ਯਿਸੂ ਮਸੀਹ ਅਸਲ ਵਿਚ ਕੌਣ ਹੈ?
“ਜਦ ਉਹ ਯਰੂਸ਼ਲਮ ਵਿੱਚ ਵੜਿਆ ਤਾਂ ਸਾਰਾ ਸ਼ਹਿਰ ਏਹ ਆਖ ਕੇ ਹਿੱਲ ਗਿਆ ਕਿ ਇਹ ਕੌਣ ਹੈ? ਲੋਕਾਂ ਨੇ ਆਖਿਆ, ਇਹ ਯਿਸੂ ਗਲੀਲ ਦੇ ਨਾਸਰਤ ਦਾ ਨਬੀ ਹੈ।”—ਮੱਤੀ 21:10, 11.
ਸਾਲ 33 ਵਿਚ ਬਸੰਤ ਦੀ ਰੁੱਤ ਸੀ ਜਦ ਯਿਸੂ ਮਸੀਹa ਯਰੂਸ਼ਲਮ ਆਇਆ। ਉਸ ਦੇ ਉੱਥੇ ਪਹੁੰਚਣ ਤੇ ਇੰਨੀ ਹਲਚਲ ਕਿਉਂ ਮਚੀ? ਸ਼ਹਿਰ ਵਿਚ ਕਈਆਂ ਨੇ ਯਿਸੂ ਅਤੇ ਉਸ ਵੱਲੋਂ ਕੀਤੇ ਅਸਚਰਜ ਕੰਮਾਂ ਬਾਰੇ ਸੁਣਿਆ ਹੋਇਆ ਸੀ ਤੇ ਉਹ ਦੂਸਰਿਆਂ ਨੂੰ ਇਸ ਬਾਰੇ ਦੱਸ ਰਹੇ ਸਨ। (ਯੂਹੰਨਾ 12:17-19) ਪਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਆਦਮੀ ਦਾ ਪ੍ਰਭਾਵ ਪੂਰੀ ਦੁਨੀਆਂ ਵਿਚ ਫੈਲਣਾ ਸੀ ਤੇ ਇਹ ਪ੍ਰਭਾਵ ਸਾਡੇ ਦਿਨਾਂ ਤਕ ਵੀ ਰਹਿਣਾ ਸੀ!
ਇਤਿਹਾਸ ਉੱਤੇ ਯਿਸੂ ਦਾ ਕਿੰਨਾ ਕੁ ਪ੍ਰਭਾਵ ਪਿਆ ਹੈ? ਜ਼ਰਾ ਹੇਠਾਂ ਦਿੱਤੀਆਂ ਉਦਾਹਰਣਾਂ ਵੱਲ ਧਿਆਨ ਦਿਓ।
- ਦੁਨੀਆਂ ਵਿਚ ਵਰਤੇ ਜਾਂਦੇ ਕਈ ਕਲੰਡਰ ਉਸ ਤਾਰੀਖ਼ ʼਤੇ ਆਧਾਰਿਤ ਹਨ ਜਿਸ ਨੂੰ ਯਿਸੂ ਦੀ ਜਨਮ-ਤਾਰੀਖ਼ ਮੰਨਿਆ ਗਿਆ ਹੈ। 
- ਤਕਰੀਬਨ ਦੋ ਅਰਬ ਲੋਕ, ਲਗਭਗ ਸੰਸਾਰ ਦੀ ਆਬਾਦੀ ਦਾ ਤੀਜਾ ਹਿੱਸਾ, ਆਪਣੇ ਆਪ ਨੂੰ ਮਸੀਹੀ ਕਹਿੰਦੇ ਹਨ। 
- ਮੁਸਲਿਮ ਧਰਮ ਵਿਚ ਸੰਸਾਰ ਭਰ ਵਿਚ ਇਕ ਅਰਬ ਤੋਂ ਜ਼ਿਆਦਾ ਲੋਕ ਹਨ। ਇਹ ਧਰਮ ਸਿਖਾਉਂਦਾ ਹੈ ਕਿ ਯਿਸੂ “ਅਬਰਾਹਾਮ, ਨੂਹ ਤੇ ਮੂਸਾ ਨਾਲੋਂ ਮਹਾਨ ਨਬੀ ਹੈ।” 
- ਯਿਸੂ ਦੀਆਂ ਕਈ ਗੱਲਾਂ ਅੱਜ ਵੀ ਸਾਡੀ ਗੱਲਬਾਤ ਵਿਚ ਵਰਤੀਆਂ ਜਾਂਦੀਆਂ ਹਨ। ਮਿਸਾਲ ਲਈ: - ‘ਆਪਣੇ ਗੁਆਂਢੀ ਨੂੰ ਪਿਆਰ ਕਰੋ।’—ਮੱਤੀ 22:39. - ‘ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।’—ਰਸੂਲਾਂ ਦੇ ਕਰਤੱਬ 20:35. - ‘ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ।’—ਮੱਤੀ 7:7. - ‘ਤੁਹਾਡੀ ਹਾਂ ਦੀ ਹਾਂ ਤੇ ਨਾ ਦੀ ਨਾ ਹੋਵੇ।’—ਮੱਤੀ 5:37. - ‘ਦਰਖ਼ਤ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ।’—ਮੱਤੀ 7:17. - ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਨੇ ਪੂਰੀ ਦੁਨੀਆਂ ʼਤੇ ਪ੍ਰਭਾਵ ਪਾਇਆ ਹੈ। ਫਿਰ ਵੀ ਉਸ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਤੇ ਵਿਸ਼ਵਾਸ ਹਨ। ਇਸ ਲਈ ਤੁਸੀਂ ਸ਼ਾਇਦ ਪੁੱਛੋ: ‘ਯਿਸੂ ਮਸੀਹ ਅਸਲ ਵਿਚ ਕੌਣ ਹੈ?’ ਸਿਰਫ਼ ਬਾਈਬਲ ਹੀ ਸਾਨੂੰ ਦੱਸਦੀ ਹੈ ਕਿ ਯਿਸੂ ਕਿੱਥੋਂ ਆਇਆ ਸੀ, ਉਸ ਨੇ ਕਿੱਦਾਂ ਦੀ ਜ਼ਿੰਦਗੀ ਬਿਤਾਈ ਤੇ ਉਹ ਕਿਉਂ ਮਰਿਆ। ਉਸ ਬਾਰੇ ਸੱਚਾਈ ਜਾਣ ਕੇ ਤੁਹਾਡੀ ਜ਼ਿੰਦਗੀ ਉੱਤੇ ਤੇ ਤੁਹਾਡੇ ਆਉਣ ਵਾਲੇ ਕੱਲ੍ਹ ਉੱਤੇ ਵੱਡਾ ਅਸਰ ਪੈ ਸਕਦਾ ਹੈ। (w11-E 04/01) 
a ਨਾਸਰਤ ਦੇ ਇਸ ਨਬੀ “ਯਿਸੂ” ਦੇ ਨਾਂ ਦਾ ਮਤਲਬ ਹੈ “ਯਹੋਵਾਹ ਮੁਕਤੀ ਹੈ।” “ਮਸੀਹ” ਦਾ ਮਤਲਬ ਹੈ “ਪਰਮੇਸ਼ੁਰ ਦਾ ਚੁਣਿਆ ਹੋਇਆ” ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਖ਼ਾਸ ਕੰਮ ਲਈ ਚੁਣਿਆ ਸੀ।