‘ਘੜੀ ਆ ਚੁੱਕੀ ਸੀ!’
‘ਇਸ ਜਗਤ ਨੂੰ ਛੱਡ ਕੇ ਪਿਤਾ ਕੋਲ ਜਾਣ ਦੀ ਉਸ ਦੀ ਘੜੀ ਆ ਪਹੁੰਚੀ ਸੀ।’—ਯੂਹੰਨਾ 13:1.
1. ਸਾਲ 33 ਸਾ.ਯੁ. ਦੇ ਪਸਾਹ ਤੋਂ ਪਹਿਲਾਂ ਯਰੂਸ਼ਲਮ ਵਿਚ ਕਿਹੜੀਆਂ ਗੱਲਾਂ ਹੋ ਰਹੀਆਂ ਸਨ ਅਤੇ ਕਿਉਂ?
ਯਿਸੂ ਨੇ ਸਾਲ 29 ਸਾ.ਯੁ. ਵਿਚ ਬਪਤਿਸਮਾ ਲਿਆ ਸੀ। ਬਪਤਿਸਮੇ ਤੋਂ ਬਾਅਦ ਉਹ ਅਜਿਹੇ ਰਾਹ ਤੇ ਚੱਲ ਪਿਆ ਸੀ ਜਿਸ ਨੇ ਉਸ ਨੂੰ ਮੌਤ, ਜੀ ਉੱਠਣ, ਅਤੇ ਵਡਿਆਈ ਦੀ “ਘੜੀ” ਤਕ ਲੈ ਜਾਣਾ ਸੀ। ਪਿਛਲੇ ਲੇਖ ਵਿਚ ਅਸੀਂ ਪੜ੍ਹਿਆ ਸੀ ਕਿ ਲਾਜ਼ਰ ਦੇ ਜੀ ਉਠਾਏ ਜਾਣ ਤੋਂ ਬਾਅਦ ਯਹੂਦੀ ਮਹਾਸਭਾ ਨੇ ਯਿਸੂ ਨੂੰ ਜਾਨੋਂ ਮਾਰਨ ਦਾ ਮਤਾ ਪਕਾਇਆ ਸੀ। ਇਸ ਲਈ ਯਿਸੂ ਯਰੂਸ਼ਲਮ ਨੂੰ ਛੱਡ ਕੇ ਯਰਦਨ ਨਦੀ ਦੇ ਪਾਰ, ਹੋਰ ਕਿਸੇ ਇਲਾਕੇ ਵਿਚ ਚਲਾ ਗਿਆ ਸੀ। ਯਿਸੂ ਨੂੰ ਉਨ੍ਹਾਂ ਦੇ ਇਰਾਦਿਆਂ ਬਾਰੇ ਸ਼ਾਇਦ ਨਿਕੁਦੇਮੁਸ ਤੋਂ ਪਤਾ ਲੱਗਾ ਹੋਵੇ। ਨਿਕੁਦੇਮੁਸ ਮਹਾਸਭਾ ਦਾ ਮੈਂਬਰ ਸੀ ਪਰ ਉਹ ਯਿਸੂ ਦਾ ਮਿੱਤਰ ਵੀ ਸੀ। ਸਾਲ 33 ਸਾ.ਯੁ. ਦੀ ਬਸੰਤ ਵਿਚ ਪਸਾਹ ਦੇ ਤਿਉਹਾਰ ਤੋਂ ਪਹਿਲਾਂ, ਕਈ ਲੋਕ ਯਰੂਸ਼ਲਮ ਆਏ ਹੋਏ ਸਨ ਅਤੇ ਸਾਰੇ ਸ਼ਹਿਰ ਵਿਚ ਯਿਸੂ ਬਾਰੇ ਗੱਲਾਂ ਹੋ ਰਹੀਆਂ ਸਨ। ਲੋਕ ਇਕ ਦੂਸਰੇ ਨੂੰ ਪੁੱਛ ਰਹੇ ਸਨ ਕਿ “ਤੁਸੀਂ ਕੀ ਸਮਝਦੇ ਹੋ ਕਿ ਉਹ ਇਸ ਤਿਉਹਾਰ ਉੱਤੇ ਨਹੀਂ ਆਊਗਾ?” ਪ੍ਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਇਹ ਹੁਕਮ ਦੇ ਕੇ ਲੋਕਾਂ ਦਾ ਜੋਸ਼ ਹੋਰ ਵੀ ਭੜਕਾਇਆ ਸੀ ਕਿ ਜੇਕਰ ਕੋਈ ਯਿਸੂ ਦਾ ਅਤਾ-ਪਤਾ ਜਾਣਦਾ ਹੋਵੇ ਤਾਂ ਉਹ ਉਨ੍ਹਾਂ ਨੂੰ ਦੱਸ ਦੇਵੇ।—ਯੂਹੰਨਾ 11:47-57.
2. ਮਰਿਯਮ ਦੇ ਕਿਹੜੇ ਕੰਮ ਕਾਰਨ ਬਹਿਸ ਸ਼ੁਰੂ ਹੋਈ ਸੀ, ਅਤੇ ਉਸ ਦਾ ਪੱਖ ਲੈ ਕੇ ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ‘ਆਪਣੀ ਘੜੀ’ ਬਾਰੇ ਜਾਣਦਾ ਸੀ?
2 ਪਸਾਹ ਤੋਂ ਛੇ ਦਿਨ ਪਹਿਲਾਂ, ਨੀਸਾਨ ਦੇ 8ਵੇਂ ਦਿਨ ਤੇ, ਯਿਸੂ ਯਰੂਸ਼ਲਮ ਦੇ ਨੇੜੇ ਆ ਗਿਆ ਸੀ। ਉਹ ਬੈਤਅਨਿਯਾ ਵਿਚ ਆਪਣੇ ਜਿਗਰੀ ਦੋਸਤ ਲਾਜ਼ਰ ਅਤੇ ਉਸ ਦੀਆਂ ਭੈਣਾਂ ਮਾਰਥਾ ਤੇ ਮਰਿਯਮ ਦੇ ਘਰ ਰਿਹਾ ਸੀ। ਇਹ ਯਰੂਸ਼ਲਮ ਤੋਂ ਕੁਝ ਦੋ ਕੁ ਮੀਲ ਦੂਰ ਸੀ। ਯਿਸੂ ਨੇ ਸ਼ੁੱਕਰਵਾਰ ਦੀ ਸ਼ਾਮ ਅਤੇ ਸਬਤ ਦਾ ਦਿਨ ਉੱਥੇ ਗੁਜ਼ਾਰੇ ਸਨ। ਅਗਲੀ ਸ਼ਾਮ ਜਦੋਂ ਮਰਿਯਮ ਨੇ ਯਿਸੂ ਦੇ ਪੈਰਾਂ ਤੇ ਸਿਰ ਉੱਤੇ ਮਹਿੰਗਾ ਅਤਰ ਮਲਿਆ ਤਾਂ ਚੇਲਿਆਂ ਨੇ ਬੁਰਾ ਮਨਾਇਆ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਉਹ ਨੂੰ ਇਹ ਮੇਰੇ ਕਫ਼ਨਾਉਣ ਦਫ਼ਨਾਉਣ ਦੇ ਦਿਨ ਲਈ ਕਰਨ ਦਿਓ। ਕੰਗਾਲ ਤਾ ਸਦਾ ਤੁਹਾਡੇ ਨਾਲ ਰਹਿਣਗੇ ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਹੋਵਾਂਗਾ।’ (ਯੂਹੰਨਾ 12:1-8; ਮੱਤੀ 26:6-13) ਯਿਸੂ ਜਾਣਦਾ ਸੀ ਕਿ ‘ਇਸ ਜਗਤ ਨੂੰ ਛੱਡ ਕੇ ਪਿਤਾ ਕੋਲ ਜਾਣ ਦੀ ਉਸ ਦੀ ਘੜੀ ਆ ਪਹੁੰਚੀ ਸੀ।’ (ਯੂਹੰਨਾ 13:1) ਪੰਜਾਂ ਦਿਨਾਂ ਵਿਚ ਉਸ ਨੇ ‘ਬਹੁਤਿਆਂ ਦੇ ਲਈ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣੀ ਸੀ।’ (ਮਰਕੁਸ 10:45) ਇਸ ਲਈ ਯਿਸੂ ਨੇ ਸਿੱਖਿਆ ਦੇਣ ਦੇ ਕੰਮ ਨੂੰ ਪਹਿਲ ਦਿੱਤੀ ਸੀ। ਸਾਡੇ ਲਈ ਇਹ ਕਿੰਨੀ ਵਧੀਆ ਮਿਸਾਲ ਹੈ ਕਿਉਂ ਜੋ ਅਸੀਂ ਇਸ ਰੀਤੀ ਦੇ ਅੰਤ ਦੀ ਉਡੀਕ ਕਰਦੇ ਹਾਂ! ਧਿਆਨ ਦਿਓ ਕਿ ਅਗਲੇ ਦਿਨ ਯਿਸੂ ਨਾਲ ਕੀ ਹੋਇਆ ਸੀ।
ਯਿਸੂ ਰਾਜੇ ਵਾਂਗ ਯਰੂਸ਼ਲਮ ਵਿਚ ਦਾਖ਼ਲ ਹੋਇਆ
3. (ੳ) ਐਤਵਾਰ, ਨੀਸਾਨ ਦੇ 9ਵੇਂ ਦਿਨ ਯਿਸੂ ਯਰੂਸ਼ਲਮ ਵਿਚ ਕਿਸ ਤਰ੍ਹਾਂ ਦਾਖ਼ਲ ਹੋਇਆ ਸੀ, ਅਤੇ ਭੀੜ ਵਿੱਚੋਂ ਕਈਆਂ ਨੇ ਕੀ ਕੀਤਾ ਸੀ? (ਅ) ਜਦੋਂ ਫ਼ਰੀਸੀਆਂ ਨੇ ਭੀੜ ਬਾਰੇ ਸ਼ਿਕਾਇਤ ਕੀਤੀ ਤਾਂ ਯਿਸੂ ਨੇ ਉਨ੍ਹਾਂ ਨੂੰ ਕੀ ਜਵਾਬ ਦਿੱਤਾ ਸੀ?
3 ਜ਼ਕਰਯਾਹ 9:9 ਦੀ ਭਵਿੱਖਬਾਣੀ ਦੇ ਅਨੁਸਾਰ, ਐਤਵਾਰ, ਨੀਸਾਨ ਦੇ 9ਵੇਂ ਦਿਨ ਯਿਸੂ ਗਧੀ ਦੇ ਬੱਚੇ ਉੱਤੇ ਸਵਾਰ ਹੋ ਕਿ ਯਰੂਸ਼ਲਮ ਨੂੰ ਆਇਆ ਸੀ। ਜਦੋਂ ਉਹ ਸ਼ਹਿਰ ਦੇ ਨੇੜੇ ਪਹੁੰਚਿਆ, ਤਾਂ ਉੱਥੇ ਇਕੱਠੀ ਹੋਈ ਭੀੜ ਨੇ ਆਪਣੇ ਲੀੜੇ ਰਸਤੇ ਵਿਚ ਵਿਛਾ ਦਿੱਤੇ ਸਨ, ਅਤੇ ਦੂਸਰਿਆਂ ਨੇ ਦਰਖ਼ਤਾਂ ਦੀਆਂ ਡਾਲੀਆਂ ਵੱਢ ਕੇ ਰਸਤੇ ਤੇ ਵਿਛਾਈਆਂ ਸਨ। ਉਨ੍ਹਾਂ ਨੇ ਪੁਕਾਰਿਆ: “ਮੁਬਾਰਕ ਉਹ ਪਾਤਸ਼ਾਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ!” ਭੀੜ ਵਿਚ ਕੁਝ ਫ਼ਰੀਸੀ ਚਾਹੁੰਦੇ ਸਨ ਕਿ ਯਿਸੂ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਕਹਿਣ ਤੋਂ ਰੋਕੇ। ਪਰ, ਯਿਸੂ ਨੇ ਜਵਾਬ ਦਿੱਤਾ ਕਿ “ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਏਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਉੱਠਣਗੇ!”—ਲੂਕਾ 19:38-40; ਮੱਤੀ 21:6-9.
4. ਜਦੋਂ ਯਿਸੂ ਯਰੂਸ਼ਲਮ ਵਿਚ ਦਾਖ਼ਲ ਹੋਇਆ ਸੀ ਤਾਂ ਸ਼ਹਿਰ ਵਿਚ ਹਲਚਲ ਕਿਉਂ ਮੱਚ ਉੱਠੀ ਸੀ?
4 ਕੁਝ ਹੀ ਹਫ਼ਤੇ ਪਹਿਲਾਂ, ਇਸ ਭੀੜ ਵਿੱਚੋਂ ਕਈਆਂ ਨੇ ਯਿਸੂ ਨੂੰ ਲਾਜ਼ਰ ਨੂੰ ਜੀ ਉਠਾਉਂਦੇ ਹੋਏ ਦੇਖਿਆ ਸੀ। ਉਹ ਦੂਸਰਿਆਂ ਨੂੰ ਇਸ ਚਮਤਕਾਰ ਬਾਰੇ ਦੱਸਣ ਤੋਂ ਰਹਿ ਨਾ ਸਕੇ। ਇਸ ਲਈ ਜਦ ਯਿਸੂ ਯਰੂਸ਼ਲਮ ਵਿਚ ਦਾਖ਼ਲ ਹੋਇਆ ਸੀ ਤਾਂ ਸਾਰੇ ਸ਼ਹਿਰ ਵਿਚ ਹਲਚਲ ਮੱਚ ਉੱਠੀ ਸੀ। ਲੋਕੀ ਪੁੱਛ ਰਹੇ ਸਨ ਕਿ “ਇਹ ਕੌਣ ਹੈ?” ਅਤੇ ਭੀੜ ਬਾਰ-ਬਾਰ ਕਹਿੰਦੀ ਸੀ ਕਿ “ਇਹ ਯਿਸੂ ਗਲੀਲ ਦੇ ਨਾਸਰਤ ਦਾ ਨਬੀ ਹੈ।” ਇਹ ਸਭ ਕੁਝ ਦੇਖ ਕੇ ਫ਼ਰੀਸੀਆਂ ਨੇ ਦੁਹਾਈ ਪਾਈ ਸੀ ਕਿ “ਜਗਤ ਉਹ ਦੇ ਪਿੱਛੇ ਲੱਗ ਤੁਰਿਆ!”—ਮੱਤੀ 21:10, 11; ਯੂਹੰਨਾ 12:17-19.
5. ਜਦੋਂ ਯਿਸੂ ਹੈਕਲ ਵਿਚ ਗਿਆ ਤਾਂ ਕੀ ਹੋਇਆ ਸੀ?
5 ਯਰੂਸ਼ਲਮ ਨੂੰ ਜਾਂਦੇ ਸਮੇਂ ਯਿਸੂ ਹਮੇਸ਼ਾ ਹੈਕਲ ਨੂੰ ਜਾਂਦਾ ਹੁੰਦਾ ਸੀ। ਇਸ ਲਈ ਆਪਣੇ ਦਸਤੂਰ ਅਨੁਸਾਰ ਇਹ ਮਹਾਗੁਰੂ ਲੋਕਾਂ ਨੂੰ ਸਿੱਖਿਆ ਦੇਣ ਲਈ ਹੈਕਲ ਵਿਚ ਫਿਰ ਗਿਆ। ਉੱਥੇ ਅੰਨ੍ਹੇ ਅਤੇ ਲੰਗੜੇ ਉਸ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਠੀਕ ਕੀਤਾ। ਮੁੱਖ ਜਾਜਕ ਅਤੇ ਗ੍ਰੰਥੀ ਬਹੁਤ ਹੀ ਗੁੱਸੇ ਹੋਏ ਸਨ ਜਦੋਂ ਉਨ੍ਹਾਂ ਨੇ ਇਹ ਸਭ ਕੁਝ ਦੇਖਿਆ ਅਤੇ ਹੈਕਲ ਵਿਚ ਬੱਚਿਆਂ ਨੂੰ ਉੱਚੀ ਆਵਾਜ਼ ਨਾਲ ਇਹ ਕਹਿੰਦੇ ਹੋਏ ਸੁਣਿਆ ਕਿ ‘ਦਾਊਦ ਦੇ ਪੁੱਤਰ ਦੀ ਵਡਿਆਈ ਹੋਵੇ।’ ਫ਼ਰੀਸੀਆਂ ਨੇ ਉਸ ਨੂੰ ਕਿਹਾ “ਕੀ ਤੂੰ ਸੁਣਦਾ ਹੈਂ ਜੋ ਏਹ ਕੀ ਆਖਦੇ ਹਨ?” ਯਿਸੂ ਨੇ ਜਵਾਬ ਦਿੱਤਾ: “ਹਾਂ, ਕੀ ਤੁਸਾਂ ਕਦੀ ਇਹ ਨਹੀਂ ਪੜ੍ਹਿਆ ਜੋ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੈਂ ਉਸਤਤ ਪੂਰੀ ਕਰਵਾਈ?” ਯਿਸੂ ਨੇ ਆਪਣੀ ਸਿਖਲਾਈ ਜਾਰੀ ਰੱਖਦੇ ਹੋਏ ਹੈਕਲ ਵਿਚ ਹੋ ਰਹੇ ਸਾਰੇ ਕੰਮ ਵੀ ਦੇਖੇ।—ਮੱਤੀ 21:15, 16; ਮਰਕੁਸ 11:11.
6. ਯਿਸੂ ਦਾ ਯਰੂਸ਼ਲਮ ਨੂੰ ਆਉਣਾ ਅੱਗੇ ਨਾਲੋਂ ਕਿਸ ਤਰ੍ਹਾਂ ਵੱਖਰਾ ਸੀ ਅਤੇ ਕਿਉਂ?
6 ਇਸ ਵਾਰ ਯਿਸੂ ਦਾ ਯਰੂਸ਼ਲਮ ਨੂੰ ਆਉਣਾ ਅੱਗੇ ਨਾਲੋਂ ਬਹੁਤ ਹੀ ਵੱਖਰਾ ਸੀ। ਛੇ ਮਹੀਨੇ ਪਹਿਲਾਂ ਜਦੋਂ ਉਹ ਡੇਰਿਆਂ ਦੇ ਪਰਬ ਲਈ ਯਰੂਸ਼ਲਮ ਨੂੰ ਆਇਆ ਸੀ ਤਾਂ ਉਹ ‘ਪਰਗਟ ਨਹੀਂ ਹੋਇਆ ਸੀ ਪਰ ਮਾਨੋ ਗੁਪਤ ਵਿੱਚ’ ਆਇਆ ਸੀ। (ਯੂਹੰਨਾ 7:10) ਅਤੇ ਜਦੋਂ ਵੀ ਉਸ ਦੀ ਜਾਨ ਨੂੰ ਖ਼ਤਰਾ ਹੁੰਦਾ ਸੀ ਤਾਂ ਉਹ ਹਮੇਸ਼ਾ ਸਾਵਧਾਨੀ ਵਰਤ ਕੇ ਉੱਥੋਂ ਬਚ ਨਿਕਲਦਾ ਸੀ। ਪਰ ਇਸ ਵਾਰ ਉਹ ਉਸ ਸ਼ਹਿਰ ਵਿਚ ਖੁਲ੍ਹੇਆਮ ਦਾਖ਼ਲ ਹੋਇਆ ਸੀ ਜਿੱਥੇ ਉਸ ਨੂੰ ਗਿਰਫ਼ਤਾਰ ਕਰਨ ਦਾ ਹੁਕਮ ਦਿੱਤਾ ਗਿਆ ਸੀ! ਯਿਸੂ ਨੇ ਕਦੇ ਵੀ ਇਹ ਐਲਾਨ ਨਹੀਂ ਸੀ ਕੀਤਾ ਕਿ ਉਹ ਮਸੀਹਾ ਸੀ। (ਯਸਾਯਾਹ 42:2; ਮਰਕੁਸ 1:40-44) ਉਹ ਨਹੀਂ ਸੀ ਚਾਹੁੰਦਾ ਕਿ ਉਸ ਬਾਰੇ ਸ਼ੋਰਸ਼ਰਾਬਾ ਮੱਚ ਜਾਵੇ ਜਾਂ ਉਸ ਬਾਰੇ ਗ਼ਲਤ ਗੱਲਾਂ ਫੈਲਾਈਆਂ ਜਾਣ। ਹੁਣ ਭੀੜਾਂ ਖੁਲ੍ਹੇਆਮ ਐਲਾਨ ਕਰ ਰਹੀਆਂ ਸਨ ਕਿ ਉਹ ਰਾਜਾ ਅਤੇ ਮੁਕਤੀਦਾਤਾ, ਯਾਨੀ ਮਸੀਹਾ ਸੀ ਅਤੇ ਯਿਸੂ ਨੇ ਧਾਰਮਿਕ ਆਗੂਆਂ ਦੀਆਂ ਗੱਲਾਂ ਦਾ ਜਵਾਬ ਦੇ ਕੇ ਉਨ੍ਹਾਂ ਦਾ ਮੂੰਹ ਬੰਦ ਕੀਤਾ ਸੀ! ਯਿਸੂ ਨੇ ਇੰਨੀ ਵੱਡੀ ਤਬਦੀਲੀ ਕਿਉਂ ਕੀਤੀ ਸੀ? ਕਿਉਂਕਿ ਜਿਵੇਂ ਉਸ ਨੇ ਅਗਲੇ ਦਿਨ ਐਲਾਨ ਕੀਤਾ: “ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ।”—ਯੂਹੰਨਾ 12:23.
ਹੈਕਲ ਦੀ ਸਫ਼ਾਈ ਤੋਂ ਬਾਅਦ ਜ਼ਰੂਰੀ ਸਿੱਖਿਆ
7, 8. ਸਾਲ 33 ਸਾ.ਯੁ. ਵਿਚ ਨੀਸਾਨ ਦੇ 10ਵੇਂ ਦਿਨ ਯਿਸੂ ਨੇ ਹੈਕਲ ਵਿਚ ਜੋ ਕੀਤਾ ਸੀ, ਉਹ ਉਸ ਵਰਗਾ ਕਿਸ ਤਰ੍ਹਾਂ ਸੀ ਜੋ ਉਸ ਨੇ 30 ਸਾ.ਯੁ. ਦੇ ਪਸਾਹ ਤੇ ਕੀਤਾ ਸੀ?
7 ਸੋਮਵਾਰ, ਨੀਸਾਨ ਦੇ 10ਵੇਂ ਦਿਨ ਤੇ ਯਿਸੂ ਹੈਕਲ ਨੂੰ ਦੁਬਾਰਾ ਗਿਆ। ਉਸ ਨੇ ਉਨ੍ਹਾਂ ਕੰਮਾਂ ਵਿਰੁੱਧ ਕਦਮ ਚੁੱਕੇ ਜੋ ਉਸ ਨੇ ਪਿੱਛਲੀ ਦੁਪਹਿਰ ਹੈਕਲ ਵਿਚ ਹੁੰਦੇ ਦੇਖੇ ਸਨ। ਉਹ ‘ਉਨ੍ਹਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਰ ਮੁੱਲ ਲੈਂਦੇ ਸਨ ਬਾਹਰ ਕੱਢਣ ਲੱਗਾ ਅਤੇ ਉਸ ਨੇ ਸਰਾਫ਼ਾਂ ਦੇ ਤਖ਼ਤਪੋਸ਼ ਅਰ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਉਲਟਾ ਦਿੱਤੀਆਂ। ਅਰ ਉਸ ਨੇ ਕਿਸੇ ਨੂੰ ਹੈਕਲ ਵਿੱਚੋਂ ਦੀ ਭਾਂਡਾ ਲੈ ਕੇ ਲੰਘਣ ਨਹੀਂ ਦਿੱਤਾ।’ ਇਨ੍ਹਾਂ ਪਾਪੀਆਂ ਨੂੰ ਨਿੰਦਦੇ ਹੋਏ ਉਸ ਨੇ ਕਿਹਾ: “ਕੀ ਇਹ ਨਹੀਂ ਲਿਖਿਆ ਹੈ ਜੋ ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ? ਪਰ ਤੁਸਾਂ ਉਹ ਨੂੰ ਡਾਕੂਆਂ ਦੀ ਖੋਹ ਬਣਾ ਛੱਡਿਆ ਹੈ!”—ਮਰਕੁਸ 11:15-17.
8 ਤਿੰਨ ਸਾਲ ਪਹਿਲਾਂ 30 ਸਾ.ਯੁ. ਦੇ ਪਸਾਹ ਦੇ ਸਮੇਂ ਯਿਸੂ ਨੇ ਹੈਕਲ ਵਿਚ ਆ ਕੇ ਇਸੇ ਤਰ੍ਹਾਂ ਕੀਤਾ ਸੀ। ਪਰ ਇਸ ਵਾਰ ਉਸ ਨੇ ਹੈਕਲ ਦੇ ਵਪਾਰੀਆਂ ਨੂੰ ‘ਡਾਕੂ’ ਸੱਦ ਕੇ ਉਨ੍ਹਾਂ ਉੱਤੇ ਬਹੁਤ ਵੱਡਾ ਦੋਸ਼ ਲਾਇਆ। (ਲੂਕਾ 19:45, 46; ਯੂਹੰਨਾ 2:13-16) ਉਹ ਬਲੀਦਾਨਾਂ ਲਈ ਪਸ਼ੂ ਖ਼ਰੀਦਣ ਆਏ ਲੋਕਾਂ ਨੂੰ ਡਾਕੂਆਂ ਵਾਂਗ ਲੁੱਟਦੇ ਸਨ। ਪ੍ਰਧਾਨ ਜਾਜਕ, ਗ੍ਰੰਥੀ, ਅਤੇ ਹੋਰ ਵੱਡੇ ਲੋਕ ਯਿਸੂ ਦਿਆਂ ਕੰਮਾਂ ਬਾਰੇ ਸੁਣ ਕੇ ਉਸ ਨੂੰ ਮਰਵਾਉਣ ਦਾ ਰਾਹ ਫਿਰ ਭਾਲਣ ਲੱਗੇ। ਲੇਕਿਨ, ਉਨ੍ਹਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਉਹ ਯਿਸੂ ਨੂੰ ਕਿਸ ਤਰ੍ਹਾਂ ਖ਼ਤਮ ਕਰ ਸਕਦੇ ਸਨ, ਕਿਉਂ ਜੋ ਸਾਰੇ ਲੋਕ ਉਸ ਦੇ ਉਪਦੇਸ਼ ਤੋਂ ਹੈਰਾਨ ਸਨ ਅਤੇ ਉਹ ਦੀਆਂ ਗੱਲਾਂ ਸੁਣਨ ਲਈ ਉਸ ਦੇ ਲਾਗੇ ਰਹਿੰਦੇ ਸਨ।—ਮਰਕੁਸ 11:18; ਲੂਕਾ 19:47, 48.
9. ਯਿਸੂ ਨੇ ਕਿਹੜਾ ਸਬਕ ਸਿਖਾਇਆ ਸੀ, ਅਤੇ ਹੈਕਲ ਵਿਚ ਸੁਣਨ ਵਾਲਿਆਂ ਨੂੰ ਕਿਹੜਾ ਸੱਦਾ ਦਿੱਤਾ ਸੀ?
9 ਯਿਸੂ ਨੇ ਹੈਕਲ ਵਿਚ ਸਿਖਲਾਈ ਦਿੰਦੇ ਹੋਏ ਅੱਗੇ ਕਿਹਾ: “ਵੇਲਾ ਆ ਪੁੱਜਿਆ ਹੈ ਜੋ ਮਨੁੱਖ ਦੇ ਪੁੱਤ੍ਰ ਦੀ ਵਡਿਆਈ ਕੀਤੀ ਜਾਏ।” ਜੀ ਹਾਂ, ਉਹ ਜਾਣਦਾ ਸੀ ਕਿ ਉਸ ਦੀ ਮਨੁੱਖੀ ਜ਼ਿੰਦਗੀ ਦੇ ਕੁਝ ਹੀ ਦਿਨ ਬਾਕੀ ਰਹਿੰਦੇ ਸਨ। ਇਸ ਲਈ, ਯਿਸੂ ਨੇ ਸਮਝਾਇਆ ਕਿ ਇਕ ਕਣਕ ਦਾ ਦਾਣਾ ਮਰਨ ਤੋਂ ਬਾਅਦ ਹੀ ਫਲ ਪੈਦਾ ਕਰਦਾ ਹੈ, ਇਸੇ ਤਰ੍ਹਾਂ ਉਸ ਦਾ ਮਰਨਾ ਜ਼ਰੂਰੀ ਸੀ ਤਾਂਕਿ ਦੂਸਰਿਆਂ ਨੂੰ ਸਦਾ ਦੀ ਜ਼ਿੰਦਗੀ ਮਿਲ ਸਕੇ। ਫਿਰ, ਯਿਸੂ ਨੇ ਸੁਣਨ ਵਾਲਿਆਂ ਨੂੰ ਸੱਦਾ ਦਿੱਤਾ ਕਿ “ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ ਅਰ ਜਿੱਥੇ ਮੈਂ ਹਾਂ ਮੇਰਾ ਸੇਵਕ ਭੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਹ ਦਾ ਆਦਰ ਕਰੇਗਾ।”—ਯੂਹੰਨਾ 12:23-26.
10. ਯਿਸੂ ਆਪਣੀ ਹੋਣ ਵਾਲੀ ਮੌਤ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ?
10 ਚਾਰ ਦਿਨਾਂ ਵਿਚ ਯਿਸੂ ਦੀ ਮੌਤ ਹੋਣ ਵਾਲੀ ਸੀ। ਆਪਣੀ ਦੁੱਖ ਭਰੀ ਮੌਤ ਬਾਰੇ ਸੋਚਦੇ ਹੋਏ ਉਸ ਨੇ ਕਿਹਾ: “ਹੁਣ ਮੇਰਾ ਜੀ ਘਬਰਾਉਂਦਾ ਹੈ ਅਤੇ ਮੈਂ ਕੀ ਆਖਾਂ? ਹੇ ਪਿਤਾ ਮੈਨੂੰ ਇਸ ਘੜੀ ਤੋਂ ਬਚਾ?” ਪਰ ਜੋ ਯਿਸੂ ਨਾਲ ਹੋਣਾ ਸੀ ਉਸ ਤੋਂ ਬਚਣ ਦਾ ਕੋਈ ਤਰੀਕਾ ਨਹੀਂ ਸੀ। ਉਸ ਨੇ ਕਿਹਾ: “ਪਰ ਇਸੇ ਲਈ ਮੈਂ ਇਸ ਘੜੀ ਤੀਕੁ ਆਇਆ ਹਾਂ।” ਸੱਚ-ਮੁੱਚ, ਯਿਸੂ ਪਰਮੇਸ਼ੁਰ ਦੇ ਹਰੇਕ ਪ੍ਰਬੰਧ ਨਾਲ ਸਹਿਮਤ ਸੀ। ਉਸ ਨੇ ਪੱਕਾ ਇਰਾਦਾ ਬਣਾਇਆ ਸੀ ਕਿ ਉਹ ਆਪਣੀ ਬਲੀਦਾਨ-ਰੂਪੀ ਮੌਤ ਤਕ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ। (ਯੂਹੰਨਾ 12:27) ਇਹ ਕਿੰਨੀ ਵਧੀਆ ਮਿਸਾਲ ਹੈ! ਸਾਨੂੰ ਵੀ ਇਸੇ ਤਰ੍ਹਾਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ।
11. ਯਿਸੂ ਨੇ ਉਸ ਭੀੜ ਨੂੰ, ਜਿਸ ਨੇ ਸਵਰਗੋਂ ਆਵਾਜ਼ ਸੁਣੀ ਸੀ, ਕਿਹੜੀਆਂ ਸਿੱਖਿਆਵਾਂ ਦਿੱਤੀਆਂ ਸਨ?
11 ਯਿਸੂ ਨੂੰ ਇਸ ਗੱਲ ਦਾ ਬਹੁਤ ਹੀ ਫ਼ਿਕਰ ਸੀ ਕਿ ਉਸ ਦੀ ਮੌਤ ਉਸ ਦੇ ਪਿਤਾ ਨੂੰ ਬਦਨਾਮ ਕਰੇਗੀ। ਇਸ ਲਈ ਉਸ ਨੇ ਪ੍ਰਾਰਥਨਾ ਕੀਤੀ: “ਹੇ ਪਿਤਾ ਆਪਣੇ ਨਾਮ ਨੂੰ ਵਡਿਆਈ ਦੇਹ।” ਹੈਕਲ ਵਿਚ ਇਕੱਠੀ ਹੋਈ ਭੀੜ ਬਹੁਤ ਹੀ ਹੈਰਾਨ ਹੋਈ ਜਦੋਂ ਸਵਰਗੋਂ ਇਹ ਆਵਾਜ਼ ਆਈ: “ਮੈਂ ਉਹ ਨੂੰ ਵਡਿਆਈ ਦਿੱਤੀ ਹੈ ਅਰ ਫੇਰ ਵੀ ਦਿਆਂਗਾ।” ਮਹਾਗੁਰੂ ਨੇ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਭੀੜ ਨੂੰ ਸਮਝਾਇਆ ਕਿ ਇਹ ਆਵਾਜ਼ ਕਿਉਂ ਸੁਣਾਈ ਦਿੱਤੀ ਗਈ ਸੀ, ਉਸ ਦੀ ਮੌਤ ਦਾ ਨਤੀਜਾ ਕੀ ਹੋਵੇਗਾ, ਅਤੇ ਉਨ੍ਹਾਂ ਨੂੰ ਨਿਹਚਾ ਰੱਖਣ ਦੀ ਕਿਉਂ ਲੋੜ ਸੀ। (ਯੂਹੰਨਾ 12:28-36) ਯਿਸੂ ਨੇ ਪਿੱਛਲਿਆਂ ਦੋ ਦਿਨਾਂ ਵਿਚ ਬਹੁਤ ਕੁਝ ਕੀਤਾ ਸੀ। ਪਰ ਇਕ ਬਹੁਤ ਹੀ ਮਹੱਤਵਪੂਰਣ ਦਿਨ ਹਾਲੇ ਆਉਣ ਵਾਲਾ ਸੀ।
ਲਾਨ੍ਹਤਾਂ ਪਾਉਣ ਦਾ ਦਿਨ
12. ਮੰਗਲਵਾਰ, ਨੀਸਾਨ ਦੇ 11ਵੇਂ ਦਿਨ ਧਾਰਮਿਕ ਆਗੂਆਂ ਨੇ ਯਿਸੂ ਨੂੰ ਫਸਾਉਣ ਦੀ ਕੋਸ਼ਿਸ਼ ਕਿਸ ਤਰ੍ਹਾਂ ਕੀਤੀ ਸੀ, ਅਤੇ ਇਸ ਦਾ ਨਤੀਜਾ ਕੀ ਹੋਇਆ ਸੀ?
12 ਮੰਗਲਵਾਰ, ਨੀਸਾਨ ਦੇ 11ਵੇਂ ਦਿਨ ਯਿਸੂ ਲੋਕਾਂ ਨੂੰ ਸਿੱਖਿਆ ਦੇਣ ਲਈ ਫਿਰ ਹੈਕਲ ਵਿਚ ਗਿਆ। ਉੱਥੇ ਕੁਝ ਵਿਰੋਧੀ ਵੀ ਹਾਜ਼ਰ ਸਨ। ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਨੇ ਯਿਸੂ ਦੇ ਕੱਲ੍ਹ ਦਿਆਂ ਕੰਮਾਂ ਵੱਲ ਸੰਕੇਤ ਕਰਦੇ ਹੋਏ, ਉਸ ਨੂੰ ਪੁੱਛਿਆ: “ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ ਅਰ ਕਿਹ ਨੇ ਤੈਨੂੰ ਇਹ ਇਖ਼ਤਿਆਰ ਦਿੱਤਾ?” ਮਹਾਗੁਰੂ ਨੇ ਆਪਣੇ ਜਵਾਬ ਨਾਲ ਉਨ੍ਹਾਂ ਨੂੰ ਉਲਝਣ ਵਿਚ ਪਾ ਦਿੱਤਾ ਸੀ, ਅਤੇ ਤਿੰਨ ਦ੍ਰਿਸ਼ਟਾਂਤ ਦੇ ਕੇ ਉਸ ਨੇ ਦਿਖਾਇਆ ਕਿ ਉਸ ਦੇ ਵਿਰੋਧੀ ਕਿੰਨੇ ਦੁਸ਼ਟ ਸਨ। ਦੋ ਦ੍ਰਿਸ਼ਟਾਂਤ ਅੰਗੂਰੀ ਬਾਗ਼ ਬਾਰੇ ਸਨ ਅਤੇ ਇਕ ਵਿਆਹ ਦੀ ਦਾਅਵਤ ਬਾਰੇ ਸੀ। ਉਸ ਦੀਆਂ ਗੱਲਾਂ ਸੁਣ ਕੇ ਧਾਰਮਿਕ ਆਗੂ ਇੰਨੇ ਗੁੱਸੇ ਹੋਏ ਸਨ ਕਿ ਉਹ ਉਸ ਨੂੰ ਫੜਨਾ ਚਾਹੁੰਦੇ ਸਨ। ਪਰ ਉਹ ਭੀੜ ਤੋਂ ਡਰਦੇ ਸਨ ਕਿਉਂਕਿ ਲੋਕ ਯਿਸੂ ਨੂੰ ਇਕ ਨਬੀ ਸਮਝਦੇ ਸਨ। ਇਸ ਲਈ ਉਨ੍ਹਾਂ ਨੇ ਮਤਾ ਪਕਾਇਆ ਕਿ ਉਹ ਉਸ ਨੂੰ ਗੱਲਾਂ ਵਿਚ ਫਸਾਉਣਗੇ ਤਾਂਕਿ ਉਹ ਗਿਰਫ਼ਤਾਰ ਕੀਤਾ ਜਾ ਸਕੇ। ਯਿਸੂ ਦੇ ਜਵਾਬਾਂ ਨੇ ਉਨ੍ਹਾਂ ਦੇ ਮੂੰਹ ਬੰਦ ਕਰ ਦਿੱਤੇ ਸਨ।—ਮੱਤੀ 21:23–22:46.
13. ਗ੍ਰੰਥੀਆਂ ਅਤੇ ਫ਼ਰੀਸੀਆਂ ਬਾਰੇ ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹੜੀ ਚੇਤਾਵਨੀ ਦਿੱਤੀ ਸੀ?
13 ਗ੍ਰੰਥੀ ਅਤੇ ਫ਼ਰੀਸੀ ਪਰਮੇਸ਼ੁਰ ਦੀ ਬਿਵਸਥਾ ਸਿਖਾਉਣ ਦਾ ਦਾਅਵਾ ਕਰਦੇ ਸਨ, ਇਸ ਲਈ ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ ਕਿ “ਸਭ ਕੁਝ ਜੋ ਓਹ ਤੁਹਾਨੂੰ ਕਹਿਣ ਤੁਸੀਂ ਮੰਨ ਲੈਣਾ ਅਤੇ ਉਹ ਦੀ ਪਾਲਣਾ ਕਰਨੀ ਪਰ ਉਨ੍ਹਾਂ ਵਰਗੇ ਕੰਮ ਨਾ ਕਰਨਾ ਕਿਉਂ ਜੋ ਓਹ ਕਹਿੰਦੇ ਹਨ ਪਰ ਕਰਦੇ ਨਹੀਂ।” (ਮੱਤੀ 23:1-3) ਸਾਰਿਆਂ ਦੇ ਸਾਮ੍ਹਣੇ ਕਹੇ ਗਏ ਇਹ ਸ਼ਬਦ ਕਿੰਨੇ ਸਖ਼ਤ ਸਨ! ਪਰ ਯਿਸੂ ਨੇ ਇਸ ਤੋਂ ਬਾਅਦ ਉਨ੍ਹਾਂ ਨੂੰ ਹੋਰ ਕਈ ਗੱਲਾਂ ਕਹੀਆਂ ਸਨ। ਹੈਕਲ ਵਿਚ ਇਹ ਉਸ ਦਾ ਆਖ਼ਰੀ ਦਿਨ ਸੀ ਅਤੇ ਉਸ ਨੇ ਗਰਜਦੇ ਬੱਦਲਾਂ ਵਾਂਗ ਉਨ੍ਹਾਂ ਵਿਰੋਧੀਆਂ ਉੱਤੇ ਦਲੇਰੀ ਨਾਲ ਇਕ ਤੋਂ ਬਾਅਦ ਦੂਜੀ ਲਾਨ੍ਹਤ ਪਾਈ।
14, 15. ਯਿਸੂ ਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਦੀ ਸਖ਼ਤ ਨਿੰਦਿਆ ਕਿਸ ਤਰ੍ਹਾਂ ਕੀਤੀ ਸੀ?
14 ਯਿਸੂ ਨੇ ਛੇ ਵਾਰ ਉਨ੍ਹਾਂ ਨੂੰ ਕਿਹਾ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ!” ਯਿਸੂ ਨੇ ਉਨ੍ਹਾਂ ਨੂੰ ਇਸ ਕਰਕੇ ਫਿਟਕਾਰਿਆ ਸੀ ਕਿਉਂਕਿ ਉਹ ਸਵਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਸਨ ਅਤੇ ਉਨ੍ਹਾਂ ਨੂੰ ਅੰਦਰ ਵੜਨ ਨਹੀਂ ਦਿੰਦੇ ਸਨ। ਇਹ ਕਪਟੀ ਇਕ ਮਨੁੱਖ ਨੂੰ ਚੇਲਾ ਬਣਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੇ ਸਨ, ਲੇਕਿਨ ਅਫ਼ਸੋਸ ਦੀ ਗੱਲ ਇਹ ਸੀ ਕਿ ਉਹ ਉਸ ਨੂੰ ਵੀ ਆਪਣੇ ਵਾਂਗ ਹਮੇਸ਼ਾ ਦੇ ਨਾਸ਼ ਦੇ ਯੋਗ ਬਣਾ ਦਿੰਦੇ ਸਨ। “ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ” ਨੂੰ ਭੁੱਲ ਕੇ ਉਹ ਦਸਵਾਂ ਹਿੱਸਾ ਦੇਣ ਦੇ ਹੁਕਮ ਵੱਲ ਜ਼ਿਆਦਾ ਧਿਆਨ ਦਿੰਦੇ ਸਨ। ਅਸਲ ਵਿਚ, ਉਹ ਕਟੋਰੇ ਅਤੇ ਥਾਲ਼ੀ ਨੂੰ ਬਾਹਰੋਂ ਸਾਫ਼ ਕਰਦੇ ਸਨ ਪਰ ਅੰਦਰੋਂ ਓਹ ਲਾਲਚ ਅਤੇ ਬੇਈਮਾਨੀ ਨਾਲ ਭਰੇ ਹੋਏ ਸਨ, ਯਾਨੀ ਕਿ ਉਨ੍ਹਾਂ ਦੇ ਦਿਲ ਸਾਫ਼ ਨਹੀਂ ਸਨ ਅਤੇ ਉਹ ਪਵਿੱਤਰਤਾ ਦਾ ਦਿਖਾਵਾ ਕਰ ਰਹੇ ਸਨ। ਇਸ ਤੋਂ ਇਲਾਵਾ, ਉਹ ਆਪਣੀ ਨੇਕੀ ਦਾ ਦਿਖਾਵਾ ਕਰਨ ਲਈ ਨਬੀਆਂ ਦੀਆਂ ਕਬਰਾਂ ਨੂੰ ਬਣਾਉਂਦੇ ਅਤੇ ਸਜਾਉਂਦੇ ਸਨ, ਭਾਵੇਂ ਕਿ ਉਹ ‘ਨਬੀਆਂ ਦੇ ਖੂਨੀਆਂ ਦੇ ਪੁੱਤ੍ਰ ਸਨ।’—ਮੱਤੀ 23:13-15, 23-31.
15 ਉਹ ਪਰਮੇਸ਼ੁਰ ਦੀ ਭਗਤੀ ਨਹੀਂ ਸੀ ਕਰਦੇ, ਇਸ ਲਈ ਯਿਸੂ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਨਿੰਦਿਆ: “ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਇ ਹਾਇ!” ਉਨ੍ਹਾਂ ਦੇ ਕੰਮ ਬੁਰੇ ਸਨ ਕਿਉਂਕਿ ਉਹ ਪਰਮੇਸ਼ੁਰ ਦੀ ਭਗਤੀ ਵੱਲ ਧਿਆਨ ਦੇਣ ਦੀ ਬਜਾਇ ਹੈਕਲ ਅਤੇ ਉਸ ਦੇ ਸੋਨੇ ਵੱਲ ਜ਼ਿਆਦਾ ਧਿਆਨ ਦੇ ਰਹੇ ਸਨ। ਫਿਰ ਯਿਸੂ ਨੇ ਸਭ ਤੋਂ ਸਖ਼ਤ ਸ਼ਬਦਾਂ ਨਾਲ ਉਨ੍ਹਾਂ ਨੂੰ ਇਸ ਤਰ੍ਹਾਂ ਨਿੰਦਿਆ: “ਹੇ ਸੱਪੋ, ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ ਦੇ ਡੰਨੋਂ ਕਿਸ ਬਿਧ ਭੱਜੋਗੇ?” ਜੀ ਹਾਂ, ਯਿਸੂ ਉਨ੍ਹਾਂ ਨੂੰ ਦੱਸ ਰਿਹਾ ਸੀ ਕਿ ਦੁਸ਼ਟ ਰਾਹ ਉੱਤੇ ਚੱਲਣ ਕਰਕੇ ਉਹ ਸਦਾ ਲਈ ਨਾਸ਼ ਕੀਤੇ ਜਾਣਗੇ। (ਮੱਤੀ 23:16-22, 33) ਆਓ ਆਪਾਂ ਵੀ ਰਾਜ ਦਾ ਸੰਦੇਸ਼ ਸੁਣਾਉਣ ਵਿਚ ਦਲੇਰੀ ਦਿਖਾਈਏ, ਉਦੋਂ ਵੀ ਜਦੋਂ ਸਾਨੂੰ ਝੂਠੇ ਧਰਮਾਂ ਦਾ ਭੇਤ ਖੋਲ੍ਹਣਾ ਪਵੇ।
16. ਆਪਣੇ ਚੇਲਿਆਂ ਨਾਲ ਜ਼ੈਤੂਨ ਦੇ ਪਹਾੜ ਉੱਤੇ ਬੈਠ ਕੇ ਯਿਸੂ ਨੇ ਕਿਹੜੀ ਮਹੱਤਵਪੂਰਣ ਭਵਿੱਖਬਾਣੀ ਕੀਤੀ ਸੀ?
16 ਫਿਰ ਦੁਪਹਿਰ ਦੇ ਵੇਲੇ ਯਿਸੂ ਹੈਕਲ ਛੱਡ ਕੇ ਆਪਣੇ ਰਸੂਲਾਂ ਨਾਲ ਜ਼ੈਤੂਨ ਦੇ ਪਹਾੜ ਉੱਤੇ ਗਿਆ। ਉੱਥੇ ਬੈਠ ਕੇ ਯਿਸੂ ਨੇ ਭਵਿੱਖਬਾਣੀ ਕੀਤੀ ਕਿ ਹੈਕਲ ਦਾ ਵਿਨਾਸ਼ ਹੋਵੇਗਾ ਅਤੇ ਉਸ ਨੇ ਆਪਣੀ ਮੌਜੂਦਗੀ ਅਤੇ ਦੁਨੀਆਂ ਦੇ ਅੰਤ ਦਾ ਨਿਸ਼ਾਨ ਵੀ ਦਿੱਤਾ। ਇਹ ਭਵਿੱਖਬਾਣੀ ਸਾਡੇ ਦਿਨਾਂ ਉੱਤੇ ਵੀ ਲਾਗੂ ਹੁੰਦੀ ਹੈ। ਉਸ ਸ਼ਾਮ, ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਦੱਸਿਆ ਸੀ ਕਿ “ਤੁਸੀਂ ਜਾਣਦੇ ਹੋ ਜੋ ਦੋਹੁੰ ਦਿਨਾਂ ਦੇ ਪਿੱਛੋਂ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤ੍ਰ ਸਲੀਬ ਦਿੱਤੇ ਜਾਣ ਲਈ ਫੜਵਾਇਆ ਜਾਵੇਗਾ।”—ਮੱਤੀ 24:1-14; 26:1, 2.
ਯਿਸੂ ‘ਆਪਣੇ ਿਨੱਜ ਲੋਕਾਂ ਨਾਲ ਅੰਤ ਤੋੜੀ ਪਿਆਰ ਕਰਦਾ ਰਿਹਾ’
17. (ੳ) ਨੀਸਾਨ ਦੇ 14ਵੇਂ ਦਿਨ ਦੇ ਪਸਾਹ ਦੌਰਾਨ ਯਿਸੂ ਨੇ ਆਪਣੇ 12 ਰਸੂਲਾਂ ਨੂੰ ਕਿਹੜਾ ਸਬਕ ਸਿਖਾਇਆ ਸੀ? (ਅ) ਯਹੂਦਾ ਇਸਕਰਿਯੋਤੀ ਨੂੰ ਬਾਹਰ ਭੇਜਣ ਤੋਂ ਬਾਅਦ ਯਿਸੂ ਨੇ ਕਿਸ ਚੀਜ਼ ਦਾ ਸਮਾਰਕ ਸਥਾਪਿਤ ਕੀਤਾ ਸੀ?
17 ਅਗਲਿਆਂ ਦੋ ਦਿਨਾਂ ਵਿਚ, ਨੀਸਾਨ 12 ਅਤੇ 13, ਯਿਸੂ ਹੈਕਲ ਵਿਚ ਸਾਰਿਆਂ ਦੇ ਸਾਮ੍ਹਣੇ ਨਹੀਂ ਆਇਆ ਸੀ। ਧਾਰਮਿਕ ਆਗੂ ਉਸ ਨੂੰ ਮਾਰਨ ਲਈ ਮੌਕਾ ਭਾਲ ਰਹੇ ਸਨ, ਅਤੇ ਯਿਸੂ ਨਹੀਂ ਸੀ ਚਾਹੁੰਦਾ ਕਿ ਕੋਈ ਵੀ ਚੀਜ਼ ਉਸ ਦੇ ਆਪਣੇ ਰਸੂਲਾਂ ਨਾਲ ਪਸਾਹ ਮਨਾਉਣ ਵਿਚ ਰੁਕਾਵਟ ਪਾਵੇ। ਵੀਰਵਾਰ ਦੇ ਸੂਰਜ ਡੁੱਬਣ ਨਾਲ ਨੀਸਾਨ ਦਾ 14ਵਾਂ ਦਿਨ ਸ਼ੁਰੂ ਹੋਇਆ ਸੀ, ਅਤੇ ਇਹ ਯਿਸੂ ਦਾ ਇਨਸਾਨ ਵਜੋਂ ਆਖ਼ਰੀ ਦਿਨ ਸੀ। ਉਸ ਸ਼ਾਮ ਯਿਸੂ ਅਤੇ ਉਸ ਦੇ ਰਸੂਲ ਯਰੂਸ਼ਲਮ ਦੇ ਇਕ ਘਰ ਵਿਚ ਇਕੱਠੇ ਹੋਏ ਸਨ ਜਿੱਥੇ ਪਸਾਹ ਮਨਾਉਣ ਦੀ ਤਿਆਰੀ ਕੀਤੀ ਗਈ ਸੀ। ਜਿਉਂ-ਜਿਉਂ ਉਨ੍ਹਾਂ ਨੇ ਖ਼ੁਸ਼ੀ ਨਾਲ ਇਕੱਠੇ ਹੋ ਕੇ ਪਸਾਹ ਮਨਾਇਆ, ਯਿਸੂ ਨੇ 12 ਰਸੂਲਾਂ ਦੇ ਪੈਰ ਧੋਣ ਦੁਆਰਾ ਉਨ੍ਹਾਂ ਨੂੰ ਨਿਮਰਤਾ ਦਾ ਇਕ ਵਧੀਆ ਸਬਕ ਸਿਖਾਇਆ ਸੀ। ਯਿਸੂ ਨੇ ਆਪਣੀ ਮੌਤ ਦਾ ਸਮਾਰਕ ਸਥਾਪਿਤ ਕਰਨ ਤੋਂ ਪਹਿਲਾਂ ਯਹੂਦਾ ਇਸਕਰਿਯੋਤੀ ਨੂੰ ਬਾਹਰ ਭੇਜ ਦਿੱਤਾ ਸੀ। ਮੂਸਾ ਦੀ ਬਿਵਸਥਾ ਅਨੁਸਾਰ ਇਕ ਗ਼ੁਲਾਮ ਲਈ 30 ਸਿੱਕਿਆਂ ਦੀ ਕੀਮਤ ਤੈ ਕੀਤੀ ਗਈ ਸੀ, ਅਤੇ ਯਹੂਦਾ ਨੇ ਇਸ ਕੀਮਤ ਲਈ ਆਪਣੇ ਮਾਲਕ ਨੂੰ ਵੇਚ ਦਿੱਤਾ ਸੀ।—ਕੂਚ 21:32; ਮੱਤੀ 26:14, 15, 26-29; ਯੂਹੰਨਾ 13:2-30.
18. ਯਿਸੂ ਨੇ ਪਿਆਰ ਨਾਲ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਹੋਰ ਕਿਹੜੀ ਸਿੱਖਿਆ ਦਿੱਤੀ ਸੀ, ਅਤੇ ਉਸ ਨੇ ਆਪਣੇ ਵਿਛੋੜੇ ਲਈ ਉਨ੍ਹਾਂ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਸੀ?
18 ਯਿਸੂ ਦੀ ਮੌਤ ਦਾ ਸਮਾਰਕ ਸਥਾਪਿਤ ਕੀਤੇ ਜਾਣ ਤੋਂ ਬਾਅਦ, ਰਸੂਲਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਕੌਣ ਸੀ। ਉਨ੍ਹਾਂ ਨੂੰ ਝਿੜਕਣ ਦੀ ਬਜਾਇ ਯਿਸੂ ਨੇ ਧੀਰਜ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਦੂਸਰਿਆਂ ਦੀ ਟਹਿਲ ਕਰਨੀ ਕਿੰਨੀ ਜ਼ਰੂਰੀ ਸੀ। ਯਿਸੂ ਜਾਣਦਾ ਸੀ ਕਿ ਉਨ੍ਹਾਂ ਨੇ ਉਸ ਦੀਆਂ ਅਜ਼ਮਾਇਸ਼ਾਂ ਦੌਰਾਨ ਉਸ ਦਾ ਸਾਥ ਦਿੱਤਾ ਸੀ। ਇਸ ਲਈ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਉਹ ਰਾਜ ਵਿਚ ਹਿੱਸਾ ਲੈਣਗੇ। (ਲੂਕਾ 22:24-30) ਯਿਸੂ ਨੇ ਉਨ੍ਹਾਂ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਇਕ ਦੂਸਰੇ ਨਾਲ ਉਸ ਤਰ੍ਹਾਂ ਪਿਆਰ ਕਰਨ ਜਿਵੇਂ ਉਸ ਨੇ ਉਨ੍ਹਾਂ ਨਾਲ ਕੀਤਾ ਸੀ। (ਯੂਹੰਨਾ 13:34) ਉਸ ਕਮਰੇ ਵਿਚ ਥੋੜ੍ਹੀ ਦੇਰ ਹੋਰ ਅਟਕ ਕੇ ਯਿਸੂ ਨੇ ਪਿਆਰ ਨਾਲ ਉਨ੍ਹਾਂ ਨੂੰ ਆਪਣੇ ਵਿਛੋੜੇ ਲਈ ਤਿਆਰ ਕੀਤਾ। ਫਿਰ ਉਸ ਨੇ ਉਨ੍ਹਾਂ ਨੂੰ ਆਪਣੀ ਦੋਸਤੀ ਦੀ ਤਸੱਲੀ ਦਿੱਤੀ, ਉਨ੍ਹਾਂ ਨੂੰ ਨਿਹਚਾ ਕਾਇਮ ਰੱਖਣ ਦਾ ਹੌਸਲਾ ਦਿੱਤਾ, ਅਤੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਮਦਦ ਲਈ ਉਹ ਪਵਿੱਤਰ ਸ਼ਕਤੀ ਘੱਲੇਗਾ। (ਯੂਹੰਨਾ 14:1-17; 15:15) ਘਰੋਂ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਕੀਤੀ: “ਘੜੀ ਆ ਪਹੁੰਚੀ ਹੈ। ਆਪਣੇ ਪੁੱਤ੍ਰ ਦੀ ਵਡਿਆਈ ਕਰ ਤਾਂ ਜੋ ਪੁੱਤ੍ਰ ਤੇਰੀ ਵਡਿਆਈ ਕਰੇ।” ਯਿਸੂ ਨੇ ਆਪਣੇ ਵਿਛੋੜੇ ਲਈ ਆਪਣੇ ਰਸੂਲਾਂ ਨੂੰ ਸੱਚ-ਮੁੱਚ ਤਿਆਰ ਕੀਤਾ ਸੀ, ਅਤੇ ਉਹ ਸੱਚ-ਮੁੱਚ ‘ਆਪਣੇ ਿਨੱਜ ਲੋਕਾਂ ਨਾਲ ਅੰਤ ਤੋੜੀ ਪਿਆਰ ਕਰਦਾ ਰਿਹਾ।’—ਯੂਹੰਨਾ 13:1; 17:1.
19. ਯਿਸੂ ਗਥਸਮਨੀ ਦੇ ਬਾਗ਼ ਵਿਚ ਦੁਖੀ ਕਿਉਂ ਸੀ?
19 ਸ਼ਾਇਦ ਅੱਧੀ ਰਾਤ ਬੀਤ ਚੁੱਕੀ ਸੀ ਜਦੋਂ ਯਿਸੂ ਅਤੇ ਉਸ ਦੇ 11 ਵਫ਼ਾਦਾਰ ਰਸੂਲ ਗਥਸਮਨੀ ਦੇ ਬਾਗ਼ ਵਿਚ ਪਹੁੰਚੇ ਸਨ। ਉਹ ਆਪਣਿਆਂ ਰਸੂਲਾਂ ਨਾਲ ਉੱਥੇ ਅਕਸਰ ਜਾਂਦਾ ਹੁੰਦਾ ਸੀ। (ਯੂਹੰਨਾ 18:1, 2) ਕੁਝ ਹੀ ਘੰਟਿਆਂ ਵਿਚ ਯਿਸੂ ਨੇ ਇਕ ਅਪਰਾਧੀ ਵਜੋਂ ਮਰਨਾ ਸੀ। ਯਿਸੂ ਜਾਣਦਾ ਸੀ ਕਿ ਇਹ ਮੌਤ ਬਹੁਤ ਹੀ ਔਖੀ ਹੋਵੇਗੀ ਅਤੇ ਇਸ ਮੌਤ ਕਰਕੇ ਉਸ ਦੇ ਪਿਤਾ ਦੀ ਕਿੰਨੀ ਬਦਨਾਮੀ ਹੋਵੇਗੀ। ਇਸ ਦੁੱਖ ਨੇ ਉਸ ਉੱਤੇ ਇੰਨਾ ਅਸਰ ਪਾਇਆ ਸੀ ਕਿ ਪ੍ਰਾਰਥਨਾ ਕਰਦੇ ਸਮੇਂ ਉਸ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਗ ਜ਼ਮੀਨ ਤੇ ਡਿਗਿਆ। (ਲੂਕਾ 22:41-44) ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ: ‘ਘੜੀ ਆ ਚੁੱਕੀ।’ ਅਤੇ “ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ।” ਉਹ ਹਾਲੇ ਗੱਲ ਕਰ ਹੀ ਰਿਹਾ ਸੀ ਜਦ ਯਹੂਦਾ ਇਸਕਰਿਯੋਤੀ ਇਕ ਵੱਡੀ ਭੀੜ ਨਾਲ ਆ ਗਿਆ ਅਤੇ ਲੋਕਾਂ ਦੇ ਹੱਥਾਂ ਵਿਚ ਮਸਾਲਾਂ, ਬੱਤੀਆਂ, ਅਤੇ ਹਥਿਆਰ ਸਨ। ਉਹ ਯਿਸੂ ਨੂੰ ਗਿਰਫ਼ਤਾਰ ਕਰਨ ਆਏ ਸਨ। ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਸਮਝਾਇਆ ਕਿ “ਫੇਰ ਓਹ ਲਿਖਤਾਂ ਭਈ ਅਜਿਹਾ ਹੋਣਾ ਜਰੂਰ ਹੈ ਕਿੱਕੁਰ ਪੂਰੀਆਂ ਹੁੰਦੀਆਂ?”—ਮਰਕੁਸ 14:41-43; ਮੱਤੀ 26:48-54.
ਮਨੁੱਖ ਦੇ ਪੁੱਤਰ ਦੀ ਵਡਿਆਈ
20. (ੳ) ਯਿਸੂ ਨੂੰ ਕਿਨ੍ਹਾਂ ਦੁੱਖਾਂ ਦਾ ਸਾਮ੍ਹਣਾ ਕਰਨਾ ਪਿਆ ਸੀ? (ਅ) ਮਰਨ ਤੋਂ ਕੁਝ ਪਲ ਪਹਿਲਾਂ ਯਿਸੂ ਨੇ ਕਿਉਂ ਕਿਹਾ ਸੀ ਕਿ “ਪੂਰਾ ਹੋਇਆ ਹੈ”?
20 ਯਿਸੂ ਦੀ ਗਿਰਫ਼ਤਾਰੀ ਤੋਂ ਬਾਅਦ, ਉਸ ਉੱਤੇ ਝੂਠੇ ਗਵਾਹਾਂ ਦੁਆਰਾ ਦੋਸ਼ ਲਾਇਆ ਗਿਆ। ਉਸ ਨੂੰ ਪੱਖਪਾਤੀ ਜੱਜਾਂ ਦੁਆਰਾ ਦੋਸ਼ੀ ਠਹਿਰਾਇਆ ਗਿਆ ਅਤੇ ਪੁੰਤਿਯੁਸ ਪਿਲਾਤੁਸ ਨੇ ਉਸ ਨੂੰ ਸਜ਼ਾ ਸੁਣਾਈ ਸੀ। ਜਾਜਕਾਂ ਅਤੇ ਜਨਤਾ ਨੇ ਉਸ ਦਾ ਮਖੌਲ ਉਡਾਇਆ ਅਤੇ ਸਿਪਾਹੀਆਂ ਨੇ ਉਸ ਨੂੰ ਤਸੀਹੇ ਦਿੱਤੇ ਸਨ। (ਮਰਕੁਸ 14:53-65; 15:1, 15; ਯੂਹੰਨਾ 19:1-3) ਸ਼ੁੱਕਰਵਾਰ ਦੁਪਹਿਰ ਤਕ ਯਿਸੂ ਸੂਲੀ ਉੱਤੇ ਕਿੱਲਾਂ ਨਾਲ ਟੰਗਿਆ ਗਿਆ ਸੀ ਅਤੇ ਉਹ ਦਰਦ ਨਾਲ ਤੜਫ ਰਿਹਾ ਸੀ। ਠੋਕੇ ਗਏ ਕਿੱਲ ਉਸ ਦੇ ਸਰੀਰ ਦੇ ਭਾਰ ਕਰਕੇ ਉਸ ਦੇ ਹੱਥਾਂ ਅਤੇ ਪੈਰਾਂ ਨੂੰ ਹੋਰ ਵੀ ਚੀਰ ਰਹੇ ਸਨ। (ਯੂਹੰਨਾ 19:17, 18) ਦੁਪਹਿਰ ਦੇ ਤਿੰਨ ਕੁ ਵਜੇ ਯਿਸੂ ਨੇ ਉੱਚੀ ਆਵਾਜ਼ ਵਿਚ ਕਿਹਾ: “ਪੂਰਾ ਹੋਇਆ ਹੈ।” ਜੀ ਹਾਂ, ਉਸ ਨੇ ਉਹ ਸਭ ਕੁਝ ਪੂਰਾ ਕੀਤਾ ਸੀ ਜੋ ਉਹ ਧਰਤੀ ਤੇ ਕਰਨ ਆਇਆ ਸੀ। ਆਪਣੀ ਜਾਨ ਪਰਮੇਸ਼ੁਰ ਨੂੰ ਸੌਂਪ ਕੇ ਉਹ ਸਿਰ ਨਿਵਾ ਕਰ ਕੇ ਮਰ ਗਿਆ। (ਯੂਹੰਨਾ 19:28, 30; ਮੱਤੀ 27:45, 46; ਲੂਕਾ 23:46) ਇਸ ਤੋਂ ਤਿੰਨ ਦਿਨ ਬਾਅਦ ਯਹੋਵਾਹ ਨੇ ਆਪਣੇ ਪੁੱਤਰ ਨੂੰ ਜੀ ਉਠਾਇਆ। (ਮਰਕੁਸ 16:1-6) ਯਿਸੂ ਦੇ ਜੀ ਉਠਾਏ ਜਾਣ ਤੋਂ ਚਾਲੀ ਦਿਨ ਬਾਅਦ, ਉਹ ਸਵਰਗ ਨੂੰ ਉੱਪਰ ਚੜ੍ਹ ਗਿਆ ਅਤੇ ਉਸ ਦੀ ਵਡਿਆਈ ਕੀਤੀ ਗਈ ਸੀ।—ਯੂਹੰਨਾ 17:5; ਰਸੂਲਾਂ ਦੇ ਕਰਤੱਬ 1:3, 9-12; ਫ਼ਿਲਿੱਪੀਆਂ 2:8-11.
21. ਅਸੀਂ ਯਿਸੂ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?
21 ਅਸੀਂ ‘ਯਿਸੂ ਦੀ ਪੈੜ ਉੱਤੇ ਕਿਸ ਤਰ੍ਹਾਂ ਤੁਰ’ ਸਕਦੇ ਹਾਂ? (1 ਪਤਰਸ 2:21) ਉਸ ਵਾਂਗ, ਆਓ ਆਪਾਂ ਪੂਰੇ ਜੋਸ਼ ਨਾਲ ਰਾਜ ਦੇ ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਵਿਚ ਵਧਦੇ ਰਹੀਏ ਅਤੇ ਦਲੇਰੀ ਤੇ ਹਿੰਮਤ ਨਾਲ ਪਰਮੇਸ਼ੁਰ ਦੇ ਬਚਨ ਬਾਰੇ ਗੱਲਾਂ ਕਰਦੇ ਰਹੀਏ। (ਮੱਤੀ 24:14; 28:19, 20; ਰਸੂਲਾਂ ਦੇ ਕਰਤੱਬ 4:29-31; ਫ਼ਿਲਿੱਪੀਆਂ 1:14) ਆਓ ਆਪਾਂ ਕਦੀ ਵੀ ਨਾ ਭੁੱਲੀਏ ਕਿ ਅਸੀਂ ਕਿਸ ਸਮੇਂ ਵਿਚ ਜੀ ਰਹੇ ਹਾਂ ਅਤੇ ਹਮੇਸ਼ਾ ਇਕ ਦੂਸਰੇ ਨੂੰ ਪ੍ਰੇਮ ਅਤੇ ਭਲੇ ਕੰਮ ਕਰਨ ਲਈ ਉਤਸ਼ਾਹਿਤ ਕਰਦੇ ਰਹੀਏ। (ਮਰਕੁਸ 13:28-33; ਇਬਰਾਨੀਆਂ 10:24, 25) ਸਾਨੂੰ ਆਪਣਾ ਹਰੇਕ ਕੰਮ ਯਹੋਵਾਹ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਕਰਨਾ ਚਾਹੀਦਾ ਹੈ। ਅਤੇ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ “ਓੜਕ ਦੇ ਸਮੇਂ” ਵਿਚ ਜੀ ਰਹੇ ਹਾਂ।—ਦਾਨੀਏਲ 12:4.
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
• ਯਿਸੂ ਆਪਣੀ ਮੌਤ ਦਾ ਵੇਲਾ ਜਾਣਦਾ ਸੀ। ਇਸ ਜਾਣਕਾਰੀ ਨੇ ਯਰੂਸ਼ਲਮ ਦੀ ਹੈਕਲ ਵਿਚ ਉਸ ਦੀ ਆਖ਼ਰੀ ਸੇਵਕਾਈ ਉੱਤੇ ਕੀ ਅਸਰ ਪਾਇਆ ਸੀ?
• ਕੀ ਦਿਖਾਉਂਦਾ ਹੈ ਕਿ ਯਿਸੂ ‘ਆਪਣੇ ਿਨੱਜ ਲੋਕਾਂ ਨਾਲ ਅੰਤ ਤੋੜੀ ਪਿਆਰ ਕਰਦਾ ਰਿਹਾ’?
• ਯਿਸੂ ਦੀ ਜ਼ਿੰਦਗੀ ਦੇ ਆਖ਼ਰੀ ਘੰਟਿਆਂ ਵਿਚ ਜੋ ਹੋਇਆ ਸੀ, ਉਸ ਤੋਂ ਸਾਨੂੰ ਯਿਸੂ ਬਾਰੇ ਕੀ ਪਤਾ ਲੱਗਦਾ ਹੈ?
• ਅਸੀਂ ਆਪਣੀ ਸੇਵਕਾਈ ਵਿਚ ਯਿਸੂ ਮਸੀਹ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?
[ਸਫ਼ੇ 18 ਉੱਤੇ ਤਸਵੀਰ]
ਯਿਸੂ “ਉਨ੍ਹਾਂ ਨੂੰ ਅੰਤ ਤੋੜੀ ਪਿਆਰ ਕਰਦਾ ਰਿਹਾ”