ਪਾਠਕਾਂ ਵੱਲੋਂ ਸਵਾਲ
ਬਾਈਬਲ ਵਿਚ ਕਿਸੇ ਦੀ ਸਿਹਤ ਜਾਂ ਖ਼ੁਸ਼ੀ ਦਾ ਜਾਮ ਪੀਣ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ, ਫਿਰ ਯਹੋਵਾਹ ਦੇ ਗਵਾਹ ਇਸ ਰਸਮ ਤੋਂ ਕਿਉਂ ਪਰਹੇਜ਼ ਕਰਦੇ ਹਨ?
ਕਿਸੇ ਦੀ ਸਿਹਤ ਜਾਂ ਸਲਾਮਤੀ ਦਾ ਜਾਮ (ਵਾਈਨ ਜਾਂ ਹੋਰ ਸ਼ਰਾਬ) ਪੀਣ ਦਾ ਰਿਵਾਜ ਪੁਰਾਣਿਆਂ ਜ਼ਮਾਨਿਆਂ ਤੋਂ ਚੱਲਦਾ ਆ ਰਿਹਾ ਹੈ। ਇਹ ਰਿਵਾਜ ਵੱਖੋ-ਵੱਖਰੀਆਂ ਥਾਵਾਂ ਤੇ ਵੱਖੋ-ਵੱਖਰਾ ਹੁੰਦਾ ਹੈ। ਕਈ ਵਾਰ ਲੋਕ ਜਾਮ ਪੀਣ ਵੇਲੇ ਗਲਾਸੀਆਂ ਖੜਕਾਉਂਦੇ ਹਨ। ਆਮ ਤੌਰ ਤੇ ਜਾਮ ਪੀਣ ਦੀ ਪੇਸ਼ਕਸ਼ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੀ ਚੰਗੀ ਸਿਹਤ, ਸਲਾਮਤੀ ਜਾਂ ਲੰਬੀ ਉਮਰ ਲਈ ਕੀਤੀ ਜਾਂਦੀ ਹੈ। ਫਿਰ ਬਾਕੀ ਸਾਰੇ ਜਣੇ ਆਪਣੀਆਂ ਗਲਾਸੀਆਂ ਉੱਪਰ ਚੁੱਕ ਕੇ ਹਾਮੀ ਭਰਦੇ ਹਨ ਤੇ ਜਾਮ ਪੀਂਦੇ ਹਨ। ਕਈਆਂ ਨੂੰ ਇਸ ਰਿਵਾਜ ਤੇ ਕੋਈ ਇਤਰਾਜ਼ ਨਹੀਂ ਹੈ, ਪਰ ਯਹੋਵਾਹ ਦੇ ਗਵਾਹ ਚੰਗੇ ਕਾਰਨਾਂ ਕਰਕੇ ਇਸ ਰਿਵਾਜ ਵਿਚ ਹਿੱਸਾ ਲੈਣ ਤੋਂ ਪਰਹੇਜ਼ ਕਰਦੇ ਹਨ।
ਪਰਹੇਜ਼ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਦੇ ਗਵਾਹ ਦੂਜਿਆਂ ਨੂੰ ਖ਼ੁਸ਼ ਤੇ ਸਿਹਤਮੰਦ ਨਹੀਂ ਦੇਖਣਾ ਚਾਹੁੰਦੇ। ਪਹਿਲੀ ਸਦੀ ਦੀ ਪ੍ਰਬੰਧਕ ਸਭਾ ਨੇ ਕਲੀਸਿਯਾਵਾਂ ਨੂੰ ਲਿਖੀ ਇਕ ਚਿੱਠੀ ਦੇ ਅਖ਼ੀਰ ਵਿਚ ਇਕ ਯੂਨਾਨੀ ਸ਼ਬਦ ਵਰਤਿਆ ਜਿਸ ਦਾ ਤਰਜਮਾ ਕੀਤਾ ਜਾ ਸਕਦਾ ਹੈ, ‘ਤੁਹਾਡਾ ਭਲਾ ਹੋਵੇ’ ਜਾਂ “ਤੁਹਾਡੀ ਕਲਿਆਣ ਹੋਵੇ।” (ਰਸੂਲਾਂ ਦੇ ਕਰਤੱਬ 15:29) ਬਾਈਬਲ ਵਿਚ ਕੁਝ ਲੋਕਾਂ ਨੇ ਆਪਣੇ ਜ਼ਮਾਨੇ ਦੇ ਪਾਤਸ਼ਾਹਾਂ ਨੂੰ ਕਿਹਾ: “ਮੇਰਾ ਮਾਲਕ . . . ਸਦਾ ਤੀਕ ਜੀਉਂਦਾ ਰਹੇ,” ਜਾਂ “ਪਾਤਸ਼ਾਹ ਜੁੱਗੋ ਜੁੱਗ ਜੀਉਂਦਾ ਰਹੇ!”—1 ਰਾਜਿਆਂ 1:31; ਨਹਮਯਾਹ 2:3.
ਇਹ ਸਿਹਤ ਜਾਂ ਸਲਾਮਤੀ ਦਾ ਜਾਮ ਪੀਣ ਦੀ ਰਸਮ ਕਿੱਥੋਂ ਸ਼ੁਰੂ ਹੋਈ? 1 ਜਨਵਰੀ 1968 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਵਿਚ ਐਨਸਾਈਕਲੋਪੀਡੀਆ ਬ੍ਰਿਟੈਨਿਕਾ (1910) ਖੰਡ 13, ਸਫ਼ਾ 121 ਦਾ ਹਵਾਲਾ ਦਿੱਤਾ ਗਿਆ ਸੀ: “ਜੀਉਂਦਿਆਂ ਦੀ ਚੰਗੀ ‘ਸਿਹਤ’ ਦਾ ਜਾਮ ਪੀਣ ਦੀ ਰਸਮ ਸ਼ਾਇਦ ਪ੍ਰਾਚੀਨ ਸਮਿਆਂ ਵਿਚ ਦੇਵਤਿਆਂ ਅਤੇ ਮਰੇ ਹੋਇਆਂ ਦੇ ਨਾਂ ਤੇ ਜਾਮ ਪੀਣ ਦੀ ਰਸਮ ਤੋਂ ਸ਼ੁਰੂ ਹੋਈ ਹੈ। ਯੂਨਾਨੀ ਤੇ ਰੋਮੀ ਲੋਕ ਦਾਅਵਤਾਂ ਵਿਚ ਆਪਣੇ ਦੇਵੀ-ਦੇਵਤਿਆਂ ਨੂੰ ਸ਼ਰਾਬ ਦੀ ਭੇਟ ਚੜ੍ਹਾਉਂਦੇ ਸਨ ਅਤੇ ਦੇਵੀ-ਦੇਵਤਿਆਂ ਦੇ ਤੇ ਮੁਰਦਿਆਂ ਦੇ ਨਾਂ ਤੇ ਜਾਮ ਪੀਂਦੇ ਸਨ।” ਇਸ ਐਨਸਾਈਕਲੋਪੀਡੀਆ ਨੇ ਅੱਗੇ ਕਿਹਾ: ‘ਇਨ੍ਹਾਂ ਮੌਕਿਆਂ ਤੇ ਜੀਉਂਦਿਆਂ ਦੀ ਸਿਹਤ ਦਾ ਜਾਮ ਵੀ ਪੀਤਾ ਜਾਂਦਾ ਸੀ।’
ਕੀ ਇਨ੍ਹਾਂ ਪ੍ਰਾਚੀਨ ਧਾਰਮਿਕ ਰੀਤਾਂ ਦਾ ਅੱਜ ਵੀ ਜਾਮ ਪੀਣ ਦੀ ਰਸਮ ਨਾਲ ਸੰਬੰਧ ਜੋੜਿਆ ਜਾਂਦਾ ਹੈ? ਸਾਲ 1995 ਦੀ ਇੰਟਰਨੈਸ਼ਨਲ ਹੈਂਡਬੁਕ ਆਨ ਅਲਕੋਹੌਲ ਐਂਡ ਕਲਚਰ ਨਾਂ ਦੀ ਪੁਸਤਕ ਕਹਿੰਦੀ ਹੈ: ‘ਲੋਕ ਦੇਵਤਿਆਂ ਨੂੰ ਲਹੂ ਜਾਂ ਸ਼ਰਾਬ ਦਾ ਚੜ੍ਹਾਵਾ ਚੜ੍ਹਾਉਂਦੇ ਸਨ ਤਾਂਕਿ ਦੇਵਤੇ ਉਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਕਰਨ। ਉਹ “ਲੰਬੀਆਂ ਉਮਰਾਂ ਮਾਣੋ” ਜਾਂ “ਸਲਾਮਤ ਰਹੋ” ਸ਼ਬਦ ਕਹਿ ਕੇ ਕਿਸੇ ਦੀ ਸਲਾਮਤੀ ਲਈ ਦੁਆ ਕਰਦੇ ਸਨ।’
ਇਹ ਜ਼ਰੂਰੀ ਨਹੀਂ ਹੈ ਕਿ ਪ੍ਰਾਚੀਨ ਧਰਮਾਂ ਨਾਲ ਸੰਬੰਧ ਰੱਖਣ ਵਾਲੀ ਹਰ ਚੀਜ਼, ਨਿਸ਼ਾਨ ਜਾਂ ਰਸਮ ਮਸੀਹੀਆਂ ਲਈ ਹਮੇਸ਼ਾ ਵਰਜਿਤ ਹੁੰਦੀ ਹੈ। ਅਨਾਰ ਦੀ ਮਿਸਾਲ ਉੱਤੇ ਗੌਰ ਕਰੋ। ਇਕ ਮਸ਼ਹੂਰ ਬਾਈਬਲ ਐਨਸਾਈਕਲੋਪੀਡੀਆ ਕਹਿੰਦਾ ਹੈ: “ਅਨਾਰ ਦੂਜੇ ਧਰਮਾਂ ਵਿਚ ਵੀ ਇਕ ਪਵਿੱਤਰ ਚਿੰਨ੍ਹ ਮੰਨਿਆ ਜਾਂਦਾ ਸੀ।” ਫਿਰ ਵੀ ਪਰਮੇਸ਼ੁਰ ਨੇ ਇਸਰਾਏਲ ਦੇ ਪ੍ਰਧਾਨ ਜਾਜਕ ਦੇ ਚੋਗੇ ਦੀ ਝਾਲਰ ਉੱਤੇ ਧਾਗੇ ਦੇ ਬਣੇ ਅਨਾਰ ਲਗਾਉਣ ਅਤੇ ਸੁਲੇਮਾਨ ਦੀ ਹੈਕਲ ਦੇ ਪਿੱਤਲ ਦੇ ਥੰਮ੍ਹਾਂ ਉੱਤੇ ਅਨਾਰ ਉਕਾਰਨ ਲਈ ਕਿਹਾ ਸੀ। (ਕੂਚ 28:33; 2 ਰਾਜਿਆਂ 25:17) ਇਸ ਤੋਂ ਇਲਾਵਾ, ਇਕ ਸਮੇਂ ਵਿਆਹ ਦੀ ਮੁੰਦਰੀ ਦੀ ਵੀ ਧਾਰਮਿਕ ਮਹੱਤਤਾ ਸੀ। ਪਰ ਅੱਜ-ਕੱਲ੍ਹ ਬਹੁਤਿਆਂ ਨੂੰ ਇਹ ਗੱਲ ਨਹੀਂ ਪਤਾ ਹੈ ਤੇ ਉਹ ਵਿਆਹ ਦੀ ਮੁੰਦਰੀ ਦਾ ਸੰਬੰਧ ਸਿਰਫ਼ ਵਿਆਹ ਨਾਲ ਜੋੜਦੇ ਹਨ।
ਪਰ ਧਾਰਮਿਕ ਰਸਮਾਂ ਵਿਚ ਸ਼ਰਾਬ ਦੀ ਵਰਤੋਂ ਬਾਰੇ ਕੀ ਕਿਹਾ ਜਾ ਸਕਦਾ ਹੈ? ਮਿਸਾਲ ਲਈ, ਇਕ ਵਾਰ ਬਆਲ ਦੇਵਤੇ ਦੇ ਪੂਜਾਰੀਆਂ ਨੇ ਸ਼ਕਮ ਨਾਂ ਦੇ ਸ਼ਹਿਰ ਵਿਚ “ਆਪਣੇ ਦੇਵਤਿਆਂ ਦੇ ਮੰਦਰ ਵਿਚ ਜਾ ਕੇ ਖਾਧਾ ਪੀਤਾ, ਅਤੇ ਅਬੀਮਲਕ ਦੀ ਨਿੰਦਾ ਕੀਤੀ” ਜੋ ਗਿਦਾਊਨ ਦਾ ਪੁੱਤਰ ਸੀ। (ਨਿਆਈਆਂ 9:22-28, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਤੁਹਾਨੂੰ ਲੱਗਦਾ ਕਿ ਯਹੋਵਾਹ ਦੇ ਭਗਤ ਵੀ ਉਨ੍ਹਾਂ ਨਾਲ ਬੈਠ ਕੇ ਪੀਂਦੇ ਤੇ ਝੂਠੇ ਦੇਵੀ-ਦੇਵਤਿਆਂ ਅੱਗੇ ਅਬੀਮਲਕ ਨੂੰ ਸਰਾਪਣ ਦੀ ਦੁਹਾਈ ਦਿੰਦੇ? ਜਦੋਂ ਬਹੁਤ ਸਾਰੇ ਇਸਰਾਏਲੀ ਯਹੋਵਾਹ ਦੇ ਵਿਰੁੱਧ ਹੋ ਗਏ ਸਨ, ਉਸ ਸਮੇਂ ਦੀ ਗੱਲ ਕਰਦੇ ਹੋਏ ਆਮੋਸ ਨਬੀ ਨੇ ਕਿਹਾ: “ਓਹ ਹਰ ਜਗਵੇਦੀ ਕੋਲ ਗਿਰਵੀ ਬਸਤਰਾਂ ਉੱਤੇ ਲੇਟਦੇ ਹਨ, ਓਹ ਪਰਮੇਸ਼ੁਰ [“ਆਪਣੇ ਦੇਵਤਿਆਂ,” NW] ਦੇ ਭਵਨ ਵਿੱਚ ਜੁਰਮਾਨੇ ਵਾਲਿਆਂ ਦੀ ਮੈ ਪੀਂਦੇ ਹਨ।” (ਆਮੋਸ 2:8) ਕੀ ਸੱਚੇ ਭਗਤ ਉਨ੍ਹਾਂ ਨਾਲ ਖਾਂਦੇ-ਪੀਂਦੇ, ਚਾਹੇ ਸ਼ਰਾਬ ਦੇਵੀ-ਦੇਵਤਿਆਂ ਅੱਗੇ ਭੇਟ ਵਜੋਂ ਡੋਲ੍ਹੀ ਗਈ ਹੋਵੇ ਜਾਂ ਉਵੇਂ ਹੀ ਇਨ੍ਹਾਂ ਹਾਲਾਤਾਂ ਵਿਚ ਪੀਤੀ ਗਈ ਸੀ? (ਯਿਰਮਿਯਾਹ 7:18) ਕੀ ਯਹੋਵਾਹ ਦਾ ਭਗਤ ਸ਼ਰਾਬ ਦੀ ਗਲਾਸੀ ਚੁੱਕ ਕੇ ਕਿਸੇ ਦੇ ਚੰਗੇ ਭਵਿੱਖ ਲਈ ਦੇਵੀ-ਦੇਵਤੇ ਨੂੰ ਬਰਕਤ ਲਈ ਬੇਨਤੀ ਕਰੇਗਾ?
ਦਿਲਚਸਪੀ ਦੀ ਗੱਲ ਹੈ ਕਿ ਯਹੋਵਾਹ ਦੇ ਭਗਤ ਵੀ ਕਦੇ-ਕਦੇ ਆਪਣੇ ਹੱਥ ਚੁੱਕ ਕੇ ਰੱਬ ਨੂੰ ਅਰਦਾਸ ਕਰਦੇ ਸਨ। ਉਹ ਆਪਣੇ ਹੱਥ ਸੱਚੇ ਪਰਮੇਸ਼ੁਰ ਅੱਗੇ ਚੁੱਕਦੇ ਸਨ। ਬਾਈਬਲ ਵਿਚ ਲਿਖਿਆ ਹੈ: ‘ਸੁਲੇਮਾਨ ਨੇ ਯਹੋਵਾਹ ਦੀ ਜਗਵੇਦੀ ਅੱਗੇ ਖਲੋ ਕੇ ਆਪਣੇ ਹੱਥ ਅਕਾਸ਼ ਵੱਲ ਅੱਡੇ। ਤਾਂ ਉਸ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਤੇਰੇ ਵਰਗਾ ਕੋਈ ਪਰਮੇਸ਼ੁਰ ਨਹੀਂ, ਆਪਣੇ ਦਾਸ ਦੀ ਅਰਦਾਸ ਨੂੰ ਸੁਣ ਲਈਂ ਜਦ ਓਹ ਏਸ ਅਸਥਾਨ ਵੱਲ ਪ੍ਰਾਰਥਨਾ ਕਰਨ ਸਗੋਂ ਸੁਰਗੀ ਭਵਨ ਵਿੱਚ ਸੁਣ ਲਈਂ ਅਤੇ ਸੁਣ ਕੇ ਖਿਮਾ ਕਰੀਂ।’ (1 ਰਾਜਿਆਂ 8:22, 23, 30) ਇਸੇ ਤਰ੍ਹਾਂ ‘ਅਜ਼ਰਾ ਨੇ ਯਹੋਵਾਹ ਨੂੰ ਮੁਬਾਰਕ ਆਖਿਆ ਤਾਂ ਸਾਰੀ ਪਰਜਾ ਨੇ ਹੱਥ ਚੁੱਕ ਕੇ “ਆਮੀਨ ਆਮੀਨ” ਵਿੱਚ ਉੱਤਰ ਦਿੱਤਾ ਅਤੇ ਯਹੋਵਾਹ ਅੱਗੇ ਧਰਤੀ ਤੀਕ ਸਿਰ ਨੂੰ ਝੁਕਾਇਆ।’ (ਨਹਮਯਾਹ 8:6; 1 ਤਿਮੋਥਿਉਸ 2:8) ਇਨ੍ਹਾਂ ਆਇਤਾਂ ਤੋਂ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਉਹ ਵਫ਼ਾਦਾਰ ਭਗਤ ਸਵਰਗ ਵੱਲ ਆਪਣੇ ਹੱਥ ਅੱਡ ਕੇ ਕਿਸੇ ਪਰਾਲਭਦ ਯਾਨੀ ਕਿਸਮਤ ਦੀ ਦੇਵੀ ਅੱਗੇ ਬੇਨਤੀ ਨਹੀਂ ਕਰ ਰਹੇ ਸਨ।—ਯਸਾਯਾਹ 65:11.
ਅੱਜ ਜਾਮ ਪੀਣ ਵੇਲੇ ਕਈ ਲੋਕ ਸ਼ਾਇਦ ਕਿਸੇ ਦੇਵਤੇ ਤੋਂ ਬਰਕਤ ਦੀ ਆਸ ਨਾ ਰੱਖਣ, ਪਰ ਉਹ ਆਪਣੀਆਂ ਗਲਾਸੀਆਂ ਉੱਪਰ ਵੱਲ ਚੁੱਕ ਕੇ ਪੀਣ ਦਾ ਕਾਰਨ ਵੀ ਨਹੀਂ ਸਮਝਾ ਸਕਦੇ। ਇਹ ਦੇਖਦਿਆਂ ਕਿ ਉਨ੍ਹਾਂ ਨੇ ਇਸ ਗੱਲ ਬਾਰੇ ਡੂੰਘਾਈ ਨਾਲ ਨਹੀਂ ਸੋਚਿਆ, ਮਸੀਹੀਆਂ ਨੂੰ ਉਨ੍ਹਾਂ ਦੀ ਰੀਸ ਕਰਨ ਲਈ ਮਜਬੂਰ ਨਹੀਂ ਮਹਿਸੂਸ ਕਰਨਾ ਚਾਹੀਦਾ ਹੈ।
ਲੋਕਾਂ ਨੂੰ ਇਹ ਵੀ ਪਤਾ ਹੈ ਕਿ ਯਹੋਵਾਹ ਦੇ ਗਵਾਹ ਕਈ ਹੋਰ ਆਮ ਰਸਮਾਂ ਵਿਚ ਵੀ ਹਿੱਸਾ ਨਹੀਂ ਲੈਂਦੇ। ਮਿਸਾਲ ਲਈ ਕਈ ਲੋਕ ਰਾਸ਼ਟਰੀ ਝੰਡਿਆਂ ਨੂੰ ਸਲਾਮੀ ਦਿੰਦੇ ਹਨ, ਉਹ ਇਸ ਸਲਾਮੀ ਨੂੰ ਭਗਤੀ ਨਹੀਂ ਸਮਝਦੇ। ਮਸੀਹੀਆਂ ਨੂੰ ਦੂਸਰਿਆਂ ਦੇ ਇਸ ਤਰ੍ਹਾਂ ਕਰਨ ਤੇ ਕੋਈ ਇਤਰਾਜ਼ ਨਹੀਂ ਹੈ, ਪਰ ਉਹ ਖ਼ੁਦ ਇਨ੍ਹਾਂ ਕੰਮਾਂ ਵਿਚ ਹਿੱਸਾ ਨਹੀਂ ਲੈਂਦੇ। ਯਹੋਵਾਹ ਦੇ ਗਵਾਹ ਦੂਸਰਿਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ, ਇਸ ਲਈ ਜਦੋਂ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਿਸੇ ਇਕੱਠ ਵਿਚ ਐਸੀ ਕੋਈ ਰਸਮ ਅਦਾ ਕੀਤੀ ਜਾਵੇਗੀ, ਤਾਂ ਉਹ ਉਸ ਮੌਕੇ ਤੇ ਉੱਥੇ ਜਾਂਦੇ ਹੀ ਨਹੀਂ। ਉਨ੍ਹਾਂ ਨੇ ਪੱਕਾ ਇਰਾਦਾ ਕੀਤਾ ਹੈ ਕਿ ਉਹ ਬਾਈਬਲ ਵਿਚ ਮਨ੍ਹਾ ਕੀਤੀਆਂ ਗਈਆਂ ਦੇਸ਼-ਭਗਤੀ ਦੀਆਂ ਰਸਮਾਂ ਵਿਚ ਹਿੱਸਾ ਨਹੀਂ ਲੈਣਗੇ। (ਕੂਚ 20:4, 5; 1 ਯੂਹੰਨਾ 5:21) ਸ਼ਾਇਦ ਕਈ ਲੋਕ ਕਿਸੇ ਦੀ ਸਿਹਤ ਜਾਂ ਸਲਾਮਤੀ ਦਾ ਜਾਮ ਪੀਣ ਨੂੰ ਕੋਈ ਧਾਰਮਿਕ ਰਸਮ ਨਾ ਸਮਝਣ। ਫਿਰ ਵੀ ਮਸੀਹੀ ਚੰਗਿਆਂ ਕਾਰਨਾਂ ਕਰਕੇ ਜਾਮ ਨਹੀਂ ਪੀਂਦੇ ਜਿਸ ਰਸਮ ਦਾ ਸੰਬੰਧ ਪ੍ਰਾਚੀਨ ਧਰਮਾਂ ਨਾਲ ਹੈ ਅਤੇ ਹੁਣ ਵੀ ਕਈ ਲੋਕ ਇਸ ਰਸਮ ਨੂੰ ਕਿਸੇ ਅਲੌਕਿਕ ਸ਼ਕਤੀ ਤੋਂ ਬਰਕਤ ਮੰਗਣ ਦੇ ਬਰਾਬਰ ਵਿਚਾਰਦੇ ਹਨ, ਮਾਨੋ ਕੋਈ ਦੈਵੀ ਸ਼ਕਤੀ ਉਨ੍ਹਾਂ ਦੀ ਮਦਦ ਕਰ ਸਕਦੀ ਹੈ।—ਕੂਚ 23:2.