸਰ ਉਸ ਤੀਵੀਂ ਦੀ ਕੁੜੀ ਨਾਲ ਪਿਆਰ ਕਰਦਾ ਸੀ। ਨੌਜਵਾਨ ਨੇ ਸੋਚਿਆ ਹੋਣਾ ਕਿ ਕੁੜੀ ਤੋਂ ਹੱਥ ਧੋ ਬੈਠਣ ਦੀ ਬਜਾਇ ਹਰਬਰਟ ਨੂੰ ਗਿਰਫ਼ਤਾਰ ਨਾ ਕਰਨ ਵਿਚ ਹੀ ਉਸ ਦੀ ਭਲਾਈ ਸੀ।
ਯਹੋਵਾਹ ਨੂੰ ਆਪਣਾ ਪਰਮੇਸ਼ੁਰ ਬਣਾਓ
ਅਸੀਂ ਇਨ੍ਹਾਂ ਘਟਨਾਵਾਂ ਤੋਂ ਕੀ ਸਿੱਖ ਸਕਦੇ ਹਾਂ? ਅਬਰਾਹਾਮ ਵਾਂਗ ਸਾਨੂੰ ਯਹੋਵਾਹ ਦੇ ਵਾਅਦਿਆਂ ਉੱਤੇ ਪੂਰੀ ਨਿਹਚਾ ਹੋਣੀ ਚਾਹੀਦੀ ਹੈ। ਗ਼ਲਤੀ ਕਰਨ ਤੇ ਸਾਨੂੰ ਦਾਊਦ ਵਾਂਗ ਸੱਚੇ ਦਿਲੋਂ ਤੋਬਾ ਕਰ ਕੇ ਯਹੋਵਾਹ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਏਲੀਯਾਹ ਵਾਂਗ ਸਾਨੂੰ ਚਿੰਤਾ ਜਾਂ ਡਰ ਦੇ ਸਮੇਂ ਯਹੋਵਾਹ ਦਾ ਆਸਰਾ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਹੁਣ ਤੇ ਹਮੇਸ਼ਾ ਲਈ ਯਹੋਵਾਹ ਨੂੰ ਆਪਣਾ ਪਰਮੇਸ਼ੁਰ ਬਣਾਵਾਂਗੇ ਕਿਉਂਕਿ ਉਹ ‘ਜੀਉਂਦਾ ਪਰਮੇਸ਼ੁਰ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ ਪਰ ਖਾਸ ਕਰਕੇ ਨਿਹਚਾਵਾਨਾਂ ਦਾ ਮੁਕਤੀ ਦਾਤਾ ਹੈ।’—1 ਤਿਮੋਥਿਉਸ 4:10.
[ਫੁਟਨੋਟ]
a ਨਾਂ ਬਦਲ ਦਿੱਤਾ ਗਿਆ ਹੈ।
[ਸਫ਼ੇ 25 ਉੱਤੇ ਤਸਵੀਰ]
ਪਰਮੇਸ਼ੁਰ ਦੇ ਹੁਕਮ ਮੰਨਣ ਨਾਲ ਅਬਰਾਹਾਮ ਦੀ ਨਿਹਚਾ ਮਜ਼ਬੂਤ ਹੋਈ
[ਸਫ਼ੇ 26 ਉੱਤੇ ਤਸਵੀਰ]
ਗ਼ਲਤੀ ਕਰਨ ਤੇ ਸਾਨੂੰ ਦਾਊਦ ਵਾਂਗ ਤੋਬਾ ਕਰਨੀ ਚਾਹੀਦੀ ਹੈ
[ਸਫ਼ੇ 28 ਉੱਤੇ ਤਸਵੀਰ]
ਜਿਵੇਂ ਯਹੋਵਾਹ ਨੇ ਏਲੀਯਾਹ ਦੇ ਜਜ਼ਬਾਤਾਂ ਨੂੰ ਸਮਝਿਆ ਸੀ, ਉਸੇ ਤਰ੍ਹਾਂ ਉਹ ਸਾਡੇ ਜਜ਼ਬਾਤਾਂ ਨੂੰ ਵੀ ਸਮਝਦਾ ਹੈ