ਧਰਤੀ ਉੱਤੇ ਯਿਸੂ ਦੇ ਆਖ਼ਰੀ ਦਿਨਾਂ ਨੂੰ ਮੁੜ-ਸੁਰਜੀਤ ਕਰਨਾ
ਇਹ ਸਾਲ 33 ਸਾ.ਯੁ. ਵਿਚ ਯਹੂਦੀ ਮਹੀਨੇ ਨੀਸਾਨ ਦਾ ਸੱਤਵਾਂ ਦਿਨ ਹੈ। ਕਲਪਨਾ ਕਰੋ ਕਿ ਤੁਸੀਂ ਰੋਮੀ ਸੂਬੇ ਯਹੂਦਿਯਾ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ ਦੇਖ ਰਹੇ ਹੋ। ਯਰੀਹੋ ਅਤੇ ਉਸ ਦੇ ਹਰੇ-ਭਰੇ ਮੈਦਾਨਾਂ ਨੂੰ ਛੱਡ ਕੇ, ਯਿਸੂ ਮਸੀਹ ਅਤੇ ਉਸ ਦੇ ਚੇਲੇ ਕੱਚੇ, ਟੇਢੇ-ਮੇਢੇ ਰਸਤੇ ਉੱਤੇ ਔਖੇ ਹੋ ਕੇ ਤੁਰ ਰਹੇ ਹਨ। ਹੋਰ ਵੀ ਬਹੁਤ ਸਾਰੇ ਮੁਸਾਫ਼ਰ ਸਾਲਾਨਾ ਪਸਾਹ ਨੂੰ ਮਨਾਉਣ ਲਈ ਯਰੂਸ਼ਲਮ ਨੂੰ ਜਾ ਰਹੇ ਹਨ। ਪਰੰਤੂ, ਇਸ ਥਕਾ ਦੇਣ ਵਾਲੀ ਚੜ੍ਹਾਈ ਤੋਂ ਛੁੱਟ ਮਸੀਹ ਦੇ ਚੇਲਿਆਂ ਦਾ ਮਨ ਕਿਤੇ ਹੋਰ ਹੀ ਲੱਗਾ ਹੋਇਆ ਹੈ।
ਯਹੂਦੀ ਮਸੀਹਾ ਦੀ ਤਾਂਘ ਵਿਚ ਹਨ ਜੋ ਉਨ੍ਹਾਂ ਨੂੰ ਰੋਮੀ ਗ਼ੁਲਾਮੀ ਤੋਂ ਰਾਹਤ ਦੇ ਸਕਦਾ ਹੈ। ਬਹੁਤ ਸਾਰੇ ਲੋਕ ਵਿਸ਼ਵਾਸ ਕਰਦੇ ਹਨ ਕਿ ਯਿਸੂ ਨਾਸਰੀ ਹੀ ਉਹ ਮੁਕਤੀਦਾਤਾ ਹੈ ਜਿਸ ਦੀ ਕਾਫ਼ੀ ਚਿਰ ਤੋਂ ਉਡੀਕ ਸੀ। ਸਾਢੇ ਤਿੰਨ ਸਾਲਾਂ ਤੋਂ, ਉਹ ਪਰਮੇਸ਼ੁਰ ਦੇ ਰਾਜ ਬਾਰੇ ਦੱਸ ਰਿਹਾ ਹੈ। ਉਸ ਨੇ ਬੀਮਾਰਾਂ ਨੂੰ ਚੰਗਾ ਕੀਤਾ ਹੈ ਅਤੇ ਭੁੱਖਿਆਂ ਨੂੰ ਖੁਆਇਆ ਹੈ। ਜੀ ਹਾਂ, ਉਸ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਪਰੰਤੂ ਧਾਰਮਿਕ ਆਗੂ ਯਿਸੂ ਦੁਆਰਾ ਕੀਤੀ ਗਈ ਉਨ੍ਹਾਂ ਦੀ ਸਖ਼ਤ ਨਿੰਦਿਆ ਕਾਰਨ ਲੋਹਾ-ਲਾਖਾ ਹੋਏ ਹੋਏ ਹਨ ਅਤੇ ਉਸ ਨੂੰ ਮਰਵਾਉਣ ਤੇ ਉਤਾਰੂ ਹਨ। ਫਿਰ ਵੀ, ਯਿਸੂ ਆਪਣੇ ਚੇਲਿਆਂ ਦੇ ਅੱਗੇ-ਅੱਗੇ ਉਸ ਤਪਦੇ ਰਾਹ ਉੱਤੇ ਦ੍ਰਿੜ੍ਹਤਾ ਨਾਲ ਤੁਰ ਰਿਹਾ ਹੈ।—ਮਰਕੁਸ 10:32.
ਜਿਉਂ ਹੀ ਅੱਗੇ ਜ਼ੈਤੂਨ ਦੇ ਪਹਾੜ ਦੇ ਪਿੱਛੇ ਸੂਰਜ ਡੁੱਬਦਾ ਹੈ, ਯਿਸੂ ਅਤੇ ਉਸ ਦੇ ਸਾਥੀ ਬੈਤਅਨੀਆ ਪਿੰਡ ਵਿਚ ਪਹੁੰਚਦੇ ਹਨ, ਜਿੱਥੇ ਉਹ ਅਗਲੀਆਂ ਛੇ ਰਾਤਾਂ ਗੁਜ਼ਾਰਨਗੇ। ਇੱਥੇ ਉਨ੍ਹਾਂ ਦੇ ਪਿਆਰੇ ਦੋਸਤ, ਲਾਜ਼ਰ, ਮਰਿਯਮ, ਅਤੇ ਮਾਰਥਾ ਉਨ੍ਹਾਂ ਦਾ ਸੁਆਗਤ ਕਰਨ ਲਈ ਮੌਜੂਦ ਹਨ। ਸ਼ਾਮ ਦੀ ਠੰਢਕ ਉਨ੍ਹਾਂ ਨੂੰ ਸਫ਼ਰ ਦੀ ਗਰਮੀ ਤੋਂ ਰਾਹਤ ਪਹੁੰਚਾਉਂਦੀ ਹੈ ਅਤੇ ਇਹ ਸ਼ਾਮ ਨੀਸਾਨ 8 ਦੇ ਸਬਤ ਦੀ ਸ਼ੁਰੂਆਤ ਹੈ।—ਯੂਹੰਨਾ 12:1, 2.
ਨੀਸਾਨ 9
ਸਬਤ ਤੋਂ ਬਾਅਦ, ਯਰੂਸ਼ਲਮ ਵਿਚ ਬਹੁਤ ਗਹਿਮਾ-ਗਹਿਮੀ ਹੈ। ਹਜ਼ਾਰਾਂ ਲੋਕ ਪਸਾਹ ਲਈ ਪਹਿਲਾਂ ਹੀ ਸ਼ਹਿਰ ਵਿਚ ਆ ਚੁੱਕੇ ਹਨ। ਪਰੰਤੂ ਇਹ ਸ਼ੋਰੀਲੀ ਹਲਚਲ ਜੋ ਅਸੀਂ ਸੁਣਦੇ ਹਾਂ, ਸਾਲ ਦੇ ਇਸ ਮੌਕੇ ਲਈ ਆਮ ਨਾਲੋਂ ਵੱਧ ਹੈ। ਉਤਸੁਕ ਲੋਕਾਂ ਦੀ ਭੀੜ ਸ਼ਹਿਰ ਦੇ ਫਾਟਕ ਨੂੰ ਜਾਣ ਲਈ ਭੀੜੀਆਂ ਗਲੀਆਂ ਵਿਚ ਭੱਜ ਰਹੀ ਹੈ। ਜਿਉਂ ਹੀ ਲੋਕ ਖਚਾਖਚ ਭਰੇ ਫਾਟਕਾਂ ਵਿੱਚੋਂ ਦੀ ਧੁੱਸ ਦੇ ਕੇ ਲੰਘਦੇ ਹਨ, ਤਾਂ ਕਿੰਨਾ ਵਧੀਆ ਨਜ਼ਾਰਾ ਉਨ੍ਹਾਂ ਦਾ ਸੁਆਗਤ ਕਰਦਾ ਹੈ! ਬਹੁਤ ਸਾਰੇ ਆਨੰਦਿਤ ਲੋਕ ਬੈਤਫ਼ਗਾ ਤੋਂ ਆਉਣ ਵਾਲੇ ਰਾਹ ਤੇ ਜ਼ੈਤੂਨ ਦੇ ਪਹਾੜ ਤੋਂ ਉੱਤਰ ਰਹੇ ਹਨ। (ਲੂਕਾ 19:37) ਇਸ ਸਭ ਦਾ ਕੀ ਅਰਥ ਹੈ?
ਦੇਖੋ! ਯਿਸੂ ਨਾਸਰੀ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਆਉਂਦਾ ਹੈ। ਲੋਕ ਉਸ ਦੇ ਸਾਮ੍ਹਣੇ ਰਾਹ ਵਿਚ ਕੱਪੜੇ ਵਿਛਾ ਦਿੰਦੇ ਹਨ। ਦੂਸਰੇ ਖਜੂਰ ਦੀਆਂ ਤਾਜ਼ੀਆਂ ਕੱਟੀਆਂ ਟਾਹਣੀਆਂ ਹਿਲਾਉਂਦੇ ਹਨ ਅਤੇ ਆਨੰਦ ਨਾਲ ਪੁਕਾਰਦੇ ਹਨ: “ਧੰਨ ਉਹ ਜਿਹੜਾ ਪ੍ਰਭੁ ਦੇ ਨਾਮ ਉੱਤੇ ਆਉਂਦਾ ਹੈ ਅਤੇ ਇਸਰਾਏਲ ਦਾ ਪਾਤਸ਼ਾਹ ਹੈ!”—ਯੂਹੰਨਾ 12:12-15.
ਜਿਉਂ ਹੀ ਭੀੜ ਯਰੂਸ਼ਲਮ ਦੇ ਨੇੜੇ ਆਉਂਦੀ ਹੈ, ਯਿਸੂ ਸ਼ਹਿਰ ਨੂੰ ਦੇਖਦਾ ਹੈ ਅਤੇ ਬਹੁਤ ਭਾਵੁਕ ਹੋ ਜਾਂਦਾ ਹੈ। ਉਹ ਰੋਣ ਲੱਗ ਪੈਂਦਾ ਹੈ, ਅਤੇ ਅਸੀਂ ਉਸ ਨੂੰ ਭਵਿੱਖਬਾਣੀ ਕਰਦੇ ਹੋਏ ਸੁਣਦੇ ਹਾਂ ਕਿ ਇਹ ਸ਼ਹਿਰ ਨਾਸ਼ ਕੀਤਾ ਜਾਵੇਗਾ। ਥੋੜ੍ਹੇ ਸਮੇਂ ਬਾਅਦ ਜਦੋਂ ਯਿਸੂ ਹੈਕਲ ਵਿਚ ਪਹੁੰਚਦਾ ਹੈ, ਤਾਂ ਉਹ ਲੋਕਾਂ ਨੂੰ ਸਿਖਾਉਂਦਾ ਹੈ ਅਤੇ ਉਸ ਕੋਲ ਆਉਣ ਵਾਲੇ ਅੰਨ੍ਹੇ ਤੇ ਲੰਗੜੇ ਲੋਕਾਂ ਨੂੰ ਚੰਗਾ ਕਰਦਾ ਹੈ।—ਮੱਤੀ 21:14; ਲੂਕਾ 19:41-44, 47.
ਇਹ ਗੱਲ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਤੋਂ ਲੁਕੀ ਨਹੀਂ ਰਹਿੰਦੀ ਹੈ। ਉਹ ਯਿਸੂ ਦੁਆਰਾ ਕੀਤੇ ਜਾ ਰਹੇ ਅਦਭੁਤ ਕੰਮਾਂ ਨੂੰ ਅਤੇ ਭੀੜ ਦੇ ਆਨੰਦ ਨੂੰ ਦੇਖ ਕੇ ਕਿੰਨੇ ਖਿਝੇ ਹੋਏ ਹਨ! ਆਪਣੇ ਗੁੱਸੇ ਨੂੰ ਨਾ ਲੁਕਾ ਸਕਣ ਕਰਕੇ, ਫ਼ਰੀਸੀ ਮੰਗ ਕਰਦੇ ਹਨ: “ਗੁਰੂ ਜੀ ਆਪਣਿਆਂ ਚੇਲਿਆਂ ਨੂੰ ਵਰਜ!” “ਮੈਂ ਤੁਹਾਨੂੰ ਆਖਦਾ ਹਾਂ,” ਯਿਸੂ ਉੱਤਰ ਦਿੰਦਾ ਹੈ, “ਕਿ ਜੇ ਏਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਉੱਠਣਗੇ।” ਜਾਣ ਤੋਂ ਪਹਿਲਾਂ, ਯਿਸੂ ਹੈਕਲ ਵਿਚ ਵਪਾਰਕ ਕੰਮਾਂ ਨੂੰ ਦੇਖਦਾ ਹੈ।—ਲੂਕਾ 19:39, 40; ਮੱਤੀ 21:15, 16; ਮਰਕੁਸ 11:11.
ਨੀਸਾਨ 10
ਯਿਸੂ ਤੜਕੇ ਹੀ ਹੈਕਲ ਵਿਚ ਆਉਂਦਾ ਹੈ। ਕੱਲ੍ਹ, ਉਹ ਆਪਣੇ ਪਿਤਾ, ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਨੂੰ ਪੂਰੀ ਤਰ੍ਹਾਂ ਵਪਾਰ ਬਣਾਏ ਜਾਣ ਤੇ ਗੁੱਸੇ ਨਾਲ ਭਰ ਗਿਆ ਸੀ। ਇਸ ਲਈ, ਵੱਡੇ ਜੋਸ਼ ਨਾਲ ਉਹ ਹੈਕਲ ਵਿਚ ਵੇਚਣ ਅਤੇ ਖ਼ਰੀਦਣ ਵਾਲਿਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੰਦਾ ਹੈ। ਫਿਰ ਲਾਲਚੀ ਸਰਾਫ਼ਾਂ ਦੇ ਤਖ਼ਤਪੋਸ਼ਾਂ ਨੂੰ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਚੌਂਕੀਆਂ ਨੂੰ ਉਲਟਾ ਦਿੰਦਾ ਹੈ। ਯਿਸੂ ਪੁਕਾਰ ਉੱਠਦਾ ਹੈ: “ਲਿਖਿਆ ਹੈ ਜੋ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ ਪਰ ਤੁਸੀਂ ਉਹ ਨੂੰ ਡਾਕੂਆਂ ਦੀ ਖੋਹ ਬਣਾਉਂਦੇ ਹੋ।”—ਮੱਤੀ 21:12, 13.
ਪ੍ਰਧਾਨ ਜਾਜਕ, ਗ੍ਰੰਥੀ, ਅਤੇ ਉੱਘੇ ਆਦਮੀ ਯਿਸੂ ਦੇ ਕੰਮਾਂ ਅਤੇ ਜਨਤਕ ਪ੍ਰਚਾਰ ਨੂੰ ਸਹਾਰ ਨਹੀਂ ਸਕਦੇ ਹਨ। ਉਹ ਉਸ ਨੂੰ ਮਾਰਨ ਲਈ ਕਿੰਨੇ ਤਰਲੋਮੱਛੀ ਹੋ ਰਹੇ ਹਨ! ਪਰੰਤੂ ਉਨ੍ਹਾਂ ਨੇ ਭੀੜ ਕਾਰਨ ਆਪਣੇ ਆਪ ਨੂੰ ਰੋਕਿਆ ਹੋਇਆ ਹੈ ਕਿਉਂਕਿ ਲੋਕ ਯਿਸੂ ਦੀਆਂ ਸਿੱਖਿਆਵਾਂ ਤੋਂ ਬਹੁਤ ਹੈਰਾਨ ਹਨ ਅਤੇ “ਉਹ ਦੀ ਸੁਣਨ ਵਿੱਚ ਲੀਨ” ਹਨ। (ਲੂਕਾ 19:47, 48) ਜਿਉਂ-ਜਿਉਂ ਸ਼ਾਮ ਹੁੰਦੀ ਹੈ, ਤਾਂ ਯਿਸੂ ਅਤੇ ਉਸ ਦੇ ਸਾਥੀ ਟਹਿਲਦੇ ਹੋਏ ਚੰਗੀ ਨੀਂਦ ਲੈਣ ਲਈ ਵਾਪਸ ਬੈਤਅਨੀਆ ਨੂੰ ਤੁਰ ਪੈਂਦੇ ਹਨ।
ਨੀਸਾਨ 11
ਤੜਕੇ ਹੀ, ਯਿਸੂ ਅਤੇ ਉਸ ਦੇ ਚੇਲੇ ਜ਼ੈਤੂਨ ਦੇ ਪਹਾੜ ਉੱਤੋਂ ਲੰਘ ਕੇ ਯਰੂਸ਼ਲਮ ਵੱਲ ਤੁਰ ਪਏ ਹਨ। ਜਿਉਂ ਹੀ ਉਹ ਹੈਕਲ ਵਿਚ ਪਹੁੰਚਦੇ ਹਨ, ਤਾਂ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਿਸੂ ਨੂੰ ਘੇਰ ਲੈਂਦੇ ਹਨ। ਹੈਕਲ ਵਿਚ ਸਰਾਫ਼ਾਂ ਅਤੇ ਵਪਾਰੀਆਂ ਵਿਰੁੱਧ ਯਿਸੂ ਦੁਆਰਾ ਕੀਤਾ ਕੰਮ ਉਨ੍ਹਾਂ ਦੇ ਮਨਾਂ ਵਿਚ ਤਾਜ਼ਾ ਹੈ। ਕੁੜੱਤਣ ਨਾਲ ਭਰੇ ਉਸ ਦੇ ਵੈਰੀ ਪੁੱਛਦੇ ਹਨ: “ਤੂੰ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹੈਂ ਅਰ ਕਿਹ ਨੇ ਤੈਨੂੰ ਇਹ ਇਖ਼ਤਿਆਰ ਦਿੱਤਾ?” “ਮੈਂ ਵੀ ਤੁਹਾਥੋਂ ਇੱਕ ਗੱਲ ਪੁੱਛਣਾ,” ਯਿਸੂ ਜਵਾਬੀ ਹਮਲਾ ਕਰਦਾ ਹੈ। “ਜੇ ਤੁਸੀਂ ਮੈਨੂੰ ਦੱਸੋ ਤਾਂ ਮੈਂ ਵੀ ਤਹਾਨੂੰ ਦੱਸਾਂਗਾ ਭਈ ਮੈਂ ਕਿਹੜੇ ਇਖ਼ਤਿਆਰ ਨਾਲ ਏਹ ਕੰਮ ਕਰਦਾ ਹਾਂ। ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ, ਸੁਰਗ ਵੱਲੋਂ ਯਾ ਮਨੁੱਖਾਂ ਵੱਲੋਂ?” ਸਿਰ ਨਾਲ ਸਿਰ ਜੋੜ ਕੇ, ਉਸ ਦੇ ਵੈਰੀ ਵਿਚਾਰ ਕਰਦੇ ਹਨ: “ਜੇ ਕਹੀਏ, ‘ਸੁਰਗ ਵੱਲੋਂ’ ਤਾਂ ਉਹ ਸਾਨੂੰ ਆਖੂ, ਫੇਰ ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ? ਅਰ ਜੇ ਕਹੀਏ, ‘ਮਨੁੱਖਾਂ ਵੱਲੋਂ’ ਤਾਂ ਲੋਕਾਂ ਤੋਂ ਡਰਦੇ ਹਾਂ ਕਿਉਂ ਜੋ ਸੱਭੇ ਯੂਹੰਨਾ ਨੂੰ ਨਬੀ ਜਾਣਦੇ ਹਨ।” ਬੌਂਦਲਾਏ ਹੋਏ, ਉਹ ਢਿੱਲਾ ਜਿਹਾ ਜਵਾਬ ਦਿੰਦੇ ਹਨ: “ਅਸੀਂ ਨਹੀਂ ਜਾਣਦੇ।” ਯਿਸੂ ਸ਼ਾਂਤ-ਸੁਭਾਅ ਨਾਲ ਜਵਾਬ ਦਿੰਦਾ ਹੈ: “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖ਼ਤਿਆਰ ਨਾਲ ਮੈਂ ਏਹ ਕੰਮ ਕਰਦਾ ਹਾਂ।”—ਮੱਤੀ 21:23-27.
ਹੁਣ ਯਿਸੂ ਦੇ ਵੈਰੀ ਉਸ ਤੋਂ ਕੋਈ ਅਜਿਹੀ ਗੱਲ ਕਹਾ ਕੇ ਫਸਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਰਕੇ ਉਹ ਉਸ ਨੂੰ ਗਿਰਫ਼ਤਾਰ ਕਰਵਾ ਸਕਣ। ਉਹ ਪੁੱਛਦੇ ਹਨ: “ਕੈਸਰ ਨੂੰ ਜਜ਼ੀਯਾ ਦੇਣਾ ਜੋਗ ਹੈ ਯਾ ਨਹੀਂ?” ਯਿਸੂ ਜਵਾਬ ਵਿਚ ਕਹਿੰਦਾ ਹੈ: “ਜਜ਼ੀਯੇ ਦਾ ਸਿੱਕਾ ਮੈਨੂੰ ਵਿਖਾਓ।” ਉਹ ਪੁੱਛਦਾ ਹੈ: “ਇਹ ਮੂਰਤ ਅਤੇ ਲਿਖਤ ਕਿਹ ਦੀ ਹੈ?” “ਕੈਸਰ ਦੀ,” ਉਹ ਕਹਿੰਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ, ਯਿਸੂ ਸਾਰੇ ਸੁਣਨ ਵਾਲਿਆਂ ਨੂੰ ਸਪੱਸ਼ਟ ਤੌਰ ਤੇ ਕਹਿੰਦਾ ਹੈ: “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।”—ਮੱਤੀ 22:15-22.
ਅਖੰਡਨੀ ਵਾਦ-ਵਿਵਾਦ ਦੁਆਰਾ ਆਪਣੇ ਵੈਰੀਆਂ ਨੂੰ ਚੁੱਪ ਕਰਾਉਣ ਤੋਂ ਬਾਅਦ, ਯਿਸੂ ਹੁਣ ਭੀੜ ਅਤੇ ਆਪਣੇ ਚੇਲਿਆਂ ਸਾਮ੍ਹਣੇ ਉਨ੍ਹਾਂ ਦੀ ਨਿਖੇਧੀ ਕਰਦਾ ਹੈ। ਸੁਣੋ ਜਿਉਂ-ਜਿਉਂ ਉਹ ਨਿਡਰਤਾ ਨਾਲ ਗ੍ਰੰਥੀਆਂ ਅਤੇ ਫ਼ਰੀਸੀਆਂ ਦੀ ਨਿੰਦਿਆ ਕਰਦਾ ਹੈ। “ਉਨ੍ਹਾਂ ਵਰਗੇ ਕੰਮ ਨਾ ਕਰਨਾ,” ਉਹ ਕਹਿੰਦਾ ਹੈ, “ਕਿਉਂ ਜੋ ਓਹ ਕਹਿੰਦੇ ਹਨ ਪਰ ਕਰਦੇ ਨਹੀਂ।” ਨਿਧੜਕ ਹੋ ਕੇ, ਉਹ ਉਨ੍ਹਾਂ ਨੂੰ ਬਹੁਤ ਫਿਟਕਾਰਾਂ ਪਾਉਂਦਾ ਹੈ, ਅਤੇ ਉਨ੍ਹਾਂ ਦੀ ਸ਼ਨਾਖਤ ਅੰਨ੍ਹੇ ਆਗੂਆਂ ਅਤੇ ਪਖੰਡੀਆਂ ਵਜੋਂ ਕਰਦਾ ਹੈ। “ਹੇ ਸੱਪੋ, ਹੇ ਨਾਗਾਂ ਦੇ ਬੱਚਿਓ,” ਯਿਸੂ ਕਹਿੰਦਾ ਹੈ, “ਤੁਸੀਂ ਨਰਕ ਦੇ ਡੰਨੋਂ ਕਿਸ ਬਿਧ ਭੱਜੋਗੇ?”—ਮੱਤੀ 23:1-33.
ਇਸ ਸਖ਼ਤ ਨਿੰਦਿਆ ਦਾ ਇਹ ਮਤਲਬ ਨਹੀਂ ਹੈ ਕਿ ਯਿਸੂ ਦੂਸਰਿਆਂ ਦੇ ਚੰਗੇ ਗੁਣਾਂ ਤੋਂ ਅਣਜਾਣ ਹੈ। ਬਾਅਦ ਵਿਚ, ਉਹ ਲੋਕਾਂ ਨੂੰ ਹੈਕਲ ਦੇ ਖ਼ਜ਼ਾਨੇ ਵਿਚ ਪੈਸੇ ਪਾਉਂਦੇ ਦੇਖਦਾ ਹੈ। ਇਕ ਲੋੜਵੰਦ ਵਿਧਵਾ ਨੂੰ ਆਪਣੇ ਗੁਜ਼ਾਰੇ ਦੀ ਸਾਰੀ ਪੂੰਜੀ—ਬਹੁਤ ਘੱਟ ਕੀਮਤ ਦੇ ਦੋ ਛੋਟੇ ਸਿੱਕੇ—ਪਾਉਂਦੇ ਹੋਏ ਦੇਖਣਾ ਕਿੰਨਾ ਦਿਲ-ਟੁੰਬਵਾਂ ਹੈ! ਨਿੱਘੀ ਪ੍ਰਸ਼ੰਸਾ ਕਰਦੇ ਹੋਏ, ਯਿਸੂ ਕਹਿੰਦਾ ਹੈ ਕਿ, ਅਸਲ ਵਿਚ, ਉਸ ਨੇ ਉਨ੍ਹਾਂ ਸਾਰਿਆਂ ਨਾਲੋਂ ਕਿਤੇ ਜ਼ਿਆਦਾ ਪਾਇਆ ਹੈ ਜੋ ਆਪਣੇ “ਵਾਫ਼ਰ ਮਾਲ” ਵਿੱਚੋਂ ਵੱਡਾ ਦਾਨ ਕਰਦੇ ਹਨ। ਆਪਣੀ ਕੋਮਲ ਦਇਆ ਕਰਕੇ, ਯਿਸੂ ਉਸ ਕੰਮ ਦੀ ਵੱਡੀ ਕਦਰ ਕਰਦਾ ਹੈ ਜੋ ਇਕ ਵਿਅਕਤੀ ਕਰ ਸਕਦਾ ਹੈ।—ਲੂਕਾ 21:1-4.
ਯਿਸੂ ਹੁਣ ਆਖ਼ਰੀ ਵਾਰ ਹੈਕਲ ਨੂੰ ਛੱਡ ਕੇ ਜਾ ਰਿਹਾ ਹੈ। ਉਸ ਦੇ ਕੁਝ ਚੇਲੇ ਹੈਕਲ ਦੀ ਸੁੰਦਰਤਾ ਬਾਰੇ ਗੱਲ ਕਰਦੇ ਹਨ, ਕਿ ਇਹ “ਸੋਹਣੇ ਪੱਥਰਾਂ ਅਤੇ ਝੜਾਵਿਆਂ ਨਾਲ ਕਿਹੋ ਜਿਹੀ ਸੁਆਰੀ ਹੋਈ ਹੈ।” ਚੇਲੇ ਹੈਰਾਨ ਰਹਿ ਗਏ ਜਦੋਂ ਯਿਸੂ ਜਵਾਬ ਦਿੰਦਾ ਹੈ: “ਓਹ ਦਿਨ ਆਉਣਗੇ ਜਿਨ੍ਹਾਂ ਵਿੱਚ ਐਥੇ ਪੱਥਰ ਉੱਤੇ ਪੱਥਰ ਨਾ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇਗਾ।” (ਲੂਕਾ 21:5, 6) ਜਿਉਂ-ਜਿਉਂ ਚੇਲੇ ਯਿਸੂ ਦੇ ਮਗਰ ਉਸ ਭੀੜ ਭਰੇ ਸ਼ਹਿਰ ਵਿੱਚੋਂ ਬਾਹਰ ਜਾਂਦੇ ਹਨ, ਉਨ੍ਹਾਂ ਦੇ ਮਨ ਵਿਚ ਇਹ ਪ੍ਰਸ਼ਨ ਘੁੰਮ ਰਿਹਾ ਹੈ ਕਿ ਉਸ ਦੇ ਕਹਿਣ ਦਾ ਕੀ ਅਰਥ ਹੋ ਸਕਦਾ ਹੈ।
ਖ਼ੈਰ, ਥੋੜ੍ਹੀ ਦੇਰ ਬਾਅਦ ਯਿਸੂ ਅਤੇ ਉਸ ਦੇ ਚੇਲੇ ਬੈਠ ਕੇ ਜ਼ੈਤੂਨ ਪਹਾੜ ਉੱਤੇ ਸ਼ਾਂਤੀ ਅਤੇ ਚੈਨ ਦਾ ਆਨੰਦ ਮਾਣਦੇ ਹਨ। ਜਦੋਂ ਉਹ ਯਰੂਸ਼ਲਮ ਅਤੇ ਹੈਕਲ ਦਾ ਸ਼ਾਨਦਾਰ ਨਜ਼ਾਰਾ ਦੇਖ ਰਹੇ ਹੁੰਦੇ ਹਨ, ਤਾਂ ਪਤਰਸ, ਯਾਕੂਬ, ਯੂਹੰਨਾ, ਅਤੇ ਅੰਦ੍ਰਿਯਾਸ ਯਿਸੂ ਤੋਂ ਉਸ ਦੀ ਚੌਂਕਾ ਦੇਣ ਵਾਲੀ ਭਵਿੱਖਬਾਣੀ ਦਾ ਮਤਲਬ ਪੁੱਛਦੇ ਹਨ। “ਸਾਨੂੰ ਦੱਸ,” ਉਹ ਕਹਿੰਦੇ ਹਨ, “ਏਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ [“ਮੌਜੂਦਗੀ,” ਨਿ ਵ] ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?”—ਮੱਤੀ 24:3; ਮਰਕੁਸ 13:3, 4.
ਜਵਾਬ ਵਿਚ ਮਹਾਨ ਗੁਰੂ ਇਕ ਸੱਚ-ਮੁੱਚ ਅਚੰਭੇ ਭਰੀ ਭਵਿੱਖਬਾਣੀ ਕਰਦਾ ਹੈ। ਉਹ ਯੁੱਧਾਂ, ਭੁਚਾਲਾਂ, ਕਾਲ, ਅਤੇ ਮਹਾਂਮਾਰੀਆਂ ਦੀ ਭਵਿੱਖਬਾਣੀ ਕਰਦਾ ਹੈ। ਯਿਸੂ ਇਹ ਵੀ ਭਵਿੱਖਬਾਣੀ ਕਰਦਾ ਹੈ ਕਿ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰੀ ਧਰਤੀ ਉੱਤੇ ਕੀਤਾ ਜਾਵੇਗਾ। ਉਹ ਚੇਤਾਵਨੀ ਦਿੰਦਾ ਹੈ: “ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।”—ਮੱਤੀ 24:7, 14, 21; ਲੂਕਾ 21:10, 11.
ਚਾਰੇ ਰਸੂਲ ਧਿਆਨ ਨਾਲ ਸੁਣਦੇ ਹਨ ਜਿਉਂ-ਜਿਉਂ ਯਿਸੂ ‘ਆਪਣੀ ਮੌਜੂਦਗੀ ਦੇ ਲੱਛਣ’ ਦੇ ਦੂਸਰੇ ਪਹਿਲੂਆਂ ਦੀ ਚਰਚਾ ਕਰਦਾ ਹੈ। ਉਹ ‘ਜਾਗਦੇ ਰਹਿਣ’ ਦੀ ਲੋੜ ਉੱਤੇ ਜ਼ੋਰ ਦਿੰਦਾ ਹੈ। ਕਿਉਂ? “ਕਿਉਂਕਿ,” ਉਹ ਕਹਿੰਦਾ ਹੈ, “ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ।”—ਮੱਤੀ 24:42; ਮਰਕੁਸ 13:33, 35, 37.
ਇਹ ਯਿਸੂ ਅਤੇ ਉਸ ਦੇ ਚੇਲਿਆਂ ਲਈ ਇਕ ਯਾਦਗਾਰੀ ਦਿਨ ਰਿਹਾ ਹੈ। ਅਸਲ ਵਿਚ, ਇਹ ਯਿਸੂ ਦੀ ਗਿਰਫ਼ਤਾਰੀ, ਮੁਕੱਦਮੇ, ਅਤੇ ਮੌਤ ਤੋਂ ਪਹਿਲਾਂ ਉਸ ਦੀ ਜਨਤਕ ਸੇਵਕਾਈ ਦਾ ਆਖ਼ਰੀ ਦਿਨ ਹੈ। ਕਿਉਂਕਿ ਰਾਤ ਹੋ ਰਹੀ ਹੈ, ਉਹ ਪਹਾੜ ਦੇ ਦੂਜੇ ਪਾਸੇ ਸਥਿਤ ਬੈਤਅਨੀਆ, ਜੋ ਕਿ ਜ਼ਿਆਦਾ ਦੂਰ ਨਹੀਂ ਹੈ, ਨੂੰ ਤੁਰ ਪੈਂਦੇ ਹਨ।
ਨੀਸਾਨ 12 ਅਤੇ 13
ਯਿਸੂ ਨੀਸਾਨ 12 ਦਾ ਦਿਨ ਆਪਣੇ ਚੇਲਿਆਂ ਨਾਲ ਇਕੱਲਿਆਂ ਹੀ ਬਿਤਾਉਂਦਾ ਹੈ। ਉਹ ਜਾਣਦਾ ਹੈ ਕਿ ਧਾਰਮਿਕ ਆਗੂ ਉਸ ਨੂੰ ਮਾਰਨ ਲਈ ਬਹੁਤ ਕਾਹਲੇ ਹਨ ਅਤੇ ਉਹ ਨਹੀਂ ਚਾਹੁੰਦਾ ਹੈ ਕਿ ਅਗਲੀ ਸ਼ਾਮ ਨੂੰ ਉਸ ਦੇ ਪਸਾਹ ਮਨਾਉਣ ਵਿਚ ਧਾਰਮਿਕ ਆਗੂ ਰੁਕਾਵਟ ਖੜ੍ਹੀ ਕਰਨ। (ਮਰਕੁਸ 14:1, 2) ਅਗਲੇ ਦਿਨ, ਨੀਸਾਨ 13, ਨੂੰ ਲੋਕ ਪਸਾਹ ਦੇ ਆਖ਼ਰੀ ਪ੍ਰਬੰਧ ਕਰਨ ਵਿਚ ਰੁੱਝੇ ਹੋਏ ਹਨ। ਦੁਪਹਿਰ ਤੋਂ ਬਾਅਦ, ਯਿਸੂ ਪਤਰਸ ਅਤੇ ਯੂਹੰਨਾ ਨੂੰ ਯਰੂਸ਼ਲਮ ਵਿਚ ਇਕ ਚੁਬਾਰੇ ਵਿਚ ਉਨ੍ਹਾਂ ਲਈ ਪਸਾਹ ਤਿਆਰ ਕਰਨ ਲਈ ਘੱਲਦਾ ਹੈ। (ਮਰਕੁਸ 14:12-16; ਲੂਕਾ 22:8) ਸੂਰਜ ਡੁੱਬਣ ਤੋਂ ਥੋੜ੍ਹੀ ਦੇਰ ਪਹਿਲਾਂ, ਯਿਸੂ ਅਤੇ ਉਸ ਦੇ ਦੂਸਰੇ ਦਸ ਚੇਲੇ ਉਨ੍ਹਾਂ ਨੂੰ ਉੱਥੇ ਆਪਣੇ ਆਖ਼ਰੀ ਪਸਾਹ ਨੂੰ ਮਨਾਉਣ ਲਈ ਮਿਲਦੇ ਹਨ।
ਨੀਸਾਨ 14, ਸੂਰਜ ਡੁੱਬਣ ਤੋਂ ਬਾਅਦ
ਜਿਉਂ-ਜਿਉਂ ਪੂਰਾ ਚੰਨ ਜ਼ੈਤੂਨ ਦੇ ਪਹਾੜ ਉੱਤੇ ਨਿਕਲਦਾ ਹੈ, ਯਰੂਸ਼ਲਮ ਸ਼ਾਮ ਦੇ ਘੁਸਮੁਸੇ ਦੀ ਹਲਕੀ ਰੌਸ਼ਨੀ ਨਾਲ ਢਕਿਆ ਹੋਇਆ ਹੈ। ਇਕ ਵੱਡੇ ਤਿਆਰ ਕੀਤੇ ਕਮਰੇ ਵਿਚ, ਯਿਸੂ ਅਤੇ ਉਸ ਦੇ 12 ਚੇਲੇ ਇਕ ਸਜਾਏ ਹੋਏ ਮੇਜ਼ ਕੋਲ ਬੈਠੇ ਹੋਏ ਹਨ। “ਮੈਂ ਵੱਡੀ ਇੱਛਿਆ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ,” ਉਹ ਕਹਿੰਦਾ ਹੈ। (ਲੂਕਾ 22:14, 15) ਕੁਝ ਦੇਰ ਬਾਅਦ ਚੇਲੇ ਯਿਸੂ ਨੂੰ ਉੱਠਦੇ ਹੋਏ ਅਤੇ ਆਪਣੇ ਬਾਹਰੀ ਬਸਤਰ ਲਾਹ ਕੇ ਇਕ ਪਾਸੇ ਰੱਖਦੇ ਹੋਏ ਦੇਖ ਕੇ ਹੈਰਾਨ ਹੁੰਦੇ ਹਨ। ਇਕ ਤੌਲੀਆ ਅਤੇ ਤਸਲੇ ਵਿਚ ਪਾਣੀ ਲੈ ਕੇ, ਉਹ ਉਨ੍ਹਾਂ ਦੇ ਪੈਰ ਧੋਣੇ ਸ਼ੁਰੂ ਕਰਦਾ ਹੈ। ਨਿਮਰ ਸੇਵਾ ਦਾ ਕਿੰਨਾ ਹੀ ਅਭੁੱਲ ਸਬਕ!—ਯੂਹੰਨਾ 13:2-15.
ਪਰੰਤੂ, ਯਿਸੂ ਜਾਣਦਾ ਹੈ ਕਿ ਉਨ੍ਹਾਂ ਵਿੱਚੋਂ ਇਕ ਆਦਮੀ—ਯਹੂਦਾ ਇਸਕਰਿਯੋਤੀ—ਉਸ ਨੂੰ ਧੋਖੇ ਨਾਲ ਧਾਰਮਿਕ ਆਗੂਆਂ ਦੇ ਹੱਥ ਫੜਵਾਉਣ ਦਾ ਪ੍ਰਬੰਧ ਕਰ ਚੁੱਕਾ ਹੈ। ਇਹ ਗੱਲ ਸਮਝਣਯੋਗ ਹੈ ਕਿ ਯਿਸੂ ਬਹੁਤ ਦੁਖੀ ਹੁੰਦਾ ਹੈ। “ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ,” ਉਹ ਪ੍ਰਗਟ ਕਰਦਾ ਹੈ। ਇਹ ਸੁਣ ਕੇ ਰਸੂਲ ਬਹੁਤ ਦੁਖੀ ਹੁੰਦੇ ਹਨ। (ਮੱਤੀ 26:21, 22) ਪਸਾਹ ਨੂੰ ਮਨਾਉਣ ਤੋਂ ਬਾਅਦ, ਯਿਸੂ ਯਹੂਦਾ ਨੂੰ ਕਹਿੰਦਾ ਹੈ: “ਜੋ ਤੂੰ ਕਰਨਾ ਹੈਂ ਸੋ ਛੇਤੀ ਕਰ।”—ਯੂਹੰਨਾ 13:27.
ਜਦੋਂ ਯਹੂਦਾ ਚਲਾ ਗਿਆ, ਤਾਂ ਯਿਸੂ ਆਪਣੀ ਆ ਰਹੀ ਮੌਤ ਦੀ ਯਾਦਗਾਰ ਮਨਾਉਣ ਲਈ ਇਕ ਭੋਜਨ ਆਰੰਭ ਕਰਦਾ ਹੈ। ਉਹ ਪਤੀਰੀ ਰੋਟੀ ਲੈ ਕੇ ਪ੍ਰਾਰਥਨਾ ਵਿਚ ਧੰਨਵਾਦ ਕਰਦਾ ਹੈ, ਰੋਟੀ ਨੂੰ ਤੋੜਦਾ ਹੈ, ਅਤੇ ਆਪਣੇ 11 ਰਸੂਲਾਂ ਨੂੰ ਖਾਣ ਦੀ ਹਿਦਾਇਤ ਦਿੰਦਾ ਹੈ। ਉਹ ਕਹਿੰਦਾ ਹੈ: “ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” ਫਿਰ ਉਹ ਲਾਲ ਰੰਗ ਦੀ ਦਾਖ-ਰਸ ਦਾ ਇਕ ਪਿਆਲਾ ਲੈਂਦਾ ਹੈ। ਉਸ ਉੱਤੇ ਬਰਕਤ ਦੇਣ ਤੋਂ ਬਾਅਦ, ਉਹ ਉਨ੍ਹਾਂ ਨੂੰ ਪਿਆਲਾ ਦੇ ਕੇ ਉਸ ਵਿੱਚੋਂ ਪੀਣ ਲਈ ਕਹਿੰਦਾ ਹੈ। ਯਿਸੂ ਅੱਗੇ ਕਹਿੰਦਾ ਹੈ: “ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।”—ਲੂਕਾ 22:19, 20; ਮੱਤੀ 26:26-28.
ਉਸ ਅਤਿ ਮਹੱਤਵਪੂਰਣ ਸ਼ਾਮ ਦੌਰਾਨ, ਯਿਸੂ ਆਪਣੇ ਵਫ਼ਾਦਾਰ ਰਸੂਲਾਂ ਨੂੰ ਬਹੁਤ ਸਾਰੇ ਕੀਮਤੀ ਸਬਕ ਸਿਖਾਉਂਦਾ ਹੈ, ਅਤੇ ਇਨ੍ਹਾਂ ਵਿੱਚੋਂ ਇਕ ਹੈ ਭਰਾਤਰੀ ਪ੍ਰੇਮ ਦੀ ਮਹੱਤਤਾ। (ਯੂਹੰਨਾ 13:34, 35) ਉਹ ਉਨ੍ਹਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਉਹ ਇਕ “ਸਹਾਇਕ,” ਅਰਥਾਤ ਪਵਿੱਤਰ ਆਤਮਾ ਪ੍ਰਾਪਤ ਕਰਨਗੇ। ਇਹ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਯਾਦ ਕਰਵਾਏਗਾ ਜੋ ਉਸ ਨੇ ਉਨ੍ਹਾਂ ਨੂੰ ਦੱਸੀਆਂ ਸਨ। (ਯੂਹੰਨਾ 14:26) ਬਾਅਦ ਵਿਚ ਉਸ ਸ਼ਾਮ, ਯਿਸੂ ਦੁਆਰਾ ਉਨ੍ਹਾਂ ਲਈ ਕੀਤੀ ਗਈ ਉਤਸ਼ਾਹ-ਭਰਪੂਰ ਪ੍ਰਾਰਥਨਾ ਸੁਣ ਕੇ, ਉਨ੍ਹਾਂ ਨੂੰ ਬਹੁਤ ਹੌਸਲਾ ਮਿਲਿਆ ਹੋਵੇਗਾ। (ਯੂਹੰਨਾ, ਅਧਿਆਇ 17) ਵਡਿਆਈ ਦੇ ਗੀਤ ਗਾਉਣ ਤੋਂ ਬਾਅਦ, ਉਹ ਚੁਬਾਰੇ ਨੂੰ ਛੱਡ ਕੇ ਯਿਸੂ ਦੇ ਪਿੱਛੇ-ਪਿੱਛੇ ਰਾਤ ਦੀ ਠੰਢੀ ਹਵਾ ਵਿਚ ਨਿਕਲ ਜਾਂਦੇ ਹਨ।
ਕਿਦਰੋਨ ਘਾਟੀ ਨੂੰ ਪਾਰ ਕਰ ਕੇ, ਯਿਸੂ ਅਤੇ ਉਸ ਦੇ ਰਸੂਲ ਆਪਣੀ ਇਕ ਮਨਪਸੰਦ ਥਾਂ, ਗਥਸਮਨੀ ਦੇ ਬਾਗ਼ ਵਿਚ ਜਾਂਦੇ ਹਨ। (ਯੂਹੰਨਾ 18:1, 2) ਜਦ ਕਿ ਉਸ ਦੇ ਰਸੂਲ ਉਡੀਕ ਕਰਦੇ ਹਨ, ਯਿਸੂ ਪ੍ਰਾਰਥਨਾ ਕਰਨ ਲਈ ਥੋੜ੍ਹਾ ਅੱਗੇ ਜਾਂਦਾ ਹੈ। ਜਿਉਂ ਹੀ ਉਹ ਮਦਦ ਲਈ ਪਰਮੇਸ਼ੁਰ ਨੂੰ ਦਿਲੋਂ ਬੇਨਤੀ ਕਰਦਾ ਹੈ, ਉਸ ਦਾ ਮਾਨਸਿਕ ਦਬਾਅ ਇੰਨਾ ਜ਼ਿਆਦਾ ਹੈ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ। (ਲੂਕਾ 22:44) ਉਸ ਨੂੰ ਇਹ ਵਿਚਾਰ ਅਤਿਅੰਤ ਦੁਖੀ ਕਰਦਾ ਹੈ ਕਿ ਜੇਕਰ ਉਹ ਅਸਫ਼ਲ ਹੋਇਆ ਤਾਂ ਉਸ ਦੇ ਸਵਰਗੀ ਪਿਤਾ ਦੇ ਨਾਂ ਦੀ ਕਿੰਨੀ ਨਿੰਦਾ ਹੋਵੇਗੀ।
ਯਿਸੂ ਨੇ ਅਜੇ ਪ੍ਰਾਰਥਨਾ ਖ਼ਤਮ ਹੀ ਕੀਤੀ ਕਿ ਤਲਵਾਰਾਂ, ਡਾਂਗਾਂ, ਤੇ ਮਸ਼ਾਲਾਂ ਫੜੀ ਇਕ ਵੱਡੀ ਭੀੜ ਯਹੂਦਾ ਇਸਕਰਿਯੋਤੀ ਦੇ ਨਾਲ ਉੱਥੇ ਪਹੁੰਚਦੀ ਹੈ। “ਸੁਆਮੀ ਜੀ ਅਦੇਸ,” ਯਹੂਦਾ ਇਹ ਕਹਿੰਦੇ ਹੋਏ ਉਸ ਨੂੰ ਕੋਮਲਤਾ ਨਾਲ ਚੁੰਮਦਾ ਹੈ। ਇਹ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਆਦਮੀਆਂ ਨੂੰ ਇਸ਼ਾਰਾ ਹੈ। ਅਚਾਨਕ, ਪਤਰਸ ਆਪਣੀ ਤਲਵਾਰ ਧੂਹ ਕੇ ਪ੍ਰਧਾਨ ਜਾਜਕ ਦੇ ਦਾਸ ਦਾ ਕੰਨ ਕੱਟ ਦਿੰਦਾ ਹੈ। “ਆਪਣੀ ਤਲਵਾਰ ਮਿਆਨ ਕਰ,” ਯਿਸੂ ਕਹਿੰਦਾ ਹੈ ਅਤੇ ਉਸ ਆਦਮੀ ਦੇ ਕੰਨ ਨੂੰ ਚੰਗਾ ਕਰਦਾ ਹੈ। “ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।”—ਮੱਤੀ 26:47-52.
ਸਭ ਕੁਝ ਬਹੁਤ ਤੇਜ਼ੀ ਨਾਲ ਵਾਪਰਦਾ ਹੈ! ਯਿਸੂ ਨੂੰ ਗਿਰਫ਼ਤਾਰ ਕਰ ਕੇ ਬੰਨ੍ਹ ਲਿਆ ਜਾਂਦਾ ਹੈ। ਡਰ ਅਤੇ ਉਲਝਣ ਵਿਚ, ਰਸੂਲ ਆਪਣੇ ਗੁਰੂ ਨੂੰ ਛੱਡ ਕੇ ਭੱਜ ਜਾਂਦੇ ਹਨ। ਯਿਸੂ ਨੂੰ ਸਾਬਕਾ ਪ੍ਰਧਾਨ ਜਾਜਕ, ਅੰਨਾਸ ਕੋਲ ਲਿਜਾਇਆ ਜਾਂਦਾ ਹੈ। ਫਿਰ ਉਸ ਨੂੰ ਮੌਜੂਦਾ ਪ੍ਰਧਾਨ ਜਾਜਕ, ਕਯਾਫ਼ਾ ਕੋਲ ਮੁਕੱਦਮੇ ਲਈ ਲਿਜਾਇਆ ਜਾਂਦਾ ਹੈ। ਸਵੇਰੇ ਤੜਕੇ ਹੀ, ਮਹਾਸਭਾ ਯਿਸੂ ਉੱਤੇ ਕੁਫ਼ਰ ਦਾ ਝੂਠਾ ਦੋਸ਼ ਲਗਾਉਂਦੀ ਹੈ। ਫਿਰ, ਕਯਾਫ਼ਾ ਉਸ ਨੂੰ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਕੋਲ ਭੇਜ ਦਿੰਦਾ ਹੈ। ਉਹ ਯਿਸੂ ਨੂੰ ਗਲੀਲ ਦੇ ਸ਼ਾਸਕ, ਹੇਰੋਦੇਸ ਅੰਤਿਪਾਸ ਕੋਲ ਭੇਜ ਦਿੰਦਾ ਹੈ। ਹੇਰੋਦੇਸ ਅਤੇ ਉਸ ਦੇ ਸਿਪਾਹੀ ਯਿਸੂ ਦਾ ਮਜ਼ਾਕ ਉਡਾਉਂਦੇ ਹਨ। ਫਿਰ ਉਸ ਨੂੰ ਪਿਲਾਤੁਸ ਕੋਲ ਵਾਪਸ ਭੇਜਿਆ ਜਾਂਦਾ ਹੈ। ਪਿਲਾਤੁਸ ਯਿਸੂ ਦੀ ਨਿਰਦੋਸ਼ਤਾ ਦੀ ਪੁਸ਼ਟੀ ਕਰਦਾ ਹੈ। ਪਰੰਤੂ ਯਹੂਦੀ ਧਾਰਮਿਕ ਆਗੂ ਉਸ ਉੱਤੇ ਦਬਾਅ ਪਾਉਂਦੇ ਹਨ ਕਿ ਉਹ ਯਿਸੂ ਨੂੰ ਮੌਤ ਦੀ ਸਜ਼ਾ ਦੇਵੇ। ਕਾਫ਼ੀ ਜ਼ਬਾਨੀ ਬਦਸਲੂਕੀ ਅਤੇ ਮਾਰ-ਕੁਟਾਈ ਤੋਂ ਬਾਅਦ, ਯਿਸੂ ਨੂੰ ਗਲਗਥਾ ਨਾਮਕ ਸਥਾਨ ਤੇ ਲਿਜਾਇਆ ਜਾਂਦਾ ਹੈ ਜਿੱਥੇ ਉਸ ਨੂੰ ਬੇਰਹਿਮੀ ਨਾਲ ਕਿੱਲ ਠੋਕ ਕੇ ਤਸੀਹੇ ਦੀ ਸੂਲੀ ਤੇ ਚੜ੍ਹਾਇਆ ਜਾਂਦਾ ਹੈ ਅਤੇ ਉਹ ਦਰਦਨਾਕ ਮੌਤ ਮਰਦਾ ਹੈ।—ਮਰਕੁਸ 14:50–15:39; ਲੂਕਾ 23:4-25.
ਇਹ ਇਤਿਹਾਸ ਵਿਚ ਸਭ ਤੋਂ ਵੱਡਾ ਦੁਖਾਂਤ ਹੁੰਦਾ ਜੇ ਯਿਸੂ ਦੀ ਮੌਤ ਉਸ ਦੇ ਜੀਵਨ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੰਦੀ। ਖ਼ੁਸ਼ੀ ਦੀ ਗੱਲ ਹੈ ਕਿ ਇਸ ਤਰ੍ਹਾਂ ਨਹੀਂ ਹੋਇਆ। ਨੀਸਾਨ 16, 33 ਸਾ.ਯੁ. ਨੂੰ, ਉਸ ਦੇ ਚੇਲੇ ਇਹ ਦੇਖ ਕੇ ਹੈਰਾਨ ਹੋਏ ਕਿ ਉਹ ਮਰਿਆਂ ਵਿੱਚੋਂ ਜੀ ਉਠਾਇਆ ਗਿਆ ਸੀ। ਸਮਾਂ ਬੀਤਣ ਨਾਲ, 500 ਤੋਂ ਵੱਧ ਲੋਕ ਇਸ ਗੱਲ ਦੀ ਗਵਾਹੀ ਦੇ ਸਕੇ ਕਿ ਯਿਸੂ ਦੁਬਾਰਾ ਜੀਉਂਦਾ ਹੋ ਚੁੱਕਾ ਸੀ। ਅਤੇ ਉਸ ਦੇ ਪੁਨਰ-ਉਥਾਨ ਤੋਂ 40 ਦਿਨਾਂ ਬਾਅਦ, ਵਫ਼ਾਦਾਰ ਪੈਰੋਕਾਰਾਂ ਦੇ ਇਕ ਸਮੂਹ ਨੇ ਉਸ ਨੂੰ ਸਵਰਗ ਨੂੰ ਚੜ੍ਹਦੇ ਹੋਏ ਦੇਖਿਆ।—ਰਸੂਲਾਂ ਦੇ ਕਰਤੱਬ 1:9-11; 1 ਕੁਰਿੰਥੀਆਂ 15:3-8.
ਯਿਸੂ ਦਾ ਜੀਵਨ ਅਤੇ ਤੁਸੀਂ
ਇਹ ਤੁਹਾਨੂੰ—ਅਸਲ ਵਿਚ, ਸਾਨੂੰ ਸਾਰਿਆਂ ਨੂੰ—ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ? ਯਿਸੂ ਦੀ ਸੇਵਕਾਈ, ਮੌਤ, ਅਤੇ ਪੁਨਰ-ਉਥਾਨ ਯਹੋਵਾਹ ਪਰਮੇਸ਼ੁਰ ਨੂੰ ਵਡਿਆਉਂਦੇ ਹਨ ਅਤੇ ਉਸ ਦੇ ਮਹਾਨ ਮਕਸਦ ਦੀ ਪੂਰਤੀ ਲਈ ਲਾਜ਼ਮੀ ਹਨ। (ਕੁਲੁੱਸੀਆਂ 1:18-20) ਇਹ ਸਾਡੇ ਲਈ ਅਤਿ-ਮਹੱਤਵਪੂਰਣ ਹਨ ਕਿਉਂਕਿ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਅਸੀਂ ਆਪਣੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਯਹੋਵਾਹ ਪਰਮੇਸ਼ੁਰ ਨਾਲ ਇਕ ਨਿੱਜੀ ਰਿਸ਼ਤਾ ਬਣਾ ਸਕਦੇ ਹਾਂ।—ਯੂਹੰਨਾ 14:6; 1 ਯੂਹੰਨਾ 2:1, 2.
ਮਰੇ ਹੋਏ ਵਿਅਕਤੀਆਂ ਉੱਤੇ ਵੀ ਅਸਰ ਪੈਂਦਾ ਹੈ। ਯਿਸੂ ਦਾ ਪੁਨਰ-ਉਥਾਨ ਉਨ੍ਹਾਂ ਲਈ ਪਰਮੇਸ਼ੁਰ ਦੀ ਵਾਅਦਾ ਕੀਤੀ ਹੋਈ ਪਰਾਦੀਸੀ ਧਰਤੀ ਉੱਤੇ ਮੁੜ ਜੀਉਂਦੇ ਹੋਣ ਦਾ ਰਸਤਾ ਖੋਲ੍ਹਦਾ ਹੈ। (ਲੂਕਾ 23:39-43; 1 ਕੁਰਿੰਥੀਆਂ 15:20-22) ਜੇਕਰ ਤੁਸੀਂ ਇਨ੍ਹਾਂ ਗੱਲਾਂ ਬਾਰੇ ਹੋਰ ਜ਼ਿਆਦਾ ਜਾਣਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਤੁਹਾਡੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦੇ ਰਾਜ ਗ੍ਰਹਿ ਵਿਚ ਅਪ੍ਰੈਲ 11, 1998, ਨੂੰ ਮਸੀਹ ਦੀ ਮੌਤ ਦੇ ਸਮਾਰਕ ਵਿਚ ਹਾਜ਼ਰ ਹੋਣ ਲਈ ਸੱਦਾ ਦਿੰਦੇ ਹਾਂ।
[ਸਫ਼ੇ 6 ਉੱਤੇ ਡੱਬੀ]
“ਡਾਕੂਆਂ ਦੀ ਖੋਹ”
ਯਿਸੂ ਕੋਲ ਇਹ ਕਹਿਣ ਲਈ ਚੋਖਾ ਕਾਰਨ ਸੀ ਕਿ ਲਾਲਚੀ ਵਪਾਰੀਆਂ ਨੇ ਪਰਮੇਸ਼ੁਰ ਦੀ ਹੈਕਲ ਨੂੰ “ਡਾਕੂਆਂ ਦੀ ਖੋਹ” ਬਣਾ ਦਿੱਤਾ ਸੀ। (ਮੱਤੀ 21:12, 13) ਹੈਕਲ ਦਾ ਕਰ ਅਦਾ ਕਰਨ ਲਈ, ਦੂਸਰੇ ਦੇਸ਼ਾਂ ਤੋਂ ਆਏ ਯਹੂਦੀਆਂ ਅਤੇ ਨਵ-ਧਰਮੀਆਂ ਨੂੰ ਵਿਦੇਸ਼ੀ ਪੈਸਿਆਂ ਨੂੰ ਚੱਲਣਯੋਗ ਪੈਸਿਆਂ ਵਿਚ ਵਟਾਉਣਾ ਪੈਂਦਾ ਸੀ। ਆਪਣੀ ਕਿਤਾਬ ਮਸੀਹਾ ਯਿਸੂ ਦਾ ਜੀਵਨ ਅਤੇ ਸਮਾਂ (ਅੰਗ੍ਰੇਜ਼ੀ) ਵਿਚ, ਐਲਫ੍ਰੇਡ ਏਡਰਸ਼ਾਇਮ ਵਿਆਖਿਆ ਕਰਦਾ ਹੈ ਕਿ ਪੈਸਿਆਂ ਦਾ ਵਟਾਂਦਰਾ ਕਰਨ ਵਾਲੇ ਲੋਕ ਸੂਬਿਆਂ ਵਿਚ ਅਕਸਰ ਆਪਣਾ ਵਪਾਰ ਪਸਾਹ ਤੋਂ ਇਕ ਮਹੀਨਾ ਪਹਿਲਾਂ, ਅਦਾਰ 15 ਨੂੰ ਸ਼ੁਰੂ ਕਰਦੇ ਸਨ। ਅਦਾਰ 25 ਤੋਂ ਸ਼ੁਰੂ ਕਰਦੇ ਹੋਏ, ਉਹ ਯਹੂਦੀਆਂ ਅਤੇ ਨਵ-ਧਰਮੀਆਂ ਦੀ ਆਉਣ ਵਾਲੀ ਵੱਡੀ ਗਿਣਤੀ ਦਾ ਲਾਹਾ ਲੈਣ ਲਈ ਯਰੂਸ਼ਲਮ ਦੀ ਹੈਕਲ ਦੇ ਅੰਦਰ ਚਲੇ ਜਾਂਦੇ ਸਨ। ਦਲਾਲਾਂ ਦਾ ਧੰਦਾ ਫਲਦਾ-ਫੁੱਲਦਾ ਸੀ, ਅਤੇ ਉਹ ਪੈਸੇ ਦੇ ਹਰ ਸਿੱਕੇ ਦੇ ਵਟਾਂਦਰੇ ਦੀ ਫ਼ੀਸ ਵਸੂਲ ਕਰਦੇ ਸਨ। ਯਿਸੂ ਦਾ ਉਨ੍ਹਾਂ ਨੂੰ ਡਾਕੂ ਕਹਿਣਾ ਸੰਕੇਤ ਕਰਦਾ ਹੈ ਕਿ ਉਨ੍ਹਾਂ ਦੀ ਫ਼ੀਸ ਇੰਨੀ ਜ਼ਿਆਦਾ ਸੀ ਕਿ ਅਸਲ ਵਿਚ ਉਹ ਗ਼ਰੀਬਾਂ ਤੋਂ ਪੈਸੇ ਮੁੱਛ ਰਹੇ ਸਨ।
ਕੁਝ ਲੋਕ ਬਲੀ ਚੜ੍ਹਾਉਣ ਲਈ ਆਪਣੇ ਪਸ਼ੂ ਨਹੀਂ ਲਿਆ ਸਕਦੇ ਸਨ। ਜੋ ਕੋਈ ਵੀ ਪਸ਼ੂ ਲਿਆਉਂਦਾ ਸੀ, ਉਸ ਨੂੰ ਹੈਕਲ ਦੇ ਨਿਰੀਖਕ ਕੋਲੋਂ ਪਸ਼ੂ ਦੀ ਜਾਂਚ ਕਰਵਾਉਣੀ ਪੈਂਦੀ ਸੀ, ਜਿਸ ਲਈ ਫ਼ੀਸ ਦੇਣੀ ਪੈਂਦੀ ਸੀ। ਇੰਨੀ ਦੂਰੋਂ ਪਸ਼ੂ ਨੂੰ ਲਿਆ ਕੇ ਉਸ ਦੇ ਰੱਦੇ ਜਾਣ ਤੋਂ ਬਚਣ ਲਈ, ਬਹੁਤ ਸਾਰੇ ਲੋਕ ਹੈਕਲ ਦੇ ਭ੍ਰਿਸ਼ਟ ਦਲਾਲਾਂ ਕੋਲੋਂ ਲੇਵੀਆਂ ਦੁਆਰਾ “ਮਨਜ਼ੂਰਸ਼ੁਦਾ” ਪਸ਼ੂ ਖ਼ਰੀਦ ਲੈਂਦੇ ਸਨ। “ਬਹੁਤ ਸਾਰੇ ਗ਼ਰੀਬ ਕਿਸਾਨਾਂ ਦੀ ਚੰਗੀ ਤਰ੍ਹਾਂ ਛਿੱਲ ਲ੍ਹਾਈ ਜਾਂਦੀ ਸੀ,” ਇਕ ਵਿਦਵਾਨ ਕਹਿੰਦਾ ਹੈ।
ਸਬੂਤ ਦਿਖਾਉਂਦਾ ਹੈ ਕਿ ਹੈਕਲ ਦੇ ਵਪਾਰੀਆਂ ਨੂੰ ਕਾਇਮ ਰੱਖਣ ਵਿਚ ਸਾਬਕਾ ਪ੍ਰਧਾਨ ਜਾਜਕ ਅੰਨਾਸ ਅਤੇ ਉਸ ਦੇ ਪਰਿਵਾਰ ਦਾ ਹੱਥ ਸੀ। ਰਾਬਿਨੀ ਲਿਖਤਾਂ “ਅੰਨਾਸ ਦੇ ਪੁੱਤਰਾਂ ਦੇ [ਹੈਕਲ] ਬਾਜ਼ਾਰਾਂ” ਬਾਰੇ ਦੱਸਦੀਆਂ ਹਨ। ਹੈਕਲ ਦੇ ਅੰਦਰ ਪੈਸਿਆਂ ਦਾ ਵਟਾਂਦਰਾ ਕਰਨ ਵਾਲਿਆਂ ਅਤੇ ਪਸ਼ੂ ਵੇਚਣ ਵਾਲਿਆਂ ਤੋਂ ਮਿਲਿਆ ਪੈਸਾ ਉਨ੍ਹਾਂ ਦੀ ਆਮਦਨੀ ਦਾ ਇਕ ਮੁੱਖ ਸੋਮਾ ਸੀ। ਇਕ ਵਿਦਵਾਨ ਕਹਿੰਦਾ ਹੈ ਕਿ ਯਿਸੂ ਦਾ ਵਪਾਰੀਆਂ ਨੂੰ ਕੱਢਣਾ “ਜਾਜਕਾਂ ਦੀ ਇੱਜ਼ਤ ਉੱਤੇ ਹੀ ਹਮਲਾ ਨਹੀਂ ਸੀ ਪਰ ਉਨ੍ਹਾਂ ਦੀਆਂ ਜੇਬਾਂ ਉੱਤੇ ਵੀ ਹਮਲਾ ਸੀ।” ਭਾਵੇਂ ਜੋ ਵੀ ਕਾਰਨ ਸੀ, ਉਸ ਦੇ ਵੈਰੀ ਯਕੀਨਨ ਉਸ ਨੂੰ ਮਾਰਨਾ ਚਾਹੁੰਦੇ ਸਨ!—ਲੂਕਾ 19:45-48.
[ਸਫ਼ੇ 4 ਉੱਤੇ ਚਾਰਟ]
ਯਿਸੂ ਦੇ ਮਨੁੱਖੀ ਜੀਵਨ ਦੇ ਆਖ਼ਰੀ ਦਿਨ
ਨੀਸਾਨ 33 ਸਾ.ਯੁ. ਘਟਨਾਵਾਂ ਸਰਬ ਮਹਾਨ ਮਨੁੱਖ*
7 ਸ਼ੁੱਕਰਵਾਰ ਯਿਸੂ ਅਤੇ ਉਸ ਦੇ ਚੇਲੇ ਯਰੀਹੋ ਤੋਂ ਯਰੂਸ਼ਲਮ 101, ਪੈਰਾ 1
ਨੂੰ ਸਫ਼ਰ ਕਰਦੇ ਹਨ (ਨੀਸਾਨ 7 ਐਤਵਾਰ,
ਅਪ੍ਰੈਲ 5, 1998, ਨਾਲ ਮੇਲ ਖਾਂਦਾ ਹੈ, ਭਾਵੇਂ ਕਿ
ਇਬਰਾਨੀ ਦਿਨ ਸ਼ਾਮ ਨੂੰ ਸ਼ੁਰੂ ਹੋ ਕੇ ਅਗਲੇ ਦਿਨ
ਦੀ ਸ਼ਾਮ ਨੂੰ ਖ਼ਤਮ ਹੁੰਦੇ ਸਨ)
8 ਸ਼ੁੱਕਰਵਾਰ ਸ਼ਾਮ ਯਿਸੂ ਅਤੇ ਉਸ ਦੇ ਚੇਲੇ ਬੈਤਅਨੀਆ 101, ਪੈਰੇ 2-4
ਪਹੁੰਚਦੇ ਹਨ;ਸਬਤ ਸ਼ੁਰੂ ਹੁੰਦਾ ਹੈ
ਸਿਨੱਚਰਵਾਰ ਸਬਤ (ਸੋਮਵਾਰ, ਅਪ੍ਰੈਲ 6, 1998) 101, ਪੈਰਾ 4
9 ਸਿਨੱਚਰਵਾਰ ਸ਼ਾਮ ਸ਼ਮਊਨ ਕੋੜ੍ਹੀ ਦੇ ਨਾਲ ਭੋਜਨ; ਮਰਿਯਮ 101, ਪੈਰੇ 5-9
ਯਿਸੂ ਨੂੰ ਜਟਾਮਾਸੀ ਅਤਰ ਨਾਲ ਮਸਹ ਕਰਦੀ ਹੈ;
ਬਹੁਤ ਸਾਰੇ ਲੋਕ ਯਰੂਸ਼ਲਮ ਤੋਂ ਯਿਸੂ ਨੂੰ ਦੇਖਣ ਅਤੇ
ਉਸ ਦੀਆਂ ਗੱਲਾਂ ਸੁਣਨ ਲਈ ਆਉਂਦੇ ਹਨ
ਐਤਵਾਰ ਯਰੂਸ਼ਲਮ ਵਿਚ ਵਿਜਈ ਪ੍ਰਵੇਸ਼; ਹੈਕਲ ਵਿਚ
ਸਿਖਾਉਂਦਾ ਹੈ 102
10 ਸੋਮਵਾਰ ਤੜਕੇ ਹੀ ਯਰੂਸ਼ਲਮ ਨੂੰ ਜਾਂਦਾ ਹੈ; 103, 104
ਹੈਕਲ ਨੂੰ ਸਾਫ਼ ਕਰਦਾ ਹੈ;
ਯਹੋਵਾਹ ਸਵਰਗ ਤੋਂ ਬੋਲਦਾ ਹੈ
11 ਮੰਗਲਵਾਰ ਯਰੂਸ਼ਲਮ ਵਿਚ, ਹੈਕਲ ਵਿਚ ਦ੍ਰਿਸ਼ਟਾਂਤਾਂ ਦਾ ਪ੍ਰਯੋਗ 105 ਤੋਂ 112,
ਕਰਦੇ ਹੋਏ ਸਿਖਾਉਂਦਾ ਹੈ; ਫ਼ਰੀਸੀਆਂ ਨੂੰ ਨਿੰਦਦਾ ਹੈ; ਪੈਰਾ 1 ਤਕ
ਵਿਧਵਾ ਦੇ ਦਾਨ ਨੂੰ ਦੇਖਦਾ ਹੈ; ਆਪਣੀ ਭਾਵੀ
ਮੌਜੂਦਗੀ ਦੇ ਲੱਛਣ ਬਾਰੇ ਦੱਸਦਾ ਹੈ
12 ਬੁੱਧਵਾਰ ਬੈਤਅਨੀਆ ਵਿਚ ਚੇਲਿਆਂ ਨਾਲ ਇਕੱਲਿਆਂ ਹੀ ਦਿਨ 112,
ਬਿਤਾਉਂਦਾ ਹੈ; ਯਹੂਦਾ ਉਸ ਨੂੰ ਫੜਵਾਉਣ ਦਾ ਪ੍ਰਬੰਧ ਕਰਦਾ ਹੈ ਪੈਰੇ 2-4
13 ਵੀਰਵਾਰ ਪਤਰਸ ਅਤੇ ਯੂਹੰਨਾ ਯਰੂਸ਼ਲਮ ਵਿਚ 112,
ਪਸਾਹ ਦੀ ਤਿਆਰੀ ਕਰਦੇ ਹਨ; ਪੈਰਾ 5 ਤੋਂ 113,
ਯਿਸੂ ਅਤੇ ਦੂਸਰੇ ਦਸ ਰਸੂਲ ਦੇਰ ਦੁਪਹਿਰ ਨੂੰ ਪੈਰਾ 1 ਤਕ
ਉੱਥੇ ਜਾਂਦੇ ਹਨ
(ਸਿਨੱਚਰਵਾਰ, ਅਪ੍ਰੈਲ 11, 1998)
14 ਵੀਰਵਾਰ ਸ਼ਾਮ ਪਸਾਹ ਦਾ ਤਿਉਹਾਰ; ਯਿਸੂ ਆਪਣੇ ਰਸੂਲਾਂ ਦੇ 113,
ਪੈਰ ਧੋਂਦਾ ਹੈ; ਯਹੂਦਾ ਯਿਸੂ ਨੂੰ ਫੜਵਾਉਣ ਲਈ ਰਾ 2 ਤੋਂ
ਚਲਾ ਜਾਂਦਾ ਹੈ; ਮਸੀਹ ਆਪਣੀ ਮੌਤ ਦੇ ਸਮਾਰਕ ਦੀ 117 ਤਕ
ਸਥਾਪਨਾ ਕਰਦਾ ਹੈ (ਸੂਰਜ ਡੁੱਬਣ ਤੋਂ ਬਾਅਦ
ਸਿਨੱਚਰਵਾਰ, ਅਪ੍ਰੈਲ 11, 1998)
ਅੱਧੀ ਰਾਤ ਗਥਸਮਨੀ ਦੇ ਬਾਗ਼ ਵਿਚ ਵਿਸ਼ਵਾਸਘਾਤ ਅਤੇ 118 ਤੋਂ
ਤੋਂ ਬਾਅਦ ਗਿਰਫ਼ਤਾਰੀ; ਰਸੂਲ ਭੱਜ ਜਾਂਦੇ ਹਨ; 120 ਤਕ
ਪ੍ਰਧਾਨ ਜਾਜਕਾਂ ਅਤੇਮਹਾਸਭਾ ਸਾਮ੍ਹਣੇ ਮੁਕੱਦਮਾ;
ਪਤਰਸ ਯਿਸੂ ਦਾ ਇਨਕਾਰ ਕਰਦਾ ਹੈ
ਸ਼ੁੱਕਰਵਾਰ ਦੁਬਾਰਾ ਮਹਾਸਭਾ ਸਾਮ੍ਹਣੇ; ਪਿਲਾਤੁਸ ਕੋਲ, ਫਿਰ 121 ਤੋਂ
ਸੂਰਜ ਚੜ੍ਹਨ ਤੋਂ ਹੇਰੋਦੇਸ ਕੋਲ, ਅਤੇ ਫਿਰ ਦੁਬਾਰਾ ਪਿਲਾਤੁਸ ਕੋਲ; 127, ਪੈਰਾ
ਸੂਰਜ ਡੁੱਬਣ ਤਕ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ; ਸੂਲੀ ਤੇ 7 ਤਕ
ਚੜ੍ਹਾਇਆ ਜਾਂਦਾ ਹੈ; ਦਫ਼ਨਾਇਆ ਜਾਂਦਾ ਹੈ
15 ਸਿਨੱਚਰਵਾਰ ਸਬਤ; ਪਿਲਾਤੁਸ ਯਿਸੂ ਦੀ ਕਬਰ ਉੱਤੇ ਪਹਿਰੇਦਾਰਾਂ 127,
ਨੂੰ ਤਾਇਨਾਤ ਕਰਨ ਦੀ ਇਜਾਜ਼ਤ ਦਿੰਦਾ ਹੈ ਪੈਰੇ 8-10
16 ਐਤਵਾਰ ਯਿਸੂ ਪੁਨਰ-ਉਥਿਤ ਕੀਤਾ ਜਾਂਦਾ ਹੈ 128
* ਇੱਥੇ ਸੂਚੀਬੱਧ ਕੀਤੇ ਗਏ ਨੰਬਰ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਪੁਸਤਕ ਦੇ ਅਧਿਆਵਾਂ ਦੇ ਨੰਬਰ ਹਨ। ਯਿਸੂ ਦੀ ਆਖ਼ਰੀ ਸੇਵਕਾਈ ਸੰਬੰਧੀ ਵਿਸਤ੍ਰਿਤ ਸ਼ਾਸਤਰ-ਸੰਬੰਧੀ ਹਵਾਲਿਆਂ ਦੇ ਚਾਰਟ ਲਈ, ‘ਪੂਰਾ ਸ਼ਾਸਤਰ ਪਰਮੇਸ਼ੁਰ ਤੋਂ ਪ੍ਰੇਰਿਤ ਹੈ ਅਤੇ ਲਾਭਕਾਰੀ ਹੈ’ (ਅੰਗ੍ਰੇਜ਼ੀ), ਸਫ਼ਾ 290 ਦੇਖੋ। ਇਹ ਪੁਸਤਕਾਂ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।