ਪਾਠਕਾਂ ਦੇ ਸਵਾਲ
ਕੀ ਯਹੋਵਾਹ ਦੇ ਗਵਾਹ ਦੂਸਰੇ ਧਰਮਾਂ ਦੇ ਲੋਕਾਂ ਨਾਲ ਭਗਤੀ ਕਰਦੇ ਹਨ?
▪ ਵਰਲਡ ਕ੍ਰਿਸ਼ਚਿਅਨ ਐਨਸਾਈਕਲੋਪੀਡੀਆ ਦੇ ਅਨੁਸਾਰ “ਸੰਸਾਰ ਭਰ ਵਿਚ 10,000 ਵੱਖ-ਵੱਖ ਧਰਮ ਹਨ।” ਧਰਮ ਦੇ ਨਾਂ ਤੇ ਲੜਾਈਆਂ ਹੋਣ ਕਰਕੇ ਕਈਆਂ ਲੋਕਾਂ ਨੇ ਬਹੁਤ ਦੁੱਖ ਭੋਗੇ ਹਨ। ਇਸ ਕਰਕੇ ਜਦ ਲੋਕ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਭਗਤੀ ਕਰਦੇ ਹਨ, ਤਾਂ ਕਈਆਂ ਨੂੰ ਉਮੀਦ ਮਿਲਦੀ ਹੈ ਕਿ ਦੁਨੀਆਂ ਵਿਚ ਸ਼ਾਂਤੀ ਅਤੇ ਏਕਤਾ ਆ ਸਕਦੀ ਹੈ।
ਬਾਈਬਲ ਮੁਤਾਬਕ ਏਕਤਾ ਬਹੁਤ ਜ਼ਰੂਰੀ ਹੈ। ਪੌਲੁਸ ਰਸੂਲ ਨੇ ਮਸੀਹੀ ਕਲੀਸਿਯਾ ਦੀ ਤੁਲਨਾ ਸਰੀਰ ਨਾਲ ਕੀਤੀ ਤੇ ਕਿਹਾ ਕਿ ਹਰ ਮੈਂਬਰ “ਠੀਕ ਠੀਕ ਜੁੜ ਕੇ ਅਤੇ ਇੱਕ ਸੰਗ ਮਿਲ ਕੇ” ਕੰਮ ਕਰਦਾ ਹੈ। (ਅਫ਼ਸੀਆਂ 4:16) ਪਤਰਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਕਿ “ਤੁਸੀਂ ਸੱਭੇ ਇੱਕ ਮਨ ਹੋਵੋ।”—1 ਪਤਰਸ 3:8.
ਪਹਿਲੀ ਸਦੀ ਦੇ ਮਸੀਹੀ ਅਜਿਹੀ ਦੁਨੀਆਂ ਵਿਚ ਰਹਿੰਦੇ ਸਨ ਜਿੱਥੇ ਲੋਕਾਂ ਦੇ ਵੱਖ-ਵੱਖ ਸਭਿਆਚਾਰ ਤੇ ਵੱਖ-ਵੱਖ ਧਰਮ ਸਨ। ਪਰ ਜਦ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਭਗਤੀ ਕਰਨ ਦੀ ਗੱਲ ਆਈ, ਤਾਂ ਪੌਲੁਸ ਨੇ ਪੁੱਛਿਆ: “ਪਰਤੀਤਵਾਨ ਦਾ ਬੇਪਰਤੀਤੇ ਨਾਲ ਕੀ ਹਿੱਸਾ ਹੈ?” ਫਿਰ ਉਸ ਨੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਕਿ “ਉਨ੍ਹਾਂ ਵਿੱਚੋਂ ਨਿੱਕਲ ਆਓ।” (2 ਕੁਰਿੰਥੀਆਂ 6:15, 17) ਇੱਥੇ ਪੌਲੁਸ ਇਹ ਸਾਫ਼-ਸਾਫ਼ ਕਹਿ ਰਿਹਾ ਸੀ ਕਿ ਮਸੀਹੀਆਂ ਨੂੰ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਭਗਤੀ ਨਹੀਂ ਕਰਨੀ ਚਾਹੀਦੀ। ਉਸ ਨੇ ਇੱਦਾਂ ਕਿਉਂ ਕਿਹਾ?
ਪੌਲੁਸ ਰਸੂਲ ਨੇ ਸਮਝਾਇਆ ਕਿ ਮਸੀਹੀ ਦੀ ਭਗਤੀ ਅਤੇ ਹੋਰ ਧਰਮ ਦੇ ਬੰਦੇ ਦੀ ਭਗਤੀ ਦਾ ਕੋਈ ਮੇਲ ਨਹੀਂ ਜਿਵੇਂ ਚਾਨਣ ਅਤੇ ਹਨੇਰੇ ਦਾ ਕੋਈ ਮੇਲ ਨਹੀਂ। (2 ਕੁਰਿੰਥੀਆਂ 6:14) ਇਹ ਮਸੀਹੀ ਦੇ ਵਿਸ਼ਵਾਸ ਨੂੰ ਸਿਰਫ਼ ਨੁਕਸਾਨ ਪਹੁੰਚਾ ਸਕਦਾ ਹੈ। ਪੌਲੁਸ ਨੂੰ ਉਸ ਪਿਤਾ ਵਾਂਗ ਚਿੰਤਾ ਸੀ ਜਿਸ ਨੂੰ ਪਤਾ ਹੈ ਕਿ ਉਸ ਦੇ ਗੁਆਂਢ ਵਿਚ ਕਈ ਬੱਚੇ ਬੁਰੇ ਕੰਮ ਕਰਦੇ ਹਨ। ਇਸ ਲਈ ਉਹ ਆਪਣੇ ਬੱਚੇ ʼਤੇ ਪਾਬੰਦੀ ਲਾਉਂਦਾ ਹੈ ਕਿ ਉਹ ਕਿਨ੍ਹਾਂ ਬੱਚਿਆਂ ਨਾਲ ਖੇਡ ਸਕਦਾ ਹੈ। ਹੋ ਸਕਦਾ ਹੈ ਕਿ ਹੋਰਨਾਂ ਨੂੰ ਇਹ ਬੁਰਾ ਲੱਗੇ। ਪਰ ਇਹ ਉਸ ਦੇ ਬੱਚੇ ਦੀ ਭਲਾਈ ਅਤੇ ਸੁਰੱਖਿਆ ਲਈ ਹੈ। ਇਸੇ ਤਰ੍ਹਾਂ ਪੌਲੁਸ ਨੂੰ ਪਤਾ ਸੀ ਕਿ ਹੋਰਨਾਂ ਧਰਮਾਂ ਤੋਂ ਦੂਰ ਰਹਿ ਕੇ ਮਸੀਹੀ ਉਨ੍ਹਾਂ ਦੇ ਬੁਰੇ ਕੰਮਾਂ ਤੋਂ ਬਚ ਸਕਦੇ ਸਨ।
ਇਸ ਤਰ੍ਹਾਂ ਦੀ ਸਲਾਹ ਦੇ ਕੇ ਪੌਲੁਸ ਨੇ ਯਿਸੂ ਦੀ ਰੀਸ ਕੀਤੀ। ਭਾਵੇਂ ਯਿਸੂ ਨੇ ਲੋਕਾਂ ਵਿਚ ਸ਼ਾਂਤੀ ਲਿਆਉਣ ਦੀ ਮਿਸਾਲ ਕਾਇਮ ਕੀਤੀ, ਪਰ ਉਸ ਨੇ ਦੂਜੇ ਧਰਮਾਂ ਦੇ ਲੋਕਾਂ ਨਾਲ ਭਗਤੀ ਨਹੀਂ ਕੀਤੀ। ਜਦ ਯਿਸੂ ਧਰਤੀ ਉੱਤੇ ਸੇਵਕਾਈ ਕਰ ਰਿਹਾ ਸੀ, ਉਸ ਵੇਲੇ ਫ਼ਰੀਸੀਆਂ ਅਤੇ ਸਦੂਕੀਆਂ ਵਰਗੇ ਕਈ ਧਾਰਮਿਕ ਗਰੁੱਪ ਸਨ। ਅਸਲ ਵਿਚ ਇਨ੍ਹਾਂ ਗਰੁੱਪਾਂ ਨੇ ਮਿਲ ਕੇ ਯਿਸੂ ਦਾ ਵਿਰੋਧ ਕੀਤਾ ਅਤੇ ਉਸ ਨੂੰ ਮਾਰਨ ਦੀ ਸਾਜ਼ਸ਼ ਵੀ ਘੜੀ। ਯਿਸੂ ਨੇ ਆਪਣੇ ਚੇਲਿਆਂ ਨੂੰ “ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ” ਲਈ ਕਿਹਾ।—ਮੱਤੀ 16:12.
ਅੱਜ ਬਾਰੇ ਕੀ? ਕੀ ਬਾਈਬਲ ਦੀ ਸਲਾਹ ਅੱਜ ਵੀ ਲਾਗੂ ਹੁੰਦੀ ਹੈ ਕਿ ਦੂਜੇ ਧਰਮਾਂ ਦੇ ਲੋਕਾਂ ਨਾਲ ਭਗਤੀ ਨਾ ਕਰੀਏ? ਜੀ ਹਾਂ। ਜਿਸ ਤਰ੍ਹਾਂ ਪਾਣੀ ਅਤੇ ਤੇਲ ਨੂੰ ਇਕ ਬੋਤਲ ਵਿਚ ਪਾ ਕੇ ਮਿਲਾਇਆ ਨਹੀਂ ਜਾ ਸਕਦਾ, ਉਸੇ ਤਰ੍ਹਾਂ ਵੱਖ-ਵੱਖ ਧਰਮਾਂ ਦੀ ਭਗਤੀ ਨੂੰ ਮਿਲਾਇਆ ਨਹੀਂ ਜਾ ਸਕਦਾ। ਮਿਸਾਲ ਲਈ, ਜਦ ਵੱਖ-ਵੱਖ ਧਰਮ ਦੇ ਲੋਕ ਸ਼ਾਂਤੀ ਲਈ ਪ੍ਰਾਰਥਨਾ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਉਹ ਕਿਹੜੇ ਰੱਬ ਨੂੰ ਪੁਕਾਰ ਰਹੇ ਹਨ? ਮਸੀਹੀਆਂ ਦਾ ਤ੍ਰਿਏਕ? ਹਿੰਦੂਆਂ ਦਾ ਬ੍ਰਹਮਾ? ਬੁੱਧ? ਜਾਂ ਕਿਸੇ ਹੋਰ ਨੂੰ?
ਮੀਕਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ “ਆਖਰੀ ਦਿਨਾਂ ਵਿੱਚ” ਸਾਰੇ ਦੇਸ਼ਾਂ ਦੇ ਲੋਕ ਕਹਿਣਗੇ: “ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਨੂੰ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।” (ਮੀਕਾਹ 4:1-4) ਇਸ ਦਾ ਨਤੀਜਾ ਦੁਨੀਆਂ ਭਰ ਵਿਚ ਸ਼ਾਂਤੀ ਅਤੇ ਏਕਤਾ ਹੋਵੇਗੀ। ਇਸ ਲਈ ਨਹੀਂ ਕਿਉਂਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਭਗਤੀ ਕਰਦੇ ਹਨ, ਪਰ ਇਸ ਲਈ ਕਿਉਂਕਿ ਸਾਰੇ ਲੋਕ ਇੱਕੋ ਸੱਚੇ ਧਰਮ ਨੂੰ ਸਵੀਕਾਰ ਕਰਦੇ ਹਨ। (w10-E 06/01)
[ਸਫ਼ਾ 13 ਉੱਤੇ ਤਸਵੀਰ]
2008 ਵਿਚ ਦੁਨੀਆਂ ਦੇ ਮੁੱਖ ਧਰਮਾਂ ਦੇ ਮੈਂਬਰਾਂ ਦਾ ਧਾਰਮਿਕ ਸੰਮੇਲਨ
[ਕ੍ਰੈਡਿਟ ਲਾਈਨ]
REUTERS/Andreas Manolis