ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w14 1/15 ਸਫ਼ੇ 27-31
  • “ਤੇਰਾ ਰਾਜ ਆਵੇ”—ਪਰ ਕਦੋਂ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਤੇਰਾ ਰਾਜ ਆਵੇ”—ਪਰ ਕਦੋਂ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਘੋੜਸਵਾਰ ਆ ਚੁੱਕੇ ਹਨ
  • ਦਿਨ-ਬਦਿਨ ਵਧਦੀ ਬੁਰਾਈ
  • ਇਹ ਪੀੜ੍ਹੀ ਕੀ ਦੇਖੇਗੀ?
  • ਬਹੁਤ ਜਲਦ ਮਸੀਹ ਪੂਰੀ ਤਰ੍ਹਾਂ ਜਿੱਤ ਹਾਸਲ ਕਰੇਗਾ
  • ਪਰਮੇਸ਼ੁਰ ਦਾ ਮਕਸਦ ਜਲਦੀ ਹੀ ਪੂਰਾ ਹੋਵੇਗਾ
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
  • ‘ਸੰਸਾਰ ਦਾ ਅੰਤ’ ਨਜ਼ਦੀਕ ਹੈ!
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
w14 1/15 ਸਫ਼ੇ 27-31
ਯਿਸੂ ਮਸੀਹ ਤਾਜ ਪਹਿਨੇ ਹੋਏ ਇਕ ਚਿੱਟੇ ਘੋੜੇ ’ਤੇ ਸਵਾਰ

“ਤੇਰਾ ਰਾਜ ਆਵੇ”—ਪਰ ਕਦੋਂ?

“ਜਦ ਤੁਸੀਂ ਇਹ ਸਭ ਕੁਝ ਹੁੰਦਾ ਦੇਖੋ, ਤਾਂ ਸਮਝ ਜਾਣਾ ਕਿ ਮਨੁੱਖ ਦਾ ਪੁੱਤਰ ਲਾਗੇ ਆ ਗਿਆ ਹੈ, ਸਗੋਂ ਉਹ ਦਰਵਾਜ਼ੇ ʼਤੇ ਹੈ।”​—ਮੱਤੀ 24:33.

ਤੁਸੀਂ ਕੀ ਜਵਾਬ ਦਿਓਗੇ?

1914 ਤੋਂ ਵਾਪਰ ਰਹੀਆਂ ਘਟਨਾਵਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ?

ਪਹਿਲਾਂ ਨਾਲੋਂ ਅੱਜ ਲੋਕ ਬੁਰੇ ਤੋਂ ਬੁਰੇ ਕਿਉਂ ਹੁੰਦੇ ਜਾ ਰਹੇ ਹਨ?

ਅੰਤ ਨੇੜੇ ਆਉਂਦਾ ਦੇਖ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

1, 2. (ੳ) ਸ਼ਾਇਦ ਕਦੀ-ਕਦੀ ਸਾਨੂੰ ਕੋਈ ਚੀਜ਼ ਦਿਖਾਈ ਕਿਉਂ ਨਹੀਂ ਦਿੰਦੀ? (ਅ) ਪਰਮੇਸ਼ੁਰ ਦੇ ਰਾਜ ਬਾਰੇ ਸਾਨੂੰ ਕੀ ਪਤਾ ਹੈ?

ਜੇ ਤੁਸੀਂ ਲੋਕਾਂ ਨੂੰ ਕਿਸੇ ਅੱਖੀਂ ਦੇਖੀ ਘਟਨਾ ਬਾਰੇ ਪੁੱਛੋ, ਤਾਂ ਅਕਸਰ ਉਨ੍ਹਾਂ ਨੂੰ ਉਸ ਘਟਨਾ ਬਾਰੇ ਇੱਕੋ ਜਿਹੀਆਂ ਗੱਲਾਂ ਚੇਤੇ ਨਹੀਂ ਰਹਿੰਦੀਆਂ। ਜਾਂ ਕਿਸੇ ਲਈ ਆਪਣੀ ਬੀਮਾਰੀ ਬਾਰੇ ਡਾਕਟਰ ਦੀ ਕਹੀ ਹਰ ਗੱਲ ਯਾਦ ਰੱਖਣੀ ਔਖੀ ਹੋ ਸਕਦੀ ਹੈ। ਜਾਂ ਸ਼ਾਇਦ ਕਿਸੇ ਨੂੰ ਮੋਹਰੇ ਪਈਆਂ ਚਾਬੀਆਂ ਜਾਂ ਐਨਕਾਂ ਦਿਖਾਈ ਨਾ ਦੇਣ। ਪਰ ਇੱਦਾਂ ਕਿਉਂ ਹੁੰਦਾ ਹੈ? ਖੋਜਕਾਰਾਂ ਮੁਤਾਬਕ ਇਹ ਇਕ ਤਰ੍ਹਾਂ ਦਾ ਅੰਨ੍ਹਾਪਣ ਹੈ। ਉਹ ਮੰਨਦੇ ਹਨ ਕਿ ਹੋਰ ਕੰਮਾਂ ਵਿਚ ਬਿਜ਼ੀ ਹੋਣ ਕਰਕੇ ਅਕਸਰ ਅਸੀਂ ਗੱਲਾਂ ਭੁੱਲ ਜਾਂਦੇ ਹਾਂ ਜਾਂ ਸਾਨੂੰ ਸਾਮ੍ਹਣੇ ਪਈਆਂ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ। ਉਹ ਕਹਿੰਦੇ ਹਨ ਕਿ ਇਨਸਾਨ ਇਕ ਸਮੇਂ ʼਤੇ ਇਕ ਹੀ ਕੰਮ ਵੱਲ ਧਿਆਨ ਲਾ ਸਕਦਾ ਹੈ।

2 ਇਸੇ ਤਰ੍ਹਾਂ ਅੱਜ ਕਈ ਲੋਕ ਇਕ ਤਰ੍ਹਾਂ ਨਾਲ ਅੰਨ੍ਹੇ ਹਨ ਕਿਉਂਕਿ ਉਹ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਮਤਲਬ ਨਹੀਂ ਸਮਝਦੇ। ਸ਼ਾਇਦ ਉਹ ਇਹ ਗੱਲ ਤਾਂ ਮੰਨਣ ਕਿ 1914 ਤੋਂ ਦੁਨੀਆਂ ਕਾਫ਼ੀ ਬਦਲ ਗਈ ਹੈ, ਪਰ ਉਹ ਇਨ੍ਹਾਂ ਘਟਨਾਵਾਂ ਦਾ ਮਤਲਬ ਨਹੀਂ ਸਮਝਦੇ। ਬਾਈਬਲ ਦੀ ਸਟੱਡੀ ਕਰਨ ਨਾਲ ਸਾਨੂੰ ਪਤਾ ਲੱਗਾ ਹੈ ਕਿ ਪਰਮੇਸ਼ੁਰ ਦਾ ਰਾਜ 1914 ਵਿਚ ਆਇਆ ਜਦ ਯਿਸੂ ਸਵਰਗ ਵਿਚ ਰਾਜਾ ਬਣਿਆ। ਪਰ ਅਸੀਂ ਤਾਂ ਅਜੇ ਵੀ ਇਹ ਪ੍ਰਾਰਥਨਾ ਕਰਦੇ ਹਾਂ: “ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:10) ਕਿਉਂ? ਕਿਉਂਕਿ ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ ਜਦ ਇਹ ਬੁਰੀ ਦੁਨੀਆਂ ਖ਼ਤਮ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਪਰਮੇਸ਼ੁਰ ਦੀ ਇੱਛਾ ਧਰਤੀ ਉੱਤੇ ਪੂਰੀ ਹੋਵੇਗੀ ਜਿੱਦਾਂ ਸਵਰਗ ਵਿਚ ਪੂਰੀ ਹੁੰਦੀ ਹੈ।

3. ਬਾਈਬਲ ਦੀ ਸਟੱਡੀ ਕਰਨ ਨਾਲ ਸਾਨੂੰ ਕੀ ਪਤਾ ਲੱਗਾ ਹੈ?

3 ਪਰਮੇਸ਼ੁਰ ਦੇ ਬਚਨ ਦੀ ਲਗਾਤਾਰ ਸਟੱਡੀ ਕਰਨ ਨਾਲ ਸਾਨੂੰ ਪਤਾ ਲੱਗਾ ਹੈ ਕਿ ਅੱਜ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ। ਪਰ ਸਾਡੇ ਤੋਂ ਉਲਟ ਦੁਨੀਆਂ ਦੇ ਲੋਕ ਆਪਣੇ ਕੰਮਾਂ-ਕਾਰਾਂ ਵਿਚ ਹੱਦੋਂ ਵਧ ਰੁੱਝੇ ਹੋਏ ਹਨ। ਉਹ ਇਨ੍ਹਾਂ ਸਬੂਤਾਂ ਨੂੰ ਅਣਗੌਲਿਆਂ ਕਰਦੇ ਹਨ ਕਿ ਮਸੀਹ 1914 ਤੋਂ ਸਵਰਗ ਵਿਚ ਰਾਜ ਕਰ ਰਿਹਾ ਹੈ ਅਤੇ ਬਹੁਤ ਜਲਦ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰੇਗਾ। ਪਰ ਜ਼ਰਾ ਇਸ ਸਵਾਲ ਬਾਰੇ ਸੋਚੋ: ਜੇ ਤੁਸੀਂ ਕਈ ਸਾਲਾਂ ਤੋਂ ਪਰਮੇਸ਼ੁਰ ਦੀ ਸੇਵਾ ਕਰਦੇ ਆਏ ਹੋ, ਤਾਂ ਕੀ ਤੁਹਾਨੂੰ ਅਜੇ ਵੀ ਪੂਰਾ ਯਕੀਨ ਹੈ ਕਿ ਸਾਡੇ ਸਮੇਂ ਵਿਚ ਵਾਪਰ ਰਹੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਇਸ ਬੁਰੀ ਦੁਨੀਆਂ ਦਾ ਅੰਤ ਨੇੜੇ ਹੈ? ਜੇ ਤੁਸੀਂ ਸੱਚਾਈ ਵਿਚ ਨਵੇਂ-ਨਵੇਂ ਹੋ, ਤਾਂ ਤੁਸੀਂ ਕਿਨ੍ਹਾਂ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹੋ? ਤੁਹਾਡਾ ਜਵਾਬ ਭਾਵੇਂ ਜੋ ਵੀ ਹੋਵੇ, ਤੁਸੀਂ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਪਰਮੇਸ਼ੁਰ ਦਾ ਚੁਣਿਆ ਰਾਜਾ ਧਰਤੀ ʼਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜਲਦੀ ਕਦਮ ਚੁੱਕੇਗਾ। ਆਓ ਆਪਾਂ ਇਸ ਬਾਰੇ ਤਿੰਨ ਖ਼ਾਸ ਕਾਰਨਾਂ ʼਤੇ ਗੌਰ ਕਰੀਏ।

ਘੋੜਸਵਾਰ ਆ ਚੁੱਕੇ ਹਨ

4, 5. (ੳ) ਯਿਸੂ 1914 ਤੋਂ ਕੀ ਕਰ ਰਿਹਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਤਿੰਨ ਘੋੜਸਵਾਰ ਕਿਸ ਗੱਲ ਦੀ ਨਿਸ਼ਾਨੀ ਸਨ ਅਤੇ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ ਹੈ?

4 ਚਿੱਟੇ ਘੋੜੇ ʼਤੇ ਸਵਾਰ ਯਿਸੂ ਮਸੀਹ ਨੂੰ 1914 ਵਿਚ ਪਰਮੇਸ਼ੁਰ ਦੇ ਰਾਜ ਦਾ ਮੁਕਟ ਮਿਲਿਆ। ਇਸ ਤੋਂ ਇਕਦਮ ਬਾਅਦ ਉਹ ਸ਼ੈਤਾਨ ਦੀ ਬੁਰੀ ਦੁਨੀਆਂ ਉੱਤੇ ਪੂਰੀ ਤਰ੍ਹਾਂ ਜਿੱਤ ਹਾਸਲ ਕਰਨ ਲਈ ਨਿਕਲ ਤੁਰਿਆ। (ਪ੍ਰਕਾਸ਼ ਦੀ ਕਿਤਾਬ 6:1, 2 ਪੜ੍ਹੋ।) ਪ੍ਰਕਾਸ਼ ਦੀ ਕਿਤਾਬ ਦੇ 6ਵੇਂ ਅਧਿਆਇ ਦੀ ਭਵਿੱਖਬਾਣੀ ਮੁਤਾਬਕ ਪਰਮੇਸ਼ੁਰ ਦਾ ਰਾਜ ਸ਼ੁਰੂ ਹੋ ਜਾਣ ਤੋਂ ਬਾਅਦ ਦੁਨੀਆਂ ਦੇ ਹਾਲਾਤ ਛੇਤੀ ਵਿਗੜ ਜਾਣੇ ਸਨ। ਇਸ ਭਵਿੱਖਬਾਣੀ ਵਿਚ ਯਿਸੂ ਮਸੀਹ ਦੇ ਪਿੱਛੇ ਆ ਰਹੇ ਤਿੰਨ ਘੋੜਸਵਾਰ ਇਸ ਗੱਲ ਦੀ ਨਿਸ਼ਾਨੀ ਸਨ ਕਿ ਲੜਾਈਆਂ, ਕਾਲ਼, ਬੀਮਾਰੀਆਂ ਅਤੇ ਹੋਰ ਕਾਰਨਾਂ ਕਰਕੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਣੀ ਸੀ।​—ਪ੍ਰਕਾ. 6:3-8.

5 ਭਵਿੱਖਬਾਣੀ ਵਿਚ ਇਹ ਵੀ ਦੱਸਿਆ ਗਿਆ ਸੀ ਕਿ “ਧਰਤੀ ਉੱਤੋਂ ਸ਼ਾਂਤੀ ਖ਼ਤਮ” ਹੋ ਜਾਵੇਗੀ। ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ? ਉਸ ਸਮੇਂ ਬਹੁਤ ਸਾਰੀਆਂ ਕੌਮਾਂ ਨੇ ਵਾਅਦਾ ਕੀਤਾ ਸੀ ਕਿ ਉਹ ਮਿਲ ਕੇ ਕੰਮ ਕਰਨਗੀਆਂ ਅਤੇ ਸ਼ਾਂਤੀ ਕਾਇਮ ਰੱਖਣਗੀਆਂ, ਪਰ ਇੱਦਾਂ ਨਹੀਂ ਹੋਇਆ। ਮਿਸਾਲ ਲਈ, ਪਹਿਲੇ ਵਿਸ਼ਵ ਯੁੱਧ ਨੇ ਧਰਤੀ ਤੋਂ ਸ਼ਾਂਤੀ ਖ਼ਤਮ ਕਰ ਦਿੱਤੀ ਜੋ ਕਿ ਦੁਨੀਆਂ ਨੂੰ ਤਬਾਹ ਕਰਨ ਵਾਲੇ ਯੁੱਧਾਂ ਵਿੱਚੋਂ ਇਕ ਸੀ। ਹਾਲਾਂਕਿ 1914 ਤੋਂ ਦੁਨੀਆਂ ਨੇ ਆਰਥਿਕ ਤੇ ਵਿਗਿਆਨਕ ਪੱਖੋਂ ਬਹੁਤ ਤਰੱਕੀ ਕੀਤੀ ਹੈ, ਫਿਰ ਵੀ ਖਾਣੇ ਦੀ ਕਮੀ ਕਰਕੇ ਦੁਨੀਆਂ ਦੀ ਸੁਰੱਖਿਆ ਖ਼ਤਰੇ ਵਿਚ ਹੈ। ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ‘ਜਾਨਲੇਵਾ ਬੀਮਾਰੀਆਂ,’ ਕੁਦਰਤੀ ਆਫ਼ਤਾਂ ਅਤੇ ਹੋਰ ਮੁਸੀਬਤਾਂ ਕਾਰਨ ਹਰ ਸਾਲ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ। ਇਤਿਹਾਸ ਵਿਚ ਵਾਪਰੀਆਂ ਹੋਰ ਘਟਨਾਵਾਂ ਨਾਲੋਂ ਸਾਡੇ ਜ਼ਮਾਨੇ ਵਿਚ ਇਹ ਘਟਨਾਵਾਂ ਜ਼ਿਆਦਾ ਖ਼ਤਰਨਾਕ ਹਨ, ਵਾਰ-ਵਾਰ ਹੁੰਦੀਆਂ ਹਨ ਅਤੇ ਜ਼ਿਆਦਾ ਲੋਕਾਂ ਦੀਆਂ ਜਾਨਾਂ ਲੈਂਦੀਆਂ ਹਨ। ਕੀ ਤੁਸੀਂ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਲੈਂਦੇ ਹੋ?

ਪ੍ਰਕਾਸ਼ ਦੀ ਕਿਤਾਬ ਵਿਚ ਦੱਸੇ ਚਾਰ ਘੋੜਸਵਾਰਾਂ ਵਿੱਚੋਂ ਤਿੰਨ ਘੋੜਸਵਾਰ

ਘੋੜਸਵਾਰਾਂ ਕਰਕੇ ਦੁਨੀਆਂ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾਣਗੇ (ਪੈਰੇ 4, 5 ਦੇਖੋ)

6. ਕਿਨ੍ਹਾਂ ਨੇ ਬਾਈਬਲ ਦੀਆਂ ਭਵਿੱਖਬਾਣੀਆਂ ਵੱਲ ਧਿਆਨ ਲਾਇਆ ਅਤੇ ਇਨ੍ਹਾਂ ਦੇ ਪੂਰਾ ਹੋਣ ʼਤੇ ਉਨ੍ਹਾਂ ਨੇ ਕੀ ਕੀਤਾ?

6 ਦੁਨੀਆਂ ਦੇ ਲੋਕਾਂ ਦਾ ਧਿਆਨ ਇਸ ਗੱਲ ʼਤੇ ਸੀ ਕਿ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਅਤੇ ਸਪੈਨਿਸ਼ ਫਲੂ ਹਰ ਪਾਸੇ ਫੈਲ ਗਿਆ ਸੀ। ਪਰ ਦੂਜੇ ਪਾਸੇ ਚੁਣੇ ਹੋਏ ਮਸੀਹੀ ਇਹ ਗੱਲ ਦੇਖਣ ਲਈ ਬੜੇ ਉਤਾਵਲੇ ਸਨ ਕਿ 1914 ਵਿਚ ਗ਼ੈਰ-ਯਹੂਦੀ “ਕੌਮਾਂ ਦਾ ਮਿਥਿਆ ਸਮਾਂ ਪੂਰਾ” ਹੋ ਜਾਵੇਗਾ। (ਲੂਕਾ 21:24) ਹਾਲਾਂਕਿ ਉਨ੍ਹਾਂ ਨੂੰ ਪੱਕਾ ਪਤਾ ਨਹੀਂ ਸੀ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਕਿਵੇਂ ਪੂਰੀਆਂ ਹੋਣਗੀਆਂ, ਪਰ ਉਹ ਇੰਨਾ ਜ਼ਰੂਰ ਜਾਣਦੇ ਸਨ ਕਿ 1914 ਵਿਚ ਪਰਮੇਸ਼ੁਰ ਦੇ ਰਾਜ ਬਾਰੇ ਕੋਈ ਖ਼ਾਸ ਘਟਨਾ ਵਾਪਰੇਗੀ। ਫਿਰ ਜਦ ਚੁਣੇ ਹੋਏ ਮਸੀਹੀਆਂ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਦੇ ਪੂਰਾ ਹੋਣ ਦੀ ਸਮਝ ਆਈ, ਤਾਂ ਉਨ੍ਹਾਂ ਨੇ ਦਲੇਰੀ ਨਾਲ ਐਲਾਨ ਕੀਤਾ ਕਿ ਪਰਮੇਸ਼ੁਰ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਜਿੱਦਾਂ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ, ਕਈ ਦੇਸ਼ਾਂ ਵਿਚ ਰਾਜ ਦੇ ਪ੍ਰਚਾਰ ਕਰਕੇ ਉਨ੍ਹਾਂ ਨੂੰ ਸਖ਼ਤ ਵਿਰੋਧ ਸਹਿਣਾ ਪਿਆ। ਆਉਣ ਵਾਲੇ ਸਾਲਾਂ ਦੌਰਾਨ ਰਾਜ ਦੇ ਦੁਸ਼ਮਣਾਂ ਨੇ ‘ਅਨਿਆਂ ਨੂੰ ਕਾਨੂੰਨ ਦਾ ਰੂਪ ਦੇ ਕੇ’ ਉਨ੍ਹਾਂ ਨੂੰ ਮਾਰਿਆ-ਕੁੱਟਿਆ ਅਤੇ ਜੇਲ੍ਹਾਂ ਵਿਚ ਸੁੱਟ ਦਿੱਤਾ। ਕੁਝ ਭੈਣਾਂ-ਭਰਾਵਾਂ ਨੂੰ ਤਾਂ ਫਾਂਸੀ ਦੇ ਕੇ, ਗੋਲੀ ਮਾਰ ਕੇ ਜਾਂ ਉਨ੍ਹਾਂ ਦਾ ਸਿਰ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।​—ਭਜਨ 94:20, CL; ਪ੍ਰਕਾ. 12:15.

7. ਜ਼ਿਆਦਾਤਰ ਲੋਕ ਦੁਨੀਆਂ ਦੀਆਂ ਘਟਨਾਵਾਂ ਦਾ ਮਤਲਬ ਕਿਉਂ ਨਹੀਂ ਸਮਝਦੇ?

7 ਹਾਲਾਂਕਿ ਸਾਡੇ ਕੋਲ ਇੰਨੇ ਸਾਰੇ ਸਬੂਤ ਹਨ ਕਿ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਕਾਇਮ ਹੋ ਗਿਆ ਹੈ, ਤਾਂ ਵੀ ਜ਼ਿਆਦਾਤਰ ਲੋਕ ਇਹ ਗੱਲ ਕਿਉਂ ਨਹੀਂ ਮੰਨਦੇ? ਉਹ ਕਿਉਂ ਨਹੀਂ ਦੇਖ ਸਕਦੇ ਕਿ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਤੋਂ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ ਜਿਨ੍ਹਾਂ ਦਾ ਪਰਮੇਸ਼ੁਰ ਦੇ ਲੋਕ ਲੰਬੇ ਸਮੇਂ ਤੋਂ ਪ੍ਰਚਾਰ ਕਰਦੇ ਆਏ ਹਨ? ਕੀ ਉਹ ਸਿਰਫ਼ ਉਨ੍ਹਾਂ ਗੱਲਾਂ ʼਤੇ ਵਿਸ਼ਵਾਸ ਕਰਦੇ ਹਨ ਜੋ ਉਹ ਆਪਣੀ ਅੱਖੀਂ ਦੇਖਦੇ ਹਨ? (2 ਕੁਰਿੰ. 5:7) ਕੀ ਉਹ ਆਪਣੀ ਜ਼ਿੰਦਗੀ ਵਿਚ ਇੰਨੇ ਬਿਜ਼ੀ ਹਨ ਕਿ ਉਹ ਦੇਖ ਨਹੀਂ ਸਕਦੇ ਕਿ ਪਰਮੇਸ਼ੁਰ ਕੀ ਕਰ ਰਿਹਾ ਹੈ? (ਮੱਤੀ 24:37-39) ਕੀ ਸ਼ੈਤਾਨ ਨੇ ਉਨ੍ਹਾਂ ਦੀਆਂ ਅੱਖਾਂ ʼਤੇ ਪਰਦਾ ਪਾ ਕੇ ਉਨ੍ਹਾਂ ਨੂੰ ਦੁਨੀਆਂ ਦੇ ਕੰਮਾਂ ਵਿਚ ਫਸਾਇਆ ਹੋਇਆ ਹੈ? (2 ਕੁਰਿੰ. 4:4) ਪਰ ਸਾਨੂੰ ਨਿਹਚਾ ਰੱਖਦੇ ਹੋਏ ਮਨ ਦੀਆਂ ਅੱਖਾਂ ਨਾਲ ਇਹ ਦੇਖਣਾ ਚਾਹੀਦਾ ਹੈ ਕਿ ਸਵਰਗ ਵਿਚ ਕੀ ਹੋ ਰਿਹਾ ਹੈ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਦੁਨੀਆਂ ਦੇ ਲੋਕਾਂ ਵਾਂਗ ਅੰਨ੍ਹੇ ਨਹੀਂ ਹਾਂ!

ਦਿਨ-ਬਦਿਨ ਵਧਦੀ ਬੁਰਾਈ

8-10. (ੳ) 2 ਤਿਮੋਥਿਉਸ 3:1-5 ਦੀ ਭਵਿੱਖਬਾਣੀ ਕਿਵੇਂ ਪੂਰੀ ਹੋਈ ਹੈ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਲੋਕ ਦਿਨ-ਬਦਿਨ ਬੁਰੇ ਹੁੰਦੇ ਜਾ ਰਹੇ ਹਨ?

8 ਦੂਜਾ ਕਾਰਨ ਹੈ ਕਿ ਲੋਕ ਬੁਰੇ ਤੋਂ ਬੁਰੇ ਹੁੰਦੇ ਜਾ ਰਹੇ ਹਨ ਜਿਸ ਤੋਂ ਸਾਨੂੰ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਦਾ ਰਾਜ ਬਹੁਤ ਜਲਦ ਧਰਤੀ ʼਤੇ ਰਾਜ ਕਰੇਗਾ। 2 ਤਿਮੋਥਿਉਸ 3:1-5 ਵਿਚ ਦੱਸੀਆਂ ਗੱਲਾਂ ਤਕਰੀਬਨ 100 ਸਾਲਾਂ ਤੋਂ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਆਇਤਾਂ ਵਿਚ ਜ਼ਿਕਰ ਕੀਤਾ ਰਵੱਈਆ ਤੇ ਚਾਲ-ਚੱਲਣ ਪੂਰੀ ਦੁਨੀਆਂ ਦੇ ਲੋਕਾਂ ਵਿਚ ਫੈਲ ਰਿਹਾ ਹੈ। ਕੀ ਤੁਸੀਂ ਅੱਜ ਇਹ ਗੱਲਾਂ ਪੂਰੀਆਂ ਹੁੰਦੀਆਂ ਨਹੀਂ ਦੇਖਦੇ? ਆਓ ਆਪਾਂ ਕੁਝ ਮਿਸਾਲਾਂ ʼਤੇ ਗੌਰ ਕਰੀਏ ਜੋ ਸਾਨੂੰ ਇਸ ਗੱਲ ਦਾ ਪੱਕਾ ਸਬੂਤ ਦਿੰਦੀਆਂ ਹਨ।​—2 ਤਿਮੋਥਿਉਸ 3:1, 13 ਪੜ੍ਹੋ।

9 ਜ਼ਰਾ ਸੋਚੋ ਕਿ ਜੋ ਗੱਲਾਂ 1940-1950 ਦੇ ਦਹਾਕਿਆਂ ਵਿਚ ਲੋਕ ਸੁਣ ਕੇ ਹੈਰਾਨ ਰਹਿ ਜਾਂਦੇ ਸਨ, ਅੱਜ ਉਹ ਗੱਲਾਂ ਕੰਮ ਦੀ ਥਾਂ ʼਤੇ, ਮਨੋਰੰਜਨ, ਖੇਡਾਂ ਅਤੇ ਫ਼ੈਸ਼ਨ ਦੀ ਦੁਨੀਆਂ ਵਿਚ ਆਮ ਹੋ ਗਈਆਂ ਹਨ। ਅੱਜ ਲੋਕ ਜ਼ੁਲਮ ਤੇ ਗੰਦੇ ਕੰਮਾਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਹਨ। ਲੋਕ ਦੂਜਿਆਂ ਦਾ ਧਿਆਨ ਖਿੱਚਣ ਲਈ ਦਿਨ-ਬਦਿਨ ਵਹਿਸ਼ੀ, ਬਦਚਲਣ ਤੇ ਬੇਰਹਿਮ ਬਣਦੇ ਜਾ ਰਹੇ ਹਨ। 1950 ਦੇ ਦਹਾਕੇ ਵਿਚ ਟੀ. ਵੀ. ਦੇ ਜੋ ਪ੍ਰੋਗ੍ਰਾਮ ਗੰਦੇ ਮੰਨੇ ਜਾਂਦੇ ਸਨ, ਅੱਜ ਉਨ੍ਹਾਂ ਪ੍ਰੋਗ੍ਰਾਮਾਂ ਨੂੰ ਪਰਿਵਾਰ ਇਕੱਠੇ ਬੈਠ ਕੇ ਦੇਖਦੇ ਹਨ। ਆਦਮੀਆਂ ਦਾ ਆਦਮੀਆਂ ਨਾਲ ਤੇ ਔਰਤਾਂ ਦਾ ਔਰਤਾਂ ਨਾਲ ਗ਼ਲਤ ਸੰਬੰਧ ਰੱਖਣਾ ਆਮ ਗੱਲ ਹੋ ਗਈ ਹੈ ਅਤੇ ਫ਼ੈਸ਼ਨ ਤੇ ਮਨੋਰੰਜਨ ਦੀ ਦੁਨੀਆਂ ਵਿਚ ਅਜਿਹੇ ਲੋਕਾਂ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ। ਇਹ ਲੋਕ ਸ਼ਰੇਆਮ ਆਪਣੀ ਜ਼ਿੰਦਗੀ ਬਾਰੇ ਦੂਜਿਆਂ ਨੂੰ ਦੱਸਦੇ ਹਨ ਤਾਂਕਿ ਲੋਕ ਉਨ੍ਹਾਂ ਦੀ ਰਹਿਣੀ-ਬਹਿਣੀ ਨੂੰ ਸਹੀ ਮੰਨਣ। ਪਰ ਅਸੀਂ ਪਰਮੇਸ਼ੁਰ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਅਜਿਹੇ ਕੰਮਾਂ ਤੋਂ ਪਰੇ ਰਹਿਣਾ ਸਿਖਾਇਆ ਹੈ!​—ਯਹੂਦਾਹ 14, 15 ਪੜ੍ਹੋ।

10 ਜ਼ਰਾ ਸੋਚੋ ਕਿ 1950 ਦੇ ਦਹਾਕੇ ਵਿਚ ਜੇ ਬੱਚੇ ਸਿਗਰਟ, ਸ਼ਰਾਬ ਪੀਂਦੇ ਸਨ ਜਾਂ ਬੇਸ਼ਰਮ ਹੋ ਕੇ ਨੱਚਦੇ ਸਨ, ਤਾਂ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਸੀ। ਇੱਦਾਂ ਦੇ ਬੱਚਿਆਂ ਨੂੰ ਬਾਗ਼ੀ ਮੰਨਿਆ ਜਾਂਦਾ ਸੀ। ਪਰ ਅੱਜ ਦੇ ਨੌਜਵਾਨਾਂ ਬਾਰੇ ਕੀ? ਅਸੀਂ ਆਏ ਦਿਨ ਅਜਿਹੀਆਂ ਖ਼ਬਰਾਂ ਸੁਣਦੇ ਹਾਂ: ਇਕ 15-ਸਾਲਾਂ ਦੇ ਸਟੂਡੈਂਟ ਨੇ ਸਕੂਲੇ ਆਪਣੇ ਨਾਲ ਪੜ੍ਹਨ ਵਾਲਿਆਂ ʼਤੇ ਗੋਲੀਆਂ ਚਲਾਈਆਂ ਜਿਸ ਨਾਲ 2 ਬੱਚਿਆਂ ਦੀ ਮੌਤ ਹੋ ਗਈ ਤੇ 13 ਜ਼ਖ਼ਮੀ ਹੋ ਗਏ। ਕੁਝ ਅੱਲੜ੍ਹ ਉਮਰ ਦੇ ਮੁੰਡੇ-ਕੁੜੀਆਂ ਨੇ ਸ਼ਰਾਬ ਦੇ ਨਸ਼ੇ ਵਿਚ ਇਕ ਨੌਂ ਸਾਲਾਂ ਦੀ ਕੁੜੀ ਨੂੰ ਜਾਨੋਂ ਮਾਰ ਦਿੱਤਾ ਤੇ ਉਸ ਦੇ ਪਿਤਾ ਤੇ ਇਕ ਹੋਰ ਰਿਸ਼ਤੇਦਾਰ ਨੂੰ ਮਾਰਿਆ-ਕੁੱਟਿਆ। ਇਕ ਰਿਪੋਰਟ ਦੱਸਦੀ ਹੈ ਕਿ ਏਸ਼ੀਆ ਦੇ ਇਕ ਦੇਸ਼ ਵਿਚ ਪਿਛਲੇ 10 ਸਾਲਾਂ ਦੌਰਾਨ ਹੋਏ 50% ਅਪਰਾਧਾਂ ਲਈ ਨੌਜਵਾਨ ਜ਼ਿੰਮੇਵਾਰ ਹਨ। ਕੀ ਇਹ ਗੱਲਾਂ ਸੁਣ ਕੇ ਸਾਡੇ ਹੋਸ਼ ਨਹੀਂ ਉੱਡ ਜਾਂਦੇ? ਕੀ ਕੋਈ ਇਸ ਗੱਲੋਂ ਇਨਕਾਰ ਕਰ ਸਕਦਾ ਹੈ ਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ?

11. ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਕਿਉਂ ਨਹੀਂ ਹੈ ਕਿ ਹਾਲਾਤ ਵਿਗੜਦੇ ਜਾ ਰਹੇ ਹਨ?

11 ਪਤਰਸ ਰਸੂਲ ਨੇ ਸਹੀ ਕਿਹਾ ਸੀ: “ਅੰਤ ਦੇ ਦਿਨਾਂ ਵਿਚ ਮਖੌਲ ਉਡਾਉਣ ਵਾਲੇ ਲੋਕ ਚੰਗੀਆਂ ਗੱਲਾਂ ਦਾ ਮਖੌਲ ਉਡਾਉਣਗੇ ਅਤੇ ਉਹ ਆਪਣੀਆਂ ਇੱਛਾਵਾਂ ਮੁਤਾਬਕ ਚੱਲਣਗੇ ਅਤੇ ਕਹਿਣਗੇ: ‘ਉਸ ਨੇ ਆਉਣ ਦਾ ਵਾਅਦਾ ਕੀਤਾ ਸੀ। ਕਿੱਥੇ ਹੈ ਉਹ ਹੁਣ? ਸਾਡੇ ਦਾਦੇ-ਪੜਦਾਦੇ ਆਏ ਤੇ ਚਲੇ ਗਏ, ਪਰ ਦੁਨੀਆਂ ਦੇ ਬਣਨ ਤੋਂ ਹੁਣ ਤਕ ਸਭ ਕੁਝ ਉਸੇ ਤਰ੍ਹਾਂ ਚੱਲਦਾ ਆ ਰਿਹਾ ਹੈ।’” (2 ਪਤ. 3:3, 4) ਲੋਕ ਇੱਦਾਂ ਕਿਉਂ ਕਹਿੰਦੇ ਹਨ? ਕਿਉਂਕਿ ਜਦ ਕੋਈ ਗੱਲ ਵਾਰ-ਵਾਰ ਹੁੰਦੀ ਹੈ, ਤਾਂ ਲੋਕ ਉਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਮਿਸਾਲ ਲਈ, ਜੇ ਸਾਡੇ ਕਿਸੇ ਦੋਸਤ ਦਾ ਸੁਭਾਅ ਜਾਂ ਕੰਮ ਕਰਨ ਦਾ ਢੰਗ ਇਕਦਮ ਬਦਲ ਜਾਵੇ, ਤਾਂ ਸ਼ਾਇਦ ਅਸੀਂ ਹੈਰਾਨ ਰਹਿ ਜਾਈਏ। ਪਰ ਜਦ ਲੋਕਾਂ ਦੀ ਸੋਚ ਤੇ ਉਨ੍ਹਾਂ ਦਾ ਸਹੀ-ਗ਼ਲਤ ਬਾਰੇ ਨਜ਼ਰੀਆ ਹੌਲੀ-ਹੌਲੀ ਬਦਲਦਾ ਹੈ, ਤਾਂ ਸ਼ਾਇਦ ਅਸੀਂ ਇੰਨਾ ਧਿਆਨ ਨਾ ਦੇਈਏ। ਇਸੇ ਤਰ੍ਹਾਂ ਦੁਨੀਆਂ ਦੇ ਹਾਲਾਤ ਹੌਲੀ-ਹੌਲੀ ਬਦਲਦੇ ਜਾ ਰਹੇ ਹਨ, ਪਰ ਯਾਦ ਰੱਖੋ ਕਿ ਅਜਿਹੀ ਤਬਦੀਲੀ ਖ਼ਤਰੇ ਤੋਂ ਖਾਲੀ ਨਹੀਂ!

12, 13. (ੳ) ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? (ਅ) ਕਿਹੜੀ ਗੱਲ ਸਾਨੂੰ ਇਨ੍ਹਾਂ ਆਖ਼ਰੀ ਦਿਨਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰੇਗੀ?

12 ਪੌਲੁਸ ਰਸੂਲ ਨੇ ਸਾਨੂੰ ਖ਼ਬਰਦਾਰ ਕੀਤਾ ਕਿ ਇਨ੍ਹਾਂ ‘ਆਖ਼ਰੀ ਦਿਨਾਂ’ ਦਾ “ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।” (2 ਤਿਮੋ. 3:1) ਪਰ ਅਸੀਂ ਮੁਸ਼ਕਲਾਂ ਤੋਂ ਪਿੱਛੇ ਹਟਣ ਦੀ ਬਜਾਇ ਇਨ੍ਹਾਂ ਦਾ ਸਾਮ੍ਹਣਾ ਡਟ ਕੇ ਕਰ ਸਕਦੇ ਹਾਂ। ਕਿਵੇਂ? ਯਹੋਵਾਹ, ਉਸ ਦੀ ਪਵਿੱਤਰ ਸ਼ਕਤੀ ਅਤੇ ਮਸੀਹੀ ਮੰਡਲੀ ਦੀ ਮਦਦ ਨਾਲ। ਨਿਰਾਸ਼ਾ ਜਾਂ ਡਰ ʼਤੇ ਕਾਬੂ ਪਾ ਕੇ ਅਸੀਂ ਵਫ਼ਾਦਾਰ ਰਹਿ ਸਕਦੇ ਹਾਂ। ਯਾਦ ਰੱਖੋ ਕਿ ਅਸੀਂ ਇਹ ‘ਆਪਣੀ ਤਾਕਤ ਨਾਲ ਨਹੀਂ, ਸਗੋਂ ਪਰਮੇਸ਼ੁਰ ਤੋਂ ਮਿਲਦੀ ਤਾਕਤ’ ਨਾਲ ਹੀ ਕਰ ਸਕਦੇ ਹਾਂ।​—2 ਕੁਰਿੰ. 4:7-10.

13 ਗੌਰ ਕਰੋ ਕਿ ਪੌਲੁਸ ਨੇ ਆਖ਼ਰੀ ਦਿਨਾਂ ਬਾਰੇ ਭਵਿੱਖਬਾਣੀ ਕਰਨ ਤੋਂ ਪਹਿਲਾਂ ਕਿਹਾ: “ਜਾਣ ਲੈ।” ਇਹ ਸ਼ਬਦ ਇਸ ਗੱਲ ਦੀ ਗਾਰੰਟੀ ਹਨ ਕਿ ਜੋ ਗੱਲਾਂ ਉਸ ਨੇ ਅੱਗੇ ਕਹੀਆਂ ਉਹ ਜ਼ਰੂਰ ਪੂਰੀਆਂ ਹੋਣਗੀਆਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਦ ਤਕ ਯਹੋਵਾਹ ਇਸ ਬੁਰੀ ਦੁਨੀਆਂ ਦਾ ਅੰਤ ਨਹੀਂ ਕਰਦਾ ਤਦ ਤਕ ਇਨਸਾਨ ਬੁਰੇ ਤੋਂ ਬੁਰੇ ਹੁੰਦੇ ਜਾਣਗੇ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿੱਦਾਂ-ਜਿੱਦਾਂ ਸਮਾਜ ਵਿਚ ਸਹੀ-ਗ਼ਲਤ ਦੇ ਮਿਆਰ ਡਿੱਗਦੇ ਜਾਂਦੇ ਹਨ ਉੱਦਾਂ-ਉੱਦਾਂ ਦੇਸ਼ ਬਰਬਾਦ ਹੁੰਦੇ ਜਾਂਦੇ ਹਨ। ਪਰ ਇੱਦਾਂ ਪਹਿਲੀ ਵਾਰ ਹੋਇਆ ਹੈ ਕਿ ਪੂਰੀ ਦੁਨੀਆਂ ਦੇ ਲੋਕਾਂ ਦਾ ਚਾਲ-ਚਲਣ ਇੰਨਾ ਵਿਗੜ ਗਿਆ ਹੈ। ਭਾਵੇਂ ਲੋਕਾਂ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ, ਫਿਰ ਵੀ 1914 ਤੋਂ ਵਾਪਰੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਅਸੀਂ ਇਕ ਖ਼ਾਸ ਸਮੇਂ ਵਿਚ ਜੀ ਰਹੇ ਹਾਂ। ਇਸ ਲਈ ਸਾਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਦਾ ਰਾਜ ਜਲਦੀ ਬੁਰਾਈ ਨੂੰ ਜੜ੍ਹੋਂ ਉਖਾੜ ਦੇਵੇਗਾ।

ਇਹ ਪੀੜ੍ਹੀ ਕੀ ਦੇਖੇਗੀ?

14-16. ਸਾਡੇ ਇਹ ਮੰਨਣ ਦਾ ਤੀਜਾ ਕਾਰਨ ਕੀ ਹੈ ਕਿ ਪਰਮੇਸ਼ੁਰ ਦਾ ਰਾਜ ਛੇਤੀ ਆਵੇਗਾ?

14 ਤੀਜਾ ਕਾਰਨ ਇਹ ਹੈ ਕਿ ਪਰਮੇਸ਼ੁਰ ਦੇ ਲੋਕਾਂ ਦਾ ਇਤਿਹਾਸ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਅੰਤ ਦਰਵਾਜ਼ੇ ʼਤੇ ਹੈ। ਮਿਸਾਲ ਲਈ, ਜਦ ਸਵਰਗ ਵਿਚ ਪਰਮੇਸ਼ੁਰ ਦਾ ਰਾਜ ਅਜੇ ਕਾਇਮ ਨਹੀਂ ਸੀ ਹੋਇਆ, ਤਾਂ ਵੀ ਕੁਝ ਚੁਣੇ ਹੋਏ ਮਸੀਹੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਹੇ ਸਨ। ਜਦ 1914 ਵਿਚ ਉਨ੍ਹਾਂ ਦੀਆਂ ਉਮੀਦਾਂ ਮੁਤਾਬਕ ਭਵਿੱਖਬਾਣੀਆਂ ਪੂਰੀਆਂ ਨਹੀਂ ਹੋਈਆਂ, ਤਾਂ ਉਨ੍ਹਾਂ ਨੇ ਕੀ ਕੀਤਾ? ਉਨ੍ਹਾਂ ਵਿੱਚੋਂ ਜ਼ਿਆਦਾਤਰ ਭੈਣ-ਭਰਾ ਵਫ਼ਾਦਾਰ ਰਹੇ ਅਤੇ ਅਜ਼ਮਾਇਸ਼ਾਂ ਤੇ ਸਤਾਹਟ ਦੇ ਬਾਵਜੂਦ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹੇ। ਆਉਣ ਵਾਲੇ ਸਾਲਾਂ ਦੌਰਾਨ ਉਨ੍ਹਾਂ ਚੁਣੇ ਹੋਏ ਮਸੀਹੀਆਂ ਵਿੱਚੋਂ ਜ਼ਿਆਦਾਤਰ ਜਾਂ ਸ਼ਾਇਦ ਸਾਰੇ ਹੀ ਧਰਤੀ ʼਤੇ ਆਪਣੀ ਜ਼ਿੰਦਗੀ ਪੂਰੀ ਕਰਨ ਚੁੱਕੇ ਹਨ।

15 ਯਿਸੂ ਨੇ ਯੁਗ ਦੇ ਆਖ਼ਰੀ ਸਮੇਂ ਬਾਰੇ ਭਵਿੱਖਬਾਣੀ ਕਰਦੇ ਹੋਏ ਕਿਹਾ: “ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਇਹ ਸਾਰੀਆਂ ਘਟਨਾਵਾਂ ਜ਼ਰੂਰ ਵਾਪਰਨਗੀਆਂ।” (ਮੱਤੀ 24:33-35 ਪੜ੍ਹੋ।) ਜਦ ਯਿਸੂ ਨੇ “ਇਸ ਪੀੜ੍ਹੀ” ਦਾ ਜ਼ਿਕਰ ਕੀਤਾ, ਤਾਂ ਉਹ ਚੁਣੇ ਹੋਏ ਮਸੀਹੀਆਂ ਦੇ ਦੋ ਗਰੁੱਪਾਂ ਬਾਰੇ ਗੱਲ ਕਰ ਰਿਹਾ ਸੀ। ਪਹਿਲੇ ਗਰੁੱਪ ਵਾਲੇ ਮਸੀਹੀ 1914 ਵਿਚ ਜ਼ਿੰਦਾ ਸਨ ਅਤੇ ਉਹ ਸਮਝ ਗਏ ਸਨ ਕਿ ਉਸ ਸਾਲ ਤੋਂ ਮਸੀਹ ਦੀ ਮੌਜੂਦਗੀ ਦੀ ਨਿਸ਼ਾਨੀ ਦਿਖਾਈ ਦੇਣ ਲੱਗੀ। ਹਾਂ, ਇਹ ਮਸੀਹੀ 1914 ਵਿਚ ਸਿਰਫ਼ ਜੀਉਂਦੇ ਹੀ ਨਹੀਂ ਸਨ, ਸਗੋਂ ਉਨ੍ਹਾਂ ਨੂੰ ਉਸ ਸਾਲ ਜਾਂ ਉਸ ਤੋਂ ਪਹਿਲਾਂ ਪਵਿੱਤਰ ਸ਼ਕਤੀ ਨਾਲ ਪਰਮੇਸ਼ੁਰ ਦੇ ਪੁੱਤਰਾਂ ਵਜੋਂ ਚੁਣਿਆ ਵੀ ਗਿਆ ਸੀ।​—ਰੋਮੀ. 8:14-17.

16 “ਇਸ ਪੀੜ੍ਹੀ” ਦੇ ਦੂਜੇ ਗਰੁੱਪ ਵਿਚ ਕੌਣ ਸ਼ਾਮਲ ਹਨ? ਉਹ ਚੁਣੇ ਹੋਏ ਮਸੀਹੀ ਜੋ ਪਹਿਲੇ ਗਰੁੱਪ ਵਾਲੇ ਮਸੀਹੀਆਂ ਦੇ ਧਰਤੀ ʼਤੇ ਜੀਉਂਦੇ-ਜੀ ਸਿਰਫ਼ ਜ਼ਿੰਦਾ ਹੀ ਨਹੀਂ ਸਨ, ਸਗੋਂ ਉਨ੍ਹਾਂ ਨੂੰ ਪਹਿਲੇ ਗਰੁੱਪ ਦੇ ਕੁਝ ਮੈਂਬਰਾਂ ਦੀ ਜ਼ਿੰਦਗੀ ਦੌਰਾਨ ਪਵਿੱਤਰ ਸ਼ਕਤੀ ਨਾਲ ਚੁਣਿਆ ਵੀ ਗਿਆ ਸੀ। ਪਰ ਅੱਜ ਹਰ ਚੁਣਿਆ ਹੋਇਆ ਮਸੀਹੀ ਯਿਸੂ ਦੀ ਜ਼ਿਕਰ ਕੀਤੀ “ਇਸ ਪੀੜ੍ਹੀ” ਯਾਨੀ ਪਹਿਲੇ ਜਾਂ ਦੂਜੇ ਗਰੁੱਪ ਵਿਚ ਸ਼ਾਮਲ ਨਹੀਂ ਹੈ। ਹੁਣ ਦੂਜੇ ਗਰੁੱਪ ਦੇ ਮਸੀਹੀਆਂ ਦੀ ਉਮਰ ਢਲ਼ਦੀ ਜਾ ਰਹੀ ਹੈ। ਇਸ ਲਈ ਮੱਤੀ 24:34 ਵਿਚ ਯਿਸੂ ਦੇ ਲਫ਼ਜ਼ਾਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ “ਇਸ ਪੀੜ੍ਹੀ” ਦੇ ਕੁਝ ਮੈਂਬਰ ਮਹਾਂਕਸ਼ਟ ਦੇ ਸ਼ੁਰੂ ਹੋਣ ਵੇਲੇ ਧਰਤੀ ʼਤੇ ਹੋਣਗੇ। ਇਹ ਗੱਲ ਸਾਡਾ ਯਕੀਨ ਵਧਾਉਂਦੀ ਹੈ ਕਿ ਪਰਮੇਸ਼ੁਰ ਦੇ ਰਾਜ ਦਾ ਰਾਜਾ ਛੇਤੀ ਹੀ ਬੁਰੇ ਲੋਕਾਂ ਦਾ ਸਫ਼ਾਇਆ ਕਰ ਕੇ ਨਵੀਂ ਦੁਨੀਆਂ ਲਿਆਵੇਗਾ ਜਿੱਥੇ ਹਮੇਸ਼ਾ ਧਾਰਮਿਕਤਾ ਰਹੇਗੀ।​—2 ਪਤ. 3:13.

ਬਹੁਤ ਜਲਦ ਮਸੀਹ ਪੂਰੀ ਤਰ੍ਹਾਂ ਜਿੱਤ ਹਾਸਲ ਕਰੇਗਾ

17. ਅਸੀਂ ਜਿਨ੍ਹਾਂ ਕਾਰਨਾਂ ʼਤੇ ਗੌਰ ਕੀਤਾ ਹੈ, ਉਨ੍ਹਾਂ ਤੋਂ ਸਾਨੂੰ ਕੀ ਸਬੂਤ ਮਿਲਦਾ ਹੈ?

17 ਇਨ੍ਹਾਂ ਤਿੰਨਾਂ ਕਾਰਨਾਂ ʼਤੇ ਗੌਰ ਕਰਨ ਨਾਲ ਅਸੀਂ ਕੀ ਸਿੱਖਿਆ ਹੈ? ਯਿਸੂ ਨੇ ਕਿਹਾ ਸੀ ਕਿ ਸਾਨੂੰ ਉਸ ਦਿਨ ਜਾਂ ਵੇਲੇ ਬਾਰੇ ਪਤਾ ਨਹੀਂ ਹੋਵੇਗਾ। (ਮੱਤੀ 24:36; 25:13) ਪਰ ਪੌਲੁਸ ਦੇ ਸ਼ਬਦਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ “ਕਿਹੋ ਜਿਹੇ ਸਮੇਂ” ਵਿਚ ਜੀ ਰਹੇ ਹਾਂ। (ਰੋਮੀਆਂ 13:11 ਪੜ੍ਹੋ।) ਜੀ ਹਾਂ, ਅਸੀਂ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਰਹਿ ਰਹੇ ਹਾਂ। ਇਸ ਲਈ, ਆਪਣਾ ਪੂਰਾ ਧਿਆਨ ਬਾਈਬਲ ਦੀਆਂ ਭਵਿੱਖਬਾਣੀਆਂ ਉੱਤੇ ਲਾਓ ਅਤੇ ਸੋਚੋ ਕਿ ਯਹੋਵਾਹ ਪਰਮੇਸ਼ੁਰ ਤੇ ਯਿਸੂ ਮਸੀਹ ਕੀ ਕਰ ਰਹੇ ਹਨ। ਇੱਦਾਂ ਸਾਨੂੰ ਪੱਕਾ ਸਬੂਤ ਮਿਲੇਗਾ ਕਿ ਇਹ ਦੁਨੀਆਂ ਆਪਣੇ ਆਖ਼ਰੀ ਸਾਹ ਭਰ ਰਹੀ ਹੈ।

18. ਯਿਸੂ ਨੂੰ ਆਪਣਾ ਰਾਜਾ ਮੰਨਣ ਤੋਂ ਇਨਕਾਰ ਕਰਨ ਵਾਲੇ ਲੋਕਾਂ ਦਾ ਕੀ ਹਸ਼ਰ ਹੋਵੇਗਾ?

18 ਚਿੱਟੇ ਘੋੜੇ ʼਤੇ ਸਵਾਰ ਯਿਸੂ ਮਸੀਹ ਫਤਹਿ ਜ਼ਰੂਰ ਹਾਸਲ ਕਰੇਗਾ ਕਿਉਂਕਿ ਉਸ ਨੂੰ ਵੱਡਾ ਅਧਿਕਾਰ ਦਿੱਤਾ ਗਿਆ ਹੈ। ਪਰ ਜਿਹੜੇ ਲੋਕ ਉਸ ਦੇ ਅਧਿਕਾਰ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਦਾ ਬੁਰਾ ਹਸ਼ਰ ਹੋਵੇਗਾ। ਉਸ ਨਿਆਂ ਦੀ ਘੜੀ ਵੇਲੇ ਉਨ੍ਹਾਂ ਨੂੰ ਬਚਣ ਦਾ ਕੋਈ ਰਾਹ ਨਹੀਂ ਲੱਭੇਗਾ ਅਤੇ ਬਹੁਤ ਸਾਰੇ ਲੋਕ ਡਰਦੇ ਮਾਰੇ ਕਹਿਣਗੇ: ‘ਹੁਣ ਕੌਣ ਬਚ ਸਕੇਗਾ?’ (ਪ੍ਰਕਾ. 6:15-17) ਇਸ ਸਵਾਲ ਦਾ ਜਵਾਬ ਸਾਨੂੰ ਪ੍ਰਕਾਸ਼ ਦੀ ਕਿਤਾਬ ਦੇ ਅਗਲੇ ਅਧਿਆਇ ਵਿਚ ਮਿਲਦਾ ਹੈ। ਪਰਮੇਸ਼ੁਰ ਧਰਤੀ ʼਤੇ ਚੁਣੇ ਹੋਏ ਮਸੀਹੀਆਂ ਅਤੇ “ਵੱਡੀ ਭੀੜ” ਦੇ ਲੋਕਾਂ ਦੀ ਹਿਫਾਜ਼ਤ ਕਰੇਗਾ ਕਿਉਂਕਿ ਉਨ੍ਹਾਂ ʼਤੇ ਉਸ ਦੀ ਮਿਹਰ ਹੈ। ਇਸ ਤੋਂ ਬਾਅਦ ਹੋਰ ਭੇਡਾਂ ਮਹਾਂਕਸ਼ਟ ਵਿੱਚੋਂ ਬਚ ਕੇ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਕਦਮ ਰੱਖਣਗੀਆਂ।​—ਪ੍ਰਕਾ. 7:9, 13-15.

19. ਇਹ ਭਰੋਸਾ ਰੱਖਦੇ ਹੋਏ ਕਿ ਅੰਤ ਨੇੜੇ ਹੈ, ਤੁਸੀਂ ਭਵਿੱਖ ਵਿਚ ਹੋਣ ਵਾਲੀ ਕਿਹੜੀ ਘਟਨਾ ਦੇਖਣ ਲਈ ਉਤਾਵਲੇ ਹੋ?

19 ਇਸ ਅਹਿਮ ਸਮੇਂ ਵਿਚ ਬਾਈਬਲ ਦੀਆਂ ਭਵਿੱਖਬਾਣੀਆਂ ਸਾਡੇ ਸਾਮ੍ਹਣੇ ਪੂਰੀਆਂ ਹੋ ਰਹੀਆਂ ਹਨ। ਜੇ ਅਸੀਂ ਸਾਰੇ ਆਪਣਾ ਪੂਰਾ ਧਿਆਨ ਇਸ ਗੱਲ ʼਤੇ ਲਾਈਏ, ਤਾਂ ਸ਼ੈਤਾਨ ਦੀ ਕੋਈ ਵੀ ਚਾਲ ਸਾਨੂੰ ਕੁਰਾਹੇ ਨਹੀਂ ਪਾ ਸਕੇਗੀ। ਇੱਦਾਂ ਅਸੀਂ ਦੁਨੀਆਂ ਦੇ ਲੋਕਾਂ ਵਾਂਗ ਅੰਨ੍ਹੇ ਨਹੀਂ ਬਣਾਂਗੇ ਕਿਉਂਕਿ ਸਾਨੂੰ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਦਾ ਮਤਲਬ ਪਤਾ ਹੈ। ਹੁਣ ਬਹੁਤ ਛੇਤੀ ਮਸੀਹ ਇਸ ਦੁਸ਼ਟ ਦੁਨੀਆਂ ਦਾ ਅੰਤ ਕਰਨ ਲਈ ਧਾਰਮਿਕਤਾ ਨਾਲ ਆਖ਼ਰੀ ਯੁੱਧ ਲੜਦੇ ਹੋਏ ਪੂਰੀ ਤਰ੍ਹਾਂ ਜਿੱਤ ਹਾਸਲ ਕਰੇਗਾ। (ਪ੍ਰਕਾ. 19:11, 19-21) ਜ਼ਰਾ ਸੋਚੋ ਕਿ ਇਸ ਤੋਂ ਬਾਅਦ ਸਾਡਾ ਭਵਿੱਖ ਕਿੰਨਾ ਸੁਨਹਿਰਾ ਹੋਵੇਗਾ!​—ਪ੍ਰਕਾ. 20:1-3, 6; 21:3, 4.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ