“ਦਿਲ ਦੀ ਵੱਡੀ ਚਾਹ ਨਾਲ” ਸਹੀ ਗਿਆਨ ਦੇ ਭੰਡਾਰ ਨੂੰ ਵਧਾਓ
ਯਹੋਵਾਹ ਦੇ ਸਾਰੇ ਸੇਵਕ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ। ਉਸ ਨੂੰ ਖ਼ੁਸ਼ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਨਿਹਚਾ ਮਜ਼ਬੂਤ ਰੱਖੀਏ ਅਤੇ ਜੋਸ਼ ਨਾਲ ਉਸ ਦੀ ਸੇਵਾ ਕਰੀਏ। ਪਰ ਪੌਲੁਸ ਰਸੂਲ ਨੇ ਆਪਣੇ ਜ਼ਮਾਨੇ ਦੇ ਕੁਝ ਯਹੂਦੀਆਂ ਬਾਰੇ ਕਿਹਾ: “ਓਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ ਪਰ ਸਮਝ ਨਾਲ ਨਹੀਂ।” (ਰੋਮੀ. 10:2) ਪੌਲੁਸ ਦੀ ਇਸ ਗੱਲ ਤੋਂ ਅਸੀਂ ਸਿੱਖਦੇ ਹਾਂ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਜੋਸ਼ ਦੇ ਨਾਲ-ਨਾਲ ਸਮਝ ਦੀ ਵੀ ਲੋੜ ਹੈ। ਇਸ ਲਈ ਸਾਨੂੰ ਆਪਣੇ ਕਰਤਾਰ ਅਤੇ ਉਸ ਦੀ ਮਰਜ਼ੀ ਬਾਰੇ ਸਹੀ ਗਿਆਨ ਲੈਂਦੇ ਰਹਿਣਾ ਚਾਹੀਦਾ ਹੈ।
ਪੌਲੁਸ ਨੇ ਨੇਕ ਚਾਲ-ਚਲਣ ਦਾ ਸੰਬੰਧ ਗਿਆਨ ਲੈਣ ਨਾਲ ਵੀ ਜੋੜਿਆ। ਉਸ ਨੇ ਪ੍ਰਾਰਥਨਾ ਕੀਤੀ ਸੀ ਕਿ ਯਿਸੂ ਦੇ ਚੇਲੇ ਪਰਮੇਸ਼ੁਰ ਦੀ ਇੱਛਾ ਬਾਰੇ ‘ਹਰ ਪਰਕਾਰ ਦੇ ਗਿਆਨ ਨਾਲ ਭਰਪੂਰ ਹੋ ਜਾਣ ਤਾਂ ਜੋ ਉਹ ਅਜਿਹੀ ਜੋਗ ਚਾਲ ਚੱਲ ਸਕਣ ਜਿਹੜੀ ਯਹੋਵਾਹ ਨੂੰ ਹਰ ਤਰਾਂ ਨਾਲ ਭਾਵੇ ਅਤੇ ਉਹ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹਿਣ ਅਤੇ ਪਰਮੇਸ਼ੁਰ ਦੀ ਪਛਾਣ ਵਿੱਚ ਵੱਧਦੇ ਰਹਿਣ।’ (ਕੁਲੁ. 1:9, 10) ਸਾਨੂੰ ਸਹੀ ਗਿਆਨ ਲੈਣ ਦੀ ਕਿਉਂ ਲੋੜ ਹੈ ਅਤੇ ਸਾਨੂੰ ਆਪਣੇ ਗਿਆਨ ਦੇ ਭੰਡਾਰ ਨੂੰ ਕਿਉਂ ਵਧਾਉਣਾ ਚਾਹੀਦਾ ਹੈ?
ਨਿਹਚਾ ਦੀ ਨੀਂਹ
ਪਰਮੇਸ਼ੁਰ ਅਤੇ ਉਸ ਦੇ ਮਕਸਦ ਦਾ ਗਿਆਨ ਨਿਹਚਾ ਦੀ ਨੀਂਹ ਹੈ ਅਤੇ ਇਹ ਗਿਆਨ ਬਾਈਬਲ ਵਿੱਚੋਂ ਮਿਲਦਾ ਹੈ। ਅਜਿਹੇ ਗਿਆਨ ਤੋਂ ਬਿਨਾਂ ਯਹੋਵਾਹ ਵਿਚ ਸਾਡੀ ਨਿਹਚਾ ਤਾਸ਼ ਦੇ ਪੱਤਿਆਂ ਦੇ ਘਰ ਵਰਗੀ ਹੋਵੇਗੀ ਜੋ ਫੂਕ ਮਾਰਨ ਤੇ ਡਿੱਗ ਜਾਂਦਾ ਹੈ। ਪੌਲੁਸ ਨੇ ਕਿਹਾ ਕਿ ਪਰਮੇਸ਼ੁਰ ਦੀ ਭਗਤੀ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸੋਚ-ਸਮਝ ਕੇ “ਆਪਣੀ ਬੁੱਧ ਦੇ ਨਵੇਂ” ਹੋਈਏ। (ਰੋਮੀ. 12:1, 2) ਬਾਈਬਲ ਦੀ ਸਟੱਡੀ ਬਾਕਾਇਦਾ ਕਰਨ ਨਾਲ ਅਸੀਂ ਜਾਣਾਂਗੇ ਕਿ ਯਹੋਵਾਹ ਨੂੰ ਕਿਹੜੀਆਂ ਗੱਲਾਂ ਪਸੰਦ ਹਨ ਤੇ ਕਿਹੜੀਆਂ ਨਹੀਂ।
ਈਵਾ ਪੋਲੈਂਡ ਵਿਚ ਰਹਿਣ ਵਾਲੀ ਰੈਗੂਲਰ ਪਾਇਨੀਅਰ ਹੈ। ਉਸ ਨੇ ਕਿਹਾ: “ਜੇ ਮੈਂ ਬਾਈਬਲ ਦੀ ਸਟੱਡੀ ਬਾਕਾਇਦਾ ਨਾ ਕਰਾਂ, ਤਾਂ ਯਹੋਵਾਹ ਬਾਰੇ ਮੇਰਾ ਗਿਆਨ ਨਹੀਂ ਵਧੇਗਾ। ਲੋਕ ਯਹੋਵਾਹ ਦੀ ਗਵਾਹ ਵਜੋਂ ਮੈਨੂੰ ਨਹੀਂ ਪਛਾਣਨਗੇ ਅਤੇ ਪਰਮੇਸ਼ੁਰ ਵਿਚ ਮੇਰੀ ਨਿਹਚਾ ਕਮਜ਼ੋਰ ਹੋ ਜਾਵੇਗੀ। ਇੱਥੋਂ ਤਕ ਕਿ ਉਸ ਨਾਲ ਮੇਰਾ ਨਾਤਾ ਟੁੱਟ ਜਾਵੇਗਾ।” ਉਮੀਦ ਹੈ ਕਿ ਸਾਡੇ ਨਾਲ ਇਸ ਤਰ੍ਹਾਂ ਕਦੇ ਨਾ ਹੋਵੇਗਾ। ਹੁਣ ਆਓ ਆਪਾਂ ਅਜਿਹੇ ਆਦਮੀ ਬਾਰੇ ਗੱਲ ਕਰੀਏ ਜਿਸ ਨੇ ਯਹੋਵਾਹ ਬਾਰੇ ਹੋਰ ਗਿਆਨ ਲੈ ਕੇ ਉਸ ਨੂੰ ਖ਼ੁਸ਼ ਕੀਤਾ ਸੀ।
“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ”
ਬਾਈਬਲ ਦੇ 119ਵੇਂ ਜ਼ਬੂਰ ਵਿਚ ਇਸ ਜ਼ਬੂਰ ਦੇ ਲਿਖਾਰੀ ਨੇ ਦੱਸਿਆ ਕਿ ਉਹ ਯਹੋਵਾਹ ਦੀ ਬਿਵਸਥਾ, ਉਸ ਦੀਆਂ ਸਾਖੀਆਂ, ਬਿਧੀਆਂ, ਫ਼ਰਮਾਨਾਂ, ਹੁਕਮਾਂ ਅਤੇ ਸੱਚੇ ਨਿਆਵਾਂ ਬਾਰੇ ਕੀ ਸੋਚਦਾ ਸੀ। ਉਸ ਨੇ ਲਿਖਿਆ: “ਮੈਂ ਤੇਰੀਆਂ ਬਿਧੀਆਂ ਵਿੱਚ ਮਗਨ ਰਹਾਂਗਾ . . . ਤੇਰੀਆਂ ਸਾਖੀਆਂ ਵੀ ਮੇਰੀ ਖੁਸ਼ੀ” ਹਨ। ਉਸ ਨੇ ਇਹ ਵੀ ਲਿਖਿਆ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!”—ਜ਼ਬੂ. 119:16, 24, 47, 48, 77, 97.
ਜਦ ਇਸ ਲਿਖਾਰੀ ਨੇ ਕਿਹਾ ਕਿ ਉਹ ਪਰਮੇਸ਼ੁਰ ਦੇ ਬਚਨ ਵਿਚ ‘ਮਗਨ ਅਤੇ ਲੀਨ’ ਰਹਿੰਦਾ ਸੀ, ਤਾਂ ਉਹ ਅਸਲ ਵਿਚ ਕਹਿ ਰਿਹਾ ਸੀ ਕਿ ਉਸ ਨੂੰ ਰੱਬ ਦੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰ ਕੇ ਖ਼ੁਸ਼ੀ ਮਿਲਦੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਬਿਵਸਥਾ ਦੀ ਸਟੱਡੀ ਕਰਨੀ ਕਿੰਨੀ ਚੰਗੀ ਲੱਗਦੀ ਸੀ। ਕੀ ਉਹ ਸਿਰਫ਼ ਇਸ ਲਈ ਸਟੱਡੀ ਕਰਦਾ ਸੀ ਕਿਉਂਕਿ ਸਟੱਡੀ ਕਰਨ ਨੂੰ ਉਸ ਦਾ ਜੀਅ ਕਰਦਾ ਸੀ? ਨਹੀਂ, ਉਹ ਪਰਮੇਸ਼ੁਰ ਦੇ ਬਚਨ ਵਿਚ ਇਸ ਲਈ “ਲੀਨ ਰਹਿੰਦਾ” ਸੀ ਕਿਉਂਕਿ ਉਹ ਪਰਮੇਸ਼ੁਰ ਨੂੰ ਹੋਰ ਜਾਣਨਾ ਅਤੇ ਉਸ ਦੀ ਮਰਜ਼ੀ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦਾ ਸੀ।
ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਲਿਖਾਰੀ ਪਰਮੇਸ਼ੁਰ ਦੇ ਬਚਨ ਨੂੰ ਤਹਿ ਦਿਲੋਂ ਪਿਆਰ ਕਰਦਾ ਸੀ। ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਇਹ ਮੇਰੇ ਬਾਰੇ ਵੀ ਸੱਚ ਹੈ? ਕੀ ਮੈਂ ਹਰ ਰੋਜ਼ ਬਾਈਬਲ ਦਾ ਹਿੱਸਾ ਪੜ੍ਹ ਕੇ ਅਤੇ ਉਸ ਦੀ ਜਾਂਚ ਕਰ ਕੇ ਖ਼ੁਸ਼ ਹੁੰਦਾ ਹਾਂ? ਕੀ ਮੈਂ ਬਾਈਬਲ ਪੜ੍ਹਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ ਅਤੇ ਉਸ ਨੂੰ ਪੜ੍ਹਨ ਤੋਂ ਪਹਿਲਾਂ ਪ੍ਰਾਰਥਨਾ ਕਰਦਾ ਹਾਂ?’ ਜਿੰਨਾ ਜ਼ਿਆਦਾ ਅਸੀਂ ਇਸ ਤਰ੍ਹਾਂ ਕਰ ਪਾਵਾਂਗੇ ਉੱਨਾ ਹੀ ਜ਼ਿਆਦਾ ਅਸੀਂ “ਪਰਮੇਸ਼ੁਰ ਦੀ ਪਛਾਣ ਵਿੱਚ ਵੱਧਦੇ” ਰਹਾਂਗੇ।
ਭੈਣ ਈਵਾ ਕਹਿੰਦੀ ਹੈ: “ਮੈਂ ਆਪਣੀ ਬਾਈਬਲ ਸਟੱਡੀ ਤੋਂ ਹਮੇਸ਼ਾ ਲਾਭ ਉਠਾਉਣ ਦੀ ਕੋਸ਼ਿਸ਼ ਕਰਦੀ ਹਾਂ। ਜਦ ਤੋਂ ਸਾਨੂੰ ‘ਸੀ ਦ ਗੁੱਡ ਲੈਂਡ’ ਨਾਮਕ ਬਰੋਸ਼ਰ ਮਿਲਿਆ ਹੈ, ਉਦੋਂ ਤੋਂ ਮੈਂ ਉਸ ਨੂੰ ਤਕਰੀਬਨ ਹਮੇਸ਼ਾ ਸਟੱਡੀ ਕਰਦੇ ਸਮੇਂ ਵਰਤਦੀ ਹਾਂ। ਇਸ ਤੋਂ ਇਲਾਵਾ ਜਿੰਨਾ ਵੀ ਮੈਥੋਂ ਹੋ ਸਕੇ ਮੈਂ ਇਨਸਾਈਟ ਔਨ ਦ ਸਕ੍ਰਿਪਚਰਸ ਅਤੇ ਹੋਰਨਾਂ ਕਿਤਾਬਾਂ ਵਿਚ ਖੋਜ ਵੀ ਕਰਦੀ ਹਾਂ।”
ਵੋਏਚੈੱਖ ਤੇ ਮਾਓਗੁਜਾਟਾ ਦੀ ਮਿਸਾਲ ਉੱਤੇ ਵੀ ਗੌਰ ਕਰੋ। ਇਸ ਪਤੀ-ਪਤਨੀ ਕੋਲ ਘਰ ਦੀਆਂ ਕਾਫ਼ੀ ਜ਼ਿੰਮੇਵਾਰੀਆਂ ਹਨ। ਉਨ੍ਹਾਂ ਨੂੰ ਬਾਈਬਲ ਸਟੱਡੀ ਕਰਨ ਦਾ ਸਮਾਂ ਕਦੋਂ ਮਿਲਦਾ ਹੈ? ਉਹ ਕਹਿੰਦੇ ਹਨ: “ਅਸੀਂ ਸਮਾਂ ਕੱਢ ਕੇ ਇਕੱਲੇ ਬਾਈਬਲ ਸਟੱਡੀ ਕਰ ਲੈਂਦੇ ਹਾਂ। ਫਿਰ ਜਿਹੜੇ ਦਿਲਚਸਪ ਨੁਕਤੇ ਸਾਨੂੰ ਮਿਲਦੇ ਹਨ ਉਨ੍ਹਾਂ ਨੂੰ ਅਸੀਂ ਆਪਣੀ ਫੈਮਲੀ ਸਟੱਡੀ ਵਿਚ ਜਾਂ ਰੋਜ਼ਾਨਾ ਗੱਲਾਂ-ਬਾਤਾਂ ਕਰਦੇ ਸਮੇਂ ਸਾਂਝੇ ਕਰਦੇ ਹਾਂ।” ਇਸ ਤਰ੍ਹਾਂ ਸਟੱਡੀ ਕਰਨ ਤੋਂ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਮਿਲਦੀ ਹੈ ਅਤੇ ਉਹ ਸਹੀ ਗਿਆਨ ਦੇ ਭੰਡਾਰ ਨੂੰ ਵਧਾਉਂਦੇ ਹਨ।
ਦਿਲ ਦੀ ਵੱਡੀ ਚਾਹ ਨਾਲ ਸਟੱਡੀ ਕਰੋ
ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਡਾ ਵਿਸ਼ਵਾਸ ਹੈ “ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:3, 4) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਜੋ ਅਸੀਂ ਬਾਈਬਲ ਵਿਚ ਪੜ੍ਹਦੇ ਹਾਂ ਉਸ ਨੂੰ ਅਸੀਂ ਚੰਗੀ ਤਰ੍ਹਾਂ ‘ਸਮਝੀਏ।’ (ਮੱਤੀ 15:10) ਸਾਨੂੰ ਨਵੀਆਂ ਗੱਲਾਂ ਸਿੱਖਣ ਤੇ ਸਮਝਣ ਲਈ ਤਿਆਰ ਹੋਣਾ ਚਾਹੀਦਾ ਹੈ। ਜਦ ਪੌਲੁਸ ਨੇ ਬਰਿਯਾ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਸੀ, ਤਾਂ ਉਹ ਵੀ ਨਵੀਆਂ ਗੱਲਾਂ ਸਿੱਖਣ ਲਈ ਤਿਆਰ ਸਨ। ਬਾਈਬਲ ਕਹਿੰਦੀ ਹੈ: “ਏਹਨਾਂ ਨੇ ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਏਹ ਗੱਲਾਂ ਇਸੇ ਤਰਾਂ ਹਨ ਕਿ ਨਹੀਂ।”—ਰਸੂ. 17:11.
ਕੀ ਤੁਸੀਂ ਵੀ ਬਰਿਯਾ ਦੇ ਲੋਕਾਂ ਵਾਂਗ ਵੱਡੀ ਚਾਹ ਨਾਲ ਅਤੇ ਮਨ ਲਾ ਕੇ ਬਾਈਬਲ ਸਟੱਡੀ ਕਰਦੇ ਹੋ? ਅਸੀਂ ਸਾਰੇ ਬਰਿਯਾ ਦੇ ਲੋਕਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ, ਭਾਵੇਂ ਸਾਨੂੰ ਪਹਿਲਾਂ ਸਟੱਡੀ ਕਰਨੀ ਚੰਗੀ ਨਹੀਂ ਸੀ ਲੱਗਦੀ। ਆਮ ਤੌਰ ਤੇ ਵਧਦੀ ਉਮਰ ਨਾਲ ਕਈ ਲੋਕ ਘੱਟ ਹੀ ਪੜ੍ਹਦੇ ਅਤੇ ਸਟੱਡੀ ਕਰਦੇ ਹਨ, ਪਰ ਸਾਡੇ ਬਾਰੇ ਇਹ ਸੱਚ ਨਹੀਂ ਹੋਣਾ ਚਾਹੀਦਾ। ਭਾਵੇਂ ਅਸੀਂ ਜਵਾਨ ਹੋਈਏ ਜਾਂ ਬਿਰਧ, ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਟੱਡੀ ਕਰਦੇ ਸਮੇਂ ਸਾਡਾ ਧਿਆਨ ਭੰਗ ਨਾ ਹੋਵੇ। ਕੁਝ ਪੜ੍ਹਦੇ ਸਮੇਂ ਸਾਨੂੰ ਉਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਜੋ ਅਸੀਂ ਹੋਰਨਾਂ ਨਾਲ ਸਾਂਝੀਆਂ ਕਰ ਸਕਦੇ ਹਾਂ। ਮਿਸਾਲ ਲਈ, ਕੀ ਤੁਸੀਂ ਆਪਣੇ ਪਤੀ ਜਾਂ ਪਤਨੀ ਜਾਂ ਕਲੀਸਿਯਾ ਵਿਚ ਕਿਸੇ ਭੈਣ-ਭਰਾ ਨਾਲ ਕੋਈ ਅਜਿਹੀ ਗੱਲ ਸਾਂਝੀ ਕਰ ਸਕਦੇ ਹੋ ਜੋ ਤੁਸੀਂ ਸਟੱਡੀ ਕਰਦੇ ਸਮੇਂ ਪੜ੍ਹੀ ਜਾਂ ਸਿੱਖੀ ਹੈ? ਇਨ੍ਹਾਂ ਗੱਲਾਂ ਨੂੰ ਸਾਂਝਾ ਕਰ ਕੇ ਅਸੀਂ ਨਾ ਸਿਰਫ਼ ਇਨ੍ਹਾਂ ਨੂੰ ਆਪਣੇ ਮਨ ਅਤੇ ਦਿਲ ਵਿਚ ਬਿਠਾਉਂਦੇ ਹਾਂ, ਪਰ ਦੂਜਿਆਂ ਨੂੰ ਵੀ ਇਨ੍ਹਾਂ ਤੋਂ ਲਾਭ ਹੁੰਦਾ ਹੈ।
ਬਾਈਬਲ ਕਹਿੰਦੀ ਹੈ ਕਿ ਅਜ਼ਰਾ ਨੇ “ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ . . . ਉੱਤੇ ਮਨ ਲਾਇਆ ਸੀ।” (ਅਜ਼. 7:10) ਸਟੱਡੀ ਕਰਦੇ ਸਮੇਂ ਅਸੀਂ ਉਸ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਾਂ? ਅਸੀਂ ਅਜਿਹੀ ਥਾਂ ਲੱਭ ਸਕਦੇ ਹਾਂ ਜਿੱਥੇ ਅਸੀਂ ਧਿਆਨ ਲਾ ਕੇ ਸਟੱਡੀ ਕਰ ਸਕਾਂਗੇ। ਫਿਰ ਬੈਠ ਕੇ ਸਭ ਤੋਂ ਪਹਿਲਾਂ ਯਹੋਵਾਹ ਤੋਂ ਬੁੱਧ ਲਈ ਦੁਆ ਕਰੋ। (ਯਾਕੂ. 1:5) ਆਪਣੇ ਆਪ ਤੋਂ ਪੁੱਛੋ: ‘ਇਸ ਸਟੱਡੀ ਦੌਰਾਨ ਮੈਂ ਕੀ ਸਿੱਖਣ ਦੀ ਆਸ ਰੱਖਦਾ ਹਾਂ?’ ਪੜ੍ਹਦੇ-ਪੜ੍ਹਦੇ ਖ਼ਾਸ ਨੁਕਤਿਆਂ ਨੂੰ ਲੱਭੋ। ਜਿਨ੍ਹਾਂ ਗੱਲਾਂ ਨੂੰ ਤੁਸੀਂ ਯਾਦ ਰੱਖਣਾ ਚਾਹੁੰਦੇ ਹੋ ਉਨ੍ਹਾਂ ਨੂੰ ਨੋਟ ਕਰ ਲਓ। ਧਿਆਨ ਦਿਓ ਕਿ ਤੁਸੀਂ ਕਿਨ੍ਹਾਂ ਗੱਲਾਂ ਨੂੰ ਪ੍ਰਚਾਰ ਕਰਦੇ ਹੋਏ, ਫ਼ੈਸਲੇ ਕਰਦੇ ਹੋਏ ਜਾਂ ਭੈਣਾਂ-ਭਰਾਵਾਂ ਨੂੰ ਹੌਸਲਾ ਦਿੰਦੇ ਹੋਏ ਵਰਤ ਸਕੋਗੇ। ਸਟੱਡੀ ਸਮਾਪਤ ਕਰਨ ਤੋਂ ਪਹਿਲਾਂ ਇਕ ਵਾਰ ਫਿਰ ਦੇਖੋ ਕਿ ਤੁਸੀਂ ਕੀ-ਕੀ ਸਿੱਖਿਆ ਹੈ। ਇਸ ਤਰ੍ਹਾਂ ਸਿੱਖੀਆਂ ਗੱਲਾਂ ਯਾਦ ਰੱਖਣ ਵਿਚ ਤੁਹਾਡੀ ਮਦਦ ਹੋਵੇਗੀ।
ਭੈਣ ਈਵਾ ਦੱਸਦੀ ਹੈ ਕਿ ਉਹ ਕਿਵੇਂ ਸਟੱਡੀ ਕਰਦੀ ਹੈ: “ਬਾਈਬਲ ਪੜ੍ਹਦੇ ਸਮੇਂ ਮੈਂ ਹਾਸ਼ੀਏ ਵਿਚ ਦਿੱਤੇ ਹਵਾਲੇ ਜਾਂ ਕ੍ਰਾਸ ਰੈਫਰੈਂਸ, ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਅਤੇ ਸੀ. ਡੀ.-ਰੋਮ ਤੇ ਵਾਚਟਾਵਰ ਲਾਇਬ੍ਰੇਰੀ ਵਰਤਦੀ ਹਾਂ। ਮੈਂ ਉਹ ਗੱਲਾਂ ਲਿਖ ਲੈਂਦੀ ਹਾਂ ਜਿਨ੍ਹਾਂ ਨੂੰ ਮੈਂ ਪ੍ਰਚਾਰ ਕਰਦੇ ਸਮੇਂ ਵਰਤ ਸਕਾਂਗੀ।”
ਕਈ ਭੈਣਾਂ-ਭਰਾਵਾਂ ਨੇ ਡੂੰਘੀ ਤਰ੍ਹਾਂ ਸਟੱਡੀ ਕਰਨ ਦਾ ਆਨੰਦ ਮਾਣਿਆ ਹੈ। (ਕਹਾ. 2:1-5) ਪਰ ਕਈਆਂ ਦੇ ਸਿਰ ਇੰਨੀਆਂ ਜ਼ਿੰਮੇਵਾਰੀਆਂ ਹਨ ਕਿ ਉਨ੍ਹਾਂ ਲਈ ਸਮਾਂ ਕੱਢਣਾ ਔਖਾ ਹੁੰਦਾ ਹੈ। ਜੇ ਇਹ ਤੁਹਾਡੇ ਬਾਰੇ ਸੱਚ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ?
ਮੈਂ ਸਮਾਂ ਕਿੱਥੋਂ ਕੱਢਾ?
ਅਸੀਂ ਸਾਰੇ ਜਾਣਦੇ ਹਾਂ ਕਿ ਉਨ੍ਹਾਂ ਕੰਮਾਂ ਲਈ ਸਮਾਂ ਕੱਢਣਾ ਸੌਖਾ ਹੁੰਦਾ ਹੈ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ। ਕਈਆਂ ਨੇ ਦੇਖਿਆ ਹੈ ਕਿ ਜੇ ਉਹ ਬਾਈਬਲ ਸਟੱਡੀ ਦੇ ਸੰਬੰਧ ਵਿਚ ਅਜਿਹਾ ਟੀਚਾ ਰੱਖਣਗੇ ਜਿਸ ਨੂੰ ਉਹ ਹਾਸਲ ਕਰ ਸਕਣਗੇ, ਤਾਂ ਉਹ ਚਿੱਤ ਲਾ ਕੇ ਸਟੱਡੀ ਕਰ ਸਕਦੇ ਹਨ। ਇਕ ਟੀਚਾ ਹੈ ਪੂਰੀ ਬਾਈਬਲ ਪੜ੍ਹਨੀ। ਹਾਂ, ਲੰਮੀਆਂ-ਚੌੜੀਆਂ ਵੰਸ਼ਾਵਲੀਆਂ, ਪ੍ਰਾਚੀਨ ਹੈਕਲ ਦੇ ਿਨੱਕੇ-ਿਨੱਕੇ ਵੇਰਵੇ ਜਾਂ ਡੂੰਘੀਆਂ ਭਵਿੱਖਬਾਣੀਆਂ ਪੜ੍ਹਨੀਆਂ ਔਖੀਆਂ ਹੋ ਸਕਦੀਆਂ ਹਨ, ਜਿਨ੍ਹਾਂ ਦਾ ਸਾਨੂੰ ਆਪਣੀ ਜ਼ਿੰਦਗੀ ਨਾਲ ਕੋਈ ਤਅੱਲਕ ਨਾ ਨਜ਼ਰ ਆਵੇ। ਪਰ ਛੋਟੇ-ਛੋਟੇ ਕਦਮ ਚੁੱਕ ਕੇ ਅਸੀਂ ਆਪਣੇ ਟੀਚੇ ਨੂੰ ਹਾਸਲ ਕਰ ਸਕਦੇ ਹਾਂ। ਮਿਸਾਲ ਲਈ, ਬਾਈਬਲ ਦਾ ਕੋਈ ਮੁਸ਼ਕਲ ਹਿੱਸਾ ਪੜ੍ਹਨ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ ਕਿ ‘ਇਸ ਤੋਂ ਮੈਂ ਕੀ ਸਬਕ ਸਿੱਖਾਂਗਾ? ਇਸ ਨੂੰ ਕਿਸ ਨੇ ਅਤੇ ਕਦੋਂ ਲਿਖਿਆ ਸੀ?’ ਸਾਨੂੰ ਅਜਿਹੀ ਜਾਣਕਾਰੀ ਪਹਿਰਾਬੁਰਜ ਰਸਾਲੇ ਦੇ “ਯਹੋਵਾਹ ਦਾ ਬਚਨ ਜੀਉਂਦਾ ਹੈ” ਨਾਮਕ ਲੇਖਾਂ ਦੀ ਲੜੀ ਵਿੱਚੋਂ ਮਿਲ ਸਕਦੀ ਹੈ।
ਬਾਈਬਲ ਪੜ੍ਹਦੇ ਸਮੇਂ ਕਿਉਂ ਨਾ ਮਨ ਦੀਆਂ ਅੱਖਾਂ ਨਾਲ ਦੇਖਣ ਦੀ ਕੋਸ਼ਿਸ਼ ਕਰੋ ਕਿ ਕੀ ਹੋ ਰਿਹਾ ਹੈ ਅਤੇ ਕੌਣ ਬੋਲ ਰਿਹਾ ਹੈ। ਇਸ ਸਲਾਹ ਨੂੰ ਲਾਗੂ ਕਰ ਕੇ ਅਸੀਂ ਬਾਈਬਲ ਸਟੱਡੀ ਤੋਂ ਲਾਭ ਉਠਾ ਸਕਾਂਗੇ ਅਤੇ ਉਸ ਦਾ ਮਜ਼ਾ ਲੈ ਸਕਾਂਗੇ। ਫਿਰ ਅਸੀਂ ਬੜੇ ਚਾਹ ਨਾਲ ਸਟੱਡੀ ਲਈ ਸਮਾਂ ਕੱਢਾਂਗੇ ਅਤੇ ਹਰ ਰੋਜ਼ ਬਾਈਬਲ ਪੜ੍ਹਨ ਦੀ ਸਾਡੀ ਆਦਤ ਪੱਕ ਜਾਵੇਗੀ।
ਉੱਪਰ ਦਿੱਤੀਆਂ ਸਲਾਹਾਂ ਤੋਂ ਸਾਨੂੰ ਸਾਰਿਆਂ ਨੂੰ ਨਿੱਜੀ ਤੌਰ ਤੇ ਫ਼ਾਇਦਾ ਹੋ ਸਕਦਾ ਹੈ, ਪਰ ਇਕ ਬਿਜ਼ੀ ਪਰਿਵਾਰ ਇਨ੍ਹਾਂ ਨੂੰ ਕਿਵੇਂ ਲਾਗੂ ਕਰ ਸਕਦਾ ਹੈ? ਚੰਗਾ ਹੋਵੇਗਾ ਜੇ ਸਾਰਾ ਟੱਬਰ ਬੈਠ ਕੇ ਫੈਮਲੀ ਸਟੱਡੀ ਕਰਨ ਦੇ ਫ਼ਾਇਦਿਆਂ ਬਾਰੇ ਗੱਲਬਾਤ ਕਰੇ। ਸਾਰੇ ਆਪੋ-ਆਪਣੀ ਰਾਇ ਸਾਂਝੀ ਕਰ ਸਕਦੇ ਹਨ। ਕੋਈ ਸ਼ਾਇਦ ਕਹੇ ਕਿ ਹਰ ਰੋਜ਼ ਜਾਂ ਹਫ਼ਤੇ ਵਿਚ ਕੁਝ ਦਿਨ ਜਲਦੀ ਉੱਠ ਕੇ ਸਾਰੇ ਬਾਈਬਲ ਦੇ ਕੁਝ ਹਿੱਸੇ ਨੂੰ ਇਕੱਠੇ ਪੜ੍ਹ ਸਕਦੇ ਹਨ। ਜਾਂ ਹੋ ਸਕਦਾ ਹੈ ਕਿ ਸਵੇਰ ਦੀ ਬਜਾਇ ਪਰਿਵਾਰ ਲਈ ਕੋਈ ਹੋਰ ਸਮਾਂ ਚੰਗਾ ਬੈਠੇ। ਮਿਸਾਲ ਲਈ, ਕੁਝ ਪਰਿਵਾਰ ਇਕੱਠੇ ਰੋਟੀ ਖਾਣ ਤੋਂ ਬਾਅਦ ਬਾਈਬਲ ਜਾਂ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਵਿੱਚੋਂ ਉਸ ਦਿਨ ਦਾ ਹਵਾਲਾ ਪੜ੍ਹਦੇ ਹਨ। ਰੋਟੀ ਖਾ ਕੇ ਭਾਂਡੇ ਚੁੱਕਣ ਜਾਂ ਕੋਈ ਹੋਰ ਕੰਮ ਕਰਨ ਤੋਂ ਪਹਿਲਾਂ ਉਹ 10 ਜਾਂ 15 ਮਿੰਟਾਂ ਲਈ ਬਾਈਬਲ ਦਾ ਉਹ ਹਿੱਸਾ ਪੜ੍ਹਦੇ ਹਨ ਜੋ ਉਸ ਹਫ਼ਤੇ ਦੇ ਪ੍ਰੋਗ੍ਰਾਮ ਵਿਚ ਦੱਸਿਆ ਗਿਆ ਹੈ। ਪਹਿਲਾਂ-ਪਹਿਲਾਂ ਇਸ ਤਰ੍ਹਾਂ ਕਰਨਾ ਸ਼ਾਇਦ ਮੁਸ਼ਕਲ ਲੱਗੇ, ਪਰ ਜਲਦੀ ਹੀ ਪਰਿਵਾਰ ਨੂੰ ਆਦਤ ਪੈ ਜਾਵੇਗੀ ਅਤੇ ਸਾਰੇ ਇਸ ਦਾ ਆਨੰਦ ਮਾਣਨਗੇ।
ਵੋਏਚੈੱਖ ਤੇ ਮਾਓਗੁਜਾਟਾ ਆਪਣੇ ਪਰਿਵਾਰ ਦਾ ਤਜਰਬਾ ਦੱਸਦੇ ਹਨ। “ਪਹਿਲਾਂ ਸਾਡਾ ਸਮਾਂ ਛੋਟੀਆਂ-ਮੋਟੀਆਂ ਗੱਲਾਂ ਵਿਚ ਬਰਬਾਦ ਹੋ ਜਾਂਦਾ ਸੀ। ਫਿਰ ਅਸੀਂ ਫ਼ੈਸਲਾ ਕੀਤਾ ਕਿ ਅਸੀਂ ਈ-ਮੇਲ ਭੇਜਣ ਵਿਚ ਘੱਟ ਸਮਾਂ ਲਾਵਾਂਗੇ। ਅਸੀਂ ਦਿਲਪਰਚਾਵਿਆਂ ਤੋਂ ਸਮਾਂ ਕੱਢ ਕੇ ਇਕ ਦਿਨ ਡੂੰਘੀ ਸਟੱਡੀ ਕਰਨ ਲਈ ਰੱਖਿਆ ਹੈ।” ਇਸ ਪਰਿਵਾਰ ਨੂੰ ਅਜਿਹੀਆਂ ਤਬਦੀਲੀਆਂ ਕਰ ਕੇ ਕੋਈ ਪਛਤਾਵਾ ਨਹੀਂ। ਇਹ ਗੱਲ ਤੁਹਾਡੇ ਪਰਿਵਾਰ ਬਾਰੇ ਵੀ ਸੱਚ ਹੋ ਸਕਦੀ ਹੈ।
ਗਿਆਨ ਵਧਾਉਣ ਦੇ ਫ਼ਾਇਦੇ
ਪਰਮੇਸ਼ੁਰ ਦੇ ਬਚਨ ਦਾ ਡੂੰਘਾ ਅਧਿਐਨ ਕਰ ਕੇ ਅਸੀਂ “ਹਰੇਕ ਸ਼ੁਭ ਕਰਮ ਵਿੱਚ ਫਲਦੇ” ਰਹਾਂਗੇ। (ਕੁਲੁ. 1:10) ਇਸ ਤਰ੍ਹਾਂ ਕਰਨ ਨਾਲ ਸਭਨਾਂ ਨੂੰ ਸਾਡੀ ਤਰੱਕੀ ਜ਼ਾਹਰ ਹੋਵੇਗੀ। ਬਾਈਬਲ ਬਾਰੇ ਸਾਡੀ ਸਮਝ ਵਧੇਗੀ। ਅਸੀਂ ਚੰਗੀ ਤਰ੍ਹਾਂ ਫ਼ੈਸਲੇ ਕਰ ਪਾਵਾਂਗੇ ਅਤੇ ਹੋਰਨਾਂ ਦੀ ਮਦਦ ਕਰਨ ਲਈ ਆਪਣੀ ਮਰਜ਼ੀ ਮੁਤਾਬਕ ਨਹੀਂ, ਸਗੋਂ ਬਾਈਬਲ ਤੋਂ ਸਲਾਹ ਦੇ ਸਕਾਂਗੇ। ਸਭ ਤੋਂ ਵਧ ਅਸੀਂ ਯਹੋਵਾਹ ਦੇ ਨੇੜੇ ਜਾਵਾਂਗੇ। ਅਸੀਂ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਸਮਝਾਂਗੇ ਅਤੇ ਹੋਰਨਾਂ ਨੂੰ ਉਸ ਬਾਰੇ ਸਮਝਾਉਂਦੇ ਸਮੇਂ ਇਹ ਗੱਲ ਪ੍ਰਗਟ ਹੋਵੇਗੀ।—1 ਤਿਮੋ. 4:15; ਯਾਕੂ. 4:8.
ਤੁਸੀਂ ਸੱਚਾਈ ਵਿਚ ਚਾਹੇ ਨਵੇਂ ਹੋ ਜਾਂ ਸਾਲਾਂ ਤੋਂ, ਜਵਾਨ ਹੋ ਜਾਂ ਬਿਰਧ, ਦਿਲ ਲਾ ਕੇ ਬਾਈਬਲ ਦੀ ਡੂੰਘੀ ਸਟੱਡੀ ਕਰਨ ਦੀ ਹਰ ਕੋਸ਼ਿਸ਼ ਕਰਦੇ ਰਹੋ। ਤੁਸੀਂ ਯਕੀਨ ਕਰ ਸਕਦੇ ਹੋ ਕਿ ਯਹੋਵਾਹ ਤੁਹਾਡੀ ਮਿਹਨਤ ਨਹੀਂ ਭੁੱਲੇਗਾ। (ਇਬ. 6:10) ਉਹ ਤੁਹਾਡੀ ਝੋਲੀ ਬਰਕਤਾਂ ਨਾਲ ਭਰ ਦੇਵੇਗਾ।
[ਸਫ਼ਾ 13 ਉੱਤੇ ਡੱਬੀ]
ਜਦ ਅਸੀਂ ਆਪਣੇ ਗਿਆਨ ਦਾ ਭੰਡਾਰ ਵਧਾਉਂਦੇ ਹਾਂ, . . .
ਤਾਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਅਸੀਂ ਨੇਕ ਚਾਲ ਚੱਲਦੇ ਹਾਂ।—ਕੁਲੁ. 1:9, 10
ਤਾਂ ਸਾਨੂੰ ਸਮਝ ਪ੍ਰਾਪਤ ਹੁੰਦੀ ਹੈ ਅਤੇ ਅਸੀਂ ਸਹੀ ਫ਼ੈਸਲੇ ਕਰ ਪਾਉਂਦੇ ਹਾਂ।—ਜ਼ਬੂ. 119:99
ਤਾਂ ਅਸੀਂ ਦੂਜਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦਾ ਆਨੰਦ ਮਾਣਦੇ ਹਾਂ।—ਮੱਤੀ 28:19, 20
[ਸਫ਼ਾ 14 ਉੱਤੇ ਤਸਵੀਰਾਂ]
ਅਜਿਹੀ ਥਾਂ ਲੱਭਣ ਦੀ ਕੋਸ਼ਿਸ਼ ਕਰੋ ਜਿੱਥੇ ਤੁਸੀਂ ਧਿਆਨ ਲਾ ਕੇ ਸਟੱਡੀ ਕਰ ਸਕਦੇ ਹੋ
[ਸਫ਼ਾ 15 ਉੱਤੇ ਤਸਵੀਰ]
ਕੁਝ ਟੱਬਰ ਰੋਟੀ ਖਾਣ ਤੋਂ ਬਾਅਦ ਇਕੱਠੇ ਬਾਈਬਲ ਪੜ੍ਹਦੇ ਹਨ