ਕੀ ਜੋਸੀਫ਼ਸ ਨੇ ਇਹ ਸੱਚ-ਮੁੱਚ ਲਿਖਿਆ ਸੀ?
ਯਹੂਦੀ ਪੁਰਾਤਨ ਸਭਿਆਚਾਰ ਕਿਤਾਬ 20 (ਅੰਗ੍ਰੇਜ਼ੀ) ਵਿਚ ਪਹਿਲੀ ਸਦੀ ਦੇ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਨੇ ਯਾਕੂਬ ਦੀ ਮੌਤ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ: “ਯਾਕੂਬ ਉਸੇ ਯਿਸੂ ਦਾ ਭਰਾ ਸੀ ਜਿਸ ਨੂੰ ਮਸੀਹ ਕਿਹਾ ਜਾਂਦਾ ਸੀ।” ਕਈ ਵਿਦਵਾਨ ਮੰਨਦੇ ਹਨ ਕਿ ਇਹ ਗੱਲ ਜੋਸੀਫ਼ਸ ਨੇ ਲਿਖੀ ਸੀ। ਪਰ ਕਈ ਵਿਦਵਾਨ ਇਸੇ ਕਿਤਾਬ ਵਿਚ ਜੋਸੀਫ਼ਸ ਦੁਆਰਾ ਮਸੀਹ ਬਾਰੇ ਲਿਖੀ ਇਕ ਹੋਰ ਗੱਲ ʼਤੇ ਸ਼ੱਕ ਕਰਦੇ ਹਨ। ਇਹ ਗੱਲ ਹੈ:
“ਉਸ ਵੇਲੇ ਯਿਸੂ ਨਾਂ ਦਾ ਇਕ ਬੁੱਧੀਮਾਨ ਆਦਮੀ ਹੋਇਆ ਸੀ। ਉਹ ਕੋਈ ਆਮ ਇਨਸਾਨ ਨਹੀਂ ਸੀ ਕਿਉਂਕਿ ਉਸ ਨੇ ਬਹੁਤ ਸਾਰੇ ਹੈਰਾਨ ਕਰਨ ਵਾਲੇ ਕੰਮ ਕੀਤੇ ਸਨ। ਲੋਕਾਂ ਨੇ ਖ਼ੁਸ਼ੀ-ਖ਼ੁਸ਼ੀ ਉਸ ਦੀਆਂ ਸਿੱਖਿਆਵਾਂ ਸੁਣੀਆਂ। ਬਹੁਤ ਸਾਰੇ ਯਹੂਦੀ ਤੇ ਗ਼ੈਰ-ਯਹੂਦੀ ਲੋਕ ਉਸ ਵੱਲ ਖਿੱਚੇ ਗਏ। ਉਹ ਮਸੀਹ ਸੀ; ਸਾਡੇ ਮੰਨੇ-ਪ੍ਰਮੰਨੇ ਆਗੂਆਂ ਦੇ ਕਹਿਣ ਤੇ ਪਿਲਾਤੁਸ ਨੇ ਉਸ ਨੂੰ ਸਲੀਬ ʼਤੇ ਟੰਗਿਆ ਸੀ। ਜਿਹੜੇ ਲੋਕ ਉਸ ਨੂੰ ਪਿਆਰ ਕਰਦੇ ਸਨ ਉਨ੍ਹਾਂ ਨੇ ਉਸ ਦਾ ਸਾਥ ਨਹੀਂ ਛੱਡਿਆ। ਉਹ ਤੀਜੇ ਦਿਨ ਜੀਉਂਦਾ ਹੋ ਕੇ ਉਨ੍ਹਾਂ ਨੂੰ ਦੁਬਾਰਾ ਮਿਲਿਆ ਜਿਵੇਂ ਪਰਮੇਸ਼ੁਰ ਦੇ ਨਬੀਆਂ ਨੇ ਕਿਹਾ ਸੀ ਤੇ ਉਸ ਬਾਰੇ ਹੋਰ ਵੀ ਹਜ਼ਾਰਾਂ ਗੱਲਾਂ ਦੱਸੀਆਂ ਸਨ। ਮਸੀਹ ਦੇ ਚੇਲੇ ਮਸੀਹੀ ਕਹਾਏ ਜਾਂਦੇ ਹਨ ਅਤੇ ਉਹ ਅੱਜ ਵੀ ਹਨ।”—ਯਹੂਦੀ ਪੁਰਾਤਨ ਸਭਿਆਚਾਰ, ਕਿਤਾਬ 18, ਅਧਿਆਇ 3, ਪੈਰਾ 3.
ਸੋਲ੍ਹਵੀਂ ਸਦੀ ਦੇ ਅਖ਼ੀਰਲੇ ਕੁਝ ਸਾਲਾਂ ਤੋਂ ਇਹ ਬਹਿਸ ਛਿੜੀ ਹੋਈ ਹੈ ਕਿ ਜੋਸੀਫ਼ਸ ਨੇ ਇਹ ਗੱਲ ਲਿਖੀ ਸੀ ਜਾਂ ਨਹੀਂ। ਫਰਾਂਸੀਸੀ ਇਤਿਹਾਸਕਾਰ ਤੇ ਪੁਰਾਣੇ ਸਾਹਿੱਤ ਦੇ ਮਾਹਰ ਸਰਜ਼ ਬਾਦੈ ਨੇ ਚਾਰ ਸਦੀਆਂ ਤੋਂ ਉਲਝੀ ਇਸ ਗੁੱਥੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਆਪਣੀ ਖੋਜ ਬਾਰੇ ਇਕ ਕਿਤਾਬ ਵਿਚ ਲਿਖਿਆ।
ਜੋਸੀਫ਼ਸ ਮਸੀਹੀ ਸਿੱਖਿਆਵਾਂ ਨੂੰ ਮੰਨਣ ਵਾਲਾ ਲੇਖਕ ਨਹੀਂ ਸੀ। ਉਹ ਇਕ ਯਹੂਦੀ ਇਤਿਹਾਸਕਾਰ ਸੀ। ਇਸ ਲਈ ਬਹਿਸ ਇਸ ਗੱਲ ʼਤੇ ਹੈ ਕਿ ਉਸ ਨੇ ਯਿਸੂ ਨੂੰ “ਮਸੀਹ” ਕਿਉਂ ਕਿਹਾ ਸੀ। ਬਾਦੈ ਨੇ ਕਿਹਾ ਕਿ ਜੇ ਯਹੂਦੀਆਂ ਤੇ ਮਸੀਹੀਆਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ “ਜੋਸੀਫ਼ਸ ਦੁਆਰਾ ਸ਼ਬਦ ਮਸੀਹ [ਖ੍ਰਿਸਟੁਸ] ਵਰਤਣਾ ਕੋਈ ਅਣਹੋਣੀ ਗੱਲ ਨਹੀਂ ਹੈ।” ਉਸ ਨੇ ਦੱਸਿਆ ਕਿ ਆਲੋਚਕਾਂ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰਨ ਦੀ ਗ਼ਲਤੀ ਕੀਤੀ।
ਕੁਝ ਵਿਦਵਾਨ ਕਹਿੰਦੇ ਹਨ ਕਿ ਬਾਅਦ ਵਿਚ ਕਿਸੇ ਹੋਰ ਲਿਖਾਰੀ ਨੇ ਜੋਸੀਫ਼ਸ ਦੇ ਲਿਖਣ ਦੇ ਅੰਦਾਜ਼ ਦੀ ਨਕਲ ਕਰਦੇ ਹੋਏ ਉਸ ਦੀਆਂ ਲਿਖਤਾਂ ਵਿਚ ਇਹ ਗੱਲ ਸ਼ਾਮਲ ਕਰ ਦਿੱਤੀ। ਬਾਦੈ ਨੇ ਇਤਿਹਾਸਕ ਸਬੂਤਾਂ ਤੇ ਜੋਸੀਫ਼ਸ ਦੀ ਲਿਖਤ ਦੀ ਜਾਂਚ ਕਰ ਕੇ ਸਿੱਟਾ ਕੱਢਿਆ ਕਿ ਕਿਸੇ ਲਈ ਜੋਸੀਫ਼ਸ ਦੇ ਲਿਖਣ ਦੇ ਢੰਗ ਦੀ ਨਕਲ ਕਰਨੀ ਨਾਮੁਮਕਿਨ ਹੈ ਕਿਉਂਕਿ ਉਸ ਦੇ ਲਿਖਣ ਦਾ ਢੰਗ ਅਨੋਖਾ ਸੀ।
ਵਿਦਵਾਨ ਕਿਉਂ ਸ਼ੱਕ ਕਰਦੇ ਹਨ? ਬਾਦੈ ਦਾ ਕਹਿਣਾ ਹੈ ਕਿ ਬਹੁਤ ਸਾਰੇ ਵਿਦਵਾਨ ਹੋਰ ਜ਼ਿਆਦਾਤਰ ਪੁਰਾਣੀਆਂ ਲਿਖਤਾਂ ਨਾਲੋਂ ਇਸ ਲਿਖਤ ʼਤੇ ਜ਼ਿਆਦਾ ਸ਼ੱਕ ਕਰਦੇ ਹਨ ਕਿਉਂਕਿ ਉਹ ਇਹ ਵਿਸ਼ਵਾਸ ਨਹੀਂ ਕਰਨਾ ਚਾਹੁੰਦੇ ਕਿ ਯਿਸੂ ਮਸੀਹ ਸੀ। ਉਹ ਅੱਗੇ ਕਹਿੰਦਾ ਹੈ ਕਿ ਸਦੀਆਂ ਤੋਂ ਜਿਹੜੇ ਲੋਕ ਇਸ ਗੱਲ ʼਤੇ ਬਹਿਸ ਕਰਦੇ ਆਏ ਹਨ ਉਨ੍ਹਾਂ ਨੇ ਉਸ ਦੀ ਲਿਖਤ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ ਹੈ। ਲਿਖਤ ਦੀ ਜਾਂਚ ਕਰ ਕੇ ਪਤਾ ਲੱਗਦਾ ਹੈ ਕਿ ਜੋਸੀਫ਼ਸ ਨੇ ਇਹ ਗੱਲ ਲਿਖੀ ਸੀ।
ਇਹ ਬਾਅਦ ਵਿਚ ਪਤਾ ਲੱਗੇਗਾ ਕਿ ਬਾਦੈ ਨੇ ਜਾਂਚ ਕਰ ਕੇ ਜੋ ਨਤੀਜਾ ਕੱਢਿਆ ਹੈ ਉਸ ਕਰਕੇ ਜੋਸੀਫ਼ਸ ਦੀ ਲਿਖਤ ਬਾਰੇ ਵਿਦਵਾਨਾਂ ਦੀ ਰਾਇ ਬਦਲੇਗੀ ਜਾਂ ਨਹੀਂ। ਪਰ ਉਸ ਦੀ ਜਾਂਚ ਦਾ ਅਸਰ ਮੰਨੇ-ਪ੍ਰਮੰਨੇ ਵਿਦਵਾਨ ਪੀਏਰ ਜ਼ੀਓਲਟ੍ਰਾਂ ʼਤੇ ਪਿਆ ਜੋ ਯੂਨਾਨੀ ਸਭਿਆਚਾਰ ਨਾਲ ਪ੍ਰਭਾਵਿਤ ਯਹੂਦੀ ਧਰਮ ਦਾ ਅਤੇ ਪਹਿਲੀ ਸਦੀ ਦੇ ਮਸੀਹੀ ਧਰਮ ਦਾ ਅਧਿਐਨ ਕਰਦਾ ਹੈ। ਉਹ ਪਹਿਲਾਂ ਮੰਨਦਾ ਸੀ ਕਿ ਕਿਸੇ ਨੇ ਜੋਸੀਫ਼ਸ ਦੀ ਲਿਖਤ ਵਿਚ ਆਪਣੀਆਂ ਗੱਲਾਂ ਪਾਈਆਂ ਸਨ ਤੇ ਉਹ ਉਨ੍ਹਾਂ ਲੋਕਾਂ ਦਾ ਮਜ਼ਾਕ ਉਡਾਉਂਦਾ ਸੀ ਜੋ ਇਸ ਲਿਖਤ ʼਤੇ ਵਿਸ਼ਵਾਸ ਕਰਦੇ ਸਨ। ਪਰ ਹੁਣ ਉਸ ਦੀ ਰਾਇ ਬਦਲ ਗਈ ਹੈ। ਉਹ ਮੰਨਦਾ ਹੈ ਕਿ ਬਾਦੈ ਨੇ ਜੋ ਸਿੱਟਾ ਕੱਢਿਆ, ਉਸ ਕਰਕੇ ਹੀ ਉਸ ਦੀ ਰਾਇ ਬਦਲੀ ਹੈ। ਜ਼ੀਓਲਟ੍ਰਾਂ ਨੇ ਹੁਣ ਕਿਹਾ ਕਿ “ਕਿਸੇ ਨੂੰ ਵੀ ਇਸ ਗੱਲ ʼਤੇ ਸ਼ੱਕ ਕਰਨ ਦੀ ਜੁਰਅਤ ਨਹੀਂ ਕਰਨੀ ਚਾਹੀਦੀ ਕਿ ਜੋਸੀਫ਼ਸ ਦੀ ਗਵਾਹੀ ਪੱਕੀ ਹੈ।”
ਪਰ ਯਿਸੂ ਨੂੰ ਮਸੀਹ ਮੰਨਣ ਲਈ ਯਹੋਵਾਹ ਦੇ ਗਵਾਹਾਂ ਨੂੰ ਕਿਸੇ ਹੋਰ ਦੀ ਗਵਾਹੀ ਦੀ ਲੋੜ ਨਹੀਂ ਹੈ। ਉਨ੍ਹਾਂ ਲਈ ਬਾਈਬਲ ਦੀ ਗਵਾਹੀ ਸਭ ਤੋਂ ਪੱਕੀ ਹੈ।—2 ਤਿਮੋ. 3:16.