ਪਾਠਕਾਂ ਦੇ ਸਵਾਲ
ਕੀ ਅਸੀਂ ਹਮੇਸ਼ਾ ਦੀ ਜ਼ਿੰਦਗੀ ਤੋਂ ਅੱਕ ਨਹੀਂ ਜਾਵਾਂਗੇ?
▪ ਬਾਈਬਲ ਇਨਸਾਨਾਂ ਨੂੰ ਨਵੀਂ ਦੁਨੀਆਂ ਵਿਚ ਹਮੇਸ਼ਾ ਲਈ ਜੀਣ ਦੀ ਉਮੀਦ ਦਿੰਦੀ ਹੈ ਜਿੱਥੇ ਉਹ ਸੋਹਣੀ ਧਰਤੀ ʼਤੇ ਸੁੱਖ-ਸ਼ਾਂਤੀ ਨਾਲ ਰਹਿਣਗੇ। (ਜ਼ਬੂਰਾਂ ਦੀ ਪੋਥੀ 37:29) ਕੀ ਇਸ ਵਧੀਆ ਮਾਹੌਲ ਵਿਚ ਜੀ ਕੇ ਇਨਸਾਨ ਅੱਕ ਨਹੀਂ ਜਾਣਗੇ?
ਇਹ ਸਵਾਲ ਪੁੱਛਣਾ ਢੁਕਵਾਂ ਹੈ। ਖੋਜਕਾਰਾਂ ਨੇ ਦੇਖਿਆ ਹੈ ਕਿ ਜਦ ਕੋਈ ਆਪਣੀ ਜ਼ਿੰਦਗੀ ਤੋਂ ਬੋਰ ਹੋ ਜਾਂਦਾ ਹੈ, ਤਾਂ ਉਹ ਪਰੇਸ਼ਾਨ ਤੇ ਨਿਰਾਸ਼ ਹੋ ਜਾਂਦਾ ਹੈ ਅਤੇ ਖ਼ਤਰੇ ਭਰੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੁੰਦਾ ਜਾਂ ਜਿਹੜੇ ਲੋਕ ਰੋਜ਼ ਦੀ ਰੁਟੀਨ ਤੋਂ ਥੱਕ ਜਾਂਦੇ ਹਨ, ਉਹੀ ਬੋਰ ਹੁੰਦੇ ਹਨ। ਕੀ ਨਵੀਂ ਦੁਨੀਆਂ ਵਿਚ ਲੋਕਾਂ ਦੀ ਜ਼ਿੰਦਗੀ ਦਾ ਕੋਈ ਮਕਸਦ ਹੋਵੇਗਾ? ਕੀ ਉਹ ਰੋਜ਼ ਦੀ ਰੁਟੀਨ ਤੋਂ ਅੱਕ ਨਹੀਂ ਜਾਣਗੇ?
ਬਾਈਬਲ ਦਾ ਲਿਖਵਾਉਣ ਵਾਲਾ ਯਹੋਵਾਹ ਪਰਮੇਸ਼ੁਰ ਹੀ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦਿੰਦਾ ਹੈ। (ਯੂਹੰਨਾ 3:16; 2 ਤਿਮੋਥਿਉਸ 3:16) ਪਰਮੇਸ਼ੁਰ ਦਾ ਮੁੱਖ ਗੁਣ ਪਿਆਰ ਹੈ। (1 ਯੂਹੰਨਾ 4:8) ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਤੇ ਉਹੀ ਸਾਨੂੰ ਹਰ ਚੰਗੀ ਦਾਤ ਦਿੰਦਾ ਹੈ ਤਾਂਕਿ ਅਸੀਂ ਜ਼ਿੰਦਗੀ ਦਾ ਮਜ਼ਾ ਲੈ ਸਕੀਏ।—ਯਾਕੂਬ 1:17.
ਸਾਡਾ ਸਿਰਜਣਹਾਰ ਜਾਣਦਾ ਹੈ ਕਿ ਖ਼ੁਸ਼ ਹੋਣ ਲਈ ਸਾਨੂੰ ਆਪਣੀ ਮਿਹਨਤ ਦਾ ਫਲ ਮਿਲਣਾ ਜ਼ਰੂਰੀ ਹੈ। (ਜ਼ਬੂਰਾਂ ਦੀ ਪੋਥੀ 139:14-16; ਉਪਦੇਸ਼ਕ ਦੀ ਪੋਥੀ 3:12) ਨਵੀਂ ਦੁਨੀਆਂ ਵਿਚ ਇਨਸਾਨ ਰੋਬੋਟ ਵਾਂਗ ਕੰਮ ਨਹੀਂ ਕਰਨਗੇ। ਉਹ ਅਜਿਹਾ ਕੰਮ ਕਰਨਗੇ ਜਿਸ ਤੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਫ਼ਾਇਦਾ ਹੋਵੇਗਾ। (ਯਸਾਯਾਹ 65:22-24) ਜੇ ਤੁਹਾਡੇ ਕੋਲ ਦਿਲਚਸਪ ਕੰਮ ਹੋਵੇ ਜੋ ਤੁਸੀਂ ਖ਼ੁਸ਼ੀ ਨਾਲ ਕਰਦੇ ਹੋ, ਤਾਂ ਕੀ ਤੁਸੀਂ ਅੱਕ ਜਾਓਗੇ?
ਯਹੋਵਾਹ ਪਰਮੇਸ਼ੁਰ ਕਿਸੇ ਵੀ ਐਰੇ-ਗੈਰੇ ਨੂੰ ਨਵੀਂ ਦੁਨੀਆਂ ਵਿਚ ਰਹਿਣ ਨਹੀਂ ਦੇਵੇਗਾ। ਹਮੇਸ਼ਾ ਦੀ ਜ਼ਿੰਦਗੀ ਸਿਰਫ਼ ਉਨ੍ਹਾਂ ਨੂੰ ਹੀ ਮਿਲੇਗੀ ਜੋ ਉਸ ਦੇ ਪੁੱਤਰ ਯਿਸੂ ਦੀ ਰੀਸ ਕਰਦੇ ਹਨ। (ਯੂਹੰਨਾ 17:3) ਜਦ ਯਿਸੂ ਧਰਤੀ ʼਤੇ ਸੀ, ਤਾਂ ਉਸ ਨੂੰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਸੀ। ਉਸ ਨੇ ਆਪਣੇ ਚੇਲਿਆਂ ਨੂੰ ਆਪਣੀ ਕਹਿਣੀ ਤੇ ਕਰਨੀ ਰਾਹੀਂ ਸਿਖਾਇਆ ਕਿ ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ। (ਰਸੂਲਾਂ ਦੇ ਕਰਤੱਬ 20:35) ਨਵੀਂ ਦੁਨੀਆਂ ਵਿਚ ਸਾਰੇ ਜਣੇ ਰੱਬ ਤੇ ਦੂਸਰੇ ਲੋਕਾਂ ਨੂੰ ਪਿਆਰ ਕਰਨ ਦੇ ਯਿਸੂ ਦੇ ਦੋ ਹੁਕਮਾਂ ਨੂੰ ਮੰਨਣਗੇ। (ਮੱਤੀ 22:36-40) ਜ਼ਰਾ ਸੋਚੋ ਕਿ ਤੁਹਾਡੇ ਆਲੇ-ਦੁਆਲੇ ਉਹੀ ਲੋਕ ਹੋਣਗੇ ਜੋ ਤੁਹਾਨੂੰ ਪਿਆਰ ਕਰਦੇ ਹਨ ਤੇ ਆਪਣੇ ਕੰਮ ਦਾ ਮਜ਼ਾ ਲੈਂਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅਜਿਹੇ ਲੋਕਾਂ ਨਾਲ ਰਹਿ ਕੇ ਬੋਰ ਹੋ ਜਾਓਗੇ?
ਨਵੀਂ ਦੁਨੀਆਂ ਵਿਚ ਅਸੀਂ ਹੋਰ ਕੀ ਕਰਾਂਗੇ? ਹਰ ਰੋਜ਼ ਸਾਨੂੰ ਆਪਣੇ ਸਿਰਜਣਹਾਰ ਬਾਰੇ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਖੋਜਕਾਰਾਂ ਨੇ ਪਹਿਲਾਂ ਹੀ ਯਹੋਵਾਹ ਦੀ ਰਚਨਾ ਬਾਰੇ ਕਈ ਮਾਅਰਕੇ ਵਾਲੀਆਂ ਗੱਲਾਂ ਸਿੱਖੀਆਂ ਹਨ। (ਰੋਮੀਆਂ 1:20) ਫਿਰ ਵੀ ਉਨ੍ਹਾਂ ਨੇ ਯਹੋਵਾਹ ਦੀ ਰਚਨਾ ਦੀ ਬਹੁਤ ਥੋੜ੍ਹੀ ਸਮਝ ਹਾਸਲ ਕੀਤੀ ਹੈ। ਹਜ਼ਾਰਾਂ ਸਾਲ ਪਹਿਲਾਂ ਰੱਬ ਦੇ ਭਗਤ ਅੱਯੂਬ ਨੇ ਕਿਹਾ: “ਏਹ [ਰੱਬ] ਦੇ ਰਾਹਾਂ ਦੇ ਕੰਢੇ ਹੀ ਹਨ, ਅਤੇ ਅਸੀਂ ਉਹ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ! ਪਰ ਉਹ ਦੀ ਸਮਰੱਥਾ ਦੀ ਗਰਜ ਕੌਣ ਸਮਝ ਸੱਕਦਾ ਹੈ?” (ਅੱਯੂਬ 26:14) ਭਾਵੇਂ ਅੱਯੂਬ ਨੂੰ ਰੱਬ ਦੇ ਕੰਮਾਂ ਬਾਰੇ ਪਤਾ ਸੀ, ਪਰ ਉਸ ਦਾ ਗਿਆਨ ਬਹੁਤ ਥੋੜ੍ਹਾ ਸੀ। ਇਹ ਗੱਲ ਅੱਜ ਵੀ ਸੱਚ ਹੈ।
ਅਸੀਂ ਭਾਵੇਂ ਜਿੰਨੇ ਮਰਜ਼ੀ ਸਾਲ ਜ਼ਿੰਦਾ ਰਹੀਏ ਫਿਰ ਵੀ ਅਸੀਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਕੰਮਾਂ ਬਾਰੇ ਸਾਰਾ ਕੁਝ ਨਹੀਂ ਜਾਣ ਸਕਾਂਗੇ। ਬਾਈਬਲ ਕਹਿੰਦੀ ਹੈ ਕਿ ਰੱਬ ਨੇ ਸਾਡੇ ਦਿਲਾਂ ਅੰਦਰ ਹਮੇਸ਼ਾ ਲਈ ਜੀਣ ਦੀ ਇੱਛਾ ਪਾਈ ਹੈ। ਪਰ ਬਾਈਬਲ ਇਹ ਵੀ ਕਹਿੰਦੀ ਹੈ ਕਿ “ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ।” (ਉਪਦੇਸ਼ਕ ਦੀ ਪੋਥੀ 3:10, 11) ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਿਰਜਣਹਾਰ ਬਾਰੇ ਨਵੀਆਂ ਤੋਂ ਨਵੀਆਂ ਗੱਲਾਂ ਸਿੱਖ ਕੇ ਬੋਰ ਹੋ ਜਾਓਗੇ?
ਅੱਜ ਵੀ ਜਿਹੜੇ ਲੋਕ ਦੂਸਰਿਆਂ ਦੇ ਫ਼ਾਇਦੇ ਤੇ ਰੱਬ ਦੀ ਵਡਿਆਈ ਲਈ ਕੰਮ ਕਰਦੇ ਹਨ ਉਹ ਕਦੇ ਅੱਕਦੇ ਨਹੀਂ। ਜੇ ਅਸੀਂ ਵੀ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਜ਼ਿੰਦਗੀ ਤੋਂ ਕਦੇ ਬੋਰ ਨਹੀਂ ਹੋਵਾਂਗੇ ਚਾਹੇ ਅਸੀਂ ਹਮੇਸ਼ਾ ਲਈ ਜੀਉਂਦੇ ਰਹੀਏ। (w11-E 05/01)
[ਸਫ਼ਾ 22 ਉੱਤੇ ਤਸਵੀਰਾਂ ਦੀਆਂ ਕ੍ਰੈਡਿਟ ਲਾਈਨਾਂ]
Earth: Image Science and Analysis Laboratory, NASA-Johnson Space Center; Galaxy: The Hubble Heritage Team (AURA/STScI/NASA)